Home » , , , , , , » ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-4

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨ ਗਾਥਾ। ਅਵਤਾਰ ਜੌੜਾ-4

Written By Editor on Sunday, February 23, 2014 | 00:00

punjabi writer avtar jauda
ਪੰਜਾਬੀ ਲੇਖਕ ਅਵਤਾਰ ਜੌੜਾ
ਇਹ ਅੱਥਰਾ ਘੋੜਾ ਕਦੇ ਟਾਂਗੇ ਅੱਗੇ ਵੀ ਨਹੀਂ ਜੁਤਿਆ
ਤੇ ਨਾ ਹੀ ਕੋਈ ਇਸ ਦੀ ਸਵਾਰੀ ਕਰ ਸਕਿਐ
ਅਸਤਬਲ ਦੀਆਂ ਕੱਚੀਆਂ ਕੰਧਾਂ ਉਹਲੇ
ਖੁਰਲੀਆਂ 'ਤੇ ਜੀਊਣਾ ਇਸ ਦੀ ਫ਼ਿਤਰਤ ਨਹੀਂ।
ਇਸ ਦਾ ਸਫ਼ਰ ਚੌਰਾਹੇ ਦੁਆਲੇ ਨਹੀਂ,
ਚੌਰਾਹੇ ਤੋਂ ਨਿਕਲਦੀਆਂ ਚਾਰੇ ਸੜਕਾਂ ਉੱਤੇ ਹੁੰਦਾ-
ਆਪਣੀ ਦਿਸ਼ਾ, ਆਪਣੀ ਮੰਜ਼ਿਲ
ਅੱਥਰਾ ਘੋੜਾ ਮਲਕੜੇ ਮਲਕੜੇ ਤੁਰਦਾ ਹੈ
ਬਸ, ਆਪਣੀ ਮਸਤ ਚਾਲੇ।  ਬੀਤਿਆ ਅਤੀਤ, ਬੀਤਿਆ ਬਚਪਨ ਕਦੇ ਵਾਪਿਸ ਨਹੀਂ ਆਉਂਦਾ, ਬਹੁੜਦਾ, ਬਸ ਕੁਝ ਯਾਦਾਂ, ਸਿਮਰਤੀਆਂ ਜੀਵੰਤ ਰਹਿ ਜਾਂਦੀਆਂ ਹਨ। ਕੁਝ ਅਤੀਤ ਵਿਚ ਲੋਪ ਤੇ ਕੁਝ ਅਨੁਭਵ ਬਣ ਵਕਤ ਦੇ ਅੰਗ ਸੰਗ, ਜੀਵਨ ਦੇ ਨਾਲ-ਨਾਲ ਤੁਰਦੀਆਂ ਰਹਿੰਦੀਆਂ ਹਨ। ਮੇਰੀ ਕਵਿਤਾ 'ਅੱਥਰਾ ਘੋੜਾ' ਦਾ ਉਪਰੋਕਤ ਅੰਸ਼ ਅਤੀਤ ਦੀਆਂ ਕੁਝ ਅਜਿਹੀਆਂ ਸਿਮਰਤੀਆਂ ਦੇ ਅਨੁਭਵ ਦਾ ਪ੍ਰਤੀਫਲ ਹਨ। ਇਨ੍ਹਾਂ ਵਿਚ ਮੇਰਾ ਸੁਭਾਅ ਸੰਚਿਤ ਹੈ, ਜੋ ਕਈ ਦੁੱਖਦਾਈ ਹਾਦਸਿਆਂ, ਘਟਨਾਵਾਂ ਲਈ ਜ਼ਿੰਮੇਵਾਰ, ਅਧਾਰ ਸੀ। ਮੇਰੇ ਬਚਪਨ ਦੇ ਮੁੱਢਲੇ ਵਰ੍ਹੇ ਬਸਤੀ ਦੇ ਪੇਂਡੂ ਮਾਹੌਲ, ਵਾਤਾਵਰਨ ਵਿਚ ਬੀਤੇ। ਖੁੱਲਾ-ਡੁੱਲ੍ਹਾ ਜੀਵਨ, ਵਾਤਾਵਰਨ, ਖਾਣ-ਪੀਣ, ਵਰਤਾਰਾ ਮੌਜਾਂ ਹੀ ਮੌਜਾਂ, ਨਾਨਕੇ-ਦਾਦਕੇ ਦੋਨਾਂ ਘਰਾਂ ਵਿਚ ਲਵੇਰੇ, ਦੁੱਧ-ਮਲਾਈ ਖੁੱਲ੍ਹੀ, ਕਦੇ ਆਪੇ ਮਿਲ ਜਾਂਦੀ ਤੇ ਕਦੇ ਮਨ ਕਰਨ 'ਤੇ ਵਿਹੜੇ 'ਚ ਪੌੜੀ ਥੱਲੇ ਬਣੇ ਚੁੱਲ੍ਹੇ ਵਿਚ ਹਲਕੇ ਸੇਕ 'ਤੇ ਹਾਂਡੀ ਵਿਚ ਕੜ੍ਹਦੇ ਦੁੱਧ ਤੋਂ ਚੋਰੀ ਖਾ ਜਾਂਦੇ। ਇਸੇ ਤਰ੍ਹਾਂ ਸੁੱਕੀ ਰੋਟੀ ਵਿਚ ਚੋਰੀ ਕੀਤਾ ਮੱਖਣ ਰੱਖ, ਰੋਲ ਬਣਾ ਖਾਂਦੇ, ਖੇਡਦੇ ਬਾਹਰ ਦੌੜ ਜਾਂਦੇ। ਦੌੜ ਘਰਾਂ ਦੀਆਂ ਕੰਧਾਂ ਉਲੰਘ ਬਾਹਰ ਖੇਤਾਂ 'ਚੋਂ ਹੁੰਦੀ ਕਦੇ ਮਸਾਨਾਂ, ਕਦੇ ਵੱਗਦੇ ਖੂਹ 'ਤੇ ਜਾ ਮੁੱਕਦੀ ਹੁੰਦੀ ਸੀ। ਵੱਗਦੇ ਖੂਹ ਦੇ ਨਾਲ ਕੱਚੇ ਬਣੇ ਚੁਬੱਚੇ ਵਿਚ ਕਦੇ ਜੱਟ-ਜੱਟੀਆਂ ਤਾਜ਼ੀਆਂ ਪੁੱਟੀਆਂ ਗਾਜਰਾਂ, ਕਦੇ ਸ਼ਲਗਮ ਤੇ ਕਦੇ ਮੂਲ਼ੀਆਂ ਧੋ ਰਹੇ ਹੁੰਦੇ ਤਾਂ ਅਸੀਂ ਵੀ ਨਾਲ ਕੰਮ ਵਿਚ ਜੁੱਟ ਜਾਂਦੇ। ਮਕਸਦ ਸਹਾਇਤਾ ਕਰਨਾ ਨਹੀਂ, ਵਿਚ ਵਿਚ ਚੋਰੀ-ਚੋਰੀ ਖਾਣ ਦਾ ਹੁੰਦਾ ਸੀ। ਮਾਲਕ ਕੋਈ ਨਾ-ਨੁੱਕਰ ਤਾਂ ਕਦੇ ਕਰਦੇ ਨਹੀਂ ਸਨ, ਪਰ ਸਾਡਾ ਮਨ ਖ਼ੁਸ਼, ਇਹ ਸੋਚ ਕਿ ਜਿਵੇਂ ਬਹੁਤ ਵੱਡੀ ਮੱਲ੍ਹ ਮਾਰ ਲਈ ਹੋਵੇ। ਬਹੁਤੀ ਗਰਮੀ ਹੋਣੀ ਤਾਂ ਨੰਗੇ-ਧੜੰਗੇ ਹੋ ਨਹਾਉਣ ਲੱਗਦੇ। ਇਕ ਦੂਜੇ 'ਤੇ ਪਾਣੀ ਸੁੱਟਦੇ, ਖੇਤਾਂ ਵਿਚ ਮਿੱਟੀ 'ਚ ਲੇਟਦੇ, ਪਲਸੇਟੇ ਮਾਰਦੇ, ਮਿੱਟੀ ਵਿਚ ਲਿੱਬੜ, ਧੜੈਂ ਆ ਚੁੱਬਚੇ ਵਿਚ ਛਾਲ ਮਾਰਦੇ। ਇਸੇ ਤਰ੍ਹਾਂ ਕਰਦਿਆਂ ਸਮਾਂ ਬੀਤਦੇ ਦਾ ਕੋਈ ਖ਼ਿਆਲ ਨਾ ਰਹਿੰਦਾ। ਕਦੇ ਖੂਹ ਗੇੜਣ ਲਈ ਗਾਧੀ 'ਤੇ ਜਾ ਬੈਠਦੇ। ਸਰਦੀਆਂ ਵਿਚ ਸ਼ਾਮ ਖੇਤਾਂ ਵਿਚ ਪੁੱਟੇ ਜਾ ਚੁੱਕੇ ਆਲੂਆਂ ਦੀ ਰਹਿੰਦ-ਖੂੰਦ ਛਾਣਦੇ। ਛੋਟੇ-ਛੋਟੇ ਆਲੂ ਚੁਣ, ਘਰ ਕੋਲ ਭਠਿਆਰਣ ਦੀ ਭੱਠੀ ਵਿਚ ਜਾ ਆਲੂ ਸੁੱਟਦੇ। ਭੱਠੀ ਦੇ ਕਿਨਾਰੇ ਬੈਠ ਅੱਗ ਸੇਕਦੇ ਤੇ ਨਾਲ ਭੱਠੀ ਵਿਚੋਂ ਸੇਕ ਵਿਚ ਭੁੱਜੇ ਆਲੂ ਕੱਢ ਛਿੱਲ-ਛਿੱਲ ਖਾਂਦੇ, ਖੇਡਦੇ। ਉਹ ਆਲਮ ਵੀ ਇਕ ਬੇਫ਼ਿਕਰੀ ਦਾ ਇਕ ਮਸਤ ਆਲਮ ਹੁੰਦਾ ਸੀ। ਦੁਪਹਿਰੇ ਉਸੇ ਭੱਠੀ 'ਤੇ ਰੋਟੀ ਲੁਆਉਣ ਆਈਆਂ ਕੁੜੀਆਂ-ਚਿੜੀਆਂ ਆਪਣੇ ਦਿਲਾਂ ਦੇ ਭੇਦ ਸਾਂਝੇ ਕਰਦੀਆਂ ਤਾਂ ਭਠਿਆਰਣ ਚੋਰੀ-ਚੋਰੀ ਕੰਨਸੋਅ ਲੈਂਦੀ ਰਹਿੰਦੀ। ਘਰ ਦੀਆਂ ਔਰਤਾਂ ਘਰ ਦੇ ਝਗੜੇ-ਝੇੜੇ, ਨਿੰਦਾ-ਚੁਗਲੀ ਦੇ ਕਿੱਸੇ ਛੇੜ ਬਹਿੰਦੀਆਂ। ਸਾਨੂੰ ਵੀ ਚੋਰੀ ਸੁਣਨ ਦਾ ਚੱਸਕਾ ਪੈ ਚੁੱਕਾ ਸੀ। ਪੈਂਦੀ ਰਾਤ ਨੂੰ ਸਾਡੀਆਂ ਗੱਲਾਂ ਵਿਚ ਉਹ ਕਿੱਸੇ ਆ ਜੁੜਦੇ। ਸ਼ਾਮ ਨੂੰ ਭੱਠੀ 'ਤੇ ਦਾਣੇ ਭੁਨਾਉਣ ਆਉਂਦੇ ਤਾਂ ਆਨੇ-ਬਹਾਨੇ ਭਠਿਆਰਣ ਤੋਂ ਸੁਣਦੇ। ਉਹ ਵੀ ਲੂਣ-ਮਸਾਲੇ ਲਾ, ਚੱਸਕੇ ਨਾਲ ਕੁਝ ਕੋਲੋਂ ਲਾ-ਜੋੜ ਵਧਾ-ਘਟਾ ਸੁਣਾਉਂਦੀ।  

ਜੇ ਦੌੜ ਮਸਾਨਾਂ ਤੱਕ ਹੁੰਦੀ ਤਾਂ ਉਸ ਦਾ ਨਜ਼ਾਰਾ ਅਲੱਗ ਹੁੰਦਾ। ਮਸਾਨਾਂ ਬਹੁਤ ਵੱਡੀਆਂ ਸਨ। ਸਸਕਾਰ ਲਈ ਅੰਗੀਠੇ ਇਕ ਪਾਸੇ ਸਨ, ਛੱਤੇ, ਅਣਛੱਤੇ। ਨਹਾਉਣ ਲਈ ਬੰਬੀ ਲੱਗੀ ਸੀ ਤੇ ਟੂਟੀਆਂ ਵੀ। ਬਸਤੀ ਵਾਲੇ ਸਵੇਰੇ ਸੈਰ ਕਰਦੇ ਮਸਾਨੀ ਪਹੁੰਚ ਕਸਰਤ ਕਰਦੇ ਜਾਂ ਇਕ ਪਾਸੇ ਬਣੇ ਅਖਾੜੇ ਵਿਚ ਕੁਸ਼ਤੀਆਂ ਕਰਨ ਬਾਅਦ ਟੂਟੀਆਂ ਥੱਲੇ ਨਹਾ ਘਰੀਂ ਪਰਤ ਜਾਂਦੇ।  ਮੁੜ ਦੌੜ ਖੇਡ ਬਹਾਨੇ ਬਾਅਦ ਵਿਚ ਜਦ ਮਸਾਨੀ ਪਹੁੰਚਦੇ ਤਾਂ ਲਾਲਚ, ਮਕਸਦ ਅਮਰੂਦ ਹੁੰਦੇ ਸਨ। ਸਵੇਰੇ ਆਇਆਂ ਜੋ ਤਾੜ ਜਾਂਦੇ ਸਾਂ, ਬਾਅਦ ਵਿਚ ਖੇਡ ਬਹਾਨੇ ਆਉਂਦੇ ਉਹੀ ਤੋੜ-ਤੋੜ ਖਾਂਦੇ। ਮਸਾਨਾ ਵਿਚ ਇਕ ਪਾਸੇ ਅਮਰੂਦਾਂ ਦੇ ਬਹੁਤ ਬੂਟੇ ਲੱਗੇ ਹੋਏ ਸਨ ਤੇ ਉਨ੍ਹਾਂ ਨੂੰ ਅਮਰੂਦ ਵੀ ਬਹੁਤ ਲੱਗਦੇ ਸਨ। ਵੱਡੇ ਮਸਾਨੀ ਲੱਗੇ ਹੋਣ ਕਰਕੇ, ਵਹਿ-ਭਰਮ ਕਰਦੇ ਖਾਂਦੇ ਨਹੀਂ ਸਨ। ਪਰ ਸਾਨੂੰ ਬੱਚਿਆਂ ਨੂੰ ਵਹਿ-ਭਰਮ ਦੀ ਕੀ ਸਮਝ, ਪਛਾਣ? ਸਵਾਦ ਦਾ ਲਾਲਚ ਤੇ ਕੋਈ ਬੰਦਿਸ਼, ਪਰਹੇਜ਼ ਵੀ ਨਹੀਂ ਸੀ। ਮੈਨੂੰ ਯਾਦ ਹੈ ਕਈ ਵਾਰ ਤਾਂ ਹੱਸਦੇ ਆਏ ਢਿੱਡੀਂ ਪੀੜ ਲੈ, ਰੌਂਦੇ-ਕੁਰਲਾਂਦੇ ਘਰੀਂ ਪਰਤਦੇ ਹੁੰਦੇ ਸਾਂ। ਪਰ ਅਗਲੇ ਪਲ ਭੁੱਲ ਭੁਲਾ ਫਿਰ ਉਹੀ ਚਸਕਾ। ਮੈਨੂੰ ਅੱਜ ਵੀ ਯਾਦ ਹੈ ਮਸਾਨਾਂ ਦੇ ਪਾਰ, ਪਿਛਲੇ ਪਾਸੇ ਸੰਮੀਂਪੁਰ ਤੱਕ ਉਦੋਂ ਰੇਤਲੇ ਟਿੱਬੇ ਹੁੰਦੇ ਸਨ, ਜੋ ਅੱਜ ਵੱਸੋਂ ਵਾਲੀਆਂ ਕਲੋਨੀਆਂ ਤੇ ਹਰਿਆਲੇ ਖੇਤਾਂ ਵਿਚ ਬਦਲ ਗਏ ਹਨ। ਉਨ੍ਹੀਂ ਦਿਨੀਂ ਰੇਤਲੇ ਟਿੱਬਿਆਂ 'ਤੇ ਦੌੜਨਾ, ਖੇਡਣਾ ਸਾਡਾ ਸ਼ੌਕ ਹੁੰਦਾ ਸੀ। ਗਰਮ ਰੇਤਾ ਵਿਚ ਖੇਡ, ਦੌੜ, ਟੂਟੀਆਂ ਥੱਲੇ ਧਾਰ ਹੇਠ ਨਹਾਉਣ ਦਾ ਆਪਣਾ ਮਜ਼ਾ, ਅਨੰਦ ਹੁੰਦਾ ਸੀ।
 ਸਾਡੇ ਮਸਾਨੀਂ ਖੇਡਣ ਆਉਣ ਤੋਂ ਘਰ ਵਾਲੇ ਵੀ ਘਬਰਾਉਂਦੇ ਰੋਕਦੇ ਵਰਜਦੇ ਸਨ। ਡਰਾਉਣ ਲਈ ਕਈ ਵਾਰ ਭੂਤ-ਪ੍ਰੇਤਾਂ ਦੀਆਂ ਕਹਾਣੀਆਂ, ਗੱਲਾਂ ਵੀ ਕਰਦੇ, ਸੁਣਾਉਂਦੇ ਸਨ। ਅੱਜ ਵੀ ਯਾਦ ਹੈ ਜਦੋਂ ਬਸਤੀ ਛੱਡ ਸ਼ਹਿਰ ਆ ਵਸੇ ਤਾਂ ਛੁੱਟੀਆਂ ਜਾਂ ਕੋਈ ਵੀ ਛੁੱਟੀ ਬਤੀਤ ਕਰਨ, ਮਨਾਉਣ ਬਸਤੀ ਦਾਦਕੇ ਹੀ ਜਾਂਦੇ ਸਾਂ। ਸ਼ਹਿਰ ਵਿਚੋਂ ਲੰਘਦੀ ਜੀ. ਟੀ. ਰੋਡ ਉਦੋਂ ਸ਼ਹਿਰ ਦੀ ਇਕ ਸੀਮਾ ਹੁੰਦੀ ਸੀ ਤੇ ਅਸੀਂ ਪੈਦਲ ਜਾਂ ਟਾਂਗਿਆਂ 'ਤੇ ਜਾਂਦੇ ਹੁੰਦੇ ਸੀ। ਪੈਦਲ ਰਸਤਾ ਤੇਜਮੋਹਨ ਤੇ ਅਸ਼ੋਕ ਨਗਰ ਵਿਚਲੀ ਸੜਕ ਤੋਂ ਹੁੰਦੇ ਬਸਤੀ ਜਾਂਦਾ ਸੀ। ਅੱਜ ਦਾ ਤੇਜਮੋਹਨ ਨਗਰ ਦੀ ਥਾਂ ਉਦੋਂ ਇੱਟਾਂ ਦਾ ਭੱਠਾ ਹੁੰਦਾ ਸੀ ਤੇ ਜਿੱਥੇ ਟੈਗੋਰ ਨਗਰ ਹੈ, ਉਥੇ ਬੇਰੀਆਂ। ਸ਼ਾਮ ਢਲਣ ਬਾਅਦ ਭੂਤ-ਪ੍ਰੇਤ, ਲੁੱਟ-ਖੋਹ ਤੋਂ ਡਰਦੇ ਕੋਈ ਉਧਰੋਂ ਲੰਘਦਾ ਨਹੀਂ ਸੀ ਹੁੰਦਾ। ਅਸੀਂ ਵੀ ਜਦੋਂ ਪੈਦਲ ਲੰਘਣਾ ਤਾਂ ਧਿਆਨ ਬੇਰੀਆਂ ਵੱਲ ਹੁੰਦਾ ਤੇ ਮੂੰਹ ਵਿਚ ਵਾਹਿਗੁਰ ਵਾਹਿਗੁਰ। ਡਰਦਿਆਂ ਬੇਰੀਆਂ ਪਾਰ ਕਰਦੇ ਸ਼ੁਕਰ ਮਨਾਉਂਦੇ।
ਮੁੱਢਲੇ ਬਚਪਨ ਦੀ ਤੀਜੀ ਦੌੜ ਦੀ ਦਿਸ਼ਾ ਬਸਤੀ ਵਿਚਲਾ ਛੱਪੜ ਹੁੰਦਾ, ਜੋ ਬਸਤੀ ਤੋਂ ਮਾਡਲ ਹਾਉਸ ਨੂੰ ਜਾਂਦੇ ਕੱਚੇ ਰਾਹ ਤੋਂ ਪਾਰ ਸੀ। ਬਸਤੀ ਦੀਆਂ ਔਰਤਾਂ ਉੱਥੇ ਕਪੜੇ ਧੋਂਦੀਆਂ, ਡੰਗਰ ਨਹਾਉਂਦੇ ਤੇ ਸਾਡੀ ਉਮਰ ਦੇ ਬੱਚੇ ਖੇਡਦੇ ਸਨ, ਖ਼ਾਸ ਕਰ ਗਰਮੀਆਂ ਦੀ ਰੁੱਤੇ। ਖੇਡ ਵੀ ਕੀ ਹੁੰਦੀ ਕਿ ਜਾਂ ਡੰਗਰਾਂ ਦੀ ਪਿੱਠ 'ਤੇ ਬੈਠ ਝੂਟੇ ਲੈਣਾ ਤੇ ਜਾਂ ਫਿਰ ਉਨ੍ਹਾਂ ਦੀ ਪੂਛ ਫੜ ਤਰਨ ਦਾ ਯਤਨ ਕਰਨਾ। ਚੌਥੀ ਦੌੜ ਦੀ ਦਿਸ਼ਾ ਭੱਠੀ ਨੇੜਲਾ ਗਲੀ ਦੇ ਮੋੜ 'ਤੇ ਲੱਗਾ ਬਰਨੇ ਦਾ ਰੁੱਖ ਜੋ ਬਹੁਤ ਛਾਂਦਾਰ ਸੀ, ਗਰਮੀਆਂ ਨੂੰ ਦੁਪਹਿਰ ਉਸ ਦੀ ਛਾਂਵੇ ਬੈਠਣਾ ਤੇ ਖੇਡਣਾ। ਗਲੀ ਦੇ ਇਕ ਪਾਸੇ ਰੁੱਖ ਸੀ ਤੇ ਦੂਜੇ ਪਾਸੇ ਪਾਣੀ ਦਾ ਨਲਕਾ ਤਾਂ ਜੋ ਰਾਹਗੀਰ ਪਾਣੀ ਪੀ ਪਿਆਸ ਮਿਟਾਉਣ ਤੇ ਰੁੱਖ ਦੀ ਛਾਂਵੇਂ ਅਰਾਮ ਕਰਨ। ਸਾਡੀ ਖੇਡ ਆਮ ਤੌਰ 'ਤੇ ਗੇਂਦ-ਗੀਟੇ ਜਾਂ ਬਲੌਰੀ ਬੰਟਿਆਂ ਨਾਲ ਕੱਲੀ-ਜੋਟਾ।

ਗਰਮੀਆਂ ਵਿਚ ਦੁਪਹਿਰੇ ਪੰਜਵੀਂ ਦੌੜ ਦੀ ਦਿਸ਼ਾ ਨਾਨਕੇ ਘਰ ਪਿੱਛੇ ਖੇਤ ਕਿਨਾਰੇ ਲੱਗੀਆਂ ਟਾਹਲੀਆਂ ਦੀ ਛਾਂ ਹੁੰਦੀ ਸੀ। ਘਰਾਂ ਵਿਚ ਬਿਜਲੀ ਦੇ ਪੱਖੇ ਨਹੀ ਸਨ ਹੁੰਦੇ। ਪੱਖੇ ਕੀ ਹੋਣੇ ਸਨ ਉਦੋਂ ਤੱਕ ਅਜੇ ਬਹੁਤੇ ਘਰਾਂ ਵਿਚ ਬਿਜਲੀ ਹੀ ਨਹੀਂ ਸੀ ਪਹੁੰਚੀ। ਦੁਪਹਿਰ ਟਾਹਲੀਆਂ ਦੀ ਛਾਂਵੇਂ ਬੀਤਦੀ। ਕਦੀ ਬੰਟੇ ਤੇ ਕਦੀ ਸਟਾਪੂ ਖੇਡਦਿਆਂ, ਕਦੇ ਮੌਜ਼ ਵਿਚ ਆਏ ਲੰਮੀ ਛਾਲ ਮਾਰਨ ਦਾ ਮੁਕਾਬਲਾ ਕਰਦੇ। ਘਰ ਦੇ ਮੰਜੀਆਂ ਧਰ ਜਾਂਦੇ ਤੇ ਦੁਪਹਿਰ ਦੀ ਰੋਟੀ ਉੱਥੇ ਹੀ ਬੈਠ ਖਾਂਦੇ ਤੇ ਅਰਾਮ ਕਰਨ ਲਈ ਸੌਂ ਜਾਂਦੇ। ਥਕਾਵਟ ਤੇ ਖੁੱਲੀ ਹਵਾ, ਪਤਾ ਹੀ ਨਾ ਲੱਗਦਾ ਕਦੋਂ ਅੱਖ ਲੱਗ ਜਾਂਦੀ। ਬਚਪਨ ਦੇ ਪਹਿਲੇ ਚਾਰ ਕੁ ਸਾਲ ਇਸ ਤਰ੍ਹਾਂ ਬੇਫ਼ਿਕਰੀ, ਮੌਜ-ਮਸਤੀ, ਬੰਦਿਸ਼ਾਂ ਮੁਕਤ ਕਦ ਬੀਤ ਗਏ, ਕੁਝ ਪਤਾ ਹੀ ਨਾ ਲੱਗਾ। ਕੁਝ ਸੁਰਤ ਸੰਭਾਲੀ ਤਾਂ ਦਾਦਾ-ਦਾਦੀ ਨੂੰ ਬਸਤੀ ਛੱਡ ਪਰਿਵਾਰ ਨੇ ਸ਼ਹਿਰ ਦਾ ਰੁਖ ਕਰ ਲਿਆ। ਕੁਝ ਭਾਪਾ ਜੀ ਦੀ ਚਿੰਤਾ ਦਾ ਮਸਲਾ ਰੋਜ਼ੀ-ਰੋਟੀ ਤੇ ਸਾਡੀ ਪੜ੍ਹਾਈ ਦਾ ਸੀ। ਇਸ ਤਰ੍ਹਾਂ ਪੇਂਡੂ ਮਾਹੌਲ ਤੋਂ ਸ਼ਹਿਰੀ ਮਾਹੌਲ ਵੱਲ ਮੁਹਾਰ ਮੋੜਨੀ ਸਾਨੂੰ ਅਜੀਬ ਮਹਿਸੂਸ ਹੋ ਰਹੀ ਸੀ। ਖੁੱਲ੍ਹੀ ਹਵਾ, ਥਾਂ ਦਾ ਬਦਲ ਸ਼ਹਿਰ ਦੀ ਭੀੜ, ਗਲੀਆਾਂ ਦੀ ਤੰਗੀ ਰੜਕਣ ਲੱਗੀ। ਪਰ ਨਵੇਂ ਵਾਤਾਵਰਣ, ਗਵਾਂਢ ਦਾ ਚਾਅ ਵੀ ਸੀ। (ਬਾਕੀ ਅਗਲੇ ਹਫ਼ਤੇ )

-ਅਵਤਾਰ ਜੌੜਾ, ਜਲੰਧਰ

Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger