22 ਦਿਸੰਬਰ ਨੂੰ ਜੱਦ ਘਰ ਗੁਲਸ਼ਨ ਦਿਆਲ ਮਿਲਣ ਆਈ ਤਾਂ ਮਨ ਵਿਚ ਉਸ ਬਾਰੇ ਜਾਣਨ ਦੀ
ਬਹੁਤ ਜਗਿਆਸਾ, ਉਤਸੁਕਤਾ ਸੀ। ਪਰ ਜਦ ਆ ਪਹੁੰਚੀ ਤਾਂ ਮਨ ਦੀਆਂ ਮਨ ਵਿਚ ਰਹਿ ਗਈਆਂ। ਕਾਰਨ
ਮਿਲਦਿਆਂ ਉਸ ਮੇਰੇ ਬਾਰੇ ਜਾਣਨ ਲਈ ਹੀ ਉਲਟਾ ਪ੍ਰਸ਼ਨ ਦਾਗ਼ ਦਿੱਤੇ। ਪ੍ਰਸ਼ਨ ਵੀ ਨਿੱਜੀ ਜੀਵਨ
ਬਾਰੇ ਜੋ ਅਕਸਰ ਮੈਂ ਮਿੱਤਰ ਪਿਆਰਿਆਂ ਨਾਲ ਸਾਂਝੇ ਕਰਨ ਤੋਂ ਬਚਦਾ ਹੁੰਦਾ ਹਾਂ। ਕੁਝ
ਅਜੀਬ ਜਹੀਆਂ ਸੁਣੀਆਂ-ਵਾਪਰੀਆਂ ਗੱਲਾਂ, ਹਾਦਸਿਆਂ, ਘਟਨਾਵਾਂ ਕਰਕੇ, ਜਿਨ੍ਹਾਂ ਵਿਚਲੀ
ਸੱਚਾਈ, ਹਕੀਕਤ ਬਾਰੇ ਮੈਂ ਵੀ ਅਕਸਰ ਸੋਚੀਂ ਪੈ ਜਾਂਦਾ ਹਾਂ। ਸ਼ਾਇਦ ਇਸ ਕਰਕੇ ਵੀ ਕਿ
ਜਿਨ੍ਹਾਂ ਮੇਰੀਆਂ ਕਵਿਤਾਵਾਂ ਧਿਆਨ ਨਾਲ ਪੜ੍ਹੀਆਂ ਹੋਣ ਜਿਵੇਂ 'ਅੱਥਰਾ ਘੋੜਾ', 'ਖੰਡਿਤ
ਵਿਅਕਤਿਤੱਤਵ ਦੀ ਆਤਮਕਥ', 'ਮੈਂ ਜੋ ਕਦੇ ਅਬਾਬੀਲ ਸੀ', 'ਪਿਆਰ' ਆਦਿ। ਮੇਰੀਆਂ ਕਵਿਤਾਵਾਂ
ਮੇਰੇ ਜੀਵਨ, ਅਨੁਭਵ, ਅਹਿਸਾਸ ਦੀ ਅਭੀਵਿਅਕਤੀ ਹੀ ਤਾਂ ਹਨ। ਉਸ ਵਿਚਲੇ ਪਿਆਰ ਦਾ ਅਨੁਭਵ
ਮੇਰੀ ਹੰਢਾਈ, ਭੋਗੀ ਵਿਥਿਆ ਹੈ, ਕੋਈ ਕਾਲਪਣਿਕ ਵੇਰਵਾ-ਵਿਵਰਣ ਨਹੀਂ। ਪਰ ਇਹ ਭੇਤ, ਰਹੱਸ ਮੈਂ
ਕਦੇ ਕਿਸੇ ਨਾਲ ਸਾਂਝਾ ਨਹੀਂ ਕੀਤਾ।
 |
Punjabi Writer Avtar Jaura
ਅਵਤਾਰ ਜੌੜਾ |
ਪਰ ਗੁਲਸ਼ਨ ਬਜ਼ਿਦ ਸੀ ਕਿ ਮੈਂ ਆਪਣੇ, ਆਪਣੇ ਅਤੀਤ ਬਾਰੇ ਕੁਝ
ਦੱਸਾਂ, ਸੁਣਾਵਾਂ। ਉਸ ਦੇ
ਪ੍ਰਸ਼ਨਾਂ ਜਿਵੇਂ ਮੇਰੇ ਮੌਨ ਹੋਏ ਪਏ ਅਤੀਤ ਨੂੰ ਪਰਤ-ਦਰ-ਪਰਤ ਉਧੇੜ ਦਿੱਤਾ ਹੋਵੇ। ਉਸ ਪਲ
ਮੈਂ ਦੁਵਿਧਾ ਦਾ ਸ਼ਿਕਾਰ ਬਣ ਗਿਆ ਸੀ ਕਿ ਸੁਣਾਵਾਂ ਜਾਂ ਨਾ, ਜੇ ਸੁਣਾਵਾਂ ਤਾਂ ਕੀ?
ਛੱਡਾਂ ਤਾਂ ਕੀ? ਕਦੇ ਮੈਨੂੰ ਮੇਰਾ ਅਤੀਤ ਇਕ ਖ਼ਾਲੀ ਜੇਬ ਲੱਗਦਾ ਤੇ ਕਦੇ ਪ੍ਰਾਪਤੀਆਂ
ਭਰਪੂਰ। ਪਰ ਗੁੱਲ ਵਾਰ-ਵਾਰ ਸੁਣਾਨ ਨੂੰ ਕਹਿ ਰਹੀ ਸੀ, 'ਕਿ ਸਾਹਿਤ, ਕਵਿਤਾ ਦੀ ਕੋਈ ਗੱਲ
ਨਹੀਂ ਕਰਨੀਂ, ਆਪਣੇ ਬਾਰੇ ਹੀ ਦੱਸ।" ਮੈਂ ਕੁਝ ਅਣਚਾਹੇ ਮਨ ਨਾਲ ਕੁਝ ਮੋਟੇ-ਮੋਟੇ ਵੇਰਵੇ
ਦੱਸ ਦਿੱਤੇ। ਕੁਝ ਬਚਪਣ, ਕੁਝ ਪੜ੍ਹਾਈ, ਕੁਝ ਹੋਰ ਕੋਮਲ ਕਲਾਵਾਂ, ਸਭਿਆਚਾਰਕ ਸਰਗਰਮੀਆਂ
ਜਿਵੇਂ ਭੰਗੜਾ ਨਾਚ ਬਾਰੇ, ਪੰਜਾਬ ਵੱਲੋਂ ਵਿਦੇਸ਼ ਟੂਰ ਲਈ ਗਈ ਟੀਮ ਲਈ ਚੁਣੇ ਜਾਣ ਬਾਰੇ
ਦੱਸਿਆ। ਜਦੋਂ ਦੱਸਿਆ ਕਿ ਜਗਤ ਸਿੰਘ ਜੱਗਾ ਗਾਇਕ ਵਜੋਂ ਸਾਡੇ ਨਾਲ ਗਿਆ ਸੀ ਜਾਂ ਪੰਜਾਬ
ਦਾ
ਮਰਹੂਮ ਮੁੱਖ-ਮੰਤਰੀ ਬਿਅੰਤ ਸਿੰਘ ਸਾਡੇ ਗਰੁੱਪ ਦਾ ਲੀਡਰ ਸੀ। ਮਹਿੰਦਰ ਸਿੰਘ
ਡੰਗੋਰੀ, ਖੁਸ਼ਵੰਤ ਬਾਵਾ ਜਿਹੇ ਕਲਾਕਾਰ ਸਾਡੇ ਨਾਲ ਟੀਮ ਵਿਚ ਮੈਂਬਰ ਸਨ। ਕਿਵੇਂ ਨੌਵੀਂ
ਜਮਾਤ ਵਿਚ ਪੜ੍ਹਦਿਆਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਗੁਲਸ਼ਨ ਅਜਿਹੇ ਕੁਝ ਵੇਰਵੇ ਸੁਣ
ਪ੍ਰਭਾਵਿਤ ਹੋਈ ਹੋਵੇਗੀ। ਦੋ-ਢਾਈ ਘੰਟੇ ਮੈਂ ਬੋਲਦਾ ਗਿਆ ਤੇ ਉਹ ਸੁਣਦੀ ਗਈ। ਮੈਂ ਆਪੇ
ਬਸ
ਕਰ ਦਿੱਤੀ ਇਹ ਸੋਚ ਕਿ ਘਰ ਆਏ ਨੂੰ ਬਹੁਤਾ ਬੋਰ ਕਰਣਾ ਵੀ ਕੋਈ ਸ਼ਿਸ਼ਟਾਚਾਰ ਨਹੀਂ। ਪਰ ਉਹ
ਕੁਝ ਹੋਰ ਹੀ ਮਨ ਬਣਾਈ ਬੈਠੀ ਸੀ ਕਿ ਕਹਿਣ ਲੱਗੀ ਕਿ ਜੋ ਸੁਣਾਇਆ ਹੈ, ਉਹ ਕਿਸ਼ਤਵਾਰ
ਲਿਖਾਂ
ਤੇ ਫੇਸਬੁੱਕ 'ਤੇ ਪੇਸਟ ਕਰਾਂ। ਮੈਂ ਬਥੇਰੀ ਨਾਹ-ਨੁੱਕਰ ਕੀਤੀ। ਵਾਰਤਕ ਚੰਗੀ ਨਾ ਹੋਣ
ਦਾ
ਬਹਾਨਾ ਬਣਾਇਆ, ਪਰ ਉਹ ਟੱਸ ਤੋਂ ਮਸ ਨਾ ਹੋਈ ਤੇ ਕਹੀ ਜਾਵੇ ਸੋਚ, ਲਿਖ। ਉਸ ਪਰਵੇਜ਼
ਸੰਧੂ, ਆਪਣਾ ਤੇ ਕਈ ਹੋਰਾਂ ਦਾ ਹਵਾਲਾ ਵੀ ਦਿੱਤਾ। ਮੈਂ 'ਸੋਚਾਂਗਾ', 'ਯਤਨ' ਕਰਾਂਗਾ
ਕਹਿ
ਮੌਕਾ ਸੰਭਾਲਿਆ। ਸੋਚਿਆ ਕਿ ਫਿਰ ਕਿਸ ਨੂੰ ਯਾਦ ਰਹਿਣੈ, ਗੱਲ ਹੋਈ ਬੀਤੀ ਤੇ ਗਈ। ਪਰ
ਨਹੀਂ, ਜਾਂਦਿਆਂ ਹੀ ਗੁੱਲ ਦਾ ਸੁਨੇਹਾ ਸੀ ਕਿ 'ਕੋਸ਼ਿਸ਼ ਕਰੀਂ, ਭੁੱਲੀਂ ਨਾ। ਮੈਨੂੰ ਉਡੀਕ
ਰਹੇਗੀ' ਮੈਂ ਸੱਚ ਹੀ ਸੋਚੀਂ ਪੈ ਗਿਆ। ਕਵਿਤਾ ਬਾਰੇ ਹੋਈ, ਮਿਲੀ ਢਿੱਲੀ ਜਹੀ
ਪ੍ਰਤੀਕਿਰਿਆ
ਵੱਲੋਂ ਧਿਆਨ ਦੂਜੇ ਪਾਸੇ ਕਰਣ ਲਈ ਅਚਾਨਕ ਇਹ ਸਭ ਮਨ ਵਿਚ ਉਦੈ-ਅਸਤ ਹੋਣ ਲੱਗਾ। ਸੋਚਣ
ਲੱਗਾ ਕਿ ਯਤਨ,ਕੋਸ਼ਿਸ਼ ਵਿਚ ਕੀ ਹਰਜ ਹੈ ? ਚਲੋ ਇਹ ਵੀ ਪ੍ਰਯੋਗ ਕਰ ਵੇਖਦੇ ਹਾਂ।
ਫਿਰ
ਖ਼ਿਆਲ ਆਇਆ ਕਿ ਪੰਜ ਕੁ ਸਾਲ ਪਹਿਲਾਂ ਹੋਈ ਸਟਰੋਕ ਨਾਲ ਗਈ ਯਾਦ-ਸ਼ਕਤੀ ਅਜੇ
ਪੂਰੀ ਤਰ੍ਹਾਂ ਪਰਤੀ ਵੀ ਨਹੀਂ। ਫਿਰ ਗੁਲਸ਼ਨ ਦਾ ਕਿਹਾ ਦਿਮਾਗ਼ ਵਿਚ ਘੁੰਮਣ ਲੱਗਾ ਕਿ 'ਜੋ
ਵੀ ਯਾਦ ਆਵੇ ਉਹੀ ਲਿਖ ਲਵੀਂ, ਤਰਤੀਬ ਵਾਰ ਕੋਈ ਜ਼ਰੂਰੀ ਵੀ ਨਹੀਂ। 'ਅਚਨਚੇਤੇ ਧਿਆਨ ਵਿਚ
ਕਵਿਤਾਵਾਂ ਆ ਗਈਆਂ ਤਾਂ ਇਕ ਲੜੀ ਜਹੀ ਬਣ ਗਈ। ਕੁਝ ਭੁੱਲੀਆਂ-ਵਿਸਰੀਆਂ ਹੋਰ
ਗੱਲਾਂ, ਘਟਨਾਵਾਂ ਵਿਚ ਆ ਜੁੜੀਆਂ। ਅੱਜ ਫਿਰ ਗੁਲਸ਼ਨ ਦਾ ਸੁਨੇਹਾ ਆ ਗਿਆ। ਉਸ ਨੂੰ ਜੋ
ਜਵਾਬ
ਦਿੱਤਾ, ਉਸ ਨਾਲ ਹੋਰ ਕਿੰਨਾ ਕੁਝ ਪੁਨਰ-ਸੁਰਜੀਤ ਹੋ ਗਿਆ। ਫਿਰ ਇਹ ਸੋਚ ਵੀ ਕਿ ਹੋ ਸਕਦੈ
ਕਿ ਲਿਖਣ ਵੇਲੇ ਹੋਰ ਬਹੁਤ ਕੁਝ ਸਿਮਰਤੀਆਂ ਵਿਚੋਂ ਹਨੇਰੇ ਵਿਚ ਲਾਲਟੈਨ ਦੀਆਂ ਕਿਰਨਾਂ
ਵਾਂਗ ਜਗਮਗਾਉਣ ਲੱਗ ਪਵੇ। 'ਸਿਮਰਤੀਆਂ ਦੀ ਲਾਲਟੈਨ' ਨਾਂ ਵੀ ਮਨ-ਜ਼ਿਹਨ ਨੂੰ ਭਾਅ ਗਿਆ।
ਉਮੀਦ ਹੈ ਦੋਸਤੋ ਕਿ ਸ਼ਾਇਦ ਮੇਰਾ ਇਹ ਯਤਨ ਤੁਹਾਨੂੰ ਪਸੰਦ ਆ ਹੀ ਜਾਏ...
-ਅਵਤਾਰ ਜੌੜਾ, ਜਲੰਧਰ
(ਬਾਕੀ ਅਗਲੇ ਹਫ਼ਤੇ)
Post a Comment
ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...
ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।
ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।