
ਖੰਜਰ...ਖੰਜਰ...ਖੰਜਰ
ਕੱਛਾਂ 'ਚ ਲੁਕਾ ਕੇ ਖੰਜਰ
ਮਾਂ ਬੋਲੀ ਦੇ ਰਾਖੇ ਬਣਦੇ
ਉਹ ਮਾਂ ਬੋਲੀ ਦੇ ਰਾਖੇ ਬਣਦੇ
ਕਲਮਾਂ ਜਿਨ੍ਹਾਂ ਦੀਆਂ ਬੰਜਰ
2
ਚੋਣਾਂ...ਚੋਣਾਂ...ਚੋਣਾਂ
ਆ ਗਈਆਂ ਚੋਣਾਂ...ਚੋਣਾਂ...ਚੋਣਾਂ
ਚੌਧਰ ਕਈਆਂ ਨੂੰ ਮਿਲ ਜਾਣੀ
ਓ, ਚੌਧਰ ਕਈਆਂ ਨੂੰ ਮਿਲ ਜਾਣੀ
ਮਾਂ ਬੋਲੀ ਨੇ ਖੂੰਜੇ 'ਚ ਬਹਿ ਕੇ ਰੋਣਾ
3
ਦਾਤੀ... ਦਾਤੀ... ਦਾਤੀ...
ਮਾਂ-ਬੋਲੀ ਦੀ ਜੜ੍ਹਾਂ 'ਚ ਫੇਰ ਕੇ ਦਾਤੀ
ਪੁੱਤ ਪ੍ਰਧਾਨ ਬਣ ਗਏ
ਓ ਪੁੱਤ ਪ੍ਰਧਾਨ ਬਣ ਗਏ
ਮਾਂ-ਬੋਲੀ ਗੋਲੀ ਬਣਾਤੀ
4
ਗਹਿਣਾ...ਗਹਿਣਾ...ਗਹਿਣਾ
ਮਾਂ-ਬੋਲੀ ਰੁਲਦੀ ਰੁਲ ਜੇ
ਹਾਂ ਜੀ ਮਾਂ-ਬੋਲੀ ਰੁਲਦੀ ਰੁਲ ਜੇ
ਛੱਡ ਪਰਾਂ, ਆਪਾਂ ਕੀ ਲੈਣਾ
ਆਪਾਂ ਨੂੰ ਪ੍ਰੋਫੈਸਰੀ ਮਿਲਗੀ
ਓ ਆਪਾਂ ਨੂੰ ਪ੍ਰੋਫੈਸਰੀ ਮਿਲਗੀ
'ਵਿਹਲਿਆਂ' ਨੇ ਰੋਂਦੇ ਰਹਿਣੈ
ਮਾਂ-ਬੋਲੀ ਰੁਲਦੀ ਰੁਲ ਜੇ
ਛੱਡ ਪਰਾਂ, ਆਪਾਂ ਕੀ ਲੈਣੇ
5
ਚਰ ਤਾ... ਚਰ ਤਾ... ਚਰ ਤਾ
ਮਾਂ-ਬੋਲੀ ਦੇ ਫੰਡਾਂ ਨੂੰ
ਇਨ੍ਹਾਂ ਪਕੌੜਿਆਂ ਦੇ ਖਾਤੇ ਚਰ ਤਾ
ਆਪ ਵੱਡੇ ਡਾਕਟਰ ਬਣ ਗਏ
ਮਾਂ-ਬੋਲੀ ਨੂੰ ਬੀਮਾਰ ਇਨ੍ਹਾਂ ਕਰ ਤਾ
ਓਏ ਆਪ ਡਾਕਟਰ ਬਣੇ ਫਿਰਦੇ
ਮਾਂ-ਬੋਲੀ ਨੂੰ ਬੀਮਾਰ ਇਨ੍ਹਾਂ ਕਰ ਤਾ
6
ਮਰਦੀ...ਮਰਦੀ...ਮਰਦੀ
ਓ ਦੇਖੋ ਜਾਵੇ ਮਰਦੀ...ਮਰਦੀ...ਮਰਦੀ
ਏ ਸੀ ਵਿਚ ਸੈਮੀਨਾਰ ਚੱਲਦਾ
ਮਾਂ-ਬੋਲੀ ਚੌਕਾਂ 'ਚ ਧੁੱਪੇ ਸੜਦੀ
7
ਗੂਠਾ...ਗੂਠਾ...ਗੂਠਾ
ਮਾਂ-ਬੋਲੀ ਦੇ ਗਲ ਗੂਠਾ
ਆਪ ਅਕੈਡਮੀਆਂ ਦੇ ਮਾਲਕ ਬਣੇ
ਓ ਆਪ ਵਰਲਡ ਸੈਂਟਰਾਂ ਦੇ ਮਾਲਕ ਬਣੇ
ਮਾਂ-ਬੋਲੀ ਹੱਥ ਫੜਾ 'ਤਾ ਠੂਠਾ
ਓ ਆਪ ਹਰ ਥਾਂ ਚੌਧਰੀ ਬਣੇ
ਮਾਂ-ਬੋਲੀ ਹੱਥ ਫੜਾ 'ਤਾ ਠੂਠਾ
-ਦੀਪ ਜਗਦੀਪ ਸਿੰਘ
ਰਚਨਾ ਚੰਗੀ ਲੱਗੀ ਤਾਂ ਸਾਡਾ ਫੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
https://www.facebook.com/video.php?v=560452314091753&set=vb.540467946090190&type=2&theater
ReplyDelete