7/12/11

ਚੋਰਾਂ ਬਿਨਾਂ ਵੀ ਸਜਦਾ ਨਹੀਂ, ਇਹ ਮੇਲਾ ਦੁਨੀਆਂ ਦਾ

SHARE
ਲਫ਼ਜ਼ਾਂ ਦਾ ਪੁਲ ਦਾ ਮਕਸਦ ਸਫ਼ਲ ਹੋ ਰਿਹਾ ਹੈ। ਸਾਡਾ ਮਕਸਦ ਹੈ ਕਿ ਪਿਛਲੀਆਂ ਪੀੜ੍ਹੀਆਂ ਦਾ ਤਜਰਬਾ ਅਤੇ ਨਵੀਂ ਪੀੜ੍ਹੀ ਦਾ ਜੋਸ਼ ਅਤੇ ਤਕਨੀਕੀ ਹੁਨਰ ਮਿਲ ਕੇ ਲਫ਼ਜ਼ਾਂ ਦਾ ਪੁਲ ਸਿਰਜਣ ਅਤੇ ਅਸੀ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਆਪਣਾ ਯੋਗਦਾਨ ਪਾ ਸਕੀਏ। ਅੱਜ ਇਸੇ ਮਕਸਦ ਵਿਚ ਇਕ ਕੜ੍ਹੀ ਹੋਰ ਜੁੜੀ ਹੈ। ਮਨੋਹਰਦੀਪ ਸਿੰਘ ਢਿੱਲੋਂ ਨੇ ਆਪਣੇ ਪਿਤਾ ਅਮਰਜੀਤ ਸਿੰਘ ਢਿੱਲੋਂ ਦਾ ਲਿਖਿਆ ਗੀਤ ਭੇਜਿਆ ਹੈ, ਜੋ ਸਮਕਾਲੀ ਹਾਲਾਤਾਂ ਤੇ ਵਿਅੰਗਮਈ ਚੋਟ ਕਰਦਾ ਹੈ। ਇਸ ਗੀਤ ਦਾ ਆਨੰਦ ਮਾਣੋ ਅਤੇ ਆਪਣੇ ਵਿਚਾਰ ਦਿਓ। ਜੇ ਤੁਹਾਡੇ ਕੋਲ ਵੀ ਤੁਹਾਡੇ ਆਲੇ-ਦੁਆਲੇ ਜਾਂ ਆਪਣੇ ਕਿਸੇ ਬਜ਼ੁਰਗ ਦੀ ਕੋਈ ਰਚਨਾ, ਯਾਦ ਜਾਂ ਨਸੀਹਤ ਸਾਂਭੀ ਪਈ ਹੈ ਤਾਂ ਉਸ ਨੂੰ ਸਾਡੇ ਨਾਲ ਸਾਂਝੀ ਕਰੋ। ਅਸੀ ਉਸ ਨੂੰ ਯੌਗ ਥਾਂ ਦੇਣ ਦੀ ਪੂਰੀ ਕੌਸ਼ਿਸ਼ ਕਰਾਂਗੇ। ਨਾਲ ਹੀ ਦੁਆ ਹੈ ਕਿ ਮਨੋਹਰਦੀਪ ਦੀ ਮਦਦ ਨਾਲ ਅਮਰਜੀਤ ਜੀ ਤਕਨੀਕੀ ਗਿਆਨ ਹਾਸਲ ਕਰ ਸਾਡੇ ਨਾਲ ਸਿੱਧੇ ਜੁੜਨ ਅਤੇ ਆਪਣੇ ਬੇਟੇ ਨੂੰ ਵੀ ਆਪਣੀ ਸਾਹਿਤਕ ਵਿਰਾਸਤ ਤੋਂ ਸਿੱਖ ਕੇ ਕੁਝ ਨਵਾਂ ਕਰਨ ਦੀ ਪ੍ਰੇਰਨਾ ਦੇਣ। ਆਮੀਨ।ਚਿੱਟੇ ਚੋਲੇ ਪਾ ਕੇ ਹੁੰਦੇ ਸੰਤ ਜੇ ਸਾਰੇ ਜੀ,
ਕੀਹਨੂੰ ਸਿੱਖਿਆ ਦਿੰਦੇ ਫਿਰ ਬਾਬੇ ਵਿਚਾਰੇ ਜੀ।
ਬਘਿਆੜਾਂ ਤੋਂ ਬਿਨਾਂ ਹੀ ਰਹਿੰਦਾ ਲੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।


ਜੇ ਦੁਨੀਆਂ ਵਿੱਚ ਸਾਰੇ ਬੰਦੇ ਸਾਊ ਹੋ ਜਾਂਦੇ।
ਸਭ ਦੇ ਸਭ ਹੀ ਇੱਥੇ ਅੱਗ ਬੁਝਾਊ ਹੋ ਜਾਂਦੇ।
ਕਰਦਾ ਫਿਰ ਕੌਣ ਗਰਮ ਗਜਰੇਲਾ ਦੁਨੀਆ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।

ਰਾਤਾਂ ਕਰਕੇ ਇੱਛਾ ਹੁੰਦੀ ਹੈ ਦਿਨ ਮਾਨਣ ਦੀ,
'ਨੇਰੇ ਕਰਕੇ ਹੀ ਪੈਂਦੀ ਹੈ ਕਦਰ ਵੀ ਚਾਨਣ ਦੀ।
ਝੂਠ ਬਿਨਾਂ ਰਹਿ ਜਾਂਦਾ ਸੱਚ ਅਕੇਲਾ ਦੁਨੀਆਂ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਜੇ ਨਾ ਹੁੰਦਾ ਇਸ਼ਕ, ਇਸ਼ਕ ਦੀਆਂ ਮਰਜ਼ਾਂ ਨਾ ਹੁੰਦੀਆਂ,
ਰੰਗ ਰੰਗੀਲੇ ਗੀਤ ਸੁਹਣੀਆਂ ਤਰਜ਼ਾਂ ਨਾ ਹੁੰਦੀਆਂ।
ਆਸ਼ਕਾਂ ਨਾਲ ਹੈ ਹੁੰਦਾ ਰੰਗ ਨਵੇਲਾ ਦੁਨੀਆਂ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।  
 

ਜੇ ਨਫਰਤ ਨਾ ਹੁੰਦੀ ਕਰਨਾ ਪਿਆਰ ਵੀ ਕੀਹਣੇ ਸੀ,
ਵਿਛੜਣ ਬਾਝੋਂ ਕਰਨਾ ਇੰਤਜ਼ਾਰ ਵੀ ਕੀਹਣੇ ਸੀ।
ਝੱਖੜ ਨ੍ਹੇਰੀ ਬਿਨਾ ਹੀ ਲੰਘਦਾ ਰੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਕੌੜੀਆਂ ਮਿਰਚਾਂ ਦੇ ਨਾਲ ਲੋੜ ਹੈ ਮਿੱਠੇ ਗੰਨੇ ਦੀ,
ਜੇ ਨਾ ਲਾਏ ਹੋਣ ਤੋਰੀਆਂ, ਕੱਦੂ ਬੰਨੇ ਜੀ,
ਰਹਿ ਜਾਂਦੀ ਬੱਸ ਸਬਜ਼ੀ ਕੌੜ ਕਰੇਲਾ ਦੁਨੀਆ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਨੇਤਾ, ਜੇਬ੍ਹ ਕਤਰਿਆਂ ਦੀਆਂ ਨੇ ਮੇੜਾਂ ਫਿਰ ਰਹੀਆਂ,
ਤਾਹੀਏਂ ਥਾਂ ਥਾਂ ਸਾਧਾਂ ਦੀਆਂ ਨੇ ਹੇੜਾਂ ਫਿਰ ਰਹੀਆਂ।
ਭਰ ਕੇ ਜੇਬਾਂ ਕਰਦੇ ਜਨਮ ਸੁਹੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਪੁੰਨ ਨਾਲ ਹੈ ਪਾਪ ਤੇ ਮੂਰਖ ਨਾਲ ਗਿਆਨੀ ਜੀ,
ਬਿਜਨਿਸ ਦੇ ਵਿੱਚ ਲਾਭ, ਤੇ ਲਾਭ ਨਾਲ ਹੈ ਹਾਨੀ ਜੀ।
ਗੁਟਕੂੰ ਕਰੇ ਕਬੂਤਰ ਸਹੇ ਗੁਲੇਲਾ ਦੁਨੀਆਂ ਦਾ। 

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਸਦਕੇ ਜਾਈਏ ਬੇਈਮਾਨਾਂ ਦੀ ਸਰਦਾਰੀ ਦੇ,
ਲੈਣ ਇਹ ਘੋੜੇ ਜੀ ਇਨਾਮ 'ਚ ਇਮਾਨਦਾਰੀ ਦੇ,
ਇਨ੍ਹਾਂ ਬਾਝੋਂ ਖਾਲੀ ਰਹੇ ਤਬੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਪੁਲਿਸ ਫੌਜ ਤੇ ਨਾ ਕੋਈ ਪਹਿਰੇਦਾਰ ਹੀ ਹੋਣਾ ਸੀ,
ਕੇਵਲ ਸੱਜਣ ਪੁਰਖਾਂ ਦਾ ਦੀਦਾਰ ਹੀ ਹੋਣਾ ਸੀ
ਢਿਚਕੂੰ ਢਿਚਕੂੰ ਕਰਦਾ ਰਹਿੰਦਾ ਠੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਕੁੱਤੇ ਤਾਈਂ ਕੋਈ ਨਾ ਆਖੇ ਕੁੱਤਾ ਬਣ ਕੁੱਤਿਆ,
ਕਹਿਣ ਬੰਦੇ ਨੂੰ ਬੰਦਾ ਬਣ ਤੂੰ ਐ ਪਾਪੀ ਸੁੱਤਿਆ,
ਠੱਗਾਂ ਕਰਕੇ ਹੈ ਰੁਜਗਾਰ ਗਿਆਨੀ ਗੁਨੀਆ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਕਿੰਨੇ ਇੱਥੇ ਧਰਮ ਅਤੇ ਕਿੰਨੇ ਧਰਮ ਦੁਆਰੇ ਨੇ,
ਪਾਪਾਂ ਦੇ ਡਰ ਕਰਕੇ ਹੀ ਚਲਦੇ ਇਹ ਸਾਰੇ ਨੇ,
ਵਿਹਲੜ ਲੁੱਟਦੇ ਸਦਾ ਹੀ ਪੈਸਾ ਧੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਜੇ ਨਾ ਹੁੰਦੇ ਚੋਰ ਤਾਂ ਇਹ ਚਤੁਰਾਈਆਂ ਨਾ ਹੁੰਦੀਆਂ,
ਆਸ਼ਕਾਂ ਬਾਝੋਂ ਇੱਥੇ ਚੋਰ ਭਲਾਈਆਂ ਨਾ ਹੁੰਦੀਆ,
ਫਿਰ ਨਾ ਕਿਸੇ ਕਾਲਜੇ ਵੱਜਦਾ ਸੇਲਾ ਦੁਨੀਆਂ ਦਾ।

ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ। 

ਠੱਗ ਤੇ ਆਸ਼ਕ ਬੱਝੇ ਆਪਸ ਦੇ ਵਿੱਚ ਡੋਰਾ ਦੇ,
'ਢਿੱਲੋਂ' ਕਦੇ ਨਾ ਗੁਝੇ ਰਹਿੰਦੇ ਨੇਤਰ ਚੋਰਾਂ ਦੇ,
ਰੋਜ ਬਦਲਦੇ ਰਹਿੰਦੇ ਰੰਗ ਨਵੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਾ ਇਹ ਮੇਲਾ ਦੁਨੀਆਂ ਦਾ। 


-ਅਮਰਜੀਤ ਸਿੰਘ ਢਿੱਲੋਂ
SHARE

Author: verified_user

0 ਪਾਠਕਾਂ ਦੇ ਵਿਚਾਰ:

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

ਪੰਜਾਬੀ ਬਲੌਗ ਅਪਡੇਟ

ਪਿਛਲੇ 24 ਘੰਟਿਆਂ ਵਿਚ ਪੰਜਾਬੀ ਬਲੌਗਾਂ ਤੇ ਲਿਖੀਆਂ ਗਈਆਂ ਰਚਨਾਵਾਂ ...ਹੋਰ ਪੰਜਾਬੀ ਬਲੌਗ ਦੇਖਣ ਲਈ ਇੱਥੇ ਕਲਿੱਕ ਕਰੋ
ਜੇਕਰ ਤੁਸੀ ਵੀ ਆਪਣਾ ਬਲੋਗ ਜਾਂ ਵੈੱਬਸਾਈਟ ਲਫ਼ਜ਼ਾਂ ਦਾ ਪੁਲ ਨਾਲ ਜੋੜਨਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਸਾਨੂੰ ਭੇਜੋ।