Home » , , , , , , , , » ਗਲੈਮਰ ਦੇ ਸ਼ਿਕਾਰ ਮਨੋਰੰਜਨ ਉੇਦਯੋਗ ਦੀ ਪੱਤਰਕਾਰੀ ਅਤੇ ਪੱਤਰਕਾਰ

ਗਲੈਮਰ ਦੇ ਸ਼ਿਕਾਰ ਮਨੋਰੰਜਨ ਉੇਦਯੋਗ ਦੀ ਪੱਤਰਕਾਰੀ ਅਤੇ ਪੱਤਰਕਾਰ

Written By Editor on Wednesday, July 10, 2013 | 14:23

ਸੰਪਾਦਕੀ

ਪੰਜਾਬੀਆਂ ਦੀ ਸਭ ਤੋਂ ਵੱਡੀ ਪਛਾਣ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਮੀ ਇਕੋ ਹੀ ਹੈ। ਲੋੜੋਂ ਵੱਧ ਦਿਖਾਵਾ ਕਰਨਾ। ਮਨੋਰੰਜਨ ਉਦਯੋਗ ਦੀ ਗਲੈਮਰ ਭਰੀ ਦੁਨੀਆਂ ਦਿਖਾਵੇ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੁਨੀਆਂ ਵਿਚ ਜੋ ਪਰਦੇ ‘ਤੇ ਨਜ਼ਰ ਆਉਂਦਾ ਹੈ, ਉਸ ਉੱਪਰ ਮੇਕਅੱਪ ਦੀ ਇਕ ਮੋਟੀ ਪਰਤ ਚੜ੍ਹੀ ਹੁੰਦੀ ਹੈ। ਇਸ ਪਰਤ ਦੇ ਹੇਠਾਂ ਦੀ ਅਸਲੀਅਤ ਨਾ ਕਦੇ ਦਰਸ਼ਕ ਨੂੰ ਨਜ਼ਰ ਆਉਂਦੀ ਹੈ ਅਤੇ ਨਾ ਹੀ ਇਨ੍ਹਾਂ ਨਾਲ ਕਾਰ-ਵਿਹਾਰ ਕਰਨ ਵਾਲੇ ਹੋਰ ਲੋਕਾਂ ਨੂੰ ਇਸ ਪਰਤ ਦੇ ਪਾਰ ਝਾਕਣ ਦਾ ਮੌਕਾ ਸੌਖਿਆਂ ਮਿਲਦਾ ਹੈ। ਇਸੇ ਕਰਕੇ ਗਲੈਮਰ ਦੀ ਦੁਨੀਆਂ ਦੇ ਚਿਹਰਿਆਂ ਪਿਛਲੀ ਅਸਲੀਅਤ ਜਾਣਨ ਦੀ ਉਤਸੁਕਤਾ ਦਰਸ਼ਕਾਂ ਵਿਚ ਬਣੀ ਰਹਿੰਦੀ ਹੈ। ਇਸ ਨਾਲ ਮਨੋਰੰਜਨ ਉਦਯੋਗ ਦੀਆਂ ਖ਼ਬਰਾਂ ਸਮੁੱਚੇ ਪੱਤਰਕਾਰੀ ਦੇ ਖੇਤਰ ਦਾ ਵੱਡਾ ਹਿੱਸਾ ਘੇਰਦੀਆਂ ਹਨ।

punjabi writer film writer deep jagdeep singh
ਦੀਪ ਜਗਦੀਪ ਸਿੰਘ
ਇਸ ਖੇਤਰ ਦੀ ਪੱਤਰਕਾਰੀ ਪੱਤਰਕਾਰਾਂ ਲਈ ਬਹੁਤ ਹੀ ਚੁਣੌਤੀਪੂਰਨ ਅਤੇ ਜ਼ਿੰਮੇਵਾਰੀ ਨਾਲ ਕਰਨ ਵਾਲਾ ਕਾਰਜ ਹੁੰਦਾ ਹੈ। ਲੋਕ ਕਲਾਕਾਰਾਂ ਨੂੰ ਸਿਤਾਰੇ ਬਣਾਉਂਦੇ ਹਨ ਅਤੇ ਪੱਤਰਕਾਰ ਉਨ੍ਹਾਂ ਸਿਤਾਰਿਆਂ ਦੀ ਜ਼ਿੰਦਗੀ ਦੀ ਅੰਦਰ ਝਾਤ ਲੋਕਾਂ ਤੱਕ ਪਹੁੰਚਾਉਂਦਾ ਹੈ। ਪੱਤਰਕਾਰ ਕੰਮ ਕਰਦੇ ਹੋਏ ਸਿਰਫ਼ ਪੱਤਰਕਾਰ ਹੁੰਦਾ ਹੈ, ਉਸ ਨੂੰ ਆਪਣੇ ਪੇਸ਼ੇ ਦੇ ਫਰਜ਼ ਨਿਭਾਉਂਦੇ ਹੋਏ ਆਪਣੇ ਅੰਦਰਲਾ ਦਰਸ਼ਕ ਅਤੇ ਕਿਸੇ ਸਿਤਾਰੇ ਦਾ ਫੈਨ ਇਕ ਪਾਸੇ ਰੱਖਣਾ ਲਾਜ਼ਮੀ ਹੁੰਦਾ ਹੈ। ਸੱਭ ਤੋਂ ਵੱਡੀ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ। 
ਇਹ ਗਲੈਮਰ ਭਰਿਆ ਖੇਤਰ ਦਰਸ਼ਕਾਂ ਤੋਂ ਵੀ ਪਹਿਲਾ ਪੱਤਰਕਾਰਾਂ ਨੂੰ ਆਪਣੇ ਲਪੇਟ ਵਿਚ ਲੈ ਲੈਂਦਾ ਹੈ। ਗਲੈਮਰ ਦੀ ਦੁਨੀਆਂ ਨਾਲ ਸੰਬੰਧਤ ਜ਼ਿਆਦਾਤਰ ਸਮਾਗਮਾਂ ਵਿਚ ਆਉਣ ਵਾਲੇ ਬਹੁਤੇ ਨਵੇਂ ਅਤੇ ਕਈ ਪੁਰਾਣੇ ਪੱਤਰਕਾਰਾਂ ਦਾ ਮਕਸਦ ਕਿਸੇ ਮਸ਼ਹੂਰ ਕਲਾਕਾਰ ਨਾਲ ਫੋਟੋ ਖਿਚਵਾਉਣੀ, ਆਟੋਗ੍ਰਾਫ ਲੈਣੇ ਅਤੇ ਆਪਣੇ ਆਪ ਨੂੰ ਉਸਦੇ ਨੇੜੇ ਦਿਖਾ ਕੇ ਆਪਣੇ ਆਲੇ-ਦੁਆਲੇ ਵਿਚ ਆਪਣੀ ਬੱਲੇ-ਬੱਲੇ ਕਰਵਾਉਣੀ ਹੁੰਦਾ ਹੈ। ਆਮ ਲੋਕ ਇਨ੍ਹਾਂ ਕਲਾਕਾਰਾਂ ਦੇ ਸੁਰੱਖਿਆ ਘੇਰੇ ਵਿਚ ਆਸਾਨੀ ਨਾਲ ਨਹੀਂ ਪਹੁੰਚ ਸਕਦੇ, ਪੱਤਰਕਾਰ ਆਪਣੇ ਪੇਸ਼ੇ ਕਾਰਨ ਮਿਲੀ ਇਸ ਖੁੱਲ੍ਹ ਨੂੰ ਆਪਣਾ ਮੁੱਢਲਾ ਅਧਿਕਾਰ ਮੰਨਦੇ ਹਨ ਅਤੇ ਇਸ ਨੂੰ ਆਪਣੇ ਨਿੱਜੀ ਝੱਸ ਨੂੰ ਪੂਰਾ ਕਰਨ ਲਈ ਵਰਤਦੇ ਹਨ। ਕਲਾਕਾਰਾਂ ਦੇ ਨੇੜੇ ਹੋਣ ਦੇ ਚੱਕਰ ਵਿਚ ਉਨ੍ਹਾਂ ਵੱਲੋਂ ਲਿਖੀਆਂ ਜਾਂਦੀਆਂ ਜ਼ਿਆਦਾਤਰ ਖ਼ਬਰਾਂ, ਇੰਟਰਵਿਊ ਅਤੇ ਲੇਖ ਕਲਾਕਾਰਾਂ ਦੇ ਸੋਹਲੇ
ਹੀ ਗਾਉਂਦੇ ਹਨ। ਇਸ ਤੋਂ ਉਲਟ ਜਿਨ੍ਹਾਂ ਪੱਤਰਕਾਰਾਂ ਨੂੰ ਇਹ ਕਲਾਕਾਰ ਇਹ ਖੁੱਲ੍ਹ ਨਹੀਂ ਦਿੰਦੇ ਉਹ ਕਦੇ ਸੱਭਿਆਚਾਰ ਜਾਂ ਕਿਸੇ ਹੋਰ ਬਹਾਨੇ ਇਨ੍ਹਾਂ ਦੇ ਪਿੱਛੇ ਹੱਥ ਧੋ ਕੇ ਪੈ ਜਾਂਦੇ ਹਨ। ਉਦੋਂ ਉਨ੍ਹਾਂ ਨੂੰ ਸਮਾਜ ਜਾਂ ਸੱਭਿਆਚਾਰ ਨਾਲੋਂ, ਆਪਣਾ ਜ਼ਿਆਦਾ ਫ਼ਿਕਰ ਹੁੰਦਾ ਹੈ। ਥੋੜ੍ਹੇ ਦਿਨਾਂ ਬਾਅਦ ਉਹੀ ਪੱਤਰਕਾਰ ਉਸ ਕਲਾਕਾਰ ਦੀ ਬੱਲੇ-ਬੱਲੇ ਕਰ ਰਹੇ ਹੁੰਦੇ ਹਨ, ਕਿਉਂਕਿ ਉਸ ਕਲਾਕਾਰ ਨੇ ਇਸ ਦਾ ਮਨਚਾਹਿਆ ਮਨਪਰਚਾਵਾ ਕਰ ਦਿੱਤਾ ਹੁੰਦਾ ਹੈ।
ਸ਼ੋਸ਼ਲ ਮੀਡੀਆ ਨੇ ਦਰਸ਼ਕਾਂ ਨਾਲੋਂ ਪੱਤਰਕਾਰਾਂ ਵਿਚ ਕਲਾਕਾਰਾਂ ਨਾਲ ਫੋਟੋ ਖਿਚਵਾਉਣ ਵਾਲੇ ਗਲੈਮਰ ਦਾ ਕੀੜਾ ਹੋਰ ਵੀ ਵਧਾ ਦਿੱਤਾ ਹੈ। ਉਹ ਕਲਾਕਾਰਾਂ ਨਾਲ ਫੋਟੋਆਂ ਖਿੱਚਵਾ ਕੇ ਫੇਸਬੁੱਕ ਜਾਂ ਹੋਰ ਸ਼ੋਸ਼ਲ ਸਾਈਟਾਂ ‘ਤੇ ਪਾਉਣਾ ਆਪਣੀ ਸ਼ਾਨ ਸਮਝਣ ਲੱਗੇ ਹਨ। ਪਿੱਛੇ ਜਿਹੇ ਜਲੰਧਰ ਦੀ ਇਕ ਯੂਨੀਵਰਸਟੀ ਵਿਚ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਆਈ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਵਿੱਦਿਆ ਬਾਲਨ ਦੀ ਪ੍ਰੈਸ ਕਾਨਫਰੰਸ ਤੋਂ ਮੁੜ ਕੇ ਇਕ ਮਹਿਲਾ ਪੱਤਰਕਾਰ ਨੇ ਫੇਸਬੁੱਕ ‘ਤੇ ਇਹ ਸਟੇਟਸ ਬੜੇ ਚਾਅ ਨਾਲ ਲਿਖਿਆ ਸੀ ਕਿ ਉਹ ਹੁਣੇ ਫ਼ਿਲਮੀ ਕਲਾਕਾਰਾਂ ਦੀ ਪ੍ਰੈਸ ਕਾਨਫਰੰਸ ਵਿਚੋਂ ਮੁੜ ਕੇ ਆਈ ਹੈ। ਗਲੈਮਰ ਦੀ ਦੁਨੀਆਂ ਦੇ ਹੰਢੇ ਹੋਏ ਕਲਾਕਾਰ ਪੱਤਰਕਾਰਾਂ ਦੇ ਇਸ ਚਾਅ ਦਾ ਫਾਇਦਾ ਚੁੱਕਣਾ ਬਖੂਬੀ ਜਾਣਦੇ ਹਨ। ਉਹ ਝੱਟਪਟ ਪੱਤਰਕਾਂਰਾਂ ਨਾਲ ਦੋਸਤੀ ਕਰ ਲੈਂਦੇ ਹਨ ਅਤੇ ਇਸ ਦੋਸਤੀ ਦੀ ਅਦਾਕਾਰੀ ਇੰਨੀ ਮੁਹਾਰਤ ਨਾਲ ਕਰਦੇ ਹਨ ਕਿ ਪੱਤਰਕਾਰ ਵੀ ਇਸ ਭਰਮ ਵਿਚ ਸੌਖਿਆਂ ਹੀ ਆ ਜਾਂਦਾ ਹੈ। ਬਹੁਤ ਘੱਟ ਪੱਤਰਕਾਰਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਜਿਹੜੇ ਕਲਾਕਾਰ ਉਨ੍ਹਾਂ ਨਾਲ ਦੋਸਤੀ ਜਾਂ ਨੇੜਤਾ ਦਾ ਦਾਅਵਾ ਕਰਦੇ ਹਨ, ਉਨ੍ਹਾਂ ਵਿਚ ਬਹੁਤੇ ਕਲਾਕਾਰਾਂ ਦਾ ਮਕਸਦ ਉਨ੍ਹਾਂ ਜ਼ਰੀਏ ਵੱਧ ਤੋਂ ਵੱਧ ਮਸ਼ਹੂਰੀ ਖੱਟਣਾ ਅਤੇ ਉਨ੍ਹਾਂ ਦੇ ਅਖ਼ਬਾਰਾਂ ਜਾਂ ਟੀ.ਵੀ. ਚੈਨਲਾਂ ਵਿਚ ਆਪਣੇ ਲਈ ਜਗ੍ਹਾ ਬਣਾਈ ਰੱਖਣਾ ਹੁੰਦਾ ਹੈ। ਜਦੋਂ ਅਜਿਹੇ ਪੱਤਰਕਾਰ ਕਿਸੇ ਮੀਡੀਆ ਅਦਾਰੇ ਵਿਚ ਨਹੀਂ ਰਹਿੰਦੇ ਜਾਂ ਉਨ੍ਹਾਂ ਦੇ ਫ਼ਾਇਦੇ ਵਾਲੇ ਅਦਾਰੇ ਵਿਚ ਨਹੀਂ ਰਹਿੰਦੇ ਤਾਂ ਦੋਸਤੀ ਦਾ ਵੀ ਭੋਗ ਪੈ ਜਾਂਦਾ ਹੈ।

punjabi journalism and glamour
ਪਛਾਣੋ ਜ਼ਰਾ ! ਕਿਹੜਾ ਪੱਤਰਕਾਰ, ਕਿਹੜਾ ਕਲਾਕਾਰ
ਉੱਪਰ ਦੱਸੀਆਂ ਗੱਲਾਂ ਬਹੁਤ ਸਾਰੇ ਸੂਝਵਾਨਾਂ ਨੂੰ ਪਤਾ ਹਨ ਅਤੇ ਉਹ ਕਹਿਣਗੇ ਕਿ ਇਸ ਵਿਚ ਨਵੀਂ ਗੱਲ ਕੀ ਹੈ।ਪਰ ਹੁਣ ਇਹ ਸਭ ਕੁਝ ਜਿੰਨਾ ਆਮ ਹੋ ਗਿਆ ਹੈ ਇਸ ਵੱਲ ਧਿਆਨ ਦੇਣਾ ਓਨਾ ਹੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਜ਼ਿਆਦਾਤਰ ਪੱਤਰਕਾਰ ਉੱਪਰ ਦੱਸੇ ਗਲੈਮਰ ਦੇ ਭੁਲਾਵੇ ਵਿਚ ਆ ਕੇ ਨਾ ਸਿਰਫ਼ ਸਮਾਜ ਅਤੇ ਸੱਭਿਆਚਾਰ ਦਾ ਨੁਕਸਾਨ ਕਰਦੇ ਹਨ ਬਲਕਿ ਆਪਣੇ ਪਾਠਕਾਂ ਅਤੇ ਦਰਸ਼ਕਾਂ ਦਾ ਮਾਨਸਿਕ, ਆਰਥਿਕ ਅਤੇ ਵਕਤ ਦਾ ਵੀ ਭਾਰੀ ਨੁਕਸਾਨ ਕਰਦੇ ਹਨ। ਇਹੀ ਨਹੀਂ ਇਹ ਪੱਤਰਕਾਰ ਧੱਕੇ ਨਾਲ ਬਣੇ ਕਈ ਕਲਾਕਾਰਾਂ ਨੂੰ ਰਾਤੋਂ ਰਾਤ ਸਟਾਰ ਬਣਨ ਵਿਚ ਮਦਦ ਕਰ ਜਾਂਦੇ ਹਨ ਅਤੇ ਕਈ ਚੰਗੇ ਹੁਨਰਮੰਦ ਕਲਾਕਾਰਾਂ ਤੋਂ ਬਣਦੀ ਪ੍ਰਸੰਸਾ ਦਾ ਹੱਕ ਵੀ ਖੋਹ ਲੈਂਦੇ ਹਨ। ਸਰਮਾਏਦਾਰੀ ਦੇ ਦੌਰ ਵਿਚ ਉਂਜ ਤਾਂ ਹਰ ਖੇਤਰ ਦੀ ਪੱਤਰਕਾਰੀ ਵਿਚ ਭ੍ਰਿਸ਼ਟਾਚਾਰ ਦਾ ਘੁਣ ਲੱਗਿਆ ਮਿਲ ਜਾਂਦਾ ਹੈ, ਪਰ ਇਸ ਖੇਤਰ ਵਿਚ ਲੱਗਿਆ ਅੰਨੇਵਾਹ ਪੈਸਾ, ਜਿਸਦਾ ਕਦੇ ਕੋਈ ਹਿਸਾਬ ਵੀ ਨਹੀਂ ਮੰਗਿਆ ਜਾਂਦਾ, ਪੱਤਰਕਾਰਾਂ ਨੂੰ ਗਲੈਮਰ ਦਾ ਸ਼ਿਕਾਰ ਹੋਣ ਵਿਚ ਵੱਡੀ ਭੂਮਿਕਾ ਨਿਭਾ ਜਾਂਦਾ ਹੈ। ਬਹੁਤ ਸਾਰੇ ਪੱਤਰਕਾਰ ਆਪਣੇ ਚਾਅ-ਚਾਅ ਦੇ ਅਣਜਾਣਪੁਣੇ ਵਿਚ ਇਨ੍ਹਾਂ ਕਲਾਕਾਰਾਂ ਦਾ ਫਾਇਦਾ ਕਰ ਜਾਂਦੇ ਹਨ, ਜਿਸ ਤੋਂ ਉਹ ਤਾਂ ਕਰੋੜਾਂ ਰੁਪਏ ਕਮਾ ਜਾਂਦੇ ਹਨ, ਪਰ ਪੱਤਰਕਾਰ ਕਲਾਕਾਰ ਨਾਲ ਫੋਟੋ ਖਿੱਚਾ ਕੇ ਹੀ ਪੱਬਾਂ ਭਾਰ ਹੋਏ ਫਿਰਦੇ ਹਨ।
ਇਸ ਗਲੈਮਰ ਦੇ ਭੰਬਲਭੂਸੇ ਵਿਚ ਉਹ ਕਲਾਕਾਰਾਂ ਦੀ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਵੀ ਵਿਸਾਰ ਦਿੰਦੇ ਹਨ। ਇੱਥੋਂ ਤੱਕ ਕਿ ਉਹ ਕਲਾਕਾਰਾਂ ਦੀਆਂ ਸਮਾਜ ਅਤੇ ਸੱਭਿਆਚਾਰ ਨੂੰ ਖੋਰਾ ਲਾਉਣ ਵਾਲੀਆਂ ਕਾਰਵਾਈਆਂ ਉੱਪਰ ਸਵਾਲ ਚੁੱਕਣਾ ਵੀ ਜ਼ਰੂਰੀ ਨਹੀਂ ਸਮਝਦੇ। ਕਲਾਕਾਰ ਵੀ ਉਨ੍ਹਾਂ ਨੂੰ ਇਸ ਭਰਮ ਵਿਚ ਬੜੀ ਚੰਗੀ ਤਰ੍ਹਾਂ ਪਾ ਦਿੰਦੇ ਹਨ ਕਿ ਉਹ ਮਨੋਰੰਜਨ ਉਦਯੋਗ ਦਾ ਹਿੱਸਾ ਹਨ, ਜਿਸ ਦਾ ਕੰਮ ਸਿਰਫ਼ ਮਨੋਰੰਜਨ ਕਰਨਾ ਹੈ ਨਾ ਕਿ ਸਮਾਜ ਸੇਵਾ ਕਰਨਾ। ਇਸ ਗਲੈਮਰ ਦੀਆ ਚਕਾਚੌਂਧ ਰੌਸ਼ਨੀਆਂ, ਮਹਿੰਗੀਆਂ ਸ਼ਰਾਬ ਪਾਰਟੀਆਂ, ਕਲਾਕਾਰਾਂ ਦੇ ਗਲੈਮਰ ਭਰੇ ਖੁੱਲ੍ਹੇ ਅੰਦਾਜ਼, ਦਿਖਾਵੇ ਦੇ ਕੱਪੜੇ, ਚਿਹਰੇ ‘ਤੇ ਜਿਸਮ ਅਤੇ ਹਵਾਈ ਜਹਾਜ਼ਾਂ ਦੀਆਂ ਸੈਰਾਂ ਵਿਚ ਪੱਤਰਕਾਰ ਸਮਾਜ ਅਤੇ ਦਰਸ਼ਕਾਂ/ਸਰੋਤਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੇ ਹਨ।

ਮੁੰਬਈ ਮਨੋਰੰਜਨ ਉਦਯੋਗ ਵਿਚ ਢਾਈ ਦਹਾਕੇ ਤੋਂ ਵੱਧ ਪੱਤਰਕਾਰੀ ਕਰ ਚੁੱਕੇ ਹਿੰਦੀ ਪੱਤਰਕਾਰ ਅਤੇ ਫ਼ਿਲਮ ਸਮੀਖਿਅਕ ਅਜੇ ਬ੍ਰਹਮਾਤਮਜ ਆਖਦੇ ਹਨ ਕਿ ਸ਼ੁਰੂਆਤੀ ਦੌਰ ਵਿਚ ਨੌਜਵਾਨ ਪੱਤਰਕਾਰਾਂ ਨੂੰ ਇਹ ਗਲੈਮਰ ਆਪਣੇ ਵੱਲ ਖਿੱਚਦਾ ਹੈ, ਪਰ ਵਕਤ ਨਾਲ ਪੱਤਰਕਾਰਾਂ ਨੂੰ ਸਹਿਜ ਹੋ ਜਾਣਾ ਚਾਹੀਦਾ ਹੈ। ਮਨੋਰੰਜਨ ਉਦਯੋਗ ਦੇ ਪੱਤਰਕਾਰਾਂ ਅਤੇ ਸਮੀਖਿਅਕਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਉਨ੍ਹਾਂ ‘ਤੇ ਭਰੋਸਾ ਕਰਕੇ ਜਨਤਾ ਆਪਣੀ ਮਿਹਨਤ ਦੀ ਕਮਾਈ ਅਤੇ ਕੀਮਤੀ ਸਮਾਂ ਖਰਚ ਕਰਦੀ ਹੈ। ਪੱਤਰਕਾਰ ਆਪਣੇ ਪਾਠਕ ਨੂੰ ਸਹੀ ਜਾਣਕਾਰੀ ਦੇਵੇ ਇਹ ਉਸਦਾ ਫ਼ਰਜ਼ ਬਣਦਾ ਹੈ। ਅਜੇ ਮੰਨਦੇ ਹਨ ਕਿ ਨਵੇਂ ਪੀੜ੍ਹੀ ਦੇ ਪੱਤਰਕਾਰਾਂ ਵਿਚ ਭਾਵੁਕਤਾ ਬਹੁਤ ਜ਼ਿਆਦਾ ਹੈ। ਭਾਵੁਕਤਾ ਤੋਂ ਉੱਪਰ ਉੱਠ ਕੇ ਨਿਰਪੱਖਤਾ ਨਾਲ ਕੰਮ ਕਰਨ ਦੀ ਲੋੜ ਹੈ।

ਸਾਡੇ ਦੇਸ਼ ਵਿਚ ਅਤੇ ਖ਼ਾਸ ਕਰ ਪੰਜਾਬੀ ਮੀਡੀਆ ਵਿਚ ਸਿਖਲਾਈ ਲੈ ਕੇ ਪੱਤਰਕਾਰੀ ਵਰਗੇ ਵੱਡੀ ਜ਼ਿੰਮੇਵਾਰੀ ਵਾਲੇ ਖੇਤਰ ਵਿਚ ਆਉਣ ਦਾ ਰਿਵਾਜ ਹਾਲੇ ਤੱਕ ਵੱਡੇ ਪੱਧਰ ‘ਤੇ ਸ਼ੁਰੂ ਨਹੀਂ ਹੋਇਆ। ਜਿਸ ਕਰਕੇ ਆਮ ਮੀਡੀਆ ਅਦਾਰਿਆਂ ਵਿਚ ਕਿਸੇ ਵਿਸ਼ੇ ਵਿਚ ਮੁਹਾਰਤ ਰੱਖਣ ਵਾਲੇ ਪੱਤਰਕਾਰ ਨਾ-ਮਾਤਰ ਹਨ। ਪਿਛਲੀ ਪੀੜ੍ਹੀ ਨੂੰ ਛੱਡ ਦੇਈਏ ਤਾਂ ਭਾਵੇਂ ਸਿਆਸਤ ਹੋਵੇ, ਸਾਹਿਤ, ਕਲਾ ਜਾਂ ਮਨੋਰੰਜਨ ਹਰ ਖੇਤਰ ਦੀ ਪੱਤਰਕਾਰੀ ਨੌਸੀਖੀਆਂ ਦੇ ਹੱਥਾਂ ਵਿਚ ਆ ਗਈ ਹੈ। ਬਹੁਤੇ ਤਾਂ ਕਿਸੇ ਕਿਸਮ ਦੀ ਖੋਜ ਜਾਂ ਹੋਮਵਰਕ ਕਰਨ ਨੂੰ ਵੀ ਤਰਜੀਹ ਨਹੀਂ ਦਿੰਦੇ। ਬਾਕੀ ਬਚਿਆਂ ਲਈ ਖੋਜ ਦਾ ਮਤਲਬ ਗੂਗਲ ਤੋਂ ਸ਼ੁਰੂ ਹੋ ਕੇ ਇੱਥੇ ਹੀ ਮੁੱਕ ਜਾਂਦਾ ਹੈ। ਜਦੋਂ ਮੈਂ ਜਲੰਧਰ ਵਿਚ ਦੈਨਿਕ ਭਾਸਕਰ ਅਖ਼ਬਾਰ ਲਈ ਪੱਤਰਕਾਰੀ ਕਰਦਾ ਸਾਂ ਤਾਂ ਇਕ ਹੋਰ ਅਖ਼ਬਾਰ ਲਈ ਮਨੋਰੰਜਨ ਦੀਆਂ ਖ਼ਬਰਾਂ ਉਹੀ ਪੱਤਰਕਾਰ ਲਿਖਦਾ ਸੀ ਜਿਸ ਦੇ ਸਿਰ ਅਪਰਾਧਿਕ ਖ਼ਬਰਾਂ ਇਕੱਠੀਆਂ ਕਰਨ ਦੀ ਜ਼ਿੰਮੇਵਾਰੀ ਸੀ। ਉਸਦਾ ਬਹੁਤਾ ਸਮਾਂ ਅਪਰਾਧਿਕ ਖ਼ਬਰਾਂ ਹੀ ਖਾ ਜਾਂਦੀਆਂ ਸਨ। ਉਸ ਕੋਲ ਕਲਾਕਾਰਾਂ ਉਨ੍ਹਾਂ ਨਾਲ ਸੰਬੰਧਤ ਸੰਗੀਤ, ਗੀਤਾਂ ਅਤੇ ਫ਼ਿਲਮਾਂ ਬਾਰੇ ਜਾਣਕਾਰੀ ਇੱਕਠੀ ਕਰਨ ਦਾ ਸਮਾਂ ਹੀ ਨਹੀਂ ਸੀ ਹੁੰਦਾ। ਉਹ ਜ਼ਿਆਦਾਤਰ ਉਨ੍ਹਾਂ ਕਲਾਕਾਰਾਂ ਦੀਆਂ ਪ੍ਰੈਸ ਕਾਨਫਰੰਸਾਂ ਵਿਚ ਹਾਜ਼ਰ ਹੁੰਦਾ ਸੀ, ਜਿਨ੍ਹਾਂ ਨਾਲ ਉਹਦੀ ਪੁਰਾਣੀ ਜਾਣ-ਪਛਾਣ ਹੁੰਦੀ ਸੀ ਜਾਂ ਜਿਨ੍ਹਾਂ ਨਾਲ ਇਸ਼ਤਿਹਾਰਾਂ ਵਾਲਾ ਹਿਸਾਬ ਕਿਤਾਬ ਚੱਲਦਾ ਸੀ। ਅਜਿਹੇ ਵਿਚ ਜ਼ਿਆਦਾਤਰ ਖ਼ਬਰਾਂ ਪ੍ਰੈੱਸ-ਨੋਟ ਦੇ ਆਧਾਰ ‘ਤੇ ਹੀ ਲਿਖੀਆਂ ਜਾਂਦੀਆਂ ਹਨ। ਬਹੁਤ ਹੀ ਪੁਰਾਣਾ ਅਤੇ ਹੰਢਿਆ ਹੋਇਆ ਪੱਤਰਕਾਰ ਹੋਣ ਕਰਕੇ ਉਹ ਇਹ ਕੰਮ ਕਿਵੇਂ ਨਾ ਕਿਵੇਂ ਚਲਾ ਲੈਂਦਾ ਸੀ।

ਮੇਰੇ ਖ਼ਿਆਲ ਵਿਚ ਪੱਤਰਕਾਰੀ ਦੇ ਖਿੱਤੇ ਵਿਚ ਕੰਮ ਕਰ ਰਹੇ ਅਤੇ ਕੰਮ ਕਰਨ ਦੇ ਚਾਹਵਾਨਾਂ ਨੂੰ ਇਸ ਵੇਲੇ ਸਵੈ-ਪੜਚੋਲ ਜ਼ਰੂਰ ਕਰਨੀ ਚਾਹੀਦਾ ਹੈ ਕਿ ਕੀ ਉਨ੍ਹਾਂ ਨੇ ਆਪਣੇ ਚਾਅ ਪੂਰੇ ਕਰਨ ਲਈ ਪੱਤਰਕਾਰੀ ਦਾ ਪੇਸ਼ਾ ਅਪਣਾਇਆ ਹੈ ਜਾਂ ਲੋਕਾਂ ਤੱਕ ਗਲੈਮਰ ਦੇ ਪਰਦੇ ਪਿੱਛੇ ਦੀਆਂ ਸੱਚਾਈਆਂ ਪਹੁੰਚਾਉਣ ਲਈ। ਮੀਡੀਆ ਅਦਾਰਿਆਂ ਨੂੰ ਵੀ ਇਹ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਸਾਹਿਤ, ਕਲਾ ਅਤੇ ਮਨੋਰੰਜਨ ਆਦਿ ਖੇਤਰ ਖ਼ਾਸ ਕਲਾਤਮਕ ਹੁਨਰ ਵਾਲੇ ਖੇਤਰ ਹਨ, ਇਨ੍ਹਾਂ ਖੇਤਰਾਂ ਦੀ ਪੱਤਰਕਾਰੀ ਲਈ ਅਜਿਹੇ ਪੱਤਰਕਾਰਾਂ ਦੀ ਚੋਣ ਕਰਨੀ ਚਾਹੀਦੀ ਹੈ, ਜਿਹੜੇ ਕਲਾਤਮਕਤਾ ਦੀ ਸੂਝ ਰੱਖਦੇ ਹੋਣ। ਇਕ ਸੂਝਵਾਨ ਪੱਤਰਕਾਰ ਕਿਸੇ ਚੰਗੇ ਕਲਾਕਾਰ ਦੇ ਹੁਨਰ ਨੂੰ ਸਾਹਮਣੇ ਲਿਆ ਕੇ ਨਾ ਸਿਰਫ਼ ਉਸਦੀ ਜ਼ਿੰਦਗੀ ਸਵਾਰ ਸਕਦਾ ਹੈ, ਬਲਕਿ ਹੋਰ ਉਭਰਦੇ ਕਲਾਕਾਰਾਂ ਨੂੰ ਵੀ ਪ੍ਰੇੁਰਿਤ ਕਰ ਸਕਦਾ ਹੈ। ਦੂਜੇ ਪਾਸੇ ਉਹ ਕਿਸੇ ਪੈਸੇ ਦੇ ਲੋਭੀ ਕਲਾਕਾਰ ਜਾਂ ਕੰਪਨੀ ਦਾ ਪੱਖ ਪੂਰ ਕੇ ਆਪਣੇ ਸਮਾਜ, ਸੱਭਿਆਚਾਰ ਅਤੇ ਹੁਨਰਮੰਦ ਕਲਾਕਾਰਾਂ ਦਾ ਨੁਕਸਾਨ ਵੀ ਕਰ ਸਕਦਾ ਹੈ। ਫੈਸਲਾ ਉਸਨੇ ਆਪ ਕਰਨਾ ਹੈ ਕਿ ਉਸ ਨੂੰ ਕਿਸ ਗੱਲ ਲਈ ਚੇਤੇ ਰੱਖਿਆ ਜਾਵੇ।
-ਦੀਪ ਜਗਦੀਪ ਸਿੰਘ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger