Home » , , , , » ਅਦਾਕਾਰਾ: ਨਿਸ਼ਾਨ ਸਿੰਘ ਰਾਠੌਰ

ਅਦਾਕਾਰਾ: ਨਿਸ਼ਾਨ ਸਿੰਘ ਰਾਠੌਰ

Written By Editor on Friday, July 15, 2011 | 13:13      ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾ ਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ ਦੇ ਚਿਹਰੇ ਦੇ ਭਾਵਾਂ ਨੂੰ ਪੜਣ ਦਾ ਯਤਨ ਕਰਦਾ, ਜਿਹੜਾ ਕਿ ਕਦੇ ਕਦਾਈਂ ਉਸ ਦੇ ਦਾਅ ਦੀ ਗੱਲ ਕਰ ਦਿੰਦਾ ਸੀ।
      ਦੂਜੇ ਪਾਸੇ ਉਹ ਛੋਟਾ ਬੱਚਾ ਅਜੇ ਵੀ ਜ਼ਮੀਨ ਤੇ ਪਿਆ ਤੜਪ ਰਿਹਾ ਸੀ ਅਤੇ ਉਸ ਦੀ ਮਾਂ ਉਚੀ ਉਚੀ ਰੋਣ ਦਾ 'ਡਰਾਮਾ' ਕਰ ਰਹੀ ਸੀ ਪਰ ਦੇਖਣ ਵਾਲਿਆਂ ਨੂੰ ਉਹ ਹਕੀਕਤ ਜਾਪ ਰਿਹਾ ਸੀ ਅਤੇ ਭੀੜ ਵਿੱਚੋਂ ਕਈ ਗਰਮ ਖੂਨ ਦੇ ਨੌਜਵਾਨ ਤਾਂ ਰਹਿਮਤ ਅਲੀ ਨੂੰ ਕੁਟਾਪਾ ਚਾੜਣ ਦੀਆਂ ਸਕੀਮਾਂ ਵੀ ਬਣਾ ਰਹੇ ਸਨ। ਪਰ ਸ਼ਾਇਦ ਰਹਿਮਤ ਅਲੀ ਦੀ ਚਿੱਟੀ ਦਾੜੀ ਉਹਨਾਂ ਦੇ ਇਸ ਇਰਾਦੇ ਵਿੱਚ 'ਰੋੜਾ' ਬਣੀ ਹੋਈ ਸੀ।
      "ਜਨਾਬ, ਤੁਸੀਂ ਬੁਰੀ ਤਰ੍ਹਾਂ ਫੱਸ ਗਏ ਹੋ···, ਭਲਾ ਇਸੇ ਵਿੱਚ ਹੈ ਕਿ ਤੁਸੀਂ 200-400 ਰੁਪਏ ਲੈ-ਦੇ ਕੇ ਗੱਲ ਮੁਕਾਓ।" ਇੱਕ ਬਜ਼ੁਰਗ ਵਿਅਕਤੀ ਨੇ ਰਹਿਮਤ ਅਲੀ ਨੂੰ ਨਸੀਹਤ ਦਿੰਦਿਆਂ ਕਿਹਾ।
      "ਕੀ ਸੋਚ ਰਹੇ ਹੋ ਭਾਈ ਸਾਹਬ, ਜੇਕਰ ਪੁਲਿਸ ਆ ਗਈ ਤਾਂ ਗੱਲ ਜਿਆਦਾ ਵੱਧ ਜਾਏਗੀ ਅਤੇ ਤੁਹਾਨੂੰ ਜ਼ੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ।" ਟਾਈ ਅਤੇ ਚਸ਼ਮਾ ਲਾਈ ਖੜੇ ਇੱਕ ਸਿੱਖ ਨੌਜ਼ਵਾਨ ਨੇ ਰਹਿਮਤ ਅਲੀ ਨੂੰ ਸਮਝਾਉਂਦਿਆਂ ਕਿਹਾ।
      ਰਹਿਮਤ ਅਲੀ ਕੋਈ ਫ਼ੈਸਲਾ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਅਤੇ ਦੂਜੇ ਪਾਸੇ ਉਸ ਦਾ ਪੋਤਰਾ ਨੁਸਰਤ ਅਤੇ ਪੋਤਰੀ ਸਲੀਣਾ ਵੀ ਆਪਣੇ ਦਾਦਾ ਜਾਨ ਨੂੰ ਇਸ ਭਾਰੀ ਮੁਸੀਬਤ ਵਿੱਚ ਫੱਸਿਆ ਵੇਖ ਕੇ ਰੋਣ ਲੱਗ ਪਏ ਸਨ।
      ਰਹਿਮਤ ਨੂੰ ਆਪਣੇ ਪੁੱਤਰ ਪਰਵਾਜ਼ ਦੀ ਗੱਲ ਚੇਤੇ ਆ ਰਹੀ ਸੀ ਜਿਹੜਾ ਅਕਸਰ ਹੀ ਉਸ ਦੇ ਰਹਿਮ ਦਿਲ ਸੁਭਾ ਅਤੇ ਗਰੀਬ ਲੋਕਾਂ ਨੂੰ ਖਾਣਾ ਆਦਿ ਖੁਆਉਣ ਦੇ ਪੁੰਨ ਦੀ ਨੁਕਤਾ-ਚੀਨੀ ਕਰਦਾ ਰਹਿੰਦਾ ਸੀ ਅਤੇ ਕਹਿੰਦਾ ਸੀ, "ਅੱਬਾ ਜਾਨ···, ਤੁਹਾਡਾ ਇਹ ਰਹਿਮ ਦਿਲ ਸੁਭਾਅ ਇਕ ਨਾ ਇਕ ਦਿਨ ਤੁਹਾਡੇ ਲਈ ਮੁਸੀਬਤ ਦਾ ਕਾਰਨ ਜ਼ਰੂਰ ਬਣੇਗਾ ਤੇ ਫੇਰ ਉਸ ਵੇਲੇ ਤੁਹਾਨੂੰ ਮੇਰੀ ਕਹੀ ਗੱਲ ਚੇਤੇ ਆਵੇਗੀ ਕਿ ਪਰਵਾਜ਼ ਠੀਕ ਹੀ ਕਹਿੰਦਾ ਸੀ।" ਅਤੇ ਅੱਜ ਉਹ ਦਿਨ ਵੀ ਆ ਗਿਆ ਸੀ ਅਤੇ ਉਹ ਮੁਸੀਬਤ ਵੀ, ਜਿਸ ਦੀ ਗੱਲ ਪਰਵਾਜ਼ ਕਰਦਾ ਸੀ।
      ਦੂਜੇ ਪਾਸੇ ਉਸ ਇਸਤਰੀ ਦੇ ਰੋਣ ਦੀ ਆਵਾਜ਼ ਹੋਰ ਉਚੀ ਹੁੰਦੀ ਜਾ ਰਹੀ ਸੀ, ਜਿਹੜੀ ਥੋੜੀ ਪਹਿਲਾਂ ਆਪਣੇ ਪੁੱਤਰ ਨੂੰ ਲੈ ਕੇ ਸਟੇਸ਼ਨ ਤੇ ਲੋਕਾਂ ਤੋਂ ਰੋਟੀ ਅਤੇ ਪੈਸਾ ਆਦਿ ਮੰਗ ਰਹੀ ਸੀ। ਜਦੋਂ ਉਹ ਰਹਿਮਤ ਅਲੀ ਅਤੇ ਉਸ ਦੇ ਪਰਿਵਾਰ ਕੋਲ ਆਈ ਤਾਂ ਉਹ ਆਪਣੇ ਪੋਤਰੇ ਅਤੇ ਪੋਤਰੀ ਨੂੰ ਖਾਣਾ ਖੁਆ ਰਿਹਾ ਸੀ।
      "ਬਾਬੂ ਜੀ, ਭੂਖ ਲਗੀ ਹੈ···, ਮੈਂ ਔਰ ਮੇਰਾ ਬੇਟਾ ਪਿਛਲੇ ਦੋ ਦਿਨ ਸੇ ਭੂਖੇ ਹੈਂ। ਕੁੱਛ ਖਾਣੇ ਕੋ ਦੇ ਦੋ ਭਗਵਾਨ ਤੁਮਾਰਾ ਭਲਾ ਕਰੇਗਾ।" ਉਸ ਮੰਗਤੀ ਔਰਤ ਨੇ ਕਿਹਾ।
      "ਅੱਲਾ ਕੇ ਨਾਮ ਪਰ ਕੁਛ ਖਾਣੇ ਕੋ ਦੇ ਦੋ ਸਾਹਬ।" ਉਸ ਨਾਲ ਖੜੇ ਛੋਟੇ ਮੁੰਡੇ ਨੇ ਤਰਲਾ ਕਰਦਿਆਂ ਕਿਹਾ।
      ਰਹਿਮਤ ਅਲੀ ਦੇ ਕੁੱਝ ਕਹਿਣ ਤੋਂ ਪਹਿਲਾਂ ਹੀ ਉਸਦੇ ਪੋਤਰੇ ਨੁਸਰਤ ਨੇ ਕਿਹਾ, "ਦਾਦਾ ਜਾਨ, ਇਸ ਲੜਕੇ ਨੂੰ ਦੋ ਰੋਟੀਆਂ ਦੇ ਦਿਓ,··· ਵਿਚਾਰੇ ਭੁੱਖੇ ਨੇ।"
      "ਹਾਂ ਹਾਂ ਦਾਦਾ ਜਾਨ,··· ਦੇ ਦਿਓ ਕੁੱਝ ਖਾਣ ਨੂੰ।" ਸਲੀਣਾ ਨੇ ਵੀ ਨੁਸਰਤ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ।
      ਰਹਿਮਤ ਦਾ ਦਿਲ ਤਾਂ ਪਹਿਲਾਂ ਹੀ ਮੋਮ ਸੀ ਤੇ ਉਸ ਨੇ ਦੋ ਰੋਟੀਆਂ ਉਸ ਔਰਤ ਦੀ ਝੋਲੀ ਪਾ ਦਿੱਤੀਆਂ। ਮੰਗਤੀ ਦੇ ਮੁੰਡੇ ਨੇ ਝਪਟ ਕੇ ਰੋਟੀਆਂ ਆਪਣੀ ਮਾਂ ਦੇ ਹੱਥੋਂ ਖੋਹ ਲਈਆਂ ਤੇ ਉਥੇ ਹੀ ਖਾਣੀਆਂ ਸ਼ੁਰੂ ਕਰ ਦਿੱਤੀਆਂ ਪਰ ਇਹ ਕੀ……?
      ਉਸ ਮੰਗਤੀ ਦੇ ਮੁੰਡੇ ਨੇ ਅਜੇ ਦੋ ਬੁਰਕੀਆਂ ਹੀ ਮੂੰਹ ਵਿੱਚ ਪਾਈਆਂ ਸਨ ਕਿ ਉਸ ਜ਼ਮੀਨ ਤੇ ਡਿੱਗ ਪਿਆ ਤੇ ਉਸ ਦੇ ਹੱਥ ਪੈਰ ਮੁੜ ਗਏ। ਉਸ ਦੀਆਂ ਅੱਖਾਂ ਇੱਧਰ-ਉਧਰ ਘੁੰਮਣ ਲੱਗੀਆਂ ਅਤੇ ਉਹ ਜ਼ਮੀਨ ਤੇ ਪਿਆ ਤੜਫਣ ਲੱਗਾ। ਇਹ ਦੇਖ ਕੇ ਉਹ ਮੰਗਤੀ ਔਰਤ ਲੱਗੀ ਉਚੀ-ਉਚੀ ਰੋਣ ਪਿੱਟਣ।
      "ਤੇਰਾ ਸਤਯਾਨਾਸ ਹੋ ਕਮੀਣੇ, ਤੂਨੇ ਮੇਰੇ ਬੇਟੇ ਕੋ ਜ਼ਹਿਰ ਖਿਲਾ ਦੀਆ ਹੈ।"
      "···ਤੂੰ ਨਰਕ ਮੇਂ ਜਾਏ ਔਰ ਤੇਰਾ ਘਰ ਬਰਬਾਦ ਹੋ ਜਾਏ।"
      "ਭਗਵਾਨ ਕਰੇ ਤੁਝੇ ਕੀੜੇ ਪੜੇਂ···।"
      ਤੇ ਹੋਰ ਪਤਾ ਨਹੀਂ ਕਿਸ-ਕਿਸ ਤਰ੍ਹਾਂ ਦੀਆਂ ਗਾਲ੍ਹਾਂ ਜਿਹੜੀਆਂ ਰਹਿਮਤ ਅਲੀ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸਨ ਸੁਣੀਆਂ, ਉਹ ਅੱਜ ਹਕੀਕਤ ਵਿੱਚ ਸੁਣ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਜਿਹੜਾ ਖਾਣਾ ਉਹ ਆਪਣੇ ਪੋਤਰੇ-ਪੋਤਰੀ ਨੂੰ ਖੁਆ ਰਿਹਾ ਸੀ ਉਹੀਂ ਖਾਣਾ ਤਾਂ ਉਸ ਨੇ ਮੰਗਤੀ ਦੇ ਮੁੰਡੇ ਨੂੰ ਦਿੱਤਾ ਸੀ, ਫਿਰ ਖਾਣੇ ਵਿੱਚ ਜ਼ਹਿਰ ਕਿਵੇਂ ਹੋ ਸਕਦਾ ਹੈ? ਉਸ ਔਰਤ ਦੇ ਰੋਣ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਲੋਕਾਂ ਦਾ ਇੱਕਠ ਹੋਣਾ ਸ਼ੁਰੂ ਹੋ ਗਿਆ।
      "ਇਹਨਾਂ ਮੰਗਤਿਆਂ ਦਾ ਇਹ ਰੋਜ਼ ਦਾ ਧੰਧਾ ਹੈ, ਇੱਕ ਤਾਂ ਲੋਕ ਇਹਨਾਂ ਨੂੰ ਦਇਆ ਕਰਕੇ ਰੋਟੀ ਪੈਸਾ ਆਦਿ ਦੇ ਦਿੰਦੇ ਨੇ ਪਰ ਦੂਜੇ ਪਾਸੇ ਇਹ ਸਾਲੇ ਇਸ ਤਰ੍ਹਾਂ ਦਾ ਡਰਾਮਾ ਕਰਕੇ ਸ਼ਰੀਫ ਲੋਕਾਂ ਤੋਂ ਪੈਸੇ ਠੱਗ ਲੈਂਦੇ ਨੇ।" ਰਹਿਮਤ ਅਲੀ ਨੇ ਨੇੜੇ ਖੜੇ ਇੱਕ ਨੌਜਵਾਨ ਨੇ ਆਪਣੇ ਸਾਥੀ ਨੂੰ ਬੜੀ ਮੱਠੀ ਆਵਾਜ਼ ਵਿੱਚ ਕਿਹਾ। ਰਹਿਮਤ ਅਲੀ ਨੇ ਇੱਹ ਗੱਲ ਸੁਣ ਲਈ ਤੇ ਉਸ ਨੂੰ ਵੀ ਇਸ ਕੇਸ ਦੀ ਕੁੱਝ 'ਸਮਝ' ਪੈ ਚੁੱਕੀ ਸੀ।
      ਔਰਤ ਦਾ ਰੋਣਾ ਅਜੇ ਵੀ ਜ਼ਾਰੀ ਸੀ। ਸ਼ਾਇਦ ਇਹ ਪਹਿਲਾਂ ਮੌਕਾ ਸੀ ਕਿ ਉਸ ਨੂੰ ਇਤਨੀ ਦੇਰ ਤੱਕ ਰੋਣ ਦਾ 'ਡਰਾਮਾ' ਕਰਨਾ ਪੈ ਰਿਹਾ ਸੀ ਪਰ ਅਜੇ ਤੱਕ ਉਸ ਨੇ ਹਾਰ ਨਹੀਂ ਸੀ ਮੰਨੀ। ਦੂਜੇ ਪਾਸੇ ਇੰਨੇ ਸਮੇਂ ਵਿੱਚ ਰਹਿਮਤ ਅਲੀ ਸੰਭਲ ਚੁੱਕਾ ਸੀ ਅਤੇ ਉਸ ਨੂੰ ਪਹਿਲੇ ਬਜ਼ੁਰਗ ਦੀ ਗੱਲ ਵਧੇਰੇ ਚੰਗੀ ਲੱਗੀ ਸੀ ਜਿਸ ਨੇ ਕਿਹਾ ਸੀ।
      "ਜਨਾਬ,… ਤੁਸੀਂ ਬੁਰੀ ਤਰ੍ਹਾਂ ਫੱਸ ਗਏ ਹੋ, ਭਲਾ ਇਸੇ ਵਿੱਚ ਹੈ ਕਿ ਤੁਸੀਂ 200-400 ਰੁਪਏ ਲੈ ਦੇ ਕੇ ਗੱਲ ਮੁਕਾਓ।"
      ਰਹਿਮਤ ਅਲੀ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਆਪਣੀ ਨੇਕੀ ਦੀ 'ਕੀਮਤ' ਅਦਾ ਕਰਦਿਆਂ 200 ਰੁਪਏ ਉਸ ਮੰਗਤੀ ਔਰਤ ਨੂੰ ਦੇਣੇ ਚਾਹੇ ਤਾਂ ਉਸ ਨੇ ਲੈਣ ਤੋਂ ਨਾ ਕਰ ਦਿੱਤੀ ਅਤੇ 1000 ਰੁਪਏ ਦੀ ਮੰਗ ਰੱਖਦਿਆਂ ਕਿਹਾ।
      "200 ਰੁਪਏ ਮੇਂ ਆਜਕੱਲ ਇਲਾਜ ਨਹੀਂ ਹੋਤਾ,······ ਬਾਬੂ ਜੀ।"
      ਆਖ਼ਰ ਕੁੱਝ ਸਿਆਣੇ ਬੰਦਿਆਂ ਦੇ ਵਿੱਚ ਪੈਣ ਕਰਕੇ ਸੌਦਾ 500 ਰੁਪਏ ਵਿੱਚ ਤੈਅ ਹੋ ਗਿਆ ਤੇ ਰਹਿਮਤ ਅਲੀ ਨੇ 500 ਰੁਪਏ ਉਸ 'ਅਦਾਕਾਰਾ' ਨੂੰ ਦੇ ਕੇ ਆਪਣੀ ਜਾਨ ਛੁਡਾਈ।
      ਜਿਵੇਂ ਹੀ ਰਹਿਮਤ ਅਲੀ ਤੋਂ ਉਸ ਮੰਗਤੀ ਔਰਤ ਨੂੰ ਪੈਸਾ ਮਿਲਿਆ ਜ਼ਮੀਨ ਦੇ ਤੜਪ ਰਿਹਾ ਉਸਦਾ ਲੜਕਾ ਤੁਰੰਤ ਹੀ ਉਠ ਖੜਾ ਹੋਇਆ। ਉਸ ਦੀ ਬੀਮਾਰੀ ਠੀਕ ਹੋ ਚੁੱਕੀ ਸੀ ਤੇ ਡਰਾਮੇ ਦਾ ਅੰਤ ਵੀ ਹੋ ਚੁੱਕਾ ਸੀ। ਤਮਾਸ਼ਬੀਨਾਂ ਦੀ ਭੀੜ ਹੋਲੀ-ਹੋਲੀ ਘੱਟ ਹੋਣ ਲੱਗੀ ਸੀ।

-ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger