
ਯਾਰਾਂ ਨੇ
ਸਾਡੇ ਗੀਤ ਅਸਾਥੋਂ ਯਾਰੋ
ਖੋਹ ਲਏ ਸਾਡੇ ਯਾਰਾਂ ਨੇ
ਸਾਡੇ ਮੀਤ ਅਸਾਥੋਂ ਯਾਰੋ
ਮੋਹ ਲਏ ਸਾਡੇ ਯਾਰਾਂ ਨੇ
ਇਕ ਉਹਨਾ ਨੂੰ ਵਹਿਮ ਜੁ ਹੋਇਆ
ਟੁੱਟੇ ਦਿਲ ਦੇ ਚੂਰੇ ਤੋਂ
ਸਾਡੇ ਦਿਲ ਦੇ ਟੁਕੜੇ ਯਾਰੋ
ਛੋਹ ਲਏ ਸਾਡੇ ਯਾਰਾਂ ਨੇ
ਆਈਆਂ ਫੁੱਟ ਬਿਆਈਆਂ ਪੈਰੀਂ
ਸ਼ਹਿਰ ਉਨ੍ਹਾਂ ਦੇ ਨੱਚਦੇ ਨੂੰ
ਸਾਡੇ ਸਾਰੇ ਛਾਲੇ ਯਾਰੋ
ਧੋ ਲਏ ਸਾਡੇ ਯਾਰਾਂ ਨੇ
ਪਤਝੜ ਰੁੱਤੇ ਆਖਰੀ ਪੱਤਾ
ਰੰਗ ਸੁਨਹਿਰੀ, ਨੇੜੇ ਮੌਤ
ਸਾਡੇ ਸੋਹਣੇ ਮੁੱਖੜੇ ਯਾਰੋ
ਕੋਹ ਲਏ ਸਾਡੇ ਯਾਰਾਂ ਨੇ
----
ਮਰਨ ਤੋਂ ਬਾਅਦ
ਮਰਨ ਤੋਂ ਬਾਅਦ
ਬਣ ਕੇ ਹਵਾ ਦਾ ਬੁੱਲਾ
ਤੇਰੇ ਦੁਪੱਟੇ ਨੂੰ ਲਹਿਰਾ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਜ਼ੁਲਫਾਂ ਦਾ ਘੁੰਘਟ ਚੁੱਕ
ਤੇਰਾ ਚਿਹਰਾ ਨਿਹਾਰ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਤੂੰ ਜਿਸ ਫੁੱਲ ਨੂੰ ਚਾਹੇਂਗੀ
ਤੇਰੇ ਚੁੰਮਣ ਤੋਂ ਪਹਿਲਾਂ
ਪੱਤੀ ਪੱਤੀ ਉਡਾ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਤੇਰੇ ਕਦੇ ਜੋ ਹੰਝੂ ਆਉਣਗੇ
ਪੂੰਝਣ ਤੋਂ ਪਹਿਲਾਂ
ਆਪਣੇ ਆਪ ਨਾਲ ਰਲਾ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਭਾਵੇਂ ਜੀਂਦੇ ਜੀਅ ਤਾਂ ਤੁਰਨ ਨਾ ਦਿੱਤਾ
ਬਣ ਹਵਾ,
ਤੇਰੇ ਕਦਮ ਨਾਲ ਕਦਮ ਵਧਾ ਤਾਂ ਲਵਾਂਗਾ ਮੈਂ
ਮਰਨ ਤੋਂ ਬਾਅਦ
ਓਹ! ਤੇਰੇ ਲਬਾਂ ਨੂੰ ਛੂਹਣ ਦੀ ਖਾਹਿਸ਼
ਜੋ ਪੂਰੀ ਨਾ ਹੋਈ
ਆਖ਼ਿਰ ਛੁਹਾ ਤਾਂ ਲਵਾਂਗਾ ਮੈਂ
ਦੀਪ ਜੀ!
ReplyDeleteਸਾਹਿਤਕ ਆਦਾਬ!
ਜਨਮੇਜਾ ਜੌਹਲ ਸਾਹਿਬ ਦੀਆਂ ਦੋਵੇਂ ਨਜ਼ਮਾਂ ਬਹੁਤ ਖ਼ੂਬਸੂਰਤ ਨੇ। ਮੁਬਾਰਕਾਂ।
ਤਨਦੀਪ 'ਤਮੰਨਾ'
very emotional poems.....May God bless Johal Sahib.....
ReplyDelete"ਆਈਆਂ ਫੁੱਟ ਬਿਆਈਆਂ ਪੈਰੀਂ
ReplyDeleteਸ਼ਹਿਰ ਉਨ੍ਹਾਂ ਦੇ ਨੱਚਦੇ ਨੂੰ
ਸਾਡੇ ਸਾਰੇ ਛਾਲੇ ਯਾਰੋ
ਧੋ ਲਏ ਸਾਡੇ ਯਾਰਾਂ ਨੇ"
Kamal diyan rachnavan ne ji...Johal sahib da eh hunar sanjha karan layi admin da bahut bahut dhanwad.