Home » , , , , , , , » ਹਰੇ ਇਨਕਲਾਬ ਤੋਂ ਹੈਰੋਇਨ ਵਾਲੇ ਪੰਜਾਬ ਤੱਕ: ਬੀਰਿੰਦਰ ਸਿੰਘ ਢਿੱਲੋਂ

ਹਰੇ ਇਨਕਲਾਬ ਤੋਂ ਹੈਰੋਇਨ ਵਾਲੇ ਪੰਜਾਬ ਤੱਕ: ਬੀਰਿੰਦਰ ਸਿੰਘ ਢਿੱਲੋਂ

Written By Editor on Wednesday, June 30, 2010 | 19:46ਸੱਤਰਵਿਆਂ ਦੇ ਸ਼ੁਰੂ ਵਿੱਚ ਜਦੋਂ ਪੰਜਾਬ ਵਿੱਚ ਹਰੇ ਇਨਕਲਾਬ ਨਾਲ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਇਆ ਤਾਂ ਉਸੇ ਸਮੇਂ ਹੀ ਪੰਜਾਬ ਦੇ ਨੌਜਵਾਂਨ ਲਾਲ ਇਨਕਲਾਬ ਲਿਆਉਣ ਲਈ ਵੀ ਹੰਭਲਾ ਮਾਰ ਰਹੇ ਸਨ।
ਨਕਸਲੀ ਲਹਿਰ ਚਾਰ ਕਦਮ ਚੱਲ ਕੇ ਹੀ ਦਮ ਤੋੜ ਰਹੀ ਸੀ। ਕਾਲਜਾਂ ਵਿੱਚ ਪੜ੍ਹਾਈ ਘੱਟ ਤੇ ਇਨਕਲਾਬ ਬਾਰੇ ਚਰਚਾ ਬਹੁਤੀ ਹੁੰਦੀ। ਮੋਗਾ ਐਜੀਟੇਸ਼ਨ ਇਸੇ ਸਮੇਂ ਦੌਰਾਨ ਲੜੀ ਗਈ ਸੀ। ਕਿਤਾਬਾਂ ਦਿਆਂ ਸਟਾਲਾਂ ਤੇ ਲਾਲ ਰਸਾਲਿਆਂ ਦੀ ਭਰਮਾਰ ਹੁੰਦੀ। ਵਿਦਿਆਰਥੀ ਹੜਤਾਲ ਲਈ ਬਹਾਨਾ ਹੀ ਲੱਭਦੇ ਰਹਿੰਦੇ, ਕਿਉਂਕਿ ਵਿਦਿਆਰਥੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਸੀ ਕਿ ਇਨਕਲਾਬ ਆਉਣ ਹੀ ਵਾਲਾ ਹੈ। ਇਸ ਲਈ ਪੜ੍ਹਣ ਦਾ ਕੋਈ ਫਾਇਦਾ ਨਹੀਂ ਹੈ। ਚਾਰੂ ਮਜੂਮਦਾਰ ਨੇ ਵੀ ਕਿਹਾ ਹੈ, "ਆਪਾਂ ਭਾਰਤ ਵਿੱਚ ਇਨਕਲਾਬ ਲਿਆ ਕੇ ਫਿਰ ਵੀਅਤਨਾਮ ਦੀ ਅਮਰੀਕਾ ਵਿਰੁੱਧ ਲੜਾਈ ‘ਚ ਮੱਦਤ ਕਰਾਂਗੇ।" ਕਈ ਵਿਦਿਆਰਥੀ ਨੇਤਾ ਜੋ ਪਿੱਛੋਂ ਅਕਾਲੀ ਕਾਂਗਰਸੀ ਨੇਤਾ ਬਣੇ ਸਾਡੇ ਕਾਲਜ ਦੇ ਇਨਕਲਾਬੀ ਰਹਿਨੁਮਾ ਸਨ। ਕਾਮਰੇਡ ਮੱਖਣ ਸਿੰਘ ਹੁਣਂ ਐਮ. ਐਲ. ਏ. ‘ਸ਼ਾਤਮਈ ਸਹਿਹੋਂਦ’ ਨਾਲ ਸਮਾਜਵਾਦ ਲਿਆਉਣਾ ਚਾਹੁੰਦਾ ਸੀ ਤੇ ਉਹਦਾ ਵੱਖਰਾ ਧੜਾ ਸੀ। ਮੁੰਡੇ ਅਕਸਰ ਕਾਲਜ ਤੋਂ ਕਚਹਿਰੀਆਂ ਤੱਕ ਮੁਜ਼ਾਹਰੇ ਕਰਦੇ ਰਹਿੰਦੇ ਸਨ।

ਵਕਤ ਨੇ ਲੰਘਣਾ ਸੀ, ਲੰਘ ਗਿਆ। ਭਾਰਤ ਵਰਗੇ ‘ਧਾਰਮਿਕ’ ਦੇਸ਼ ਵਿੱਚ ਇਨਕਲਾਬ ਤਾਂ ਕੀ ਆਉਣਾ ਸੀ, ਖੁਦ ਲੈਨਿਨ ਦੇ ਦੇਸ਼ ਦੇ ਦਰਜਨਾਂ ਟੋਟੇ ਹੋ ਗਏ। ਕੌਮਾਂਤਰੀ ਪੱਧਰ ‘ਤੇ ਹੋਈ ਬਹਿਸ ਨੇ ਸਿੱਟਾ ਕੱਢਿਆ ਕਿ ਮਾਰਕਸਵਾਦ ਤਾਂ ਠੀਕ ਸੀ, ਪਰ ਇਹ ਸਮਾਜਵਾਦੀ ਤਜਰਬਾ ਫੇਲ੍ਹ ਸਾਬਤ ਹੋ ਗਿਆ। ਮਾਰਕਸ ਨੇ ਕਿਤੇ ਨਹੀ ਕਿਹਾ ਸੀ ਕਿ ਕਿਸੇ ਇੱਕ ਦੇਸ਼ ਨੂੰ ਮਾਡਲ ਬਣਾਕੇ ਸੰਸਾਰ ਸਮਾਜਵਾਦ ਹੋ ਸਕੇਗਾ । ਕਾਮਰੇਡ ਇਹ ਭੁੱਲ ਹੀ ਗਏ ਸਨ ਕਿ ਮਨੁੱਖ਼ ਦੀ ਲੋੜ ਸਿਰਫ ਸਰੀਰਕ ਹੀ ਨਹੀ ਮਾਨਸਿਕ ਵੀ ਹੁੰਦੀ ਹੈ । ਰੋਟੀ ਤੋ ਵਗੈਰ ਰੱਬ ਦੀ ਲੋੜ ਵੀ ਪੈਂਦੀ ਹੈ ।

ਵਕਤ ਬਦਲਿਆ। ਅੱਸੀਵਿਆਂ ਦੇ ਸ਼ੁਰੂ ਵਿੱਚ ਇੱਕ ਦੂਜੇ ਨੂੰ ਠਿੱਬੀ ਮਾਰਨ ਵਾਲੀ ਸਿਆਸੀ ਲੜਾਈ ਤੋਂ ਪੰਜਾਬ ਦਾ ਮਹੌਲ ਨਵਾਂ ਮੋੜ ਕੱਟ ਗਿਆ। ਪੰਜਾਬ ਵਿੱਚ ਗਰਮਾ ਗਰਮ ਭਾਸ਼ਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਲੱਗੇ। ਹੁਣ ਸਟਾਲਾਂ ‘ਤੇ ਨੀਲੇ ਤੇ ਕੇਸਰੀ ਰੰਗਾਂ ਦੇ ਰਸਾਲਿਆਂ ਦੀ ਭਰਮਾਰ ਹੋ ਗਈ। ਇਹ ਪੰਜਾਬ ਦੇ ਆਉਣ ਵਾਲੇ ਦੌਰ ਦੀ ਭਵਿੱਖਬਾਣੀ ਸੀ। ਸਿਆਸਤ ਅਤੇ ਧਰਮ ਦੇ ਨਾਂ ਤੇ ਰੋਟੀਆਂ ਸੇਕਣ ਵਾਲਿਆਂ ਨਫਰਤ ਦਾ ਅਜਿਹਾ ਛਿੱਟਾ ਦਿੱਤਾ ਕਿ ਕਾਂਮਰੇਡ ਵੀ ਹਿੰਦੂ ਕਾਮਰੇਡ ਅਤੇ ਸਿੱਖ ਕਾਮਰੇਡ ਬਣ ਗਏ। ਵੋਟਾਂ ਲਈ ਸ਼ੁਰੂ ਹੋਈ ਸਿਆਸਤ ਹਥਿਆਰ ਬੰਦ ਲੜਾਈ ਬਣ ਗਈ । ਸਾਰਾ ਪੰਜਾਬ ਡੇਢ ਦਹਾਕੇ ਲਈ ਬਲਦੀ ਦੇ ਬੂਥੇ ਆ ਗਿਆ । ਅਖੀਰ ਅਤਿਵਾਦ ਦੇ ਖ਼ਾਤਮੇ ਤੋਂ ਲੋਕਾਂ ਸੁੱਖ ਦਾ ਸਾਹ ਲਿਆ। ਨੱਬੇਵਿਆਂ ਦੇ ਅੱਧ ਤੋਂ ਇੱਕ ਵਾਰ ਫਿਰ ਪੰਜਾਬ ਨਵੇਂ ਦੌਰ ਵਿੱਚ ਦਾਖ਼ਲ ਹੋਇਆ। ਸਭਿਆਚਾਰਕ ਮੇਲੇ, ਨੱਚਣ-ਗਾਉਣ ਤੇ ਅਖੀਰ ਲੱਚਰ ਗਾਇਕੀ ਦੇ ਨਾਲ ਅਸ਼ਲੀਲਤਾ ਦਾ ਨੰਗਾ ਨਾਚ ਸ਼ੁਰੂ ਹੋ ਗਿਆ । ਅਨਾੜੀ ਗੀਤਕਾਰਾਂ ਨੇ ਧੀਆਂ ਭੈਣਾਂ ਨੂੰ ਸਿਰਫ ਮਸ਼ੂਕਾ ਤੇ ਬੇਵਫਾ ਸਾਬਤ ਕਰਨ ਤੇ ਜੋਰ ਲਗਾ ਦਿੱਤਾ। ਹਰੇ ਇਨਕਲਾਬ ਪਿੱਛੋਂ ਇੱਕ ਵਿਹਲੜਾਂ ਦੀ ਧਾੜ ਪੰਜਾਬ ਵਿੱਚ ਪੈਦਾ ਹੋ ਗਈ ਸੀ। ਇਨ੍ਹਾਂ ਵਿਹਲੇ ਪੰਜਾਬੀਆਂ ਨੇ ਹੁਣ ਤੂੰਬੀਆਂ ਚੁੱਕ ਲਈਆਂ। ਜਿਹੜੇ ਗੀਤ ਗਾਣੇ ਨਹੀਂ ਸਨ ਗਾਉਂਦੇ ਉਨ੍ਹਾਂ ਵਾਜੇ ਢੋਲਕੀਆਂ ਚੁੱਕ ਲਈਆਂ। ਪੰਜਾਬੀਆਂ ਲਈ ‘ਧਰਮ’ ਅਰਬਾਂ ਖਰਬਾਂ ਦਾ ਕਾਰੋਬਾਰ ਹੈ। ਉੱਤੋ ਬਾਰ ਬਾਰ ਹੁੰਦੀਆਂ ਅਨੇਕਾਂ ਚੋਣਾਂ ਦੋਰਾਨ ਉਮੀਦਵਾਰਾਂ ਨੇ, ਲੋਕਾਂ ਲਈ ਸ਼ਰਾਬ ਤੇ ਭੁੱਕੀ ਦੇ ਲੰਗਰ ਲਾਉਣੇ ਸ਼ੁਰੂ ਕੀਤੇ। ਪੰਜਾਬ ਵਿੱਚ ਕਦੀ ਕੋਈ ਸਭਾ ਸੁਸਾਇਟੀ, ਕਦੀ ਬੈਂਕਾਂ ਦੀ ਡਾਇਰੈਕਟਰੀ, ਕਦੀ ਮਿਲਕਫੈੱਡ ਤੇ ਕਦੀ ਮਾਰਕਫੈੱਡ, ਕਦੀ ਪੰਚਾਇਤ ਚੋਣਾਂ, ਕਦੀ ਬਲਾਕ ਸੰਮਤੀ ਤੇ ਕਦੀ ਜ਼ਿਲਾ ਪ੍ਰੀਸ਼ਦ, ਕੋਈ ਨਾ ਕੋਈ ਚੋਣ ਆਈ ਹੀ ਰਹਿੰਦੀ ਹੈ । ਕਿਸੇ ਨਾ ਕਿਸੇ ਉਮੀਦਵਾਰ ਦੇ ਮਰਨ ਤੇ ਕੋਈ ਨਾ ਕੋਈ ਜ਼ਿਮਨੀ ਚੋਣ ਹੁੰਦੀ ਰਹਿੰਦੀ ਹੈ। ਭਾਰਤ ਵਿੱਚ ਹਰ ਸਮੇਂ ਕੋਈ ਨਾ ਕੋਈ ਚੋਣ ਹੁੰਦੀ ਰਹਿੰਦੀ ਹੈ। ‘ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਇ ਗਏ।’ ਲੋਕ ਹੋਰ ਕੁਝ ਸੋਚ ਹੀ ਨਹੀਂ ਸਕਦੇ। ਚੋਣਾਂ ਦੌਰਾਨ ਕੋਈ ਬੇਮਤਲਬ ਦਾ ਮੁੱਦਾ ਕਈ ਮਹੀਨੇ ਗੂੰਜਦਾ ਰਹਿੰਦਾ ਹੈ। ਲੋਕਾਂ ਦੀਆਂ ਰੋਜ ਮਰਹਾ ਦੀਆਂ ਸਮੱਸਿਆਵਾਂ ਧੂੜ ‘ਚ ਗੁੰਮ ਜਾਂਦੀਆਂ ਹਨ। ਇੱਕ ਪਾਸੇ ਤਾਂ ਗਵਰਨਰਾਂ, ਰਾਜ ਸਭਾ ਮੈਂਬਰਾਂ, ਕੇਂਦਰੀ ਤੇ ਸੂਬਾਈ ਪਬਲਿਕ ਸਰਵਿਸ ਕਮਿਸ਼ਨਾਂ ਦੇ ਚੇਅਰਮੈਨਾਂ, ਮੈਂਬਰਾਂ ਅਤੇ ਵੱਡੇ-ਵੱਡੇ ਜਨਤਕ ਅਦਾਰਿਆਂ, ਬੋਰਡਾਂ, ਰਿਜਰਵ ਬੈਂਕ ਦੇ ਚੇਅਰਮੈਨਾਂ ਦੀਆਂ ਨਾਮਜ਼ਦਗੀਆਂ ਹੁੰਦੀਆਂ ਹਨ, ਪਰ ਦੂਜੇ ਪਾਸੇ ਪੰਜਾਬ ਵਿੱਚ ਲੋਕੀਂ ਛੋਟੀ ਮੋਟੀ ਸਭਾ ਸੁਸਾਇਟੀ, ਨਿੱਕੀ ਮੋਟੀਆਂ ਬੈਂਕਾਂ, ਮਿਲਕਫੈੱਡ, ਮਾਰਕਫੈੱਡ ਦੀ ਡਾਇਰੈਕਟਰੀ , ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ, ਦੀਆਂ ਚੋਣਾਂ ਲੜਦੇ ਹਨ।

ਇੱਕੀਵੀਂ ਸਦੀ ਦੇ ਪੰਜਾਬ ਵਿੱਚ ਨਵੀਂ ਪੀੜ੍ਹੀ ਸਿੱਖੀ ਤੇ ਪੰਜਾਬੀ ਸਭਿਆਚਾਰ ਤੋਂ ਹੀ ਕਿਨਾਰਾ ਕਰ ਗਈ। ਅੱਜ ਵਿਰਲਾ-ਟਾਵਾਂ ਮੁੰਡਾ ਹੀ ਪੱਗ ਬੰਨ੍ਹਦਾ ਹੈ। ਪੰਜਾਬੀ ਬੋਲੀ ਹੀ ਖ਼ਤਰੇ ‘ਚ ਪੈ ਗਈ । ਇਸ ਇੱਕੀਵੀਂ ਸਦੀ ਦੇ ਪੰਜਾਬ ਨੂੰ ਜਿਸ ਰਸਤੇ ਤੁਰ ਕੇ ਵਿਸ਼ਵ ਬਰਾਬਰ ਖੜ੍ਹਨਾ ਹੈ, ਉਹ ਤਸਵੀਰ ਮੇਰੀ ਕਲਪਨਾ ਵਿੱਚ ਉਤਰਣ ਲੱਗੀ। ਪੰਜਾਬ ਵਿੱਚ ਵਿਕਾਸ ਘੱਟ ਤੇ ਗੱਲਾਂ ਵੱਧ ਹੋ ਰਹੀਆਂ ਹਨ। ਯਹੂਦੀਆਂ ਦੀ ਤਰ੍ਹਾਂ ਹੀ ਪੰਜਾਬੀਆਂ ਨੂੰ ਵਿਸ਼ਵ ਭਰ ਵਿੱਚ ਖੁਸ਼ਹਾਲੀ ਦੀਆਂ ਬੁਲੰਦੀਆਂ ਛੋਹਣ ਦੀ ਲੋੜ ਹੈ। ਉਹ ਦੂਜੀ ਸੰਸਾਰ ਜੰਗ ਵਿੱਚ ਪੰਜਾਹ ਲੱਖ ਮਰਕੇ ਵੀ ਬੀਤੇ ਤੇ ਨਹੀਂ ਝੂਰਦੇ । ਅਸੀਂ ਸਵੇਰੇ ਸ਼ਾਂਮ ਅਬਦਾਲੀ ਦੇ ਵੈਣ ਪਾਉਂਦੇ ਹਾਂ। ਅਗਾਂਹ ਸੋਚਦੇ/ਤੁਰਦੇ ਹੀ ਨਹੀਂ। ਇਹ ਵਿਸ਼ਵੀਕਰਨ ਦਾ ਯੁੱਗ ਹੈ । ਕੌਮਾਂ, ਸੱਭਿਅਚਾਰਾਂ ਅਤੇ ਦੇਸ਼ਾਂ ਦੀਆਂ ਸਾਂਝਾਂ ਵਧ ਰਹੀਆਂ ਹਨ । ਖੂਹ ਦੇ ਡੱਡੂ ਪੱਛੜ ਜਾਣਗੇ । ਪਹਿਲਾਂ ਹੀ ਅੱਤਵਾਦ ਦੇ ਦੌਰ ਨੇ ਪੰਜਾਬ ਨੂੰ ਕਈ ਦਹਾਕੇ ਪਿਛਾਂਹ ਸੁੱਟ ਦਿੱਤਾ ਸੀ।

ਪਰ ਹੋ ਇਸ ਤੋਂ ਉਲਟ ਰਿਹਾ ਹੈ। ਪੰਜਾਬੀ ਹੁਣ ਸ਼ਰਾਬ ਭੁੱਕੀ ਤੋਂ ਤਰੱਕੀ ਕਰਕੇ ਸਮੈਕ, ਹੀਰੋਇਨ ਦੇ ਸੂਟੇ ਲਾਉਣ ਲੱਗੇ ਹਨ। ਪਾਕਿਸਤਾਂਨ ਦੀ ਸਰਹੱਦ ਨੇੜੇ ਕਸ਼ਮੀਰ,ਹਿਮਾਚਲ,ਹਰਿਆਣਾ, ਰਾਜਸਥਾਂਨ ਤੇ ਗੁਜਰਾਤ ਵੀ ਪੈਂਦੇ ਹਨ। ਪਰ ਹੀਰੋਇਨ ਪੰਜਾਬ ‘ਚੋਂ ਹੀ ਫੜ੍ਹੀ ਜਾ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਨ ਵਧੀ ਫੁੱਲੀ ਇਹ 30 ਲੱਖ ਦੇ ਕਰੀਬ ਵਿਹਲਿਆਂ ਦੀ ਧਾੜ ਰੋਜਾਨਾਂ ਸਵੇਰੇ ਤੋਰੇ ਫੇਰੇ ਲਈ ਘਰੋਂ ਨਿੱਕਲਦੇ ਹਨ। ਇੰਨੇ ਕੁ ਹੀ ਪ੍ਰਵਾਸੀ ਮਜਦੂਰ ਸਾਡੇ ਖੇਤਾਂ, ਘਰਾਂ,ਕਾਰਖਾਨਿਆਂ ਅਤੇ ਦੁਕਾਨਾਂ ਤੇ ਇਨ੍ਹਾਂ ਦੀ ਥਾਂ ਕੰਮ ਕਰਦੇ ਹਨ। ਅਮਰੀਕਾ,ਕਨੇਡਾ ਅਤੇ ਯੌਰਪ ਵਿੱਚ ਮੈਂ ਇਸ ਤਰਾਂ ਦੇ ਵਿਹਲੇ ਲੋਕ ਨਹੀਂ ਵੇਖੇ। ਉਨ੍ਹਾਂ ਦੇ ਤਾਂ ਚਰਚ ਵੀ ਸਿਰਫ ਐਤਵਾਰ ਨੂੰ ਹੀ ਖੁੱਲਦੇ ਹਨ। ਗੋਰੇ ਆਪਣੇ ਘਰ ਦੇ ਵੀ ਪਿਛਲੇ ਵਿਹੜੇ ‘ਚ ਬੈਠਦੇ ਹਨ।

ਪੰਜਾਬ ਦੇ ਪਿੰਡਾਂ ਵਿੱਚੋਂ ਸਿੱਖਿਆ, ਸਿਹਤ, ਭਾਈਚਾਰਾ ਖਤਮ ਹੋ ਗਿਆ ਹੈ। ਘਰ ਘਰ ਨਸਿ਼ਆਂ ਨੇ ਬਰਬਾਦੀ ਦਾ ਛਿੱਟਾ ਦੇ ਦਿੱਤਾ ਹੈ। ਪੰਜਾਬ ਦਾ ਪਾਣੀ, ਹਵਾ ਅਤੇ ਖੁਰਾਕ ਪ੍ਰਦੂਸ਼ਤ ਹੋ ਚੁੱਕੇ ਹਨ। ਸਿਰਫ ਦਸ ਕੁ ਫੀ ਸਦੀ ਲੋਕ ਹੀ ਸਿੱਖਿਆ ਅਤੇ ਸਿਹਤ ਸਹੂਲਤਾਂ ਤੱਕ ਪਹੁੰਚ ਰੱਖਦੇ ਹਨ। ਛੋਟੀ ਕਿਸਾਨੀ, ਦਿਹਾੜੀਦਾਰ ਮਜਦੂਰ ਅਤੇ ਛੋਟੇ ਮੋਟੇ ਕੰਮਾਂ ਧੰਦਿਆਂ ਵਾਲੇ, ਨੱਬੇ ਫੀ ਸਦੀ ਲੋਕ ਜਿੰਦਗੀ ਨੂੰ ਘਸੀਟ ਰਹੇ ਹਨ, ਜੀਅ ਨਹੀਂ ਰਹੇ। ਅਜਿਹੇ ਕਾਰਨਾਂ ਕਰਕੇ ਨਵੀਂ ਪੀੜ੍ਹੀ ਪੰਜਾਬ ਤੋਂ ਦੌੜ ਜਾਣਾ ਚਾਹੁੰਦੀ ਹੈ । ਹਰ ਵਕਤ ਸ਼ਾਵਾ-ਸ਼ਾਵਾ ,ਬੱਲ-ਬੱਲੇ ਗਾਉਣਾ ਅਸਲ ਵਿੱਚ ਹਕੀਕਤ ਤੋਂ ਅੱਖਾਂ ਮੀਟਣਾ ਹੈ। ਅਕਸਰ ਲੋਕੀ ਮੈਨੂੰ ਪੁਛਦੇ ਹਨ ਕਿ ਕੀ ਪੰਜਾਬੀ ਫਿਰ ਤੋਂ ਸੱਠਵਿਆਂ ਵਾਲੇ ਦੁੱਧ ਘਿਉ ਖਾਣ ਤੇ ਹੱਥੀਂ ਕਿਰਤ ਕਰਨ ਵਾਲੇ ਪੰਜਾਬੀ ਬਣ ਸਕਣਗੇ? ਫਿਲਹਾਲ ਕੋਈ ਸੰਭਾਵਣਾ ਨਜਰ ਨਹੀਂ ਆਉਂਦੀ। ਕਿਉਂ ਕਿ ਲੀਡਰਾਂ ਨੂੰ ਵਿਹਲੜਾਂ ਦੀ ਲੋੜ ਹੈ। ਵਿਹਲੇ ਲੋਕ ‘ਧਾਰਮਿਕ’ ਸਥਾਨਾਂ, ਡੇਰਿਆਂ ਅਤੇ ਵੋਟ ਤੰਤਰ ਦੀ ਖੁਰਾਕ ਹਨ। ਵਿਹਲਾ ਬੰਦਾ ਕਿਤੇ ਨਾ ਕਿਤੇ ਤਾਂ ਜਾਵੇਗਾ ਹੀ। ਸਮਾਂ ਟਪਾਉਣ ਲਈ ‘ਕੁੱਝ ਨਾ ਕੁੱਝ’ ਤਾਂ ਕਰੇਗਾ ਹੀ । ਬਾਕੀ ਗੁਰੂ ਰਾਖਾ!

‘ਕਈ ਸਾਲ ਬਾਅਦ ਆਜ ਐਸਾ ਹੂਆ,ਬੜੀ ਦੇਰ ਤੱਕ ਖ਼ੁਦ ਕੋ ਹਮ ਯਾਦ ਆਏ।’

-ਬੀਰਿੰਦਰ ਸਿੰਘ ਢਿੱਲੋ, ਚੰਡੀਗੜ੍ਹ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger