Home » , , , , , , » ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-6

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-6

Written By Editor on Sunday, March 9, 2014 | 00:00

punjabi writer avtar jauda
ਅਵਤਾਰ ਜੌੜਾ
ਇਹ ਤਿੰਨ ਸਾਲ ਮੇਰੇ ਜੀਵਨ ਵਿਚ ਬਹੁਤ ਅਹਿਮ ਹਨ ਕਿਉਂਕਿ ਇਹਨਾਂ ਨੂੰ ਭਵਿੱਖ ਦੀ ਨੀਂਹ ਦੇ ਰੂਪ ਵਿਚ ਵੇਖਦਾ ਹਾਂ। ਨੌਵੀਂ ਜਮਾਤ ਵਿਚ ਜਾਂਦਿਆਂ ਹੀ ਨਵੀਂ ਮਿੱਤਰ-ਮੰਡਲੀ ਵਿਚ ਮਹਿੰਦਰ ਭੱਟੀ ਨਾਲ ਮੇਲ ਜੋ ਬਾਅਦ ਵਿਚ 'ਅਕਾਸ਼ਾਵਾਣੀ' 'ਚ ਪੈਕਸ (ਪ੍ਰੋਗਰਾਮ ਐਗਜ਼ੀਕਿਉਟਿਵ) ਉੱਤੇ ਹੁੰਦਿਆਂ ਅਚਾਨਕ 'ਹਾਰਟ-ਫੇਲ੍ਹ' ਹੋਣ ਨਾਲ ਸਦੀਵੀ ਵਿਛੋੜਾ ਦੇ ਗਿਆ। ਉਨ੍ਹੀਂ ਦਿਨੀਂ ਬਠਿੰਡਾ ਰੇਡੀਉ ਸਟੇਸ਼ਨ 'ਤੇ ਨਿਯੁਕਤ ਸੀ। ਸਕੂਲ ਵਿਚ ਪਾਕਿਸਤਾਨੀ ਪੰਜਾਬੀ ਗੀਤ 'ਯਾਰਾਂ ਨਾਲ ਬਹਾਰਾਂ ਓ ਸੱਜਣਾ' ਗਾਉਣ ਕਰਕੇ ਆਪਣੀ ਪਹਿਚਾਣ ਮਿੱਤਰਾਂ ਵਿਚ ਇਸੇ ਗੀਤ ਨਾਲ ਬਣਾ ਚੁੱਕਾ ਸੀ। ਪਰ ਮਿੱਤਰਾਂ ਦੀ ਟਾਂਚ ਤੋਂ ਬੇਖ਼ਬਰ, ਆਪਣੇ ਵਿਚ ਹੀ ਮਸਤ ਸੀ। ਉਹ ਬਹੁਤ ਰੌਚਿਕ ਕਿਰਦਾਰ ਦਾ ਮਾਲਿਕ ਸੀ ਜੋ ਸਵੈ-ਸਿਰਜਿਆ ਸੀ, ਪੜ੍ਹਨ ਤੋਂ ਆਖ਼ਰੀ ਸਾਹ ਲੈਣ ਤੱਕ। 'ਅਕਾਸ਼ਵਾਣੀ' 'ਤੇ ਪੈਕਸ ਦੀ ਨਿਯੁਕਤੀ ਉਸ ਦੇ ਲੇਖਕ ਹੋਣ ਕਰਕੇ ਹੀ ਹੋਈ ਸੀ। ਉਹ ਬਹੁ-ਵਿਧਾਵੀ ਲੇਖਕ ਸੀ ਤੇ ਗ਼ਜ਼ਲ, ਕਵਿਤਾ, ਗੀਤ, ਵਾਰਤਕ ਨਾਵਲ ਲਿਖਦਾ ਸੀ। ਉਸ ਦਾ ਪਲੇਠਾ ਗ਼ਜ਼ਲ-ਸੰਗ੍ਰਹਿ 'ਇਕ ਮੁੱਠੀ ਅੰਗਿਆਰ ਸੀ', ਜਿਸਦੀ ਭੂਮਿਕਾ ਐੱਸ. ਐੱਸ. ਮੀਸ਼ਾ ਨੇ ਲਿਖੀ ਸੀ ਤੇ ਆਖ਼ਰੀ ਚੌਥੀ ਨਾਵਲ 'ਡੁੱਬਦੇ ਜਹਾਜ਼ਾਂ ਦੀ ਦਾਸਤਾਨ'। ਵਾਰਤਕ ਲਿਖਣ ਦੀ ਪ੍ਰੇਰਣਾ 'ਅਜੀਤ' ਵਿਚ ਬਰਜਿੰਦਰ ਭਾ ਜੀ ਤੋਂ ਮਿਲੀ ਤੇ ਛਪਿਆ ਵੀ ਬਹੁਤਾ ਅਜੀਤ ਵਿਚ ਹੀ। ਬਾਅਦ ਵਿਚ ਕੰਪੋਜੀਟਰ ਦੇ ਤੌਰ 'ਤੇ ਉਸ ਨੌਕਰੀ 'ਕੌਮੀ ਦਰਦ' ਵਿਚ ਵੀ ਕੀਤੀ ਸੀ। ਨੌਵੀਂ ਪੜ੍ਹਦਿਆਂ ਅਸੀਂ ਦੋਵਾਂ ਪਹਿਲੀ ਸਾਹਿਤਕ ਪੁਸਤਕ ਇਕੱਠਿਆਂ ਹੀ ਪੜ੍ਹੀ ਤੇ ਉਹ ਸੀ ਦਵਿੰਦਰ ਸਤਿਆਰਥੀ ਬਾਰੇ ਲਿਖੀ ਨਿਰਮਲ ਅਰਪਣ ਦੀ ਕਿਤਾਬ। ਉਦੋਂ ਅਰਪਣ ਦੀ ਸ਼ਬਦਾਵਲੀ, ਲਿਖਣ-ਸ਼ੈਲੀ ਤੋਂ ਬਹੁਤ ਪ੍ਰਭਾਵਿਤ ਹੋਏ ਸਾਂ। ਖ਼ੈਰ ਉਹਨੀਂ ਦਿਨੀਂ ਹੀ ਅਜੀਤ ਵਿਚ ਚਲਾਈ ਜਾਂਦੀ ਗ਼ਜ਼ਲ-ਫੁੱਲਵਾੜੀ ਵਿਚ ਗ਼ਜ਼ਲ ਲਿਖਣੀ ਸਿੱਖਣ ਲੱਗੇ ਸੀ। ਸਾਡੀ ਸਾਂਝ ਵਧਣ ਦਾ ਦੂਜਾ ਕਾਰਨ ਦੋਹਾਂ ਦਾ ਐੱਨ.ਸੀ.ਸੀ. ਰੱਖਣਾ ਸੀ। ਉਦੋਂ ਲੰਡਨ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਥਿਆਰ ਵਾਪਿਸ ਭਾਰਤ ਆਏ ਸਨ ਤੇ ਸਵਾਗਤ ਵਿਚ ਜਲੰਧਰ ਨਿਕਲੇ ਆਮਦ-ਜਲੂਸ ਵਿਚ ਅਸੀਂ ਏਸਕਾਰਟ ਕਰਨ ਦੀ ਡਿਊਟੀ ਲਈ ਵਰਦੀ ਵਿਚ ਨਾਲ-ਨਾਲ ਸੀ। ਫਿਰ ਕੈੰਪਾਂ ਵਿਚ ਵੀ ਸਾਥ ਗੂੜ੍ਹਾ ਹੁੰਦਾ ਗਿਆ। 

ਐੱਨ. ਸੀ. ਸੀ. ਕੈਂਪ ਦੀਆਂ ਦੋ-ਤਿੰਨ ਗੱਲਾਂ ਕਦੇ ਨਹੀਂ ਭੁੱਲਣੀਆਂ। ਪਹਿਲੀ ਹੈ ਕੈਂਪ ਵਿਚ ਮਿਲੀ ਸਖ਼ਤ ਸਜ਼ਾ। ਹੋਇਆ ਇੰਝ ਕਿ ਇਕ ਦਿਨ ਰੋਡ-ਮਾਰਚ 'ਤੇ ਜਾਣਾ ਹੁੰਦਾ ਹੈ ਤੇ ਉਸ ਦਿਨ ਰੋਡ ਮਾਰਚ ਕਰਦਿਆਂ ਦਸੂਹਾ-ਕੈੰਪ ਤੋਂ ਗੜ੍ਹਦੀਵਾਲਾ ਖ਼ਾਲਸਾ ਸਕੂਲ ਤੱਕ ਤੁਰ ਕੇ ਜਾਣਾ ਸੀ। ਜ਼ੋਰਾਂ ਦੀ ਗਰਮੀ ਵਿਚ ਪੂਰੀ ਵਰਦੀ ਪਾ, ਪਿੱਠੂ ਚੁੱਕ ਤੁਰਨਾ ਥਕਾਨ-ਪਿਆਸ ਉੱਤੋਂ ਸਿਖਰ ਦੁਪਹਿਰ, ਤੇਜ਼ ਧੁੱਪ-ਕਿਰਨਾਂ। ਗੜ੍ਹਦੀਵਾਲ ਤੋਂ ਪਹਿਲਾਂ ਚੋਅ ਤੋਂ ਉਰੇ ਹੀ ਸੀ ਕਿ ਕਿਸੇ ਮੁੰਡੇ ਨੇ ਕੋਲੋਂ ਸਾਇਕਲ 'ਤੇ ਲੰਘਦੀ ਕੁੜੀ ਨੂੰ ਕੁਝ ਬੋਲ ਦਿੱਤਾ। ਕੁੜੀ ਸਾਇਕਲ ਰੋਕ ਬਿਲਣ ਲੱਗੀ ਤਾਂ ਇੰਸਟੱਕਟਰ ਨੇ ਸਭ ਨੁੰ ਰੋਕ ਲਿਆ। ਕੁੜੀ ਨੂੰ ਪੁੱਛਿਆ ਤਾਂ ਉਸ ਛੇੜਣ ਦੀ ਗੱਲ ਕਹੀ ਤਾਂ ਇੰਸਟੱਕਟਰ ਤਾਂ ਅੱਗ-ਬਬੂਲਾ ਹੋ ਗਿਆ। ਗੁੱਸੇ ਵਿਚ ਆਏ ਨੇ ਸਜ਼ਾ ਲਗਾ ਦਿੱਤੀ ਕੇ ਸਾਰੇ ਖ਼ਾਲਸਾ ਸਕੂਲ ਤੱਕ ਕਰੋਲਿੰਗ ਕਰਦੇ ਜਾਣਗੇ। ਗਰਮ ਸੜਕ, ਤੱਪਦੀ ਚੋਅ ਦੀ ਰੇਤਾ, ਖੇਤਾਂ ਵਿਚ ਵੱਢੀ ਕਣਕ ਦੀ ਬਚੀ ਰਹਿੰਦ, ਬਸ ਫਿਰ ਕੀ ਸੀ ਕਰੋਲਿੰਗ ਕਰਦਿਆਂ ਸਭ ਦੀਆਂ ਅੱਖਾਂ ਵਿਚ ਪਾਣੀ, ਗਿੱਟੇ-ਗੋਡੇ ਛਿੱਲੇ ਗਏ, ਦਰਦ-ਤ੍ਰਾਟਾਂ ਦੀ ਅਸਹਿ ਪੀੜ। ਸਕੂਲ ਪਹੁੰਚਦਿਆਂ ਛੱਤ 'ਤੇ ਚੜ੍ਹ ਸਭ ਢੇਰੀ  ਹੋ ਗਏ। ਉੱਥੇ ਪਹੁੰਚ ਪਤਾ ਲੱਗਾ ਕਿ ਕੁੜੀ ਨੂੰ ਸਾਂਈਦਾਸ ਸਕੂਲ ਦੇ ਮੁੰਡੇ ਨੇ ਛੇੜਿਆ ਸੀ ਤਾਂ ਰੋਸ ਵਜੋਂ ਸਾਡੇ ਸਕੂਲ ਦੇ ਮੁੰਡਿਆਂ ਰਾਤ ਨੂੰ ਕੁਝ ਵੀ ਖਾਣ-ਪੀਣ ਤੋਂ ਨਾਂਹ ਕਰ ਹੜਤਾਲ ਕਰ ਦਿੱਤੀ। ਫ਼ੈਸਲਾ ਇਹ ਕਿ ਜੱਦ ਤੱਕ ਸਾਡੇ ਇੰਚਾਰਜ ਨਹੀੰ ਆਉਂਦੇ ਹੜਤਾਲ ਤੱਦ ਤੱਕ ਜਾਰੀ ਰਹੇਗੀ। ਸਵੇਰੇ ਇੰਚਾਰਜ ਮਾਸਟਰ ਸੁਗ੍ਰੀਵ ਸਿੰਘ ਦੇ ਆਉਣ 'ਤੇ ਸਾਰੀ ਗੱਲ ਦੱਸੀ ਤਾਂ ਸਾਂਈਦਾਸ ਦੇ ਇੰਚਾਰਜ ਦੇ ਗਲ ਪੈ ਨਿਕਲੇ। ਗੱਲ ਵੱਧ ਗਈ ਤਾਂ ਉਹ ਰੋਸ ਵਜੋਂ ਕੈੰਪ ਛੱਡ ਗਏ। ਅਸੀਂ ਵੀ ਮਨ ਵਿਚ ਧਾਰ ਲਿਆ ਕਿ ਜਲੰਧਰ ਪਹੁੰਚਦਿਆਂ ਹੀ ਸਬਕ ਸਿਖਾ ਬਦਲਾ ਲਵਾਂਗੇ।  ਸੋ ਹੋਇਆ ਵੀ ਏਹੋ, ਜਲੰਧਰ ਸਟੇਸ਼ਨ 'ਤੇ ਗੱਡੀ ਰੁੱਕਦਿਆਂ ਹੀ ਸਾਂਈਦਾਸ ਸਕੂਲ ਦੇ ਮੁੰਡਿਆਂ 'ਤੇ ਬੈਂਤਾਂ ਨਾਲ ਟੁੱਟ ਪਏ। ਚੀਕਾਂ ਮਾਰ ਏਧਰ-ਓਧਰ ਭੱਜਣ ਲੱਗੇ। ਲੋਕਾਂ ਵਿਚ ਪੈ ਕੇ ਬਚ-ਬਚਾਅ ਕਰਵਾਇਆ। ਮਾਸਟਰ ਸੁਗ੍ਰੀਵ ਸਿੰਘ ਵਿਦਿਆਰਥੀਆਂ ਦੇ ਹਰਮਨ-ਪਿਆਰੇ ਅਧਿਆਪਕ ਸਨ। ਬਹੁਤ ਸੁਰੀਲੀ ਅਵਾਜ਼ ਦੇ ਧਨੀ। ਅੰਮ੍ਰਿਤਾ ਪ੍ਰੀਤਮ ਦਾ ਗੀਤ 'ਹੱਸ ਇਕ ਵਾਰੀ ਫੇਰ, ਨੀ ਕੁੜੀਏ' ਬਹੁਤ ਟਿਕਾ ਕੇ ਗਾਉਂਦੇ, ਭਰਪੂਰ ਪ੍ਰਸ਼ੰਸ਼ਾ ਖੱਟਦੇ ਸਨ। ਬਾਅਦ ਵਿਚ ਪੰਜਾਬ ਦੇ ਮੁੱਖ-ਮੰਤਰੀ ਦੇ ਰਾਜਨੀਤਕ ਸਲਾਹਕਾਰ ਵੀ ਬਣੇ। ਦਸੂਹੇ ਕੈਂਪ ਅੰਬਾਂ ਦੇ ਬਾਗ ਵਿਚ ਹੁੰਦਾ ਸੀ ਜੋ ਅੱਜ ਵੀ ਹੈ। ਹਾਂ ਜਿਸ ਟੋਏ ਵਿਚੋਂ ਲੰਘ ਕੇ 'ਪਲੰਗ ਤੋੜ' ਮਿਠਾਈ ਬਜ਼ਾਰੋਂ ਲੈਣ ਜਾਂਦੇ ਸਾਂ, ਉੱਥੇ ਕੁਸ਼ਟ-ਆਸ਼ਰਮ ਬਣ ਚੁੱਕਾ ਹੈ। ਜਿੱਥੇ ਉਸ ਵਕਤ ਜੰਗਲ-ਪਾਣੀ ਜਾਣ ਲਈ ਆਰਜ਼ੀ ਲੈਟਰੀਨਾਂ ਬਣਦੀਆਂ ਸਨ, ਉੱਥੇ ਜੇ.ਸੀ.ਡੀ.ਏ.ਵੀ. ਕਾਲਜ,ਦਸੂਹਾ ਬਣਿਆ ਜਿਸ ਵਿਚ ਮੈਂ ਪੈਂਤੀ ਸਾਲ ਪੜ੍ਹਾਇਆ। ਹੁਣ ਉਹ ਭਰਪੂਰ ਵੱਸੋਂ ਵਾਲਾ ਅਬਾਦ ਇਲਾਕਾ ਹੈ, ਪਰ ਉਦੋਂ ਸ਼ਾਮ ਬਾਅਦ ਉਧਰੋਂ ਕੋਈ ਡਰਦਾ ਲੰਘਦਾ ਨਹੀਂ ਸੀ ਹੁੰਦਾ।
ਇਥੇ ਹੀ ਮੇਰੀ ਦਿਸ਼ਾ ਉਸ ਤੋਂ ਵੱਖਰੀ ਹੋਣੀ ਸ਼ੁਰੂ ਹੋ ਗਈ। ਇਕ ਸੀ 'ਹਾਕੀ' ਖੇਡਣ ਦਾ ਸ਼ੌਕ। ਮੇਰਾ ਜੂਨੀਅਰ ਪੰਜਾਬ ਹਾਕੀ ਟੀਮ ਦੇ ਕੈੰਪ ਵਿਚ ਗੋਲਕੀਪਰ ਵਜੋਂ ਚੁਣਿਆਂ ਜਾਣਾ। ਕੈਂਪ ਸਾਈਂ ਦਾਸ ਸਕੂਲ ਜਲੰਧਰ ਦੀ ਗਰਾਉਂਡ ਵਿਚ ਲੱਗਾ। ਭਰਤੀ ਹਾਕੀ ਟੀਮ ਦੇ ਕੋਚ ਗੁਰਚਰਨ ਸਿੰਘ ਬੋਧੀ ਸਾਡੇ ਵੀ ਕੋਚ ਬਣੇ ਸਨ। ਹਾਕੀ ਖੇਡਣ ਦੀ ਗੁਰ-ਨੀਤੀ ਉਨ੍ਹਾਂ ਹੀ ਸਿਖਾਈ। ਮੈਂ ਵੀ ਬਹੁਤ ਸਖ਼ਤ ਮਿਹਨਤ,ਪ੍ਰੈਕਟਿਸ ਕੀਤੀ ਤੇ ਕੈਂਪ ਤੋਂ ਬਾਅਦ ਟੀਮ ਲਈ ਚੁਣਿਆਂ ਗਿਆ। ਅਗਲਾ ਕੈਂਪ ਪੀ.ਏ.ਪੀ.ਗਰਾਉਂਡ ਵਿਚ ਲੱਗਣਾ ਤਹਿ ਹੋ ਗਿਆ। ਮੈਂ ਘਰ ਜਾ ਸਾਇਕਲ ਦੀ ਮੰਗ ਰੱਖ ਦਿੱਤੀ ਕਿਉਂਕਿ ਗਰਾਉਂਡ ਘਰ ਤੋਂ 4-5 ਮੀਲ ਪੈਂਦੀ ਸੀ ਤੇ ਜਾਣਾ ਵੀ ਸਕੂਲੋਂ ਹੋ ਕੇ ਸ਼ਾਮ ਨੂੰ ਸੀ।  ਸ਼ਾਮ ਨੂੰ ਵੱਡਾ ਭਰਾ ਘਰ ਆਇਆ ਤਾਂ ਕਲੇਸ਼ ਸ਼ੁਰੂ ਕਿ ਪੜ੍ਹਾਈ ਵੱਲ ਧਿਆਨ ਦੇ,ਖੇਡਣ ਵੱਲ ਨਹੀਂ। ਮੈਂ ਵੀ ਅੜ ਗਿਆ ਤਾਂ ਨਤੀਜਾ ਘਸੁੰਨ-ਮੁੱਕਿਆਂ ਦੀ ਸੁਗਾਤ। ਰਾਤ ਭੁੱਖਾ-ਭਾਣਾ ਸੌਂ ਗਿਆ। ਕੋਈ ਅੱਧੀ ਰਾਤ ਨੂੰ ਵਿਹੜੇ ਵਿਚ ਬਣੇ ਵਾਸ਼ਰੂਮ ਵਿਚ ਜਾਣ ਲਈ ਉੱਠਿਆ ਤਾਂ ਸੁੱਤ-ਉਨੀਂਦਾ ਜਿਹਾ। ਇਸ ਤਰ੍ਹਾਂ ਲੱਗਾ ਕਿ ਦਰਵਾਜ਼ੇ ਵਿਚ ਕੋਈ ਖੜ੍ਹਾ ਹੈ। ਬਸ ਫਿਰ ਕੀ ਸੀ, ਡਰ ਨਾਲ ਮੇਰੀਆਂ 'ਚੋਰ, ਚੋਰ' ਬੋਲਣ ਦੀਆਂ ਚੀਕਾਂ ਨਿਕਲ ਗਈਆਂ। ਘਰ ਦੇ ਸਾਰੇ ਜਾਗ ਪਏ ਤੇ ਮੇਰੇ ਵੱਲ ਦੌੜੇ। 'ਕਿੱਥੇ, ਕਿੱਥੇ', ਕਹਿ ਹਲੂਣਨ ਲੱਗੇ, ਪਰ ਉੱਥੇ ਕੁਝ ਵੀ ਨਹੀਂ ਸੀ। ਸਭ ਕਹਿਣ ਲੱਗੇ ਕਿ ਝੌਉਲਾ ਪਿਆ ਹੋਣਾ ਹੈ, ਮਾਰ-ਡਰ ਦੇ ਅਸਰ ਕਰਕੇ ਤੇ ਗੱਲ ਆਈ ਚਲਾਈ ਹੋ ਗਈ।  ਮੇਰਾ ਅੱਗੇ ਖੇਡਣ ਦਾ ਚਾਅ ਦਮ ਤੋੜ ਗਿਆ, ਸਦਾ ਸਦਾ ਲਈ। ਜਿਸ ਦਾ ਦੁੱਖ ਅੱਜ ਤੱਕ ਮਹਿਸੂਸ ਕਰ ਰਿਹਾ ਹਾਂ ਕਿ ਸ਼ਾਇਦ ਲੇਖਕ ਵਜੋਂ ਨਹੀਂ, ਮੇਰੀ ਪਛਾਣ ਇਕ ਹਾਕੀ ਦੇ ਭਾਰਤੀ ਟੀਮ ਦੇ ਖਿਡਾਰੀ ਦੀ ਹੁੰਦੀ ਕਿਉਂਕਿ ਉਸ ਕੈਂਪ ਦੇ ਬਹੁਤੇ ਸਾਥੀ ਖਿਡਾਰੀ ਭਾਰਤੀ-ਟੀਮ ਦੇ ਮੈਂਬਰ ਬਣੇ। ਇਹ ਉਹ ਸਮਾਂ ਸੀ ਜਦੋਂ ਟੀਮ ਦੇ ਤਕਰੀਬਨ ਸਾਰੇ ਖਿਡਾਰੀ ਪੰਜਾਬ ਦੇ ਹੀ ਹੁੰਦੇ ਸਨ। ਖ਼ੈਰ ਇਹ ਘਟਨਾ ਮੇਰੇ ਜੀਵਨ ਦੀ ਪਹਿਲੀ ਤੇ ਮੁੱਢਲੀ ਤ੍ਰਾਸਦੀ ਬਣ ਗਈ ਸੀ।

ਪੜ੍ਹਾਈ ਵੱਲੋਂ ਮਨ, ਧਿਆਨ ਕੁੱਝ ਉੱਖੜ ਜਿਹਾ ਗਿਆ ਸੀ ਤੇ ਉੱਤੋਂ ਵਿਸ਼ਾ ਵੀ ਨਾਨ-ਮੈਡੀਕਲ ਰੱਖ ਲਿਆ ਸੀ। ਸਾਇੰਸ ਦੀ ਮਾਡਲਿੰਗ ਵੱਲ ਧਿਆਨ ਲਾਉਣ ਦਾ ਯਤਨ ਕੀਤਾ, ਫਸਟਏਡ ਦੀ ਸਿਖਲਾਈ ਲੈਣ ਲੱਗਾ, ਪਰ ਧੁਰ-ਅੰਦਰ ਹਾਕੀ ਦੀ ਖੇਡ ਅਜੇ ਪੂਰੀ ਤਰ੍ਹਾਂ ਮਰੀ ਨਹੀਂ ਸੀ, ਜਿੱਥੇ ਕਿਤੇ ਮੈਚ ਹੋਣਾ ਵੇਖਣ ਤੁਰ ਪੈਣਾ। ਬਾਅਦ ਵਿਚ ਇਹ ਗੱਲ ਬੜੀ ਘਾਤਕ ਸਿੱਧ ਹੋਈ। ਹੋਇਆ ਇੰਝ ਕਿ ਗਿਆਰ੍ਹਵੀਂ ਜਮਾਤ ਵਿਚ ਪੜ੍ਹਦਾ ਸੀ। ਸਕੂਲ ਦੀ ਗਰਾਉਂਡ ਵਿਚ ਹਾਕੀ ਦਾ ਮੈਚ ਹੋ ਰਿਹਾ ਸੀ। ਭੌਤਿਕ ਵਿਗਿਆਨ ਦੇ ਪ੍ਰੈਕਟੀਕਲ ਦਾ ਪੀਰੀਅਡ ਸੀ ਤੇ ਪ੍ਰਯੋਗਸ਼ਾਲਾ ਗਰਾਉਂਡ ਦੇ ਐਨ ਸਾਹਮਣੇ ਸੀ। ਮੈਂ ਕਾਹਲੀ ਵਿਚ ਪ੍ਰੈਕਟੀਕਲ ਮੁਕਾ, ਮਾਸਟਰ ਨੂੰ ਵਿਖਾ ਕੇ ਦਰਵਾਜ਼ੇ ਤੋਂ ਬਾਹਰ ਆ ਕੇ ਬਰਾਂਡੇ ਵਿਚ ਖਲ੍ਹੋ ਕੇ ਵੇਖਣ ਲੱਗ ਪਿਆ। ਭੌਤਿਕ ਵਿਗਿਆਨ ਦੇ ਮਾਸਟਰ ਹਰਭਜਨ ਸਿੰਘ ਬਾਹਰ ਆ ਗਏ ਤੇ ਪੁੱਛਣ ਲੱਗੇ 'ਆਥੇ ਕਿਸ ਤਰ੍ਹਾਂ ?' ਮੈਂ ਕਿਹਾ ਪ੍ਰੈਕਟੀਕਲ ਮੁਕ ਗਿਆ ਸੀ ਤੇ ਤੁਹਾਨੂੰ ਚੈੱਕ ਕਰਾ ਕੇ ਬਾਹਰ ਆਇਆ ਹਾਂ। ਮੇਰੇ ਇਸ ਜਵਾਬ ਤੋਂ ਪਤਾ ਨਹੀਂ ਕਿਉਂ ਗੁੱਸੇ ਵਿਚ ਆ ਗਿਆ ਤੇ ਐਲਾਨ ਕਰ ਦਿੱਤਾ ਕੀ ਫਾਈਨਲ ਇਮਤਿਹਾਨ ਲਈ ਦਾਖ਼ਲਾ ਨਹੀਂ ਭੇਜਾਂਗਾ। ਇਸੇ ਗੱਲ ਤੋਂ ਦੋਵਾਂ ਵਿਚ ਤੂੰ-ਤੂੰ ਮੈਂ-ਮੈਂ ਹੋ ਗਈ। ਕਲਾਸ ਇੰਚਾਰਜ ਵੀ ਉਹੋ ਸੀ। ਦਾਖ਼ਲਾ ਉਸ ਨਹੀਂ ਲਿਆ ਤੇ ਸਕੂਲ ਵਿਚ ਰੌਲਾ ਪੈ ਗਿਆ। ਸਾਡਾ ਦੂਰ ਦਾ ਇਕ ਰਿਸ਼ਤੇਦਾਰ ਵੀ ਸਕੂਲ ਵਿਚ ਸਾਇੰਸ ਟੀਚਰ ਸੀ, ਉਸ ਦੇ ਯਤਨਾਂ ਨਾਲ ਦਾਖ਼ਲਾ ਗਿਆ ਕਿਉਂਕਿ ਸਭ ਸ਼ਰਤਾਂ ਪੂਰੀਆਂ ਕਰਦਾ ਸੀ, ਪਰ ਗੱਲ ਸਿਰੇ ਨਾ ਚੜੀ। ਮੇਰਾ ਮੂਡ ਬਹੁਤ ਖ਼ਰਾਬ ਹੋ ਗਿਆ ਸੀ ਤੇ ਧਾਰ ਲਿਆ ਕਿ ਇਸ ਮਾਸਟਰ ਕੋਲ ਨਹੀਂ ਪੜ੍ਹਨਾ, ਆਉਣਾ ਤੇ ਤ੍ਰਾਸਦੀ ਬਣ ਗਈ। ਮੇਰਾ ਉਹ ਇਕ ਸਾਲ ਬਰਬਾਦ ਹੋ ਗਿਆ। ਪ੍ਰਾਈਵੇਟ ਇਮਤਿਹਾਨ ਦੇਣ ਲਈ ਇਕ ਵਾਰ ਫੇਲ੍ਹ ਹੋਣਾ ਜ਼ਰੂਰੀ ਹੁੰਦਾ ਸੀ ਸੋ ਕੌੜਾ ਘੁੱਟ ਭਰਨਾ ਪਿਆ ਤੇ ਮੇਰੇ ਦੋ ਸਾਲ ਬਰਬਾਦ ਹੀ ਨਹੀਂ ਹੋਏ ਬਹੁਤ ਪਿੱਛੇ ਵੀ ਪੈ ਗਿਆ। ਆਰਟਸ ਵਿਸ਼ੇ ਵਿਚ ਪ੍ਰਾਈਵੇਟ ਗਿਆਰ੍ਹਵੀਂ ਪਾਸ ਕੀਤੀ। ਦੁਖਾਂਤ ਇਹ ਕਿ ਅਕੈਡਮੀ ਵਿਚ ਪੜ੍ਹਾਉਣ ਵਾਲਾ ਮੇਰਾ ਦੋਸਤ ਮਹਿੰਦਰ ਭੱਟੀ ਹੀ ਸੀ ਤੇ ਨਵੀਂ ਬਿਰਤੀ ਪਿਆਰ ਦੀ ਲਗਨ, ਸਹਿਪਾਠਨ ਆਸ਼ਿਕ ਕੁੜੀ ਗਾਉਂਦੀ, ਸੁਣਾਉਂਦੀ 'ਮੈਂ ਕਹੀਂ ਕਵੀ ਨਾ ਬਣ ਜਾਉਂ ਤੇਰੇ ਪਿਆਰ ਮੇਂ ਓ ਕਵਿਤਾ' ਉਹ ਤਾਂ ਕਵੀ ਨਾ ਬਣੀ, ਪਰ ਮੈਂ ਬਣ ਗਿਆ। ਵਿਡੰਬਨਾ ਇਹ ਕਿ ਪਹਿਲਾ ਪਿਆਰ ਦਾ ਯਤਨ ਹੀ ਅਸਫ਼ਲ। ਕਾਰਨ ਉਹ ਘਰ ਆਉਣ-ਜਾਣ ਲੱਗੀ ਤੇ ਇਕ ਦਿਨ ਮੈਨੂੰ ਚੁੰਮਦੀ ਨੂੰ ਮੌਕੇ ਤੇ ਮੇਰੀ ਮਾਂ ਨੇ ਆਣ ਉੱਤੋਂ ਫੜ ਲਿਆ। ਉਹ ਤਾਂ ਸ਼ਰਮ ਦੇ ਮਾਰੇ ਚਲੀ ਗਈ, ਪਰ ਮੈਨੂੰ ਝਾਈ ਜੀ ਨੇ 'ਸ਼ਾਮ ਨੂੰ ਭਾਪਾ ਜੀ ਨੂੰ ਦੱਸ ਦੇਣ ਦੀ ਧਮਕੀ' ਦੇ ਦਿੱਤੀ।

ਡਰਦਿਆਂ ਡਰਦਿਆਂ ਸ਼ਾਮ ਬਿਤਾਈ ਕਿ ਕੁਝ ਵਾਪਰਿਆ ਨਹੀਂ। ਸ਼ਾਇਦ ਉਨ੍ਹਾਂ ਨਹੀਂ ਸੀ ਦੱਸਿਆ ਪਰ ਕੁਦਰਤ ਦੀ ਮਾਰ ਕਿ ਰਿਸ਼ਤੇ ਵਿਚ ਭਰਜਾਈ ਬਣ ਵਿਆਹੀ ਸਾਡੇ ਘਰਾਂ ਵਿਚ ਆ ਗਈ। ਖ਼ੁਦ ਵਿਚ ਹੀ ਸ਼ਰਮਸ਼ਾਰ ਮਹਿਸੂਸਦਾ ਰਿਹਾ ਤੇ ਕਦਮ ਗ਼ਲਤ ਰਾਹੇ ਹੋ ਤੁਰੇ।  ਗ਼ਲਤ ਕਦਮ ਤੋਂ ਭਾਵ ਪਿਆਰ ਵਿਚ ਆਵਾਰਗੀ। ਗਰਮੀਆਂ ਦੀ ਇਕ ਸ਼ਾਮ ਚੁਬਾਰੇ ਦੀ ਛੱਤ 'ਤੇ ਘੁੰਮਦਿਆਂ ਦੂਸਰੀ ਗਲੀ ਵਿਚਲੇ ਇਕ ਘਰ ਦੀ ਛੱਤ ਤੋਂ ਦੋ ਹੱਥਾਂ ਨੂੰ ਅਪਣੇ ਵੱਲ ਇਸ਼ਾਰਾ ਕਰਦਿਆਂ ਮਹਿਸੂਸ ਕੀਤਾ। ਗਹੁ ਨਾਲ ਵੇਖਿਆ ਤਾਂ ਇਕ ਕੁੜੀ ਸੀ ਅਣਦੇਖੀ,ਅਣਜਾਣੀ ਜਹੀ। ਮਨ ਵਿਚ ਸਵੈ-ਸੰਵਾਦ ਹੋਣ ਲੱਗਾ। ਅੱਗਲੇ ਦਿਨ ਘਰ ਦੇ ਗਲੀ ਵੱਲ ਖੁੱਲ੍ਹਦੇ ਦਰਵਾਜ਼ੇ ਵਿਚ ਖੜ੍ਹਾ ਸੀ ਕਿ ਗਲੀ ਵਿਚੋਂ ਲੰਘਦੀ ਕੁੜੀ ਨੂੰ ਆਪਣੇ ਵੱਲ ਮੁਸਕਾਉਂਦੀ ਵੇਖਦੀ ਦਾ ਅਹਿਸਾਸ ਹੋਇਆ। ਮੈਂ ਹੈਰਾਨੀ ਨਾਲ ਵੇਖਦਾ, ਝੱਕਦਾ ਅੰਦਰ ਵੱਲ ਮੁੜ ਗਿਆ। ਅਜੇ ਦੋ ਕਦਮ ਵੀ ਨਹੀਂ ਸੀ ਤੁਰਿਆ ਕਿ ਮੇਰੇ ਪੈਰਾਂ ਵਿਚ ਇਕ ਕਾਗਜ਼ ਦਾ ਗੋਲਾ ਆਣ ਡਿੱਗਾ। ਚੁੱਕ ਕੇ ਵੇਖਿਆ ਤਾਂ ਪ੍ਰੇਮ-ਪੱਤਰ ਸੀ। ਪੜ੍ਹਿਆ ਤਾਂ ਸਭ ਸਪੱਸ਼ਟ ਹੋ ਗਿਆ ਕਿ ਕੱਲ੍ਹ ਸ਼ਾਮ ਹਿੱਲਦੇ ਹੱਥ ਕਿਸਦੇ ਸਨ ਤੇ ਮੁਸਕਾਉਂਦਾ ਚਿਹਰਾ ਕਿਸਦਾ ਸੀ। ਕੱਲ੍ਹ ਉਡੀਕਣ ਦੀ ਗੱਲ ਵੀ ਉਸ ਪੱਤਰ ਵਿਚ ਸੀ ਤੇ ਮੈਂ ਹੈਰਾਨ-ਪ੍ਰੇਸ਼ਾਨ ਸੋਚੀਂ ਪਿਆ ਸੀ। ਅਗਲਾ ਦਿਨ ਵੀ ਆ ਗਿਆ ਤੇ ਪ੍ਰਸ਼ਨ ਬਣੀ ਉਡੀਕ ਵੀ। ਬਾਰੀ ਵਿਚ ਬੈਠਾ ਸਾਂ ਕਿ ਉਸ ਗਲੀ ਵਿਚੋਂ ਲੰਘਦਿਆਂ ਮੇਰੇ ਵੱਲ ਵੇਖ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਹੈਰਾਨੀ ਭਰੇ ਮਨ ਨਾਲ ਘਰੋਂ ਉਸ ਦੇ ਪਿੱਛੇ ਨਿਕਲ ਤੁਰਿਆ। ਗਲੀ ਪਾਰ ਕਰ ਉਹ ਰੁਕ ਗਈ ਤੇ ਪਿੱਛੇ ਆਉਂਦੇ ਮੇਰੇ ਵੱਲ ਵੇਖਣ ਲੱਗੀ। ਕੋਲ ਪਹੁੰਚਿਆ ਤਾਂ ਕਦਮ ਮਿਲਾ ਨਾਲ ਤੁਰ ਪਈ ਤੇ ਤੁਰ ਪਿਆ ਗੱਲਾਂ ਦਾ ਇਕ ਸਿਲਸਿਲਾ। ਜਿਸ ਵਿਚ ਅਲ੍ਹੜ ਉਮਰ ਦੇ ਜਜ਼ਬਾਤ ਸਨ, ਪਿਆਰ ਦੇ ਵਾਅਦੇ ਸਨ, ਮਿੱਠੀਆਂ ਯਾਦਾਂ ਦਾ ਅਹਿਸਾਸ ਜਿਹਾ ਕੁਝ। ਮੈਂ ਸੁਣ-ਸੁਣ ਹੈਰਾਨ ਸਾਂ ਕਿ ਮੈਂ ਭੌਂਦੂ ਜਿਹਾ ਇੰਨਾਂ ਅਣਜਾਣ। ਅਵਾਰਾ, ਬੇਮੰਜ਼ਿਲੇ ਸਫ਼ਰ ਦੇ, ਦੋ-ਰਾਹੀ ਸੜਕਾਂ-ਗਲੀਆਂ ਵਿਚ ਆਵਾਰਾ ਭਟਕ ਰਹੇ ਸਨ। ਇਹ ਉਸ ਪਿਆਰ ਦਾ ਪਹਿਲਾ ਤੇ ਆਖ਼ਰੀ ਸਫ਼ਰ ਸੀ ਕਿਉਂਕਿ ਰਿਸ਼ਤੇ ਵਿਚ ਲੱਗਦੇ ਇਕ ਭਰਾ ਨੇ ਸਾਰੀ ਖੇਡ ਇਸ਼ਾਰਿਆਂ ਵਿਚ ਬਦਲ ਕੇ ਆਪਣੇ ਪਾਸੇ ਕਰ ਲਈ ਸੀ। ਮੈਂ ਉਹ ਵਰਤਾਰਾ ਗ਼ਲਤ-ਫ਼ਹਿਮੀ ਸਮਝ ਮਨੋ-ਸਦਾ ਲਈ ਵਿਸਾਰ ਦਿੱਤਾ।

ਇਹੋ ਉਹ ਸਮਾਂ ਹੈ ਜਦੋਂ ਪ੍ਰਮਿੰਦਰਜੀਤ ਨਾਲ ਮੇਲ ਹੋਇਆ ਤੇ ਸਾਹਿਤਕ ਰੁਚੀ ਪ੍ਰਬਲ ਹੋਈ। ਸਾਡਾ ਪਹਿਲਾ ਗੱਲਬਾਤ ਦਾ ਮੁੱਦਾ ਸ਼ਿਵ ਕੁਮਾਰ ਬਟਾਲਵੀ ਸੀ, ਜਿਸ ਨੂੰ ਉਹ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲੈਂਦਾ, ਉਦੋਂ ਉਹ ਨਵਾਂ-ਨਵਾਂ ਨੰਗਲ ਤੋਂ ਕੰਮ ਦੀ ਭਾਲ ਵਿਚ ਅੰਮ੍ਰਿਤਸਰ ਵੱਲ ਤੁਰ ਆਇਆ ਸੀ। ਸਾਡੀ ਉਹ ਮਿਲਣੀ ਦੀ ਸਾਂਝ ਅੱਜ ਤੱਕ ਜੀਵਤ ਹੈ। ਉਸ ਦਿਨ ਹੋਈਆਂ ਗੱਲਾਂ ਦਾ ਅੱਜ ਤੇ ਯਾਦ ਨਹੀਂ ਪੂਰਾ ਮੁਹਾਂਦਰਾ, ਪਰ ਉਸ ਵਿਚਲੀ ਗੰਭਿਰਤਾ ਤੇ ਸੱਚਾਈ ਅੱਜ ਤੱਕ ਭੁੱਲੀ ਵਿਸਰੀ ਨਹੀਂ। (ਬਾਕੀ ਅਗਲੇ ਹਫ਼ਤੇ)
-ਅਵਤਾਰ ਜੌੜਾ, ਜਲੰਧਰ
 
ਹਰ ਤਾਜ਼ਾ ਸੂਚਨਾ ਜਾਣਨ ਲਈ ਸਾਡੇ ਨਾਲ ਫੇਸਬੁੱਕ ਅਤੇ ਟਵਿੱਟਰ 'ਤੇ ਜੁੜੋ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger