Home » , , , , , , , , , » ਬਾਲ ਕਹਾਣੀ: ਚੰਨ ਮਾਮਾ ਨਾਲ ਸੈਰ-ਪਰਮਬੀਰ ਕੌਰ

ਬਾਲ ਕਹਾਣੀ: ਚੰਨ ਮਾਮਾ ਨਾਲ ਸੈਰ-ਪਰਮਬੀਰ ਕੌਰ

Written By Editor on Monday, April 22, 2013 | 18:47

ਨਿੱਕੀ ਹਰਗੁਣ ਹਾਲੇ ਸਕੂਲ ਤਾਂ ਨਹੀਂ ਜਾਣ ਲੱਗੀ ਪਰ ਗੱਲਾਂ ਬਹੁਤ ਮਾਰਦੀ ਰਹਿੰਦੀ ਹੈ। ਉਸ ਨੇ ਕਹਾਣੀਆਂ ਵੀ ਬਹੁਤ ਸੁਣੀਆਂ ਹੋਈਆਂ ਨੇ। ਖ਼ਬਰੇ ਇਸੇ ਕਰਕੇ ਉਸਨੂੰ ਚੰਨ ਮਾਮਾ, ਕਈ ਪੰਛੀਆਂ ਤੇ ਹੋਰ ਵੀ ਬਹੁਤ ਕੁਝ ਦੀ ਪਛਾਣ ਹੋ ਚੁੱਕੀ ਹੈ। ਪਿਛਲੇ ਦਿਨੀਂ ਜਦੋਂ ਉਹ ਆਪਣੇ ਨਾਨਕੇ ਗਈ ਤਾਂ ਇਕ ਦਿਨ ਸੰਝ ਸਮੇਂ ਆਪਣੇ ਨਾਨਾ, ਨਾਨੀ ਨਾਲ ਨੇੜੇ ਲਗਦੇ ਪਾਰਕ ਵਿਚ ਸੈਰ ਕਰਨ ਚਲੀ ਗਈ। ਉੱਥੇ ਉਸ ਨੇ ਕੀ ਤੇ ਕਿਵੇਂ ਦੀਆਂ ਬਾਤਾਂ ਕੀਤੀਆਂ, ਮੈਂ ਤੁਹਾਨੂੰ ਸੁਣਾਉਂਦੀ ਹਾਂ; ਸ਼ਾਇਦ ਤੁਹਾਨੂੰ ਚੰਗੀਆਂ ਲੱਗਣ!

ਪਾਰਕ ਵਿਚ ਦਾਖ਼ਲ ਹੁੰਦੇ ਸਾਰ ਹਰਗੁਣ ਦੀ ਨਜ਼ਰ ਪਗਡੰਡੀ ਤੇ ਤੁਰੀਆਂ ਜਾਂਦੀਆਂ ਦੋ ਮੈਨਾ ਤੇ ਪੈ ਗਈ। ਉਹ ਤਾਂ ਖ਼ੁਸ਼! ਆਖਦੀ, "ਨਾਨਾ ਦੇਖੋ! ਮੈਨਾ ਵੀ ਸੈਰ ਕਰਨ ਆਈਆਂ। ਸਵੇਰੇ ਜਦੋਂ ਨਾਨੀ ਨੇ ਰੋਟੀ ਪਾਈ ਸੀ, ਇਹ ਖਾਣ ਆਈਆਂ ਸੀ ਨਾ?" ਇਹ ਆਖ ਕੇ ਹਰਗੁਣ ਨੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਤਾੜੀ ਮਾਰੀ ਤੇ ਹੱਸੀ। ਮੈਨਾ ਵਿਚਾਰੀਆਂ ਤਾਂ ਇਸ ਖੜਾਕ ਨਾਲ ਉਡ ਕੇ ਕੁਝ ਵਿੱਥ ਤੇ ਲੱਗੇ ਘਾਹ ਤੇ ਘੁੰਮਣ ਲਗ ਪਈਆਂ। ਪਰ ਹਰਗੁਣ ਦਾ ਧਿਆਨ ਕਿੰਨਾ ਚਿਰ ਉੱਧਰ ਹੀ ਰਿਹਾ ਤੇ ਉਹ ਮੰਤਰ-ਮੁਗਧ ਜਿਹੀ ਮੈਨਾ ਵੱਲ ਹੀ ਵੇਖਦੀ ਰਹੀ। ਫਿਰ ਕੁਝ ਦੂਰੀ ਤੇ ਉਸਨੂੰ ਦੋ-ਤਿੰਨ ਤੋਤੇ ਤੇ ਬੁਲਬੁਲਾਂ ਬੈਠੇ ਦਿਖਾਈ ਦੇ ਗਏ, ਹਰਗੁਣ ਨੂੰ ਉਹ ਵੀ ਜਾਣੇ-ਪਛਾਣੇ ਜਾਪੇ, "ਇਹ ਸਾਰੇ ਵੀ ਤਾਂ ਸਵੇਰੇ ਰੋਟੀ ਤੇ ਦਾਣੇ ਖਾਣ ਆਏ ਸੀ…!"

ਹਰਗੁਣ ਨੂੰ ਫੁੱਲ ਤੇ ਰੁੱਖ ਵੀ ਬਹੁਤ ਆਕਰਸ਼ਿਤ ਕਰਦੇ ਨੇ, ਕੁਦਰਤ ਨਾਲ ਪਿਆਰ ਜੋ ਬਹੁਤ ਕਰਦੀ ਏ ਉਹ। ਉਸਨੇ ਕਈ ਫੁੱਲਾਂ ਨੂੰ ਵੇਖ ਕੇ, "ਕਿੰਨਾ ਸੋਹਣਾ ਫੁੱਲ!"ਆਖਿਆ ਤੇ ਇਕ ਉੱਚੇ ਰੁੱਖ ਨੂੰ ਵੇਖ ਕੇ ਬੋਲੀ, "ਨਾਨੀ ਦੇਖੋ, ਰੁੱਖ ਕਿੰਨਾ ਉੱਚਾ, ਇਕ ਕਾਂ ਵੀ ਬੈਠਾ ਉੱਥੇ!"
ਪੈਰਿਸ ਦੀ ਬਾਲ ਚਿੱਤਰਕਾਰ ਏਂਜਲਾ ਮੱਸ ਦਾ ਚਿੱਤਰ
advocate-art.com ਤੋਂ ਧੰਨਵਾਦ ਸਹਿਤ

ਠੰਡ ਦੇ ਦਿਨ ਹੋਣ ਕਰਕੇ ਛੇਤੀ ਹੀ ਹਨੇਰਾ ਪੈਣ ਨੂੰ ਹੋ ਗਿਆ। ਨਾਨੀ ਨੇ ਵੇਖਿਆ ਕਿ ਅਸਮਾਨ ਵਿਚ ਚੰਨ ਬੜਾ ਵੱਡਾ ਤੇ ਪੂਰਾ ਗੋਲ ਚਮਕ ਰਿਹਾ ਸੀ। ਉਹ ਬੋਲੇ, "ਹਰਗੁਣ ਉਹ ਵੇਖੋ, ਕਿੰਨਾ ਸੁਹਣਾ ਚੰਨ!" ਹਰਗੁਣ ਨੇ ਚੰਨ ਵੱਲ ਵੇਖਿਆ ਤੇ ਬੜੀ ਗੰਭੀਰਤਾ ਨਾਲ ਆਖਦੀ, "ਚੰਨ ਮਾਮਾ!" ਫਿਰ ਅੱਗੇ ਤੁਰਦੀ-ਤੁਰਦੀ, ਪਿੱਛੇ ਵੇਖ ਕੇ ਬੋਲੀ, "ਚੰਨ ਮਾਮਾ ਵੀ ਸਾਡੇ ਪਿੱਛੇ-ਪਿੱਛੇ ਸੈਰ ਕਰਨ ਆਈ ਜਾਂਦੇ…।"

ਪੰਛੀ ਵੀ ਉਸ ਸਮੇਂ ਸੌਣ ਦੀ ਤਿਆਰੀ ਵਿਚ ਸਨ। ਵੱਖੋ-ਵਖਰੇ ਪਰਿੰਦਿਆਂ ਦੇ ਝੁੰਡ, ਖ਼ੂਬ ਚਹਿਚਹਾਟ ਕਰਦੇ, ਰੁੱਖਾਂ ਦੇ ਦੁਆਲੇ ਚੱਕਰ ਕਟ ਰਹੇ ਸਨ। ਰੁੱਖ ਤੇ ਇਕ ਵੇਰ ਬਹਿ ਕੇ ਫਿਰ ਉਡ ਪੈਂਦੇ ਸਨ। ਪ੍ਰਤੀਤ ਹੁੰਦਾ ਸੀ ਜਿਵੇਂ ਸਾਰੇ ਰਲ ਕੇ ਕੋਈ ਸਮੂਹ-ਗਾਨ ਗਾ ਰਹੇ ਹੋਣ!

"ਨਾਨਾ ਸਾਰੀਆਂ ਚਿੜੀਆਂ ਉੱਚੀ-ਉੱਚੀ ਕੀ ਬੋਲਦੀਆਂ?" ਹਰਗੁਣ ਹੈਰਾਨ ਸੀ। "ਬੱਚੇ ਇਹ ਸਾਰੇ ਰੱਬ ਦਾ ਸ਼ੁਕਰ ਅਦਾ ਕਰ ਰਹੇ ਨੇ…।"

"ਕਿਉਂ ਨਾਨਾ?"

"ਇਹਨਾਂ ਸਾਰਿਆਂ ਦਾ ਅੱਜ ਦਾ ਦਿਨ ਜੋ ਬਹੁਤ ਚੰਗਾ ਲੰਘਿਆ, ਇਸ ਕਰਕੇ ਬੇਟੇ…।"

ਹਰਗੁਣ ਇਹ ਸੁਣ ਕੇ ਸੋਚੀਂ ਪੈ ਗਈ।" ਮੇਰਾ ਦਿਨ ਵੀ ਤਾਂ ਕਿੰਨਾ ਸੁਹਣਾ ਸੀ,"  ਉਹ ਆਪਣੇ ਵੱਲ ਹੱਥ ਕਰਕੇ ਬੋਲੀ।

"ਫਿਰ ਤੁਸੀਂ ਵੀ ਧੰਨਵਾਦ ਆਖੋ ਪੁੱਤਰ," ਨਾਨੀ ਨੇ ਹੱਸ ਕੇ ਆਖਿਆ। ਹਰਗੁਣ ਨੇ ਆਪਣੇ ਨਿੱਕੇ-ਨਿੱਕੇ ਹੱਥ ਜੋੜ ਕੇ ਸ਼ੁਕਰ ਕਰ ਦਿੱਤਾ। ਅਚਾਨਕ ਹਰਗੁਣ ਨੇ ਉਪਰੋਂ ਲੰਘ ਕੇ ਜਾਂਦੇ ਕਾਵਾਂ ਦੀ ਟੋਲੀ ਵੇਖ ਲਈ। ਇਕ ਕਾਂ ਪਿੱਛੇ ਇਕੱਲਾ ਰਹਿ ਗਿਆ ਸੀ। ਉਸਨੇ ਕਾਂ ਨੂੰ ਅਵਾਜ਼ ਮਾਰੀ, "ਕਾਂ, ਕਾਂ ਕਿੱਥੇ ਜਾ ਰਹੇ ਹੋ?" ਕਾਂ ਨੇ ਅੱਗੋਂ 'ਕਾਂ-ਕਾਂ' ਤਾਂ ਕੀਤੀ ਪਰ ਰੁਕਿਆ ਨਹੀਂ।

"ਨਾਨੀ ਇਹ ਹੁਣ ਰੁਕਿਆ ਕਿਉਂ ਨਹੀਂ? ਸਵੇਰੇ ਮੇਰੇ ਨਾਲ ਕਿੰਨੀਆਂ ਗੱਲਾਂ ਕਰ ਰਿਹਾ ਸੀ," ਹਰਗੁਣ ਉਦਾਸ ਜਿਹੀ ਹੋ ਗਈ।

" ਇਸ ਵੇਲੇ ਬੱਚੇ, ਕਾਂ ਨੂੰ ਘਰ ਜਾਣ ਦੀ ਜਲਦੀ ਏ। ਦੇਖੋ, ਹਨੇਰਾ ਪੈ ਰਿਹਾ ਏ ਨਾ, ਇਸ ਦੇ ਮੰਮੀ-ਪਾਪਾ ਇਸਨੂੰ ਉਡੀਕਦੇ ਹੋਣਗੇ।" ਨਾਨੀ ਦੇ ਇਹ ਗੱਲ ਆਖਣ ਦੀ ਦੇਰ ਸੀ ਕਿ ਹਰਗੁਣ ਨੂੰ ਘਰ ਬੈਠੇ, ਆਪਣੇ ਮੰਮੀ ਦਾ ਖ਼ਿਆਲ ਆ ਗਿਆ। ਰੋਣਾ ਜਿਹਾ ਮੂੰਹ ਬਣਾ ਕੇ ਬੋਲੀ, "ਮੈਂ ਮੰਮੀ ਕੋਲ ਜਾਣਾ, ਚਲੋ ਘਰ ਚਲੀਏ…," ਤੇ ਵਾਪਸ ਘਰ ਵੱਲ ਮੁੜ ਪਈ। ਹੁਣ ਉਸਨੂੰ ਰੋਕਣਾ ਸੰਭਵ ਨਹੀਂ ਸੀ। ਜਦੋਂ ਨਾਨਾ, ਨਾਨੀ ਮੁੜ ਕੇ ਤੁਰ ਪਏ ਤਾਂ ਚੰਨ ਉਹਨਾਂ ਦੇ ਸਾਹਮਣੇ ਸੀ।

ਨਾਨਾ ਨੇ ਹਰਗੁਣ ਨੂੰ ਚੰਨ ਵਿਖਾਇਆ, "ਉਹ ਵੇਖੋ ਹਰਗੁਣ ਚੰਨ ਮਾਮਾ ਸਾਡੇ ਸਾਹਮਣੇ ਆ ਗਏ।" "ਹੂੰ…ਹੁਣ ਅਸੀਂ ਚੰਨ ਮਾਮਾ ਵੱਲ ਜਾਂਦੇ ਪਏ ਆਂ, ਪਹਿਲਾਂ ਉਹ ਸਾਡੇ ਪਿੱਛੇ ਆਂਦੇ ਸੀ," ਹਰਗੁਣ ਹੱਸ ਕੇ ਖਿੜ-ਖਿੜੀ ਬਣ ਗਈ, "ਚੰਨ ਮਾਮਾ ਨੂੰ ਨੀਨੀ ਨੀ ਆਂਦੀ?"

"ਆਂਦੀ ਏ ਬੇਟੇ ਪਰ ਉਹ ਪਹਿਲਾਂ ਸਾਨੂੰ ਘਰ ਦਾ ਰਾਹ ਵਿਖਾ ਕੇ ਫਿਰ ਜਾਣਗੇ ਸੌਣ ਲਈ।"

"ਦੇਖਿਆ ਹਰਗੁਣ ਤੁਸੀਂ ਅੱਜ ਚੰਨ ਮਾਮਾ ਨਾਲ ਸੈਰ ਕੀਤੀ, ਘਰ ਜਾ ਕੇ ਮੰਮੀ ਨੂੰ ਦੱਸੋਗੇ ਨਾ ਚੰਨ ਮਾਮਾ ਦੀ ਗੱਲ?" ਨਾਨੀ ਨੇ ਪੁਛਿਆ।

"ਦੱਸਾਂਗੀ, ਦੱਸਾਂਗੀ, ਕੱਲ੍ਹ ਮੰਮੀ ਨੂੰ ਵੀ ਨਾਲ ਲੈ ਕੇ ਆਵਾਂਗੀ; ਚੰਨ ਮਾਮਾ ਨਾਲ ਸੈਰ ਕਰਨ," ਹਰਗੁਣ ਨੂੰ ਤਾਂ ਚੰਨ ਮਾਮਾ ਨੇ ਜਿਵੇਂ ਗੀਤ ਗਾਉਣ ਹੀ ਲਾ ਦਿੱਤਾ!
-ਪਰਮਬੀਰ ਕੌਰ, ਲੁਧਿਆਣਾ
('ਪ੍ਰਾਇਮਰੀ ਸਿੱਖਿਆ' ਵਿੱਚੋਂ ਧੰਨਵਾਦ ਸਹਿਤ)
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger