Home » , , , , , » ਲੇਖ । ਹਾਸੇ ਵਿਚ ਹੀ ਹੈ ਅਸਲ ਜ਼ਿੰਦਗੀ । ਬਲਵਿੰਦਰ ਅਜ਼ਾਦ

ਲੇਖ । ਹਾਸੇ ਵਿਚ ਹੀ ਹੈ ਅਸਲ ਜ਼ਿੰਦਗੀ । ਬਲਵਿੰਦਰ ਅਜ਼ਾਦ

Written By Editor on Wednesday, December 10, 2014 | 18:42


ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਤਣਾਅ ਨੇ ਇਨਸਾਨੀ ਚਿਹਰਿਆਂ ਤੋਂ ਹਾਸੇ ਨੂੰ ਇਸ ਤਰ੍ਹਾਂ ਛੂਹ ਮੰਤਰ ਕਰ ਦਿੱਤਾ ਹੈ, ਜਿਵੇਂ ਕਿ ਗਧੇ ਦੇ ਸਿਰ ਤੋਂ ਸਿੰਗ। ਮਨੁੱਖੀ ਜੀਵਨ ਵਿਚ ਖੁਸ਼ੀਆਂ ਖੇੜੇ, ਹਾਸੇ ਠੱਠੇ ਜੀਵਨ ਦਾ ਵਡਮੁੱਲਾ ਅੰਗ ਹਨ। ਕਿਉਂ ਕਿ ਜਿਵੇਂ ਤੰਦਰੁਸਤ ਮਨੁੱਖੀ ਸਰੀਰ ਲਈ ਪੌਸ਼ਟਿਕ ਭੋਜਨ ਬਹੁਤ ਜ਼ਰੂਰੀ ਹੈ, ਉਸੇ ਹੀ ਤਰ੍ਹਾਂ ਨਾਲ ਤਣਾਅ ਮੁਕਤ ਰਹਿਣ ਲਈ ਹੱਸਣਾ ਵੀ ਬਹੁਤ ਜ਼ਰੂਰੀ ਹੈ। ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਹੱਸਦਾ ਚਿਹਰਾ ਇਕ ਤੰਦਰੁਸਤ ਵਿਅਕਤੀ ਦੀ ਨਿਸ਼ਾਨੀ ਹੈ। ਸੰਸਾਰ ਵਿਚ ਰਹਿੰਦਿਆਂ ਇਨਸਾਨੀ ਜੀਵਨ ਵਿਚ ਅਨੇਕਾਂ ਵਾਰ ਮੁਸੀਬਤਾਂ ਅਤੇ ਕਸ਼ਟ ਖੜੇ ਹੋ ਜਾਂਦੇ ਹਨ, ਜਿਸ ਤੋਂ ਬਾਅਦ ਕੁੱਝ ਵਿਅਕਤੀ ਨਿਰਾਸ਼ਾਵਾਦੀ ਹੋ ਕੇ ਤਣਾਅ ਅਧੀਨ ਰਹਿ ਕੇ ਆਪਣਾ ਜੀਵਨ ਨਸ਼ਟ ਕਰ ਲੈਂਦੇ ਹਨ, ਪਰ ਕੁੱਝ ਵਿਅਕਤੀ ਆਸ਼ਵਾਦੀ ਰਹਿ ਕੇ ਆਪਣੀ ਰਚਨਾਤਮਿਕ ਸੋਚ ਨਾਲ ਮੁਸਕਰਾਉਂਦੇ ਹੋਏ ਆਨੰਦ ਭਰਪੂਰ ਜੀਵਨ ਬਤੀਤ ਕਰਦੇ ਹਨ। ਸਾਡੇ ਵਿਗਿਆਨੀ ਅਤੇ ਯੋਗ ਗੁਰੂ ਕਹਿੰਦੇ ਹਨ, ਕਿ ਦਿਨ ਵਿਚ ਖੁੱਲ੍ਹ ਕੇ ਹੱਸੋ ਕਿਉਂਕਿ ਹੱਸਣ ਨਾਲ-ਨਾਲ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਹੁੰਦਾ ਹੈ। ਬੀਤੇ ਕੁੱਝ ਸਾਲਾਂ ਤੋ ਹਿੰਦੀ ਅਤੇ ਪੰਜਾਬੀ ਕਾਮੇਡੀ ਫ਼ਿਲਮਾਂ ਦੇ ਮਾਧਿਆਮ ਰਾਹੀਂ ਦੇਸ਼- ਵਿਦੇਸ਼ਾਂ ਵਿਚ ਵੱਸਦੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ ਅਤੇ ਹੁਣ ਵੀ ਜਾਰੀ ਹੈ। 

laughter is a real life life style happy living
ਹਾਸੇ ਵਿਚ ਹੀ ਹੈ ਅਸਲ ਜ਼ਿੰਦਗੀ
ਇਹਨਾਂ ਕਾਮੇਡੀ ਫ਼ਿਲਮਾਂ ਨੂੰ ਲੋਕਾਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਵੱਖ-ਵੱਖ ਟੀ.ਵੀ. ਚੈਨਲਾਂ ਵੱਲੋਂ ਵੱਖ-ਵੱਖ ਬੈਨਰਾਂ ਹੇਠ ਹਾਸਰਸ ਪ੍ਰੋਗਰਾਮਾਂ ਦਾ ਪ੍ਰਸਾਰ ਕਰਕੇ ਪੂਰੀ ਖਲਕਤ ਦੇ ਚਿਹਰੇ ਉਪਰ ਬਹੁਮੁੱਲੀ ਮੁਸਕਰਾਹਟ ਦਾ ਸ਼ਿੰਗਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਯੋਗ ਗੁਰੂਆਂ ਵੱਲੋਂ ਵੀ ਆਪਣੀ ਯੋਗ ਵਿਧੀ ਨੂੰ ਹਾਸੇ ਨਾਲ ਜੋੜ ਕੇ ਕਰਵਾਈਆਂ ਜਾ ਰਹੀਆਂ ਯੋਗ ਕਰਿਆਵਾਂ ਨਾਲ ਮਨੁੱਖ ਨੂੰ ਉਦਾਸੀ, ਟੈਨਸ਼ਨ (ਤਣਾਅ) ਤੋਂ ਮੁਕਤ ਕਰਕੇ ਨਿਰੋਗ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਕਿਉਂਕਿ ਹੱਸਣ ਨਾਲ ਮਨੁੱਖੀ ਸਰੀਰਕ ਢਾਂਚੇ ਦੇ ਅੰਦਰੂਨੀ ਅੰਗਾਂ ਦੀ ਵਰਜਿਸ਼ ਹੁੰਦੀ ਹੈ। 


ਮਨੁੱਖੀ ਜੀਵਨ ਵਿਚ ਫੁੱਲਾਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ, ਕਿਉਂਕਿ ਫੁੱਲਾਂ ਦੀ ਖੁਸ਼ੀ ਆਨੰਦ, ਪਿਆਰ, ਕੋਮਲਤਾ, ਸ਼ਾਂਤੀ, ਸਨੇਹ, ਪਵਿੱਤਰਤਾ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਅਸੀ ਕਿਸੇ ਬਾਗ਼-ਬਗ਼ੀਚੇ ਵਿਚ ਖਿੜੇ ਹੋਏ ਫੁੱਲਾਂ ਵੱਲ ਦੇਖਦੇ ਹਾਂ ਤਾਂ ਸਾਡੇ ਵਿਚਾਰਾਂ ਅਤੇ ਸਾਡੇ ਚਿਹਰੇ ਉਪਰ ਇਕ ਦਮ ਤਬਦੀਲੀ ਆ ਜਾਂਦੀ ਹੈ। ਉਦਾਸ ਮਨੁੱਖ ਦੀ ਨਿਰਾਸ਼ਾਵਾਦੀ ਸੋਚ ਆਸ਼ਾਵਾਦੀ ਹੋ ਜਾਂਦੀ ਹੈ। ਇਹ ਇਸ ਲਈ ਨਹੀਂ ਕਿ ਫੁੱਲ ਕੇਵਲ ਸਾਨੂੰ ਸੁਗੰਧੀ ਜਾਂ ਖੁਸ਼ਬੋ ਦਿੰਦੇ ਹਨ। ਫੁੱਲਾਂ ਨੂੰ ਇਸ ਲਈ ਮਾਨਤਾ ਦਿੱਤੀ ਜਾਂਦੀ ਹੈ ਕਿ ਫੁੱਲ ਇਨਸਾਨੀ ਜ਼ਿੰਦਗੀ ਦਾ ਮਾਰਗ ਦਰਸ਼ਨ ਕਰਦੇ ਹਨ। ਜਿਵੇਂ ਚਿੱਕੜ ਵਿਚ ਰਹਿਣ ਵਾਲਾ ਕਮਲ ਦਾ ਫੁੱਲ ਗੰਦਗੀ ਦੇ ਨਰਕ ਵਿਚ ਰਹਿ ਕੇ ਆਪਣੀ ਕਾਇਆ ਨੂੰ ਸਾਫ਼ ਰੱਖ ਕੇ ਹਰ ਇਕ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ। ਇਸੇ ਤਰ੍ਹਾਂ ਥੋਹਰ (ਕੈਕਟਸ) ਦਾ ਫੁੱਲ ਕੰਡਿਆਂ ਵਿਚ ਪੈਦਾ ਹੋ ਕੇ ਬਿਨ੍ਹਾਂ ਪਾਣੀ ਅਤੇ ਸਾਂਭ-ਸੰਭਾਲ ਦੇ ਆਪਣੀ ਖੂਬਸੂਰਤੀ ਦੇ ਚਲਦਿਆਂ ਹਰ ਬੁਝੇ ਹੋਏ ਇਨਸਾਨ ਲਈ ਰੌਸ਼ਨੀ ਪੈਦਾ ਕਰਕੇ ਜੀਵਨ ਜਿਉਣ ਦਾ ਸੰਦੇਸ਼ ਦਿੰਦਾ ਹੈ। ਅਸੀਂ ਆਮ ਹੀ ਖਿੜੇ ਮਿੱਥੇ ਮਿਲਣ ਅਤੇ ਰਹਿਣ ਵਾਲੇ ਮਨੁੱਖ ਦੀ ਤਾਰੀਫ਼ ਕਰਦੇ, ਕਹਿੰਦੇ ਅਤੇ ਸੁਣਦੇ ਹਾਂ ਕਿ ਫਲਾਣਾ ਬੰਦਾ ਤਾਂ ਯਾਰ ਹਰ ਸਮੇਂ ਫੁੱਲ ਵਾਂਗ ਖਿੜਿਆ ਰਹਿੰਦਾ ਹੈ ਜਾਂ ਫਿਰ ਜਦੋਂ ਕੋਈ ਦੂਸਰਾ ਬੰਦਾ ਦੂਸਰੇ ਬੰਦੇ ਨੂੰ ਹੱਸ ਕੇ ਮਿਲਦਾ ਹੈ ਤਾਂ ਅੱਗੋਂ ਮਿਲਣ ਵਾਲਾ ਉਸ ਦੀ ਸਿਫ਼ਤ ਵਿਚ ਕਹਿੰਦਾ ਹੈ ਅੱਜ ਬੜਾ ਫੁੱਲ ਵਾਂਗ ਖਿੜਿਆ ਫਿਰਦਾਂ। ਇਹ ਸਭ ਅਲਫ਼ਾਜ਼ ਅਸੀਂ ਇਸ ਲਈ ਵਰਤੋਂ ਵਿਚ ਲਿਆਉਂਦੇ ਹਾਂ ਕਿਉਂਕਿ ਹੱਸ ਕੇ ਮਿਲਣ ਵਾਲੇ ਸੰਬੰਧਿਤ ਵਿਅਕਤੀ ਦੇ ਚਿਹਰੇ ਉਪਰੋਂ ਝੱਲਦਾ ਨੂਰ, ਮੰਨ ਨੂੰ ਮੋਹ ਲੈਣ ਵਾਲੀ ਹਾਸੀ ਸਾਨੂੰ ਆਪ ਮੁਹਾਰੇ ਇਹ ਉਪਰੋਕਤ ਸ਼ਬਦ ਸਾਡੇ ਮੁੱਖ ’ਚੋਂ ਕੱਢਣ ਲਈ ਮਜ਼ਬੂਰ ਕਰ ਦਿੰਦੇ ਹਨ। ਪ੍ਰਸਿੱਧ ਲੋਕ ਗਾਇਕ ਗੁਰਦਾਸ ਮਾਨ ਸਾਹਿਬ ਨੇ ਆਪਣੇ ਇਕ ਗੀਤ ਵਿਚ ‘ਥੋੜ੍ਹਾ-ਥੋੜ੍ਹਾਂ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ’ ਰਾਹੀਂ ਜੀਵਨ ਵਿਚ ਹਾਸੇ ਨੂੰ ਸ਼ਾਮਿਲ ਕਰਨ ਦੀ ਗੱਲ ਕਹੀ ਹੈ, ਉਸੇ ਤਰ੍ਹਾਂ ਹੋਰ ਵੀ ਅਨੇਕਾਂ ਹਿੰਦੀ, ਪੰਜਾਬੀ, ਉਰਦੂ ਕਲਮ ਨਵੀਸਾਂ, ਗਾਇਕਾਂ ਤੇ ਸ਼ਾਇਰਾਂ ਨੇ ਵੀ ਆਪੋ-ਆਪਣੇ ਢੰਗ ਤਰੀਕੇ ਨਾਲ ਹਾਸੇ ਨੂੰ ਵੱਡਮੁੱਲਾ ਖਜ਼ਾਨਾ ਮੰਨਿਆ ਹੈ ਅਤੇ ਦੱਸਿਆ ਏ। ਆਮ ਕਹਾਵਤ ਹੈ ਕਿ ‘ਕਿਸੇ ਨੂੰ ਰਵਾਉਣਾ ਤਾਂ ਸੌਖਾ ਹੈ, ਪਰ ਹਸਾਉਣਾ ਬਹੁਤ ਔਖਾ। ਤਾਂ ਹੀ ਤਾਂ ਕਹਿੰਦੇ ਹਨ ਕਿ ਹੱਸਦਿਆਂ ਦੇ ਘਰ ਵੱਸਦੇ’ ਇਸ ਲਈ ਹਮੇਸ਼ਾ ਇਹ ਕੋਸ਼ਿਸਾਂ ਵਿਚ ਰਹੋ ਕਿ ਕਿਵੇਂ ਖੁਸ਼ੀ ਹਾਸ਼ਿਲ ਕੀਤੀ ਜਾਵੇ ਤੇ ਕਿਵੇਂ ਇਸ ਨੂੰ ਅੱਗੇ ਵੰਡਿਆ ਜਾਵੇ। ਅਜਿਹਾ ਕਰਨ ਨਾਲ ਜਿੱਥੇ ਸੰਸਾਰ ਵਿਚ ਤੁਹਾਡਾ ਜਿਉਂਦੇ ਜੀ ਸਤਿਕਾਰ ਹੋਵੇਗਾ ਉਥੇ ਹੀ ਜੀਵਨ ਯਾਤਰਾ ਪੂਰਨ ਹੋਣ ਉਪਰੰਤ (ਭਾਵ ਸੰਸਾਰ ਤੋਂ ਚਲੇ ਜਾਣ ਉਪਰੰਤ) ਵੀ ਤੁਹਾਡੀ ਚੰਗਿਆਈ ਅਤੇ ਚੰਗਾ ਸੁਨੇਹਾ ਦੇਣ ਵਾਲੀ ਆਦਤ ਨੂੰ ਯਾਦ ਕਰਕੇ ਤੁਹਾਡੇ ਮਿੱਤਰ ਸਨੇਹੀ ਤੁਹਾਡੇ ਚੰਗੇ ਹੋਣ ਦੀ ਗਵਾਹੀ ਭਰਨਗੇ। ਇਸ ਗੱਲ ਤੋਂ ਸ਼ਾਇਦ ਕੋਈ ਇਨਕਾਰੀ ਨਹੀਂ ਹੋਵੇਗਾ ਕਿ ਹਾਸੇ ਵੰਡਣ ਵਾਲੇ ਹਰ ਨੇਤਾ, ਅਭੀਨੇਤਾ, ਸ਼ਾਇਰ ਤੇ ਵਿਅਕਤੀ ਵਿਸ਼ੇਸ ਨੂੰ ਲੋਕ ਸਿਰ ਅੱਖਾਂ 'ਤੇ ਬਿਠਾਉਂਦੇ ਰਹੇ ਹਨ ਤੇ ਬਿਠਾਉਂਦੇ ਰਹਿਣਗੇ। ਜਿਸ ਤਰ੍ਹਾਂ ਭੋਜਨ ਸਰੀਰ ਦੀ ਖ਼ੁਰਾਕ ਮੰਨਿਆ ਜਾਂਦਾ ਹੈ ਉਸੇ ਤਰ੍ਹਾਂ ਨਾਲ ਹਾਸੇ ਨੂੰ ਰੂਹ ਦੀ ਖ਼ੁਰਾਕ ਮੰਨਿਆ ਗਿਆ ਹੈ। ਅਸੀਂ ਤਕਰੀਬਨ ਸਭ ਨੇ ਕਦੇ ਨਾ ਕਦੇ ਸਰਕਸ ਤਾਂ ਜ਼ਰੂਰ ਦੇਖੀ ਹੋਵੇਗੀ। ਜੇਕਰ ਦੇਖੀ ਹੋਵੇਗੀ ਤਾਂ ਉਸ ਸਰਕਸ ਵਿਚ ਛੋਟੇ (ਬੋਣੇ) ਕੱਦ ਦੇ ਜੋਕਰ ਨੂੰ ਵੀ ਜ਼ਰੂਰ ਦੇਖਿਆ ਹੋਵੇਗਾ, ਜੋ ਸਰਕਸ ਦੌਰਾਨ ਰੁਕ-ਰੁਕ ਦੇ ਆਪਣੀਆਂ ਊਟ-ਪਟਾਂਗ ਹਰਕਤਾਂ ਨਾਲ ਆਏ ਲੋਕਾਂ ਨੂੰ ਹਸਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦਾ। ਪਰ ਇਸ ਰੋਜ਼ ਹਾਸਾ ਵੰਡਣ ਵਾਲੇ ਜੋਕਰ ਦੇ ਖੁਦ ਦੇ ਹਾਸੇ ਵਿਚ ਕਿੰਨਾ ਦਰਦ ਛੁਪਿਆ ਹੋਇਆ ਹੈ, ਇਹ ਸਿਰਫ਼ ਉਹ ਹੀ ਜਾਣਦਾ ਹੈ, ਪਰ ਫਿਰ ਵੀ ਉਹ ਆਪਣੇ ਦਰਦ ਦੀ ਪ੍ਰਵਾਹ ਕੀਤੇ ਬਿਨਾਂ ਨਿਰਵਿਘਨ ਹਾਸਾ ਵੰਡਦਾ ਰਹਿੰਦਾ ਹੈ। ਜਿਨ੍ਹਾਂ ਮਰਹੂਮ ਰਾਜ ਕਪੂਰ ਸਾਹਿਬ ਦੀ ਫਿਲਮ ‘ਮੇਰਾ ਨਾਮ ਜੋਕਰ’ ਦੇਖੀ ਹੋਵੇਗੀ ਉਹਨਾਂ ਨੂੰ ਇਸ ਦਾ ਅਹਿਸਾਸ ਜ਼ਰੂਰ ਹੋਵੇਗਾ। ਮੈਂ ਫਿਰ ਵਿਸ਼ੇ ਨਾਲ ਜੁੜਦਾ ਹਾਂ ਅਤੇ ਮੇਰੇ ਕਹਿਣ ਦਾ ਮਤਲਬ ਏਹੀ ਹੈ ਕਿ ਹਾਸਾ ਵੰਡੋਗੇ ਤਾਂ ਆਨੰਦ ਜ਼ਰੂਰ ਮਿਲੇਗਾ, ਜਿਵੇਂ ਬੋਹੜਾਂ ਨੇ ਹਮੇਸ਼ਾ ਛਾਵਾਂ ਹੀ ਵੰਡੀਆਂ ਹਨ ਅਤੇ ਉਸ ਦੀ ਹਵਾ ਦਾ ਆਨੰਦ ਲੈਣ ਵਾਲੇ ਬਾਰੇ ਕਦੇ ਇਹ ਨਹੀਂ ਪੁੱਛਿਆ ਕਿ ਉਹ ਕੌਣ ਹੈ? ਕਿਸ ਜਾਤੀ, ਧਰਮ, ਖਿਆਲ ਜਾਂ ਕਿਸ ਦੇਸ਼ ਜਾਂ ਸੂਬੇ ਦਾ ਹੈ। ਉਹ ਹਮੇਸ਼ਾ ਆਪਣੇ ਕੋਲ ਆਉਣ ਵਾਲੀ ਹਰ ਸ਼ਹਿ ਨੂੰ ਝੁਕ ਕੇ ਸਲਾਮ ਕਰਦਾ ਰਹਿੰਦਾ ਹੈ। ਹਰ ਤਪੇ ਹੋਏ ਨੂੰ ਹਵਾ ਦੇ ਠੰਡੇ ਝੋਕੇ ਦੇ ਕੇ ਉਹਨਾਂ ਨੂੰ ਅਨੰਦਿਤ ਮਹਿਸੂਸ ਕਰਦਾ ਰਹਿੰਦਾ ਹੈ। ਇਨਸਾਨ ਵੀ ਇਕ ਤਰ੍ਹਾਂ ਨਾਲ ਬੋਹੜ ਦੀ ਤਰ੍ਹਾਂ ਹੀ ਹੈ ਜੋ ਕਦਮ ਦਰ ਕਦਮ ਵੱਡਾ ਹੋ ਕੇ ਆਪਣੇ ਜੀਵਨ ਦਾ ਇਕੱਠਾ ਕੀਤਾ ਕੌੜਾ ਮਿੱਠਾ ਦਰਦ ਵੰਡਦਾ ਰਿਹਾ ਹੈ ਅਤੇ ਰਹੇਗਾ। ਮੈਂ ਅੰਤ ਵਿਚ ਫਿਰ ਇਹੀ ਕਹਾਂਗਾ ਕਿ ਅਸੀਂ ਇਸ ਧਰਤੀ ਉਪਰ ਉਸ ਕਿਰਾਏਦਾਰ ਦੀ ਤਰ੍ਹਾਂ ਹਾਂ ਜਿਸ ਨੂੰ ਮਾਲਕ ਦੇ ਆਦੇਸ਼ ਮਿਲਣ ਉਪਰੰਤ ਘਰ ਖ਼ਾਲੀ ਕਰਨਾ ਪੈਂਦਾ ਹੈ। ਇਸ ਲਈ ਇਸ ਧਰਤੀ ਰੂਪੀ ਘਰ ਵਿਚ ਰਹਿੰਦਿਆਂ ਜਿੰਨਾਂ ਵੀ ਸਮਾਂ ਉਸ ਈਸ਼ਵਰ, ਅੱਲ੍ਹਾ, ਵਾਹਿਗੂਰੂ, ਗੌਡ ਨੇ ਸਾਨੂੰ ਦਿੱਤਾ ਹੈ ਕਿਉਂ ਨਾ ਅਸੀਂ ਉਸਨੂੰ ਹੱਸਦੇ ਹੋਏ ਮਾਣੀਏ।

ਖੁਸ਼ ਰਹੇ, ਆਬਾਦ ਰਹੋ
ਦਿੱਲੀ ਰਹੇ, ਚਾਹੇ ਗਾਜ਼ੀਆਬਾਦ ਰਹੋ।
-ਬਲਵਿੰਦਰ ਅਜ਼ਾਦ, ਬਰਨਾਲਾ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger