Home » , , , , , , » ਕੁਰੂਕਸ਼ੇਤਰ ਤੋਂ ਪਾਰ । ਅਜਮੇਰ ਸਿੱਧੂ

ਕੁਰੂਕਸ਼ੇਤਰ ਤੋਂ ਪਾਰ । ਅਜਮੇਰ ਸਿੱਧੂ

Written By Editor on Saturday, November 16, 2013 | 20:06

punjabi writer ajmer sidhu
ਅਜਮੇਰ ਸਿੱਧੂ
ਜਹਾਜ਼ ਨੇ ਜਿਉਂ ਹੀ ਲੈਂਡ ਕੀਤਾ, ਇਹ ਸ਼ੂਟ ਵੱਟ ਕੇ ਦੌੜਨ ਲਗ ਪਿਆ ਏ। ਮੈਨੂੰ ਇਉਂ ਲਗ ਰਿਹਾ ਜਿਵੇਂ ਹਵਾਈ ਪੱਟੀ 'ਤੇ ਜਹਾਜ਼ ਨਹੀਂ, ਮੈਂ ਦੌੜ ਰਿਹਾ ਹੋਵਾਂ। ਬਸ ਦੌੜ ਹੀ ਦੌੜ। ਹੱਫ ਵੀ ਗਿਆ ਹਾਂ। ਜਹਾਜ਼ ਦਾ ਡੋਰ ਐਗਜ਼ਿਟ ਪੋਰਟ ਨਾਲ ਅਟੈਚ ਹੋ ਗਿਆ ਹੈ। ਪਾਇਲਟ ਨੇ ਸੀਟ ਬੈਲਟ ਖੋਲ੍ਹਣ ਦੀ ਅਨਾਊਂਸਮੈਂਟ ਕੀਤੀ ਹੈ। ਮੈਂ ਹੈਂਡ ਬੈਗ ਚੁੱਕ ਕੇ ਤੁਰ ਪਿਆ ਹਾਂ। ਏਅਰ ਹੋਸਟੈਸ ਦੀ ਮੁਸਕੁਰਾਹਟ ਦਾ ਜਵਾਬ ਵੀ ਨਹੀਂ ਦੇ ਹੋਇਆ।

ਸ਼ੁਕਰ ਆ! ਇਮੀਗਰੇਸ਼ਨ ਅਫ਼ਸਰ ਨੇ ਜਲਦੀ ਹੀ ਵਿਹਲਾ ਕਰ ਦਿਤਾ। ਏਅਰ ਪੋਰਟ ਤੋਂ ਬਾਹਰ ਆਇਆ ਹਾਂ। ਤੱਤੀ ਹਵਾ ਮੇਰੇ ਮੂੰਹ 'ਤੇ ਵਜੀ ਏ। ਬਿੰਦ 'ਚ ਮੂੰਹ ਲਾਲ ਸੂਹਾ ਹੋ ਗਿਆ। ਇਹ ਹਵਾ ਪੰਜਾਬ ਵਲੋਂ ਆਈ ਲਗਦੀ ਹੈ। ਇਸ ਹਵਾ ਨੇ ਹੀ ਮੈਨੂੰ ਅਮਰੀਕਾ ਬੈਠੇ ਨੂੰ ਲੂਹਿਆ ਸੀ। ਇਹ ਹਵਾ ਈ ਐਸੀ ਏ ਜਿਹੜੀ ਕਦੇ ਮੈਨੂੰ ਸਕੂਨ ਦਿੰਦੀ ਸੀ ਪਰ ਹੁਣ ਭਸਮ ਕਰਦੀ ਜਾਪਦੀ ਹੈ।

ਮੇਰੇ ਵਾਲੀ ਫਲਾਈਟ ਦਾ ਇਕ ਯਾਤਰੂ ਆਲ਼ੇ ਦੁਆਲ਼ੇ ਦੇਖ ਰਿਹਾ ਹੈ। ਸੋਹਣੀ ਜਿਹੀ ਮੁਟਿਆਰ ਉਹਦੇ ਗਲ਼ੇ ਆ ਚਿੰਬੜੀ ਹੈ। ਜੇ ਉਹ ਉਹੋ ਜਿਹੀ ਨਾ ਹੁੰਦੀ। ਉਹ ਨੇ ਵੀ ਬੁਕੇ ਫੜ ਕੇ ਮੇਰੇ ਸਵਾਗਤ ਲਈ ਖੜ੍ਹੀ ਹੋਣਾ ਸੀ। ਇਸ ਮੁਟਿਆਰ ਵਾਂਗ ਹੀ ਮੇਰੀ ਤਿੰਨ ਸਾਲ ਦੀ ਪਿਆਸ ਬੁਝਾ ਦੇਣੀ ਸੀ। ਹੁਣ ਤੇ ਉਹ। ਸਭ ਕੁਝ ਉਜਾੜ ਦਿਤਾ। ਕੀ ਸੋਚਿਆ ਸੀ ਤੇ ਕੀ ਹੋ ਗਿਆ, ਵਾਹਿਗੁਰੂ! ਮੇਰੇ ਤੋਂ ਉਹ ਬਚਣ ਨਹੀਂ ਲਗੇ। ਮੈਂ ਅਖਾਂ ਪੂੰਝੀਆਂ ਹਨ।

"ਭਾਅ ਜੀ, ਪੰਜਾਬ ਜਾਣੈ? ਸਸਤੇ ਭਾੜੇ 'ਤੇ ਛਡ ਆਉਣਾਂ। ਫਿਰ ਵੀ ਤੁਹਾਡਾ ਪੰਜਾਬੀ ਭਰਾ ਆਂ।" ਟੈਕਸੀ ਡਰਾਈਵਰ ਨੇ ਪੱਗ ਦਾ ਲੜ ਅੱਖ ਵਲ ਨੂੰ ਖਿੱਚਦਿਆਂ, ਮੈਨੂੰ ਖ਼ਿਆਲਾਂ 'ਚੋਂ ਕਢਿਆ ਏ।

"ਹਾਂ, ਜਾਣਾ ਤਾਂ ਹੈ।" ਮੇਰੇ ਮੂੰਹੋਂ ਮਸਾਂ ਹੀ ਚਾਰ ਸ਼ਬਦ ਨਿਕਲੇ ਹਨ।

ਥੋੜ੍ਹਾ ਮਨ ਟਿਕਾਣੇ ਕਰਨ ਦਾ ਯਤਨ ਕਰਦਾ ਹਾਂ। ਕਾਹਲ਼ੀ ਕਾਹਲ਼ੀ ਇਹਦੇ ਨਾਲ ਰੇਟ ਮੁਕਾਇਆ ਏ। ਮੈਂ ਹੈਂਡ ਬੈਗ ਮੋਢੇ ਲਟਕਾ ਕੇ ਡਰਾਈਵਰ ਦੇ ਮਗਰ ਤੁਰ ਪਿਆ ਹਾਂ।

"ਭਾਅ ਜੀ, ਵੱਡੇ ਬੈਗ ਵੀ ਆ?" ਡਰਾਈਵਰ ਨੇ ਖ਼ਾਲੀ ਲਗੇਅਜ ਕਾਰਟ ਵਲ ਦੇਖ ਕੇ ਪੁਛਿਆ ਹੈ।

"ਬੱਸ ਮੈਂ ਈ ਆਂ ਜਾਂ ਹੈਂਡ ਬੈਗ।" ਬੈਗ ਤਾਂ ਕੀ ਪਰਬਤੋਂ ਭਾਰੀਆਂ ਸੋਚਾਂ ਚੁੱਕੀ ਲਿਜਾ ਰਿਹਾਂ।

ਆਲ਼ੇ ਦੁਆਲ਼ੇ ਅੱਗ ਲੱਗੀ ਹੋਵੇ ਤਾਂ ਮੋਮ ਵਰਗੇ ਅਹਿਸਾਸ ਮਨਾਂ ਵਿਚ ਹੀ ਸੜ ਬਲ਼ ਜਾਂਦੇ ਹਨ। ਮਨਪ੍ਰੀਤ ਤੇ ਉਹ ਬਚਣ ਨਹੀਂ ਲਗੇ। ਦੁਪਹਿਰ ਦੇ ਤਿੰਨ ਵਜੇ ਹਨ। ਰਾਤ ਨੂੰ ਦਸ ਗਿਆਰਾਂ ਵਜੇ ਤੱਕ। ਮੇਰਾ ਸਿਰ ਘੁੰਮਿਆ ਹੈ।

"ਭਾਅ ਜੀ, ਇਕੱਲਿਆਂ ਨੇ ਜਾਣਾ ਜਾਂ?" ਡਰਾਈਵਰ ਨੇ ਪਿੱਛੇ ਵੱਲ ਦੇਖਦਿਆਂ ਟੈਕਸੀ ਦਾ ਦਰਵਾਜ਼ਾ ਖੋਲ੍ਹਿਆ ਹੈ।

"ਇਕੱਲਾ ਈ ਆਇਆਂ, ਭਰਾਵਾ। ਇਕੱਲਾ ਹੀ ਜਾਵਾਂਗਾ।" ਮੈਂ ਟਿਸ਼ੂ ਪੇਪਰ ਨਾਲ ਪਸੀਨਾ ਸਾਫ਼ ਕੀਤਾ ਏ।

"ਤੁਸੀਂ ਉਦਾਸ ਨਜ਼ਰ ਆਉਂਦੇ ਓ। ਕਹੋ ਤਾਂ ਕੁਛ ਪ੍ਰਬੰਧ ਕਰ ਦਵਾਂ ਤੁਹਾਡਾ? ਜਾਂਦੀ-ਜਾਂਦੀ ਤੁਹਾਡਾ ਮਨ ਲਾਏਗੀ। ਆਉਂਦੀ ਵਾਰੀ ਯਾਰ ਕਾਟੋ ਫੁੱਲਾਂ 'ਤੇ ਖਿਡਾਉਣਗੇ। ਬਸ ਦੋ ਕੁ ਹਜ਼ਾਰ ਰੁਪਏ ਦੀ ਗਲ ਏ। ਇਕ ਨਾਲੋਂ ਇਕ ਵਧ ਕੇ ਆ। ਜਿਹਤੇ ਮਰਜ਼ੀ ਉਂਗਲੀ ਰੱਖ ਲੈਣੀ। ਐਕਟਰੈਸਾਂ ਵਰਗੀਆਂ ਨੇ। ਜੇ ਕਹੋ ਤਾਂ।" ਸ਼ੀਸ਼ੇ ਵਿਚੋਂ ਦੇਖਦਾ ਡਰਾਈਵਰ ਹੋਰ ਸਹੂਲਤਾਂ ਵੱਲ ਭਟਕਾ ਰਿਹਾ ਏ।

"ਐਵੇਂ ਦਿਮਾਗ਼ ਨਾ ਚੱਟ। ਗੱਡੀ ਧਿਆਨ ਨਾਲ ਚਲਾ। ਹੋਰੇ ਐਕਸੀਡੈਂਟ ਕਰ ਬੈਠੇਂਗਾ।" ਮੈਂ ਸ਼ੀਸ਼ੇ ਵਿਚੋਂ ਬਾਹਰ ਦੇਖਣ ਲੱਗ ਪਿਆ ਹਾਂ।

ਬਾਜ਼ਾਰ ਦੀਆਂ ਰੌਣਕਾਂ ਲੱਗੀਆਂ ਦਿਸਦੀਆਂ ਹਨ। ਕੰਪਨੀਆਂ ਦੀਆਂ ਆਦਮ ਕਦ ਇਮਾਰਤਾਂ ਆਪਣੇ ਵੱਲ ਨੂੰ ਖਿੱਚ ਰਹੀਆਂ ਹਨ। ਸੜਕ 'ਤੇ ਗਡੀਆਂ ਦਾ ਹੜ੍ਹ ਆਇਆ ਪਿਆ। ਸਭ ਕਾਹਲ਼ੀ ਵਿਚ ਹਨ। ਹਰ ਇਕ ਦੂਜੇ ਨੂੰ ਕੱਟ ਰਿਹਾ ਏ ਤੇ ਅਗੇ ਵੱਧ ਰਿਹਾ ਏ। ਕਮਾਲ ਆ ਔਰਤਾਂ ਦੇ ਕਪੜਿਆਂ ਵਿਚ ਈ ਬੜੀ ਤਬਦੀਲੀ ਆਈ ਏ। ਮੈਨੂੰ ਲੱਗ ਈ ਨ੍ਹੀਂ ਰਿਹਾ ਕਿ ਮੈਂ ਦਿੱਲੀ ਘੁੰਮ ਰਿਹਾ ਹਾਂ। ਫੈਸ਼ਨ ਤਾਂ ਸਾਡੇ ਕੈਲੇਫੋਰਨੀਆਂ ਨਾਲੋਂ ਵੀ ਵਧਿਆ ਹੋਇਆ। ਮਨਪ੍ਰੀਤ ਵੀ ਇੱਦਾਂ ਦੇ ਕਪੜੇ ਪਾਉਂਦੀ ਹਊ। ਤਾਹੀਉਂ ਤਾਂ।

"ਭਾਈ ਸਾਹਿਬ, ਇਕ ਤਾਂ ਉਹ ਗੁੱਡੀ ਜਿਹੀ ਦੇਖੋ, ਜਿਹੜੀ ਵਿੰਡੋ 'ਚੋਂ ਤੱਕ ਰਹੀ ਆ। ਇਕ ਆਹ ਰਿਸੈਪਸ਼ਨ 'ਤੇ ਪਰੀ ਵੀ ਬੈਠੀ ਆ।"

ਹੈਂਅ? ਮੈਂ ਸੋਚਾਂ ਦੀ ਫਹਿਰਿਸਤ ਵਿਚੋਂ ਬਾਹਰ ਆਇਆ ਹਾਂ। ਡਰਾਈਵਰ ਕੁਛ ਪੁੱਛ ਰਿਹਾ। ਉਸ ਨੇ ਗੱਡੀ ਹੋਟਲ ਦੇ ਅੰਦਰ ਵਾੜਦਿਆਂ ਹੀ ਕੁੜੀਆਂ ਬਾਰੇ ਦੱਸਣਾ ਸ਼ੁਰੂ ਕੀਤਾ ਹੋਇਆ ਹੈ। ਮੈਂ ਅੰਦਰ ਵਲ ਝਾਤੀ ਮਾਰਦਾ ਹਾਂ। ਪੰਜ-ਸੱਤ ਕੁੜੀਆਂ ਖਿੜਖਿੜਾ ਕੇ ਹੱਸ ਪਈਆਂ ਹਨ। ਪ੍ਰਫਿਊਮ, ਸੈਂਟ ਦੀ ਸਮੈਲ ਆਈ ਆ। ਇਸ਼ਾਰੇ ਮਾਰ ਰਹੀਆਂ ਹਨ। ਮੈਂ ਉਹਨਾਂ ਵਲ ਗਹੁ ਨਾਲ ਦੇਖਿਆ ਹੈ। ਜੌਲੀ, ਡੌਲੀ ਦੇ ਨਾਲ ਮਨਪ੍ਰੀਤ ਵੀ ਖੜ੍ਹੀ ਨਜ਼ਰ ਆ ਰਹੀ ਆ। ਮੇਰਾ ਤਪਿਆ ਜ਼ਿਹਨ ਹੋਰ ਤਪਣ ਲਗ ਪਿਆ ਏ।

"ਓਏ, ਮੈਂ ਤੈਨੂੰ ਇਥੇ ਆਉਣ ਨੂੰ ਕਿਹਾ ਸੀ? ਵੜ ਢੱਠੇ ਖੂਹ 'ਚ।" ਮੈਂ ਗੱਡੀ 'ਚੋਂ ਨਿਕਲ ਕੇ ਸੜਕ ਉੱਤੇ ਆ ਖੜ੍ਹਾ ਹੋਇਆ ਹਾਂ। ਇਸ ਡਰਾਈਵਰ ਨਾਲ ਜਾਣਾ ਈ ਨਹੀਂ।

ਹੁਣ ਮਿੰਨਤ ਕਰਨ ਲੱਗ ਪਿਆ ਏ। ਪੈਰੀਂ ਪੈਣ ਦਾ ਕੀ ਫ਼ਾਇਦਾ? ਪਹਿਲਾਂ ਈ ਬੰਦਿਆਂ ਵਾਲੀ ਗੱਲ ਕਰਦਾ। ਅਸੀਂ ਖਾਨਦਾਨੀ ਬੰਦੇ ਆਂ। ਨਾ ਪਰਾਈ ਔਰਤ ਕੋਲ ਜਾਂਦੇ ਆਂ ਤੇ ਨਾ ਆਪਣੀ ਔਰਤ ਦੀ ਏਹੋ ਜਿਹੀ ਕਰਤੂਤ ਸਹਿੰਦੇ ਆਂ। ਤਾਹੀਉਂ ਤਾਂ ਮਨਪ੍ਰੀਤ ਦਾ। ਜੇ ਏਹੋ ਜਿਹਾ ਹੁੰਦਾ, ਉਥੇ ਅਮਰੀਕਾ ਵਿਚ ਪੰਜਾਹ ਤੁਰੀਆਂ ਫ਼ਿਰਦੀਆਂ ਸਨ। ਸਤਾਰਾਂ-ਅਠਾਰਾਂ ਸਾਲ ਹੋ ਗਏ, ਉੱਥੇ ਧੱਕੇ ਖਾਂਦੇ ਨੂੰ। ਜਾਹ ਤਾਂ ਕਿਸੇ ਵੱਲ ਮੂੰਹ ਵੀ ਕੀਤਾ ਹੋਵੇ। ਚੱਲ ਇਹਨੂੰ ਵੀ ਅਕਲ ਆ ਗਈ। ਹੁਣ ਪਿੰਡ ਤੱਕ ਨਹੀਂ ਕੁਸਕਦਾ। ਘੀਸੀਆਂ ਕਰਵਾ ਕੇ ਗੱਡੀ 'ਚ ਬੈਠਾ ਹਾਂ।

ਡਰਾਈਵਰ ਨੇ ਗਡੀ ਤੋਰ ਲਈ ਹੈ। ਦਿੱਲੀ ਤੋਂ ਬਾਹਰ ਆਏ ਹਾਂ। ਗੱਡੀ ਨੇ ਰਫਤਾਰ ਫੜ ਲਈ ਏ। ਪਰ ਮੈਨੂੰ ਅਜੇ ਵੀ ਚੈਨ ਨਹੀਂ ਹੈ। ਗੱਡੀ ਨੂੰ ਹਵਾ ਬਣਾ ਰਹੇ ਟਾਇਰਾਂ ਦੀ ਰਗੜ ਜਿਵੇਂ ਜ਼ਿਹਨ ਵਿਚਲੀ ਤਪਸ਼ ਨੂੰ ਹਵਾ ਦੇ ਰਹੀ ਹੋਵੇ।

"ਛੋਟੇ ਭਾਈ, ਬੰਦਾ ਭਾਵੇਂ ਬੁੱਢਾ ਹੋ ਜਾਵੇ। ਰੰਗ ਨਹੀਂ ਮਰਨੇ ਚਾਹੀਦੇ। ਜ਼ਿੰਦਗੀ ਵੱਲ ਐਨੀ ਵੀ ਬੇਰੁਖੀ ਅਛੀ ਨ੍ਹੀਂ।" ਡਰਾਈਵਰ ਨੇ ਰਫ਼ਤਾਰ ਜ਼ਰਾ ਹੌਲੀ ਕਰਕੇ ਨਸੀਹਤ ਦੇਣ ਦਾ ਹੀਆ ਕੀਤਾ ਹੈ।

ਇਹ ਪਤਾ ਨਹੀਂ ਕਿਹੜੇ ਰੰਗਾਂ ਦੀ ਗਲ ਕਰਦੈ। ਸਾਡੇ ਰੰਗ ਤਾਂ ਕਦੋਂ ਦੇ ਫਿੱਕੇ ਪੈ ਗਏ ਆ। ਜ਼ਿੰਦਗੀ ਨੂੰ ਗੂੜ੍ਹੇ ਰੰਗਾਂ 'ਚ ਰੰਗਣ ਲਈ ਤਾਂ ਪਰਾਏ ਦੇਸ਼ ਗਿਆ ਸੀ। ਉਧਰ ਜ਼ਿੰਦਗੀ ਜਿਊਣ ਦੇ ਕਾਬਲ ਬਣਾਉਂਦਾ ਰਿਹਾ ਤੇ ਪਿੱਛੇ ਮੇਰੇ ਘਰ ਰਾਣੀਪੁਰ 'ਚ ਖੇਹ ਉੱਡ ਰਹੀ ਆ। ਬੈਗ 'ਚੋਂ ਟਿਸ਼ੂ ਪੇਪਰ ਕੱਢਿਆ ਆ। ਨਾਲ ਹੀ ਭੂਆ ਦੀ ਪਾਈ ਚਿੱਠੀ ਵੀ ਬਾਹਰ ਆ ਗਈ ਏ। ਇਸ ਚਿੱਠੀ ਦੀ ਇਬਾਰਤ ਨੇ ਹੀ ਮੇਰੇ ਅੰਦਰਲੀ ਅੱਗ ਨੂੰ ਮਘਾਉਣ ਦਾ ਕੰਮ ਕੀਤਾ ਸੀ। ਇਹ ਚਿੱਠੀ ਪਤਾ ਨ੍ਹੀਂ ਮੈਂ ਕਿੰਨੀ ਵਾਰ ਪੜ੍ਹ ਚੁਕਾ ਹਾਂ।

ਗੁਰਜਿੰਦਰ ਬੇਟੇ,

ਢੇਰ ਸਾਰਾ ਪਿਆਰ। ਜਿੰਦੇ ਤੂੰ ਮੇਰਾ ਲਾਡਲਾ ਤੇ ਇਕਲੌਤਾ ਭਤੀਜਾ ਏ। ਮੇਰੇ ਕੋਲੋਂ ਗੱਲ ਛੁਪਾਈ ਨਹੀਂ ਜਾ ਰਹੀ। ਮੈਂ ਅਖੀਂ ਦੇਖ ਕੇ ਕਿਵੇਂ ਮੱਖੀ ਨਿਗ਼ਲ ਜਾਵਾਂ। ਨਾਲੇ ਆਪਣੇ ਪਿਉ ਦਾਦੇ ਦਾ ਘਰ ਬਰਬਾਦ ਹੁੰਦਾ ਦੇਖਿਆ ਨਹੀਂ ਜਾਂਦਾ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ, ਰਾਣੀਪੁਰ ਵੱਲ ਜਾਣ ਨੂੰ ਮਨ ਨਹੀਂ ਮੰਨਦਾ। ਇਕ ਤਾਂ ਜਿੱਦਣ ਦਾ ਭਰਜਾਈ ਦਾ ਚੂਲ਼ਾ ਟੁੱਟਿਆ, ਮਨ ਊਈਂ ਬੁਝਿਆ ਰਹਿੰਦਾ ਆ। ਮੀਸਣਾ ਜਿਹਾ ਤੇਰਾ ਪਿਉ ਤੇ ਮਨਪ੍ਰੀਤ ਦੋਵੇਂ ਘਿਉ-ਖਿਚੜੀ ਨੇ। ਲਗਦੈ ਭਾਬੀ ਡਰਦੀ ਬੋਲਦੀ ਨਹੀਂ। ਪਿਛਲੇ ਵੀਰਵਾਰ ਮੈਂ ਪਿੰਡ ਗਈ ਸੀ। ਭਾਈ ਮੁੰਡਿਆ, ਤੇਰੀ ਵਹੁਟੀ ਮਨਪ੍ਰੀਤ ਮੇਰੇ ਭਾਈ ਦੇ ਕਮਰੇ 'ਚੋਂ ਬਾਹਰ ਆਉਣ ਦਾ ਨਾਂ ਨਾ ਲਵੇ। ਦੋ ਘੰਟੇ ਬਾਅਦ ਬਾਹਰ ਨਿਕਲੀ। ਅਸੀਂ ਜਿਵੇਂ ਵੇਟਿੰਗ 'ਤੇ ਲਗੇ ਹੋਈਏ। ਮਾਰ ਕਿਤੇ ਕਮਰੇ ਵਿਚ ਸੈਂਟ ਛਿੜਕੀ ਪਈ ਸੀ। ਤੇਰਾ ਪਿਉ ਚਿੱਟਾ ਕੁੜਤਾ ਪਜਾਮਾ ਪਾਈ ਦੰਦ ਕੱਢ ਰਿਹਾ ਸੀ। ਕਮਰਾ ਤਾਂ ਭਾਬੀ ਵਾਲਾ ਵੀ ਸਾਫ਼ ਸੁਥਰਾ ਤੇ ਮਹਿਕਿਆ ਹੋਇਆ ਸੀ ਪਰ ਭਾਈ ਤੇ ਭਰਜਾਈ ਦੇ ਅਲਗ-ਅਲਗ ਕਮਰਿਆਂ ਦੀ ਗਲ ਹਜ਼ਮ ਨਾ ਹੋਈ। ਜਦੋਂ ਪੁੱਛਿਆ ਤਾਂ ਤੇਰੀ ਨਖਰਿਆਂ ਪਿੱਟੀ ਕਹਿਣ ਲੱਗੀ "ਇਸ ਉਮਰ 'ਚ ਇਕੱਲੇ-ਇਕੱਲੇ ਠੀਕ ਆ, ਭੂਆ ਜੀ।"

ਬਿੜਕ ਤਾਂ ਮੈਨੂੰ ਪਹਿਲਾਂ ਵੀ ਸੀ ਇਹਨਾਂ ਦੀ ਖੁੱਲ੍ਹਖੇਡ ਦੀ। ਹੁਣ ਅਖੀਂ ਦੇਖ ਆਈ ਹਾਂ। ਪੁੱਤਰਾ, ਭਾਬੀ ਦੀ ਜਾਨ ਨੂੰ ਖ਼ਤਰਾ ਏ। ਕਿਸੇ ਤੋਂ ਪਤਾ ਲਗਾ, ਉਹ ਬਾਥਰੂਮ 'ਚੋਂ ਤਿਲਕ ਕੇ ਨਹੀਂ ਡਿਗੀ। ਇਸ ਜੋੜੀ 'ਚੋਂ ਕਿਸੇ ਨੇ ਧੱਕਾ ਦਿੱਤਾ ਆ। ਪੁੱਤਰਾ, ਤੇਰੀ ਤੇ ਤੇਰੇ ਘਰ ਦੀ ਸੁੱਖ ਮੰਗਦੀ ਹਾਂ। ਜੇ ਘਰ ਸਾਂਭ ਹੁੰਦਾ, ਆ ਕੇ ਸਾਂਭ ਲੈ। ਵਾਹਿਗੁਰੂ ਭਲੀ ਕਰੇ।

ਤੇਰੀ ਭੂਆ, ਜਗਦੀਸ਼ ਕੌਰ

ਖ਼ਤ ਪੜ੍ਹ ਕੇ ਮੇਰਾ ਸਿਰ ਖੱਖੜੀਆਂ ਹੋ ਗਿਆ ਸੀ। ਪਿਉ ਜ਼ਹਿਰ ਦਿਸਣ ਲਗ ਪਿਆ ਸੀ। ਕੰਧ 'ਤੇ ਲਗੇ ਵਰਲਡ ਦੇ ਨਕਸ਼ੇ ਵਿਚੋਂ ਇੰਡੀਆ ਤੀਰ ਬਣ ਕੇ ਸੀਨੇ ਵਿਚ ਵਜਾ ਸੀ। ਮੈਂ ਉਸ ਨਕਸ਼ੇ ਉੱਤੇ ਕੋਲੰਬੀਆ ਦਰਿਆ 'ਤੇ ਬਣੇ ਪੁਲ਼ ਦਾ ਪੋਸਟਰ ਲਾ ਦਿਤਾ। ਪਰ ਮਨ ਕਿਤੇ ਤਸਵੀਰਾਂ ਦੇਖ ਕੇ ਸ਼ਾਂਤ ਹੁੰਦਾ ਭਲਾ? ਸੁਪਨੇ ਵਿਚ ਮੈਂ ਕਈ ਵਾਰ ਦਰਿਆ ਵਿਚ ਛਾਲ਼ ਮਾਰ ਕੇ ਆਤਮ ਹੱਤਿਆ ਕੀਤੀ। ਪਰ ਸੁਪਨੇ 'ਚੋਂ ਨਿਕਲ ਕੇ ਖੁਦੀ ਨੂੰ ਬੁਲੰਦ ਕਰਦਾ। ਮਨਪ੍ਰੀਤ ਦੇ ਗਲ਼ੇ ਨੂੰ ਆਪਣੇ ਹੱਥਾਂ ਨਾਲ ਘੁੱਟਦਾ ਹੋਇਆ ਜੇਤੂ ਬਣਦਾ।

ਮੇਰੀ ਭੂਆ ਭਾਪੇ 'ਤੇ ਜਾਨ ਵਾਰਦੀ ਸੀ। ਭਾਪਾ ਫੌਜ ਵਿਚ ਸੀ। ਭੂਆ ਨੇ ਸਾਡੇ ਪਿੰਡ ਰਾਣੀਪੁਰ ਆ ਜਾਣਾ। ਭਾਪੇ ਦੀ ਦੁਸ਼ਮਣਾਂ ਨਾਲ ਲੜਾਈ ਦੇ ਬਹਾਦਰੀ ਭਰੇ ਕਿੱਸੇ ਸੁਣਾਉਣੇ। ਉਹ ਦੇ ਮਨਘੜਤ ਕਿੱਸੇ ਵੀ ਸਾਨੂੰ ਸੱਚੇ ਲਗਣੇ। ਭਾਪਾ ਕਿਸੇ ਫਿਲਮ ਦਾ ਹੀਰੋ ਲਗਣਾ। ਭੂਆ ਦਾ ਮੇਰੀ ਮਾਂ ਨਾਲ ਜ਼ਿਆਦਾ ਪਿਆਰ ਸੀ। ਆਪਣੇ ਭਰਾ ਨਾਲੋਂ ਵੀ ਮਾਂ ਦਾ ਜ਼ਿਆਦਾ ਖਿਆਲ ਰੱਖਦੀ। ਦੋਨੋਂ ਸਕੀਆਂ ਭੈਣਾਂ ਵਾਂਗ ਰਹਿੰਦੀਆਂ। ਉਹਨਾਂ ਨੂੰ ਦੇਖ ਕੇ ਕੋਈ ਨਣਾਨ-ਭਰਜਾਈ ਤਾਂ ਕਹਿ ਹੀ ਨਹੀਂ ਸਕਦਾ ਸੀ।

ਭੂਆ ਭਾਵੇਂ ਕੁਪੱਤੀ ਆ ਪਰ ਦਿਲ ਦੀ ਸਾਫ਼ ਆ। ਕਿਸੇ ਔਰਤ ਦੇ ਪਰਾਏ ਮਰਦ ਨਾਲ ਸੰਬੰਧਾਂ ਨੂੰ ਸਭ ਤੋਂ ਵਧ ਭੰਡਦੀ। ਮੇਰੀ ਮਾਂ ਤੇ ਮੈਨੂੰ ਵੀ ਆਪਣੇ ਵਰਗੇ ਬਣਾ ਲਿਆ।
ਮੇਰੇ 'ਤੇ ਭੂਆ ਦਾ ਪ੍ਰਭਾਵ ਜ਼ਿਆਦਾ ਪਿਆ। ਜਦੋਂ ਮੈਂ ਫਲੋਰੀਡਾ ਸਟੇਟ ਵਿਚ ਸੀ, ਕੰਮ ਦੀ ਬੜੀ ਸਮੱਸਿਆ ਆਈ। ਅਚਾਨਕ ਇਕ ਦਿਨ ਫ਼ਰਿਜ਼ਨੋ ਤੋਂ ਅਵਤਾਰ ਭਾਅ ਜੀ ਦਾ ਫੋਨ ਆ ਗਿਆ।

"ਆ ਜਾ, ਟਰੱਕ 'ਤੇ ਚੜ੍ਹ ਜਾਹ।"

ਉਹਦੇ ਆਪਣੇ ਦੋ ਟਰੱਕ ਸਨ। ਟਰੱਕ ਸਿਖਾਉਣ ਤੇ ਲਾਇਸੈਂਸ ਬਣਾਉਣ ਦੇ ਕੰਮ ਉਹਨਾਂ ਹੀ ਕੀਤੇ। ਫਿਰ ਸ਼ਹਿਰਾਂ ਅਤੇ ਉਹਨਾਂ ਦੀਆਂ ਸੜਕਾਂ ਦੇ ਨਕਸ਼ਿਆਂ 'ਤੇ ਟਰਕ ਦੇ ਟਾਇਰ ਵੀ ਦੌੜਾਏ। ਉਹਦੇ ਏਟੀਨ ਵ੍ਹੀਲਰ 'ਤੇ ਡਰਾਇਵਰੀ ਕਰਨ ਲੱਗਾ।

ਇਕ ਰਾਤ ਰੈਸਟ ਏਰੀਏ ਵਿਚ ਟਰੱਕ ਖੜ੍ਹਾ ਕਰਕੇ ਸੌਣ ਲਗਾ ਸੀ। ਅਜੇ ਬੱਤੀ ਨਹੀਂ ਬੁਝਾਈ ਸੀ। ਟਰੱਕ ਦੇ ਦਰਵਾਜ਼ੇ 'ਤੇ ਠਕ-ਠਕ ਹੋਈ। ਦਰਵਾਜ਼ਾ ਖੋਲ੍ਹਿਆ ਤਾਂ ਇਕ ਕੁੜੀ ਅੰਦਰ ਵੜਨ ਨੂੰ ਕਰੇ। ਮੈਂ ਟਰੱਕ ਦਾ ਡੋਰ ਬੰਦ ਕਰ ਲਿਆ। ਉਹ ਬਾਹਰ ਖੜ੍ਹੀ ਕਦੇ ਸਿਕਸ ਨਾਈਨ ਦਾ ਇਸ਼ਾਰਾ ਕਰੇ, ਕਦੇ ਜ਼ੀਰੋ ਵਨ ਦਾ। ਜੀਭ ਨੂੰ ਘੁਮਾਈ ਜਾਵੇ। ਮੈਂ ਪੰਜ-ਸੱਤ ਕੱਢੀਆਂ ਗਾਲ੍ਹਾਂ ਤੇ ਲੌਕ ਲਾ ਕੇ ਪੈ ਗਿਆ। ਸਵੇਰੇ ਉਠਦਿਆਂ ਅਵਤਾਰ ਭਾਅ ਜੀ ਨੂੰ ਰਿੰਗ ਕੀਤੀ। ਰਾਤ ਵਾਲੀ ਸਾਰੀ ਕਥਾ ਸੁਣਾਈ। ਉਹ ਹੱਸ ਪਿਆ। ਵੀਕ ਐਂਡ 'ਤੇ ਲੋਡ ਲਾਹ ਕੇ ਵਾਪਸ ਮੁੜਿਆ ਤਾਂ ਸਭ ਤੋਂ ਪਹਿਲਾਂ ਉਹਨੂੰ ਮਿਲਿਆ। ਉਹ ਫੇਰ ਹੱਸੀ ਜਾਵੇ। ਉਹਦੇ ਹੱਥ ਵਿਚ ਇਕ ਸਟਿੱਕਰ ਸੀ। ਉਸ ਉੱਤੇ ਬਣੇ ਸਰਕਲ ਵਿਚ ਨੰਗੀ ਔਰਤ ਦੇ ਪਰਛਾਵੇਂ ਦੀ ਤਸਵੀਰ ਸੀ। ਉੱਤੇ ਕਾਂਟਾ ਮਾਰਿਆ ਹੋਇਆ ਸੀ ਤੇ ਲਿਖਿਆ ਹੋਇਆ ਸੀ 'ਨੋ ਨਾਈਟ ਲਿਜ਼ਰਡ'।

"ਇਹ ਸਟਿੱਕਰ ਦਰਵਾਜ਼ੇ 'ਤੇ ਚਿਪਕਾ ਲੈ। ਫਿਰ ਨ੍ਹੀਂ ਆਉਂਦੀਆਂ।" ਉਹਨੇ ਸਟਿੱਕਰ ਮੇਰੇ ਹੱਥ ਫੜਾ ਦਿੱਤਾ ਸੀ।

ਮੁੜ ਕੇ ਕਿਸੇ ਔਰਤ ਦੀ ਹਿੰਮਤ ਨਹੀਂ ਪਈ। ਜਿਸ ਰਾਤ ਮੈਂ ਉਹ ਔਰਤ ਭਜਾਈ, ਮੈਨੂੰ ਭੂਆ ਯਾਦ ਆਈ ਸੀ। ਪਰ ਹੁਣ ਭੂਆ ਮਨਪ੍ਰੀਤ ਦੇ ਨੱਕ ਨੂੰ ਨਕੇਲ ਕਿਉਂ ਨਾ ਪਾ ਸਕੀ। ਸੋਚਿਆ ਤਾਂ ਇਹ ਸੀ ਉਹਦੇ ਪੇਪਰ ਵਾਪਸ ਲੈ ਲਵਾਂ। ਬੈਠੀ ਰਹੇ ਮਾਪਿਆਂ ਦੇ ਘਰ। ਫਿਰ ਖ਼ਿਆਲ ਆਇਆ, ਉਹ ਤਾਂ ਮੇਰੇ ਭਾਪੇ ਦੇ ਘਰ ਬੈਠੇਗੀ। ਮੇਰੀ ਮਾਂ ਬਣ ਕੇ। ਮੈਂ ਜੇ ਇਹ ਕਰਨ ਦੀ ਸੋਚਦਾ, ਉਹਦੇ ਸ਼ਰੀਫ਼ ਭਰਾ ਮੱਖਣ ਸਿੰਘ ਦਾ ਚਿਹਰਾ ਮੇਰੇ ਸਾਹਮਣੇ ਆ ਜਾਂਦਾ। ਨਾਲੇ ਉਹਦੀ ਕੁਰਬਾਨੀ।

ਉਨੀ ਸੌ ਚੁਰੰਨਵੇਂ ਵਿਚ ਮੈਂ ਕਾਲਿਜ ਪੜ੍ਹਨ ਲਗਾ ਸੀ। ਅਕਸਰ ਅਸੀਂ ਪੰਜ-ਸੱਤ ਮੁੰਡੇ ਕਾਲਿਜ ਤੋਂ ਵਾਪਸ ਆ ਕੇ ਖਾਲਸਾ ਕਲਾਥ ਹਾਊਸ ਵਾਲਿਆਂ ਦੇ ਬੈਠ ਜਾਂਦੇ। ਕਾਲਿਜ ਦੇ ਰਾਹ ਵਿਚ ਹੀ ਇਹ ਸ਼ੌਪ ਪੈਂਦੀ ਸੀ। ਖਾਲਸਾ ਕਲਾਥ ਹਾਊਸ ਵਾਲਾ ਪਰਮਿੰਦਰ ਸਿੰਘ ਗੁਲਾਟੀ ਸਾਡੇ ਤੋਂ ਉਮਰ 'ਚ ਭਾਵੇਂ ਦਸ-ਗਿਆਰਾਂ ਸਾਲ ਵੱਡਾ ਸੀ ਪਰ ਉਹ ਹਮ-ਉਮਰਾਂ ਵਾਂਗ ਹੀ ਮਿਲਦਾ ਸੀ। ਉਂਝ ਵੀ ਬੀਬੀ ਭਾਪੇ ਸਮੇਤ ਸਾਡੇ ਪਿੰਡ ਦੇ ਲੋਕੀਂ ਉਹਦੇ ਪੱਕੇ ਗਾਹਕ ਸਨ। ਇਕ ਦਿਨ ਮੇਰੇ ਕੰਨ ਵਿਚ ਕਹਿਣ ਲੱਗਾ" ਬਾਬਾ ਜੀ ਖਾੜਕੂ ਸੰਘਰਸ਼ ਵਿਚ ਕੁੱਦੇ ਹੋਏ ਹਨ। ਇਹਨਾਂ ਨੂੰ ਸਕੂਟਰ 'ਤੇ ਲੈ ਜਾਈਂ। ਆਪਣੇ ਤੋਂ ਅਗਲੇ ਪਿੰਡ ਲਾਹ ਆਈਂ।"

ਮੈਂ ਉਹਨੂੰ ਨਾਲ ਦੇ ਪਿੰਡ ਲਾਹ ਆਇਆ। ਫਿਰ ਰਾਤ ਬਰਾਤੇ ਉਹ ਤੇ ਉਹਦੇ ਸਾਥੀ ਸਾਡੀ ਮੋਟਰ 'ਤੇ ਆਉਣ ਲੱਗੇ। ਉਹਨਾਂ ਕੋਲ ਅਸਾਲਟਾਂ ਦੇਖ ਕੇ ਡਰ ਲਗਾ ਸੀ। ਭਾਪੇ ਨੇ ਕਿਹਾ ਵੀ, "ਜਿੰਦਿਆ, ਅੱਜ ਕੱਲ੍ਹ ਪਤਾ ਨ੍ਹੀਂ ਲਗਦਾ ਬੰਦੇ ਕੌਣ ਨੇ। ਜੇ ਬਚ ਹੁੰਦਾ ਤਾਂ ਬਚ ਲੈ।"

ਪਰ ਕੀ ਕਰ ਸਕਦੇ ਸੀ? ਅੰਨ ਪਾਣੀ ਤਾਂ ਛਕਾਉਣਾ ਈ ਪੈਂਦਾ ਸੀ। ਫਿਰ ਇਹਦਾ ਖਮਿਆਜ਼ਾ ਵੀ ਭੁਗਤਣਾ ਪਿਆ। ਇਕ ਦਿਨ ਖ਼ਾਕੀ ਵਰਦੀਆਂ ਵਾਲੇ ਆ ਧਮਕੇ ਸਨ। ਹੱਥਾਂ ਪੈਰਾਂ ਦੀ ਪੈ ਗਈ ਸੀ। ਮੈਂ ਤਾਂ ਹੱਥ ਨਾ ਆਇਆ। ਭਾਪੇ ਨੂੰ ਫੜ ਕੇ ਲੈ ਗਏ ਸਨ। ਮੈਂ ਗੁਲਾਟੀ ਸਾਹਿਬ ਦੇ ਪੈਰ ਜਾ ਫੜੇ ਸਨ।

"ਧਰਮ ਲਈ ਸੰਘਰਸ਼ ਚੱਲ ਰਿਹਾ। ਕੌਮ ਦੀ ਸੇਵਾ ਕਰ।" ਉਹਦੇ ਚਿਹਰੇ 'ਤੇ ਲਾਲੀ ਆਈ ਪਈ ਸੀ। ਉਹ ਦਾੜ੍ਹੀ ਨੂੰ ਵਾਰ-ਵਾਰ ਪਲੋਸ ਰਿਹਾ ਸੀ।

ਮੈਂ ਸਿਰ ਫੇਰ ਦਿਤਾ ਸੀ ਤੇ ਨਾਲ ਹੱਥ ਵੀ ਜੋੜ ਦਿਤੇ ਸਨ। ਸ਼ਾਇਦ ਮੇਰੇ ਤਰਲੇ ਸੁਣ ਕੇ ਪਿਘਲ ਗਿਆ ਸੀ।

"ਪੁਲੀਸ ਨਾਲ ਸੈੱਲ ਬਣਾਉਣੇ ਪੈਣੇ ਆ। ਟਰਾਈ ਮਾਰ ਕੇ ਦੇਖਦਾਂ। ਦਾਨ ਦਕਸ਼ਣਾ ਵੀ ਦੇਣੀ ਪੈਣੀ ਆ। ਬਾਕੀ ਜੰਗਜੂਆਂ ਤੋਂ ਕਿਵੇਂ ਬਚੇਂਗਾ?" ਗੁਲਾਟੀ ਨੇ ਮੇਰੇ ਅੱਗੇ ਦਹਿਸ਼ਤ ਫੈਲਾ ਦਿਤੀ ਸੀ।

"ਮੈਂ ਅਮਰੀਕਾ ਭੱਜ ਜਾਵਾਂਗਾ।"

ਉਹ ਮੇਰੀ ਗਲ ਸੁਣ ਕੇ ਮੁਸਕਰਾ ਪਿਆ ਸੀ। ਜਿਵੇਂ ਕਹਿ ਰਿਹਾ ਹੋਵੇ 'ਜੇ ਤੁੰਮੇ ਏਨੇ ਮਿੱਠੇ ਹੋ ਜਾਣ ਤਾਂ ਹਰ ਕੋਈ ਮੂੰਹ ਪਾ ਲਵੇ'। ਪਰ ਮੈਂ ਉਹਦੇ ਮਗਰ ਹੱਥ ਧੋ ਕੇ ਪੈ ਗਿਆ ਸੀ। ਉਹ ਜਿਵੇਂ ਕਹਿੰਦਾ ਰਿਹਾ, ਮੈਂ ਕਰਦਾ ਰਿਹਾ। ਬਾਪੂ ਕੋਲ਼ ਪੰਜ ਕਿੱਲੇ ਸੀਗੇ। ਜ਼ਮੀਨ ਗਹਿਣੇ ਧਰਦਾ ਰਿਹਾ। ਕਦੇ ਪੁਲੀਸ ਨੂੰ ਖੁਸ਼ ਕਰਦਾ ਤੇ ਕਦੇ। ਉਹ ਕਰਦਾ ਵੀ ਕੀ? ਉੱਨੀ-ਵੀਹ ਸਾਲ ਦੇ ਇਕਲੌਤੇ ਪੁੱਤ ਨੂੰ ਮਰਵਾ ਲੈਂਦਾ? ਗੁਲਾਟੀ ਸਾਹਿਬ ਕੀ ਸ਼ੈਅ ਸੀ, ਉਦੋਂ ਪਤਾ ਲਗਿਆ। ਜਦੋਂ ਮੈਨੂੰ 'ਮਾਫੀ' ਦੁਆ ਦਿੱਤੀ, ਮੇਰਾ ਭਾਪਾ ਕਹਿੰਦਾ, 'ਇਹ ਖੁਫ਼ੀਆ ਏਜੰਸੀ ਦਾ ਬੰਦਾ ਹੋਣਾਂ।' ਮੇਰੇ ਲਈ ਇਸ ਗਲ ਦੀ ਕੋਈ ਮਹੱਤਤਾ ਨਹੀਂ ਸੀ। ਮੈਂ ਪੁਲੀਸ ਤੋਂ ਬੱਚ ਕੇ ਅਮਰੀਕਾ ਪੁੱਜਣਾ ਚਾਹੁੰਦਾ ਸੀ। ਗੁਲਾਟੀ ਸਾਹਿਬ ਦਾ ਈ ਏਜੰਟ ਸੀ। ਉਹ ਏਜੰਟ ਈ ਦਿੱਲੀ ਤੋਂ ਕਿਊਬਾ, ਜਮੇਇਕਾ ਤੇ ਬਾਹਮਸ ਤੱਕ ਲੈ ਕੇ ਗਿਆ ਬੋਟ ਰਾਹੀਂ। ਅਮਰੀਕਾ ਦੇ ਮਿਆਮੀ ਸ਼ਹਿਰ ਦੀ ਐਂਟਰੀ ਵੀ ਉਹਨੇ ਹੀ ਕਰਵਾਈ। ਉਹ ਬੋਟ ਰਾਹੀਂ ਆਪ ਤਾਂ ਛੁਪਣ ਹੋ ਗਿਆ। ਜਿਉਂ ਹੀ ਅਸੀਂ ਜੰਗਲ ਵਿਚ ਵੜੇ, ਫਲੋਰੀਡਾ ਸਟੇਟ ਦੀ ਪੁਲੀਸ ਨੇ ਸਾਨੂੰ ਦਬੋਚ ਲਿਆ ਸੀ। ਮਿਆਮੀ ਸੈਂਟਰਲ ਜੇਲ੍ਹ ਤੋਂ ਹੁੰਦੇ ਹੋਏ ਇਮੀਗਰੇਸ਼ਨ ਜੇਲ੍ਹ ਦੀ ਹਵਾ ਖਾਣ ਲੱਗ ਪਏ। ਪੁੱਛ-ਗਿੱਛ ਹੋਈ। ਮੈਂ ਪੁਲੀਸ ਦੇ ਛਾਪਿਆਂ ਵਾਲਾ ਤੇ ਦੂਜਾ ਸਾਰਾ ਕੇਸ ਉਹਨਾਂ ਸਾਹਮਣੇ ਖੋਲ੍ਹ ਦਿਤਾ ਸੀ। ਉਹਨਾਂ ਦਿਨਾਂ ਵਿਚ ਮੈਨੂੰ ਕੋਈ ਵੀ ਮਾਰ ਸਕਦਾ ਸੀ। ਜੱਜ ਨੂੰ ਗਲ ਜੱਚ ਗਈ ਸੀ। ਬਾਕੀ ਕੈਦੀ ਤਾਂ ਬੌਂਡ 'ਤੇ ਛੱਡ ਦਿੱਤੇ ਸਨ ਪਰ ਮੇਰਾ ਰੈਕਟ ਕਿਸੇ ਕਰੀਮੀਨਲ ਅੱਤਵਾਦੀ ਨਾਲ ਮੈਚ ਕਰ ਰਿਹਾ ਸੀ, ਮੈਨੂੰ ਦੁਬਾਰਾ ਸੈਂਟਰਲ ਜੇਲ੍ਹ ਭੇਜ ਦਿੱਤਾ।

ਮੇਰੇ ਕੇਸ ਦੀ ਪੈਰਵੀ ਏਜੰਟ ਕਰਵਾ ਰਿਹਾ ਸੀ। ਇਕ ਦਿਨ ਇਕ ਗੁਰਸਿੱਖ ਸਿੰਘ ਜੇਲ੍ਹ ਆਇਆ। ਉਸ ਨੇ ਸਾਰੇ ਪੰਜਾਬੀ ਪੋਲੀਟੀਕਲ ਅਸਾਈਲਮ ਵਾਲਿਆਂ ਨਾਲ ਮੁਲਾਕਾਤ ਕੀਤੀ। ਤੇ ਬੋਲਿਆ, 'ਮੈਂ ਮੱਖਣ ਸਿੰਘ ਗੁਰਦੁਆਰਾ ਸਾਹਿਬ ਮਿਆਮੀ ਦੀ ਸਾਧ ਸੰਗਤ ਤੇ ਪ੍ਰਬੰਧਕਾਂ ਵਲੋਂ ਆਇਆਂ, ਕਿਸੇ ਸਿੱਖ ਵੀਰ ਨੂੰ ਕਿਸੇ ਕਿਸਮ ਦੀ ਲੋੜ ਹੋਵੇ, ਦੱਸਣਾ। ਵਕੀਲ ਦੀ, ਪੈਸੇ ਧੇਲੇ ਦੀ, ਜਾਂ ਕੋਈ ਹੋਰ। ਗੁਰੂ ਘਰ ਦਾ ਫੋਨ ਨੰਬਰ ਨੋਟ ਕਰ ਲਉ। ਚੌਵੀ ਘੰਟੇ ਗੁਰੂ ਘਰ ਦੇ ਦਰਵਾਜ਼ੇ ਸਭਨਾਂ ਲਈ ਖੁੱਲ੍ਹੇ ਹਨ।" ਉਹ ਹਫ਼ਤੇ ਦੋ ਹਫ਼ਤੇ ਬਾਅਦ ਗੇੜਾ ਮਾਰ ਜਾਂਦਾ। ਅਖ਼ਬਾਰਾਂ ਤੇ ਸਿੱਖ ਲਿਟਰੇਚਰ ਦੇ ਜਾਂਦਾ। ਦੁੱਖ-ਸੁੱਖ ਸਾਂਝਾ ਕਰ ਜਾਂਦਾ। ਸਾਨੂੰ ਹੌਂਸਲੇ 'ਚ ਕਰ ਜਾਂਦਾ।

ਫਿਰ ਇਕ ਦਿਨ ਕੋਰਟ ਨੇ ਬਿਨਾਂ ਬੌਂਡ ਤੋਂ ਮੇਰੀ ਰਿਹਾਈ ਕਰ ਦਿੱਤੀ। ਮੈਂ ਜੇਲ੍ਹ ਤੋਂ ਸਿੱਧਾ ਗੁਰੂ ਘਰ ਗਿਆ। ਸ਼ਾਮ ਨੂੰ ਮੱਖਣ ਸਿੰਘ ਨਾਲ ਮੁਲਾਕਾਤ ਹੋਈ। ਮਿਲ ਕੇ ਲੱਗਾ ਜਿਵੇਂ ਕੁਝ ਬੰਦੇ ਦੂਜਿਆਂ ਦੇ ਕੰਮ ਆਉਣ ਲਈ ਹੀ ਬਣੇ ਹੁੰਦੇ ਹਨ। ਉਹ ਮੈਨੂੰ ਆਪਣੇ ਅਪਾਰਟਮੈਂਟ ਲੈ ਗਿਆ। ਮੈਨੂੰ ਵਰਕ ਪਰਮਿਟ ਲੈ ਕੇ ਦਿੱਤਾ। ਮੇਰੇ ਕੇਸ ਦੀ ਪੈਰਵੀ ਕਰਦਾ। ਕੋਰਟ ਵਿਚ ਬਿਆਨ ਕਰਵਾਉਂਦਾ। ਉਹ ਮੈਨੂੰ ਛੇਤੀ ਤੋਂ ਛੇਤੀ ਸੈੱਟ ਕਰਨਾ ਚਾਹੁੰਦਾ ਸੀ।  ਸਾਰਾ ਪੇਪਰ ਵਰਕ ਉਹਨੇ ਹੀ ਕਰਵਾਇਆ ਸੀ। ਮੈਂ ਦਸ ਸਾਲ ਉਹਦੇ ਲਾਗੇ ਰਿਹਾ। ਫਿਰ ਉਹਨੇ ਮੈਨੂੰ ਕੈਲੇਫੋਰਨੀਆਂ ਭਾਅ ਜੀ ਅਵਤਾਰ ਕੋਲ ਭੇਜ ਦਿੱਤਾ। ਉਹਨੇ ਅਵਤਾਰ ਵੀ ਨਰ ਬੰਦਾ ਟਕਰਾਇਆ। ਉਹ ਤਾਂ ਚਾਹੁੰਦਾ ਸੀ, ਮੈਂ ਰਾਤੋ ਰਾਤ ਸਫ਼ਲ ਹੋ ਜਾਵਾਂ। ਉੱਥੇ ਕੰਮ ਤਾਂ ਸਿਸਟਮ ਵਿਚ ਪੈ ਕੇ ਹੁੰਦੇ ਹਨ। ਪੋਲੀਟੀਕਲ ਅਸਾਈਲਮ ਦਾ ਕੇਸ ਹੋਣ ਕਰਕੇ ਬੀਬੀ ਭਾਪਾ ਤਾਂ ਉਸੇ ਵੇਲੇ ਜਾ ਸਕਦੇ ਸਨ ਪਰ ਉਹ ਮੰਨੇ ਨਹੀਂ ਸਨ। ਜਦੋਂ ਤਕ ਮੈਨੂੰ ਸਿਟੀਜ਼ਨਸ਼ਿਪ ਮਿਲੀ, ਉੱਥੇ ਗਏ ਨੂੰ ਪੰਦਰਾਂ ਸਾਲ ਹੋ ਗਏ ਸਨ। ਹੁਣ ਮੇਰੇ ਕੋਲ ਕਿਸ਼ਤਾਂ ਵਾਲਾ ਘਰ ਏ। ਆਪਣਾ ਟਰੱਕ ਆ। ਇਹ ਸਭ ਭਾਅ ਜੀ ਮੱਖਣ ਸਿੰਘ ਦੀਆਂ ਬਰਕਤਾਂ ਆ। ਜਿਉਂ ਹੀ ਮੈਨੂੰ ਸਿਟੀਜ਼ਨਸ਼ਿਪ ਮਿਲੀ। ਮੈਂ ਇੰਡੀਆ ਲਈ ਟਿਕਟ ਕਟਾ ਲਈ ਸੀ।

"ਗੁਰਜਿੰਦਰ ਸਿਆਂ, ਦਿਲ 'ਚ ਨਾ ਰਖੀਂ ਕਿ ਮੱਖਣ ਸੁੰਹ ਸਾਰਾ ਕੁਝ ਮਤਲਬ ਲਈ ਕਰਦਾ ਰਿਹਾ।ਮੇਰੀ ਭੈਣ ਆ ਮਨਪ੍ਰੀਤ। ਬੀ.ਐੱਸ. ਸੀ. ਨਰਸਿੰਗ ਕੀਤੀ ਹੋਈ ਆ। ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਉਹਦੇ ਨਾਲ ਮੇਲ ਵੀ ਆ। ਪਿੰਡ ਜਾ ਆਵੀਂ। ਮੇਰੇ ਪਿਤਾ ਜੀ ਵੀ ਆਉਣਗੇ। ਪਸੰਦ ਆ ਗਈ ਤਾਂ ਵਿਆਹ ਕਰਵਾ ਲਵੀਂ। ਜੇ ਪਸੰਦ ਨਾ ਆਈ, ਫਿਰ ਨਾ ਕਰੀਂ। ਮੈਂ ਮਾਈਂਡ ਨ੍ਹੀ ਕਰਦਾ। ਆਪਣਾ ਰਿਸ਼ਤਾ ਬਣਿਆ ਰਹੇਗਾ। ਬਾਕੀ ਜੇ ਕਰਮਾਂ 'ਚ ਰਿਸ਼ਤਾ ਹੋਇਆ, ਹੋ ਜਾਵੇਗਾ।" ਭਾਅ ਜੀ ਮੱਖਣ ਸਿੰਘ ਨੇ ਹਲਕੇ ਜਿਹੇ ਮੂਡ ਵਿਚ ਕਿਹਾ ਸੀ। ਰੋਜ਼ ਤਾਂ ਉਹਦਾ ਫੋਨ ਆਉਂਦਾ ਸੀ। ਹੁਣ ਵੀ ਆਉਂਦਾ ਏ।

ਇਹੋ ਜਿਹੇ ਬੰਦੇ ਦੀ ਭੈਣ ਨਾਲ ਵਿਆਹ ਕਰਵਾਉਣਾ, ਮੈਨੂੰ ਮਾਣ ਵਾਲੀ ਗੱਲ ਲਗਦੀ ਸੀ। ਮੈਂ ਦੇਖ ਦਿਖਾਈ ਦੇ ਚੱਕਰ ਵਿਚ ਨਾ ਪਿਆ। ਬਸ ਵਿਆਹ ਕਰਵਾਉਣ ਦੀ ਕੀਤੀ। ਮੈਂ ਕਦੇ ਵੀ ਭਾਅ ਜੀ ਮੱਖਣ ਸਿੰਘ ਦਾ ਦੇਣਾ ਨਹੀਂ ਦੇ ਸਕਦਾ। ਨਾਲੇ ਮਨਪ੍ਰੀਤ ਤਾਂ ਉਂਝ ਹੀ ਖੂਬਸੂਰਤ ਬਹੁਤ ਸੀ ਤੇ ਸੁਘੜ ਸਿਆਣੀ ਹੋਣ ਕਰਕੇ ਸੱਚ ਮੁੱਚ ਈ ਮੇਰੇ ਮਨ ਦੀ ਪ੍ਰੀਤ ਬਣ ਗਈ ਸੀ। ਮੇਰੀ ਮਨਪ੍ਰੀਤ ਨੇ ਘਰ ਆ ਸਾਂਭਿਆ ਸੀ। ਪਰ ਜੋ ਕੁਝ ਉਹ ਹੁਣ ਕਰ ਰਹੀ ਆ। ਬੰਦਾ ਕਲਪਨਾ ਵੀ ਨਹੀਂ ਕਰ ਸਕਦਾ।

ਡਰਾਈਵਰ ਦੇ ਫ਼ੋਨ ਦੀ ਘੰਟੀ ਵੱਜੀ ਹੈ। ਮੇਰੇ ਕੋਲ ਇੰਟਰਨੈਸ਼ਨਲ ਨੰਬਰ ਵਾਲਾ ਫ਼ੋਨ ਏ। ਮੈਂ ਕਿਸੇ ਨਾਲ ਗੱਲ ਨਹੀਂ ਕਰਦਾ। ਇਹ ਕਿਸੇ ਨਾਲ ਗੱਲਾਂ ਵਿਚ ਰੁੱਝ ਵੀ ਗਿਆ ਹੈ। ਗੱਡੀ ਦੀ ਸਪੀਡ ਉੱਨੀ ਈ ਆ। ਬਈ ਤੂੰ ਸਾਈਡ 'ਤੇ ਲਾ ਕੇ ਗੱਲ ਕਰ ਲੈ। ਕਿੰਨੀ ਵਾਰ ਕਿਹਾ ਚਲਦੀ ਗੱਡੀ ਫ਼ੋਨ ਅਟੈਂਡ ਨਾ ਕਰੋ। ਇਧਰਲੇ ਡਰਾਈਵਰਾਂ ਨੂੰ ਜੋ ਮਰਜ਼ੀ ਕਹੀ ਜਾਵੋ। ਵਿੰਗੀਆਂ ਲਕੜੀਆਂ ਨੇ। ਇਹਨੀਂ ਕਿਹੜਾ ਮੰਨਣਾ ਹੁੰਦਾ। ਜਾਹ ਤਾਂ ਸਾਡੇ ਉੱਧਰ ਰੋਡ 'ਤੇ ਟਰੈਫ਼ਿਕ ਦਾ ਕੋਈ ਨਿਯਮ ਤੋੜ ਕੇ ਦਿਖਾਵੇ। ਉਸੇ ਵੇਲੇ ਸ਼ੈਰਿਫ ਮੋਟੀ ਟਿਕਟ ਦੇ ਜਾਂਦਾ ਆ। ਇਹ ਭਾਈ ਸਾਹਿਬ ਤਾਂ ਅਜੇ ਤੱਕ ਫ਼ੋਨ ਨਾਲ ਚਿੰਬੜੇ ਹੋਏ ਹਨ। ਚਾਰੇ ਪਾਸੇ ਇਵੇਂ ਲੱਗ ਰਿਹਾ ਜਿਵੇਂ ਹਿੰਦੁਸਤਾਨੀਆਂ ਨੇ ਫ਼ੋਨਾਂ 'ਤੇ ਈ ਜੰਗ ਜਿੱਤਣੀ ਹੋਵੇ। ਜਦੋਂ ਸੁਦਾਗਰ ਦਾ ਫ਼ੋਨ ਆਇਆ ਸੀ, ਮੈਂ ਵੀ ਉਦੋਂ ਟੱਰਕ ਡਰਾਈਵ ਕਰ ਰਿਹਾ ਸੀ। 'ਬੈਕ ਕਾਲ ਕਰਦਾਂ' ਕਹਿ ਕੇ ਫ਼ੋਨ ਕੱਟ ਦਿੱਤਾ ਸੀ।

ਸੁਦਾਗਰ ਦਾ ਨਾਂ ਯਾਦ ਆਉਂਦਿਆਂ ਈ ਮਨ ਦਾ ਜ਼ਰਾ ਕੁ ਸ਼ਾਂਤ ਹੋਇਆ ਸਮੁੰਦਰ ਦੁਬਾਰਾ ਖੌਲ਼ਣ ਲਗ ਪਿਆ ਹੈ। ਅੱਖਾਂ ਦੀ ਲਾਲੀ ਦੀਆਂ ਡੋਰੀਆਂ ਹੋਰ ਵਧ ਗਈਆਂ ਹੋਣੀਆਂ ਆਂ। ਮੈਂ ਗੈਸ ਸਟੇਸ਼ਨ 'ਤੇ ਰੁਕ ਕੇ ਉਹਨੂੰ ਫੋਨ ਲਾਇਆ ਸੀ।

"ਹੋਰ ਸੁਣਾ ਪਿੰਡ ਦਾ ਹਾਲ। ਆਂਢ-ਗੁਆਂਢ ਦਾ ਤੇ ਸਾਡੇ ਘਰ ਦਾ।"

ਮੈਂ 'ਸਾਡੇ ਘਰ ਦਾ' 'ਤੇ ਜ਼ੋਰ ਦਿਤਾ ਸੀ। ਮੈਂ ਭੂਆ ਦਾ ਤਾਜ਼ਾ-ਤਾਜ਼ਾ ਖ਼ਤ ਪੜ੍ਹ ਕੇ ਹਿੱਲਿਆ ਹੋਇਆ ਸੀ।

ਸੁਦਾਗਰ ਮੇਰਾ ਜਮਾਤੀ ਏ ਤੇ ਦੋਸਤ ਵੀ ਏ। ਮੈਨੂੰ ਉਸ 'ਤੇ ਪੂਰਾ ਭਰੋਸਾ ਸੀ ਕਿ ਉਹ ਸੱਚ ਬੋਲੇਗਾ ਤੇ ਇਕੱਲੀ-ਇਕੱਲੀ ਗੱਲ ਆਪਣਾ ਦੁੱਖ ਸਮਝ ਕੇ ਦਸੇਗਾ। ਪਹਿਲਾਂ ਤਾਂ ਉਹ ਇੱਧਰ-ਉੱਧਰ ਦੀਆਂ ਮਾਰਦਾ ਰਿਹਾ। ਫਿਰ ਗਲੋਟਾ ਉਧੜਦਾ ਤੇ ਉਲਝਦਾ ਜਾ ਰਿਹਾ ਸੀ।

"ਭਰਾਵਾ, ਹੌਂਸਲਾ ਨ੍ਹੀਂ ਸੀ ਪੈ ਰਿਹਾ, ਕਿਵੇਂ ਗਲ ਕਰਾਂ। ਹੁਣ ਤਾਂ ਪਾਣੀ ਪੁਲ਼ਾਂ ਉੱਤੋਂ ਦੀ ਲੰਘ ਚੁੱਕਾ ਜਾਪਦਾ ਹੈ। ਸਾਰੇ ਪਿੰਡ 'ਚ ਰੌਲ਼ਾ ਪੈ ਗਿਆ। ਭਾਬੀ ਤੇ ਫ਼ੌਜੀ ਭਾਪੇ ਦੇ ਗ਼ਲਤ ਬਣੇ ਰਿਸ਼ਤੇ ਦਾ।"

"ਇਹ ਰੌਲ਼ਾ ਈ ਆ? ਜਾਂ ਤੂੰ ਆਪ ਵੀ ਕੁਝ ਦੇਖਿਆ?" ਮੈਨੂੰ ਅਜੇ ਵੀ ਆਪਣੇ ਭਾਪੇ 'ਤੇ ਭਰੋਸਾ ਸੀ। ਜਿਹੜਾ ਫੌਜੀ ਸਰਹੱਦ 'ਤੇ ਦੁਸ਼ਮਣਾਂ ਦਾ ਸਫ਼ਾਇਆ ਕਰਦਾ ਰਿਹਾ, ਉਹ ਦੁਸ਼ਮਣਾਂ ਦੇ ਟੋਲੇ 'ਚ ਕਿਵੇਂ ਜਾ ਰਲ਼ਿਆ। ਉਹ ਟੂਣੇਹਾਰੀ ਅੱਖ ਦੇ ਕਾਬੂ ਕਿਵੇਂ ਆ ਗਿਆ?

"ਥੋੜ੍ਹੇ ਦਿਨ ਹੋਏ। ਗੇਟ ਖੁੱਲ੍ਹਾ ਦੇਖ ਕੇ ਮੈਂ ਅੰਦਰ ਜਾ ਵੜਿਆ। ਭਾਬੀ ਫੌਜੀ ਭਾਪੇ 'ਤੇ ਪਾਣੀ ਦੇ ਮਘ ਭਰ-ਭਰ ਕੇ ਪਾ ਰਹੀ ਸੀ। ਉਹ ਭਾਬੀ ਤੋਂ ਸਾਬਣ ਲੁਆ-ਲੁਆ ਕੇ ਨਹਾ ਰਿਹਾ ਸੀ। ਮੈਨੂੰ ਦੇਖ ਕੇ ਭਾਬੀ ਦੇ ਮੱਥੇ ਵੱਟ ਪੈ ਗਏ। ਪਰ ਬੋਲੀ ਕੁਝ ਨਾ। ਪਰ ਫੌਜੀ ਦਿਮਾਗ਼ ਨੇ ਹੱਦ ਈ ਕਰ ਦਿਤੀ। ਕਹਿਣ ਲਗੇ "ਓਏ ਸੱਗੀ, ਘੰਟੀ ਵਜਾਉਣ ਲਈ ਲਾਈ ਹੋਈ ਆ।" ਇਹ ਸ਼ਬਦ ਉਹਨਾਂ ਇੰਨੇ ਕੁਰਖਤ ਲਹਿਜੇ ਵਿਚ ਵਰਤੇ, ਮੈਂ ਤਾਂ ਜਿਵੇਂ ਮਰ ਹੀ ਗਿਆ ਹੋਵਾਂ। ਮੈਂ ਆਸਰਾ ਭਾਲਣ ਲਈ ਬੀਬੀ ਦੇ ਕਮਰੇ ਵੱਲ ਚਲਾ ਗਿਆ। ਉਹ ਵੀ ਚੁੱਪ। ਭਰਾਵਾ ਉਹਦੀ ਕਿਥੇ ਚੱਲਦੀ ਆ ਹੁਣ। ਨਾਲੇ ਜਦੋਂ ਵਹੁਟੀਆਂ ਆ ਜਾਣ, ਮਾਂਵਾਂ ਪਿੱਛੇ ਪੈ ਜਾਂਦੀਆਂ ਹਨ। ਉਹਦਾ ਵਿਚਾਰੀ ਦਾ ਚੂਲ਼ਾ ਕੀ ਟੁੱਟਿਆ, ਨਾਤੇ ਈ ਤੋੜ ਬੈਠੀ।"

ਮੈਂ ਫੋਨ ਕੱਟ ਕੇ ਟਰੱਕ ਤੋਰ ਤਾਂ ਲਿਆ ਪਰ ਮੋਹਰੇ ਦਿਸੇ ਕੁਝ ਨਾ। ਅੱਖਾਂ ਅਗੇ ਹਨੇਰਾ ਆਈ ਜਾਵੇ। ਦੋ-ਤਿੰਨ ਵਾਰ ਟੱਕਰ ਹੋਣੋਂ ਵੀ ਬਚੀ। ਫਰੀ-ਵੇਅ 'ਤੇ ਪਾਇਆ ਤਾਂ ਮੋਹਰੇ ਸ਼ੈਰਿਫ ਚਲਾਨ ਕੱਟ ਰਿਹਾ ਸੀ। ਮੈਂ ਉਸ 'ਮਾਮੇ' ਨੂੰ ਦੇਖ ਕੇ ਡਰ ਗਿਆ। ਟੱਰਕ, ਟੱਰਕ ਸ਼ੌਪ 'ਤੇ ਜਾ ਖੜ੍ਹਾ ਕੀਤਾ। ਲੋਡ ਕਿਸੇ ਹੋਰ ਨੂੰ ਚੁਕਾਉਣ ਲਈ ਡੈਸਪੈਚਰ ਨੂੰ ਰੀਕੁਐਸਟ ਕੀਤੀ। ਮੈਂ ਟੱਰਕ ਵਿਚਲੇ ਬੈਡ 'ਤੇ ਪੈ ਗਿਆ। ਪਰ ਅੱਖਾਂ ਨਾ ਮੀਟ ਹੋਈਆਂ।

ਜਦੋਂ ਤੱਕ ਮੇਰਾ ਕਾਰਡ ਨਹੀਂ ਮੁੱਕ ਗਿਆ, ਮੈਂ ਸੁਦਾਗਰ ਨਾਲ ਗਲੀਂ ਲਗਾ ਰਿਹਾ ਸੀ। ਉਹਦੇ ਉਹੀ ਬੋਲ ਮੇਰੇ ਕੰਨਾਂ ਵਿਚ ਵੱਜਣ ਲੱਗੇ। ਲੋਕ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਉਹ ਵੀ ਉਹਨੇ ਮੈਨੂੰ ਦੱਸੀਆਂ ਸਨ। ਜੇ ਸਾਰਾ ਕੁਝ ਸੱਚ ਸੀ, ਮੈਂ ਕਿਵੇਂ ਲੋਕਾਂ ਨੂੰ ਰੋਕ ਸਕਦਾ ਸੀ? ਲੋਕਾਂ ਦੀ ਜ਼ੁਬਾਨ ਤੇ ਵਗਦੀ ਹਵਾ ਨੂੰ ਕੋਈ ਫੜ ਨਹੀਂ ਸਕਦਾ। ਇਹ ਕਾਂਵਾ ਵੀ ਕਾਲੀ ਹਨੇਰੀ ਬਣਦੀ ਦਿਸ ਰਹੀ ਸੀ। ਇਸ ਹਨੇਰੀ ਵਿਚ ਉੱਡਿਆ, ਮੈਂ ਯਾਦਾਂ ਦੇ ਵਾਵਰੋਲ਼ਿਆਂ ਵਿਚ ਘੁੰਮਣ ਲੱਗਾ।

ਮੈਨੂੰ ਯਾਦ ਆਇਆ ਜਦੋਂ ਅਸੀਂ ਛੇਵੀਂ-ਸੱਤਵੀਂ ਜਮਾਤ 'ਚ ਪੜ੍ਹਦੇ ਸੀ ਸਾਡਾ ਗੁਆਂਢੀ ਕਰਮਾ ਈਰਾਨ ਗਿਆ ਹੋਇਆ ਸੀ। ਉਦੋਂ ਇਰਾਕ ਤੇ ਈਰਾਨ ਦੀ ਜੰਗ ਛਿੜ ਪਈ ਸੀ। ਕਰਮੇ ਦਾ ਕੋਈ ਥਹੁ ਪਤਾ ਨਾ ਲਗੇ। ਨਾ ਚਿੱਠੀ ਨਾ ਪੱਤਰ। ਪਿੱਛੇ ਸੁਰਿੰਦਰ ਭਾਬੀ, ਦੋ ਬੱਚੇ ਤੇ ਤਾਇਆ ਜੀ ਉਹਦੀ ਰੋਜ਼ ਉਡੀਕ ਕਰਨ। ਤਿੰਨ-ਚਾਰ ਸਾਲ ਲੰਘ ਗਏ ਪਰ ਉਹ ਨਾ ਆਇਆ। ਤਾਏ ਨੇ ਹੋਰ ਮੱਝਾਂ ਰੱਖ ਲਈਆਂ। ਦੁੱਧ ਵੇਚ ਕੇ ਗੁਜ਼ਾਰਾ ਕਰਨ ਲੱਗੇ। ਸ਼ਾਮਾਂ ਨੂੰ ਲੋਕਾਂ ਨੇ ਦੁੱਧ ਲੈਣ ਆਉਣਾ। ਮੈਂ ਤੇ ਸੁਦਾਗਰ ਵੀ ਉਹਨਾਂ ਦੇ ਘਰ ਖੇਡਣ ਚਲੇ ਜਾਂਦੇ। ਭਾਬੀ ਤਾਏ ਤੋਂ ਘੁੰਡ ਕੱਢਦੀ ਸੀ। ਚੁੰਨੀ ਦੇ ਲੜ ਵਿੱਚੋਂ ਈ ਭਾਬੀ ਦੀਆਂ ਅੱਖਾਂ ਤਾਏ ਵਿਚੋਂ ਪਤਾ ਨ੍ਹੀਂ ਕੀ ਭਾਲ਼ਦੀਆਂ ਰਹਿੰਦੀਆਂ ਸਨ, ਉਹਨੇ ਤਾਏ ਦੇ ਮੂੰਹ ਵੱਲ ਵੇਖੀ ਜਾਣਾ। ਦੁੱਧ ਦਾ ਮਘ ਭਰ ਕੇ ਉਹਨੂੰ ਦਿਖਾਲਣਾ। ਫਿਰ ਅਗਲੇ ਦੇ ਡੱਬੇ ਵਿਚ ਉਲਟਾਉਣਾ। ਅਸੀਂ ਡੇਢ ਦੋ ਘੰਟੇ ਉਹਨਾਂ ਦਾ ਅੱਖ ਮਟੱਕਾ ਦੇਖੀ ਜਾਣਾ। ਹੌਲੀ ਹੌਲੀ ਪਿੰਡ ਵਿਚ ਉਹਨਾਂ ਦੇ ਘਿਉ ਖਿਚੜੀ ਹੋਣ ਦਾ ਰੌਲ਼ਾ ਪੈ ਗਿਆ ਸੀ। ਇਹ ਖਬਰ ਭੂਆ ਤਕ ਅੱਪੜੀ ਤਾਂ ਉਹ ਲੋਹੀ ਲਾਖੀ ਹੋਈ, ਉਸੇ ਵੇਲ਼ੇ ਉਹਨਾਂ ਦੇ ਘਰ ਜਾ ਪੁੱਜੀ ਸੀ। ਉੱਚੀ-ਉਚੀ ਸੰਘ ਘਰੋੜ-ਘਰੋੜ ਕੇ ਉਹਨੇ ਦੋਵਾਂ ਦੀ ਮਿੱਟੀ ਪੱਟ-ਪੱਟ ਅੰਬਰੀਂ ਚੜ੍ਹਾ ਦਿਤੀ। ਦੋਵਾਂ ਨੂੰ ਸ਼ਰੀਕੇ 'ਚ ਬਹਾ ਕੇ ਕੰਨਾਂ ਨੂੰ ਹੱਥ ਲੁਆਏ।

ਮੈਨੂੰ ਲਗਦੈ ਸਾਡੇ ਘਰ ਦੀ ਗੱਲ ਸੱਚੀ ਨਹੀਂ ਹੋਣੀ। ਜੇ ਸੱਚੀ ਹੁੰਦੀ ਹੁਣ ਤਕ ਭੂਆ···। ਮਨਪ੍ਰੀਤ ਦੇ ਸੁਭਾਅ ਦਾ ਕੀ ਪਤਾ? ਹੋ ਸਕਦਾ ਬਾਹਲ਼ੀ ਲੜਾਕੀ ਹੋਵੇ। ਭੂਆ ਝੇਪ ਮੰਨਦੀ ਹੋਵੇ। ਮੈਂ ਤਾਂ ਵਿਆਹ ਪਿਛੋਂ ਪੰਜ ਹਫ਼ਤੇ ਉਹਦੇ ਕੋਲ਼ ਰਿਹਾ। ਫ਼ਿਰ ਉਡਾਰੀ ਮਾਰ ਲਈ ਸੀ। ਮੈਂ ਘਰ ਫੋਨ ਕਰਦਾ ਆਂ। ਬੀਬੀ ਵੀ ਕੁਸਕਦੀ ਨਹੀਂ। ਉਹਦੇ ਕਹਿਣ 'ਤੇ ਤਾਂ ਮੈਂ ਮਨਪ੍ਰੀਤ ਦੀ ਪਟੀਸ਼ਨ ਕੀਤੀ ਸੀ। ਸਾਡੀ ਦੋਨਾਂ ਦੀ ਉਮਰ 'ਚ ਫਰਕ ਆ। ਉਹ ਮੈਤੋਂ ਦਸ-ਬਾਰਾਂ ਸਾਲ ਛੋਟੀ ਏ। ਅੰਬੈਸੀ ਵਾਲੇ ਸਾਡੀ ਮੈਰਿਜ 'ਤੇ ਸ਼ੱਕ ਕਰਦੇ ਆ। ਔਬਜੈਕਸ਼ਨ ਲਾਈ ਜਾਂਦੇ ਆ। ਮੈਂ ਤਾਂ ਉਹਦੇ ਆਉਣ ਦੀ ਉਡੀਕ ਵਿਚ ਦਿਨ ਕਟੀ ਕਰ ਰਿਹਾ ਸੀ। ਆਹ ਤਾਂ ਪਤਾ ਹੀ ਨਹੀਂ ਸੀ।

ਮੈਂ ਸੋਚਦਾ ਸਾਂ ਕਿ ਹੋ ਸਕਦੈ ਭੂਆ ਆਦਤ ਮੁਤਾਬਕ ਵਧਾਅ-ਚੜ੍ਹਾਅ ਕੇ ਗੱਲ ਕਰਦੀ ਹੋਵੇ। ਉਂਝ ਵੀ ਭੂਆ ਮੈਨੂੰ ਆਪ ਰਿਸ਼ਤਾ ਕਰਾਉਣਾ ਚਾਹੁੰਦੀ ਸੀ। ਪਰ ਮੈਂ ਤਾਂ ਮਨਪ੍ਰੀਤ ਦੇ ਭਰਾ ਦਾ ਅਹਿਸਾਨ ਚੁਕਾਉਣਾ ਚਾਹੁੰਦਾ ਸੀ। ਇਸ ਕਰਕੇ ਭੂਆ ਵਾਲਾ ਰਿਸ਼ਤਾ ਨਾ ਲਿਆ। ਪਰ ਸੁਦਾਗਰ ਤਾਂ ਸਿਆਣਾ ਬੰਦਾ। ਨਾ ਮੇਰਾ ਕੋਈ ਚਾਚਾ, ਨਾ ਤਾਇਆ ਤੇ ਨਾ ਹੀ ਕੋਈ ਭੈਣ ਭਾਈ। ਇਕਲੀ ਤਾਂ ਵਣਾਂ ਵਿਚ ਲਕੜੀ ਵੀ ਨਾ ਹੋਵੇ। ਹੁਣ ਪਤਾ ਲਗਦੈ ਕਿ ਕੋਈ ਨਾਲ ਜੰਮਿਆ ਜ਼ਰੂਰ ਹੋਣਾ ਚਾਹੀਦਾ। ਢਿੱਡ ਦੀ ਗੱਲ ਕਰਨ ਲਈ। ਦੁੱਖ ਵੰਡਿਆ ਜਾਂਦਾ ਤੇ ਹੱਲ ਵੀ ਨਿਕਲ ਜਾਂਦੇ ਆ। ਆਪਣੀ ਕਿਸਮਤ 'ਤੇ ਰੋਂਦਾ, ਮੈਂ ਟਰੱਕ ਤੋਰ ਲਿਆ ਸੀ। ਮੇਰੇ ਸਾਹਮਣੇ ਕੋਈ ਮੰਜ਼ਿਲ ਨਾ ਰਹੀ। ਖੁਦ ਨੂੰ ਇਕ ਅੰਨ੍ਹੀ ਗਰਕ ਹੁੰਦੀ ਨ੍ਹੇਰੀ ਗੁਫਾ ਵਲ ਜਾਂਦੇ ਦੇਖ ਰਿਹਾ ਸੀ। ਪਤਾ ਨਹੀਂ ਕਿਵੇਂ ਮੈਂ ਉਸ ਦਿਨ ਘਰ ਪੁੱਜਿਆ ਹੋਵਾਂਗਾ। ਜਦੋਂ ਟਰੱਕ ਖੜ੍ਹਾ ਕਰਕੇ ਘਰ ਨੂੰ ਤੁਰਿਆ, ਮੀਂਹ ਪੈ ਕੇ ਹਟਿਆ ਸੀ। ਠੰਡੀ ਹਵਾ ਸਿਰ ਨੂੰ ਠਾਰਨ ਲਗੀ। ਪਰ ਮੇਰੇ ਅੰਦਰ ਤਾਂ ਅੱਗ ਮਚੀ ਹੋਈ ਸੀ।

"ਭਾਈ ਸਾਹਿਬ, ਕੁਰੂਕਸ਼ੇਤਰ ਪਹੁੰਚ ਗਏ ਆਂ। ਕੁਝ ਛੱਕਣਾ ਛਕਾਉਣਾ ਕਿ ਚਲਦੇ ਰਹੀਏ?" ਡਰਾਈਵਰ ਉਬਾਸੀ 'ਤੇ ਉਬਾਸੀ ਲੈ ਰਿਹਾ।

"ਭਰਾਵਾ, ਤੂੰ ਜੇ ਫ਼ਰੈਸ਼ ਹੋਣਾ ਤਾਂ ਹੋ ਲੈ। ਮੇਰਾ ਤਾਂ ਬੱਸ।" ਮੈਂ ਤਾਂ ਕਦੋਂ ਦਾ ਕੁਰੂਕਸ਼ੇਤਰ ਪੁੱਜਿਆ ਹੋਇਆ ਹਾਂ। ਜੇਬ 'ਚੋਂ ਸੌ ਦਾ ਨੋਟ ਫੜਾਉਂਦਿਆਂ ਡਰਾਈਵਰ ਨੂੰ ਕਿਹਾ ਏ।

ਸਾਹਮਣੇ ਚੌਂਕ ਵਿਚ ਖੜ੍ਹੇ ਵਿਸ਼ਾਲ ਰੱਥ 'ਤੇ ਕ੍ਰਿਸ਼ਨ ਸਾਰਥੀ ਬਣਿਆ ਬੈਠਾ ਸੀ ਤੇ ਅਰਜਨ ਨੂੰ ਯੁੱਧ ਲੜਨ ਲਈ ਪ੍ਰੇਰਤ ਕਰ ਰਿਹਾ ਸੀ। ਮੈਨੂੰ ਮਹਿਸੂਸ ਹੋਇਆ, ਜਿਵੇਂ ਅਰਜਨ ਦੀ ਜਗ੍ਹਾ ਮੈਂ ਰੱਥ 'ਤੇ ਬੈਠਾ ਹੋਵਾਂ। ਮੇਰੇ ਹੱਥਾਂ 'ਚ ਤਲਵਾਰ ਕਮਾਨ ਤੇ ਹੋਰ ਵੀ ਹਥਿਆਰ ਹੋਣ। ਕੌਰਵਾਂ ਵਾਲੇ ਰੱਥ 'ਤੇ ਮੈਨੂੰ ਮਨਪ੍ਰੀਤ ਬੈਠੀ ਨਜ਼ਰ ਆ ਰਹੀ ਸੀ। ਨਾਲ ਦੇ ਰੱਥ 'ਤੇ ਫੌਜੀ। ਮਜਬੂਰ ਹੋਈ ਬੀਬੀ ਭੀਸ਼ਮ ਲੱਗ ਰਹੀ ਸੀ।

"ਘਰਾਂ ਦੀਆਂ ਜੰਗਾਂ ਤਬਾਹੀ ਤੋਂ ਵੱਧ ਕੁਝ ਨਹੀਂ ਦਿੰਦੀਆਂ।"

ਬੀਬੀ ਮੈਨੂੰ ਰੋਕਣ ਲਈ ਭਜੀ ਆ ਰਹੀ ਏ। ਪਰ ਮੇਰੇ ਮਨ ਦਾ ਕ੍ਰਿਸ਼ਨ ਜ਼ੋਰ ਪਾ ਰਿਹਾ ਹੈ। ਮੈਂ ਤਲਵਾਰ ਤੇਜ਼ ਘੁਮਾਈ ਜਾ ਰਿਹਾ ਹਾਂ। ਤਲਵਾਰ ਸਹੀ ਟਿਕਾਣੇ 'ਤੇ ਵਾਰ ਕਰ ਰਹੀ ਏ। ਦੋਵਾਂ ਦੇ ਸੀਸ ਲਾਹ ਕੇ ਅਹੁ ਮਾਰੇ ਹਨ। ਧੜ ਤੜਫ਼ ਰਹੇ ਨੇ। ਬੀਬੀ ਧੜਾਂ ਲਾਗੇ ਬੈਠ ਗਈ ਆ। ਵਿਰਲਾਪ ਕਰਨ ਲਗ ਪਈ ਹੈ। ਕ੍ਰਿਸ਼ਨ ਭਗਵਾਨ ਮੁਸਕਰਾ ਰਹੇ ਹਨ। ਮੈਨੂੰ ਆਪਣੇ ਕੀਤੇ 'ਤੇ ਮਾਣ ਮਹਿਸੂਸ ਹੋਣ ਲਗਾ।

"ਸਾਹਿਬ ਜੀ, ਟੋਇਅਲੈਟ ਜਾਣੈ ਤਾਂ ਜਾ ਆਵੋ।" ਡਰਾਈਵਰ ਨੇ ਸ਼ੀਸ਼ੇ ਸਾਫ਼ ਕਰਦਿਆਂ ਚਲ ਰਹੀ ਜੰਗ ਨੂੰ ਰੋਕਿਆ ਆ ਤੇ ਮਰਦਾਨਾ ਰੈਸਟ ਰੂਮ ਵਲ ਇਸ਼ਾਰਾ ਕੀਤਾ ਹੈ।

ਮੈਂ ਸੁਪਨੇ ਨਾਲੋਂ ਟੁੱਟਿਆ ਹਾਂ। ਅਰਜਨ ਕੋਲ ਤੀਰ ਰੱਥ ਹੈਗੇ ਨੇ। ਤੇ ਕ੍ਰਿਸ਼ਨ ਵਲੋਂ ਯੁੱਧ ਦਾ ਦਿੱਤਾ ਹੋਇਆ ਗਿਆਨ ਵੀ। ਹਥਿਆਰ ਤਾਂ ਮੈਂ ਗੁਲਾਟੀ ਤੋਂ ਲੈ ਲਵਾਂਗਾ ਪਰ ਗਿਆਨ? ਯੁੱਧ ਲੜਨ ਲਈ ਯੁੱਧ ਬਾਰੇ ਗਿਆਨ ਜ਼ਰੂਰੀ ਹੋਣਾ ਚਾਹੀਦਾ ਹੈ। ਜੇ ਗਿਆਨ ਨਹੀਂ ਹਥਿਆਰ ਕਿਵੇਂ ਚਲਾਵਾਂਗਾ? ਹੁਣ ਮੈਂ ਦੁਬਿਧਾ ਵਿਚ ਫੱਸ ਗਿਆ ਹਾਂ। ਮੇਰੇ ਸਾਹਮਣੇ ਰਸਤਾ ਸਾਫ਼ ਨਹੀਂ ਹੈ। ਮੈਂ ਡਰਾਈਵਰ ਨੂੰ ਚੱਲਣ ਦਾ ਇਸ਼ਾਰਾ ਮਾਰਿਆ ਏ। ਉਸ ਨੇ ਪਰਫਿਊਮ ਛਿੜਕਿਆ ਹੈ ਤੇ ਕੰਨਾਂ ਨੂੰ ਹੱਥ ਲਾ ਕੇ ਗੱਡੀ ਤੋਰ ਲਈ ਏ।

ਮੈਂ ਨਿਗਾਹ ਸ਼ੀਸ਼ੇ ਵਿਚੋਂ ਬਾਹਰ ਘੁਮਾਈ ਆ। ਅਵੱਲ ਤਾਂ ਸੜਕ ਕੰਢੇ ਦਰੱਖਤ ਦਿਖਦੇ ਹੀ ਨਹੀਂ। ਜਿਹੜੇ ਟਾਵੇਂ ਟਾਵੇਂ ਹੈਗੇ ਨੇ, ਉਹ ਵੀ ਸੁੱਕੇ ਹੋਏ ਹਨ। ਫਿਰ ਹਰਿਆਲੀ ਕਿੱਥੋਂ ਆ ਜਾਊ? ਅੱਗੇ ਛਾਂਦਾਰ ਦਰੱਖਤ ਛਾਂ ਦੇਣ ਲਈ ਹੁੰਦੇ ਸਨ। ਫਲਦਾਰ ਬੂਟਿਆਂ ਦੀ ਮਿਠਾਸ ਨੇ ਸਾਡੇ ਰਿਸ਼ਤੇ ਵੀ ਮਿੱਠੇ ਕੀਤੇ ਹੁੰਦੇ ਸਨ। ਇਹਨਾਂ ਰੁੱਖਾਂ ਦੇ ਖਾਤਮੇ ਨਾਲ ਮੌਸਮ ਤਾਂ ਬੇਯਕੀਨੇ ਹੋਏ ਹੀ ਹਨ, ਨਾਲ ਰਿਸ਼ਤਿਆਂ ਦਾ ਵੀ ਕੋਈ ਇਤਬਾਰ ਨਹੀਂ ਰਿਹਾ। ਵਿਕਾਸ ਦੇ ਨਾਂ 'ਤੇ ਸਭ ਕੁਝ ਖਤਮ ਕੀਤਾ ਜਾ ਰਿਹਾ। ਆਹ ਸੜਕ ਈ ਦੇਖ ਲਉ। ਇਹ ਅਮਰੀਕੀ ਸੜਕਾਂ ਵਰਗੀਆਂ ਬਣਾ ਦਿੱਤੀਆਂ।

"ਇਹ ਬੀਮਾਰੀ ਵੀ ਤੁਹਾਡੇ ਦੇਸ਼ 'ਚੋਂ ਆਈ ਲਗਦੀ ਆ।" ਥਾਂ-ਥਾਂ ਟੋਲ ਪਲਾਜ਼ਿਆਂ 'ਤੇ ਫੀਸ ਦਿੰਦਾ ਡਰਾਈਵਰ ਦੁਖੀ ਹੋਇਆ ਪਿਆ।

ਡਰਾਈਵਰ ਗੱਡੀ ਦੀ ਸਪੀਡ ਵੀ ਵਧਾਈ ਜਾ ਰਿਹਾ। ਇਕ-ਇਕ ਕਰਕੇ ਛੋਟੇ ਸ਼ਹਿਰਾਂ ਨੂੰ ਪਿੱਛੇ ਧਕੇਲਦੀ ਹੋਈ ਗੱਡੀ ਸ਼ਰਰ-ਸ਼ਰਰ ਦੀ ਆਵਾਜ਼ ਦੇ ਰਹੀ ਹੈ। ਪਤਾ ਨ੍ਹੀਂ ਕਿਉਂ ਮੈਨੂੰ ਇਸ ਆਵਾਜ਼ ਵਿਚੋਂ ਭੈਅ ਆ ਰਿਹਾ ਹੈ। ਸਾਹਮਣੇ ਹਰੇ ਰੰਗ ਦੇ ਬੋਰਡ ਉੱਤੇ ਝਾਉਲ਼ਾ-ਝਾਉਲ਼ਾ ਜਿਹਾ ਅੰਬਾਲਾ ਸ਼ਬਦ ਪੜ੍ਹਿਆ ਤਾਂ ਕੁਰੂਕਸ਼ੇਤਰ ਵਿਚਲਾ ਚੀਕ ਚਿਹਾੜਾ ਫਿਰ ਤੋਂ ਕੰਨਾਂ ਵਿਚ ਗੂੰਜਣ ਲੱਗ ਪਿਆ ਏ।

ਮੇਰੇ ਪੇਂਡੂ ਰਾਣੀਪੁਰ ਵਾਲੇ ਸਰਪੰਚ ਦੇ ਟੱਬਰ ਨੂੰ 'ਅੰਬਾਲੇ ਵਾਲੇ' ਕਰਕੇ ਸੱਦਦੇ ਆ। ਪੁਰਾਣੇ ਸਮਿਆਂ ਵਿਚ ਸਰਪੰਚ ਪਾਖਰ ਸੁੰਹ ਦਾ ਪੜਦਾਦਾ ਯੂਬਾ ਸਿਟੀ ਵਾਲੇ ਪਾਸੇ ਕਿਸੇ ਮੈਕਸੀਕਨ ਨਾਲ ਘਰ ਵਸਾਈ ਬੈਠਾ ਸੀ। ਉਧਰ ਪੰਜਾਬ ਵਿਚ ਸਰਪੰਚ ਦੀ ਪੜਦਾਦੀ ਅੰਬਾਲੇ ਵੱਲ ਦੇ ਕਿਸੇ ਡਰਾਈਵਰ ਨੂੰ ਘਰ ਰੱਖੀ ਬੈਠੀ ਸੀ। ਇਹਦੇ ਦਾਦੇ ਦੀ ਸ਼ਕਲ ਉਸ ਅੰਬਾਲੇ ਵਾਲੇ ਨਾਲ ਮਿਲਦੀ ਸੀ। ਉਦੋਂ ਦੇ ਇਹਨਾਂ ਨੂੰ ਪਿੰਡ ਦੇ ਲੋਕੀਂ ਅੰਬਾਲੇ ਵਾਲੇ ਈ ਸੱਦਦੇ ਆ। ਇਹ ਅੰਬਾਲੇ ਵਾਲਾ ਸਰਦਾਰ ਸੈਕਰਾਮੈਂਟੋ ਆਪਣੀ ਧੀ ਕੋਲ ਆਇਆ ਹੋਇਆ। ਇਹਦਾ ਜੁਆਈ ਵੀ ਟਰੱਕ ਚਲਾਉਂਦਾ। ਇਹ ਉਹਦੇ ਨਾਲ ਟਰੱਕ 'ਤੇ ਸਿਆਟਲ ਦੇਖਣ ਆ ਗਿਆ। ਮੈਂ ਵੀ ਉੱਥੇ ਸੇਬਾਂ ਤੇ ਪੀਚ ਦਾ ਲੋਡ ਚੁੱਕਣ ਵੇਅਰ ਹਾਊਸ ਪੁੱਜਾ ਹੋਇਆ ਸੀ।

ਅੰਬਾਲੇ ਵਾਲਾ ਵੀ ਆਪਣੇ ਜੁਆਈ ਨਾਲ ਫਰੂਟ ਲੈਣ ਦੀ ਵੇਟ ਕਰੇ। ਮੈਨੂੰ ਦੇਖ ਕੇ ਖੁਸ਼ ਹੋ ਗਿਆ। ਮੈਂ ਤਾਂ ਇਕੱਠਾ ਜਿਹਾ ਹੋਈ ਜਾਵਾਂ। ਇਹ ਸਾਰੇ ਪਿੰਡ ਦੀਆਂ ਕਹਾਣੀਆਂ ਸੁਣਾਈ ਜਾਵੇ। ਫਿਰ ਆਪਣੇ ਜੁਆਈ ਦੇ ਸਾਹਮਣੇ ਈ ਕਹਿਣ ਲਗਾ, "ਮੁੰਡਿਆ, ਫੌਜੀ ਤੇਰੇ ਨਾਲ ਠੀਕ ਨਹੀਂ ਕਰ ਰਿਹਾ। ਤੈਨੂੰ ਸੁਦਾਗਰ ਨੇ ਦੱਸਿਆ ਈ ਹੋਣਾ। ਤੈਨੂੰ ਪਤਾ ਤੁਹਾਡੇ ਘਰਾਂ ਦੇ ਪਿੱਛੇ ਕੁੱਬਿਆਂ ਦੇ ਖੱਤੇ ਆ। ਉਹ ਦੱਸਦੇ ਸਨ, "ਉਹਨਾਂ ਦੇ ਖੱਤੇ ਖ਼ੂਨ ਨਾਲ ਲਿੱਬੜੇ ਕੱਪੜਿਆਂ ਤੇ ਰੂੰ ਨਾਲ ਭਰੇ ਪਏ ਹਨ। ਭਾਈ ਤੇਰਾ ਪਿਉ ਪਿੰਡ ਦੇ ਸੰਸਕਾਰਾਂ ਨੂੰ ਵੀ ਭੁੱਲ ਗਿਆ। ਮੈਂ ਘਰ ਗਿਆ ਤਾਂ ਤੇਰੀ ਵਹੁਟੀ ਉਹਦੇ ਨਾਲ ਹਿੜਹਿੜ ਕਰ ਰਹੀ ਸੀ। ਨਾ ਸਿਰ 'ਤੇ ਚੁੰਨੀ ਨਾ ਕੋਈ ਹੋਰ ਕਪੜਾ। ਸਹੁਰੇ ਕੋਲ ਬਹੂਆਂ ਸਾਡੇ ਪਿੰਡਾਂ 'ਚ ਇਉਂ ਨ੍ਹੀਂ ਬਹਿੰਦੀਆਂ।"

ਉਹ ਅਖ਼ਬਾਰ ਪੜ੍ਹ ਰਿਹਾ ਸੀ। ਅਖ਼ਬਾਰ ਨੂੰ ਪਾਸੇ ਰਖਦਿਆਂ ਬੋਲਿਆ, "ਤੁਹਾਡੇ ਗੁਆਂਢੀ ਤਾਂ ਇਹ ਵੀ ਕਹਿੰਦੇ ਆ, ਤੇਰੀ ਵਹੁਟੀ ਉਹਨੂੰ ਪੜ੍ਹਨ ਨੂੰ ਗੰਦੇ ਨਾਵਲ ਲਿਆ ਕੇ ਦਿੰਦੀ ਆ। ਤਾਂ ਕਿ ਉਹਦੀ ਮਰਦਾਨਗੀ ਬਣੀ ਰਹੇ। ਲੋਕ ਤਾਂ ਹੋਰ ਵੀ ਬਹੁਤ ਕੁਝ ਬੋਲਦੇ ਆਂ। ਮੈਨੂੰ ਤਾਂ ਤੇਰੀ ਮਾਂ 'ਤੇ ਤਰਸ ਆਉਂਦਾ। ਇਸ ਉਮਰ ਵਿਚ ਵੀਚਾਰੀ ਸਭ ਕੁਝ ਅੱਖਾਂ ਸਾਹਮਣੇ। ਮੈਂ ਉਹਨੂੰ ਬਥੇਰਾ ਕਿਹਾ ਕਿ ਭਾਈ ਕੁਝ ਬੋਲ। ਉਹ ਨੀ ਕੁਸਕੀ। ਤੇਰੇ ਨਾਲ ਕਿਹੜਾ ਫੋਨ 'ਤੇ ਗੱਲ ਕਰਦੀ ਹੋਣੀ ਆ। ਬਾਕੀ ਸਰਪੰਚ ਹੋਣ ਦੇ ਨਾਤੇ ਮੇਰੀ ਹਮਦਰਦੀ ਪੁੱਤਰਾ ਤੇਰੇ ਨਾਲ ਆ। ਤੂੰ ਜੋ ਕਹੇਂਗਾ ਤਨੋਂ ਮਨੋਂ ਮੈਂ ਤੇਰੇ ਨਾਲ ਆਂ।"

ਲੱਗਦਾ ਸਰਪੰਚੀ ਦਾ। ਆਪਣੇ ਜੁਆਈ ਸਾਹਮਣੇ ਮੇਰਾ ਜਲੂਸ ਕੱਢ ਦਿੱਤਾ ਸੀ। ਹੋ ਸਕਦਾ ਧੀ ਨੂੰ ਵੀ ਦੱਸ ਆਇਆ ਹੋਵੇ। ਗੱਲ ਸਾਰੇ ਕੈਲੇਫੋਰਨੀਆਂ 'ਚ ਫੈਲ ਜਾਣੀ ਆ। ਸਰਪੰਚ ਦੀਆਂ ਗੱਲਾਂ ਨੇ ਭਾਂਬੜ ਈ ਬਾਲ਼ ਸੁਟੇ ਸਨ। ਮੇਰੇ ਮਨ ਨੇ ਦੋਨਾਂ ਦਾ ਕਤਲ ਕਰਨ ਦਾ ਫ਼ੈਸਲਾ ਕਰ ਲਿਆ। ਮੈਨੂੰ ਪਲਵਿੰਦਰ ਸਿੰਘ ਗੁਲਾਟੀ ਦਾ ਚੇਤਾ ਆ ਗਿਆ। ਉਹ ਕਦੇ ਭੁੱਲਿਆ ਵੀ ਨਹੀਂ। ਅਮਰੀਕਾ ਪੁੱਜਣ ਤੱਕ ਸਾਡੀ ਸਾਰੀ ਜ਼ਮੀਨ ਉਹਦੇ ਕੋਲ਼ ਗਹਿਣੇ ਪਈ ਸੀ। ਮੈਂ ਅਠਾਰਾਂ-ਅਠਾਰਾਂ ਘੰਟੇ ਕੰਮ ਕੀਤਾ ਤੇ ਸਭ ਤੋਂ ਪਹਿਲਾਂ ਜ਼ਮੀਨ ਛੁਡਾਈ। ਫੇਰ ਉਹ ਭਾਪੇ ਨੂੰ ਹੋਰ ਜ਼ਮੀਨ ਖਰੀਦ ਕੇ ਦੇਣ ਲੱਗ ਪਿਆ। ਜਿਉਂ ਹੀ ਪੰਜਾਬ 'ਤੇ ਚੰਗੇ ਦਿਨ ਆਏ, ਗੁਲਾਟੀ ਰੀਅਲ ਅਸਟੇਟ ਦਾ ਕੰਮ ਕਰਨ ਲੱਗ ਪਿਆ ਸੀ। ਹੁਣ ਤੇ ਉਹਦਾ ਆਪਣਾ ਮੌਲ ਆ। ਐਮ. ਐਲ. ਏ. ਦੀ ਟਿਕਟ ਦਾ ਦਾਅਵੇਦਾਰ ਵੀ ਆ। ਮੈਂ ਉਹਦੇ ਨਾਲ ਗੱਲ ਤੋਰੀ। ਉਹ ਹੱਸ ਕੇ ਕਹਿਣ ਲਗਾ, "ਔਰਤਾਂਮਰਦਾਂ ਦੇ ਨਜਾਇਜ਼ ਸੰਬੰਧ ਤਾਂ ਹੁਣ ਪੰਜਾਬ ਵਿਚ ਆਮ ਗੱਲ ਹੋ ਗਈ ਏ। ਬਾਕੀ ਹੁਣ ਫਾਹਾ ਵਢਾਉਣ ਵਾਲੇ ਕੰਮ ਮਹਿੰਗੇ ਹੋ ਗਏ।"

ਮੈਂ ਆਪਣਾ ਫ਼ੈਸਲਾ ਨਾ ਬਦਲਿਆ। ਸਗੋਂ ਇੰਡੀਆ ਲਈ ਜਹਾਜ਼ ਚੜ੍ਹ ਆਇਆ ਹਾਂ।

ਪੰਜਾਬ ਦਾ ਬੋਰਡ ਸਵਾਗਤ ਕਰ ਰਿਹਾ ਏ। ਬਾਹਰ ਸ਼ਾਮ ਢਲ਼ ਗਈ ਹੈ। ਡਰਾਈਵਰ ਨੇ ਪਾਠ ਵਾਲੀ ਟੇਪ ਲਾ ਦਿਤੀ ਹੈ। ਬਾਣੀ ਦੀ ਰਸ ਭਿੰਨੀ ਆਵਾਜ਼ ਆਉਣ ਲਗੀ ਹੈ। ਪਰ ਇਹ ਮਹਿਕ ਵੀ ਮੇਰੇ ਮਨ ਅੰਦਰ ਬਲ਼ ਰਹੇ ਲਾਵੇ ਦੀ ਸੜਹਾਂਦ ਨੂੰ ਮੱਠਾ ਨਹੀਂ ਕਰ ਰਹੀ। ਮੈਂ ਮਨ ਨੂੰ ਠੀਕ ਕਰਨ ਲਈ ਬਾਣੀ ਦਾ ਆਸਰਾ ਲੈਂਦਾ ਹਾਂ। ਪਰ ਮਨ ਟਿਕ ਨਹੀਂ ਰਿਹਾ। ਇਥੇ ਹੁਣ ਖੁਸ਼ੀਆਂ ਖੇੜੇ ਆਉਣੋਂ ਵੀ ਡਰਦੇ ਹਨ। ਕੋਈ ਸੱਧਰ ਵੀ ਨਹੀਂ ਮੌਲਦੀ। ਮੇਰੇ ਸਾਹਮਣੇ ਦੋ ਸਿਵੇ ਬਲ ਰਹੇ ਹਨ।

ਨਵਾਂ ਸ਼ਹਿਰ ਆ ਗਿਆ। ਬਾਹਰ ਘੁੱਪ ਹਨੇਰਾ ਹੋਇਆ ਪਿਆ। ਜਿਉਂ ਹੀ ਗੱਡੀ ਬੰਗਾ ਰੋਡ 'ਤੇ ਪਈ, ਕੁਰੂਕਸ਼ੇਤਰ ਮੇਰੇ ਅੰਦਰ ਫਿਰ ਤੋਂ ਉਸਲਵੱਟੇ ਲੈਣ ਲੱਗ ਪਿਆ ਹੈ। ਘੜੀ ਵੱਲ ਦੇਖਦਾ ਹਾਂ। ਰਾਤ ਦੇ ਗਿਆਰਾਂ ਵੱਜੇ ਹਨ। ਹੋਰ ਪੰਦਰਾਂ ਮਿੰਟ ਦਾ ਰਾਹ ਏ। ਮੇਰੀਆਂ ਅੱਖਾਂ ਅੱਗੇ ਫੌਜੀ ਤੇ ਮਨਪ੍ਰੀਤ ਫਿਰ ਤੋਂ ਆਪਣੇ ਆਪਣੇ ਰੱਥਾਂ 'ਤੇ ਸਵਾਰ ਘੁੰਮ ਰਹੇ ਹਨ। ਮੈਂ ਭੱਮਤਰਿਆ ਗਿਆ ਹਾਂ। ਗੁੱਸੇ ਨੇ ਮੇਰੇ ਮਨ 'ਤੇ ਆਪਣਾ ਪੂਰਾ ਅਧਿਕਾਰ ਕਰ ਲਿਆ ਹੈ। ਮੇਰੀ ਤਲਵਾਰ ਵੀ ਹਵਾ ਵਿਚ ਲਹਿਰਾ ਰਹੀ ਹੈ। ਮੈਂ ਜਲਦੀ ਤੋਂ ਜਲਦੀ ਪਿੰਡ ਪੁੱਜਣਾ ਚਾਹੁੰਦਾ ਹਾਂ। ਡਰਾਈਵਰ ਨੂੰ ਗੱਡੀ ਤੇਜ਼ ਕਰਨ ਦਾ ਹੁਕਮ ਦਿੰਦਾ ਹਾਂ। ਡਰਾਈਵਰ ਨੇ ਸੁੱਚੇ ਸੂਰਮੇ ਦੇ ਅਖਾੜੇ ਵਾਲੀ ਟੇਪ ਲਾ ਦਿੱਤੀ ਹੈ। ਮੈਂ ਅਰਜਨ ਨੂੰ ਮਨੋਂ ਕੱਢਿਆ ਏ। ਹੁਣ ਮੈਂ ਸੁੱਚਾ ਸੂਰਮਾ ਬਣਨ ਜਾ ਰਿਹਾਂ। ਮਨਪ੍ਰੀਤ ਦਾ ਹਸ਼ਰ ਬਲਬੀਰੋ ਭਾਬੀ ਵਾਲਾ ਹੋਏਗਾ।

ਮੇਰਾ ਸਰੀਰ ਕੰਬਣ ਲਗ ਪਿਆ। ਚਿਹਰੇ 'ਤੇ ਗੁੱਸੇ ਦੇ ਨਿਸ਼ਾਨ ਉੱਭਰ ਆਏ ਹਨ। ਸਰੀਰ 'ਚੋਂ ਬੇਚੈਨੀ ਜਿਹੀ ਉੱਠੀ ਆ। ਬੈਗ ਨੂੰ ਫਰੋਲਿਆ ਹੈ। ਸ਼ਰਾਬ ਦੀ ਬੋਤਲ ਕੱਢ ਲਈ ਹੈ। ਬਲੈਕ ਲੇਬਲ ਦੀ ਬੋਤਲ ਮੂੰਹ ਨੂੰ ਲਾ ਲਈ ਹੈ। ਸੱਤ-ਅੱਠ ਘੁੱਟ ਅੰਦਰ ਲੰਘਾ ਕੇ ਬੋਤਲ ਮੁੜ ਬੈਗ ਵਿਚ ਪਾ ਲਈ ਹੈ। ਬੰਗਾ ਲੰਘ ਗਏ ਹਾਂ। ਦਿਮਾਗ਼ 'ਤੇ ਨਸ਼ਾ ਚੜ੍ਹਨ ਲੱਗਾ ਆ।

ਮੇਰੀ ਨਸ-ਨਸ ਵਿਚ ਤੇਜ਼ੀ ਆ ਗਈ ਹੈ। ਰਾਹਾਂ 'ਤੇ ਮੇਰੀ ਉਂਗਲੀ ਘੁੰਮ ਰਹੀ ਹੈ। ਡਰਾਈਵਰ ਉਂਗਲੀ ਦੇ ਇਸ਼ਾਰੇ 'ਤੇ ਚੱਲ ਰਿਹਾ। ਰਾਣੀਪੁਰ ਆ ਗਿਆ। ਸਾਡੇ ਪਿੰਡ ਗੇਟ ਨਹੀਂ ਬਣਿਆ ਹੋਇਆ। ਮੈਂ ਸੋਚਦਾ ਸੀ ਬਾਪ ਦੀ ਮੌਤ ਤੋਂ ਬਾਅਦ 'ਸੂਬੇਦਾਰ ਮਿਲਖਾ ਸਿੰਘ ਯਾਦਗਾਰੀ ਗੇਟ' ਬਣਾਵਾਂਗਾ। ਇਹ ਤੇ ਕਦੇ ਸੋਚਿਆ ਹੀ ਨਹੀਂ ਸੀ ਆਪਣੇ ਹਥੀਂ ਉਹਦੀ ਮੌਤ।

"ਬਸ ਆਹ ਵਸੀਵੇਂ 'ਤੇ ਈ ਲਾਹ ਦੇ। ਆਹ ਲੈ ਆਪਣਾ ਕਿਰਾਇਆ। ਦੋ ਸੌ ਵਧ ਦਿੱਤਾ ਆ।" ਮੈਂ ਡਰਾਈਵਰ ਨੂੰ ਨੋਟ ਫੜਾਉਂਦਿਆਂ ਉਹਨੂੰ ਪਿੰਡ ਦੇ ਬਾਹਰੋਂ ਈ ਵਿਦਿਆ ਕਰ ਦਿੱਤਾ ਹੈ।

ਪੈਰ ਧਰਤੀ ਤੋਂ ਕੁਝ ਉੱਚੇ ਉੱਚੇ ਰੱਖ ਹੋ ਰਹੇ ਹਨ। ਸਾਰਾ ਪਿੰਡ ਤਾਂ ਸੁੱਤਾ ਪਿਆ। ਇਸੇ ਕਰਕੇ ਤਾਂ ਮੈਂ ਇਹ ਵਕਤ ਚੁਣਿਆ ਸੀ। ਬੱਸ ਫੌਜੀ ਤੇ ਮਨਪ੍ਰੀਤ ਇਕੋ ਕਮਰੇ ਵਿਚ ਹੋਣ। ਤੇ ਦਰਵਾਜ਼ਾ ਹੋਵੇ ਖੁੱਲ੍ਹਾ। ਅੱਤ ਦੀ ਗਰਮੀ ਆ। ਦਰਵਾਜ਼ੇ ਖੁਲ੍ਹੇ ਈ ਹੋਣਗੇ।

"ਅੱਜ ਨੀਂ ਛਡਦਾ ਤੈਨੂੰ ਫੌਜੀਆ, ਮਨਪ੍ਰੀਤ ਤੇਰੀ ਚਿਖਾ ਵੀ ਨਾਲ ਈ ਬਲ਼ੇਗੀ।" ਪਤਾ ਨੀਂ ਮੇਰੇ ਮੂੰਹੋਂ ਉੱਚੀ-ਉੱਚੀ ਲਲਕਾਰੇ ਵੱਜ ਰਹੇ ਨੇ ਜਾਂ ਮੇਰੇ ਅੰਦਰ ਦੀ ਕੋਈ ਆਵਾਜ਼ ਆ।

ਮੈਂ ਕਾਹਲ਼ੇ-ਕਾਹਲ਼ੇ ਕਦਮੀਂ ਪਿੰਡ ਦੀਆਂ ਗਲ਼ੀਆਂ ਵਿਚੋਂ ਲੰਘ ਰਿਹਾ ਹਾਂ। ਬੈਗ ਨੂੰ ਕਦੇ ਇਕ ਮੋਢੇ 'ਤੇ ਪਾਉਂਦਾ ਹਾਂ ਤੇ ਕਦੇ ਦੂਜੇ 'ਤੇ। ਅੱਖਾਂ 'ਚੋਂ ਅਗਨੀ ਦੀਆਂ ਬੁਛਾਰਾਂ ਬਾਹਰ ਵਲ ਡਿੱਗ ਰਹੀਆਂ ਹਨ। ਬੁੱਲ੍ਹ ਕੰਬ ਰਹੇ ਹਨ। ਜੀਭ ਥਥਲਾ ਰਹੀ ਆ।

ਮੈਂ ਪਿਛਵਾੜਿਉਂ ਐਂਟਰ ਹੋਇਆ ਹਾਂ। ਸੁਆਦ ਆ ਗਿਆ। ਛੋਟਾ ਗੇਟ ਖੁੱਲ੍ਹਾ ਈ ਆ। ਕੰਧ ਨੀਂ ਟਪਣੀ ਪਈ। ਪਿਛੇ ਹਨੇਰਾ ਈ ਆ। ਮੈਂ ਅੰਦਰ ਵੜ ਕੇ ਹਨੇਰੇ ਦੀ ਓਟ ਲਈ ਏ। ਹੈਂਅ! ਮੇਨ ਗੇਟ ਵੀ ਖੁੱਲ੍ਹਾ? ਹੌਲ਼ੀ-ਹੌਲ਼ੀ ਕਮਰਿਆਂ ਦੇ ਪਿੱਛੇ ਤੁਰ ਰਿਹਾ ਹਾਂ। ਮੈਂ ਤਾਕੀਆਂ ਵਿਚੋਂ ਅੰਦਾਜ਼ਾ ਲਾਉਣਾ ਚਾਹੁੰਦਾਂ। ਅਜੇ ਸੁੱਤੇ ਨਹੀਂ। ਆਵਾਜ਼ਾਂ ਆ ਰਹੀਆਂ ਹਨ। ਮੈਂ ਅੱਗੇ ਵਧਿਆ ਹਾਂ। ਫ਼ੌਜੀ ਵਾਲੇ ਬੈੱਡ ਰੂਮ ਦੀਆਂ ਤਾਕੀਆਂ ਖੁਲ੍ਹੀਆਂ ਹਨ। ਮੈਂ ਜਾਲੀ ਨੂੰ ਮੂੰਹ ਲਾਇਆ ਏ। ਹੈਂਅ! ਇਹ ਕੀ?

"ਬਸ ਦੋ ਚਾਰ ਹੋਰ ਸਾਹ ਬਖਸ਼ੇ ਨੇ ਰੱਬ ਨੇ।" ਡਾਕਟਰ ਫੌਜੀ ਦੇ ਟੀਕਾ ਲਾ ਕੇ ਹਟਿਆ ਆ।

ਮਨਪ੍ਰੀਤ ਡੁਸਕਣ ਲਗ ਪਈ ਹੈ। ਸੁਦਾਗਰ ਤੇ ਬੀਬੀ ਇਹਨੂੰ ਚੁੱਪ ਕਰਾਉਣ ਲੱਗ ਪਏ ਹਨ।

"ਮਨਪ੍ਰੀਤ ਜੀ, ਤੁਸੀਂ ਤਾਂ ਬਜ਼ੁਰਗਾਂ ਦੀ ਬਹੁਤ ਸੇਵਾ ਕੀਤੀ ਆ। ਤੁਹਾਡਾ ਕੋਈ ਦੇਣਾ ਨਹੀਂ ਦੇ ਸਕਦਾ। ਏਡਜ਼ ਏਹੋ ਜਿਹੀ ਬੀਮਾਰੀ ਆ, ਜਿਹਤੇ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਆਪਾਂ ਹਾਰੀ ਹੋਈ ਲੜਾਈ ਲੜ ਰਹੇ ਸੀ। ਇਹ ਬਹੁਤ ਵੱਡੀ ਗੱਲ ਆ, ਤੁਸੀਂ ਦੋ ਸਾਲ ਉਹਨਾਂ ਨੂੰ ਬਚਾਈ ਰੱਖਿਆ।"

ਡਾਕਟਰ ਦੀ ਗੱਲ ਸੁਣ ਕੇ ਮੈਨੂੰ ਘਬਰਾਹਟ ਹੋਣ ਲਗ ਪਈ ਹੈ। ਮੇਰੇ ਭਾਪੇ ਨੂੰ ਏਡਜ਼ ਕਿਵੇਂ ਹੋ ਗਈ? ਕਿਤੇ ਮਨਪ੍ਰੀਤ ਤੋਂ ਤਾਂ?

"ਸੁਦਾਗਰ ਬੇਟਾ, ਅਸੀਂ ਤਾਂ ਤੇਰੇ ਭਾਪੇ ਦੀ ਬੀਮਾਰੀ ਬਾਰੇ ਲੋਕਾਂ ਨੂੰ ਦੱਸਿਆ ਨੀਂ। ਇਸ ਭੈੜੀ ਬੀਮਾਰੀ ਕਰਕੇ ਲੋਕੀ ਸੌ-ਸੌ ਗੱਲਾਂ ਕਰਦੇ ਆ।" ਬੀਬੀ ਕੁਰਸੀ 'ਤੇ ਬੈਠੀ ਬੀਮਾਰੀ ਬਾਰੇ ਦੱਸ ਰਹੀ ਹੈ।

"ਇਹ ਤਾਂ ਜੋ ਗੁਰਜਿੰਦਰ ਨੇ ਕਰਨਾ ਸੀ, ਮੇਰੀ ਇਸ ਧੀ ਨੇ ਕੀਤਾ। ਅੱਗੇ ਅਸੀਂ ਸਾਰਾ ਕੁਸ਼ ਪੁੱਤ ਤੋਂ ਵੀ ਲੁਕਾ ਕੇ ਰੱਖਿਆ। ਬਥੇਰੇ ਫ਼ੋਨ ਕਰਦਾ ਸੀ। ਹੁਣ ਸਭ ਕੁਸ਼ ਦਸ ਦੇਣਾ। ਆ ਮੇਰੀ ਧੀ।" ਬੀਬੀ ਨੇ ਮਨਪ੍ਰੀਤ ਨੂੰ ਕਲਾਵੇ ਵਿਚ ਲਿਆ ਏ। ਮੱਥਾ ਚੁੰਮਿਆ ਏ।

"ਜੇ ਇਹ ਮੇਰੀ ਧੀ ਨਾ ਹੁੰਦੀ, ਅਸੀਂ ਦੋਨੋਂ ਕਦੋਂ ਦੇ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਹੁੰਦੇ।" ਬੀਬੀ ਮਨਪ੍ਰੀਤ ਦਾ ਸਿਰ ਪਲੋਸਣ ਲੱਗੀ ਹੋਈ ਹੈ।

ਭਾਪੇ ਨੇ ਹਟਕੋਰਾ ਲਿਆ ਹੈ। ਸਾਰੇ ਉਹਦੇ ਪੀਲ਼ੇ ਪੈ ਰਹੇ ਮੂੰਹ ਵੱਲ ਵੇਖਣ ਲੱਗੇ ਹਨ। ਮਨਪ੍ਰੀਤ ਖੜ੍ਹੀ ਹੋ ਗਈ ਹੈ। ਡਾਕਟਰ ਨੇ ਭਾਪੇ ਦੀ ਨਬਜ਼ ਟੋਹੀ ਹੈ। ਐਨਕ ਲਾਹ ਕੇ ਉੱਪਰ ਵੱਲ ਦੇਖਣ ਲੱਗ ਪਿਆ ਹੈ।

"ਭੌਰ ਉਡਾਰੀ ਮਾਰ ਗਿਆ।" ਡਾਕਟਰ ਨੇ ਭਾਪੇ ਦਾ ਮੂੰਹ ਕੱਪੜੇ ਨਾਲ ਢਕ ਦਿੱਤਾ ਹੈ।

ਬੀਬੀ ਤੇ ਮਨਪ੍ਰੀਤ ਰੋਣ ਲਗ ਪਈਆਂ ਹਨ। ਮਨਪ੍ਰੀਤ ਦੇ ਕੀਰਨੇ ਬੀਬੀ ਨਾਲੋਂ ਵੀ ਜ਼ਿਆਦਾ ਹਨ। ਸੁਦਾਗਰ ਉਹਨਾਂ ਨੂੰ ਚੁੱਪ ਕਰਵਾ ਰਿਹਾ ਹੈ।

"ਵੇ ਮੇਰਿਆ ਬਾਬਲਾ, ਮੈਂ ਤਾਂ ਰਿਸ਼ਤੇਦਾਰਾਂ ਤੋਂ ਊਜਾਂ ਲੁਆਈਆਂ। ਸਾਰੇ ਪਿੰਡ ਤੋਂ ਬਦਨਾਮੀ ਖੱਟੀ। ਫਿਰ ਵੀ ਤੈਨੂੰ ਬਚਾਅ ਨ੍ਹੀਂ ਸਕੀ।" ਮਨਪ੍ਰੀਤ ਫੁੱਟ ਫੁੱਟ ਭਾਪੇ ਦੇ ਉੱਤੇ ਲਿਟ ਰਹੀ ਹੈ।

ਬੀਬੀ ਤੇ ਮਨਪ੍ਰੀਤ ਦਾ ਚੀਕ ਚਿਹਾੜਾ ਸੁਣ ਕੇ ਆਂਢ-ਗੁਆਂਢ ਆਉਣਾ ਸ਼ੁਰੂ ਹੋ ਗਿਆ ਹੈ। ਮੈਂ ਸੁੰਨ ਹੋਇਆ ਖੜ੍ਹਾ ਹਾਂ। ਮੇਰੀਆਂ ਲੱਤਾਂ ਵਿਚ ਜਾਨ ਨਹੀਂ ਰਹੀ। ਮੈਨੂੰ ਕੁਝ ਸੁੱਝ ਨਹੀਂ ਰਿਹਾ। ਮੈਂ ਕੀ ਕਰਾਂ? ਇਕ ਤੇ ਮਨ ਕਰਦਾ ਮਨਪ੍ਰੀਤ ਤੇ ਬੀਬੀ ਦੇ ਨਾਲ ਈ ਮੈਂ ਵੀ ਭਾਪੇ ਦੀ ਲਾਸ਼ ਨਾਲ ਚੁੰਬੜ ਜਾਵਾਂ। ਪਰ ਮੇਰੀ ਕਮੀਨਗੀ? ਇਕ ਸੋਚਦਾਂ ਭੱਜ ਜਾਵਾਂ। ਡਰਾਈਵਰ ਨੂੰ ਫ਼ੋਨ ਕਰਕੇ ਵਾਪਸ ਬੁਲਾ ਲਵਾਂ। ਉਹ ਮੈਨੂੰ ਲੈ ਜਾਵੇ ਤੇ ਜਹਾਜ਼ ਚੜ੍ਹਾ ਦੇਵੇ। ਮੈਂ ਉਹਨੂੰ ਕਿਹਾ ਵੀ ਸੀ "ਬੰਗੇ ਖੜ੍ਹ ਜਾਵੀਂ। ਸ਼ਾਇਦ ਮੈਂ ਨਾਲ ਹੀ ਚਲਾਂ।"

ਮੈਂ ਅੰਦਰ ਜਾਣ ਲਈ ਇਕ ਪੈਰ ਪੁੱਟਿਆ ਹੈ। ਦਿੱਲੀ ਜਾਣ ਲਈ ਦੋ ਪੈਰ ਪਿਛਾਂਹ ਹੋਇਆ ਹਾਂ। ਬੱਸ ਇਕ ਪੈਰ ਅੱਗੇ ਤੇ ਦੋ ਪੈਰ ਪਿੱਛੇ ਹੋਈ ਜਾ ਰਹੇ ਹਨ। ਹੋਰ ਲੋਕ ਆ ਗਏ ਹਨ। ਵਿਹੜਾ ਭਰ ਗਿਆ ਹੈ। ਕੁਝ ਲੋਕ ਗੇਟ ਕੋਲ਼ ਖੜ੍ਹੇ ਹਨ। ਪਿਛਵਾੜੇ ਵਾਲੇ ਗੇਟ 'ਤੇ ਵੀ ਆਂਦਕ-ਜਾਂਦਕ ਹੋ ਗਈ ਹੈ। ਮੇਰੇ ਕੋਲ਼ ਹੁਣ ਕੋਈ ਰਾਹ ਨਹੀਂ ਬਚਿਆ। ਲੱਤਾਂ ਜਵਾਬ ਦੇਈ ਜਾ ਰਹੀਆਂ ਹਨ। ਮੇਰਾ ਸਰੀਰ ਝੂਠਾ ਪੈ ਗਿਆ ਹੈ। ਮੈਂ ਧਰਤੀ 'ਤੇ ਹੀ ਬੈਠ ਗਿਆ ਹਾਂ ਤੇ ਚੀਕਾਂ ਮਾਰਨ ਲੱਗ ਪਿਆ ਹਾਂ।
-ਅਜਮੇਰ ਸਿੱਧੂ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger