Home » , , , , » ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ

ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ

Written By Editor on Friday, February 25, 2011 | 01:26

ਸਰੀ। 21 ਫਰਵਰੀ। ਜਰਨੈਲ ਸਿੰਘ ਸੇਖਾ।
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵੱਲੋਂ ਨੌਵਾਂ ਸਲਾਨਾ ‘ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ’ 20 ਫਰਵਰੀ, 2011 ਨੂੰ ਦੁਪਹਿਰ ਬਾਅਦ ਸਰੀ ਦੇ ਹਵੇਲੀ ਰੈਸਟੋਰੈਂਟ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਸਾਲ ਦੇ ਸਮਾਗਮ ਦਾ ਮੁੱਖ ਵਿਸ਼ਾ ਮਈ 2011 ਵਿਚ ਹੋਣ ਵਾਲੀ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਪੰਜਾਬੀ ਲਿਖਾਉਣ ਬਾਰੇ ਵਿਚਾਰ ਚਰਚਾ ਕਰਨਾ ਸੀ।

ਚਰਚਾ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਸੰਸਥਾ (ਪਲੀ) ਦੀ ਸਥਾਪਨਾ ਅਤੇ ਇਸ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਪਲੀ ਵੱਲੋਂ ਮੈਟਰੋ ਵੈਨਕੂਵਰ ਦੇ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਵਿਚ ਪੰਜਾਬੀ ਲਾਗੂ ਕਰਵਾਉਣ ਲਈ ਕੀਤੇ ਗਏ ਸਫ਼ਲ ਯਤਨਾਂ ਬਾਰੇ ਦੱਸਿਆ, ਜਿਸ ਕਰ ਕੇ ਅੱਜ ਇਨ੍ਹਾਂ ਸਕੂਲਾਂ ਵਿਚ ਪੰਜਾਬੀ ਪੜ੍ਹਾਈ ਜਾਂਦੀ ਹੈ।ਉਨ੍ਹਾਂ ਹੋਰਨਾਂ ਸਕੂਲਾਂ ਵਿਚ ਵੀ ਪੰਜਾਬੀ ਲਾਗੂ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਐਬਟਸਫੋਰਡ, ਕੈਲਗਰੀ ਅਤੇ ਟਰਾਂਟੋ ਵਿਚ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਮਾਰੇ ਜਾ ਰਹੇ ਹੰਭਲੇ ਬਾਰੇ ਵੀ ਉਨ੍ਹਾਂ ਗੱਲ ਕੀਤੀ।ਉਹਨਾਂ ਕੈਨੇਡਾ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਮਈ ਮਹੀਨੇ ਵਿਚ ਹੋਣ ਵਾਲੀ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਆਪਣੀ ਮਾਂ-ਬੋਲੀ ਪੰਜਾਬੀ ਹੀ ਲਿਖਵਾਉਣ। ਉਨ੍ਹਾਂ ਆਸ ਪ੍ਰਗਟਾਈ ਕਿ ਜੇ ਸਭ ਪੰਜਾਬੀਆਂ ਨੇ ਇਸ ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਈ ਤਾਂ ਕੈਨੇਡਾ ਵਿਚ ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਪੰਜਾਬੀ ਤੀਜੇ ਨੰਬਰ ‘ਤੇ ਆ ਜਾਵੇਗੀ।ਪਲੀ ਦੇ ਉਪ-ਪ੍ਰਧਾਨ ਸਾਧੂ ਬਿਨਿੰਗ ਨੇ ਕਿਹਾ ਕਿ ਉਂਝ ਤਾਂ ਕੋਈ ਕਿਸੇ ਨੂੰ ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਲਿਖਵਾਉਣ ਲਈ ਮਜਬੂਰ ਨਹੀਂ ਕਰ ਸਕਦਾ, ਪਰ ਪੰਜਾਬੀਆਂ ਨੂੰ ਇਸ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2006 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤਿੰਨ ਲੱਖ ਸਤਾਹਠ ਹਜ਼ਾਰ ਸੀ, ਜਦ ਕਿ ਅਸਲੀਅਤ ਵਿਚ ਪੰਜਾਬੀ ਬੋਲਣ ਵਾਲੇ ਇਸ ਤੋਂ ਜਿ਼ਆਦਾ ਹਨ। ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬੀ ਪਿਛੋਕੜ ਦੇ ਨਵੇਂ ਆਵਾਸੀ ਵੱਡੀ ਗਿਣਤੀ ਵਿਚ ਕੈਨੇਡਾ ਆਏ ਹਨ ਅਤੇ ਹੁਣ ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ ਸਹਿਜੇ ਹੀ ਸੱਤ ਲੱਖ ਤੋਂ ਵੱਧ ਹੋਵੇਗੀ। ਉਨ੍ਹਾਂ ਮਾਂ ਬੋਲੀ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਭਾਵੇਂ ਘਰ ਵਿਚ ਕੋਈ ਵੀ ਬੋਲੀ, ਬੋਲੀ ਜਾਂਦੀ ਹੋਵੇ ਪਰ ਮਾਂ ਬੋਲੀ ਉਹੋ ਹੁੰਦੀ ਹੈ ਜਿਹੜੀ ਬੱਚੇ ਦੀ ਮਾਂ ਦੀ ਬੋਲੀ ਹੁੰਦੀ ਹੈ।ਕੈਨੇਡਾ ਦਾ ਬਹੁ-ਸਭਿਆਚਾਰੀ ਸਮਾਜਿਕ ਢਾਂਚਾ ਹੋਣ ਕਰ ਕੇ ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ਵਿਚ ਬੋਲੀਆਂ ਜਾ ਰਹੀਆਂ ਸਾਰੀਆਂ ਬੋਲੀਆਂ ਨੂੰ ਕੈਨੇਡੀਅਨ ਬੋਲੀਆਂ ਦੇ ਬਰਾਬਰ ਮਾਨਤਾ ਮਿਲਣੀ ਚਾਹੀਦੀ ਹੈ।ਮਰਦਮਸ਼ੁਮਾਰੀ ਵਿਭਾਗ ਵੱਲੋਂ ਪੀਟਰ ਲਿਆਂਗ, ਅਸ਼ੋਕ ਮਾਥੁਰ ਅਤੇ ਸੋਨੀਆ ਭੁੱਲਰ ਉਚੇਚੇ ਤੌਰ ‘ਤੇ ਇਸ ਸਮਾਗਮ ਵਿਚ ਹਾਜ਼ਰ ਹੋਏ।ਪੀਟਰ ਲਿਆਂਗ ਨੇ ਅੰਗਰੇਜ਼ੀ, ਅਸ਼ੋਕ ਮਾਥੁਰ ਨੇ ਹਿੰਦੀ ਅਤੇ ਸੋਨੀਆ ਭੁੱਲਰ ਨੇ ਪੰਜਾਬੀ ਵਿਚ ਮਰਦਸ਼ੁਮਾਰੀ ਦੇ ਕਾਨੂੰਨੀ ਅਤੇ ਸਾਮਾਜਿਕ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ।ਉਨ੍ਹਾਂ ਕੰਪਿਊਟਰ ਪੇਸ਼ਕਾਰੀ ਰਾਹੀਂ ਮਰਦਮਸ਼ੁਮਾਰੀ ਦੇ ਫਾਰਮ ਅਤੇ ਉਨ੍ਹਾਂ ਵਿਚ ਪੁੱਛੇ ਜਾਣ ਵਾਲੇ ਸਵਾਲਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਗਿਣਤੀ ਨੂੰ ਹੀ ਸਕੂਲਾਂ, ਬਿਰਧ ਸੰਭਾਲ ਘਰਾਂ, ਬਾਲ ਸੰਭਾਲ ਘਰਾਂ, ਸਿਹਤ ਸੇਵਾਵਾਂ, ਪੁਲੀਸ ਸੇਵਾਵਾਂ ਅਤੇ ਅੱਗ ਬੁਝਾਊ ਸੇਵਾਵਾਂ ਆਦਿ ਨਾਲ ਸੰਬੰਧਿਤ ਸਮਾਜਿਕ ਭਲਾਈ ਯੋਜਨਾਵਾਂ ਬਣਾਉਣ ਲਈ ਆਧਾਰ ਬਣਾਇਆ ਜਾਂਦਾ ਹੈ।ਮਰਦਮਸ਼ੁਮਾਰੀ ਦੇ ਅੰਕੜੇ ਹੀ ਹਰ ਪ੍ਰਾਂਤ ਨੂੰ ਦਿੱਤੇ ਜਾਣ ਵਾਲੇ ਵਿਕਾਸ ਫੰਡ ਦੇ ਨਾਲ-ਨਾਲ ਸੂਬਾਈ ਲੈਜਿਸਲੇਚਰ ਅਤੇ ਕੇਂਦਰੀ ਪਾਰਲੀਮੈਂਟ ਲਈ ਚੁਣੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਤੈਅ ਕਰਦੇ ਹਨ।


ਯੂ.ਬੀ.ਸੀ. ਤੋਂ ਆਏ ਪ੍ਰੋ. ਐਨ. ਮਰਫੀ ਦੇ ਪੰਜਾਬੀ ਪੜ੍ਹ ਰਹੇ ਵਿਦਿਆਰਥੀਆਂ ਮਨਦੀਪ ਗੁਰਮ, ਹਰਪ ਖੇਲਾ, ਸੁਖਦੀਪ ਕੌਰ ਸਰਾਂ, ਕਮਲ ਸੇਖੋਂ ਅਤੇ ਕਿਰਨਦੀਪ ਕੌਰ ਕੰਦੋਲਾ ਨੇ ਪੰਜਾਬੀ ਸਾਹਿਤਕਾਰਾਂ ਸ੍ਰੀ ਗੁਰਚਰਨ ਰਾਮਪੁਰੀ, ਸਾਧੂ ਬਿਨਿੰਗ, ਹਰਜਿੰਦਰ ਸਿੰਘ ਥਿੰਦ, ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਦਲੀਪ ਸਿੰਘ ਆਦਿ ਨਾਲ ਕੀਤੀਆਂ ਗਈਆਂ ਇੰਟਰਵਿਊਆਂ ਦੇ ਅੰਸ਼ ਦਿਖਾਏ। ਉਨ੍ਹਾਂ  ਵੈਨਕੂਵਰ ਦੇ ਲੇਖਕਾਂ ਕੋਲੋਂ ਇਸ ਪ੍ਰੋਜੈਕਟ ਨੂੰ ਸਹਿਯੋਗ ਦੇਣ ਦੀ ਮੰਗ ਵੀ ਕੀਤੀ। ਉਹਨਾਂ ਦੇ ਇਸ ਕੰਮ ਤੋਂ ਸਾਬਤ ਹੋ ਰਿਹਾ ਸੀ ਕਿ ਅੱਜ ਯੂਨੀਵਰਸਿਟੀਆਂ ਵਿਚ ਵੀ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਕਿਸ ਤਰ੍ਹਾਂ ਦਾ ਯੋਗਦਾਨ ਪਾਇਆ ਜਾ ਰਿਹਾ ਹੈ।

ਓਮਨੀ ਟੀਵੀ ਦੀ ਹੋਸਟ ਬੀਬੀ ਤਰੰਨਮ ਥਿੰਦ ਨੇ ਦੱਸਿਆ ਕਿ ਉਹ ਮੁਕਤਸਰ ਦੇ ਇਕ ਪਿੰਡ ਵਿਚ ਜੰਮੀ ਅਤੇ ਚੰਡੀਗੜ੍ਹ ਜਿਹੇ ਸ਼ਹਿਰ ਵਿਚ ਰਹਿ ਕੇ ਮਾਪਿਆਂ ਦੀ ਯੋਗ ਅਗਵਾਈ ਕਾਰਣ ਪੰਜਾਬੀ ਨਾਲ ਪ੍ਰਨਾਈ ਰਹੀ।ਉਸ ਨੇ ਕਿਹਾ ਕਿ ਅੱਜ ਕੱਲ੍ਹ ਜਿੱਥੇ ਪੰਜਾਬੀ ਪਰਿਵਾਰਾਂ ਦੇ ਬੱਚੇ ਪੰਜਾਬੀ ਬੋਲਣਾ ਆਪਣੀ ਹੇਠੀ ਸਮਝਦੇ ਹਨ ਅਤੇ ਪੰਜਾਬੀ ਬੋਲਣ ਵਾਲਿਆਂ ਦਾ ਮਖੌਲ ਉਡਾਉਂਦੇ ਹਨ।ਉਹ ਪੰਜਾਬੀ ਬੋਲੀ ਕਰ ਕੇ ਹੀ ਟੀ.ਵੀ ਮੀਡੀਏ ਵਿਚ ਸਫ਼ਲਤਾ ਨਾਲ ਕੰਮ ਕਰ ਸਕਣ ਦੇ ਕਾਬਿਲ ਹੋਈ ਹੈ।ਰੇਡੀਓ ਰੈੱਡ ਐਫ.ਐਮ. ਦੀ ਹੋਸਟ ਮਨਜੀਤ ਕੌਰ ਕੰਗ ਨੇ ਰਵਿੰਦਰ ਨਾਥ ਟੈਗੋਰ ਵਲੋਂ ਅਦਾਕਾਰ ਬਲਰਾਜ ਸਾਹਨੀ ਨੂੰ ਮਾਂ ਬੋਲੀ ਵਿਚ ਲਿਖਣ ਦੀ ਪ੍ਰੇਰਨਾ ਦੇਣ ਦੀ ਉਦਾਹਰਨ ਰਾਹੀਂ ਮਾਂ ਬੋਲੀ ਦੀ ਮਹਾਨਤਾ ਪ੍ਰਤਿ ਵਿਦਵਾਨਾਂ ਦੀ ਸੋਚ ਬਾਰੇ ਦੱਸਿਆ। ਉਸ ਨੇ ਦੂਜੀ ਉਦਾਹਰਨ ਰਸੂਲ ਹਮਜ਼ਾਤੋਫ ਦੀ ਪ੍ਰਸਿੱਧ ਪੁਸਤਕ ‘ਮੇਰਾ ਦਾਗਸਤਾਨ’ ਵਿਚੋਂ ਦਿੰਦਿਆ ਦੱਸਿਆ ਕਿ ਕਿਵੇਂ ਆਪਣੇ ਬੱਚੇ ਦੇ ਅਵਾਰ ਬੋਲੀ ਵਿਚ ਨਾ ਗੱਲ ਕਰਨ ਕਰਕੇ ਮਾਂ ਆਪਣੇ ਬੱਚੇ ਨੂੰ ਮਰਿਆ ਸਮਝ ਕੇ ਮੂੰਹ ਉਪਰ ਕਾਲਾ ਪੱਲਾ ਲੈ ਲੈਂਦੀ ਹੈ।ਉਸ ਕਿਹਾ ਕਿ ਸਾਨੂੰ ਵੀ ਦੂਜਿਆਂ ਵਾਂਗ ਆਪਣੀ ਮਾਂ ਬੋਲੀ ਉਪਰ ਫਖ਼ਰ ਕਰਨਾ ਚਾਹੀਦਾ ਹੈ।ਐਮੀ ਤੂਰ ਨੇ ਹਰਭਜਨ ਮਾਨ ਦਾ ਗੀਤ ‘ਮੈਨੂੰ ਇਓਂ ਨਾ ਮਨੋ ਵਿਸਾਰ ਕਿ ਮੈਂ ਤੇਰੀ ਮਾਂ ਦੀ ਬੋਲੀ ਹਾਂ’ ਗਾ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਡਾ. ਮਨਜੀਤ ਸਿੰਘ ਰੰਧਾਵਾ ਅਤੇ ਭਵਨਦੀਪ ਸਿੰਘ ਨੇ ਵੀ ਪੰਜਾਬੀ ਬੋਲੀ ਦੀ ਕੈਨੇਡਾ ਵਿਚ ਤਰੱਕੀ ਅਤੇ ਮਰਦਮਸ਼ੁਮਾਰੀ ਵਿਚ ਪੰਜਾਬੀਆਂ ਨੂੰ ਮਾਂ ਬੋਲੀ ਪੰਜਾਬੀ ਲਿਖਵਾਉਣ ਲਈ ਆਪਣੇ ਵਿਚਾਰ ਪੇਸ਼ ਕੀਤੇ।ਦਸ ਕੁ ਸਾਲ ਦੀ ਨਿੱਕੀ ਬੱਚੀ, ਜਸਨੂਰ ਬਾਸੀ ਨੇ ਕਵਿਤਾ ਰਾਹੀਂ ਪੰਜਾਬੀ ਮਾਂ ਬੋਲੀ ਦੇ ਜਨਮ ਦਿਨ ਦੀ ਵਧਾਈ ਦਿੱਤੀ।ਸਰੀ ਸਕੂਲ ਦੇ ਟਰੱਸਟੀ ਜਨਾਬ ਇਜਾਜ਼ ਚੱਠਾ ਨੇ ਕਿਹਾ ਕਿ ਮਰਦਮ ਸ਼ੁਮਾਰੀ ਵਿਚ ਹਰ ਇਕ ਨੂੰ ਆਪਣੀ ਮਾਂ ਬੋਲੀ ਹੀ ਲਿਖਵਾਉਣੀ ਚਾਹੀਦੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਿਸ ਸਕੂਲ ਵਿਚ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ ਯੋਗ ਗਿਣਤੀ ਹੋਈ, ਉਨ੍ਹਾਂ ਸਕੂਲਾਂ ਵਿਚ ਉਹ ਪੰਜਾਬੀ ਪੜ੍ਹਾਉਣ ਲਈ ਆਪਣਾ ਪੂਰਾ ਯਤਨ ਕਰਨਗੇ। ਉਨ੍ਹਾਂ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਅੱਗੇ ਆਉਣ।ਕਵਾਂਟਲਿਨ ਪੌਲੀਟੈਕਨਿਕ ਯੂਨੀਵਰਿਸਿਟੀ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਸੁਰਜੀਤ ਪਾਤਰ ਦੀ ਮਸ਼ਹੂਰ ਕਵਿਤਾ ‘ਆਇਆ ਨੰਦ ਕਿਸ਼ੋਰ’ ਸੁਣਾਈ। ਉਸ ਨੇ ਇਸ ਕਵਿਤਾ ਰਾਹੀਂ ਸ਼ਾਇਰ ਦੀ ਸੋਚ ਪ੍ਰਗਟਾਉਂਦਿਆਂ ਦੱਸਿਆਂ ਕਿ ਭਾਸ਼ਾ ਕਿਵੇਂ ਰੋਜ਼ੀ-ਰੋਟੀ ਦਾ ਸਾਧਨ ਬਣਦੀ ਹੈ ਅਤੇ ਕਿਵੇਂ ਮਨੁੱਖ ਆਪਣੀਆਂ ਲਾਲਸਾਵਾਂ ਖਾਤਰ ਆਪਣੀ ਮਾਂ ਬੋਲੀ ਨੂੰ ਤਿਆਗ ਦਿੰਦਾ ਹੈ।ਰੇਡੀਓ ਸ਼ੇਰ-ਏ-ਪੰਜਾਬ ਦੇ ਹੋਸਟ ਗੁਰਵਿੰਦਰ ਸਿੰਘ ਧਾਲੀਵਾਲ ਨੇ 21 ਫਰਵਰੀ 1952 ਨੂੰ ਆਪਣੀ ਮਾਂ ਬੋਲੀ ਖਾਤਰ ਸ਼ਹੀਦ ਹੋਏ ਬੰਗਲਾਦੇਸ਼ੀ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਯੂ.ਐੱਨ.ਓ. ਨੇ 21 ਫਰਵਰੀ ਦਾ ਦਿਨ ਮਾਂ ਬੋਲੀ ਨੂੰ ਸਮਰਪਤ ਕੀਤਾ। ਉਹਨਾਂ ਮਾਂ ਬੋਲੀ ਲਈ ਕੀਤੇ ਜਾ ਰਹੇ ਇਸ ਸਮਾਗਮ ਵਿਚ ਪੰਜਾਬੀ ਰਾਜਨੀਤੀਵਾਨਾਂ ਦੇ ਨਾ ਆਉਣ ਦਾ ਵਿਅੰਗਮਈ ਅੰਦਾਜ਼ ਵਿਚ ਗਿਲਾ ਪ੍ਰਗਟਾਂਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਨਾਲੋਂ ਆਪਣੇ ਲੀਡਰ ਦੀ ਚੋਣ ਲਈ ਭੱਜ ਨੱਠ ਕਰਨ ਦੀ ਬਹੁਤੀ ਲੋੜ ਹੈ। ਉਨ੍ਹਾਂ ਨੂੰ ਆਪਣੇ ਕਾਰਡਾਂ ਉਪਰ ਅੰਗਰੇਜ਼ੀ ਦੇ ਨਾਲ ਪੰਜਾਬੀ ਵਿਚ ਲਿਖਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਆਪਣੇ ਜਜ਼ਬਾਤੀ ਭਾਸ਼ਣ ਵਿਚ ਪੰਜਾਬ ਸਰਕਾਰ, ਪੰਜਾਬ  ਯੂਨੀਵਰਸਿਟੀ ਅਤੇ ਗੁਰੂਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬੀ ਵਿਚ ਵੈੱਬਸਾਈਟ ਨਾ ਬਣਾਉਣ ਉਪਰ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਪੰਜਾਬੀ ਬੋਲੀ ਨਾਲ ਸਬੰਧਤ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੈਬਸਾਈਟਾਂ ਪੰਜਾਬੀ ਵਿਚ ਵੀ ਬਣਾਉਣ।ਤਰਕਸ਼ੀਲ ਸੁਸਾਇਟੀ ਦੀ ਕਾਰਕੁੰਨ ਬੀਬੀ ਪਰਮਿੰਦਰ ਸਵੈਚ ਨੇ ਕਿਹਾ ਕਿ ਬੱਚਿਆਂ ਨੂੰ ਨਾਟਕਾਂ ਦੇ ਜ਼ਰਿਏ ਪੰਜਾਬੀ ਬੋਲੀ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਨੇ ਐਬਟਸਫੋਰਡ ਵਿਖੇ ਇਸਤਰੀ ਦਿਵਸ ਨੂੰ ਸਮਰਪਤ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਬਿੰਦਰ ਰੋਡੇ ਨੇ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਸੰਬੋਧਿਤ ਪਰਵਾਰ ਦੇ ਜਜ਼ਬਾਤਾਂ ਨੂੰ ਪ੍ਰਗਟਾਉਂਦਾ ਗੀਤ ਸੁਣਾਇਆ।

ਸਮਾਗਮ ਦੇ ਅੰਤ ਵਿਚ ਯੂ.ਬੀ.ਸੀ. ਦੇ ਨਵੀਨ ਗਿਰਨ ਨੇ ਕੈਨੇਡਾ ਵਿਚ ਭੰਗੜੇ ਬਾਰੇ ਤਿਆਰ ਕੀਤੀ ਜਾ ਰਹੀ ਇਕ ਨੁਮਾਇਸ਼ ਦੀ ਝਲਕ ਕੰਪਿਊਟਰ ਰਾਹੀਂ ਦਿਖਾਈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਨਾਚ ਬਾਰੇ ਪ੍ਰੌਫੈਸ਼ਨਲ ਪੱਧਰ ‘ਤੇ ਤਿਆਰ ਕੀਤੀ ਗਈ ਇਹ ਆਪਣੀ ਕਿਸਮ ਦੀ ਪਹਿਲੀ ਨੁਮਾਇਸ਼ ਹੋਵੇਗੀ। ਉਨ੍ਹਾਂ ਇਸ ਨੁਮਾਂਇਸ਼ ਬਾਰੇ ਇਕ ਫ਼ਿਲਮ ਵੀ ਦਿਖਾਈ।ਅਖੀਰ ਵਿਚ ਬਲਵੰਤ ਸਿੰਘ ਸੰਘੇੜਾ ਅਤੇ ਸਾਧੂ ਬਿਨਿੰਗ ਵੱਲੋਂ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸੰਘੇੜਾ ਨੇ ਪਲੀ ਦੀ ਕਾਰਜਕਾਰਨੀ ਦੇ ਮੈਂਬਰਾਂ ਦਾ ਸੰਸਥਾ ਲਈ ਪਾਏ ਯੋਗਦਾਨ, ਹਵੇਲੀ ਰੈਸਟੋਰੈਂਟ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਸਮਾਗਮ ਲਈ ਜਗ੍ਹਾ ਮੁਹੱਈਆ ਕਰਵਾਉਣ ਲਈ ਅਤੇ ਮੀਡੀਏ ਵੱਲੋਂ ਮਿਲੇ ਸਹਿਯੋਗ ਲਈ ਵੀ ਧੰਨਵਾਦ ਕੀਤਾ।ਗੁਰਲੀਨ ਭਾਟੀਆ ਨੇ ਪ੍ਰੋਗਰਾਮ ਦਾ ਮੰਚ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ। ਸਮੁੱਚੇ ਸਮਾਗਮ ਨੂੰ ਪੇਸ਼ ਕਰਨ ਵਿਚ ਪਲੀ ਦੇ ਸਰਗਮਰ ਮੈਂਬਰਾਂ ਪਾਲ ਬਿਨਿੰਗ, ਰਣਬੀਰ ਜੌਹਲ, ਪਰਵਿੰਦਰ ਧਾਰੀਵਾਲ, ਰਮਿੰਦਰ ਸਿੰਘ ਧਾਮੀ, ਰਾਜਿੰਦਰ ਸਿੰਘ ਪੰਧੇਰ, ਅਮਨ ਤੱਗੜ, ਸੁੱਖੀ ਬੈਂਸ ਅਤੇ ਕੁਲਦੀਪ ਬਾਸੀ ਨੇ ਆਪਣਾ ਪੂਰਾ ਯੋਗਦਾਨ ਪਾਇਆ।
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger