ਫੇਸਬੁੱਕੀ ਲੇਖਕਾਂ ਦਾ ਪੋਸਟ-ਮਾਰਟਮ

Written By Editor on Monday, December 2, 2013 | 18:00

ਕਿਸੇ ਚੀਜ਼ ਦੀ ਮਿੱਜ ਕੱਢ ਦੇਣ ਤੱਕ ਵਰਤੋਂ ਜਾਂ ਕਹਿ ਲਓ ਦੁਰਵਰਤੋਂ ਕਰਨ ਵਿਚ ਦੁਨੀਆਂ ਦੀ ਇਕ ਕੌਮ ਸਭ ਤੋਂ ਅੱਗੇ ਹੈ। ਸਹੀ ਸਮਝੇ, ਪੰਜਾਬੀਆਂ ਦੇ ਹੁੰਦੇ ਹੋਏ ਹੋਰ ਕੌਣ ਹੋ ਸਕਦਾ ਹੈ? ਇਹੀ ਹਾਲ ਪੰਜਾਬੀਆਂ ਨੇ ਇੰਟਰਨੈੱਟ ’ਤੇ ਸ਼ੁਰੂ ਹੋਈਆਂ ਸੋਸ਼ਲ ਨੈੱਟਵਰਕ ਸਾਈਟਾਂ ਦਾ ਕੀਤਾ ਹੈ। ਅੱਜ ਤੋਂ ਸੱਤ-ਅੱਠ ਸਾਲ ਪਹਿਲਾਂ ਇੰਟਰਨੈੱਟ ਦੀ ਦੁਨੀਆ ’ਤੇ ਕੁਝ ਨੌਜਵਾਨਾਂ ਨੇ ਜਦੋਂ ਪੰਜਾਬੀ ਬੋਲੀ ਦੇ ਨਾਮ ਉੱਤੇ ਸਮੂਹ ਜਾਂ ਇਕੱਠ ਬਣਾਉਣੇ ਸ਼ੁਰੂ ਕੀਤੇ ਤਾਂ ਇੰਝ ਲੱਗਿਆ ਕਿ ਦੇਖਦੇ ਹੀ ਦੇਖਦੇ ਇੰਟਰਨੈੱਟ ਉੱਤੇ ਪੰਜਾਬੀ ਦੀ ਹਨੇਰੀ ਆ ਗਈ। ਹਰ ਕੋਈ ਪੰਜਾਬੀ ਦਾ ਜਾਪ ਜਪ ਰਿਹਾ ਸੀ। ਇਸ ਦੀ ਸ਼ੁਰੂਆਤ ਉਦੋਂ ਗੂਗਲ ਵੱਲੋਂ ਸ਼ੁਰੂ ਹੋਈ ਓਰਕੁਟ ਸਾਈਟ ਤੋਂ ਹੋਈ। ਕੁਝ ਕਿਤਾਬਾਂ ਵੀ ਛਪੀਆਂ ਅਤੇ ਮੁੱਖ-ਧਾਰਾਈ ਮੀਡੀਏ ਵਿਚ ਵੀ ਰਾਮ-ਰੌਲਾ ਬਹੁਤ ਪਿਆ। 

punjabi writer film writer deep jagdeep singh
ਦੀਪ ਜਗਦੀਪ ਸਿੰਘ
ਇਨ੍ਹਾਂ ਹੀ ਖ਼ਬਰਾਂ ਦੀ ਗਹਿਰੀ ਘੋਖ਼ ਪੜਤਾਲ ਕਰਦਿਆਂ ਪਤਾ ਲੱਗਿਆ ਕਿ ਇੱਥੇ ਵੀ ਪੰਜਾਬੀ ਦੀ ਘੱਟ ਅਤੇ ਚੌਧਰ ਦੀ ਜੰਗ ਜ਼ਿਆਦਾ ਚੱਲ ਰਹੀ ਹੈ। ਦੇਖਦਿਆਂ ਹੀ ਦੇਖਦਿਆਂ ਕਦੋਂ ਇਕ ਸਮੂਹ ਦੋ ਧੜਿਆਂ ਵਿਚ ਵੰਡਿਆ ਗਿਆ। ਰੋਜ਼ ਨਵੇਂ ਧੜੇ ਬਣਨੇ ਸ਼ੁਰੂ ਹੋਏ, ਕਦੋਂ ਇਕ ਤੋਂ ਦੂਜੀ, ਦੂਜੀ ਤੋਂ ਤੀਜੀ ਕਿਤਾਬ ਛਪ ਗਈ। ਪਤਾ ਹੀ ਨਾ ਲੱਗਿਆ। ਇਨ੍ਹਾਂ ਕਿਤਾਬਾਂ ਦੇ ਰਿਲੀਜ਼ ਸਮਾਰੋਹਾਂ ਦੇ ਨਾਮ ’ਤੇ ਆਪਣੇ ਧੜੇ ਨੂੰ ਵੱਡਾ ਸਾਬਤ ਕਰਨ ਦੀ ਦੌੜ ਵੀ ਖ਼ੂਬ ਚੱਲੀ ਅਤੇ ਉਨ੍ਹਾਂ ਵਿਚ ਕੁਝ ਇਕ ਖ਼ਾਸ ਪਤਵੰਤੇ ਪੰਜਾਬੀ ਲੇਖਕਾਂ ਨਾਲ ਨੇੜਤਾ ਸਿੱਧ ਕਰਕੇ ਆਪਣੇ ਟੋਲੇ ਨੂੰ ਭਾਰਾ ਦੱਸਣ ਦਾ ਹੀਲਾ ਕੀਤਾ ਜਾਂਦਾ ਰਿਹਾ। ਪੰਜਾਬੀ ਦੀ ਸੇਵਾ ਦੇ ਇਸ ਗੁਬਾਰੇ ਵਿਚੋਂ ਫੂਕ ਨਿਕਲਣ ਵਿਚ ਬਹੁਤੇ ਦਿਨ ਨਹੀਂ ਲੱਗੇ। ਪਰ ਇਹ ਸਮਝ ਨਹੀਂ ਆਇਆ ਕਿ ਉਹ ਛਪੀਆਂ ਹੋਈਆਂ ਕਿਤਾਬਾਂ ਕਿੰਨੀਆਂ ਕੁ ਪੜ੍ਹੀਆਂ ਗਈਆਂ ਅਤੇ ਕਿੰਨ੍ਹਾਂ ਨੇ ਪੜ੍ਹੀਆਂ। ਇਸੇ ਓਰਕੁਟੀ ਪੰਜਾਬੀ ਤੰਤਰ ਦਾ ਇਕ ਹੋਰ ਵੱਡਾ ਸੱਚ ਇਹ ਸੀ ਕਿ ਓਥੇ ਸੱਚ ਜਾਂ ਕਹਿ ਲਓ ਸਾਹਿਤਕ ਮਾਪਦੰਡਾ ਦੀ ਗੱਲ ਕਰਨ ਵਾਲੇ ਦੀ ਗਰਦਨ ’ਤੇ ਆਰੀ ਫੇਰਨ ਵਿਚ ਮਿੰਟ ਨਹੀਂ ਲੱਗਦਾ ਸੀ। ਭਾਵ ਉਸ ਦਾ ਸਮੂਹ ਵਿਚ ਦਾਖਲ ਹੋਣਾ ਹੀ ਬੰਦ ਕਰ ਦਿੱਤਾ ਜਾਂਦਾ ਸੀ। ਕਈ ਸਾਹਿਤਕ ਵਿਦਵਾਨ ਇਸ ਤਾਨਾਸ਼ਾਹੀ ਦਾ ਕੌੜਾ ਘੁੱਟ ਭਰ ਚੁੱਕੇ ਹਨ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇੰਟਰਨੈੱਟ ’ਤੇ ਪੰਜਾਬੀ ਸਾਹਿਤਕਾਰੀ ਦੇ ਨਾਂ ’ਤੇ ਸਭ ਤੋਂ ਜ਼ਿਆਦਾ ਤੂਫਾਨ ਕਵਿਤਾਵਾਂ ਦਾ ਹੀ ਚੱਲਦਾ ਹੈ। ਕਵਿਤਾ ਅਤੇ ਗ਼ਜ਼ਲ ਦੇ ਨਾਮ ’ਤੇ ਕੀ-ਕੀ ਲਿਖਿਆ ਜਾ ਰਿਹਾ ਹੈ, ਪੜ੍ਹ ਕੇ ਕਾਵਿ-ਸ਼ਾਸਤਰ ਦੇ ਕਈ ਵਿਦਵਾਨ ਖ਼ੂਨ ਦੇ ਹੰਝੂ ਰੋਂਦੇ ਹਨ। ਹੌਲੀ-ਹੌਲੀ ਕਾਮਰੇਡੀ ਪਾਰਟੀਆਂ ਵਾਂਗ ਇੰਨਟਰਨੈੱਟ ’ਤੇ ਪੰਜਾਬੀ ਕਾਮਿਆਂ ਦੇ ਵੀ ਕਈ ਗਰੁੱਪ ਬਣ ਗਏ ਜਾਂ ਕਹਿ ਲਓ ਕਿ ਪੰਜਾਬੀ ਇੰਟਰਨੈੱਟ ’ਤੇ ਵੀ ਕਈ ਧੜਿਆਂ ਵਿਚ ਵੰਡੇ ਗਏ ਕਿ ਕੋਈ ਉਸਾਰੂ ਕੰਮ ਹੋਣ ਦੀ ਸੰਭਾਵਨਾ ਹੀ ਮੁੱਕ ਗਈ।

ਇੰਝ ਓਰਕੁਟੀ ਸੱਥਾਂ ਨਿਵਾਣ ਵੱਲ ਤੁਰ ਪਈਆਂ। ਜਦੋਂ ਇਨ੍ਹਾਂ ਦਾ ਲੱਗਭਗ ਭੋਗ ਹੀ ਪੈ ਰਿਹਾ ਸੀ, ਉਸੇ ਦੌਰ ਵਿਚ ਬਲੌਗ ਉਭਾਰ ’ਤੇ ਆ ਰਹੇ ਸਨ। ਸ਼ੁਰੂਆਤ ਵਿਚ ਬਹੁਤਿਆਂ ਨੂੰ ਪੰਜਾਬੀ ਵਿਚ ਬਲੌਗ ਲਿਖਣ ਦਾ ਤਰੀਕਾ ਨਹੀਂ ਸੀ ਸਮਝ ਆਉਂਦਾ। ਪਰ ਇੰਟਰਨੈੱਟ ਦੇ ਦੌਰ ਵਿਚ ਇਹ ਕੋਈ ਔਖਾ ਕੰਮ ਨਹੀਂ ਸੀ ਗੂਗਲ ਤੋਂ ਲੱਭ-ਲੱਭਾ ਕੇ ਇਹ ਕੰਮ ਵੀ ਨੇਪਰੇ ਚੜ੍ਹ ਗਿਆ। ਹਾਲੇ ਨਵੀਂ ਪੰਜਾਬੀ ਪੀੜ੍ਹੀ ਬਲੌਗਿੰਗ ਸਿੱਖ ਹੀ ਰਹੀ ਸੀ ਕਿ ਫੇਸਬੁੱਕ ਆ ਗਿਆ। ਬਲੌਗ ਵਿਚ ਆਪਣੀਆਂ ਰਚਨਾਵਾਂ ਛਾਪ ਕੇ ਪਾਠਕਾਂ ਨੂੰ ਉਨ੍ਹਾਂ ਤੱਕ ਲਿਆਉਣਾ ਜਿੱਥੇ ਔਖਾ ਕੰਮ ਸੀ, ਫੇਸਬੁੱਕ ਨੇ ਆਭਾਸੀ ਦੋਸਤਾਂ ਦੀ ਭੀੜ ਵਿਚ ਇਹ ਕੰਮ ਸੌਖਾ ਕਰ ਦਿੱਤਾ। ਪਰ ਸੱਚ ਇਹ ਹੈ ਕਿ ਇਹ ਕੰਮ ਸੌਖਾ ਨਹੀਂ ਹੋਰ ਵੀ ਔਖਾ ਹੋ ਗਿਆ।

ਫੇਸਬੁੱਕ ਦੀ ਵਰਤੋਂ ਹੋਰਨਾਂ ਵਾਂਗ ਜ਼ਿਆਦਾਤਰ ਪੰਜਾਬੀ ਵੀ ਉਸਾਰੂ ਕੰਮ ਲਈ ਘੱਟ ਅਤੇ ਇਸ਼ਕ-ਮਿਜਾਜ਼ੀ ਲਈ ਵੱਧ ਕਰਦੇ ਹਨ। ਨਾਲੇ ਫੇਸਬੁੱਕ ’ਤੇ ਹਰ ਦੂਜਾ ਬੰਦਾ ਕਵੀ ਹੈ। ਪਿੱਛੇ ਜਿਹੇ ਪੰਜਾਬੀ ਕਵੀ ਗਗਨਦੀਪ ਸ਼ਰਮਾ ਦੇ ਕਹਿਣ ਮੁਤਾਬਿਕ ਇਕ ਫੇਸਬੁੱਕੀ ਬੀਬੀ ਉਸ ਦੀਆਂ ਅਤੇ ਹੋਰ ਕਈ ਕਵੀਆਂ ਦੀਆਂ ਕਵਿਤਾਵਾਂ ਆਪਣੇ ਨਾਮ ਨੱਥੀ ਕਰਕੇ ਫੇਸਬੁੱਕ ਦੇ ਨਾਲ-ਨਾਲ ਸਾਹਿਤਕ ਸਮਾਗਮਾਂ ਵਿਚ ਧੂੜਾਂ ਪੁੱਟਦੀ ਫਿਰਦੀ ਹੈ। ਖ਼ੈਰ, ਸਾਹਿਤਕ ਕਿਰਤਾਂ ਦੀ ਚੋਰੀ ਕੋਈ ਨਵਾਂ ਮਸਲਾ ਨਹੀਂ ਹੈ। ਇਹ ਤਾਂ ਉਦੋਂ ਵੀ ਹੁੰਦੀ ਸੀ ਜਦੋਂ ਫੇਸਬੁੱਕ ਜਾਂ ਹੋਰ ਸੋਸ਼ਲ ਨੈੱਟਵਰਕ ਸਾਈਟਾਂ ਨਹੀਂ ਸੀ ਹੁੰਦੀਆਂ।

ਅਸਲੀ ਮਸਲਾ ਤਾਂ ਫੇਸਬੁੱਕੀ ਲੇਖਕਾਂ (ਇੱਥੇ ਮੁੱਖ ਭਾਵ ਕਵੀਆਂ ਤੋਂ ਹੀ ਹੈ) ਦੇ ਕੱਚ ਅਤੇ ਸੱਚ ਦਾ ਹੈ। ਜੇ ਫੇਸਬੁੱਕ ਦੀ ਡੂੰਘੀ ਘੋਖ ਕਰਕੇ ਸਿੱਟਾ ਕੱਢਣਾ ਹੋਵੇ ਕਿ ਉੱਚ ਪਾਏ ਦੇ ਕਵੀ ਕਿਹੜੇ ਹਨ ਤਾਂ ‘ਬੀਬੀਆਂ’ ਦਾ ਪੱਲੜਾ ਹੀ ਭਾਰੀ ਹੋਵੇਗਾ। ਇਹ ਨਾ ਸਮਝ ਲੈਣਾ ਕਿ ਸਾਰੀਆਂ ਹੀ ਬੀਬੀਆਂ ਸੱਚ-ਮੁੱਚ ਬਹੁਤ ਕਮਾਲ ਦੀਆਂ ਕਵਿਤਾਵਾਂ ਜਾਂ ਲਿਖਤਾਂ ਲਿਖ ਰਹੀਆਂ ਹਨ। ਅਸਲ ਵਿਚ ਇਹ ਸਾਡੇ ਕਥਿਤ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਦਾ ਨਤੀਜਾ ਹੈ, ਜੋ ਬੀਬੀਆਂ (ਫੇਸਬੁੱਕ ਦੀਆਂ ਕੁੜੀਆਂ-ਚਿੜੀਆਂ) ਨੂੰ ਰਿਝਾਉਣ ਲਈ ਸੌ ਹੀਲੇ ਕਰਦੀ ਹੈ। ਫੇਸਬੁੱਕ ਦੀਆਂ ਪੋਚੀਆਂ ਹੋਈਆਂ ਫੋਟੋਆਂ ਉਨ੍ਹਾਂ ਨੂੰ ਹੋਰ ਜ਼ਿਆਦਾ ਲਾਰਾਂ ਸੁੱਟਣ ਲਈ ਉਤਸ਼ਾਹਤ ਕਰਦੀਆਂ ਹਨ। ਹਾਲ ਇਹ ਹੁੰਦਾ ਹੈ ਕਿ ਕੋਈ ਬੀਬੀ ਭਾਵੇ ਕੋਈ ਟੁੱਟੀ ਜਿਹੀ ਤੁਕਬੰਦੀ ਲਿਖ ਦੇਵੇ, ਪੰਜਾਬੀ ਦੇ ਵੱਡੇ-ਵੱਡੇ ਵਿਦਵਾਨ ਜੀ ਹਜ਼ੂਰੀ ਲਈ ਪਹੁੰਚ ਜਾਂਦੇ ਹਨ। ਲਾਈਕਾਂ ਅਤੇ ਕਮੈਂਟਾਂ ਦਾ ਝੱਖੜ ਆ ਜਾਂਦਾ ਹੈ। ਮੈਂ ਉਨ੍ਹਾਂ ਕਈ ਕਾਢੀ ਅਲੋਚਕਾਂ ਨੂੰ ਨਿੱਜੀ ਤੌਰ ’ਤੇ ਜਾਣਦਾ ਹਾਂ, ਜੋ ਮੂੰਹ ਕੌੜਾ-ਮਿੱਠਾਂ ਕਰਵਾ ਕੇ ਵੀ ਸਾਹਿਤਕ ਮਿੱਤਰਾਂ ਵੱਲੋਂ ਭੇਂਟ ਕੀਤੀਆਂ ਗਈਆਂ ਕਿਤਾਬਾਂ ਬਾਰੇ ਕੁਝ ਲਿਖਣ ਦੀ ਗੱਲ ਤਾਂ ਦੂਰ ਕਿਤਾਬ ਗੌਲਣ ਤੱਕ ਦਾ ਹੀਲਾ ਨਹੀਂ ਕਰਦੇ। ਉਨ੍ਹਾਂ ਵੱਲੋਂ ਬੀਬੀਆਂ ਦੀਆਂ ਪਲਸਤਰ ਲੱਗੀਆਂ ਹੋਈਆਂ ਚਾਰ-ਚਾਰ ਸਤਰਾਂ ਦੀਆਂ ਕਵਿਤਾਵਾਂ ਬਾਰੇ ਦੋ-ਦੋ ਸਫ਼ਿਆਂ ਦੇ ਅਲੋਚਨਾਤਮਕ ਲੇਖ ਕਮੈਂਟਸ ਵਿਚ ਮੈਂ ਆਪ ਦੇਖੇ-ਪੜ੍ਹੇ ਹਨ। ਜੇ ਕੋਈ ਕਮੈਂਟ ਪੜ੍ਹਨ ਤੋਂ ਬਾਅਦ ਉਨ੍ਹਾਂ ਨੂੰ ਫੋਨ ਜਾਂ ਇਨਬਾਕਸ ਕਰਕੇ ਪੁੱਛ ਲਵੇ ਭਾਈ ਸਾਹਬ ਮੇਰੀ ਕਿਤਾਬ ਦਾ ਕੀ ਬਣਿਆ ਤਾਂ ਅੱਗੋਂ ਜਵਾਬ ਹੁੰਦਾ ਹੈ, ਯਾਰ ਰੋਜ਼ ਐਨੀਆਂ ਨਵੀਆਂ ਕਿਤਾਬਾ ਆ ਜਾਂਦੀਆਂ ਹਨ ਕਿ ਸਮਝ ਨੀ ਆਉਂਦਾ ਕਿਹੜੀ ਪੜ੍ਹੀਏ, ਕਿਹੜੀ ਛੱਡੀਏ ਅਤੇ ਕਿਸ ਬਾਰੇ ਲਿਖੀਏ। ਇਨ੍ਹਾਂ ਕਹਿ ਕਿ ਉਹ ਕਿਸੇ ਹੋਰ ਬੀਬੀ ਵੱਲੋਂ ਪਾਈ ਤਾਜ਼ਾ ਕਵਿਤਾ ਦੀ ਸਮੀਖਿਆ ਲਿਖਣ ਵਿਚ ਰੁੱਝ ਜਾਂਦੇ ਹਨ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਬੀਬੀਆਂ ਵੀ ਫੇਸਬੁੱਕ ’ਤੇ ਪੱਬਾਂ ਭਾਰ ਹੋਈਆਂ ਕਵਿਤਾਵਾਂ ਦਾ ਗਿੱਧਾ ਪਾਉਂਦੀਆਂ ਨੀ ਥੱਕਦੀਆਂ। ਜਿਹੜੀਆਂ ਸ਼ੁਰੂਆਤ ਵਿਚ ਇਕ ਦੋ ਕਵਿਤਾਵਾਂ ਵੀ ਦੋ ਸਿਆਣਿਆਂ ਨੂੰ ਦਿਖਾ ਕੇ ਪਾਉਣੀਆਂ ਸ਼ੁਰੂ ਕਰਦੀਆਂ ਹਨ, ਚਾਰ ਕੁ ਦਿਨਾਂ ਬਾਅਦ ਉਹ ਹਰ ਘੰਟੇ ਇਕ ਕਵਿਤਾ ਲਿਖਣ ਲੱਗ ਪੈਂਦੀਆਂ ਹਨ। ਕਰਨ ਵੀ ਕੀ ਸਮੀਖਿਆਤਮਕ ਟਿੱਪਣੀਆਂ ਕਰਨ ਵਾਲੇ ਵਿਚਾਰੇ ਉਦਾਸ ਜੁ ਹੋ ਜਾਂਦੇ ਹਨ। ਜੇ ਕਿਤੇ ਘੰਟੇ ਕੁ ਵਿਚ ਕੋਈ ਕਵਿਤਾ ਬੀਬੀ ਦੀ ਫੇਸਬੁੱਕ ਕੰਧ ’ਤੇ ਨਾ ਛਪੇ ਤਾਂ ਉਹ ਇਨਬਾਕਸ ਕਰਕੇ ਪੁੱਛਣ ਲੱਗ ਜਾਂਦੇ ਹਨ ਕੀ ਗੱਲ ਜੀ ਅੱਜ ਤਬੀਅਤ ਤਾਂ ਠੀਕ ਹੈ? ਚਾਰ-ਛੇ ਦਿਨ ਤਰੀਫ਼ਾਂ ਦੀ ਖੱਟੀ-ਮਿੱਠੀ ਚਟਣੀ ਵਾਲੇ ਗੋਲਗੱਪੇ ਖੁਆਉਣ ਤੋਂ ਬਾਅਦ ਜਦੋਂ ਉਹੀ ਆਲੋਚਕ ਉਨ੍ਹਾਂ ਨਾਲ ਚੈਟ ਵਿਚ ‘ਆਪਣੇ ਮਤਲਬ ਦੀ’ ਗੱਲ ਕਰ ਬਹਿੰਦੇ ਹਨ ਤਾਂ ਇਹ ਬੀਬੀਆਂ ਰੌਲਾ ਪਾ ਲੈਂਦੀਆਂ ਹਨ। ਇਨ੍ਹਾਂ ਨੂੰ ਉਦੋਂ ਸਮਝ ਆਉਂਦਾ ਹੈ ਕਿ ਪ੍ਰਸੰਸਾ ਦੇ ਗੋਲਗੱਪਿਆਂ ਵਿਚ ਪਾਣੀ ਕਿਹੜੇ ਸਮੁੰਦਰ ਦਾ ਪਾਇਆ ਹੋਇਆ ਸੀ। ਫਿਰ ਇਹ ਹੋਰ ਕਵਿਤਾਵਾਂ ਅਤੇ ਸਟੇਟਸ ਲਿਖ ਕੇ ਭੜਾਸ ਕੱਢਦੀਆਂ ਫਿਰਨਗੀਆਂ। ਮੁੜ ਕੇ ਸਾਡੇ ਵੱਡੇ ਅਲੋਚਕ ਵੀ ਨੰਗੀਆਂ ਕਵਿਤਾਵਾਂ ਅਤੇ ਤਸਵੀਰਾਂ ਉਨ੍ਹਾਂ ਨੂੰ ਟੈਗ ਕਰ-ਕਰ ਕੇ ਬਦਲਾ ਲੈਣ ਤੱਕ ਚਲੇ ਜਾਂਦੇ ਹਨ। ਅੰਤ ਮਸਲਾ ਬਲੌਕ ਕਰਕੇ ਹੀ ਨਿਬੜਦਾ ਹੈ।

ਇਹ ਨਾ ਸਮਝਿਓ ਕਿ ‘ਕੱਲੀਆਂ ਬੀਬੀਆਂ ਅਤੇ ਅਲੋਚਕ ਹੀ ਫੇਸਬੁੱਕ ’ਤੇ ਚੰਨ ਚਾੜ੍ਹਦੇ ਫਿਰਦੇ ਹਨ। ਆਪਣੇ ਵੀਰ ਲੇਖਕ ਵੀ ਘੱਟ ਨਹੀਂ। ਉਹ ਬੀਬੀਆਂ ਵੱਲੋਂ ਲਿਖੀ ਹਰ ਕਵਿਤਾ ਦੇ ਜਵਾਬ ਵਿਚ ਕਵਿਤਾ ਲਿਖਦੇ ਹਨ ਅਤੇ ਫਿਰ ਆਪਣੇ ਜਾਣੇ-ਅਣਜਾਣੇ ਸੈਂਕੜੇ ਆਭਾਸੀ ਯਾਰਾਂ-ਦੋਸਤਾਂ ਨੂੰ ਟੈਗ ਕਰ-ਕਰ ਟਿੱਪਣੀਆਂ ਅਤੇ ਲਾਈਕ ਕਰਨ ਦੇ ਹਾੜੇ ਕੱਢਦੇ ਫਿਰਨਗੇ। ਜੇ ਕਿਤੇ ਕੋਈ ਸਿਆਣਾ ਯਾਰ-ਬੇਲੀ ਸੱਚੀ ਟਿੱਪਣੀ ਕਰ ਦੇਵੇ ਤਾਂ ਉਹ ਉਸੇ ਵੇਲੇ ਵੈਰੀ ਬਣ ਜਾਂਦਾ ਹੈ। ਇਨਬਾਕਸ ’ਚ ਕਹਿਣਗੇ ਕਿ ਜੇ ਕੋਈ ਸਲਾਹ ਦੇਣੀ ਹੀ ਸੀ ਤਾਂ ਚੈਟ ’ਚ ਦੱਸ ਦਿੰਦਾ, ਸਾਰਿਆਂ ਦੇ ਸਾਹਮਣੇ ਟਿੱਪਣੀ ਕਿਉਂ ਕਰਨੀ ਸੀ। ਮਸਲਾ ਇੱਥੇ ਵੀ ਬਲੌਕ ਨਾਲ ਹੀ ਮੁੱਕਦਾ ਹੈ।

ਅੱਜ ਫੇਸਬੁੱਕ ਵਰਤਣ ਵਾਲਾ ਹਰ ਬੰਦਾ ਇਨ੍ਹਾਂ ਥੋਕ ਦੇ ਕਵੀਆਂ-ਕਵਿੱਤਰੀਆਂ ਦੀਆਂ ਕਵਿਤਾਵਾਂ ਅਤੇ ਫੋਟੋਆਂ ਦੇ ਟੈਗ ਤੋਂ ਦੁਖੀ ਹੋ ਕੇ ਫੇਸਬੁੱਕੀ ਖੁਦਕੁਸ਼ੀ ਕਰਨ ਨੂੰ ਫਿਰਦਾ ਹੈ ਅਤੇ ਕਈ ਅੱਧੀ ਕੁ ਕਰ ਵੀ ਚੁੱਕੇ ਹਨ। ਤੁਸੀਂ ਕਹੋਗੇ ਕਿ ਇਹ ਸਭ ਕੁਝ ਤਾਂ ਤੁਸੀਂ ਰੋਜ਼ ਹੀ ਦੇਖਦੇ ਹੋ। ਇਸ ਵਿਚ ਇਨ੍ਹਾਂ ਰੌਲਾ ਪਾਉਣ ਵਾਲੀ ਕੀ ਗੱਲ ਹੈ। ਮੈਂ ਤਾਂ ਬੱਸ ਇਹੀ ਸੋਚਦਾ ਹਾਂ ਕਿ ਜਦੋਂ ਇਨ੍ਹਾਂ ਲੇਖਕਾਂ ਅਤੇ ਅਲੋਚਕਾਂ ਦੀਆਂ ਕਿਤਾਬਾਂ ਛਪ ਕੇ ਆਉਣਗੀਆਂ, ਉਨ੍ਹਾਂ ਨਾਲ ਪੰਜਾਬੀ ਦਾ ਕਿੰਨਾਂ ਭਲਾ ਹੋਵੇਗਾ? ਕਿੰਨੇ ਲੋਕ ਉਨ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਪੰਜਾਬੀ ਨਾਲ ਜੁੜਣਗੇ? ਪ੍ਰਕਾਸ਼ਕ ਉਨ੍ਹਾਂ ਦੀਆਂ ਕਿਤਾਬਾਂ ਤੋਂ ਕਿੰਨੇ ਪੈਸੇ ਕਮਾਉਣਗੇ? ਅਤੇ ਚੰਗੇ ਲੇਖਕ ਇਸ ਭੀੜ ਵਿਚੋਂ ਕਿਵੇਂ ਲੱਭੇ ਜਾਣਗੇ?

ਮੇਰੇ ਮਨ ਵਿਚ ਸਵਾਲ ਸਨ। ਮੈਂ ਪੁੱਛ ਲਏ ਹਨ। ਜੇ ਤੁਹਾਨੂੰ ਕੋਈ ਜਵਾਬ ਸੁੱਝੇ ਤਾਂ ਹੇਠਾਂ ਕਮੈਂਟ ਵਿਚ ਲਿਖ ਦੇਣਾ।
Share this article :

+ ਪਾਠਕਾਂ ਦੇ ਵਿਚਾਰ + 9 ਪਾਠਕਾਂ ਦੇ ਵਿਚਾਰ

ਹਾਂ ਜੀ ਫੇਸ ਬੁੱਕ ਤੇ ਹੜ ਆ ਗਿਆ ਹੈ..ਲੇਖਕਾਂ ਦਾ..ਖਾਸ ਕਰਕੇ ਕਵੀਆਂ ਅਤੇ ਕਵਿੱਤਰੀਆਂ ਦਾ.....

December 2, 2013 at 10:52 PM

Face book de kavia atte kaviteria' atte unna dia rachnava' da changa vishleshan.

December 3, 2013 at 11:44 AM

ਹਰ ਕਾਢ, ਪਲੈਟਫਾਰਮ, ਸਾਧਨ ਦੀ ਵਰਤੋ ਤੇ ਦੁਰਵਰਤੋ ਸਦੀਆਂ ਤੋਂ ਹੁੰਦੀ ਆਈ ਹੈ.... ਤੇ ਆਉਂਦੀ ਰਹੇਗੀ...!!
ਓਹ ਗੱਲ ਵੱਖਰੀ ਹੈ ਕਿ ਪੰਜਾਬੀ ਦੁਰਵਰਤੋਂ ਕਰਨ ਚ ਮਾਹਿਰ ਨੇ, ਅਤੇ ਉਸ ਸਾਧਨ ਦੀ ਧੂਸ ਤੱਕ ਕੱਢ ਦਿੰਦੇ ਨੇ..!!
ਜਿੱਥੇ ਬਹੁਤਿਆਂ ਨੇ ਫੇਸਬੁੱਕ ਨੂੰ ਨਕਾਰਾਤਮਕ ਤੌਰ ਤੇ ਵਰਤਿਆ ਹੈ... ਧੜ੍ਹੇਬਾਜ਼ੀ, ਆਪਸੀ ਹੋੜ੍ਹ ਨੂੰ ਵਧਾਇਆ ਹੈ... ਓਥੇ ਦੂਜੇ ਪਾਸੇ ਸਿੱਖਣ ਦੇ ਚਾਹਵਾਨ ਨਵੇਂ ਲੇਖਕਾਂ ਨੇ ਪੁਰਾਣਿਆਂ ਨਾਲ ਲਿੰਕ ਬਣਾਕੇ ਬਹੁਤ ਕੁਝ ਸਿੱਖਿਆ ਵੀ ਹੈ.. ਤੇ ਹੌਲੀ ਹੌਲੀ ਹੋਰ ਸਿਖਦੇ ਜਾ ਰਹੇ ਨੇ.....
ਇਸ ਨਕਾਰਾਤਮਕ ਪਹਿਲੂ ਬਹੁਤ ਵੱਡਾ ਹੈ, ਇਸ ਲਈ ਹਮੇਸ਼ਾ ਓਹੀ ਸਾਹਮਣੇ ਲਿਆਂਦਾ ਗਿਆ ਹੈ... ਤੇ ਲਿਆਉਣਾ ਵੀ ਚਾਹੀਦਾ ਹੈ...!! ਪਰ ਇਸ ਦਾ ਮਤਲਬ ਇਹ ਤਾਂ ਕਿ ਅਸੀਂ ਇਸ ਖੇਤ ਵਿੱਚ ਜੋ ਕੁਝ ਵੀ ਉੱਗ ਰਿਹੈ ਉਸਨ ਸਾਰੀ ਫਸਲ ਨੂੰ ਹੀ ਖਰਾਬ ਕਹਿ ਦੇਈਏ...!! ਇਥੇ ਬਹੁਤੇ ਨਦੀਨ ਨੇ, ਪਰ ਇਸ ਦਾ ਮਤਲਬ ਇਹ ਨਹੀਂ ਸਾਰੀ ਫਸਲ ਹੀ ਤਬਾਹ ਹੋ ਗਈ ਹੈ...!! ਇਥੇ ਕਈ ਸੁਨਹਿਰੀ ਸਿੱਟੇ ਵੀ ਮੌਜੂਦ ਨੇ....!!

December 26, 2013 at 2:48 AM

ਵਧੀਆ ਲੇਖ ਹੈ ਤੁਹਾਡਾ !

Anonymous
March 15, 2014 at 2:40 PM

ਹਾਲਾਕਿ ਮੈਂ ਖੁਦ ਇੰਨਾ ਫੇਸ੍ਬੁੱਕੀ ਕਵੀਆਂ ਦੀ ਭੀੜ ਦਾ ਇੱਕ ਹਿੱਸਾ ਹਾਂ..ਪਰ ਮੈਨੂੰ ਇਸ ਲੇਖ ਨੇ ਬਹੁਤ ਝੰਜੋੜਿਆ ਹੈ...ਸੋਚ ਨੂੰ ਇੱਕ ਨਵੀ ਦਿਸ਼ਾ ਵੀ ਮਿਲੀ ਹੈ...ਕਮਾਲ ਹੈ ਫੇਸਬੁੱਕ ਦੇ ਪਰਦੇ ਦੇ ਪਿੱਛੇ ਵੀ ਇੱਕ ਫੇਸਬੁੱਕ ਸਮਾਂਤਰ ਚੱਲਦੀ ਹੈ...ਇਹ ਮੈਨੂੰ ਥੋੜਾ ਪਤਾ ਸੀ ਪਰ ਅੱਜ ਇਹ ਗੱਲ ਖੁੱਲ ਕੇ ਸਾਹਮਣੇ ਆ ਗਈ ਹੈ...ਤੁਹਾਡੀਆਂ ਟਿਪਣੀਆਂ , ਉਦਾਹਰਣਾ ਤੇ ਇਨਪੁਟ ਸਭ ਸਚ੍ਚ ਹੈ...ਇਹ ਫੇਸਬੁੱਕ ਕਾਵ-ਸਮੰਦਰ ਇਵੇਂ ਹੀ ਵਿਚਰ ਰਿਹਾ...ਕੋਈ ਸ਼ੱਕ ਨਹੀਂ..ਕਵਿਤ੍ਰੀਆਂ ਨੇ ਤਾਂ ਵਾਕਿਆ ਹੀ ਕਮਾਲ ਕੀਤਾ ਪਿਆ ਹੈ...ਅੱਜ ਬਹੁਤ ਵੱਡਾ ਸਬਕ ਲੈ ਕੇ ਤੁਹਾਡਾ ਧਨਵਾਦ ਵੀ ਕਰਦਾ ਹਾਂ ਤੇ ਆਪਣੇ ਆਪ ਨੂੰ ਇੱਕ ਨਵੀ ਸੇਧ ਦੇਣ ਲਈ ਵੀ ਤਿਆਰ ਹੋਇਆ ਹਾਂ...ਜਿਸ ਪਲੇਟਫਾਰਮ ਤੇ ਇੱਕ ਫੋਟੋ ਨੂੰ ੨੦੦-੪੦੦ ਲਿਖੇ ਤੇ ਕਮੇੰਟ੍ਸ ਮਿਲ ਜਾਂਦੇ ਨੇ ਉਥੇ ਇੱਕ ਚੰਗੀ ਰਚਨਾ ੧੫-੨੦ ਲਾਇਕ ਦੇ ਪੈਰਾਂ ਹੇਠ ਦਮ ਤੋੜ ਦਿੰਦੀ ਹੈ...ਸ਼ੁਕਰੀਆ

ਸ਼ਸ਼ੀ ਸਮੁੰਦਰਾ
March 26, 2014 at 8:46 AM

ਆਪਾਂ ਤਾਂ ਤੁਹਾਡੇ ਵਰਗੇ ਸੂਝਵਾਨ ਲੇਖਕਾਂ / ਦੋਸਤਾਂ ਤੋਂ ਸਿਖਣ ਲਈ ਹੀ ਫੇਸਬੁੱਕ 'ਤੇ ਆਈਦਾ ਹੈ | ਮਾੜੀਆਂ ਮੋਟੀਆਂ ਝਰੀਟਾਂ ਮਾਰਨ ਦਾ ਗੁਨਾਹ ਵੀ ਕਰ ਲਈਦਾ |

ਵਾਹ ਜੀ ਵਾਹ ! ਸੁਆਰਨੇ-ਬੁਹਾਰਨੇ ਵਾ਼ਲੇ ਥੋੜ੍ਹੇ ਨੇ ਤੇ ਗੰਦ ਪਾਉਣ ਵਾਲ਼ੇ ਬਹੁਤੇ !! ਇਸ ਜਮਹੂਰੀ ਢਾਂਚੇ ਵਿਚ ਜਿੱਤ ਬਹੁਮੱਤ ਦੀ ਹੀ ਹੋਣੀ ਹੈ। ਗੱਲ ਬਹੁਤ ਸਪੱਸ਼ਟ ਹੈ। ਜਦ ਤਕ ਇਕ ਵੱਡੇ ਸਾਇਰ ਦੇ ਇਸ ਸ਼ਿਅਰ ਦੀ ਜੁਗਾਲੀ ਕਰੋ:
"ਖੋਲ੍ਹਣਾ ਚਾਹੁੰਦਾ ਹਾਂ ਦਿਲ ਡੁੱਬਣ ਸਮੇਂ, ਇਕ ਸਮੁੰਦਰ ਚਾਹੀਦਾ ਰੰਗਣ ਲਈ।" ਜੇ ਕੁੱਝ ਸਮਝ ਆ ਜਾਵੇ ਤਾਂ ਸਾਨੂੰ ਵੀ ਦੱਸ ਦੇਣਾ...।

Anonymous
December 7, 2014 at 10:45 PM

ਬਹੁਤ ਵਧੀਆ ਲੇਖ। ਬਹੁਤੇ ਮਿੱਤਰ ਵੀ ਆਪਣੀ (ਸਿੱਧ-ਪੁੱਠ) ਨੂੰ ਲਾਇਕ ਕਰਵਾਉਣ ਲਈ ਹੀ ਮਿੱਤਰ ਬਿਨੰਤੀਆਂ ਭੇਜਦੇ ਹਨ। ਇੱਕ ਵਾਰ ਹਾਂ ਜੀ ਕਹਿ ਦਿਉ, ਬੱਸ! ਫਿਰ ਤੁਹਾਡੀ ਕੰਧ ਤੇ....। ਤੁਹਾਨੂੰ ਆਪਣਾ ਲਿਖਿਆ ਭੇਜਿਆ (ਭਾਵੇਂ ਸਮਾਜਕ ਤੌਰ'ਤੇ ਕਿਨ੍ਹਾ ਮਹੱਤਵਪੂਰਣ ਕਿਉਂ ਨ ਹੋਵੇ) ਕਿਧਰੇ ਢੇਰ 'ਚ ਮਲੀਆ ਮੇਟ ਹੋਇਆ ਵੀ ਨਹੀਂ ਲੱਭਦਾ ਤੇ ਸੋਨੇ 'ਤੇ ਸੁਹਾਗਾ ਇਹ ਕਿ ਉਨ੍ਹਾਂ ਅਖਾਉਤੀ ਮਿੱਤਰਾਂ ਨੂੰ ਤੁਹਾਡੀ ਵਿਚਾਰਾਂ 'ਤੇ ਲਿਖਣ ਲਈ (ਇੱਕ ਸ਼ਬਦ) ਫਿੱਟੇ ਮੂੰਹ ਵੀ ਨਹੀਂ ਲੱਭਦਾ। ਫਿਰ ਪੰਜਾਬੀ ਵੀ ਨਾਂ ਦੀ ਹੀ ਹੁੰਦੀ ਹੈ -ਸ਼ਬਦ....... ਪੰਜਾਬੀ ਹੀ ਹੁੰਦੀ ਹੈ। ਜੇ ਭੁੱਲ ਕੇ ਕਿਸੇ ਨੂੰ ਸਬੂਤ ਸਣੇ ਪੁਰਾਣੀ ਸਾਹਿਤਕ ਉਦਾਹਰਣ ਦੇ ਕੇ ਕੋਈ ਸਲਾਹ ਦੇਣ ਦਾ ਜਤਨ ਕਰ ਹੀ ਦੇਵੋ, ਤਾਂ ਪੜ੍ਹਨ ਲਈ ਜੋ ਜਵਾਬ ਮਿਲਦਾ ਹੈ, ਉਹ ਜਿੰਦ-ਜਾਨ ਨੂੰ ਹੀ ਪਤਾ ਲੱਗਦਾ ਹੈ। ਕੁੱਛ ਇੱਕ ਤਾਂ ਇਨ -ਬਕਸ ਤਾਨ੍ਹੇ-ਮਹਿਣੇ ਹੁੰਦੇ, (ਸ਼ੁਕਰ ਹੈ) ਮੁੜ੍ਹ ਕੇ ਉਨ੍ਹਾਂ ਦੀ ਕ਼ਲਮ ਦੇ ਦਰਸ਼ਨ ਨਹੀਂ ਹੁੰਦੇ। ਰੱਬ ਇਨ੍ਹਾਂ (ਅੰਮ੍ਰਿਤਾ ਪ੍ਰੀਤ੍ਮਾਂ/ਸ਼ਿਵ ਕੁਮਾਰ ਬਟਾਲਵੀਆਂ) ਤੋਂ ਪੰਜਾਬੀ ਨੂੰ ਬਚਾਵੇ!!

April 16, 2016 at 1:05 AM

My point is what is wrong ? If someone is trying his / her hands on poetry, writing, stories...whatever. What is wrong in sharing among people here on FB ?
Do you want to encourage alcoholism , depression and boredom among people ?
Would you appreciate that OR you should encourage people being thoughtful and creative ???
Kamaal Hai !
Couldn't you find any good subject to write ?

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger