Home » , , , , , , » ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-10

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-10

Written By Editor on Sunday, April 6, 2014 | 00:30

1974-75 ਮੇਰੀ ਹਯਾਤੀ ਦੇ ਅਹਿਮ ਵਰ੍ਹੇ ਬਣਦੇ ਹਨ ਕਿਉਂਕਿ ਕੁਝ ਸਦੀਵੀ ਸਿਮਰਤੀਆਂ ਇਨ੍ਹਾਂ ਵਰ੍ਹਿਆਂ ਵਿਚ ਹੀ ਜਨਮੀਆਂ ਹਨ ਜਿਨ੍ਹਾਂ ਦਾ ਸੰਬੰਧ ਅਕਾਦਮਿਕਤਾ ਨਾਲ ਵੀ ਹੈ ਅਤੇ ਸਾਹਿਤਕ-ਸਭਿਆਚਾਰਕ ਵੀ। ਪ੍ਰੋਫੈਸਰ ਸ਼ਿੰਗਾਰੀ ਨਾਲ ਤਣਾਉ-ਟਕਰਾਉ ਅਕਾਦਮਿਕ ਸੰਬੰਧ ਹੈ, ਪਹਿਲਾਂ ਸ਼ਿਵ ਬਟਾਵਲੀ ਨਾਲ ਮੁਲਾਕਾਤ ਤੇ ਉਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੀ ਪਤ੍ਰਿਕਾ 'ਨਾਗਮਣੀ' ਵਿਚ ਛੱਪਣਾ ਤੇ ਫਿਰ ਮਿਲਣਾ ਵੀ ਸਾਹਿਤਕ ਖੇਤਰ ਨਾਲ ਸੰਬੰਧਤ ਹੈ। ਸ਼ਿਵ ਬਟਾਵਲੀ ਦੀ ਚਰਚਿਤ ਰਚਨਾ 'ਲੂਣਾਂ' ਬਾਰੇ ਨਵੇਂ ਭੇਦ ਉਜਾਗਰ ਕਰਦੀ ਖੋਜ ਵੀ ਇਸਦਾ ਹਿੱਸਾ ਹੈ। ਸਭਿਆਚਾਰਕ ਖੇਤਰ ਵਿਚ ਅਹਿਮ ਗੱਲ ਇਹ ਕਿ ਮੇਰੀ ਤਿਆਰ ਕੀਤੀ ਭੰਗੜੇ ਦੀ ਟੀਮ ਦਾ ਉੱਤਰ-ਭਾਰਤ ਦੇ ਕਾਲਜਾਂ ਵਿਚੋਂ ਅੱਵਲ ਆਉਣਾ। ਐਮਰਜੈੰਸੀ ਦੇ ਸਮਿਆਂ ਵਿਚ ਪੰਜਾਬ ਲੋਕ-ਸੰਪਰਕ ਵਿਭਾਗ ਵਿਚ ਪੰਜਾਬੀ ਅਨੁਵਾਦਕ ਵਜੋਂ ਨਿਯੁਕਤ ਹੋ ਕੇ ਸੈਂਸਰਸ਼ਿਪ ਦਾ ਭੇਦ ਤੇ ਸਰਕਾਰੀ-ਪ੍ਰਚਾਰ ਦਾ ਭੇਦ ਜਾਣਨਾ, ਕਰਨਾ।  

punjabi writer avtar jauda
ਅਵਤਾਰ ਜੌੜਾ
1974 ਵਿਚ ਪੰਜਾਬ ਤੋਂ ਫਿਜੀ ਗਏ ਸਭਿਆਚਾਰਕ ਗਰੁੱਪ ਵਿਚ ਚੁਣੇ ਜਾਣਾ, ਉੱਥੇ ਜਾਣਾ ਅਤੇ ਉੱਥੋਂ ਵਾਪਿਸ ਆਉਣ 'ਤੇ ਦੂਰਦਰਸ਼ਨ ਵਿਚ ਕਵਿਤਾ-ਪਾਠ ਤੋਂ ਬਾਅਦ ਅਗਲੀ ਸੂਚਨਾ ਬੇਹੱਦ ਖ਼ੁਸ਼ ਕਰਨ ਵਾਲੀ ਸੀ ਕਿ ਕਾਲਜ ਦੀ 'ਪੰਜਾਬੀ ਸਾਹਿਤ ਸਭਾ', ਜਿਸ ਦਾ ਮੈਂ ਜਨਰਲ ਸਕੱਤਰ ਵੀ ਸੀ, ਵੱਲੋਂ ਕਾਲਜ ਵਿਚ ਸ਼ਿਵ ਬਟਾਲਵੀ ਨੂੰ ਸੱਦਣ ਦਾ ਪ੍ਰੋਗਰਾਮ ਬਣਾਇਆ ਗਿਆ ਤੇ ਦਿਨ ਨਿਸ਼ਚਿਤ ਹੋ ਗਿਆ। ਬੜ੍ਹੀ ਬੇਸਬਰੀ ਨਾਲ ਉਡੀਕ ਹੋਣ ਲੱਗੀ। ਕਾਲਜ ਹਾਲ ਵਿਚ ਸਾਰਾ ਇੰਤਜ਼ਾਮ ਕਰਵਾਇਆ ਗਿਆ। ਕੁਝ ਉਡੀਕ ਬਾਅਦ ਇਕ ਕਾਰ ਵਿਚ ਸ਼ਿਵ, ਡਾਕਟਰ ਦੀਪਕ ਮਨਮੋਹਨ ਸਿੰਘ ਤੇ ਪੰਜਾਬੀ ਸ਼ਾਇਰ ਕੰਵਰ ਸੁਖਦੇਵ ਨਾਲ ਆ ਪਹੁੰਚਿਆ। ਪਰ ਤਿੰਨਾਂ ਦੇ ਪੈਰ ਕੁਝ ਥਿੜਕੇ-ਥਿੜਕੇ ਸਨ, ਸੋ ਸਮਝਦਿਆਂ ਦੇਰ ਨਾ ਲੱਗੀ ਕਿ ਤਬੀਅਤ ਰੰਗੀਨ ਕਰਕੇ ਹੀ ਆਮਦ ਹੋਈ ਹੈ। ਸ਼ਿਵ ਤਾਂ ਹੋਰ ਮੰਗ ਰਿਹਾ ਸੀ, ਸ਼ਾਇਦ ਨਹੀਂ ਸੀ ਜਾਣਦਾ ਕਿ ਸਮਾਗਮ ਡੀ.ਏ.ਵੀ.ਕਾਲਜ ਵਿਚ ਹੈ। ਖ਼ੈਰ, ਕਿਸੇ ਖਿਡਾਰੀ ਮੁੰਡੇ ਨੇ ਨਾਲ ਲਿਜਾ ਕੇ ਹੋਸਟਲ ਵਿਚ ਉਸ ਦੀ ਸੇਵਾ ਕਰ ਦਿੱਤੀ ਸੀ ਤਦ ਤੱਕ ਕੰਵਰ ਸੁਖਦੇਵ ਨੇ ਮਾਈਕ ਸਾਂਭ ਲਿਆ ਜੋ ਉਨ੍ਹਾਂ ਦਿਨਾਂ ਵਿਚ 'ਮੋਈਆਂ ਮੱਛਲੀਆਂ ਤੇ ਮਾਹੀਗੀਰ' ਕਾਵਿ-ਪੁਸਤਕ ਕਰਕੇ ਚਰਚਾ ਵਿਚ ਸੀ। ਪਰ ਸਾਰੇ ਸਰੋਤੇ ਤਾਂ ਸ਼ਿਵ ਨੂੰ ਸੁਣਨ ਲਈ ਕਾਹਲੇ ਤੇ ਉਤਾਵਲੇ ਸਨ, ਕੁਝ ਹੂਟਿੰਗ ਵੀ ਕਰ ਰਹੇ ਸਨ। ਪਰ ਜਲਦੀ ਸ਼ਿਵ ਨੂੰ ਲਿਆਂਦਾ ਗਿਆ ਤੇ ਸਟੇਜ 'ਤੇ ਬਿਠਾ ਕੇ ਭੂਮਿਕਾ ਬੰਨੀ ਗਈ। ਉੱਖੜੇ ਪੈਰੀਂ ਮਾਈਕ 'ਤੇ ਆਇਆ ਤੇ ਕਵਿਤਾ ਪੜ੍ਹਨ ਲੱਗਾ ਪਰ ਸਾਰੇ ਪਾਸਿਉਂ 'ਗਾ ਕੇ... ਗਾ ਕੇ...' ਦੀਆਂ ਅਵਾਜ਼ਾਂ ਦਾ ਸ਼ੋਰ। ਉਸ ਨੇ ਨਜ਼ਰ ਘੁਮਾਈ, ਹਰ ਪਾਸੇ ਕੀ ਹਾਲ, ਕੀ ਬੂਹੇ-ਬਾਰੀਆਂ ਤੇ ਕੀ ਰੌਸ਼ਨਦਾਨ ਸਿਰ ਹੀ ਸਿਰ ਸਨ। ਪਰ ਉਹ ਕਵਿਤਾ ਪੂਰੀ ਕਰ ਕੇ ਹੀ ਗਾਉਣ ਲਈ ਮੰਨਿਆਂ ਤੇ ਕਿੰਨਾ ਚਿਰ ਟੁੱਟਵੀਆਂ ਜਹੀਆਂ ਗੱਲਾਂ ਕਰਨ ਤੋਂ ਬਾਅਦ ਹੇਕ ਲਾਉਣ ਲੱਗਾ ਤਾਂ ਸੰਨਾਟਾ ਛਾ ਗਿਆ।
 *-ਸਿਖਰ ਦੁਪਹਿਰ ਸਿਰ ਤੇ, ਮੇਰਾ ਢਲ ਚਲਿਆ ਪਰਛਾਵਾਂ
ਕਬਰਾਂ ਉਡੀਕਦੀਆਂ ,ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ...... 
ਫਿਰ,
*-ਭੱਠੀ ਵਾਲੀਏ,ਚੰਬੇ ਦੀਏ ਡਾਲੀਏ,ਪੀੜਾਂ ਦਾ ਪਰਾਗਾ ਭੁੰਨ ਦੇ.....
*ਇਕ ਕੁੜੀ ਜਿਦ੍ਹਾ ਨਾਂ ਮੁਹੱਬਤ ਗੁੰਮ ਹੈ......
ਕਈ ਗੀਤ ਸੁਣਾਉਣ ਤੋਂ ਬਾਅਦ ਨਵਾਂ ਗੀਤ ਪਹਿਲੀ ਵਾਰ ਸੁਣਾਉਣ ਲੱਗਾ
*ਅਸੀਂ ਕੱਚੀਆਂ ਅਨ੍ਹਾਰਾਂ ਦੀਆਂ ਟਾਹਣੀਆਂ
ਪਈਆਂ ਪਈਆਂ ਸੁੱਕ ਵੇ ਰਹੀਆਂ.......
 ਗਾਉਂਦਿਆਂ ਗਾਉਂਦਿਆਂ ਦੀ ਬੱਸ ਹੋ ਗਈ ਤਾਂ ਕੁਰਸੀ 'ਤੇ ਆਣ ਡਿੱਗਾ। ਕੰਵਰ ਤੇ ਦੀਪਕ ਸਹਾਰਾ ਦੇ ਕੇ ਕਾਰ ਤੱਕ ਲੈ ਗਏ। ਯਾਦਾਂ ਦਾ ਇਕ ਹਜੂਮ ਸਰੋਤਿਆਂ ਦੇ ਜ਼ਿਹਨ ਵਿਚ ਛੱਡ ਗਿਆ, ਜੋ ਕਈ ਦਿਨ ਚਰਚਾ ਵਿਚ ਰਹੀਆਂ ਤੇ ਹਰ ਪਾਸੇ ਹੀ। ਸਫ਼ਲਤਾਵਾਂ ਤੇ ਯਾਦਾਂ ਭਰਿਆ 74 ਦਾ ਵਰ੍ਹਾ ਬੀਤ ਗਿਆ। 75 ਨਵੀਆਂ ਸੰਭਾਵਨਾਵਾਂ ਲੈ ਕੇ ਆਇਆ। 'ਨਾਗਮਣੀ ਵਿਚ ਅੰਮ੍ਰਿਤਾ ਪ੍ਰੀਤਮ ਨੇ ਮੇਰੀ ਕਵਿਤਾ 'ਖੰਡਿਤ ਵਿਅਕਤਿੱਤਵ ਦੀ ਆਤਮਕਥਾ" ਛਾਪੀ ਤੇ ਸਲਾਹੁਤਾ ਭਰਿਆ ਖ਼ਤ ਵੀ ਲਿਖ ਭੇਜਿਆ। ਮੇਰੇ ਸਹਿਪਾਠੀ ਬੜ੍ਹੇ ਮਾਣ ਨਾਲ ਚਰਚਾ ਕਰਦੇ ਤੇ ਮੇਰੇ ਪ੍ਰਤੀ ਮੋਹ ਵਿਖਾਉਣ ਲੱਗੇ ਸਨ। ਕਵਿਤਾ ਹੈ-

ਚਿਹਰੇ ਦੀਆਂ ਪੰਝੀਂ ਰੇਖਾਵਾਂ ਦੇ ਜਾਲ 'ਚ ਫਸਿਆ
ਮੇਰਾ ਖੰਡਿਤ ਵਿਅਕਤਿੱਤਵ
ਜਿਸਦਾ ਆਦਿ ਉਸਦਾ ਅੰਤ ਹੈ।

ਜ਼ਿਹਨ 'ਚ ਉਦੈ ਹੁੰਦੇ ਸ਼ਬਦ
ਹੋਠਾਂ ਤੋਂ ਕਿਰਦੇ ਬੋਲ ਨਿਪੁੰਸਕ ਹਨ-
ਮਸਲਨ, ਮੈਂ ਜੋ ਗੀਤ ਗਾਏ ਸਨ
ਉਨ੍ਹਾਂ ਦੇ ਸ਼ਬਦ ਅਰਥ-ਵਿਹੂਣੇ ਹਨ
( ਪਰ ਮੇਰੇ ਸ਼ਬਦਾਂ ਦੀ ਦੁਨੀਆ 'ਚ ਸੂਰਜ ਅਸਤ ਨਹੀਂ ਹੁੰਦਾ )
ਪੈਰਾਂ 'ਚ ਥਲਾਂ ਦੀ ਭਟਕਣ ਦਾ ਸਫ਼ਰ
ਤੇ ਇਕਲਾਪੇ ਦੇ ਬਨਵਾਸ ਵਿਚ ਅਉਧ ਗੁਜ਼ਰ ਜਾਣ ਦਾ ਸਰਾਪ
ਖਿੜੇ ਮੱਥੇ ਜਦ ਵੀ ਤੁਰਿਆ ਸਹਿਮ ਗਿਆ।
............................................
ਸਿਰਫ਼ ਹੱਸ ਦੇਂਦੀ ਹੈ, ਮਸਖ਼ਰੀ ਭਰਿਆ ਹਾਸਾ।
ਬੁੱਢੀ ਮਾਈ ਦੇ ਝਾਟੇ ਵਾਂਗ ਕੋਈ ਨਵੀਂ ਉੱਡਦੀ ਗੱਲ
ਬਣ ਜਾਂਦੀ ਯਾਰਾਂ ਦੀ ਦੰਦ-ਕਥਾ-
ਸੜਕਾਂ 'ਤੇ ਤੁਰਦੇ ਯਾਰਾਂ ਦੇ ਹਜੂਮ 'ਚੋਂ ਉੱਡ ਕੇ ਹਵਾ 'ਚ ਖਿੱਲਰਦਾ ਹਾਸਾ
ਮਹਿਜ਼ ਇਕ ਮਸਖ਼ਰੀ ਹੈ
( ਹੱਸਮੁੱਖ ਚਿਹਰਾ ਅਸਲ ਵਿਚ ਇਕ ਸੁਆਂਗ ਹੁੰਦਾ ਹੈ)
ਜਦ ਕੋਈ ਚਿਹਰਾ ਖੱਚਰਾ ਹਾਸਾ ਹੱਸਦਾ ਹੈ
ਤਾਂ ਮੇਰੇ ਹੋਠਾਂ ਤੋਂ ਬੋਲ ਕੋਈ ਟੁੱਟਦਾ ਹੈ।........
ਮੈਂ ਜੋ ਨਹੀਂ, ਉਹ ਹੋਣ ਦਾ ਮਖੌਟਾ ਪਹਿਨੀਂ
ਹਰ ਤਰਫ਼ ਵਿਚਰਦਾ
ਮੋਮ-ਕੱਚ ਦੀ ਜੂਨ ਭੋਗਦਾ
ਪਿਘਲ ਜਾਂਦਾ ਹਾਂ ਤੇ ਕਦੇ ਤਿੜਕ ਜਾਂਦਾ
ਪਰ ਜੇ ਅੰਗਦ ਦਾ ਪੈਰ ਬਣਾਂ ਤਾਂ ਅਹਿਲ ਰਹਾਂ।......
ਮੇਰਾ ਦੁਖਾਂਤ ਇਹ ਹੈ ਕਿ ਮੇਰੇ ਕੋਲ ਮੇਰਾ ਜ਼ਿਹਨ ਹੈ
ਘੜੀ 'ਤੋਂ ਵਕਤ ਵੇਖਣ ਵਾਂਗ
ਤੁਹਾਡੇ ਚਿਹਰੇ 'ਤੇ ਉੱਭਰੀਆਂ ਰੇਖਾਂਵਾਂ, ਮੈਂ ਪੜ੍ਹ ਸਕਦਾ ਹਾਂ।
ਪਰ ਮੈਂ ਨਹੀਂ ਚਾਹੁੰਦਾ
ਤੁਹਾਡੇ ਕਿਤਾਬੀ ਬੋਲਾਂ ਨੂੰ ਤੋਤਾ-ਰਾਮ ਵਾਂਗ ਰਟਨਾ...............
ਕਾਲਜ ਪੜ੍ਹਦਿਆਂ ਹੀ ਤਕਰੀਬਨ ਜਿੰਨਾ ਸ਼ਿਵ ਛਪਿਆ ਸੀ, ਸਾਰਾ ਕਈ ਵਾਰ ਪੜ੍ਹ ਚੁੱਕਾ ਸਾਂ ਤੇ 'ਲੂਣਾ' ਕੋਈ ਸੌ ਵਾਰ ਤੋਂ ਵੀ ਵੱਧ ਵਾਰ। ਸ਼ਿਵ ਕਈ ਕਾਰਣਾਂ ਕਰਕੇ ਪਸੰਦ ਵੀ ਸੀ, ਖ਼ਾਸ ਕਰਕੇ ਲੋਕ-ਮੁਹਾਵਰੇ ਤੇ ਜੀਵਨ-ਬਿੰਬ ਕਰਕੇ। ਚਾਹੇ ਬਿਰਹਾ ਪ੍ਰਮੁੱਖ ਭਾਵ-ਥੀਮ ਹੀ ਸੀ, ਪਰ ਹਰ ਵਾਰ ਅਭੀਵਿਅਕਤੀ ਨਵੇਂ ਬੋਧ-ਮੁਹਾਵਰੇ, ਦ੍ਰਿਸ਼, ਸ਼ਬਦਾਂ ਰਾਹੀਂ ਹੀ। ਭਾਵ ਦੁਹਰਾਉ ਤਾਂ ਹੁੰਦਾ ਸੀ ਪਰ ਪ੍ਰਗਟਾਅ ਮੁਹਾਵਰਾ-ਭਾਸ਼ਾ ਨਹੀਂ। ਜਦੋਂ ਮੇਰੇ ਸਾਹਮਣੇ ਇਕ ਪੇਪਰ ਵਜੋਂ ਡੈਸਰਟੇਸ਼ਨ ਲਿਖਣ ਦੀ ਗੱਲ ਆਈ ਤਾਂ ਬਹੁਤ ਦੁਵਿਧਾ ਵਿਚ ਸੀ। ਕੁਝ ਸਮਝ ਵਿਚ ਨਹੀਂ ਸੀ ਆ ਰਿਹਾ। ਰੋਜ਼ ਪੁਸਤਕਾਲੇ ਜਾ ਪੜ੍ਹਦਾ, ਭਾਲਦਾ ਤਾਂ ਅਚਾਨਕ ਵਾਪਸੀ 'ਤੇ ਮੇਜ਼ ਉੱਤੇ ਪਈ ਹਿੰਦੀ ਦੀ ਪੁਸਤਕ ਨੇ ਮੇਰਾ ਧਿਆਨ ਆਕਰਸ਼ਿਤ ਕੀਤਾ। ਕਿਤਾਬ ਹਿੰਦੀ ਦੇ ਸਾਹਿਤ-ਅਕਾਡਮੀ ਅਵਾਰਡ ਜੇਤੂ ਕਵੀ ਰਾਮਧਾਰੀ ਸਿੰਘ ਦਿਨਕਰ ਦੀ 'ਉਰਵਸ਼ੀ' ਸੀ ਜਿਸ 'ਤੇ ਉਨ੍ਹਾਂ ਨੂੰ ਅਵਾਰਡ ਮਿਲਿਆ ਸੀ। ਫਰੋਲਦਿਆਂ ਲੂਣਾ ਦਾ ਮੁਹਾਂਦਰਾ ਬਹੁਤ ਮਿਲਦਾ-ਜੁਲਦਾ ਲੱਗਾ ਤਾਂ ਮੈਂ ਇਹ ਕਿਤਾਬ ਇਸ਼ੂ ਕਰਵਾ ਲਈ। ਘਰ ਜਾ ਕੇ ਵੇਖੀ, ਵਿੱਚੋਂ ਵਿੱਚੋਂ ਪੜ੍ਹੀ ਤੇ ਡੈਸਰਟੇਸ਼ਨ ਦਾ ਵਿਸ਼ਾ ਸੋਚ ਲਿਆ। ਅਗਲੇ ਦਿਨ ਡਾਕਟਰ ਸਿੰਗਲ ਨਾਲ ਚਰਚਾ ਕੀਤੀ ਤੇ ਆਪਣੀ ਇੱਛਾ ਦੱਸੀ। ਦੋਵਾਂ ਨੇ ਵਿਚਾਰ-ਚਰਚਾ ਉਪਰੰਤ 'ਸ਼ਿਵ ਦਾ ਪਾਤਰ ਲੂਣਾ' ਵਿਸ਼ਾ ਪੱਕਾ ਕਰ ਲਿਆ ਤੇ ਕੰਮ ਵਿਚ ਰੁੱਝ ਗਿਆ।
ਬਰਨਾਲਾ ਦੇ ਡਾਕਟਰ ਅਮਰ ਕੋਮਲ ਨੂੰ ਮਿਲਣ ਗਿਆ ਜਿਨ੍ਹਾਂ 'ਪੂਰਨ ਭਗਤ' ਦੇ ਕਿੱਸਿਆਂ 'ਤੇ ਪੀ.ਐਚ.ਡੀ. ਕੀਤੀ ਸੀ। ਗੱਲਾਂ ਹੋਈਆਂ ਪਰ ਮੇਰੇ ਬਹੁਤੇ ਕੰਮ ਦੀਆਂ ਨਹੀਂ ਸਨ। ਫਿਰ ਸਾਹਿਤਕਾਰ ਮਿੱਤਰਾਂ ਨਾਲ ਗੱਲ ਕੀਤੀ ਤਾਂ ਡਾਕਟਰ ਜਗਤਾਰ ਨੇ ਕੁਝ ਜਾਣਕਾਰੀ ਸਾਂਝੀ ਕੀਤੀ ਜਿਸ ਵਿਚ ਪ੍ਰੋਫੈਸਰ ਦੀਦਾਰ ਸਿੰਘ ਦੀ 'ਲੂਣਾ ਦੀ ਵਾਰ', ਡਾਕਟਰ ਸੁਰਜੀਤ ਸਿੰਘ ਸੇਠੀ, ਜੋ ਉਦੋਂ ਅਕਾਸ਼ਵਾਣੀ ਵਿਚ ਸਨ, ਦੇ ਨਾਟਕ 'ਕਾਦਰਯਾਰ' ਆਦਿ ਦਾ ਜ਼ਿਕਰ ਕੀਤਾ ਸੀ। ਸਰਕਾਰੀ ਕਾਲਜ, ਟਾਂਡਾ ਵਿਚ ਅੰਗਰੇਜ਼ੀ ਦੇ ਲੈਕਚਰਾਰ ਦੀਦਾਰ ਹੁਰਾਂ ਨੂੰ ਟਾਂਡੇ ਮਿਲਣ ਗਿਆ। ਉਨ੍ਹਾਂ ਨੂੰ ਦੱਸਿਆ ਤਾਂ ਕਹਿਣ ਲੱਗੇ ਕਿ ਉਨ੍ਹਾਂ ਲੰਬੀ ਕਵਿਤਾ 'ਲੂਣਾ ਦੀ ਵਾਰ' ਲਿਖੀ ਸੀ ਜਿਸ ਵਿਚ ਲੂਣਾ ਨੂੰ ਪਹਿਲੀ ਵਾਰ ਨਿਰਦੋਸ਼ ਸਿੱਧ ਕੀਤਾ ਸੀ। ਉਨ੍ਹਾਂ 1957 'ਆਰਸੀ' ਪਤ੍ਰਿਕਾ ਵਿਚ ਛੱਪੀ ਕਵਿਤਾ ਦੇ ਉਹ ਪੰਨੇ ਦਿੱਤੇ ਜਿਨ੍ਹਾਂ 'ਤੇ ਕਵਿਤਾ ਛੱਪੀ ਸੀ। ਪਰ ਉਸਦਾ ਅਾਧਾਰ ਆਰਥਿਕਤਾ ਸੀ । ਫਿਰ ਡਾਕਟਰ ਸੇਠੀ ਨੂੰ ਮਿਲਿਆ ਤਾਂ ਦੱਸਣ ਲੱਗੇ ਕਿ ਜਦੋਂ ਰੇਡੀਉ 'ਤੇ 'ਕਾਦਰਯਾਰ' ਰਿਕਾਰਡ ਕਰ ਰਹੇ ਸਨ ਤਾਂ ਰਿਹਰਸਲਾਂ ਤੇ ਰਿਕਾਰਡਿੰਗ ਉੱਤੇ ਨਿਰੰਤਰ ਆਉਂਦਾ ਤੇ ਬੜੇ ਗਹੁ ਨਾਲ ਸੁਣਦਾ-ਵੇਖਦਾ ਹੁੰਦਾ ਸੀ। ਪਰ ਮੈਨੂੰ ਉਹ ਸਾਂਝ ਜੁੜਦੀ ਕਿਤੇ ਮਿਲ ਨਹੀਂ ਸੀ ਰਹੀ ਜੋ ਲੂਣਾ ਦਾ ਸਰੋਤ ਬਣਦੀ, ਹਾਂ ਪ੍ਰੇਰਣਾ ਇਹ ਹੋ ਸਕਦੀਆਂ ਸਨ। ਫਿਰ ਮੈਂ ਦਿਨਕਰ ਦੀ 'ਉਰਵਸ਼ੀ' ਤੇ ਸ਼ਿਵ ਦੀ 'ਲੂਣਾ' ਦਾ ਨਾਲੋਂ ਨਾਲ ਸਫ਼ੇ ਸਫ਼ੇ ਦਾ ਅਧਿਐਨ ਕਰਣ ਲੱਗਾ ਤੇ ਮਿਲਦੀਆਂ ਗੱਲਾਂ ਨੂੰ ਅੰਡਰ-ਲਾਈਨ ਵੀ। ਦੋਵੇਂ ਕਿਤਾਬਾਂ ਪੂਰੀਆਂ ਪੜ੍ਹਨ ਤੋਂ ਬਾਅਦ ਹੈਰਾਨ ਸਾਂ ਕਿ ਦੋਵੇਂ ਕਾਲੀਆਂ ਹੋਈਆਂ ਪਈਆਂ ਸਨ। ਸਰੂਪ, ਵਰਗ-ਵੰਡ, ਪਾਤਰ ਵੀ, ਸਿਰਫ਼ ਕਥਾ-ਵੇਰਵੇ ਵੱਖਰੇ ਸਨ, ਪਰ ਪ੍ਰਗਟਾਅ ਇਕ ਸਾਰ, ਇੱਥੋਂ ਤੱਕ ਕਿ ਸਕੈੱਚ ਇਕੋ ਜਿਹੇ ਸਨ। ਸ਼ਿਵ ਦੀ ਲੂਣਾ ਦੀ ਭੂਮਿਕਾ ਦੀਆਂ ਮੂਲ ਗੱਲਾਂ ਵੀ ਦਿਨਕਰ ਵਾਲੀਆਂ ਹੀ ਸਨ, ਮਾਨੋਂ ਕੁਝ ਹੇਰ-ਫੇਰ ਨਾਲ ਹਿੰਦੀ ਦਾ ਪੰਜਾਬੀ ਅਨੁਵਾਦ ਹੋਵੇ। ਮੈਂ ਇਹ ਵੀ ਨੋਟ ਕੀਤਾ ਕਿ ਸ਼ਿਵ ਦੀਆਂ ਕਈ ਕਵਿਤਾਵਾਂ-ਗੀਤਾਂ ਦੇ ਮੁੱਖੜੇ ਵੀ ਉਰਵਸ਼ੀ ਦੀਆਂ ਕਾਵਿ-ਸਤਰਾਂ ਹੀ ਬਣੇ ਹਨ, "ਇਹ ਜੋ ਸੂਰਜ ਚੋਰੀ ਕੀਤਾ ਮੇਰਾ ਸੀ"।
ਲੂਣਾ ਦੀ ਸ਼ੁਰੂਆਤ ਵਿਚ ਸੂਤਰਧਾਰ ਵਾਲੀ ਗੱਲ ਉਰਵਸ਼ੀ ਤੋਂ ਹੀ ਲਈ ਹੋਈ ਸੀ। ਇਨ੍ਹਾਂ ਸਭ ਨੁਕਤਿਆਂ ਦੇ ਅਾਧਾਰ 'ਤੇ ਤੁਲਨਾਤਮਿਕ ਵਿਵੇਚਣ ਬਾਅਦ ਤਰਕ ਦੇ ਕੇ ਸਿੱਧ ਕੀਤਾ ਕਿ ਦਿਨਕਰ ਦੀ 'ਉਰਵਸ਼ੀ' ਹੀ ਸ਼ਿਵ ਦੀ ਲੂਣਾ ਤੇ ਪਾਤਰ ਲੂਣਾ ਦਾ ਪ੍ਰੇਰਣਾ ਸਰੋਤ ਤੇ ਅਧਾਰ ਬਣਦੀ ਹੈ। ਮੇਰੀ ਇਸ ਗੱਲ ਦੀ ਡਾਕਟਰ ਹਰਿਭਜਨ ਸਿੰਘ ਨੇ ਪ੍ਰੀਖਿਅਕ ਵਜੋਂ ਪ੍ਰੋੜਤਾ ਕਰਦਿਆਂ ਬਹੁਤ ਸਲਾਹਿਆ ਵੀ ਸੀ। ਬਾਅਦ ਵਿਚ ਡਾਕਟਰ ਸਿੰਗਲ ਨਾਲ ਮਿਲ ਕੇ ਕਿਤਾਬ ਛਪੀ ਸੀ 'ਸ਼ਿਵ ਦਾ ਕਾਵਿ-ਜਗਤ' ਜਿਸ ਵਿਚ ਮੇਰੀ ਏਹੋ ਖੋਜ ਤੇ ਇਸ ਦੇ ਗੀਤਾਂ ਤੇ ਕਾਵਿ-ਬਿੰਬਾਂ ਬਾਰੇ ਲੇਖ ਵੀ ਸਨ ਤੇ ਫਿਰ ਭਾਸ਼ਾ ਵਿਭਾਗ, ਪੰਜਾਬ ਨੇ ਆਪਣੇ ਪਰਚੇ 'ਪੰਜਾਬੀ ਦੁਨੀਆ' ਵਿਚ ਵੀ ਪ੍ਰਕਾਸ਼ਿਤ ਕੀਤਾ। ਜੇ ਡਾਕਟਰ ਸ਼ਿੰਗਾਰੀ ਡੀ.ਏ.ਵੀ.ਕਾਲਜ, ਜਲੰਧਰ ਵਿਚ ਲੈਕਚਰਾਰ ਦੀ ਨੌਕਰੀ ਵਿਚ ਨਾਂਹ ਕਰ ਗਏ ਤਾਂ ਡਾਕਟਰ ਹਰਿਭਜਨ ਸਿੰਘ 1976 ਵਿਚ ਮੇਰੀ ਸਿਲੈਕਸ਼ਨ ਦੀ ਵਜ੍ਹਾ ਬਣੇ। ਹੋਇਆ ਇੰਝ ਕਿ 1975 ਵਿਚ ਰਾਤ ਗੱਡੀ ਦੇ ਡੱਬੇ ਦੇ ਫੁੱਟਰੈਸਟ 'ਤੇ ਬੈਠ ਕੇ ਮੈਂ ਦਿੱਲੀ ਇੰਟਰਵਿਊ ਲਈ ਡੀ.ਏ.ਵੀ. ਮੈਨੇਜਟਮੈਂਟ ਦੇ ਦਫ਼ਤਰ ਪਹੁੰਚਿਆ ਤਾਂ ਸ਼ਿੰਗਾਰੀ ਗੇਟ ਤੋਂ ਹੀ 'ਤੇਰੀ ਇੰਟਰਵਿਊ ਨਹੀਂ ਹੋਣ ਦੇਣੀ' ਕਹਿ ਕੇ ਬੇਰੰਗ ਮੋੜ ਦਿੱਤਾ ਸੀ। 1976 ਵਿਚ ਫਿਰ ਡੀ.ਏ.ਵੀ. ਲਈ ਇੰਟਰਵਿਊ ਦੇਣ ਗਿਆ ਤਾਂ ਇਹ ਦਸੂਹਾ, ਚੰਡੀਗੜ੍ਹ ਦੋਵਾਂ ਕਾਲਜਾਂ ਲਈ ਸੀ, ਬਹੁਤ ਤਕੜੀ ਇੰਟਰਵਿਊ ਹੋਈ, ਜੋ ਤਕਰੀਬਨ ਇਕ ਘੰਟੇ ਵਿਚ ਨਿੱਬੜੀ ਤੇ ਚੋਣਕਰਤਾਵਾਂ ਵਿਚ ਬਹਿਸ ਹੋ ਰਹੀ ਸੀ। ਉਨ੍ਹਾਂ ਵਿੱਚੋਂ ਅੱਧੇ ਰੱਖਣ ਲਈ ਸਹਿਮਤ ਸਨ ਤੇ ਅੱਧੇ ਇਨਕਾਰੀ ਸਨ। ਮਾਹਿਰ ਵਜੋਂ ਡਾਕਟਰ ਹਰਿਭਜਨ ਸਨ। ਉਨ੍ਹਾਂ ਬਾਅਦ ਵਿਚ ਮੇਰੀ ਗ਼ੈਰ-ਹਾਜ਼ਰੀ ਵਿਚ ਦਸਤਖ਼ਤ ਕਰ ਦਿੱਤੇ ਸਨ ਕਿ ਮੈਂ ਜਾਣਦਾ ਹਾਂ ਉਸ ਦੀ ਲਿਆਕਤ। ਦਰਅਸਲ ਜਦੋਂ ਚੋਣ ਕਰਤਾਵਾਂ ਵਿਚ ਬਹਿਸ ਹੋ ਰਹੀ ਸੀ, ਮੈਂ ਅੰਮ੍ਰਿਤਾ ਪ੍ਰੀਤਮ ਨੂੰ ਫ਼ੋਨ ਕਰ ਕੇ ਮਿਲਣ ਚਲੇ ਗਿਆ ਸਾਂ। ਅੰਮ੍ਰਿਤਾ ਤੇ ਮੈਂ ਦੋਵੇਂ ਖ਼ੁਸ਼ ਸੀ, ਉਹ ਦੱਸ ਰਹੀ ਸੀ ਕਿ ਕਿਵੇਂ ਮੇਰਾ ਖ਼ਤ ਮੇਰੀ ਲਿਖਤ ਤੋਂ ਹੀ ਪਛਾਣ ਲੈਂਦੀ ਹੁੰਦੀ ਸੀ। ਉਹ ਦੱਸਣ ਲੱਗੇ ਕਿ ਕਿਵੇਂ ਉਹ ਤੇ ਇਮਰੋਜ਼ ਨਾਗਮਣੀ ਦਾ ਪ੍ਰਕਾਸ਼ਨ ਤੋਂ ਪੋਸਟਿੰਗ ਤੱਕ ਮਿਲ ਕੇ ਹੱਥੀਂ ਸਾਰਾ ਕੰਮ ਕਰਦੇ ਹਨ।
75 ਤੋਂ 76 ਤੱਕ ਮੈਂ ਜਲੰਧਰ ਵਿਚ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿਚ ਪੰਜਾਬੀ ਅਨੁਵਾਦਕ ਰਿਹਾ, ਉਹ ਐਮਰਜੈਂਸੀ ਦੇ ਦਿਨ ਸਨ। ਸਰਕਾਰ ਦੇ ਹੱਕ ਵਿਚ ਅਤੇ ਵਿਕਾਸ-ਕੰਮਾਂ ਬਾਰੇ ਲੇਖ ਅੰਗਰੇਜ਼ੀ ਤੋਂ ਅਨੁਵਾਦ ਕਰਦੇ ਤੇ ਅਖ਼ਬਾਰਾਂ ਵਿਚ ਛਪਣ ਲਈ ਭੇਜਦੇ। ਸੈਂਸਰ ਵੇਲੇ ਸਰਕਾਰ ਵਿਰੋਧੀ ਖ਼ਬਰਾਂ, ਲੇਖ, ਟਿੱਪਣੀਆਂ ਤੇ ਸ਼ਬਦ ਸੈਂਸਰ ਕਰਦੇ। ਜੂਨ 1976 ਵਿਚ ਡੀ.ਏ.ਵੀ. ਕਾਲਜ ਚੰਡੀਗੜ੍ਹ ਲਈ ਚੁਣਿਆ ਗਿਆ ਤਾਂ ਦਸੂਹਾ ਦੇ ਪ੍ਰਿੰਸੀਪਲ ਨੇ ਦਸੂਹੇ ਲਈ ਮੰਗ ਲਿਆ ਸੀ। ਚੁਣੇ ਜਾਣ ਦਾ ਮੂਲ ਕਾਰਣ ਮੇਰੀ ਧਰਮ ਤੇ ਸੰਪ੍ਰਦਾਏ ਬਾਰੇ ਬਹਿਸ ਵਿਚ ਪ੍ਰਗਟਾਏ ਵਿਚਾਰ ਸਨ। ਉਦੋਂ ਹੀ ਪਤਾ ਲੱਗਾ ਕਿ ਡਾਕਟਰ ਸ਼ਿੰਗਾਰੀ ਨੇ ਮੈਨੂੰ ਕਾਮਰੇਡ ਕਹਿ ਕੇ ਨਿੰਦਿਆ ਤੇ ਵਿਰੋਧ ਕੀਤਾ ਸੀ। ਬਾਅਦ ਵਿਚ ਕਾਮਰੇਡ 'ਪ੍ਰਤਿਕਿਰਿਆਵਾਦੀ' ਤੇ ਗ਼ਜ਼ਲ-ਉਸਤਾਦ ਕਵਿਤਾ ਦੇ ਹੱਕ ਵਿਚ ਬੋਲਣ ਕਰਕੇ ਵਿਰੋਧ ਕਰਦੇ, ਕਾਰਣ ਅੰਮ੍ਰਿਤਾ ਤੇ ਨਾਗਮਣੀ ਦੀ ਪ੍ਰਸੰਸਾ ਸਨ। ਪ੍ਰਗਤੀਵਾਦੀ ਕਾਮਰੇਡਾਂ ਦੀ ਨੁਮਾਇੰਦਗੀ ਕਹਾਣੀਕਾਰ ਲਾਲ ਸਿੰਘ ਕਰ ਰਿਹਾ ਸੀ ਤੇ ਗ਼ਜ਼ਲਗੋਆਂ ਦੀ ਸਰਦਾਰ ਸਾਧੂ ਸਿੰਘ ਹਮਦਰਦ ਹੁਰੀਂ। ਤੰਗ ਹੋ ਕੇ ਮੈਂ ਵਰਿਆਮ ਵਿਚ 'ਪੰਜਾਬੀ ਗ਼ਜ਼ਲ ਸੀਮਾ ਤੇ ਸੰਭਾਵਨਾ' ਲੇਖ ਲਿਖਿਆ ਜੋ ਬਹੁਤ ਚਰਚਾ ਦਾ ਵਿਸ਼ਾ ਬਣਿਆ। ਡਾਕਟਰ ਜਗਤਾਰ ਉਚੇਚਾ ਦਸੂਹਾ ਮਿਲਣ ਆਏ ਤੇ ਖ਼ੂਬ ਪ੍ਰਸੰਸਾ ਕਰਦਿਆਂ, ਲਿਖਦੇ ਰਹਿਣ ਲਈ ਪ੍ਰੇਰਿਆ। ਉਦੋਂ ਹੀ ਨਾਭਾ ਦੀ ਗ਼ਜ਼ਲਗੋ ਜੋੜੀ ਚੌਹਾਨ-ਨਿਰਧਨ ਨਾਲ ਰਾਬਤਾ ਜੁੜਿਆ, ਹੁਸ਼ਿਆਰਪੁਰ 'ਚੋਂ ਪ੍ਰੇਮ ਕੁਮਾਰ ਨਜ਼ਰ, ਜਗਤਾਰ, ਰਣਧੀਰ ਚੰਦ, ਦਵਿੰਦਰ ਜੋਸ਼, ਮਹਿੰਦਰ ਦੀਵਾਨਾ ਨਾਲ ਸਾਂਝ ਪਈ, ਜੋ ਦਿਨ ਬਦਿਨ ਵੱਧਦੀ ਗਈ। ਗ਼ਜ਼ਲ-ਦਰਬਾਰਾਂ, ਬਹਿਸਾਂ ਵਿਚ ਸੱਦੇ ਆਉਣ ਲੱਗੇ। ਕਾਲਜ ਵਿਚ ਵਿਦਿਆਰਥੀਆਂ ਦੀ ਭੰਗੜਾ ਟੀਮ ਤਿਆਰ ਕਰਨ ਦੇ ਨਾਲ-ਨਾਲ ਜੇ.ਬੀ.ਟੀ ਸਕੂਲ ਤੇ ਡੀ.ਏ.ਵੀ ਆਯੁਰਵੈਦਿਕ ਕਾਲਜ ਦੀਆਂ ਟੀਮਾਂ ਵੀ ਤਿਆਰ ਕੀਤੀਆਂ ਤੇ ਦੋਵੇਂ ਉੱਤਰ-ਭਾਰਤ ਦੇ ਮੁਕਾਬਲਿਆਂ ਵਿਚ ਅੱਵਲ ਆਈਆਂ ਸਨ। ਪਰ ਕੁਝ ਪਰਿਵਾਰਕ ਮਜਬੂਰੀਆਂ ਕਾਰਨ ਕੋਚਿੰਗ ਛੱਡਣੀ ਪੈ ਗਈ ਸੀ। ਬਹੁਤਾ ਧਿਆਨ ਸਾਹਿਤਕ ਸਮਾਗਮਾਂ, ਗੋਸ਼ਟੀਆਂ ਤੇ ਲਿਖਣ-ਪੜ੍ਹਨ ਵੱਲ ਹੋ ਗਿਆ ਸੀ। ਸਭਾਵਾਂ ਵਿਚ ਜਾਣ ਕਰ ਕੇ ਦੋਸਤੀ ਦਾ ਦਾਇਰਾ ਸਾਰੇ ਪੰਜਾਬ ਦੀਆਂ ਸਭਾਵਾਂ ਤੱਕ ਫੈਲਣ ਲੱਗਾ। ਸਾਹਿਤ ਚੇਤਨਾ, ਸੂਝ ਹੌਲੀ-ਹੌਲੀ ਗਹਿਰ-ਗੰਭੀਰ ਹੋਣ ਲੱਗੀ, ਪਰ ਕਿਸੇ ਇਕ ਵਿਚਾਰਧਾਰਾ ਤੱਕ ਕਦੇ ਸੀਮਤ ਨਾ ਹੋਇਆ ਤੇ ਨਾ ਅੱਜ ਤੱਕ ਹਾਂ। ਹਾਂ, ਪਰ ਹਰੇਕ ਦੇ ਚੰਗੇ ਸਿਧਾਂਤ, ਵਿਚਾਰ ਤਰਕ ਨਾਲ ਅਪਣਾਏ ਜ਼ਰੂਰ ਹਨ। ਗੂੜ੍ਹੀ ਸਾਂਝ ਪ੍ਰਮਿੰਦਰਜੀਤ, ਅਮਰੀਕ ਅਮਨ, ਰਵਿੰਦਰ ਰਵੀ (ਕੈਨੇਡਾ) ਨਾਲ ਬਣੀ, ਫੈਲੀ। ਕੁਝ ਪਾਸਾਰ ਦੂਰਦਰਸ਼ਨ ਸਦਕਾ ਹੋਣ ਲੱਗਾ ਸੀ। 
-ਅਵਤਾਰ ਜੌੜਾ, ਜਲੰਧਰ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger