ਸਰਤਾਜ ! ਇਹ ਸਵਾਲ ਧੁਖ਼ਦੇ ਰਹਿਣਗੇ

Written By Editor on Tuesday, August 17, 2010 | 01:36

ਇਹ ਲੇਖ 30 ਮਾਰਚ 2010 ਨੂੰ ਲਿਖਿਆ ਸੀ, ਜਿਸ ਵੇਲੇ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਵਿਚਾਲੇ ਸਾਹਿਤੱਕ 'ਚੋਰੀ' ਦੇ ਮਸਲੇ ਨੂੰ ਲੈ ਕੇ ਆਪਸੀ ਸਹਿਮਤੀ ਨਾਲ ਨਜਿੱਠਣ ਦੀ ਮੁੱਢਲੀ ਕੌਸ਼ਿਸ਼ ਧੁੰਦਲੀ ਪੈ ਰਹੀ ਸੀ। ਸਰਤਾਜ ਕੈਨੇਡਾ ਜਾਣ ਤੋਂ ਪਹਿਲੀ ਰਾਤ ਜੱਜ ਹੁਰਾਂ ਨੂੰ ਵਿਦੇਸ਼ ਫੇਰੀ ਤੋਂ ਪਰਤ ਕੇ ਮਸਲਾ ਸਰਬ-ਸੰਮਤੀ ਨਾਲ ਹੱਲ ਕਰਨ ਦਾ 'ਲਾਰਾ' ਲਾ ਕੇ ਜਹਾਜ਼ ਚੜ੍ਹ ਗਿਆ ਅਤੇ ਮਸਲਾ ਅੱਜ ਤੱਕ ਲਟਕਦਾ ਆ ਰਿਹਾ ਹੈ। ਹੁਣ ਇਹ ਕਾਨੂੰਨੀ ਰਾਹ 'ਤੇ ਤੁਰ ਪਿਆ ਹੈ। ਸਰਤਾਜ ਦੇ ਵਿਦੇਸ਼ੀ ਦੌਰੇ ਜਾਣ ਵੇਲੇ ਵੀ ਮੈਂ ਇਹੀ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਇਹ ਬੱਸ ਮਸਲੇ ਨੂੰ ਟਾਲਣ ਵਾਲਾ ਬਹਾਨਾ ਹੋ ਸਕਦਾ ਹੈ, ਤਾਂ ਜੋ ਵਿਦੇਸ਼ੀ ਫੇਰੀ ਦੌਰਾਨ ਉਸ ਨੂੰ ਵਿਰੋਧਾਂ/ਸਵਾਲਾਂ ਦਾ ਸਾਹਮਣਾ ਨਾ ਕਰਨਾ ਪਵੇ, ਪਰ ਧੁਖ਼ਦੇ ਸਵਾਲ ਕਦੇ ਪਿੱਛਾ ਨਹੀਂ ਛੱਡਦੇ ਹੁੰਦੇ। ਸੋ, ਆਪਣੀ 15 ਅਗਸਤ 2010 ਦੀ ਲੁਧਿਆਣਾ ਵਾਲੀ ਮਹਿਫ਼ਿਲ ਤੋਂ ਪਹਿਲਾਂ ਵੀ ਉਸ ਨੂੰ ਆਪਣੀ ਸਫ਼ਾਈ ਵਾਲੇ ਪ੍ਰੈਸ ਨੋਟ ਜਾਰੀ ਕਰਨੇ ਪਏ। ਇਹ ਪੂਰਾ ਘਟਨਾਕ੍ਰਮ ਨਾਟਕੀ ਸੀ ਅਤੇ ਲੇਖ ਲਿਖਦਿਆਂ ਇਸ ਵਿਚ ਨਾਟਕੀਯਤਾ ਆਉਣੀ ਲਾਜ਼ਮੀ ਸੀ। ਸੋ ਇਹ ਲੇਖ ਵਰਤਮਾਨ ਅਤੇ ਫਲੈਸ਼ਬੈਕ (ਅਤੀਤ ) ਵਿਚ ਸਫ਼ਰ ਕਰਦਿਆਂ ਹੀ ਲਿਖਿਆ ਗਿਆ ਹੈ। ਜੋ ਸਵਾਲ ਓਦੋਂ ਸੁਲਗ ਰਹੇ ਸਨ, ਉਹੀ ਸਵਾਲ ਅੱਜ ਵੀ ਧੁਖ਼ ਰਹੇ ਹਨ। ਜਵਾਬ ਮਿਲਣ ਤੱਕ ਧੁਖ਼ਦੇ ਰਹਿਣਗੇ। ਲੇਖ ਪੜ੍ਹਨਾ ਅਤੇ ਆਪਣੇ ਵਿਚਾਰ ਦੇਣਾ।

ਸੀਨ ਪਹਿਲਾ: ਵਰਤਮਾਨ
ਸਰਤਾਜ ਬਾਰੇ ਇਹ ਲਿਖਣਾ ਪਏਗਾ ਕਦੇ ਨਹੀਂ ਸੀ ਸੋਚਿਆ। ਅੱਜ ਤੋਂ ਲਗਭਗ ਅੱਠ ਮਹੀਨੇ ਪਹਿਲਾਂ ਮੈਂ ਸਰਤਾਜ ਬਾਰੇ ਜਾਣੂ ਹੋਇਆ ਅਤੇ ਉਸ ਨਾਲ ਪਹਿਲੀ ਮੁਲਾਕਾਤ ਉਸ ਦੇ ਇੰਟਰਨੈੱਟ ਵਾਲੇ ਫੇਸਬੁੱਕ ਪ੍ਰੋਫਾਈਲ ਰਾਹੀਂ ਹੋਈ। ਜਿਸ ਵਿਚ ਉਸ ਦੇ ਜ਼ਿੰਦਗੀ ਦੇ ਸਫ਼ਰ ਅਤੇ ਗਾਇਕੀ ਦੇ ਰੰਗ ਬਾਰੇ ਪਤਾ ਲੱਗਿਆ। ਉਦੋਂ ਤੱਕ ਮੈਂ ਉਸ ਦਾ ਸ਼ਾਇਦ ਇਕ ਅੱਧਾ ਹੀ ਗੀਤ ਸੁਣਿਆ ਸੀ, ਪਰ ਉਸ ਦਾ ਪਹਿਰਾਵਾਂ ਮੈਨੂੰ ਦਿਲ-ਖਿੱਚਵਾਂ ਲੱਗਿਆ।
ਬੁੱਲੇ ਸ਼ਾਹ ਦਾ ਮੁਰੀਦ ਹੋਣ ਕਰ ਕੇ ਮੈਨੂੰ ਇਹ ਪਹਿਰਾਵਾ ਆਪਣੇ ਵੱਲ ਖਿੱਚਦਾ ਹੈ, ਇਸ ਕਰ ਕੇ ਮੈਂ ਸਰਤਾਜ ਨੂੰ ਚੰਗੀ ਤਰ੍ਹਾਂ ਸੁਣਿਆ, ਉਸਦੀ ਗਾਇਕੀ ਵਿਚ ਇਕ ਸੰਜੀਦਗੀ ਨਜ਼ਰ ਆਈ।
ਸ਼ਾਇਰੀ ਮੈਨੂੰ ਕੁਝ ਅਜੀਬ ਲੱਗੀ, ਕਈ ਵਾਰ ਤਾਂ ਸਮਝ ਨਹੀਂ ਆਉਂਦਾ ਕਿ ਉਹ ਕਿਹੜੀ ਗੱਲ ਕਿਸ ਲਈ ਕਹਿ ਰਿਹਾ ਹੈ। ਹੋ ਸਕਦਾ ਹੈ ਇਹ ਵਿਚਾਰਾਂ ਦੇ ਵੱਖਰੇਵੇਂ ਕਾਰਣ ਹੋਵੇ। ਖੈਰ ਮੈਨੂੰ ਜਿਸ ਗੱਲ ਨਾਲ ਸਭ ਤੋਂ ਵੱਡਾ ਧੱਕਾ ਲਗਿਆ, ਉਹ ਉਸ ਦੀ ਫੋਟੋ ਹੇਠਾਂ ਲਿਖਿਆਂ ਸਤਰਾਂ ਸਨ, ਜਿਨ੍ਹਾਂ ਨੇ ਉਸ ਦੇ ਇੰਟਰਨੈੱਟੀ ਸਫ਼ੇ ਤੇ ਮੇਰੀ ਦੋ ਕੁ ਪਲ ਦੀ ਫੇਰੀ ਨੂੰ ਘੰਟਿਆਂਬੱਧੀ ਲੰਬਾ ਕਰ ਦਿੱਤਾ। ਪਹਿਲਾਂ ਉਹ ਸਤਰਾਂ ਤੁਹਾਡੇ ਮੁਖ਼ਾਤਿਬ-

ਸਤਿੰਦਰ ਸਰਤਾਜ-ਨਵੇਂ ਦੌਰ ਦਾ ਵਾਰਸ ਸ਼ਾਹ

ਇਹ ਪੜ੍ਹਦਿਆਂ ਹੀ ਮੈਨੂੰ ਘੁਮੇਰ ਜਿਹੀ ਆ ਗਈ, ਭਲਾ ਇਹ ਕਿਹੜਾ ਜੰਮ ਪਿਆ, ਜਿਹੜਾ ਹਾਲੇ ਦੋ ਕਦਮ ਤੁਰਿਆ ਨਹੀਂ ਤੇ ਖੁਦ ਨੂੰ ਵਾਰਸ ਸ਼ਾਹ ਸਦਾਉਣ ਲੱਗ ਪਿਆ। ਇਹ ਪਹਿਲੀ ਗੱਲ੍ਹ ਮੇਰੇ ਜ਼ਹਿਨ ਵਿਚ ਖੰਜਰ ਵਾਂਗ ਖੁਭੀ। ਚੰਗੀ ਤਰ੍ਹਾਂ ਖੋਜ-ਪੜ੍ਹਤਾਲ ਕਰਨ ਤੋਂ ਬਾਅਦ ਮੈਨੁੰ ਅਹਿਸਾਸ ਹੋਇਆ ਕਿ ਇਹ ਸਰਤਾਜ ਦੇ ਫੈਨਸ/ਚਾਹੁਣ ਵਾਲਿਆਂ ਵੱਲੋਂ ਬਣਾਇਆ ਗਿਆ, ਉਸਦਾ ਸਫ਼ਾ ਹੈ ਜਿਸ ਨੂੰ ਸਰਤਾਜ ਦੇ ਨਿੱਜੀ ਸਫ਼ੇ ਵਾਂਗ ਪੇਸ਼ ਕੀਤਾ ਗਿਆ ਹੈ। ਉਸੇ ਦੌਰਾਨ ਮੈਂ ਉਸਦੇ ਚਾਹੁਣ ਵਾਲਿਆਂ ਦੇ ਵਿਚਾਰ ਸਾਹ ਰੋਕ ਕੇ ਪੜ੍ਹਦਾ ਰਿਹਾ, ਜੋ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਕਿ ਸਰਤਾਜ ਪੰਜਾਬੀ ਗਾਇਕੀ ਦਾ ਤਾਰਨਹਾਰ ਪੈਦਾ ਹੋਇਆ ਹੈ, ਉਹ ਵਾਰਸ ਸ਼ਾਹ ਦਾ ਜਿਵੇਂ ‘ਪੁਨਰ-ਜਨਮ’ ਹੈ। ਉਸੇ ਵੇਲੇ ਮੈਂ ਸਰਤਾਜ ਦੇ ਚਾਹੁਣ ਵਾਲਿਆਂ ਵੱਲੋ ਬਣਾਏ ਸਫ਼ੇ ਉੱਪਰ ਹੀ ਉਨ੍ਹਾਂ ਨੂੰ ਸੁਚੇਤ ਕਰਦਾ ਹੋਇਆ ਇਕ ਲੇਖ ਲਿਖਿਆ ਜਾਂ ਕਹਿ ਲਓ ਆਪਣੇ ਵਿਚਾਰ ਪ੍ਰਗਟਾਏ-

ਸੀਨ ਦੂਸਰਾ: ਫਲੈਸ਼ ਬੈਕ
ਹਾਲੇ ਤੈਅ ਕਰਨਾ ਹੈ ਲੰਬਾ ਪੈਂਡਾ
ਫੇਸਬੁੱਕ ਇੰਟਰਨੈਟ ਤੇ (ਅਗਸਤ 2009)। ਦੋਸਤੋ, ਮੈਨੂੰ ਸਰਤਾਜ ਬਾਰੇ ਤੁਹਾਡੇ ਸਭ ਦੇ ਲਿਖੇ ਵਿਚਾਰ ਪੜ੍ਹ ਕੇ ਖੁਸ਼ੀ ਹੋਈ। ਨਾ ਸਿਰਫ ਸਰਤਾਜ ਕਈ ਸਾਲਾਂ ਬਾਦ ਪੰਜਾਬੀ ਸੰਗੀਤ ਜਗਤ ਵਿਚ ਹਵਾ ਦੇ ਤਾਜ਼ਾ ਬੁੱਲੇ ਵਾਂਗ ਆਇਆ ਹੈ, ਬਲਕਿ ਇਹ ਚੰਗਾ ਸੁਣਨ ਵਾਲੇ ਸੂਝਵਾਨ ਸਰੋਤਿਆਂ ਦਾ ਵੀ ਪੁਨਰ-ਜਨਮ ਹੈ। ਕੁਝ ਗੱਲਾਂ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ ਹਾਂ-

ਇਕ ਬੀਬੀ ਨੇ ਸਰਤਾਜ ਦੇ ਵਿਵਹਾਰ ਅਤੇ ਬਾਣੇ ਬਾਰੇ ਵਿਚਾਰ ਦਿੱਤੇ ਨੇ, ਭਾਵੇਂ ਤੁਸੀ ਸਹਿਮਤ ਨਾ ਵੀ ਹੋਵੋ, ਪਰ ਤੁਸੀ ਇਨਕਾਰ ਵੀ ਨਹੀਂ ਕਰ ਸਕਦੇ ਕਿ ਹਰ ਚੀਜ਼ ਵਕਤ ਅਤੇ ਤਜਰੁਬੇ ਨਾਲ ਹੀ ਪ੍ਰੋੜ ਹੁੰਦੀ ਹੈ। ਕਿਸੇ ਵਿਸ਼ੇ ਵਿਚ ਪੜ੍ਹਾਈ ਕਰ ਲੈਣਾ ਜਾਂ ਪੀ.ਐਚ.ਡੀ ਕਰ ਲੈਣਾ ਇਕ ਵੱਖਰੀ ਗੱਲ ਹੈ  ਅਤੇ ਕੋਈ ਮੁਕਾਮ ਹਾਸਲ ਕਰਨਾ ਹੋਰ ਗੱਲ ਹੈ। ਇਹ ਸਰਤਾਜ ਦੀ ਚੰਗੀ ਸ਼ੁਰੂਆਤ ਹੈ, ਪਰ ਹਾਲੇ ਬਹੁਤ ਲੰਬਾ ਪੈਂਡਾ ਤੈਅ ਕਰਨ ਵਾਲਾ ਹੈ। ਇਹ ਗੱਲ ਸਹੀ ਹੈ ਕਿ ਉਸ ਦੇ ਗੀਤਾਂ ਦੇ ਬੋਲ ਦਿਲ ਛੋਂਹ ਲੈਂਦੇ ਨੇ ਅਤੇ ਆਵਾਜ਼ ਵਿਚ ਵੀ ਇਹ ਕਾਬਲਿਅਤ ਹੈ, ਪਰ ਇਹ ਭਵਿੱਖ ਹੀ ਦੱਸੇਗਾ ਕਿ ਉਹ ਇਸ ਰੁਤਬੇ ਨੂੰ ਕਿਵੇਂ ਸੰਭਾਲਦਾ ਹੈ, ਕਿਉਂ ਕਿ ਗਲੈਮਰ ਦੀ ਚਕਾਚੌਂਧ, ਸ਼ੋਹਰਤ ਅਤੇ ਬਾਜਾਰੂਪੁਣਾ ਸੁੱਚੀ ਰੂਹ ਨੂੰ ਵੀ ਆਪਣੇ ਰੰਗ ਵਿਚ ਐਸਾ ਰੰਗਦੇ ਨੇ ਕਿ ਉਹ ਬੰਦਾ ਚਾਹੁੰਦੇ ਹੋਏ ਵੀ ਖੁਦ ਨੂੰ ਸਹਿਜ ਨਹੀਂ ਰੱਖ ਪਾਉਂਦਾ। ਤੁਸੀ ਉਸ ਦੀ ਸ਼ਾਇਰੀ ਨੂੰ ਸਿਰਫ ਇਸ ਲਈ ਪਸੰਦ ਕਰ ਰਹੇ ਹੋ, ਕਿਉਂ ਕਿ ਇਹ ਵੱਖ-ਵੱਖ ਸੰਚਾਰ ਮਾਧਿਆਮਾਂ (ਇੰਟਰਨੈੱਟ, ਸੀਡੀ, ਡੀਵੀਡੀ, ਸਟੇਜ ਆਦਿ) ਰਾਹੀਂ ਤੁਹਾਡੇ ਤੱਕ ਪਹੁੰਚੀ ਹੈ, ਜਦਕਿ ਪੰਜਾਬ ਦੀ ਕੁੱਖ ਵਿਚ ਅਜਿਹੀਆਂ ਅਨੇਕਾਂ ਹੀ ਅਮੁੱਲੀਆਂ ਰਚਨਾਵਾਂ ਪਈਆਂ ਹਨ, ਜਿਨ੍ਹਾਂ ਦੀ ਖੋਜ ਕਰ ਕੇ ਤੁਸੀ ਕਦੇ ਪੜ੍ਹਨ/ਸੁਣਨ ਦੀ ਖੇਚਲ ਹੀ ਨਹੀਂ ਕੀਤੀ। ਉਹ ਸ਼ਾਇਰ ਅਤੇ ਗਾਇਕ ਤੁਹਾਡੇ ਤੱਕ ਆਪ ਨਹੀਂ ਪੁੱਜ ਸਕਦੇ, ਕਿਉਂ ਕਿ ਉਨ੍ਹਾਂ ਕੋਲ ਆਪਣੀ ਕਲਾ ਨੂੰ ਦੁਨੀਆਂ ਅੱੇਗੇ ਦਿਖਾਉਣ ਦੇ ਲਈ ਸਾਧਨ ਨਹੀਂ ਹਨ। ਹੋਰਾਂ ਕਲਾਕਾਰਾਂ ਨਾਲ ਤੁਲਨਾ ਕਰਦੇ ਹੋਏ ਬਹੁਤਿਆਂ ਨੇ ਸਰਤਾਜ ਨੂੰ ਹੁਣ ਤੱਕ ਦਾ ਸਭ ਤੋਂ ਬੇਹਤਰੀਨ ਕਲਾਕਾਰ ਗਰਦਾਨਿਆ ਹੈ, ਫੇਰ ਅੱਜ ਤੱਕ ਇੰਨੇ ਕਲਾਕਾਰ ਵੱਡੇ ਸਿਤਾਰੇ, ਤੁਹਾਡੇ ਦਿਲਾਂ ਦੇ ਸਰਤਾਜ ਬਣੇ ਹਨ, ਉਨ੍ਹਾਂ ਨੂੰ ਸਟਾਰ ਕਿਨ੍ਹਾਂ ਨੇ ਬਣਾਇਆ ਫੇਰ।ਉਨ੍ਹਾਂ ਦੇ ਗੀਤ ਕਿਵੇਂ ਦੁਨੀਆਂ ਭਰ ਦੀਆਂ ਹਿੱਟ ਗੀਤਾਂ ਦੀਆਂ ਸੂਚੀਆਂ ਵਿਚ ਟੀਸੀ ਤੇ ਚੜ੍ਹੇ ਰਹੇ। ਜੇ ਉਨ੍ਹਾਂ ਲੋਕਾਂ ਨੂੰ ਤੁਸੀ ਪਸੰਦ ਹੀ ਨਹੀਂ ਕਰ ਦੇ ਤਾਂ ਅੱਜ ਤੱਕ ਉਨ੍ਹਾਂ ਦਾ ਤੋਰੀ-ਫੁਲਕਾ ਕਿਵੇਂ ਚੱਲ ਰਿਹਾ ਹੈ।ਸੋ, ਕਿਰਪਾ ਕਰ ਕੇ ਅੱਖਾਂ ਤੇ ਪੱਟੀ ਬੰਨ੍ਹ ਕੇ ਕਿਸੇ ਦੀ ਬੱਲੇ-ਬੱਲੇ ਇਸ ਲਈ ਨਾ ਕਰੀ ਜਾਓ, ਕਿ ਕੋਈ ਹੋਰ ਕਰ ਰਿਹਾ ਹੈ, ਤਾਂ ਤੁਸੀ ਵੀ ਕਰਨੀ ਹੈ। ਹਾਲੇ ਵੀ ਪੰਜਾਬ ਵਿਚ ਕਈ ਅਜਿਹੇ ਕਲਾਕਾਰ ਨੇ ਜੋ ਬੇਹਤਰੀਨ ਸ਼ਾਇਰੀ/ਗੀਤ ਆਪਣੀ ਸੁਰੀਲੀ ਆਵਾਜ਼ ਵਿਚ ਗਾ ਰਹੇ ਹਨ।

ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਦੀ ਗਾਇਕੀ ਤੋਂ ਜਿਆਦਾ ਉਸ ਦੇ ਪਹਿਰਾਵੇ ਕਰਕੇ ਸਰੋਤੇ ੳੇਸ ਨੂੰ ਗਾਇਕੀ ਦੇ ਰੱਬ ਦਾ ਦਰਜਾ ਦੇ ਰਹੇ ਨੇ। ਭਲਾ ਕੋਈ ਦੱਸੇ, ਜੇ ਕੋਈ ਸ਼ਾਹਰੁਖ ਖਾਨ ਵਰਗੇ ਕਪੜੇ ਪਾ ਲਵੇ, ਉਹਦੇ ਵਾਂਗੂ ਚੱਲਣ ਅਤੇ ਬੋਲਣ ਲੱਗ ਜਾਵੇ ਤਾਂ ਕੀ ਕੋਈ ਸ਼ਾਹਰੁਖ ਖਾਨ ਬਣ ਜਾਵੇਗਾ? ਸੋ, ਮਿੱਤਰੋ ਇਹ ਪੈਂਡਾ ਬਹੁਤ ਲੰਬਾ ਹੈ, ਜਿਸ ਉੱਤੇ ਸਰਤਾਜ ਨੇ ਲੰਬਾ ਸਫਰ ਤੈਅ ਕਰਨਾ ਹੈ। ਹੱਥ ਬੰਨ੍ਹ ਕੇ ਬੇਨਤੀ ਹੈ ਕਿ ਬੰਦੇ ਦੀ ਖੱਲ ਵਿਚ ਬੰਦਾ ਹੀ ਰਹਿਣ ਦਿਓ, ਉੇਸ ਨੂੰ ਰਬ ਨਾ ਬਣਾਓ।

ਸੀਨ ਤੀਸਰਾ: ਵਰਤਮਾਨ
ਇਹ ਗੱਲ ਲਿਖਣ ਕਰ ਕੇ ਸਰਤਾਜ ਨੂੰ ਚਾਹੁਣ ਵਾਲੇ ਮੇਰੇ ਕੁਝ ਦੋਸਤ ਕਹਾਉਂਦੇ ਲੋਕਾਂ ਨੇ ਤਾਅਨਾ ਮਾਰਨ ਵਾਲੇ ਅੰਦਾਜ਼ ਵਿਚ ਵੀ ਗੱਲ ਕਰਨ ਦੀ ਕੌਸ਼ਿਸ ਕੀਤੀ। ਖੈਰ ਗੱਲ ਆਈ ਗਈ ਹੋ ਗਈ। ਪਰ, ਪਿਛਲੇ ਦਿਨੀਂ, ਸਰਤਾਜ ਦੀ ਸ਼ੌਹਰਤ ਦਾ ਵਾਹਨ ਬਣਨ ਵਾਲਾ ਇੰਟਰਨੈੱਟ ਹੀ ਜਦੋਂ ਉਸ ਦੇ ਪਾਜ ਉਧੇੜਨ ਵਾਲਾ ਵੱਡੇ ਦੰਦਾ ਵਾਲਾ ਦੈਂਤ ਬਣ ਕੇ ਸਾਹਮਣੇ ਆਇਆ, ਤਾਂ ਮੈਨੂੰ ਇਕ ਵਾਰ ਫੇਰ ਘੁਮੇਰ ਆਈ, ਇਕ ਵੱਡਾ ਚੱਕਰ, ਮੰਜੇ ਤੇ ਪਿਆ, ਸਰਾਹਣੇ ਪਏ ਲੈਪਟਾਪ ਤੇ ਮੈਂ ਕਈ ਵਾਰ ਪੜ੍ਹਿਆ, ਇਹ ਸਤਰਾਂ ਮੇਰੇ ਦਿਮਾਗ ਵਿਚ ਦੀਵਾਲੀ ਤੇ ਚੰਗਿਆੜੇ ਛੱਡਦੀ ਚੱਕਰੀ ਵਾਂਗ ਘੁੰਮਦੀਆਂ ਗਈਆਂ-

ਸਾਈਂ ਵੇ ਗੁਨਾਹਾਂ ਤੋਂ ਬਚਾਈਂ (ਤਰਲੋਕ ਸਿੰਘ ਜੱਜ ਦੀ ਇੰਟਰਨੈੱਟ/ਫੇਸਬੁੱਕ ਤੇ ਲਿਖੀ ਇਬਾਰਤ ਦੇ ਅੰਸ਼)
ਤਰਲੋਕ ਸਿੰਘ ਜੱਜ ਦੀ ਗਜ਼ਲ ਦੇ ਸ਼ਿਅਰ ਸਰਤਾਜ ਨੇ ਕਾਂਟ-ਛਾਂਟ ਕਰਕੇ ਬਿਨ੍ਹਾਂ ਨਾਮ ਲਏ, ਬਿਨ੍ਹਾਂ ਪੁੱਛੇ-ਦੱਸੇ ਦੁਨੀਆ ਭਰ ਵਿਚ ਮਹਿਫ਼ਿਲ-ਏ-ਸਰਤਾਜ ਦੇ ਨਾਂ ਤੇ ਹੁੱਬ ਕੇ ਗਾਏ ਹਨ।

ਫੇਰ ਮੈਨੂੰ ਪਤਾ ਲੱਗਾ, ਉਹਦੇ ਕੈਨੇਡਾ ਵਾਲੇ ਪ੍ਰਮੋਟਰ ਨੇ ਇਹ ਗੀਤ (ਮਨ ਕੁੰਤੋ ਮੌਲਾ) ਆਪਣੀ ਕੰਪਨੀ ਵੱਲੋਂ ਇਕ ਸੀਡੀ ਵਿਚ ਵੀ ਰਿਲੀਜ਼ ਕਰ ਦਿੱਤਾ, ਜਿਸ ਉੱਪਰ ਗਾਇਕ, ਸੰਗੀਤਕਾਰ ਅਤੇ ਗੀਤਕਾਰ ਵਜੋਂ ਇਕ ਹੀ ਨਾਮ ਸੀ ‘ਸਤਿੰਦਰ ਸਰਤਾਜ’। ਗੀਤ ਨੂੰ ਧਿਆਨ ਨਾਲ ਸੁਣਨ ਮਗਰੋਂ ਪਤਾ ਲੱਗਾ ਕਿ ਅਮੀਰ ਖੁਸਰੋ ਦੀ ਸੂਫੀਆਨਾ ਕਲਾਸਿਕ ਰਚਨਾ ਦੀ ਸਥਾਈ ਲਾ ਕੇ ਸਰਤਾਜ ਨੇ ਅੰਤਰਿਆਂ ਵਿਚ ਕਾਦਰਯਾਰ, ਉਸਤਾਦ ਦਾਮਨ, ਗੁਰਚਰਨ ਰਾਮਪੁਰੀ ਅਤੇ ਤਰਲੋਕ ਸਿੰਘ ਜੱਜ ਦਾ ਕਲਾਮ ਗਾਇਆ ਹੈ। ਜਿਨ੍ਹਾਂ ਸ਼ਾਇਰਾਂ ਦਾ ਨਾਮ ਉਨ੍ਹਾਂ ਦੇ ਕਲਾਮ ਵਿਚ ਸੀ, ਉਹ ਤਾਂ ਸੁੱਤੇ ਸਿੱਧ ਜਾਂ ਕਹਿ ਲਓ ਮਜਬੂਰਨ ਆ ਗਿਆ, ਪਰ ਰਾਮਪੁਰੀ, ਜੱਜ, ਦਾਮਨ ਖੁੱਡੇ ਲਾ ਦਿੱਤੇ ਗਏ। ਗੱਲ ਜੱਜ ਦੇ ਸ਼ਿਅਰਾਂ ਤੋਂ ਸ਼ੁਰੂ ਹੋਈ ਸੀ, ਜਿਵੇਂ ਇਕ-ਇਕ ਕਰ ਕੇ ਦਾਮਨ ਅਤੇ ਰਾਮਪੁਰੀ ਦਾ ਨਾਮ ਆਇਆ, ਕੁਝ ਖੂੰਜਿਆਂ ਚੋਂ ਬਾਬੂ ਰਜ਼ਬ ਅਲੀ ਦਾ ਨਾਂ ਵੀ ਗੂੰਜਿਆ। ਉਸਤਾਦ ਗੀਤਕਾਰ ਅਮਰਦੀਪ ਗਿੱਲ ਨੇ ਵੀ ਇਸ ਚੁੱਕ-ਚੁੱਕਾਈ ਦੀ ਹਾਮੀ ਭਰੀ। ਹਰਜਿੰਦਰ ਬੱਲ ਨਾਲ ਇਸ ਬਾਰੇ ਗੱਲ ਕਰਨ ਲਈ ਫੋਨ ਕੀਤਾ, ਤਾਂ ਉਨ੍ਹਾਂ ਵੀ ਚਾਰ ਹੰਝੁ ਮੇਰੀ ਕਲਮ ਦੀ ਝੋਲੀ ਪਾ ਦਿੱਤੇ। ‘ਅਖੇ, ਉਹ ਤਾਂ ਮੇਰੀ ਕਿਤਾਬ ਸਿਸਕੀਆਂ ਵਿਚੋਂ ਮੇਰੇ ਕਲਾਮ ਵੀ ਗਾਈ ਜਾ ਰਿਹਾ ਹੈ’। ਇੰਝ, ਸਭ ਪੜ੍ਹ ਸੁਣ ਕੇ, ਇਹ ਸਭ ਲਿਖਦੇ ਹੋਏ ਮੈਨੂੰ ਹਾਲੇ ਵੀ ਚੱਕਰ ਆ ਰਹੇ ਨੇ। ਉਸਤਾਦ ਦਾਮਨ ਦੀਆਂ ਸਤਰਾਂ ‘ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀ ਵੀ ਹੋ ਰੋਏ ਅਸੀ ਵੀ ਹਾਂ’ ਮੇਰੀਆਂ ਉਨੀਂਦਰੀਆਂ ਅੱਖਾਂ ਵੱਲ ਇਸ਼ਾਰਾ ਕਰਦੀਆਂ ਜਾਪਦੀਆਂ ਹਨ। ਸੱਚ ਕਹਿ ਰਿਹਾ, ਇਨ੍ਹਾਂ ਦਿਨਾਂ ਵਿਚ ਨੀਂਦ ਨੀ ਆਈ। ਸੋਚਦਿਆਂ ਰਾਤਾਂ ਗੁਜ਼ਰੀਆਂ, ਕਿ ਜੇ ਸਦੀ ਭਰ ਦਿਲਾਂ ਤੇ ਰਾਜ ਕਰਨ ਵਾਲੇ ਉਸਤਾਦ ਦਾਮਨ ਦੀ ਸਾਰ ਨਵੀਂ ਸਦੀ ਦੇ ਵਾਰਸ ਸ਼ਾਹ ਨਹੀਂ ਲੈਂਦੇ ਤਾਂ ਤਰਲੋਕ ਸਿੰਘ ਜੱਜ ਵਰਗੇ ਮੌਜੂਦਾ ਸਥਾਪਿਤ ਸ਼ਾਇਰ ਅਤੇ ਆਉਣ ਵਾਲੇ ਦੌਰ ਦੇ ਨਵੇਂ ਸਾਇਰਾਂ ਦੀ ਬੁੱਕਤ ਇਨ੍ਹਾਂ ਵਾਰਸ ਸ਼ਾਹ ਨੁਮਾਂ ਗਵੱਈਆਂ ਦੀ ਕਚਹਿਰੀ ਵਿਚ ਕੀ ਪਵੇਗੀ।ਨਵੇਂ ਸ਼ਾਇਰ ਤਾਂ ਵੱਡੇ ਗਵੱਈਆਂ ਤੱਕ ਪਹੁੰਚਣ ਵਿਚ ਹੀ ਸਾਲਾਂ ਦਾ ਸਫ਼ਰ ਝੱਲਦੇ ਨੇ। ਸੱਚ ਹੈ ਕਿ ਸਰਤਾਜ ਆਪ ਲਿਖਦਾ ਹੈ, ਉਸ ਨੂੰ ਤਾਂ ਫਿਰ ਲਿਖਣ ਵਾਲਿਆਂ ਦਾ ਦਰਦ ਨੇੜਿਓਂ ਪਤਾ ਹੋਣਾ ਚਾਹੀਦਾ ਸੀ।ਇਹ ਤਾਂ ਖੈਰ ਹੈ ਕਿ ਤਰਲੋਕ ਸਿੰਘ ਜੱਜ, ਖੁਦ ਸਾਬਤ ਸੂਰਤ ਆਪਣੇ ਹੱਕ ਲਈ ਲੜ ਸਕਦਾ ਸੀ ਅਤੇ ਉਹ ਨੰਗੇ ਧੜ੍ਹ ਲੜ ਵੀ ਰਿਹੈ, ਪਰ ਉਸਤਾਦ ਦਾਮਨ ਕਿੱਥੋਂ ਲੜੇ ਆ ਕੇ।ਉਹ ਜਿੱਥੇ ਨੇ ਉੱਥੇ ਇੰਟਰਨੈੱਟ ਦੀਆਂ ਤਾਰਾਂ ਵੀ ਨਹੀਂ ਅੱਪੜਦੀਆਂ। ਜੇ ਅਸੀ ਉਨ੍ਹਾਂ ਵੱਲੋਂ ਲੜਦੇ ਵੀ ਹਾਂ ਤਾਂ ਇਨ੍ਹਾਂ ਗੱਵਈਆਂ ਦੇ ਚੇਲੇਨੁਮਾਂ ਦੋਸਤ ਝਈਆਂ ਲੈ ਲੈ ਪੈਂਦੇ ਨੇ, ਦਾਮਨ ਦੇ ਸ਼ਿਅਰਾਂ ਦਾ ਸਬੂਤ ਮੰਗਦੇ ਨੇ, ਇਲਜ਼ਾਮ ਲਾਉਂਦੇ ਨੇ, ਸਾਡੀ ਸੋਚ ਤੇ ਸ਼ੱਕ ਕਰਦੇ ਨੇ, ਭਲਾ ਕੋਈ ਉਨ੍ਹਾਂ ਨੂੰ ਦੱਸੇ ਕਿ ਦਾਮਨ ਦੇ ਜਿਨ੍ਹਾਂ ਸ਼ਿਅਰਾਂ ‘ਚੋਂ ਅਸੀ ਆਪਣੇ ਬਜ਼ੁਰਗਾਂ ਦੀਆਂ ਅੱਖਾਂ ਵਿਚਲੀਆਂ ਲਾਲੀਆਂ ਤੱਕੀਆਂ, ਉਨ੍ਹਾਂ ਇੰਟਰਨੈੱਟੀ ਸ਼ਾਇਰਾਂ ਨੂੰ ਅਸੀ ਦਾਮਨ ਦੀ ਹੋਂਦ ਦਾ ਕੀ ਸਬੂਤ ਦਈਏ? ਅਸੀ ਉਨ੍ਹਾਂ ਨੂੰ ਕਿਤਾਬਾਂ ਭੇਟ ਕਰਨ ਤੇ ਵੀ ਆਏ ਤਾਂ ਪੂਰੀ ਦੁਕਾਨ ਭੇਟ ਕਰਨੀ ਪਵੇਗੀ, ਫੇਰ ਵੀ ਕੋਈ ਹੱਲ ਨਿਕਲੇਗਾ, ਇਸ ਬਾਰੇ ਸ਼ੱਕ ਹੈ…

ਖ਼ੈਰ, ਇਹ ਸਤਰਾਂ ਲਿਖਦਿਆਂ ਸਰਤਾਜ ਕੈਨੇਡਾ ਵੱਲ ਮੂੰਹ ਕਰੀ ਖੜੇ ਜਹਾਜ਼ ਵਿਚ ਬੈਠ ਗਿਆ ਹੈ। ਪਿਛਲੀ ਰਾਤ ਉਹ ਨੇ ਵੀ ਵਕਤ ਕੱਢ ਕੇ ਇਸ ਮਸਲੇ ਬਾਰੇ ਸੋਚਿਆ ਹੈ, ਤਰਲੋਕ ਸਿੰਘ ਜੱਜ ਨੂੰ ਫੋਨ ਕੀਤਾ ਹੈ, ਆਪਣਾ ਜੁਰਮ ਕਬੂਲਿਆ ਹੈ, ਜਲਦੀ ਸਮਝੌਤਾਵਾਦੀ ਹੱਲ ਕੱਢਣ ਦਾ ਵਾਅਦਾ ਕੀਤਾ ਹੈ। ਜਹਾਜ਼ ਉੱਡ ਗਿਆ ਹੈ, ਮਸਲਾ ਹੱਲ ਹੋ ਗਿਆ ਕਿ ਮਸਲਾ ਟੱਲ ਗਿਆ, ਏ? ਪਤਾ ਨਹੀਂ।

ਅੱਜ ਸੋਚ ਰਿਹਾਂ ਕਿ 8 ਕੁ ਮਹੀਨੇ ਪਹਿਲਾਂ ਮੈਂ ਜੋ ਲਿਖਿਆ ਸੀ, ਉਹ ਕਿਉਂ ਸੱਚ ਹੋ ਰਿਹਾ ਹੈ, ਮੈ ਉਹ ਸਤਰਾਂ ਲਿਖਦੇ ਹੋਏ ਸੋਚਿਆ ਸੀ ਕਿ ਸਰਤਾਜ ਮੈਨੂੰ ਝੂਠਾ ਸਾਬਿਤ ਕਰੇਗਾ, ਉਹ ਗਾਇਕੀ-ਸ਼ਾਇਰੀ ਦੇ ਲੰਬੇ ਪੈਂਡੇ ਤੇ ਤੁਰਦਿਆਂ ਮੇਰੇ ਸਭ ਖਦਸ਼ਿਆਂ ਤੋਂ ਸੁਰਖਰੂ ਹੋ ਨਿਤਰੇਗਾ, ਪਰ ਅੱਜ ਆਪਣੇ ਲਿਖੇ ਬਾਰੇ ਇਸ ਕਰਕੇ ਅਫਸੋਸ ਹੋ ਰਿਹਾ ਹੈ, ਕਿ ਇਹ ਮੈਂ ਖ਼ਤ ਵਿਚ ਲਿਖ ਕੇ ਸਰਤਾਜ ਨੂੰ ਕਿਉਂ ਨਹੀਂ ਘੱਲਿਆ। ਸ਼ਾਇਦ ਉਹ ਮੇਰੇ ਖ਼ਤ ਦਾ ਜਵਾਬ, ਸੱਚ ਨਿਤਾਰ ਕੇ ਦਿੰਦਾ, ਉਸ ਨੂੰ ਇਦਾਂ ਭਰੀ ਦੁਨੀਆਂ ਵਿਚ ਤਮਾਸ਼ਾ ਨਾ ਬਣਨਾ ਪੈਂਦਾ। ਉਸ ਨੂੰ ਕੈਨੇਡਾ ਵਾਲਾ ਜਹਾਜ਼ ਚੜ੍ਹਨ ਤੋਂ ਪਹਿਲਾਂ ਇਹ ਚਿੰਤਾ ਨਾ ਹੁੰਦੀ ਕਿ ਕੈਨੇਡਾ ਰਹਿੰਦੀ ਨੌਜਵਾਨਾਂ ਦੀ ਭੀੜ ਜਿਹੜੀ ਉਹਦੀਆਂ ਮਹਿਫ਼ਿਲਾਂ ਵਿਚ ਹੜ੍ਹ ਬਣ ਕਿ ਆਉਂਦੀ ਹੈ, ਕਿਤੇ ਇੰਟਰਨੈੱਟ ਤੇ ਉੱਘੜ ਕੇ ਆਏ ਉਸ ਦੇ ਅਕਸ ਦੇ ਦੂਜੇ ਪਾਸੇ ਨੂੰ ਦੇਖ ਕੇ, ਉਸ ਭੀੜ ਦੀਆਂ ਅੱਖਾਂ ਵਿਚੋਂ ਇਸ ਗੁਨਾਹ ਬਾਰੇ ਇਕੋ ਸਵਾਲ ਲੱਖਾਂ ਵਾਰੀ ਨਾ ਪੜ੍ਹਨਾ ਪਵੇ। ਸ਼ਾਇਦ ਉਨ੍ਹੇ ਸੋਚਿਆ ਹੋਵੇ ਕਿ ਤਰਲੋਕ ਸਿੰਘ ਜੱਜ ਨੂੰ ਰਾਤ ਨੂੰ ਫੋਨ ਕਰਨ ਤੋਂ  ਲੈ ਕੇ ਸਵੇਰੇ ਜਹਾਜ਼ ਕੈਨੇਡਾ ਪਹੁੰਚਣ ਤੱਕ ਇੰਟਰਨੈੱਟ ਅਤੇ ਕੈਨੇਡਾਈ ਸਰੋਤਿਆਂ ਦੀਆਂ ਅੱਖਾਂ ਵਿਚ ਇਹ ਵਾਵੇਲਾ ਧੁੰਦਲਾ ਹੋ ਜਾਵੇਗਾ, ਉਹ ਅੱਖਾਂ ਵਿਚਲੇ ਸਵਾਲਾਂ ਦੇ ਨਸ਼ਤਰਾਂ ਤੋਂ ਬਚ ਜਾਵੇਗਾ, ਪਰ ਕਈ ਸੀਨਿਆਂ ਅੰਦਰ ਇਹ ਸਵਾਲ ਧੁਖ਼ਦਾ ਰਹੇਗਾ ਸਰਤਾਜ, ਤੇਰੇ ਜਵਾਬ ਦੇਣ ਤੱਕ, ਤੇਰੇ ਸਰੋਤਿਆਂ ਦੀ ਕਚਹਿਰੀ ਹਾਜ਼ਿਰ ਹੋਣ ਤੱਕ, ਜਿਨ੍ਹਾਂ ਤੈਨੂੰ ਤਲੀਆਂ ਤੋ ਚੁੱਕ ਅੱਖਾਂ, ਫਿਰ ਸਿਰ ਅਤੇ ਫਿਰ ਆਪਣੇ ਪੂਜਾ ਘਰਾਂ ਵਿਚ ਬਿਠਾਇਆ, ਵਾਰਿਸ ਸ਼ਾਹ ਬਣਾਇਆ।ਉਦੋਂ ਤੱਕ, ਜਦੋਂ ਤੱਕ ਭੇਸ ਵਟਾ ਕਿ ਨਵੇਂ ਨਵੇਂ ਸਰਤਾਜ ਆਉਂਦੇ ਰਹਿਣਗੇ, ਸ਼ਾਇਰਾਂ ਦੇ ਕਲਾਮਾਂ ਦੀਆਂ ਕਾਤਰਾਂ ਮਹਿਫ਼ਿਲਾਂ ਵਿਚ ਰੁਲਦੀਆਂ ਰਹਿਣਗੀਆਂ, ਲਹੂ ਦੀਆਂ ਬੂੰਦਾਂ ਚੋਂ ਲਫ਼ਜ਼ ਜੰਮਣ ਵਾਲੇ ਸਿਰਨਾਵੇਂ ਗਵੱਈਆਂ ਦੀ ਮੁੱਠੀ ਆ ਕੇ ਗੁੰਮਨਾਮ ਕਬਰਾਂ ਕਿਨਾਰੇ ਪਏ ਰਹਿਣਗੇ...ਇਹ ਸਵਾਲ ਧੁਖ਼ਦੇ ਰਹਿਣਗੇ...ਸਰਤਾਜ..ਇਹ ਸਵਾਲ..ਧੁਖ਼…ਦੇ ਰਹਿਣਗੇ..ਧੁ...ਖ਼...ਦੇ ਰਹਿਣਗੇ..

ਜਦ ਤੱਕ ਸ਼ਾਇਰਾਂ ਦੇ ਸਿਵੇ ਬਲਦੇ ਰਹਿਣਗੇ
ਸਰਤਾਜ ਇਹ ਸਵਾਲ, ਧੁੱਖਦੇ ਰਹਿਣਗੇ
-ਦੀਪ ਜਗਦੀਪ ਸਿੰਘ
Share this article :

+ ਪਾਠਕਾਂ ਦੇ ਵਿਚਾਰ + 1 ਪਾਠਕਾਂ ਦੇ ਵਿਚਾਰ

ਕੂੰਡਲੀਆਂ ਛੰਦ
ਢੀਠਤਾਈ ਹੱਦ ਨਾ ਢੀਠਾਂ ਸਿਰ ਸਰਤਾਜ
ਚੋਰ ਚਾਲਾਕੀ ਕਰ ਗਿਆਂ ਚੜ੍ਹ ਗਿਆਂ ਫੇਰ ਜਹਾਜ
ਚੜ੍ਹ ਗਿਆਂ ਫੇਰ ਜਹਾਹ ਟੱਪ ਗਿਆਂ ਹੱਦਾਂ ਬੰਨੇ
ਪੜ੍ਹਿਆ 'ਚਤੁਰ ਪੁਰਾਣ' ਕਿਸੇ ਦੀ ਨਾ ਇਹ ਮੰਨੇ
...ਕਹਿ ਜਸਵਿੰਦਰ ਕਵੀ ਕਰੋ ਕੋਈ ਚਾਰਾ ਭਾਈ

ਬਣ ਬੈਠੇ ਨੇ ਗਾਇਕ ਹੁਣ ਢੀਠਾਂ ਦੀ ਤਾਈ ( ਤਾਈ=AUNTY)

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger