Home » , , , , , , , , » ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ

ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ

Written By Editor on Friday, November 30, 2012 | 00:00

30 ਨਵੰਬਰ ਪਹਿਲੀ ਬਰਸੀ ‘ਤੇ ਵਿਸ਼ੇਸ਼
ਕਿਸੇ ਵੀ ਖੇਤਰ ਵਿੱਚ ਅਮਿੱਟ ਪੈੜਾਂ ਪਾਉਣ ਵਾਲਿਆਂ ਨੂੰ ਦੁਨੀਆਂ ਯਾਦ ਕਰਿਆ ਕਰਦੀ ਹੈ । ਇਤਿਹਾਸ ਦੇ ਪੰਨੇ ਉਸ ਦੇ ਵੇਰਵੇ ਸਾਂਭਣਾ ਆਪਣਾ ਸੁਭਾਗ ਸਮਝਿਆ ਕਰਦੇ ਹਨ । ਅਜਿਹੀ ਸਥਿਤੀ ਦਾ ਲਖਾਇਕ ਹੀ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ (ਨੇੜੇ ਭਗਤਾ ਭਾਈ ਕਾ) ਵਿਖੇ ਗਾਇਕ ਨਿੱਕਾ ਖਾਨ ਦੇ ਘਰ 15 ਨਵੰਬਰ 1951 ਨੂੰ ਜਨਮਿਆਂ ਸਾਡਾ ਜਮਾਤੀ ਲਤੀਫ਼ ਮੁਹੰਮਦ, ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ । ਉਸ ਦੇ ਪੂਰਵਜ਼ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਦਰਬਾਰ ਵਿੱਚ ਹਜ਼ੂਰੀ ਰਾਗੀ ਸਨ । ਇਸ ਤਰ੍ਹਾ ਮੁਹੰਮਦ ਲਤੀਫ਼ ਨੂੰ ਗਾਇਕੀ ਦੀ ਗੁੜਤੀ ਵਿਰਸੇ ਵਿੱਚੋਂ ਮਿਲੀ ।
ਕੁਲਦੀਪ ਮਾਣਕ, ਲੁਧਿਆਣਾ (2006)
ਫੋਟੋਕਾਰੀ-ਦੀਪ ਜਗਦੀਪ
ਹੋਰ ਦੁਰਲੱਭ ਯਾਦਗਾਰ ਤਸਵੀਰਾਂ ਲਈ ਕਲਿੱਕ ਕਰੋ

ਸਦੀਕ ਅਤੇ ਰਫ਼ੀਕ ਦੇ ਭਰਾਤਾ ਲੱਧੇ ਦਾ ਜਲਾਲ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਅਧਿਆਪਕਾਂ ਦੇ ਥਾਪੜੇ ਨਾਲ ਬੋਲ ਬਾਲਾ ਹੁੰਦਾ । ਉਹ ਅਕਸਰ ਹੀ ਗਾਇਆ ਕਰਦਾ “ ਗੱਲ ਸੁਣ ਓ ਭੋਲਿਆ ਜੱਟਾ, ਤੇਰੇ ਸਿਰ ਪੈਂਦਾ ਘੱਟਾ, ਵਿਹਲੜ ਬੰਦੇ ਮੌਜਾਂ ਮਾਣਦੇ”। ਹਾਕੀ ਖਿਡਾਰੀ ਲੱਧੇ ਨੇ ਦਸਵੀਂ ਕਰਨ ਦੇ ਨਾਲ ਹੀ ਫ਼ਿਰੋਜ਼ਪੁਰ ਪਹੁੰਚ, ਕੱਵਾਲ ਖ਼ੁਸ਼ੀ ਮਹੰਮਦ ਤੋਂ ਸੰਗੀਤ ਸਿੱਖਿਆ ਲੈਣੀ ਸ਼ੁਰੂ ਕੀਤੀ । ਮੁਹੰਮਦ ਲਤੀਫ਼ ,ਲੱਧਾ, ਫਿਰ ਕੁਲਦੀਪ ਮਣਕਾ ਅਖਵਾਉਂਦੇ ਨੇ ਜਦ ਇੱਕ ਸਮਾਗਮ ਸਮੇ ਗਾਇਆ, ਤਾਂ ਉੱਥੇ ਮੌਜੂਦ ਪੰਜਾਬ ਦੇ ਮੁੱਖ-ਮੰਤਰੀ ਪਰਤਾਪ ਸਿੰਘ ਕੈਰੋਂ ਨੇ 100 ਰੁਪਏ ਇਨਾਮ ਦਿੰਦਿਆਂ ਕਿਹਾ ਇਹ ਤਾਂ ਮਾਣਕ ਹੈ ਮਾਣਕ । ਇਸ ਤਰ੍ਹਾਂ ਮਣਕਾ ਤੋਂ ਮਾਣਕ ਬਣ ਉਹ ਬਠਿੰਡਾ ਛੱਡ ਲੁਧਿਆਣੇ ਕਲਾਕਾਰਾਂ ਨੂੰ ਮਿਲਦਾ ਮਿਲਦਾ, ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਕਰਨ ਲੱਗਿਆ । ਦਿੱਲੀ ਵਿਖੇ 1968 ਵਿੱਚ ਐਚ.ਐਮ.ਵੀ. ਕੰਪਨੀ ਨੇ ਕੇਸਰ ਸਿੰਘ ਨਰੂਲਾ ਦੇ ਸੰਗੀਤ ‘ਚ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ 'ਜੀਜਾ ਅੱਖੀਆਂ ਨਾ ਮਾਰ ਵੇ ਮੈ ਕੱਲ੍ਹ ਦੀ ਕੁੜੀ' ਸੀਮਾ ਨਾਲ ਡਿਊਟ ਗੀਤ ਵਜੋਂ ਗਾਇਆ । ਗੁਰਦੇਵ ਸਿੰਘ ਮਾਨ ਦਾ ਗੀਤ 'ਲੌਂਗ ਕਰਾ ਮਿੱਤਰਾ, ਮੱਛਲੀ ਪਾਉਂਣਗੇ ਮਾਪੇ' ਵੀ ਇਸ ਵਿੱਚ ਸ਼ਾਮਲ ਸੀ । ਇਸ ਨਾਲ ਰਾਤੋ ਰਾਤ ਮਾਣਕ ਮਾਣਕ ਹੋ ਗਈ ।

ਸੋਲੋ ਗਾਇਕੀ ਵੱਲ ਮੁੜੇ ਮਾਣਕ ਨੂੰ ਦੇਵ ਥਰੀਕੇਵਾਲੇ ਨੇ ਪਹਿਚਾਣਿਆਂ ਅਤੇ ਆਪਣੇ ਨਾਲ ਜੋੜ ਲਿਆ । ਲੋਕ ਗਥਾਵਾਂ ਲਿਖ-ਲਿਖ ਕੇ ਦਿੱਤੀਆਂ ਅਤੇ ਮਾਣਕ ਦਾ ਪਹਿਲਾ ਈ. ਪੀ. 'ਪੰਜਾਬ ਦੀਆਂ ਲੋਕ ਗਾਥਾਵਾਂ (1973)' ਰਿਕਾਰਡ ਹੋਇਆ । ਫਿਰ ਐਚ.ਐਮ.ਵੀ. ਨੇ ਹੀ 1976 ਵਿੱਚ ਐਲ. ਪੀ. 'ਇੱਕ ਤਾਰਾ' ਮਾਰਕੀਟ ਵਿੱਚ ਉਤਾਰਿਆ । ਇਸ ਵਿਚਲਾ ਗੀਤ 'ਤੇਰੇ ਟਿੱਲੇ ਤੋਂ ਸੂਰਤ ਦੀਹਦੀ ਐ ਹੀਰ ਦੀ' ਨੇ ਸਮਕਾਲੀਆਂ ਨੂੰ ਸੋਚੀਂ ਪਾ ਦਿੱਤਾ । ਉਹਦੇ ਨਾਂਅ ਨਾਲ ਸ਼ਬਦ ਕਲੀਆਂ ਦਾ ਬਾਦਸ਼ਾਹ ਜੁੜ ਗਿਆ । ਮਾਣਕ ਨੇ ਪਹਿਲਾ ਲੋਕ ਗੀਤ 'ਮਾਂ ਮਿਰਜ਼ੇ ਦੀ ਬੋਲਦੀ' ਅਤੇ 'ਉਹਨੂੰ ਮੌਤ ਨੇ ਵਾਜਾਂ ਮਾਰੀਆਂ' ਗਾਇਆ । ਏਸੇ ਦੌਰਾਨ ਮਾਣਕ ਦਾ ਰਾਬਤਾ ਚਰਨਜੀਤ ਅਹੂਜਾ ਨਾਲ ਬਣਿਆ । ਸਰਬਜੀਤ ਕੌਰ ਨਾਲ ਸ਼ਾਦੀ ਹੋਈ, ਬੇਟਾ ਯੁਧਵੀਰ ਅਤੇ ਬੇਟੀ ਸ਼ਕਤੀ ਵਿਹੜੇ ਦੀ ਰੌਣਕ ਬਣੇ ।

ਗਾਇਕੀ ਦੇ ਨਾਲ-ਨਾਲ ਉਸਨੇ ਬਲਵੀਰੋ ਭਾਬੀ, ਰੂਪ ਸ਼ੁਕੀਨਣ ਦਾ, ਬਗਾਵਤ, ਵਿਹੜਾ ਲੰਬੜਾ ਦਾ, ਲੰਬੜਦਾਰਨੀ, ਸੈਦਾ ਜੋਗਨ, ਸੱਸੀ ਪੁਨੂੰ ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕਰਿਆ ਅਤੇ ਯਾਰਾਂ ਦਾ ਟਰੱਕ ਬੱਲੀਏ ਵਰਗੇ ਗੀਤ ਲੋਕਾਂ ਦਾ ਜ਼ੁਬਾਨ ਰਸ ਬਣੇ । ਉਸਦੇ ਗਾਏ ਦਰਜਨਾਂ ਗੀਤ ਲੋਕ ਗੀਤਾਂ ਵਾਂਗ ਪੰਜਾਬੀਆਂ ਲਈ ਅੱਜ ਵੀ ਤਰੋ-ਤਾਜ਼ਾ ਹਨ ਅਤੇ ਲੋਕ ਚਾਅ ਨਾਲ ਗੁਣਗੁਣਾਉਂਦੇ ਹਨ । ਮਾਣਕ ਦੀਆਂ 41 ਧਾਰਮਿਕ ਟੇਪਾਂ, ਈ.ਪੀ., ਐਲ.ਪੀ. ਆਦਿ ਸਮੇਤ ਕੁੱਲ 198 ਟੇਪਾਂ ਰਿਕਾਰਡ ਹੋਈਆਂ । ਉਸ ਨੇ 90 ਗੀਤਕਾਰਾਂ ਦੇ ਗੀਤ 26 ਸੰਗੀਤਕਾਰਾਂ ਦੀਆਂ ਤਰਜ਼ਾਂ ‘ਤੇ ਗਾਏ । ਜਿੱਥੇ ਉਸ ਨੇ 1977-78 ਵਿੱਚ ਪਹਿਲਾ ਸਫ਼ਲ ਵਿਦੇਸ਼ੀ ਟੂਰ ਲਾਇਆ, ਉਥੇ ਸਤਿੰਦਰ ਬੀਬਾ, ਸੁਰਿੰਦਰ ਕੌਰ, ਗੁਰਮੀਤ ਬਾਵਾ, ਅਮਰਜੋਤ ਕੌਰ, ਗੁਲਸ਼ਨ ਕੋਮਲ, ਕੁਲਵੰਤ ਕੋਮਲ, ਪ੍ਰਕਾਸ਼ ਕੌਰ ਸੋਢੀ, ਦਿਲਬਾਗ਼ ਕੌਰ ਅਤੇ ਪ੍ਰਕਾਸ਼ ਸਿੱਧੂ ਨਾਲ ਵੀ ਮਾਣਕ ਨੇ ਗਾਇਕੀ ਵਿਚ ਸਾਥ ਦਿੱਤਾ । ਆਜ਼ਾਦ ਉਮੀਦਵਾਰ ਵਜੋਂ 1996 ਵਿੱਚ ਬਠਿੰਡਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ, ਪਰ ਸਫਲਤਾ ਨਾ ਮਿਲੀ । ਗਾਇਕੀ ਖੇਤਰ ਦੇ ਇੱਕ ਮੁਕਾਬਲੇ ਵਿੱਚ ਨਾਮੀ ਕਲਾਕਾਰਾਂ ਤੋਂ ਅੱਗੇ ਲੰਘਦਿਆਂ ਅੰਬੈਸਡਰ ਕਾਰ ਵੀ ਇਨਾਮ ਵਜੋਂ ਜਿਤੀ । ਪੰਜਾਬ ਸਰਕਾਰ ਵੱਲੋਂ ਹੁਣ ਰਾਜ ਗਾਇਕ ਦਾ ਪੁਰਸਕਾਰ ਵੀ ਦਿੱਤਾ ਗਿਆ ਹੈ । 1968 ਤੋਂ 2011 ਤੱਕ ਗਾਇਕੀ ਨਾਲ ਰਾਬਤਾ ਬਣਾਈ ਰੱਖਣ ਵਾਲੇ ਮਾਣਕ ਦਾ ਦਲੀਪ ਸਿੰਘ ਸਿੱਧੂ ਕਣਕਵਾਲੀਆ, ਕਰਨੈਲ ਸਿੱਧੂ ਜਲਾਲ ਨਾਲ ਵੀ ਬਹੁਤ ਪਿਆਰ ਰਿਹਾ । 

ਪਰ ਸ਼ਰਾਬ ਨੇ ਉਹਦੇ ਗੁਰਦਿਆਂ ਵਿੱਚ ਖ਼ਰਾਬੀ ਲਿਆ ਦਿੱਤੀ । ਫਿਰ ਇਕਲੌਤੇ ਪੁੱਤਰ ਯੁਧਵੀਰ ਦੇ ਬਰੇਨ ਹੈਮਰਿਜ ਨੇ ਉਸ ਨੂੰ ਅਸਲੋਂ ਹੀ ਤੋੜ ਦਿੱਤਾ । ਫੇਫੜਿਆਂ ਦੀ ਸਮੱਸਿਆ ਹੋਣ ਕਰਕੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜਿੱਥੇ 30 ਨਵੰਬਰ 2011 ਨੂੰ ਉਸ ਨੇ ਆਖ਼ਰੀ ਸਾਹ ਲਿਆ ਅਤੇ ਜਲਾਲ ਵਿਖੇ ਸਪੁਰਦ-ਏ-ਖ਼ਾਕ ਕੀਤਾ ਗਿਆ । ਮਾਣਕ ਦੀ ਆਖਰੀ ਐਲਬਮ ਮਹਾਰਾਜਾ ਹੈ । ਜਿਸ ਵਿੱਚ ਉਸ ਦੇ ਦੋ ਗੀਤ ਹਨ । ਬਾਕੀ ਜੈਜੀ ਬੈਂਸ ਅਤੇ ਯੁਧਵੀਰ ਮਾਣਕ ਦੇ ਹਨ ।
ਇਸ ਮਹਾਨ ਲੋਕ ਗਾਇਕ ਦੀ ਯਾਦ ਵਿੱਚ ਇੱਕ ਯਾਦ ਵਜੋਂ ਭਗਤਾ ਭਾਈਕਾ ਵਿਖੇ ਭੂਤਾਂ ਵਾਲੇ ਖੂਹ ’ਤੇ ਉਹਦੇ ਸ਼ਗਿਰਦ ਗਾਇਕ ਗੁਰਦੀਪ ਬਰਾੜ, ਚਹੇਤਿਆਂ, ਜਮਾਤੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਹਿਲੀ ਬਰਸੀ ਮੌਕੇ 2 ਦਸੰਬਰ ਐਤਵਾਰ ਨੂੰ ਗਾਇਕੀ ਮੇਲਾ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਹਰੇਕ ਨੂੰ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ । ਇਹ ਮੇਲਾ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਜਾਰੀ ਰਹੇਗਾ । ਆਓ ਉਸ ਦਿਨ ਸਾਰੇ ਰਲਕੇ ਉਸ ਮਹਾਨ ਸ਼ਖ਼ਸ਼ੀਅਤ ਨੂੰ ਯਾਦ ਕਰਦੇ ਹੋਏ ਸ਼ਰਧਾਜਲੀ ਭੇਂਟ ਕਰੀਏ, ਤਾਂ ਜੋ ਸਾਡਾ ਆਪਣਾ ਹੀ ਪਿਆਰਾ ਸਾਡੇ ਸਾਹਾਂ ਦੀ ਸੁਗੰਧੀ ਵਿੱਚ ਵਾਸਾ ਕਰਦਾ ਰਹੇ ਅਤੇ ਉਹਦੀ ਚੁੱਪ ਮੌਜੂਦਗੀ ਦਾ ਅਹਿਸਾਸ ਚੇਤਿਆਂ ਦਾ ਸ਼ਹਿਨਸ਼ਾਹ ਬਣਿਆਂ ਰਹੇ ।  
-ਰਣਜੀਤ ਸਿੰਘ ਪ੍ਰੀਤ, ਭਗਤਾ, ਬਠਿੰਡਾ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger