ਪੰਜਾਬੀ ਕਹਾਣੀ 2018 । ਨਾਵਲੀ ਕਹਾਣੀ ਬਣਨ ਦੇ ਅਭਿਆਸ ਵਿੱਚ ਰੁੱਝੀ ਕਹਾਣੀ

- ਡਾ. ਬਲਦੇਵ ਸਿੰਘ ਧਾਲੀਵਾਲ -

ਸਾਹਿਤ ਦੀ ਕਿਸੇ ਵੀ ਵਿਧਾ ਵਿੱਚ ਨਵੇਂ ਪ੍ਰਯੋਗ ਨਿਰੰਤਰ ਹੁੰਦੇ ਰਹਿੰਦੇ ਹਨ ਜੋ ਉਸ ਵਿਧਾ ਦੇ ਜਿਉਂਦੇ ਹੋਣ ਅਤੇ ਪ੍ਰਗਤੀ ਦੇ ਰਾਹ ਪਏ ਹੋਣ ਦੀ ਗਵਾਹੀ ਭਰਦੇ ਹਨ। ਜਿਹੜੇ ਪ੍ਰਯੋਗ ਸਾਰਥਕ ਹੋਣ ਸਦਕਾ ਪਾਠਕਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹ ਜਾਂਦੇ ਹਨ ਉਹ ਸਿਹਤਮੰਦ ਰੁਝਾਣ ਦੇ ਰੂਪ ਵਿੱਚ ਆਪਣੀ ਥਾਂ ਰਾਖਵੀਂ ਕਰ ਲੈਂਦੇ ਹਨ। ਇਨਾਂ ਵਿੱਚੋਂ ਕੁਝ ਰੁਝਾਣ ਵਕਤ ਨਾਲ ਵਿਹਾ ਜਾਂਦੇ ਹਨ ਪਰ ਕੁਝ ਉੱਭਰਵੇਂ ਰੂਪ ਵਿੱਚ ਰੂੜ ਹੋ ਕੇ, ਪ੍ਰਵਿਰਤੀ ਬਣ ਕੇ ਇਤਿਹਾਸ ਵਿੱਚ ਮੀਲ-ਪੱਥਰ ਵਜੋਂ ਸਥਾਪਿਤ ਹੋ ਜਾਂਦੇ ਹਨ। ਰੂਪਾਕਾਰਕ ਰੂਪਾਂਤਰਣ ਦਾ ਇਹ ਵਰਤਾਰਾ ਨਿਰੰਤਰ ਵਾਪਰਦਾ ਰਹਿੰਦਾ ਹੈ। ਰੂਪਾਕਾਰ ਦੀ ਦ੍ਰਿਸ਼ਟੀ ਤੋਂ ਪੰਜਾਬੀ ਕਹਾਣੀ ਦੇ ਇਤਿਹਾਸ ਉੱਤੇ ਸਰਸਰੀ ਝਾਤ ਵੀ ਪਾਈਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਮੇਂ-ਸਮੇਂ ਪ੍ਰਤਿਮਾਨਕ ਕਹਾਣੀ, ਹੁਨਰੀ ਕਹਾਣੀ, ਅਕਹਾਣੀ, ਦਸਤਾਵੇਜ਼ੀ ਕਹਾਣੀ, ਮਿੰਨੀ ਕਹਾਣੀ, ਲੰਮੀ ਕਹਾਣੀ ਆਦਿ ਦੇ ਰੁਝਾਣ ਪ੍ਰਚੱਲਤ ਹੁੰਦੇ ਰਹੇ ਹਨ। ਉਸੇ ਪਰੰਪਰਾ ਦੀ ਤਰਜ਼ ਉੱਤੇ ਅਜੋਕੀ ਪੰਜਾਬੀ ਕਹਾਣੀ ਵਿੱਚ ਨਾਵਲੀ-ਕਹਾਣੀ ਦਾ ਰੁਝਾਣ ਤੇਜ਼ੀ ਨਾਲ ਜੜ੍ਹਾਂ ਫੜ ਰਿਹਾ ਹੈ। ਇਸ ਸਾਲ ਦੀ ਪੰਜਾਬੀ ਕਹਾਣੀ ਵਿੱਚੋਂ ਇਸ ਰੁਝਾਣ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਸਹਿਜੇ ਹੀ ਕੀਤੀ ਜਾ ਸਕਦੀ ਹੈ।ਨਾਵਲੀ-ਕਹਾਣੀ ਹੁੰਦੀ ਕੀ ਹੈ? ਇਸ ਬਾਰੇ ਚਰਚਾ ਤਾਂ ਪੰਜ-ਸੱਤ ਵਰ੍ਹੇ ਪਹਿਲਾਂ ਉਸ ਵਕਤ ਹੀ ਛਿੜ ਪਈ ਸੀ ਜਦੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬੀ ਸਾਹਿਤ ਦੇ ਰੂਪਾਕਾਰਾਂ ਸਬੰਧੀ ਕਰਵਾਈ ਗਏ ਇਤਿਹਾਸਕ ਮਹੱਤਤਾ ਵਾਲੇ ਇੱਕ ਸੈਮੀਨਾਰ ਦੌਰਾਨ ਸਿਰਮੌਰ ਗਲਪ-ਸ਼ਾਸਤਰੀ ਡਾ. ਜੋਗਿੰਦਰ ਸਿੰਘ ਰਾਹੀ ਨੇ ਇਹ ਧਾਰਨਾ ਉਭਾਰੀ ਸੀ ਕਿ “ਨਾਵਲੀ-ਕਹਾਣੀ ਵਰਿਆਮ ਸੰਧੂ ਦੀ ਲੰਮੀ ਕਹਾਣੀ ਨਾਲੋਂ ਵੱਖਰੀ ਤੇ ਵੱਡੀਆਂ ਸੰਭਾਵਨਾਵਾਂ ਵਾਲੀ ਗਲਪ-ਵਿਧਾ ਹੈ, ਜੋ ਜ਼ਿੰਦਗੀ ਦਾ ਸੱਚ ਇਤਿਹਾਸ ਅਤੇ ਸਿਸਟਮ ਦੀ ਨਿਸਬਤ ਵਿੱਚ ਦਰਸਾਉਂਦੀ ਹੈ।”

ਨਾਵਲੀ-ਕਹਾਣੀ ਜ਼ਰੂਰੀ ਨਹੀਂ ਲੰਮੀ ਵੀ ਹੋਵੇ। ਇਹ ਆਪਣੇ ਆਕਾਰ ਕਰਕੇ ਨਹੀਂ ਬਲਕਿ ਆਪਣੇ ਨਾਵਲੀ ਭਾਂਤ ਦੇ ਕਥਾ-ਵਸਤੂ ਅਤੇ ਆਪਣੀ ਸੰਰਚਨਾ-ਵਿਸ਼ੇਸ਼ ਕਰਕੇ ਲੰਮੀ ਕਹਾਣੀ ਦੇ ਸਮਾਨੰਤਰ ਆਪਣੀ ਨਿਵੇਕਲੀ ਹੋਂਦ ਗ੍ਰਹਿਣ ਕਰਦੀ ਹੈ। ਪੰਜਾਬੀ ਵਿੱਚ ਲੰਮੀ ਕਹਾਣੀ ਭਾਵੇਂ ਬਹੁਤ ਪਹਿਲਾਂ ਤੋਂ ਲਿਖੀ ਜਾ ਰਹੀ ਸੀ ਪਰ ਇਸ ਨੂੰ ਵੰਨਗੀ-ਵਿਸ਼ੇਸ਼ ਵਜੋਂ ਵਿਲੱਖਣ ਪਛਾਣ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਨਾਲ ਮਿਲੀ। ਸੰਧੂ ਦੀਆਂ ਕਹਾਣੀਆਂ ਦਾ ਵਸਤੂ ਬਹੁ-ਪਾਸਾਰੀ ਅਤੇ ਉਨ੍ਹਾਂ ਦੀ ਸੰਰਚਨਾ-ਵਿਸ਼ੇਸ਼ ਅਜਿਹੀ ਸੀ ਕਿ ਉਹ ਛੋਟੇ-ਛੋਟੇ ਉਪ-ਬਿਰਤਾਂਤਾਂ ਰਾਹੀਂ ਕਹਾਣੀ ਦੇ ਮੂਲ ਕਥਾਨਕ ਨੂੰ ਉਸਾਰਦਾ ਅਤੇ ਵਿਸਥਾਰਦਾ ਸੀ। ਅਜਿਹਾ ਕਰਦਿਆਂ ਉਸਦਾ ਫੋਕਸ ਮੂਲ ਕਥਾਨਕ ਉੱਤੇ ਇਸ ਕਦਰ ਰਹਿੰਦਾ ਸੀ ਕਿ ਗੀਤ ਦੀ ਵਿਧਾ ਵਾਂਗ ਉਹ ਛੋਟੇ ਜਿਹੇ ਅੰਤਰਾਲ ਬਾਅਦ ਵਾਰ ਵਾਰ ਸਥਾਈ ਅੰਤਰੇ ਅਰਥਾਤ ਕੇਂਦਰੀ ਥੀਮਿਕ ਬਿੰਦੂ ਵੱਲ ਦੀ ਪਰਿਕਰਮਾ ਕਰਨ ਲਈ ਮੁੜਦਾ ਰਹਿੰਦਾ ਸੀ। ਇਸ ਨਾਲ ਵਸਤੂ-ਸਥਿਤੀ ਦੇ ਵਿਭਿੰਨ ਪਾਸਾਰ ਵੀ ਪੇਸ਼ ਹੋ ਜਾਂਦੇ ਸਨ ਅਤੇ ਲੰਮੇ ਬਿਰਤਾਂਤਕ ਆਕਾਰ ਦੇ ਬਾਵਜੂਦ ਹੁਨਰੀ ਕਹਾਣੀ ਵਾਲਾ ਸੰਜਮ ਅਤੇ ਬੱਝਵਾਂ ਪ੍ਰਭਾਵ ਵੀ ਬਰਕਰਾਰ ਰਹਿੰਦਾ ਸੀ।

ਅਜੋਕੀ ਨਾਵਲੀ-ਕਹਾਣੀ ਵੀ ਲੰਮੀ ਕਹਾਣੀ ਵਾਂਗ ਹੀ ਵਸਤੂ-ਯਥਾਰਥ ਦੇ ਵਿਭਿੰਨ ਪਾਸਾਰ ਪੇਸ਼ ਕਰਨ ਦੀ ਤਲਬਗਾਰ ਹੈ ਪਰ ਇਹ ਸਥਾਈ ਅੰਤਰੇ ਦੀ ਵਾਰ ਵਾਰ ਪਰਿਕਰਮਾ ਕਰਨ ਦੀ ਥਾਂ ਮੁਸੱਲਸਲ ਗ਼ਜ਼ਲ ਦੇ ਸ਼ੇਅਰਾਂ ਵਾਂਗ ਸੁਤੰਤਰ ਪਰ ਅੰਤਰ-ਸਬੰਧਿਤ ਬਿਰਤਾਂਤ-ਖੰਡਾਂ ਨੂੰ ਇੱਕ-ਦੂਜੇ ਸਮਵਿੱਥ ਜੋੜਨ-ਬੀੜਨ ਵੱਲ ਵਧੇਰੇ ਰੁਚਿਤ ਹੈ। ਇਹੀ ਕਥਾ-ਜੁਗਤ ਇਸ ਦੀ ਸੰਰਚਨਾ-ਵਿਸ਼ੇਸ਼ ਨੂੰ ਨਿਵੇਕਲਾ ਬਣਾਉਂਦੀ ਹੈ। ਇਸ ਵਿੱਚ ਘਟਨਾਵੀਂ-ਕ੍ਰਮ ਕਾਰਜ-ਕਾਰਨ-ਪ੍ਰਭਾਵ ਦੇ ਸਿਲਸਿਲੇ ਵਿੱਚ ਬੱਝਿਆ ਨਾ ਹੋਣ ਕਰਕੇ ਥੀਮਗਤ ਸਾਂਝੀ ਤੰਦ ਤਲਾਸ਼ਣ ਦਾ ਤਰੱਦਦ ਭਰਿਆ ਉੱਦਮ ਪਾਠਕ ਨੂੰ ਖ਼ੁਦ ਹੀ ਕਰਨਾ ਪੈਂਦਾ ਹੈ। ਇਸ ਲਈ ਨਾਵਲੀ-ਕਹਾਣੀ ਸੰਚਾਰ ਲਈ ਕਹਾਣੀਕਾਰ ਦੀ ਜ਼ਿੰਮੇਵਾਰੀ ਘਟਾਉਂਦੀ ਹੈ ਪਰ ਨਾਲ ਹੀ ਪਾਠਕ ਤੋਂ ਵਧੇਰੇ ਬਾਲੱਗ-ਬੁੱਧ ਹੋਣ ਦੀ ਤਵੱਕੋ ਕਰਦੀ ਹੈ। ਆਪਣੇ ਮੁਕਾਬਲਤਨ ਘੱਟ-ਬੰਧੇਜ਼ੀ ਜਾਂ ਖੁੱਲ੍ਹੇ ਰੂਪ ਕਰਕੇ ਨਾਵਲੀ-ਕਹਾਣੀ ਵਿੱਚ ਨਾਵਲੀ ਭਾਂਤ ਦੀ ਵਸਤੂ-ਸਮੱਗਰੀ ਨੂੰ ਆਪਣੇ ਵਿੱਚ ਸਮੋਅ ਸਕਣ ਦੀ ਵਧੇਰੇ ਸਮਰੱਥਾ ਹੁੰਦੀ ਹੈ ਪਰ ਕਹਾਣੀਪਣ ਨਿਸਚੇ ਹੀ ਘੱਟ ਹੁੰਦਾ ਹੈ। ਇਸ ਦੇ ਨਾਵਲੀ ਬਣਨ ਦੀ ਅਭਿਲਾਸ਼ਾ ਨੂੰ ਡਾ. ਰਾਹੀ ਦੇ ਸ਼ਬਦਾਂ ਵਿੱਚ ਇਉਂ ਸਪਸ਼ਟ ਕੀਤਾ ਗਿਆ ਹੈ ਕਿ “ਇਸ ਦੀ ਜਾਨ ਉਪ-ਬਿਰਤਾਂਤ ਨਹੀਂ, ਬਿਰਤਾਂਤਕ ਖੰਡ ਹਨ। ਇਹ ਬਿਰਤਾਂਤਕ ਖੰਡ ਜ਼ਿੰਦਗੀ ਦੇ ਵਿਰਾਟ ਸੱਚ ਦੀ ਵਿਭਿੰਨਤਾ ਨੂੰ ਉਂਜ ਹੀ ਦਰਸਾਉਂਦੇ ਹਨ, ਜਿਵੇਂ ਨਵੀਨਤਮ ਨਾਵਲ, ... ਇਹ ਵਿਧਾ ਇੱਕੋ ਸਮੇਂ ਵਿਡੰਬਨਾ ਦੀ ਵੀ ਹੈ ਅਤੇ ਇਨਕਸਾਫ਼ ਦੀ ਵੀ।”

ਭਾਵੇਂ ਇਹ ਫੈਸਲਾ ਤਾਂ ਇਤਿਹਾਸ ਨੇ ਕਰਨਾ ਹੈ ਕਿ ਨਾਵਲੀ-ਕਹਾਣੀ ਦੀ ਵੰਨਗੀ ਪੰਜਾਬੀ ਵਿੱਚ ਕਿੰਨੀ ਕੁ ਪ੍ਰਵਾਨ ਚੜ੍ਹਦੀ ਹੈ ਪਰ ਇਹ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਪੰਜਾਬੀ ਕਹਾਣੀਕਾਰ ਵੱਲੋਂ ਇਸ ਜ਼ੋਖਮਕਾਰੀ ਪ੍ਰਯੋਗ ਨੂੰ ਸਫ਼ਲਤਾਪੂਰਵਕ ਇਸਤੇਮਾਲ ਕਰ ਸਕਣ ਲਈ ਕਰੜੀ ਮੁਸ਼ੱਕਤ ਵਾਲਾ ਅਭਿਆਸ ਕੀਤਾ ਜਾ ਰਿਹਾ ਹੈ। ਮਿਸਾਲ ਵਜੋਂ ਇਸ ਸਾਲ ਦੀਆਂ ਕੁਝ ਅਹਿਮ ਕਹਾਣੀਆਂ ਦੀ ਸੰਰਚਨਾ-ਵਿਸ਼ੇਸ਼ ਨੂੰ ਇਸ ਦ੍ਰਿਸ਼ਟੀ ਨਾਲ ਵਾਚਿਆ ਜਾ ਸਕਦਾ ਹੈ, ਜਿਵੇਂ ਖੌਫ਼-84 (ਜਸਵੀਰ ਰਾਣਾ), ਜਨਾਨੀ ਪੌਦ (ਕੇਸਰਾ ਰਾਮ) (ਦੋਵੇਂ, ਹੁਣ, ਜਨਵਰੀ-ਅਪ੍ਰੈਲ), ਬਾਕੀ ਸਭ ਝੂਠ ਆ (ਜਤਿੰਦਰ ਸਿੰਘ ਹਾਂਸ, ਹੁਣ, ਮਈ-ਅਗਸਤ), ਚੀਰ-ਹਰਨ (ਸਰੂਪ ਸਿਆਲਵੀ) (ਹੁਣ, ਸਤੰਬਰ-ਦਸੰਬਰ), ਮਿੱਸ ਇੱਜ਼ੀ: ਦੂਜੀ ਸੰਸਾਰ ਜੰਗ ਵਾਰਤਾ (ਗੁਰਮੀਤ ਪਨਾਗ, ਸਿਰਜਣਾ, ਅਪ੍ਰੈਲ-ਜੂਨ), ਅੱਛਣਾ-ਗੱਛਣਾ (ਨੈਨ ਸੁਖ, ਸਿਰਜਣਾ, ਜੁਲਾਈ-ਸਤੰਬਰ), ਪੀਰਜ਼ਾਦੀ (ਸੁਰਿੰਦਰ ਨੀਰ, ਪ੍ਰਵਚਨ, ਜੁਲਾਈ-ਸਤੰਬਰ), ਮੱਛੀ (ਜਿੰਦਰ), ਡਾਂਸ ਫਲੋਰ (ਦੀਪਤੀ ਬਬੂਟਾ), ਹਦਬਸਤ ਨੰਬਰ 211 (ਜਗਜੀਤ ਗਿੱਲ) (ਤਿੰਨੇ ਕਹਾਣੀ ਧਾਰਾ, ਅਪ੍ਰੈਲ-ਸਤੰਬਰ 2018), ਸ਼ਿਲਤਰ੍ਹਾਂ (ਗੁਰਮੀਤ ਕੜਿਆਲਵੀ, ਰਾਗ, ਮਈ-ਅਗਸਤ), ਆ ਗਲੇ ਲੱਗ ਜਾਹ (ਕੁਲਜੀਤ ਮਾਨ, ਰਾਗ, ਸਤੰਬਰ-ਦਸੰਬਰ), ਬਾਬਾ ਬੁੱਲੇ ਸ਼ਾਹ (ਜਗਦੀਸ਼ ਸਿੰਘ, ਰੋਜ਼ਾਨਾ ਦੇਸ਼ ਸੇਵਕ, ਜੁਲਾਈ-ਅਗਸਤ) ਆਦਿ ਕਹਾਣੀਆਂ ਪ੍ਰਤੱਖ ਤੌਰ ’ਤੇ ਨਾਵਲੀ-ਕਹਾਣੀ ਦੇ ਗੁਣਾਂ-ਲੱਛਣਾਂ ਵਾਲੀਆਂ ਹਨ। ਪਰ ਇਹ ਜ਼ਰੂਰੀ ਨਹੀਂ ਕਿ ਹਰੇਕ ਨਾਵਲੀ-ਕਹਾਣੀ ਕਲਾਤਮਕ ਅਤੇ ਬਿਹਤਰੀਨ ਵੀ ਹੋਵੇ, ਜਿਵੇਂ ਸਾਰੀਆਂ ਲੰਮੀਆਂ ਕਹਾਣੀਆਂ ਵੀ ਵਧੀਆ ਨਹੀਂ ਸੀ ਹੁੰਦੀਆਂ। ਇਸ ਲਈ ਇਹ ਗੱਲ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਮੈਂ ਪੰਜਾਬੀ ਕਹਾਣੀ ਦੇ ਇੱਕ ਨਵੇਂ ਰੁਝਾਣ ਦੀ ਦੱਸ ਹੀ ਪਾਈ ਹੈ ਪਰ ਸਾਲ ਦੀਆਂ ਬੇਹਤਰੀਨ ਪੰਜਾਬੀ ਕਹਾਣੀਆਂ ਦੀ ਚੋਣ ਦੇ ਸਮੇਂ ਮੇਰਾ ਮਾਪਦੰਡ ਕੋਈ ਰੂਪਾਕਾਰਕ ਵੰਨਗੀ-ਵਿਸ਼ੇਸ਼ ਨਹੀਂ ਹੁੰਦੀ ਬਲਕਿ ਕਹਾਣੀ ਦੀ ਕਲਾਤਮਕਤਾ ਅਤੇ ਉਸਦਾ ਕਹਾਣੀਪਣ ਮੇਰੇ ਲਈ ਅਹਿਮ ਹੁੰਦਾ ਹੈ। ਆਪਣੇ ਇਸੇ ਮਾਪਦੰਡ ਰਾਹੀਂ ਮੈਂ ਇਸ ਸਾਲ ਦੀਆਂ ਕੁਝ ਬੇਹਤਰੀਨ ਕਹਾਣੀਆਂ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹਾਂ:

ਬਲਵਿੰਦਰ ਸਿੰਘ ਗਰੇਵਾਲ ਦੀ ਕਹਾਣੀ ‘ਡਬੋਲੀਆ’ (ਸਿਰਜਣਾ, ਜਨਵਰੀ-ਮਾਰਚ) ਪੰਜਾਬੀ ਸਮਾਜ ਵਿੱਚ ਇੱਕ ਗੋਤਾਖੋਰ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਵਾਂ-ਝੜਾਵਾਂ ਦੇ ਮੂਲੋਂ ਅਣਛੋਹ ਵਿਸ਼ੇ ਨੂੰ ਆਪਣਾ ਕਥਾ-ਵਸਤੂ ਬਣਾਉਂਦੀ ਹੈ। ਉਸ ਤੋਂ ਵੀ ਅਹਿਮ ਗੱਲ ਇਹ ਕਿ ਕਹਾਣੀ ਦਾ ਕੇਂਦਰੀ ਪਾਤਰ ਬਲਕਾਰ ਕੋਈ ਪੇਸ਼ਾਵਰ ਗੋਤਾਖੋਰ ਨਹੀਂ ਬਲਕਿ ਕਿਸਾਨੀ-ਸੰਕਟ ਦਾ ਧੱਕਿਆ ਇਸ ਕਿੱਤੇ ਨੂੰ ਚੁਣਦਾ ਹੈ ਅਤੇ ਲਾਸ਼ਾਂ ਕੱਢਣ ਦੇ ਧੰਦੇ ਨੂੰ ਮਾਨਵੀ-ਸੰਵੇਦਨਾ ਤੋਂ ਅਭਿੱਜ ਰਹਿ ਕੇ ਨਹੀਂ ਕਰ ਸਕਦਾ। ਇਸ ਲਈ ਲਾਸ਼ ਦੇ ਵਾਰਸਾਂ ਨਾਲ ‘ਪ੍ਰੋਫੈਸ਼ਨਲ’ ਹੋ ਕੇ ਵਿਹਾਰ ਨਹੀਂ ਕਰ ਸਕਦਾ। ਦੂਜੇ ਸ਼ਬਦਾਂ ਵਿੱਚ ਸਭ ਤਰ੍ਹਾਂ ਦੇ ਸੰਕਟਾਂ ਦੇ ਬਾਵਜੂਦ ਉਸ ਨੇ ਆਪਣੀ ਮਾਨਵੀਅਤਾ ਨੂੰ ਡੁੱਬਣ ਤੋਂ ਬਚਾਇਆ ਹੋਇਆ ਹੈ। ਕਹਾਣੀ ਦੀ ਸ਼ਕਤੀ ਨਿਸਚੇ ਹੀ ਅਜਿਹੀ ਨਿਵੇਕਲੀ ਵਿਸ਼ਾ-ਚੋਣ ਵਿੱਚ ਤਾਂ ਹੈ ਹੀ, ਪਰ ਇਸ ਤੋਂ ਵੀ ਵੱਧ ਉਸਦੀ ਪ੍ਰੌੜ੍ਹ ਕਥਾ-ਸ਼ੈਲੀ ਕਰਕੇ ਹੈ। ਗੋਤਾਖੋਰੀ ਨਾਲ ਸਬੰਧਿਤ ਵਿਭਿੰਨ ਕਾਰਜਾਂ ਅਤੇ ਲੋਕਧਾਰਾਈ ਵਿਸ਼ਵਾਸਾਂ ਨੂੰ ਜਿਵੇਂ ਗਰੇਵਾਲ ਨੇ ਪ੍ਰਕਾਰਜੀ ਚਿੰਨ੍ਹਾਂ ਵਿੱਚ ਢਾਲਿਆ ਅਤੇ ਕਹਾਣੀ ਦੀ ਸੰਰਚਨਾ ਦਾ ਸਹਿਜ ਅੰਗ ਬਣਾਇਆ ਹੈ, ਉਹ ਪੰਜਾਬੀ ਕਹਾਣੀ ਦੀ ਬਿਰਤਾਂਤਕਾਰੀ ਲਈ ਸੱਚਮੁੱਚ ਮਿਸਾਲੀ ਹੈ।

ਮੂਲੋਂ ਨਵੇਂ ਕਹਾਣੀਕਾਰ ਸੁਖਪਾਲ ਸਿੰਘ ਥਿੰਦ ਦੀ ਕਹਾਣੀ ‘ਫੁੱਲਾਂ ਦੀ ਫਸਲ’ (ਹੁਣ, ਮਈ-ਅਗਸਤ) ਪੰਜਾਬ ਦੀ ਅਜੋਕੀ ਨੌਜਵਾਨ ਪੀੜ੍ਹੀ ਦੇ ਧੜਾਧੜ ਹੋ ਰਹੇ ਪਰਵਾਸ ਅਤੇ ਉਸ ਨਾਲ ਇੱਕਹਿਰੇ ਪਰਿਵਾਰਾਂ ਵਿੱਚ ਪੈਦਾ ਹੋਣ ਵਾਲੇ ਖਲਾਅ ਦੇ ਮਸਲੇ ਬਾਰੇ ਲਿਖੀ ਗਈ ਹੈ। ਕਹਾਣੀ ਦੇ ਨੌਜਵਾਨ ਪਾਤਰ ਮਹਿਕਦੀਪ ਦੇ ਨੌਕਰੀ-ਪੇਸ਼ਾ ਮਾਪਿਆਂ ਦੀ ਆਰਥਿਕ ਹਾਲਤ ਵੀ ਕੋਈ ਮਾੜੀ ਨਹੀਂ ਅਤੇ ਮਹਿਕਦੀਪ ਦੀ ਵੀ ਬੀ.ਟੈੱਕ ਤੋਂ ਬਾਅਦ ਮਲਟੀਨੈਸ਼ਨਲ ਕੰਪਨੀ ਵਿੱਚ ‘ਪਲੇਸਮੈਂਟ’ ਹੋ ਜਾਂਦੀ ਹੈ, ਪਰ ਇਸ ਦੇ ਬਾਵਜੂਦ ਉਸ ਨੂੰ ਆਪਣੇ ਵਤਨ ਦਾ ਸਭ ਕੁਝ ‘ਟੋਟਲੀ ਸਫੋਕੇਟਿੰਗ’ ਵਾਲਾ ਜਾਪਦਾ ਹੈ, ਜਿੱਥੇ ਕਿਸੇ ਦੀ “ਰੂਹ ਦਾ ਪੰਛੀ” ਚਹਿਕ ਨਹੀਂ ਸਕਦਾ। ਕਦੇ ਮਹਿਕਦੀਪ ਦੇ ਬਾਪ ਨੂੰ ਇਸੇ ਤਰ੍ਹਾਂ ਪਿੰਡ ਛੱਡ ਕੇ ਸ਼ਹਿਰ ਦਾ ਵਸੇਬਾ ਚੁਣਨਾ ਪਿਆ ਸੀ। ਇਸ ਪ੍ਰਕਾਰ ਕਹਾਣੀ ਪੰਜਾਬੀਆਂ ਦੇ ਪਰਵਾਸ ਨੂੰ ਅਟੱਲ ਹੋਣੀ ਦੇ ਰੂਪ ਵਿੱਚ ਵੀ ਵੇਖਦੀ ਹੈ ਅਤੇ ਨਾਲ ਦੀ ਨਾਲ ਅਜੋਕੇ ਪਰਵਾਸ ਨੂੰ ਇੱਕ ਚੰਗੇ ਅਵਸਰ ਵਜੋਂ ਹਾਂ-ਪੱਖੀ ਅਰਥਾਂ ਵਿੱਚ ਵੀ ਉਭਾਰਦੀ ਹੈ। ਕਹਾਣੀ ਦੀ ਤਾਕਤ ਇਸ ਦੀ ਨਿਵੇਕਲੀ ਤਰਕਮਈ ਰਚਨਾ-ਦ੍ਰਿਸ਼ਟੀ ਵਿੱਚ ਤਾਂ ਹੈ ਹੀ, ਇਸ ਦੇ ਨਾਲ ਨਾਲ ਪਰਵਾਸੀਪੁਣੇ ਰਾਹੀਂ ਪੈਦਾ ਹੋਣ ਵਾਲੇ ਵਿਯੋਗ ਦੇ ਭਾਵਪੂਰਤ ਬਿਆਨ ਅਤੇ ਪ੍ਰਤੀਕਮਈ ਬਿਰਤਾਂਤਕ ਸ਼ੈਲੀ ਵੀ ਇਸ ਦੀ ਪ੍ਰਾਪਤੀ ਬਣਦੇ ਹਨ।

ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਬਾਕੀ ਸਭ ਝੂਠ ਹੈ’ (ਹੁਣ, ਮਈ-ਅਗਸਤ) ਪੰਜਾਬ ਦੇ ਕਿਸਾਨੀ ਸੰਕਟ ਦੇ ਹਵਾਲੇ ਨਾਲ ਇੱਕ ਕਿਸਾਨ ਪਰਿਵਾਰ ਦੀ ਅੰਦਰੂਨੀ ਕਸ਼ਮਕਸ਼ ਦਾ ਬਿਰਤਾਂਤ ਪੇਸ਼ ਕਰਦੀ ਹੈ। ਕਿਸਾਨੀ-ਸੰਕਟ ਦੀ ਪਰੰਪਰਿਕ ਪੰਜਾਬੀ ਕਹਾਣੀ ਵਾਂਗ ਪਿਉ-ਪੁੱਤ ਵਿੱਚਲੀ ਕਸ਼ਮਕਸ਼ ਦਾ ਕਾਰਣ ਕੋਈ ਬਹੁਤ ਗਹਿਰਾ ਆਰਥਿਕ ਸੰਕਟ ਨਹੀਂ ਬਲਕਿ ਪੜ੍ਹੇ-ਲਿਖੇ ਨੌਜਵਾਨ ਪੁੱਤ ਦਾ ‘ਦੁਨੀਆਂ ਮੇਰੀ ਮੁੱਠੀ ਵਿੱਚ ਹੋਵੇ’ ਵਾਲਾ ਮਾਅਰਕੇਬਾਜ਼ ਵਤੀਰਾ ਵਧੇਰੇ ਹੈ ਜੋ ਅੰਤਿਮ ਅਰਥਾਂ ਵਿੱਚ ਮੌਤਮੁਖੀ ਸਿੱਧ ਹੁੰਦਾ ਹੈ। ਇਸ ਦੇ ਉਲਟ ਪਿਉ ਦੀ ਜੀਵਣ-ਦ੍ਰਿਸ਼ਟੀ ਸਭ ਸੰਕਟਾਂ ਦੇ ਬਾਵਜੂਦ ਜ਼ਿੰਦਗੀਮੁਖੀ ਹੈ। ਕਹਾਣੀ ਬੜੇ ਸੂਖ਼ਮ ਢੰਗ ਨਾਲ ਪਰੰਪਰਾ ਅਤੇ ਨਵੀਨਤਾ ਦੇ ਜੀਵੰਤ ਅਤੇ ਮਾਰੂ ਤੱਤਾਂ ਦੀ ਪਛਾਣ ਮਾਨਵੀਅਤਾ ਦੀ ਕਸਵੱਟੀ ਨਾਲ ਕਰਦੀ ਹੈ। ਹਾਂਸ ਦੀ ਨਾਟਕੀ ਬਿਰਤਾਂਤ ਦੀ ਕਥਾ-ਜੁਗਤ ਕਹਾਣੀ ਨੂੰ ਬਹੁਤ ਰੌਚਿਕ, ਵਿਅੰਗ-ਅਰਥੀ ਅਤੇ ਬਹੁ-ਪਰਤੀ ਬਣਾਉਂਦੀ ਹੈ। ਇਸ ਕਹਾਣੀ ਦੇ ਵਸਤੂ-ਵੇਰਵਿਆਂ ਵਿੱਚ ਨਾਵਲੀ ਵਿਸਥਾਰ ਦੀਆਂ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ ਅਤੇ ਇਸ ਦੀ ਸੰਰਚਨਾ ਵੀ ਬਿਰਤਾਂਤ-ਖੰਡਾਂ ਵਾਲੀ ਹੈ, ਇਸ ਲਈ ਛੋਟੇ ਆਕਾਰ ਦੇ ਬਾਵਜੂਦ ਇਹ ਸਫ਼ਲ ਨਾਵਲੀ-ਕਹਾਣੀ ਹੈ।

ਬਲਬੀਰ ਪਰਵਾਨਾ ਦੀ ਕਹਾਣੀ ‘ਥੈਂਕ ਯੂ ਬਾਪੂ’ (ਪ੍ਰਵਚਨ, ਅਪ੍ਰੈਲ-ਜੂਨ) ਪਦਾਰਥਕਤਾ ਦੀ ਨੀਂਹ ’ਤੇ ਉਸਰੇ ਪਰਿਵਾਰਕ ਰਿਸ਼ਤਿਆਂ ਦਾ ਕੌੜਾ ਪਰ ਡੂੰਘਾ ਸੱਚ ਬਿਆਨ ਕਰਦੀ ਹੈ। ਨੌਕਰੀ ਕਾਰਣ ਆਪਣੇ ਇੱਕਹਿਰੇ ਪਰਿਵਾਰ ਨਾਲ ਸ਼ਹਿਰ ਰਹਿ ਰਿਹਾ ਪੁੱਤ ਆਪਣੇ ਹਸਪਤਾਲ ਦਾਖ਼ਲ ਬਾਪ ਦੀ ਸਾਂਭ-ਸੰਭਾਲ ਦਾ ਫਰਜ਼ ਵੀ ਨਿਭਾਉਣਾ ਚਾਹੁੰਦਾ ਹੈ ਪਰ ਪਦਾਰਥਕ ਗਿਣਤੀਆਂ-ਮਿਣਤੀਆਂ ਵਿੱਚ ਉਲਝੇ ਪਰਿਵਾਰ ਦੇ ਦਬਾਵਾਂ ਨਾਲ ਪੀੜਤ ਨਿੱਜਮੁਖੀ ਵੀ ਹੈ। ਇਸ ਲਈ ਬਾਪ ਦੀ ਜਲਦੀ ਮੌਤ ਨਾਲ ਥੋੜ੍ਹਾ ਦੁਖੀ ਪਰ ਬਹੁਤਾ ਸੁਰਖੁਰੂ ਮਹਿਸੂਸ ਕਰਦਾ ਹੈ। ਇਸ ਕਹਾਣੀ ਦੀ ਖ਼ੂਬੀ ਇਸ ਦੇ ਯਥਾਰਥਕ ਅੰਦਾਜ਼ੇ-ਬਿਆਂ ਅਤੇ ਤਣਾਅ ਨੂੰ ਢੁੱਕਵੀਂ ਗਲਪੀ-ਭਾਸ਼ਾ ਰਾਹੀਂ ਪ੍ਰਗਟਾਉਣ ਵਿੱਚ ਹੈ।

ਜਗਜੀਤ ਗਿੱਲ ਦੀ ਸਹੀ ਅਰਥਾਂ ਵਿੱਚ ਕਹੀ ਜਾ ਸਕਦੀ ਨਾਵਲੀ-ਕਹਾਣੀ ‘ਹਦਬਸਤ ਨੰਬਰ 211’ (ਕਹਾਣੀ ਧਾਰਾ, ਅਪ੍ਰੈਲ-ਸਤੰਬਰ) ਪੰਜਾਬ ਸੰਕਟ ਅਤੇ ਕਿਸਾਨੀ ਸੰਕਟ ਦੇ ਹਵਾਲੇ ਨਾਲ ਮਾਝੇ ਦੇ ਇੱਕ ਪਰਿਵਾਰ, ਅਰਥਾਤ ਪੂਰੇ ਪਿੰਡ ਜਾਂ ਇਲਾਕੇ ਦੇ ਦੁੱਖਾਂ, ਸੁੱਖਾਂ, ਸੁਪਨਿਆਂ ਅਤੇ ਸੰਤਾਪਾਂ ਦਾ ਸੰਦਰਭ-ਯੁਕਤ ਮਹਾਂਚਿੱਤਰ ਉਲੀਕਦੀ ਹੈ। ਕਹਾਣੀ ਦੀ ਵਿਸ਼ੇਸ਼ਤਾ ਵਸਤੂ-ਯਥਾਰਥ ਦੀ ਜਟਿਲਤਾ ਨੂੰ ਇੱਕ ਪਾਸੇ ਬਾਰੀਕਬੀਨੀ ਅਤੇ ਦੂਜੇ ਪਾਸੇ ਵਿਸਥਾਰਮਈ ਦੋਵਾਂ ਪੱਧਰਾਂ ਉੱਤੇ ਪੂਰੀ ਪ੍ਰਮਾਣਿਕਤਾ ਨਾਲ ਪੇਸ਼ ਕਰਨ ਵਿੱਚ ਹੈ।

ਸਿਮਰਨ ਧਾਲੀਵਾਲ ਦੀ ਕਹਾਣੀ ‘ਆ ਆਪਾਂ ਘਰ ਬਣਾਈਏ’ (ਸ਼ਬਦ, ਜੁਲਾਈ-ਸਤੰਬਰ) ਪੰਜਾਬ ਦੀਆਂ ਮੌਜੂਦਾ ਪ੍ਰਸਥਿਤੀਆਂ ਵਿੱਚ ਦਲਿਤ ਚੇਤਨਾ ਦੇ ਉਭਾਰ ਨਾਲ ਬਣ ਰਹੇ ਮਾਹੌਲ ਕਾਰਣ ਜੱਟ ਵਰਗ ਦੀ ਧੌਂਸਮੁਖੀ ਦ੍ਰਿਸ਼ਟੀ ਨੂੰ ਖੋਰਾ ਲੱਗਣ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਸ਼ੈਲੀਗਤ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਜੱਟ ਵਰਗ ਦੇ ਪ੍ਰਤੀਨਿਧ ਪਾਤਰ ਮੇਜਾ ਸਿੰਘ ਦੇ ਤਣਾਅ ਨੂੰ ਬਹੁਤ ਢੁੱਕਵੇਂ ਚਿੰਨ੍ਹਾਂ-ਪ੍ਰਤੀਕਾਂ ਵਾਲੀ ਗਲਪੀ-ਭਾਸ਼ਾ ਰਾਹੀਂ ਪ੍ਰਗਟਾਇਆ ਗਿਆ ਹੈ। ਕਹਾਣੀ ਵਿੱਚ ਅਣਕਹੇ ਦੀ ਕਹੇ ਨਾਲੋਂ ਵੀ ਵੱਧ ਮਹੱਤਤਾ ਬਣ ਗਈ ਜਾਪਦੀ ਹੈ। ਬਿਰਤਾਂਤਕਾਰੀ ਦੀ ਖ਼ੂਬੀ ਇਸ ਗੱਲ ਵਿੱਚ ਵੀ ਹੈ ਕਿ ਮੇਜਾ ਸਿੰਘ ਦੇ ਜੱਟ-ਅਵਚੇਤਨ ਦਾ ਬਹੁਤਾ ਕੁਝ ਅਣਕਹੇ ਰੂਪ ਵਿੱਚ ਵਿਹਾਰਕ ਸੰਕੇਤਾਂ ਰਾਹੀਂ ਉਜਾਗਰ ਹੁੰਦਾ ਹੈ।

ਇੰਗਲੈਂਡ ਵਾਸੀ, ਮੂਲੋਂ ਨਵੇਂ ਕਹਾਣੀਕਾਰ ਨਵਚੇਤਨ ਦੀ ਕਹਾਣੀ ‘ਰਿਵਰ ਆਫ ਲਾਈਫ’ (ਸ਼ਬਦ, ਜਨਵਰੀ-ਜੂਨ) ਇੱਕ ਪਰਵਾਸੀ ਪੰਜਾਬੀ ਔਰਤ ਦੀ ਮਾਨਸਿਕ ਉਥਲ-ਪੁਥਲ ਨੂੰ ਪੰਜਾਬ ਸੰਕਟ ਦੇ ਦੂਰਰਸੀ ਮਨੋਵਿਗਿਆਨਕ ਪ੍ਰਭਾਵਾਂ ਦੇ ਪਿਛੋਕੜ ਰਾਹੀਂ ਚਿਤਰਦੀ ਹੈ। ਉਸਦਾ ਜ਼ਖ਼ਮੀ ਅਤੀਤ ਜਿਸ ਨੂੰ ਉਹ ਚੇਤਨ ਤੌਰ ਤੇ ਖਾਰਜ ਕਰਨਾ ਲੋਚਦੀ ਹੈ, ਆਪਣੇ ਮੂੰਹ-ਜ਼ੋਰ ਪ੍ਰਭਾਵਾਂ ਨਾਲ ਉਸਦੇ ਵਰਤਮਾਨ ਨੂੰ ਗ੍ਰਹਿਣ ਦਿੰਦਾ ਹੈ। ਇਸ ਕਹਾਣੀ ਦੀ ਬਿਰਤਾਂਤਕ ਅਹਿਮੀਅਤ ਮੁੱਖ ਔਰਤ ਪਾਤਰ ਦੇ ਅਵਚੇਤਨ ਨੂੰ ਉਸਦੇ ਕਥਨਾਂ ਅਤੇ ਵਿਵਹਾਰ ਦੀ ਜੁਗਲਬੰਦੀ ਰਾਹੀਂ ਉਜਾਗਰ ਕਰ ਸਕਣ ਦੀ ਮਨੋਵਿਗਿਆਨਕ ਸੂਝ ਵਿੱਚ ਹੈ।

ਕਹਾਣੀ ਦੇ ਖੇਤਰ ਵਿੱਚ ਮੁੱਢਲੇ ਕਦਮ ਰੱਖ ਰਹੇ ਰੰਗਕਰਮੀ ਬਲਵਿੰਦਰ ਦੀ ਕਹਾਣੀ ‘ਲਹੂ ਲੁਹਾਣ’ (ਰਾਗ, ਸਤੰਬਰ-ਦਸੰਬਰ) ਕਸ਼ਮੀਰ ਸੰਕਟ ਦੀ ਪਿੱਠਭੂਮੀ ਨਾਲ ਇੱਕ ਪੰਜਾਬੀ ਫੌਜੀ ਹਰਨਾਮ ਅਤੇ ਕਸ਼ਮੀਰੀ ਲੜਕੀ ਦੀ ਬਹੁਤ ਸੂਖ਼ਮ ਅਤੇ ਮਾਸੂਮ ਜਿਹੀ ਚਾਹਤ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਤਾਕਤ ਇਸ ਦੇ ਬਹੁਤ ਸੰਤੁਲਤ ਜਿਹੇ ਕਾਵਿਕ ਅੰਦਾਜ਼, ਭੂਗੋਲਿਕ ਦ੍ਰਿਸ਼-ਉਸਾਰੀ ਅਤੇ ਲੁੱਛਦੀ ਮਾਨਵੀ ਸੰਵੇਦਨਾ ਦੇ ਬਹੁਤ ਨਾਜ਼ੁਕ ਅਹਿਸਾਸਾਂ ਦੀ ਨਕਸ਼-ਨਿਗਾਰੀ ਵਿੱਚ ਹੈ।

ਸਮਕਾਲੀ ਪੰਜਾਬੀ ਕਹਾਣੀ ਦੇ ‘ਮਾਸਟਰ ਸਟੋਰੀ ਟੈਲਰ’ ਸੁਖਜੀਤ ਦੀ ਕਹਾਣੀ ‘ਆਟੋ ਨੰਬਰ 420’ (ਸ਼ਬਦ, ਜੁਲਾਈ-ਸਤੰਬਰ) ਮੁਨਾਫ਼ਾਮੁਖੀ ਪੂੰਜੀਵਾਦੀ ਜੀਵਣ-ਸ਼ੈਲੀ ਅਤੇ ਕੁਦਰਤਮੁਖੀ ਮਾਨਵੀ ਜੀਵਣ-ਜਾਚ ਦੇ ਅੰਤਰ-ਸੰਵਾਦ ਨੂੰ ਆਪਣਾ ਕਥਾ-ਵਸਤੂ ਬਣਾਉਂਦੀ ਹੈ। ਪ੍ਰਦੂਸ਼ਿਤ ਸ਼ਹਿਰੀ ਮਾਹੌਲ ਵਿੱਚ ਰਹਿੰਦੇ ਇੱਕ ਆਟੋ-ਚਾਲਕ ਨੂੰ ਕਿਸੇ ਭਿਆਨਕ ਡਰ ਕਾਰਣ ਕੁਝ ਸਮਾਂ ਜੰਗਲਾਂ ਵਿੱਚ ਪਨਾਹ ਲੈਣੀ ਪੈਂਦੀ ਹੈ। ਕੁਦਰਤ ਦਾ ਸੰਗ-ਸਾਥ ਉਸਦੇ ਜੁੱਸੇ ਅਤੇ ਖ਼ੂਨ ਦੀ ਤਾਸੀਰ ਹੀ ਬਦਲ ਦਿੰਦਾ ਹੈ। ਵਿਗਿਆਨ-ਗਲਪ ਦੀ ਤਰਜ਼ ਤੇ ਇਹ ਕਹਾਣੀ ਅਨੁਭਵਮੂਲਕ ਜੀਵਣ-ਯਥਾਰਥ ਦੀ ਥਾਂ ਕਾਲਪਨਿਕ ਜਾਂ ਮਸਨੂਈ ਸਮੱਗਰੀ ਨੂੰ ਆਪਣੀ ਟੇਕ ਬਣਾਉਂਦੀ ਹੈ। ਇਸ ਦੀ ਕਲਾਤਮਕ ਵਡਿਆਈ ਵਸਤੂ-ਚੋਣ ਤੋਂ ਵੀ ਵੱਧ ਯਥਾਰਥ-ਨੁਮਾ ਫੈਂਟਸੀ ਸਿਰਜਣ ਵਿੱਚ ਹੈ। ਪੰਜਾਬੀ ਵਿੱਚ ਇਹ ਨਿਵੇਕਲਾ ਪ੍ਰਯੋਗ ਹੈ।

ਦੀਪਤੀ ਬਬੂਟਾ ਦੀ ਨਾਵਲੀ-ਕਹਾਣੀ ‘ਡਾਂਸ ਫਲੋਰ’ (ਕਹਾਣੀ ਧਾਰਾ, ਅਪ੍ਰੈਲ-ਸਤੰਬਰ) ਮੈਰਿਜ-ਪੈਲਿਸਾਂ ਵਿੱਚ ਡਾਂਸ ਪੇਸ਼ ਕਰਨ ਵਾਲੀਆਂ ਲੜਕੀਆਂ ਅਤੇ ਆਰਕੈਸਟਰਾ ਦੇ ਮਾਲਕ ਦੇ ਕਾਰਜ-ਵਿਹਾਰ ਦੀ ਪੇਸ਼ਕਾਰੀ ਰਾਹੀਂ ਇੰਟਰਟੇਨਮੈਂਟ ਉਦਯੋਗ ਦੇ ਅੰਦਰੂਨੀ ਰਹੱਸਾਂ ਦੀਆਂ ਪਰਤਾਂ ਉਜਾਗਰ ਕਰਦੀ ਹੈ। ਇਸ ਕਹਾਣੀ ਦੀ ਕਲਾਤਮਕ ਖ਼ੂਬੀ ਇਸ ਦੇ ਨਾਵਲੀ ਵਿਸਥਾਰਾਂ ਨੂੰ ਕਹਾਣੀ-ਬਿਰਤਾਂਤ ਵਿੱਚ ਸਮੋਣ ਕਰਕੇ ਵੀ ਹੈ ਅਤੇ ਕਿੱਤੇ-ਵਿਸ਼ੇਸ਼ ਦੀ ਜਗਦੀ-ਮਘਦੀ ਗਲਪੀ-ਭਾਸ਼ਾ ਦੇ ਸਿਰਜਣ ਕਾਰਨ ਵੀ ਨਿਰਸੰਦੇਹ ਬਣਦੀ ਹੈ।

ਭਾਵੇਂ ਉੱਪਰ ਵਰਣਿਤ ਕਹਾਣੀਆਂ ਮੇਰੀ ਪਹਿਲੀ ਪਸੰਦ ਹਨ ਪਰ ਇਨਾਂ ਤੋਂ ਇਲਾਵਾ ਕੁਝ ਹੋਰ ਵੀ ਉਲੇਖਯੋਗ ਕਹਾਣੀਆਂ ਇਸ ਸਾਲ ਪ੍ਰਕਾਸ਼ਤ ਹੋਈਆਂ ਹਨ, ਜਿਵੇਂ ਸ਼ਿਲਤਰ੍ਹਾਂ (ਗੁਰਮੀਤ ਕੜਿਆਲਵੀ, ਰਾਗ, ਮਈ-ਅਗਸਤ), ਜਨਪਦ ਕਲਿਆਣੀ ਅੰਬਪਾਲੀ (ਪ੍ਰਵਚਨ, ਅਪ੍ਰੈਲ-ਜੂਨ), ਬਨਵਾਸ (ਜਿੰਦਰ, ਸਿਰਜਣਾ, ਅਕਤੂਬਰ-ਦਸੰਬਰ), ... ਤੇ ਜੀਨੀ ਜਿੱਤ ਗਈ (ਸ਼ਰਨਜੀਤ ਕੌਰ, ਸਮਕਾਲੀ ਸਾਹਿਤ, ਜੁਲਾਈ-ਸਤੰਬਰ), ਵਿਸ਼ਵ-ਸੁੰਦਰੀ (ਜਤਿੰਦਰ ਹਾਂਸ, ਸ਼ਬਦ, ਜਨਵਰੀ-ਜੂਨ), ਹੌਂਟਡ ਹਾਊਸ (ਸਰਘੀ, ਸ਼ਬਦ, ਜਨਵਰੀ-ਜੂਨ), ਪੋਸਟ-ਮਾਰਟਮ (ਸੁਕੀਰਤ, ਹੁਣ, ਜਨਵਰੀ-ਅਪ੍ਰੈਲ), ਕੋਈ ਦੇਸ਼ ਨਾ ਜਾਣੇ ਮੇਰਾ (ਗੁਰਮੀਤ ਪਨਾਗ, ਹੁਣ, ਮਈ-ਅਗਸਤ), ਹਵਾ ਵਿੱਚ ਉਡਦੀ ਪਤੰਗ (ਮੇਜਰ ਮਾਂਗਟ, ਹੁਣ, ਮਈ-ਅਗਸਤ), ਘਰ (ਹਰਪ੍ਰੀਤ ਸੇਖਾ, ਰਾਗ, ਜਨਵਰੀ-ਅਪ੍ਰੈਲ), ਆਹੇਂ ਦਾ ਬਾਲਣ (ਖ਼ਾਲਿਦ ਹੁਸੈਨ, ਰਾਗ, ਜਨਵਰੀ-ਅਪ੍ਰੈਲ), ਸਮਾਰਟ ਵਰਕ (ਸੰਦੀਪ ਸਮਰਾਲਾ, ਰਾਗ, ਮਈ-ਅਗਸਤ), ਝਰੀਟਾਂ (ਦਲਜੀਤ ਸ਼ਾਹੀ, ਸਮਦਰਸ਼ੀ, ਮਾਰਚ-ਅਪ੍ਰੈਲ), ਯਾਦਾਂ ਦਾ ਵੱਗ (ਜ਼ੁਬੈਰ ਅਹਿਮਦ, ਵਾਹਗਾ, ਅਕਤੂਬਰ-ਦਸੰਬਰ) ਆਦਿ।

ਇਸ ਸਾਲ ਦੀ ਪੰਜਾਬੀ ਕਹਾਣੀ ਦਾ ਲੇਖਾ-ਜੋਖਾ ਕਰਦਿਆਂ ਜੋ ਕੁਝ ਪ੍ਰਮੁੱਖ ਤੱਥ ਮੇਰੇ ਸਾਹਮਣੇ ਆਏ ਹਨ, ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:

ਤੀਜੇ ਪੜਾਅ ਦੇ ਬਹੁਤ ਸਾਰੇ ਕਹਾਣੀਕਾਰ, ਜਿਵੇਂ ਪਿਆਰਾ ਸਿੰਘ ਭੋਗਲ, ਗੁਰਬਚਨ ਭੁੱਲਰ, ਜਸਬੀਰ ਭੁੱਲਰ, ਖ਼ਾਲਿਦ ਹੁਸੈਨ ਆਦਿ ਇਸ ਵਰ੍ਹੇ ਵੀ ਪੂਰੀ ਤਰ੍ਹਾਂ ਸਰਗਰਮ ਰਹੇ। ਕੁਝ ਦੇ ਤਾਂ ਗੁਣਨਾਤਮਕ ਮਹੱਤਤਾ ਵਾਲੇ ਕਹਾਣੀ-ਸੰਗ੍ਰਹਿ ਵੀ ਇਸ ਵਰ੍ਹੇ ਪ੍ਰਕਾਸ਼ਿਤ ਹੋਏ, ਜਿਵੇਂ ਆਮ ਖਾਸ (ਗੁਰਦੇਵ ਸਿੰਘ ਰੁਪਾਣਾ), ਦਿਨ ਢਲੇ (ਮੁਖ਼ਤਾਰ ਗਿੱਲ), ਸ਼ਰੇਆਮ (ਕਿਰਪਾਲ ਕਜ਼ਾਕ), ਅੰਧੇ ਕਾ ਨਾਓ ਪਾਰਖੂ (ਹਮਦਰਦਵੀਰ ਨੌਸ਼ਹਿਰਵੀ), ... ਤੇ ਜੀਨੀ ਜਿੱਤ ਗਈ (ਸ਼ਰਨਜੀਤ ਕੌਰ), ਕੱਚਾ ਮਾਸ (ਮੋਹਨ ਲਾਲ ਫਿਲੌਰੀਆ), ਚੜ੍ਹਦੇ ਸੂਰਜ ਦੀ ਲਾਲੀ (ਮੁਖ਼ਤਿਆਰ ਸਿੰਘ) ਆਦਿ ਵਰਨਣਯੋਗ ਹਨ।

ਚੌਥੇ ਪੜਾਅ ਦੇ ਕੁਝ ਕਹਾਣੀਕਾਰਾਂ ਦੇ ਕਹਾਣੀ-ਸੰਗ੍ਰਹਿ ਇਸ ਵਰ੍ਹੇ ਦੀ ਵਿਸ਼ੇਸ਼ ਪ੍ਰਾਪਤੀ ਬਣਦੇ ਹਨ, ਜਿਵੇਂ ਜਿਉਣਾ ਸੱਚ ਬਾਕੀ ਝੂਠ (ਜਤਿੰਦਰ ਸਿੰਘ ਹਾਂਸ), ਰੰਗ ਦੀ ਬਾਜ਼ੀ (ਅਜਮੇਰ ਸਿੱਧੂ), ਘੋਰਕੰਡੇ (ਸਿਮਰਨ ਧਾਲੀਵਾਲ), ਅਰਥ ਬਦਲਦੇ ਰਿਸ਼ਤੇ (ਹਰਜਿੰਦਰ ਸੂਰੇਵਾਲੀਆ), ਮਿਹਣਾ (ਗੁਰਸੇਵਕ ਸਿੰਘ ਪ੍ਰੀਤ), ਠਰੀ ਅੱਗ ਦਾ ਸੇਕ (ਜਸਪਾਲ ਮਾਨਖੇੜਾ), ਗਿਆਰਾਂ ਰੰਗ (ਸੁਕੀਰਤ) ਆਦਿ।

ਕੁਝ ਕਹਾਣੀਕਾਰਾਂ ਨੇ ਆਪਣੇ ਪਲੇਠੇ ਕਹਾਣੀ-ਸੰਗ੍ਰਹਿ ਨਾਲ ਹੀ ਪਾਠਕਾਂ ਵਿੱਚ ਆਪਣੀ ਭਰਵੀਂ ਪਛਾਣ ਬਣਾ ਲਈ, ਜਿਵੇਂ ਚੁੱਪ ਮਹਾਂਭਾਰਤ (ਪਰਮਜੀਤ ਢੀਂਗਰਾ), ਝਰੀਟਾਂ (ਦਲਜੀਤ ਸਿੰਘ ਸ਼ਾਹੀ), ਸ਼ਾਹ ਰਗ ਤੋਂ ਵੀ ਨੇੜੇ (ਪਵਿੱਤਰ ਕੌਰ ਮਾਟੀ), ਲਕੀਰਾਂ ਵਿੱਚ ਘਿਰੇ ਹੋਏ (ਗੁਰਮੀਤ ਆਰਿਫ਼), ਮਿਰਗ ਤ੍ਰਿਸ਼ਨਾ (ਸਰਨਜੀਤ ਕੌਰ ਅਨਹਦ) ਆਦਿ।

ਪਰਵਾਸੀ ਪੰਜਾਬੀ ਕਹਾਣੀ ਵਿੱਚ ਇਸ ਵਾਰ ਵੀ ਕੁਝ ਵਿਸ਼ੇਸ਼ ਮਹੱਤਵ ਵਾਲੇ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ ਜਿਵੇਂ, ਪੌੜੀ (ਸੰਤੋਖ ਧਾਲੀਵਾਲ, ਇੰਗਲੈਂਡ), ਮੁਰਗ਼ਾਬੀਆਂ (ਗੁਰਮੀਤ ਪਨਾਗ, ਕਨੇਡਾ), ਕਨੇਡੀਅਨ ਕੂੰਜਾਂ (ਗੁਰਚਰਨ ਥਿੰਦ, ਕਨੇਡਾ), ਦੁੱਖਾਂ ਦੇ ਗੋਹੜੇ (ਸੁਰਿੰਦਰ ਕੌਰ ਪੱਖੋਕੇ, ਅਮਰੀਕਾ), ਨਵੇਂ ਜ਼ਖ਼ਮ (ਨਿਰਮਲ ਸਿੰਘ ਲਾਲੀ, ਅਮਰੀਕਾ) ਆਦਿ।

ਪਾਕਿਸਤਾਨ ਵਿੱਚ ਪੰਜਾਬੀਆਂ ਦੀ ਗਿਣਤੀ ਦੇ ਅਨੁਪਾਤ ਵਿੱਚ ਕਹਾਣੀ-ਸਿਰਜਣਾ ਦਾ ਕੰਮ ਕੁਝ ਮੱਧਮ ਜਾਪਦਾ ਹੈ ਪਰ ਫਿਰ ਵੀ ਸਥਿਤੀ ਮੂਲੋਂ ਨਿਰਾਸ਼ਾ ਵਾਲੀ ਨਹੀਂ। ਆਪਣੇ ਦੋਸਤ ਅਤੇ ਪ੍ਰਸਿੱਧ ਪਾਕਿਸਤਾਨੀ ਕਹਾਣੀਕਾਰ, ਕਹਾਣੀ-ਆਲੋਚਕ ਕਰਾਮਤ ਅਲੀ ਮੁਗਲ ਰਾਹੀਂ ਪ੍ਰਾਪਤ ਵੇਰਵਿਆਂ ਅਨੁਸਾਰ ਇਸ ਵਾਰ ਵੀ ਕੁਝ ਅਹਿਮ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ, ਜਿਵੇਂ, ਤੂੰ ਘਰ ਚਲਾ ਜਾ (ਮਕਸੂਦ ਸਾਕਿਬ), ਜਿਵੇਂ ਕੋਈ ਸਮਝੇ (ਅਲੀ ਅਨਵਰ ਅਹਿਮਦ), ਹਿਜ਼ਰ ਤੇਰਾ ਜੋ ਪਾਣੀ ਮੰਗੇ (ਜ਼ਾਹਿਦ ਹਸਨ), ਹਰ ਗੁੱਛਾ ਜ਼ਖ਼ਮਾਇਆ (ਨੀਲਮ ਅਹਿਮਦ ਬਸ਼ੀਰ), ਹੂਕਾਂ (ਮਖ਼ਦੂਮ ਸੁਲਤਾਨ ਟੀਪੂ), ਸ਼ਹਿਰ ਦੀ ਕੁੜੀ (ਉਮਰ ਫ਼ਾਰੂਕ) ਆਦਿ।

ਲਿੱਪੀਅੰਤਰਕਾਰ ਡਾ. ਹਰਬੰਸ ਧੀਮਾਨ ਦੇ ਉੱਦਮ ਸਦਕਾ ‘ਤੂੰ ਘਰ ਚਲਾ ਜਾ’ ਕਹਾਣੀ-ਸੰਗ੍ਰਹਿ ਤਾਂ ਗੁਰਮੁਖੀ ਲਿੱਪੀ ਵਿੱਚ ਵੀ ਛਪ ਚੁੱਕਾ ਹੈ।

ਭਾਰਤੀ ਪੰਜਾਬ ਦੇ ਅੱਧੀ ਕੁ ਦਰਜਨ ਰਿਸਾਲਿਆਂ ਨੇ ਇਸ ਵਰ੍ਹੇ ਵੀ ਪੰਜਾਬੀ ਕਹਾਣੀ ਦੇ ਵਿਕਾਸ ਲਈ ਬਹੁਤ ਉਚੇਚਾ ਯਤਨ ਕੀਤਾ, ਜਿਵੇਂ ਸ਼ਬਦ, ਰਾਗ, ਕਹਾਣੀ ਧਾਰਾ, ਪ੍ਰਵਚਨ, ਸਿਰਜਣਾ, ਹੁਣ ਆਦਿ ਦੇ ਯਤਨ ਵੇਖੇ ਜਾ ਸਕਦੇ ਹਨ। ਸ਼ਬਦ ਦਾ ਜਨਵਰੀ-ਜੂਨ ਅੰਕ, ਕਹਾਣੀ ਧਾਰਾ ਦਾ ਅਪ੍ਰੈਲ-ਸਤੰਬਰ ਅੰਕ, ਅਤੇ ਪ੍ਰਵਚਨ ਦਾ ਅਕਤੂਬਰ-ਦਸੰਬਰ ਅੰਕ, ਕਹਾਣੀ ਵਿਸ਼ੇਸ਼ ਅੰਕ ਹੋਣ ਕਰਕੇ ਇਤਿਹਾਸਕ ਮਹੱਤਤਾ ਦੇ ਧਾਰਨੀ ਬਣੇ।

ਪੰਜਾਬੀ ਕਹਾਣੀ ਉਂਜ ਤਾਂ ਅੰਤਰਰਾਸ਼ਟਰੀ ਹੋਂਦ ਵਾਲੀ ਹੈ ਪਰ ਇਸ ਦੇ ਬਹੁਤ ਸਾਰੇ ਸ੍ਰੋਤ ਦਿਨੋ-ਦਿਨ ਸੁੱਕ ਰਹੇ ਹਨ। ਪਰਵਾਸੀ ਪੰਜਾਬੀ ਕਹਾਣੀ ਦਾ ਕੇਂਦਰ ਹੁਣ ਕਨੇਡਾ ਹੈ। ਇੰਗਲੈਂਡ ਅਤੇ ਅਮਰੀਕਾ ਦੇ ਸ੍ਰੋਤ ਬਹੁਤ ਮੱਧਮ ਪੈ ਗਏ ਹਨ। ਇਸੇ ਤਰ੍ਹਾਂ ਭਾਰਤ ਵਿੱਚ ਪੰਜਾਬ ਤੋਂ ਬਾਹਰ ਵਧੇਰੇ ਖੇਤਰ੍ਹਾਂ ਵਿੱਚ ਪੰਜਾਬੀ ਕਹਾਣੀ ਦੇ ਸ੍ਰੋਤ ਸੁੱਕ ਗਏ ਹਨ ਪਰ ਜੰਮੂ-ਕਸ਼ਮੀਰ ਵਿੱਚ ਖ਼ਾਲਿਦ ਹੁਸੈਨ, ਸੁਰਿੰਦਰ ਨੀਰ, ਬਲਜੀਤ ਰੈਣਾ ਜਿਹੇ ਕਹਾਣੀਕਾਰਾਂ ਦੀਆਂ ਸਰਗਰਮੀਆਂ ਕਰਕੇ ਪੰਜਾਬੀ ਕਹਾਣੀ ਦੀ ਸਥਿਤੀ ਕੁਝ ਤਸੱਲੀਬਖਸ਼ ਹੈ।

ਰਾਜਸਥਾਨੀ ਵਿੱਚ ਲਿਖਣ ਵਾਲੇ ਲੇਖਕ ਰੂਪ ਸਿੰਘ ਰਾਜਪੁਰੀ ਦਾ ਮੌਲਿਕ ਕਹਾਣੀ-ਸੰਗ੍ਰਹਿ ‘ਚਾਂਚੂਆ’ ਗੁਰਮੁਖੀ ਵਿੱਚ ਇਸ ਵਰ੍ਹੇ ਛਪਿਆ ਹੈ। ਅਜਿਹੀ ਨਵੀਂ ਆਮਦ ਤਸੱਲੀ ਦੇਣ ਵਾਲੀ ਹੈ।

ਸੋਸ਼ਲ ਮੀਡੀਆ ਦਾ ਪੰਜਾਬੀ ਕਹਾਣੀ ਦੇ ਪ੍ਰਕਾਸ਼ਨ ਅਤੇ ਰੀਵਿਊ ਕਰਨ ਵਿੱਚ ਯੋਗਦਾਨ ਦਿਨੋ-ਦਿਨ ਵਧ ਰਿਹਾ ਹੈ। ਇਸ ਵਰ੍ਹੇ ਸੁਖਪਾਲ ਥਿੰਦ ਦੀ ਕਹਾਣੀ ‘ਫੁੱਲਾਂ ਦੀ ਫਸਲ’ ਬਾਰੇ ਛਿੜੀ ਚਰਚਾ ਤਾਂ ਹੈਰਾਨ ਕਰਨ ਵਾਲੀ ਰਹੀ।

ਇਸ ਵਰ੍ਹੇ ਕੁਝ ਨਾਮਵਰ ਪੰਜਾਬੀ ਕਹਾਣੀਕਾਰ - ਗੁਰਪਾਲ ਲਿੱਟ, ਅਵਤਾਰ ਸਾਦਿਕ, ਪ੍ਰੀਤਮ ਸਿੱਧੂ, ਕਰਤਾਰ ਸਿੰਘ ਸੂਰੀ, ਜਸਦੇਵ ਸਿੰਘ ਧਾਲੀਵਾਲ, ਅਮਰਜੀਤ ਸਿੰਘ - ਸਾਨੂੰ ਸਦਾ ਲਈ ਅਲਵਿਦਾ ਕਹਿ ਗਏ।

ਇਸ ਵਰ੍ਹੇ ਕੁਝ ਉਨ੍ਹਾਂ ਕਹਾਣੀਕਾਰਾਂ ਦੇ ਸੰਗ੍ਰਹਿ ਵੀ ਛਪੇ ਹਨ ਜਿਹੜੇ ਮੁੱਖ ਧਾਰਾ ਤੋਂ ਜ਼ਰਾ ਪਰੇ ਰਹਿੰਦਿਆਂ ਵੀ ਆਪਣਾ ਯੋਗਦਾਨ ਨਿਰੰਤਰ ਪਾਉਂਦੇ ਰਹਿੰਦੇ ਹਨ, ਜਿਵੇਂ ਫੁਰ-ਰ-ਰ (ਸੁਰਿੰਦਰ ਪਾਲ ਸਿੰਘ ਪਿੰਗਲੀਆ), ਕਾਲੀ ਮਿੱਟੀ ਲਾਲ ਲਹੂ (ਤੇਜਿੰਦਰ ਸਿੰਘ ਫਰਵਾਹੀ), ਸੰਤਾਲੀ ਦੂਣੀਂ ਚੁਰਾਸੀ (ਬਾਜਵਾ ਸੁਖਵਿੰਦਰ), ਸਾਜਨ ਕੀ ਬੇਟੀਆਂ (ਜਸਬੀਰ ਮਾਨ), ਇਰਾਦਾ (ਗੁਰਦੇਵ ਸਿੰਘ ਗਿੱਲ), ਸੁਹਾਗਣ ਵਿਧਵਾ (ਸੰਤੋਖ ਸਿੰਘ ਹੇਅਰ), ਹਿੰਮਤ (ਸਰਵਨ ਸਿੰਘ ਪਤੰਗ, ਮਿੰਨੀ ਕਹਾਣੀ), ਕੋਈ ਨਾਓ ਨਾ ਜਾਣੇ ਮੇਰਾ (ਕਰਮਵੀਰ ਸੂਰੀ, ਮਿੰਨੀ ਕਹਾਣੀ), ਸੂਰਜ ਦਾ ਪਰਛਾਵਾਂ (ਸੁਰਿੰਦਰ ਕੈਲੇ, ਮਿੰਨੀ ਕਹਾਣੀ), ਕੋਕੂਨ ਵਿੱਚਲਾ ਮਨੁੱਖ, ਸੁਪਨਿਆਂ ਦਾ ਸੌਦਾਗਰ (ਹਰਭਜਨ ਖੇਮਕਰਨੀ), ਹੌਲਾ ਫੁੱਲ (ਸੁਰਿੰਦਰ ਸੋਹੀ), ਲਹੂ ਰੰਗੀ ਮਹਿੰਦੀ (ਸੁਰਿੰਦਰ ਸੈਣੀ), ਜਾਗਦੀਆਂ ਰਾਤਾਂ ਦਾ ਦਰਦ (ਚੇਤਨ ਸਿੰਘ ਛਾਹੜ), ਪਿੱਪਲ ਪੱਤੀਆਂ (ਬੇਅੰਤ ਸਿੰਘ), ਪਸੀਨੇ ਵਿੱਚ ਧੋਤੀ ਜ਼ਿੰਦਗੀ (ਮਹਿੰਦਰ ਸਿੰਘ ਦੋਸਾਂਝ), ਛੱਜੂ ਦਾ ਟਾਂਗਾ (ਤਰਸੇਮ ਸਿੰਘ ਭੰਗੂ), ਉਮਰੋਂ ਲੰਮੀ ਉਡੀਕ (ਨਿਸ਼ਾਨ ਸਿੰਘ ਰਾਠੌਰ), ਰੌਣਕੀ ਪਿੱਪਲ (ਕੁਲਵਿੰਦਰ ਕੌਰ ਮਹਿਕ), ਬੁਝਦੇ ਦੀਵੇ ਦੀ ਲੋਅ (ਵਰਿੰਦਰ ਕੌਰ ਰੰਧਾਵਾ), ਯਾਦਵਿੰਦਰ ਸਿੰਘ (ਬਦਲਦੇ ਰਿਸ਼ਤੇ), ਧਰਤੀ ਗਾਥਾ (ਸੁਖਵੰਤ ਸਿੰਘ), ਤਿੜਕਦੇ ਅਹਿਸਾਸ (ਰਜਿੰਦਰ ਸਿੰਘ ਢੱਡਾ), ਜੇਹਾ ਬੀਜੇ ਤੇਹਾ ਲੂਣੇ (ਬਲਵਿੰਦਰ ਭੁੱਲਰ), ਹਤਿਆਰੇ (ਸਾਗਰ ਸਿੰਘ ਤੂਰ), ਵਰਦੀ ਦਾ ਮੁੱਲ (ਜਸਵਿੰਦਰ ਸਿੰਘ ਮਾਣੋਚਾਹਲ) ਆਦਿ।

ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਵਰ੍ਹੇ ਦੀ ਪੰਜਾਬੀ ਕਹਾਣੀ ਨੇ ਗਿਣਤੀ ਅਤੇ ਗੁਣਾਂ ਦੇ ਪੱਖੋਂ ਇੱਕ ਵਾਰ ਫੇਰ ਆਪਣੀ ਨਿੱਗਰ ਹੋਂਦ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਦੇ ਪਾਠਕ ਭਾਵੇਂ ਦਿਨੋ-ਦਿਨ ਘਟਦੇ ਜਾ ਰਹੇ ਹਨ ਪਰ ਕਹਾਣੀ-ਸਿਰਜਣਾ ਅਤੇ ਕਹਾਣੀ ਨਾਲ ਸਬੰਧਿਤ ਸਰਗਰਮੀਆਂ ਵਿੱਚ ਇਸ ਸਾਲ ਵੀ ਭਰਪੂਰਤਾ ਵੇਖਣ ਨੂੰ ਮਿਲਦੀ ਰਹੀ। ***

ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Post a Comment

0 Comments