ਬੜੀ ਅਜੀਬ ਹੈ, ਇਸ ਘੋੜੇ ਦੇ ਜਨਮ ਦੀ ਦੰਦ-ਕਥਾ
ਦੰਦ-ਕਥਾਵਾਂ ਤਾਂ ਦੰਦ-ਕਥਾਵਾਂ ਹੀ ਹੁੰਦੀਆਂ ਨੇ
ਪਰ ਚਲੋ, ਫਿਰ ਵੀ ਤੁਹਨੂੰ ਸੁਣਾ ਹੀ ਦੇਂਦਾ ਹਾਂ।
ਕਹਿੰਦੇ ਨੇ ਇਸ ਦੇ ਜਨਮ ਲਈ ਕੋਈ ਰਾਤਾਂ ਭਰ
ਕੰਡਿਆਲੀਆਂ ਬੇਰੀਆਂ ਉੱਤੇ,ਇਕ ਲੱਤ 'ਤੇ ਖੜ੍ਹਾ
ਦੁਆਵਾਂ ਮੰਗਦਾ ਰਿਹਾ ਸੀ
ਇਸ ਤਰ੍ਹਾਂ ਇਹ ਧਰਤੀ ਉਪਰ ਆਇਆ ਸੀ----
ਤੇ ਫਿਰ ਬੜਾ ਚਿਰ ਹੋਇਆ, ਇਕ ਇੱਜੜ ਸੰਗ
ਇਹ ਵੀ ਜੰਗਲ 'ਚੋਂ ਸ਼ਹਿਰ ਆ ਗਿਆ।
ਤੇ ਜਿਵੇਂ ਅਕਸਰ ਹੁੰਦਾ ਹੀ ਹੈ,
ਬਸ, ਫਿਰ ਸ਼ਹਿਰ ਜੋਗਾ ਹੀ ਹੋ ਕੇ ਰਹਿ ਗਿਆ ਸੀ
ਇਹ ਅੱਥਰਾ ਘੋੜਾ।
ਇਹ ਅੱਥਰਾ ਘੋੜਾ ਕਦੇ ਟਾਂਗੇ ਅੱਗੇ ਵੀ ਨਹੀਂ ਜੁਤਿਆ
ਤੇ ਨਾ ਹੀ ਕੋਈ ਇਸ ਦੀ ਸਵਾਰੀ ਕਰ ਸਕਿਐ
ਅਸਤਬਲ ਦੀਆਂ ਕੱਚੀਆਂ ਕੰਧਾਂ ਉਹਲੇ
ਖੁਰਲੀਆਂ 'ਤੇ ਜੀਊਣਾ ਇਸ ਦੀ ਫ਼ਿਤਰਤ ਨਹੀਂ।
ਇਸ ਦਾ ਸਫ਼ਰ ਚੌਰਾਹੇ ਦੁਆਲੇ ਨਹੀਂ,
ਚੌਰਾਹੇ ਤੋਂ ਨਿਕਲਦੀਆਂ ਚਾਰੇ ਸੜਕਾਂ ਉੱਤੇ ਹੁੰਦਾ-
ਆਪਣੀ ਦਿਸ਼ਾ, ਆਪਣੀ ਮੰਜ਼ਿਲ
ਅੱਥਰਾ ਘੋੜਾ ਮਲਕੜੇ-ਮਲਕੜੇ ਤੁਰਦਾ ਹੈ
ਬਸ, ਆਪਣੀ ਮਸਤ ਚਾਲੇ"
'ਮੇਰੀ
ਜੀਵਨਕਥਾ' ਦੀ ਪਹਿਲੀ ਪਛਾਣਮੁਖੀ ਕਿਸ਼ਤ ਵਿਚ ਮੈਂ ਲਿਖਿਆ ਸੀ ਕਿ ਜਿਨ੍ਹਾਂ ਮੇਰੀਆਂ
ਕਵਿਤਾਵਾਂ ਧਿਆਨ ਨਾਲ ਪੜ੍ਹੀਆਂ ਹੋਣ ਜਿਵੇਂ 'ਅੱਥਰਾ ਘੋੜਾ', 'ਖੰਡਿਤ ਵਿਅਕਤਿਤੱਤਵ ਦੀ
ਆਤਮਕਥ', 'ਮੈਂ ਜੋ ਕਦੇ ਅਬਾਬੀਲ ਸੀ', 'ਪਿਆਰ' ਆਦਿ ਮੇਰੇ ਜੀਵਨ ਵੇਰਵੇ, ਅਨੁਭਵ, ਅਹਿਸਾਸ
ਦੀ ਅਭੀਵਿਅਕਤੀ ਹੀ ਤਾਂ ਹਨ। ਇਹ ਗੱਲ ਤਲਖ਼ ਹਕੀਕਤ ਹੀ ਹੈ। ਉਪਰੋਕਤ ਕਾਵਿ-ਅੰਸ਼ ਮੇਰੀ ਕਵਿਤਾ
'ਅੱਥਰਾ ਘੋੜਾ' ਦਾ ਹੀ ਹੈ। ਇਸ ਵਿਚ ਸੰਕੇਤ ਮੇਰੇ ਜਨਮ, ਜੀਵਨ ਤੇ ਸੁਭਾਅ ਨੂੰ ਹੀ
ਰੂਪਾਂਤਰਿਤ ਕਰਦਾ ਹੈ। ਮੇਰੀ ਇਹ ਕਵਿਤਾ ਅੰਮ੍ਰਿਤਾ ਪ੍ਰੀਤਮ ਨੇ 'ਨਾਗਮਣੀ' ਵਿਚ ਵੀ
ਪ੍ਰਕਾਸ਼ਿਤ ਕੀਤੀ ਸੀ ਕਿਉਂਕਿ ਉਨ੍ਹਾਂ ਦੀ ਪ੍ਰੇਰਣਾ ਦਾ ਹੀ ਪ੍ਰਤੀਫਲ ਸੀ।
ਮੈਂ ਆਪਣੀਆਂ ਤਿੰਨ ਭੈਣਾਂ ਤੋਂ ਬਾਅਦ ਜਨਮਿਆ ਸਾਂ। ਇਸੇ ਕਰਕੇ ਘਰ ਦੇ ਮੈਨੂੰ
'ਤ੍ਰਿਖਲ' ਮੰਨਦੇ, ਕਹਿੰਦੇ ਸਨ ਭਾਵ ਤਿੰਨ ਕੁੜੀਆਂ ਬਾਅਦ ਜਨਮ ਲੈਣ ਵਾਲਾ। ਬੇਸ਼ਕ ਤਿੰਨਾਂ
ਵਿਚੋਂ ਵਿਚਕਾਰਲੀ ਜੋ ਅਜੇ ਝਾਈ ਜੀ ਦੀ ਗੋਦ ਵਿਚ ਹੀ ਸੀ ਕਿ ਕਿਸੇ ਤਰ੍ਹਾਂ ਛੱਪੜ 'ਤੇ
ਗਲੀ ਦੀਆਂ ਹੋਰ ਔਰਤਾਂ ਨਾਲ ਕਪੜੇ ਧੋਣ ਗਈ ਝਾਈ ਜੀ ਨੇ ਉਸ ਨੂੰ ਕੋਲ ਹੀ ਕਪੜੇ 'ਤੇ ਲਿਟਾ
ਦਿੱਤਾ। ਆਪ ਉਹ ਕਪੜੇ ਧੋਂਦਿਆਂ ਔਰਤਾਂ ਨਾਲ ਗੱਲੀਂ ਲੱਗ ਗਈ। ਕੋਲ ਲੇਟੀ ਭੈਣ ਦਾ ਪਤਾ ਹੀ
ਨਾ ਲੱਗਾ ਕਦੋਂ ਤੇ ਕਿਸ ਤਰ੍ਹਾਂ ਪਾਣੀ ਵਿਚ ਰੁੜ ਗਈ। ਅਚਾਨਕ ਓਧਰ ਧਿਆਨ ਪਿਆ ਤਾਂ ਕੁੜੀ
ਉਥੋਂ ਲੋਪ ਸੀ। ਬਸ ਫਿਰ ਕੀ ਸੀ ਸਭ ਨੂੰ ਭਾਜੜਾਂ ਪੈ ਗਈਆਂ। ਘਰ ਦੇ ਬੰਦਿਆਂ ਬਾਅਦ ਵਿਚ ਆ
ਹੱਥ-ਪੈਰ ਮਾਰੇ ਤਾਂ ਮਰੀ ਹੋਈ ਦੀ ਲਾਸ਼ ਛੱਪੜ ਦੇ ਪਾਣੀ ਵਿਚੋਂ ਮਿਲ ਗਈ ਸੀ। ਪਰ ਗਿਣਤੀ
ਵਿਚ ਤਾਂ ਤਿੰਨਾਂ ਵਿਚ ਗਿਣੀ ਹੀ ਜਾਂਦੀ ਸੀ। ਮੇਰੀ ਜਨਮ-ਕਥਾ ਕਿਸੇ ਤਰ੍ਹਾਂ ਵੀ ਦੰਤ-ਕਥਾ
ਤੋਂ ਘੱਟ ਨਹੀਂ ਹੈ। ਮੇਰੇ ਝਾਈ ਜੀ ਕਹਿੰਦੇ, ਦੱਸਦੇ ਸੀ ਕਿ ਮੇਰੇ ਸਭ ਤੋਂ ਵੱਡੇ ਭਰਾ ਨੇ
ਮੇਰੇ ਜਨਮ ਲਈ ਕੰਡਿਆਲੀ ਬੇਰੀ 'ਤੇ ਚੜ੍ਹ ਅਰਦਾਸਾਂ ਕੀਤੀਆਂ ਸਨ।
ਮੈਂ ਪਿੱਛਲੀ ਕਿਸ਼ਤ ਵਿਚ ਜ਼ਿਕਰ ਕੀਤਾ ਸੀ ਕਿ ਵੰਡ ਬਾਅਦ ਬਸਤੀ ਸ਼ੇਖ ਵਿਚ ਕੋਟ
ਮੁਹੱਲੇ ਵਿਚ ਇਕ ਕੱਚਾ ਮਕਾਨ ਅਲਾਟ ਹੋਈਆ ਸੀ। ਉਸਦੇ ਵਿਹੜੇ ਵਿਚਕਾਰ ਕੰਡਿਆਲੀ ਬੇਰੀ
ਸੀ। ਇਸੇ ਘਰ ਦੇ ਇਕ ਕੱਚੇ ਹਨੇਰੇ ਜਿਹੇ ਕਮਰੇ ਵਿਚ ਹੀ ਮੇਰਾ ਜਨਮ ਹੋਇਆ ਸੀ। ਵੱਡੇ ਭਰਾ
ਤੋਂ ਬਾਅਦ ਹੇਠ-ਉੱਤੇ ਤਿੰਨ ਭੈਣਾਂ ਦਾ ਜਨਮ ਹੋਇਆ ਸੀ। ਸਾਰੇ ਮੁੰਡਾ ਹੋਣ ਦੀ ਅਰਦਾਸ ਕਰਦੇ
ਸਨ। ਮੇਰੇ ਵੱਡੇ ਭਰਾ ਨੇ ਪਤਾ ਨਹੀਂ ਕਿਤੋਂ ਸੁਣਿਆਂ ਜਾਂ ਕਿਸੇ ਉਸ ਨੂੰ ਕਹਿ ਦਿੱਤਾ ਕਿ
ਜੇ ਛੋਟਾ ਭਰਾ ਚਾਹੁੰਦਾ ਹੈਂ ਤਾਂ ਕੰਡਿਆਲੀ ਬੇਰੀ 'ਤੇ ਨੰਗੇ ਪੈਰੀਂ ਚੜ੍ਹ,ਇਕ ਪੈਰ 'ਤੇ
ਖਲ੍ਹੋ, ਹੱਥ ਜੋੜ੍ਹ ਅਰਦਾਸ ਕਰਿਆ ਕਰ। ਉਸ ਦੂਸਰਿਆਂ ਦੇ ਕਹਿਣ ਅਨੁਸਾਰ ਅਜਿਹਾ ਹੀ ਕੀਤਾ,
ਨਾ ਦਿਨ ਵੇਖਿਆ, ਨਾ ਰਾਤ, ਜੱਦ ਮੂਡ ਬਣਨਾ ਜਾ ਬੇਰੀ 'ਤੇ ਚੜ੍ਹਨਾ। ਕਦੀ ਜਿਸਮ ਛੱਲਣੀ ਤੇ
ਕਦੇ ਕਪੜੇ,ਤ ਪੱਸਿਆ ਜਾਰੀ ਰੱਖੀ।
ਜਦੋਂ ਜਨਮ ਘੜੀ ਆਈ ਜੂਨ ਦੇ ਆਖ਼ਰੀ ਦਿਨ ਸਨ। ਉਸ ਦਿਨ ਪਹਿਲੇ ਪਹਿਰ ਦਾ ਵਕਤ
ਸੀ। ਜ਼ੋਰਾਂ ਦਾ ਮੀਂਹ-ਝੱਖੜ। ਘਰ ਦੇ ਤਾਂ ਤੂਫ਼ਾਨ ਹੀ ਮੰਨਦੇ ਹਨ। ਬੇਤਹਾਸ਼ਾ ਮੀਂਹ ਤੇ ਤੇਜ਼
ਵੀ। ਵਾਛੜ-ਝੜੀ ਅਜਿਹੀ ਕਿ ਕੁਝ ਨਜ਼ਰ ਨਹੀਂ ਸੀ ਆ ਰਿਹਾ। ਉੱਤੋਂ ਨਾਲੀਆਂ, ਗਲੀਆਂ, ਸੜਕਾਂ 'ਤੇ
ਪਾਣੀ ਦਾ ਇਕੱਠ ਵਹਾਅ ਮਾਨੋਂ ਸ਼ੂਕਦੇ ਦਰਿਆ ਹੋਣ। ਸੂਤਕ ਪੀੜਾਂ ਵੱਧਦੀਆਂ ਜਾ ਰਹੀਆਂ
ਸਨ। ਅੰਦਰ ਦਾ ਵਾਤਾਵਰਣ ਵੀ ਚਿੰਤਾਮਈ ਅਤੇ ਬਾਹਰ ਦਾ ਹੋਰ। ਅੱਜ ਵਾਂਗ ਗਾਇਨੇ ਦੀਆਂ ਮਾਹਿਰ
ਡਾਕਟਰ ਤਾਂ ਦੂਰ, ਕੋਈ ਹਸਪਤਾਲ ਵੀ ਲਾਗੇ-ਸ਼ਾਗੇ ਨਹੀਂ ਸੀ। ਦਾਈ ਹੀ ਜਨੇਪੇ, ਜੱਚਾ-ਬੱਚਾ ਦੀ
ਦੇਖ-ਭਾਲ ਕਰਦੀਆਂ ਸਨ। ਪਰ ਅਜਿਹੇ ਮੌਸਮ, ਹਾਲਾਤ ਵਿਚ ਜਿਸ ਜ਼ਿੰਮੇਵਾਰੀ ਲਈ ਹੋਈ ਸੀ, ਉਹ ਵੀ
ਨਾ ਆ ਸਕੀ। ਪਹਿਲਾਂ ਭਾਪਾ ਜੀ ਗਏ ਸਨ ਨਾ ਆਈ। ਫਿਰ ਚਾਚਾ ਜੀ ਗਏ, ਫਿਰ ਵੀ ਨਾ ਆਈ। ਜਨਮ ਪੀੜਾ
ਝਾਈ ਜੀ ਤੋਂ ਅਸਹਿ ਹੋ ਰਹੀਆਂ ਸਨ। ਫਿਰ ਦੋਵੇਂ ਭਰਾ ਧਾਰ ਕੇ ਨਿਕਲੇ ਤੇ ਜ਼ਬਰੀ ਜ਼ੋਰ ਪਾ
ਨਾਲ ਲੈ ਆਏ। ਘਰ ਦੀਆਂ ਔਰਤਾਂ ਸ਼ੁਕਰ ਮਨਾਇਆ। ਤੜਕੇ ਚਾਰ ਵਜੇ ਦੇ ਕਰੀਬ ਮੈਂ ਅਵਤਾਰ ਧਾਰ ਹੀ
ਲਿਆ ਪਰ ਘਰਦਿਆਂ ਦੇ ਮਨ ਵਿਚ ਕਈ ਸ਼ੰਕਿਆਂ-ਵਹਿਮਾਂ ਵਿਚ ਕਿ ਐਨਾ ਭਾਰਾ ਜਨਮ। ਸਾਂਭ-ਸੰਭਾਲ
ਦੀਆਂ ਹਿਦਾਇਤਾਂ, ਬਚ-ਬਚਾਅ ਦੇ ਯਤਨ, ਉਪਰਾਲੇ ਹੋਣ ਲੱਗੇ। ਦਾਦਾ ਜੀ ਨੇ ਗੁੜ੍ਹਤੀ ਦਿੱਤੀ
ਸ਼ਹਿਦ ਚਟਾਅ ਕੇ। ਘਰ ਦੇ ਸਾਰੇ ਜੀਅ ਵਧਾਈਆਂ ਦਾ ਅਦਾਨ-ਪ੍ਰਦਾਨ ਕਰ ਹੀ ਰਹੇ ਸਨ ਕਿ ਇਕ ਹੋਰ
ਮੁਸੀਬਤ ਆਣ ਬਣੀ। ਝਾਈ ਜੀ ਦੇ ਦੁੱਧ ਹੀ ਨਹੀਂ ਆ ਜਾਂ ਉੱਤਰ ਰਿਹਾ ਸੀ। ਇਕ ਨਵੀਂ ਚਿੰਤਾ
ਹੋਣ ਲੱਗੀ। ਪਰ ਜੱਲਦੀ ਦੂਰ ਹੋ ਗਈ। ਮੇਰੀ ਚਾਚੀ ਜੀ ਨੇ ਗੋਦ ਵਿਚ ਲੈ ਆਪਣਾ ਦੁੱਧ ਪਿਆ
ਮੈਨੂੰ ਸ਼ਾਂਤ-ਚੁੱਪ ਕਰਵਾ ਦਿੱਤਾ ਉਸ ਘੜੀ, ਪਰ ਕੀ ਬਣੇਗਾ? ਇਹ ਸਵਾਲ ਸਭ ਦੀ ਜ਼ੁਬਾਨ 'ਤੇ
ਹੀ ਸੀ। ਨਤੀਜਨ ਇਹ ਜ਼ਿੰਮੇਵਾਰੀ ਚਾਚੀ ਜੀ ਨੂੰ ਹੀ ਚੁੱਕਣੀ ਪਈ। ਉਨ੍ਹਾਂ ਦੋ ਕੁ ਸਾਲ ਤੱਕ
ਨਿਭਾਈ ਵੀ। ਬਾਅਦ ਵਿਚ ਬੜੇ ਮਾਨ ਨਾਲ ਸਭ ਨੂੰ ਦੱਸਿਆ ਵੀ ਕਰਦੇ ਸਨ, 'ਜੰਮਿਆਂ ਤਾਂ ਇਸ ਦੀ
ਮਾਂ ਨੇ ਹੈ, ਪਰ ਪਲਿਆ ਤਾਂ ਮੇਰਾ ਦੁੱਧ ਪੀ ਕੇ ਹੀ।'
ਤਾਇਆ ਜੀ ਤਾਂ ਪਾਕਿਸਤਾਨੋਂ ਆ ਹਵੇਲੀ 'ਤੇ ਕਬਜ਼ਾ ਕਰ ਵੱਖ ਹੋ ਰਹਿਣ ਲੱਗੇ। ਉਸ ਇਕੋ ਗਲੀ ਵਿਚ ਸਾਡੇ ਰਿਸ਼ਤੇਦਾਰੀ ਵਿਚੋਂ ਹੋਰ ਘਰਾਂ ਵਾਲੇ ਵੀ ਸੁਣ-ਸੁਣਾ ਉਥੇ ਹੀ ਆ ਵੱਸੇ। ਗਲੀ ਵਿਚ ਕੋਈ ਅੱਠ-ਦੱਸ ਹੀ ਘਰ ਸਨ। ਭਾਪਾ ਜੀ ਹੁਰੀਂ ਚਾਰ ਭਰਾ ਹੀ ਸਨ। ਵੱਡੇ ਦੋਵੇਂ ਇਕ ਘਰ ਭਾਵ ਦੋ-ਸੱਕੀਆਂ ਭੈਣਾਂ ਨਾਲ ਵਿਆਹੇ ਸਨ ਤੇ ਛੋਟੇ ਦੋ ਭਰਾ ਵੀ ਇਕ ਘਰ ਦੋ ਹੋਰ ਭੈਣਾਂ ਨਾਲ।
ਬੇਸ਼ਕ ਸੰਤਾਲੀ ਦੀ ਭਾਰਤ-ਪਾਕਿ ਵੰਡ ਰਾਜਨੀਤਕ ਚਾਲ ਦਾ ਪ੍ਰਤੀਫਲ ਸੀ, ਪਰ ਮੁਸਲਮ
ਭਾਈਚਾਰੇ ਨਾਲ ਬਣੀ ਸਾਂਝ ਵਿਚ ਵਿੱਥਾਂ, ਤਰੇੜਾਂ ਕੱਟੜਤਾ ਦੇ ਜਨੂੰਨ ਕਾਰਨ ਆ, ਪੈ ਰਹੀਆਂ
ਸਨ। ਹਿੰਦੂ-ਸਿੱਖਾਂ ਵਿਚ ਸਾਂਝ ਉਸ ਵੇਲੇ ਤੱਕ ਗੂੜ੍ਹੀ ਸੀ, ਨਹੁੰ-ਮਾਸ ਦਾ ਰਿਸ਼ਤਾ ਜੋ
ਸੀ। ਅੰਮ੍ਰਿਤ ਛੱਕ ਕੁਝ ਸਿੱਖ ਤੋਂ ਸਿੰਘ ਬਣ ਵੱਖਰਾ ਸਰੂਪ ਬਣਾ ਚੁੱਕੇ ਸਨ। ਪਰ ਫਿਰ ਵੀ
ਪਰਿਵਾਰਾਂ ਵਿਚ ਰਲੇ-ਮਿਲੇ ਪਰਿਵਾਰ ਮਿਲਦੇ ਸਨ। ਜਿਵੇਂ ਮੇਰਾ ਦਾਦਕਾ ਪਰਿਵਾਰ ਸਰਦਾਰ-ਸਿੰਘ
ਸਨ, ਪਰ ਮੇਰਾ ਨਾਨਕਾ ਪਰਿਵਾਰ ਹਿੰਦੂ ਸਰੂਪ ਵਾਲਾ ਹੀ ਸੀ। ਮੇਰੇ ਨਾਨਾ ਜੀ ਚਾਹੇ ਪੱਗੜੀ
ਬਣਦੇ ਸਨ, ਉਨ੍ਹਾਂ ਸਮਿਆਂ ਵਿਚ ਬਹੁਤੇ ਹਿੰਦੂ ਲਾਅਲਿਆਂ ਵਾਂਗ, ਪਰ ਸ਼ਰਧਾ ਗੁਰੂ-ਘਰ ਨਾਲ
ਹੀ ਸੀ। ਇਸੇ ਸਦਕਾ ਮੇਰੇ ਵੱਡੇ ਮਾਮੇ ਨੂੰ ਘਰ ਵਿਚਲਾ ਪਹਿਲਾ ਪੁੱਤਰ ਹੋਣ ਕਾਰਣ ਨਾਨਾ ਜੀ
ਨੇ ਗੁਰੂ-ਘਰ ਦੇ ਲੜ ਲਾਉਂਦਿਆਂ ਸਿੱਖ ਸਰੂਪਧਾਰੀ ਹੀ ਬਣਾਈ ਰੱਖਿਆ ਸੀ ਤੇ ਆਖ਼ਰੀ ਸਵਾਸ
ਤੱਕ ਰਹੇ ਵੀ। ਬੇਸ਼ਕ ਵੰਡ ਬਾਅਦ ਰਾਜਨੀਤਕ ਦਾਅ-ਪੇਚ ਕਾਰਣ ਨਹੁੰ-ਮਾਸ ਵੱਖ ਵੱਖ ਹੋ ਗਏ, ਪਰ
ਸਾਂਝ ਤਾਂ ਸਾਂਝ ਹੀ ਰਹਿੰਦੀ ਹੈ। ਰਗਾਂ ਵਿਚ ਵਹਿੰਦੇ ਖ਼ੂਨ ਦਾ ਰੰਗ ਕਿਵੇਂ
ਬਦਲਦਾ, ਵੱਖ ਹੁੰਦਾ। ਕੁਝ ਅਜਿਹੇ ਪਰਿਵਾਰਕ ਮਹੌਲ ਵਿਚ ਮੈਂ ਵਧਿਆ-ਫੁਲਿਆ ਸਾਂ।
-ਅਵਤਾਰ ਜੌੜਾ, ਜਲੰਧਰ
(ਬਾਕੀ ਅਗਲੇ ਹਫ਼ਤੇ)
0 ਪਾਠਕਾਂ ਦੇ ਵਿਚਾਰ:
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।