Home » , , , » ਤਨਖਾਹ, ਪਰਕ ਅਤੇ ਗੁਲਾਬੀ ਪਰਚੀ: ਗੁਰਬਚਨ ਸਿੰਘ ਭੁੱਲਰ

ਤਨਖਾਹ, ਪਰਕ ਅਤੇ ਗੁਲਾਬੀ ਪਰਚੀ: ਗੁਰਬਚਨ ਸਿੰਘ ਭੁੱਲਰ

Written By Editor on Wednesday, June 30, 2010 | 11:08

ਤਾਰਾ ਆ ਗਈ ਸੀ।
ਗਿਆਨ ਚੰਦ ਨੇ ਪਿਛਲੀ ਗਲੀ ਵਾਲਾ ਬੂਹਾ ਖੋਲ੍ਹ ਦਿੱਤਾ ।

''ਨਮਸਤੇ ਬਾਊ ਜੀ'', ਤਾਰਾ ਨੇ ਝਾੜੂ ਬਾਂਹ ਹੇਠ ਦੱਬ ਕੇ ਹੱਥ ਜੋੜੇ ।

ਲੋਕ ਆਮ ਕਰਕੇ ਕਲਰਕਾਂ ਨੂੰ ਬਾਬੂ ਆਖਦੇ ਜੋ ਬੋਲਣ ਵਿਚ ਬਾਊ ਬਣ ਗਿਆ ਸੀ । ਜੀਵਨ ਵਿਚ ਜਦੋਂ ਜਦੋਂ ਗਿਆਨ ਚੰਦ ਦਾ ਵਾਹ ਕਿਸੇ ਬਾਊ ਨਾਲ ਪਿਆ ਸੀ, ਉਹਦਾ ਕੰਮ ਲਟਕਾਉਣ ਵਾਲਾ, ਕੰਮ ਕਰਨ ਤੋਂ ਪਹਿਲਾਂ ਫ਼ਾਈਲ ਦੀ ਓਟ ਵਿਚ ਹੱਥ ਫੈਲਾਉਣ ਵਾਲਾ ਤੇ ਕੰਮ ਹੋਏ ਤੋਂ ਚਾਹ-ਪਾਣੀ ਮੰਗਣ ਵਾਲਾ ਰੂਪ ਹੀ ਸਾਹਮਣੇ ਆਇਆ ਸੀ ।
ਇਸੇ ਕਰਕੇ ਜਦੋਂ ਕੋਈ ਆਦਰ-ਭਾਵਨਾ ਨਾਲ ਵੀ ਬਾਊ ਗਿਆਨ ਚੰਦ ਆਖਦਾ, ਉਹਨੂੰ ਚੰਗਾ ਨਾ ਲਗਦਾ । ਹੁਣ ਪਰ 'ਕੰਮ ਵਾਲੀਆਂ' ਸਭ ਨੂੰ ਬਾਊ ਜੀ ਹੀ ਆਖਦੀਆਂ । ਹੌਲੀ ਹੌਲੀ ਉਹਨੂੰ ਵੀ ਇਹ ਸੰਬੋਧਨ ਸਾਧਾਰਨ ਲੱਗਣ ਲੱਗ ਪਿਆ। ਘਰ ਵਿਚ ਝਾੜੂ-ਪੋਚਾ ਕਰਨ ਵਾਲੀ ਅਤੇ ਗਲੀ ਵਿਚੋਂ ਕੂੜਾ ਲਿਜਾਣ ਵਾਲੀ, ਉਹ ਬੰਗਾਲ ਤੋਂ ਹੋਵੇ ਜਾਂ ਉੜੀਸਾ ਤੋਂ, ਛਤੀਸ਼ਗੜ੍ਹ ਤੋਂ ਹੋਵੇ ਜਾਂ ਉੱਤਰਾਖੰਡ ਤੋਂ, ਉੱਤਰ ਪ੍ਰਦੇਸ਼ ਤੋਂ ਹੋਵੇ ਜਾਂ ਬਿਹਾਰ ਤੋਂ, ਹਰ ਘਰ ਦੇ ਵਡੇਰੇ ਨੂੰ ਬਾਊ ਜੀ ਤੇ ਵਡੇਰੀ ਨੂੰ ਬੀਬੀ ਜੀ ਹੀ ਆਖਦੀ । ਗਿਆਨ ਚੰਦ ਹੈਰਾਨ ਹੁੰਦਾ, ਇਕ ਦੂਜੀ ਤੋਂ ਭੂਗੋਲਿਕ ਫ਼ਰਕ ਵਾਲੀਆਂ ਅਤੇ ਇਕ ਦੂਜੀ ਦੀ ਬੋਲੀ ਤੱਕ ਤੋਂ ਅਨਜਾਣ ਉਹ ਇਕ ਸਾਂਝੇ ਸੰਬੋਧਨ ਉੱਤੇ ਕਿਵੇਂ ਪੁੱਜ ਜਾਂਦੀਆਂ ਹਨ । ਸ਼ਾਇਦ ਬਿਮਾਰੀ ਵਾਂਗ ਇਸ ਸ਼ਬਦ ਦੀ ਲਾਗ ਪੁਰਾਣੀਆਂ ਤੋਂ ਨਵੀਆਂ ਨੂੰ ਲਗਦੀ ਰਹਿੰਦੀ ਹੈ ।

''ਸੁਖੀ ਰਹਿ...ਭਗਵਾਨ ਤੈਨੂੰ ਲੰਮੀ ਉਮਰ ਦੇਵੇ...'',ਗਿਆਨ ਚੰਦ ਨੇ ਰਸੋਈ ਵੱਲ ਮੁੜਦਿਆਂ ਅਸੀਸ ਦਿੱਤੀ ।

''ਲੰਮੀ ਉਮਰ ਦੀ ਦੁਰਸੀਸ ਨਾ ਦਿਓ, ਬਾਊ ਜੀ...ਲੰਮੀ ਉਮਰ ਜਿਉਂ ਕੇ ਲੰਮਾ ਨਰਕ ਕਾਹਦੇ ਲਈ ਭੋਗਣਾ ਹੋਇਆ ।'' ਤਾਰਾ ਖੁੱਲ੍ਹੇ ਬੂਹੇ ਦੀ ਚੁਗਾਠ ਦਾ ਸਹਾਰਾ ਲੈ ਕੇ ਫ਼ਰਸ਼ ਉੱਤੇ ਬੈਠ ਗਈ ।

''ਅੱਜ ਫੇਰ ਕਮਲੀਆਂ ਮਾਰਨ ਲੱਗ ਪਈ ! ਹੁਣ ਤੈਨੂੰ ਕੀ ਹੋ ਗਿਆ ? ਠਹਿਰ, ਮੈਂ ਤੇਰੀ ਚਾਹ ਲਿਆਉਂਦਾ ਹਾਂ । ਪਹਿਲਾਂ ਚਾਹ ਪੀ'' ਗਿਆਨ ਚੰਦ ਨੂੰ ਤਾਰਾ ਦੇ ਲੰਮੇ ਨਰਕ ਦੀ ਜਾਣਕਾਰੀ ਲੈਣ ਦੀ ਕੋਈ ਬਹੁਤੀ ਉਤਸੁਕਤਾ ਜਾਂ ਲੋੜ ਨਹੀਂ ਸੀ । ਉਹਦੀਆਂ 'ਕਮਲੀਆਂ' ਉਹ ਕਈ ਵਾਰ ਸੁਣ ਚੁੱਕਿਆ ਸੀ । ਉਹ ਇੱਕੋ ਦਰਦ-ਕਹਾਣੀ ਦੀਆਂ ਵੱਖ-ਵੱਖ ਝਲਕੀਆਂ ਹੁੰਦੀਆਂ । ਉਹਦੀਆਂ ਕਹਾਣੀਆਂ ਤੋਂ ਬਿਨਾਂ ਵੀ ਗਿਆਨ ਚੰਦ ਨੂੰ ਅਨੇਕ ਹੋਰ ਕਹਾਣੀਆਂ ਦੀ ਸੋਝੀ ਸੀ, ਜੋ ਤਾਰਾ ਦੀਆਂ ਨਾ ਹੁੰਦਿਆਂ ਵੀ ਤਾਰਾ ਦੀਆਂ ਹੀ ਸਨ ।ਆਟੇ-ਦਾਲ ਦੇ ਲਗਾਤਾਰ ਵਧਦੇ ਭਾਅ ਇਹਨਾਂ ਪੁਰਾਣੀਆਂ ਕਹਾਣੀਆਂ ਨੂੰ ਨਿੱਤ-ਨਵੀਆਂ ਰਖਦੇ ।

ਤਾਰਾ ਪਰੇਸ਼ਾਨ ਹੋ ਕੇ ਆਖਦੀ,'' ਪਤਾ ਨਹੀਂ ਕਿਧਰ ਉੱਡ ਗਈ ਗਰੀਬਾਂ ਦੀ ਦਾਲ । ਖਾਈਏ ਤਾਂ ਕੀ ਖਾਈਏ |''

ਤਾਰਾ ਦਾ ਇਹ ਸਵਾਲ ਗਿਆਨ ਚੰਦ ਦਾ ਸਵਾਲ ਵੀ ਸੀ ।ਕਿਧਰ ਉੱਡ ਗਈ ਮੂੰਗੀ ਦੀ ਦਾਲ । ਕੁਝ ਸਾਲ ਪਹਿਲਾਂ ਤੱਕ ਮੂੰਗੀ ਦੀ ਦਾਲ ਗਰੀਬ ਖਾਂਦੇ ਸਨ ਜਾਂ ਬੀਮਾਰ ਤੇ ਜਾਂ ਫੇਰ ਕੰਜੂਸ ਜਿਨ੍ਹਾਂ ਨੂੰ ਲੋਕ ਮੂੰਗੀ-ਖਾਣੇ ਆਖ ਕੇ ਛੇੜਦੇ । ਤਾਰਾ ਤਾਂ ਭਲਾ ਇਹਨਾਂ ਗੱਲਾਂ ਤੋਂ ਅਨਜਾਣ ਸੀ, ਗਿਆਨ ਚੰਦ ਨੂੰ ਬਰਾਮਦ ਤੇ ਦਰਾਮਦ ਦੇ ਕਾਰੋਬਾਰ ਦਾ ਵੀ ਪਤਾ ਸੀ ਅਤੇ ਮੰਗ ਤੇ ਪੂਰਤੀ ਦੇ ਸਿਧਾਂਤ ਦਾ ਵੀ ।ਤਾਂ ਵੀ ਉਹ ਵਿਸ਼ਵੀਕਰਨ ਦੇ ਸਾਰੇ ਰੌਲੇ ਦੇ ਬਾਵਜੂਦ ਇਹ ਸਮਝਣੋ ਅਸਮਰਥ ਸੀ ਕਿ ਬਿਚਾਰੀ ਗਰੀਬੜੀ ਮੂੰਗੀ ਦੀ ਦਾਲ ਸੌ ਰੁਪਏ ਕਿੱਲੋ ਕਿਉਂ ਹੋ ਗਈ । ਤਾਰਾ ਵਿਹਲੀ ਬੈਠ ਕੇ ਚਾਹ ਉਡੀਕਣ ਦੀ ਥਾਂ ਪਿਛਲੇ ਵਿਹੜੇ ਵਿਚ ਬਣਿਆ ਹੋਇਆ ਟੱਟੀ-ਗੁਸਲਖਾਨਾ ਧੋਣ ਲੱਗ ਪਈ ।ਉਹ ਗਲੀ ਦੇ ਘਰਾਂ ਦੇ ਪਿਛੇ ਬਾਹਰ ਬਣੇ ਕੂੜੇਦਾਨਾਂ ਵਿਚੋਂ ਕੂੜਾ ਚੁਕਦੀ ਅਤੇ ਘਰਾਂ ਦੇ ਅੰਦਰ ਬਣੇ ਟੱਟੀ-ਗੁਸਲਖਾਨੇ ਧੋ ਦਿੰਦੀ ।


ਪਹਿਲਾਂ ਉਹ ਦਿਨ ਚੜ੍ਹੇ ਤੋਂ ਆਉਂਦੀ ਹੁੰਦੀ ਸੀ ।ਇਕ ਦਿਨ ਪਰ ਅਚਾਨਕ ਕਾਫ਼ੀ ਸੁਵਖਤੇ ਆ ਗਈ ।ਗਿਆਨ ਚੰਦ ਨੇ ਪੁਛਿਆ, '' ਤਾਰਾ ਰਾਣੀ, ਅੱਜ ਛੇਤੀ ਕੰਮ ਮੁਕਾ ਕੇ ਕਿਧਰੇ ਜਾਣਾ ਹੈ ?" ''ਜਾਣਾ ਮੈਂ ਕਿਹੜੇ ਖੂਹ-ਖਾਤੇ ਹੈ, ਬਾਊ ਜੀ'', ਸਤੀ ਹੋਈ ਤਾਰਾ ਨੇ ਦੁੱਖ ਰੋਇਆ । ''ਕੱਲ੍ਹ ਕਿਸੇ ਦੀ ਬੇੜੀ ਬੈਠ ਗਈ !''

''ਓਹੋ...ਹੋ...ਤਾਰਾ, ਸਵੇਰੇ ਸਵੇਰੇ ਇਹੋ ਜਿਹੇ ਦੁਰਵਚਨ ਕਿਸੇ ਦੁਸ਼ਮਨ ਨੂੰ ਵੀ ਨਾ ਬੋਲ'', ਸਵੇਰ ਦੀ ਸ਼ਾਂਤੀ ਵਿਚ ਗਿਆਨ ਚੰਦ ਨੂੰ ਤਾਰਾ ਦੇ ਕੌੜੇ ਬੋਲ ਬਹੁਤ ਬੇਸੁਰੇ ਲੱਗੇ ।ਉਹਨੇ ਪੁਛਿਆ,'' ਕੀ ਆਖ ਦਿੱਤਾ ਕਿਸੇ ਨੇ ਤੈਨੂੰ ?''

''ਕੱਲ੍ਹ ਮੇਰੇ ਆਉਣ ਤੋਂ ਪਹਿਲਾਂ ਕੋਈ ਮੇਰਾ ਕੂੜਾ ਚੋਰੀ ਕਰ ਕੇ ਲੈ ਗਿਆ ...ਬਾਊ ਜੀ, ਮੇਰੇ ਬੱਚਿਆਂ ਦੇ ਮੂੰਹ ਦੀ ਬੁਰਕੀ !...ਇਉਂ ਨਾ ਬੋਲਾਂ ਤਾਂ ਕਿਵੇਂ ਬੋਲਾਂ ?''

ਤਾਰਾ ਤੋਂ ਕੂੜੇ ਨੂੰ ਮੂੰਹ ਦੀ ਬੁਰਕੀ ਕਹਿਣਾ ਸੁਣ ਕੇ ਗਿਆਨ ਚੰਦ ਨੂੰ ਕਚਿਆਣ ਦੀ ਧੁੜਧੁੜੀ ਆ ਗਈ ।ਉਹਦਾ ਧਿਆਨ ਪਿਛਲੇ ਦਿਨੀਂ ਅਖਬਾਰਾਂ ਵਿਚ ਛਪਦੀ ਰਹੀ ਭਾਰਤ ਦੇ ਦੋ ਵੱਡੇ ਉਦਯੋਗਿਕ ਘਰਾਣਿਆਂ ਦੀ ਲੜਾਈ ਵੱਲ ਚਲਿਆ ਗਿਆ ।ਇਕ ਦਾ ਕਹਿਣਾ ਸੀ, ਦੂਜੇ ਨੇ ਉਹਦੇ ਕਿਸੇ ਅੰਦਰਲੇ ਬੰਦੇ ਨੂੰ ਖ਼ਰੀਦ ਕੇ ਟੈਂਡਰ ਦੇ ਵੇਰਵਿਆਂ ਦੀ ਜਾਣਕਾਰੀ ਲੈ ਲਈ ਅਤੇ ਉਸਤੋਂ ਘੱਟ ਰਕਮ ਦਾ ਟੈਂਡਰ ਭਰ ਕੇ ਉਹਦਾ ਬਹੁਕਰੋੜੀ ਪ੍ਰਾਜੈਕਟ ਚੋਰੀ ਕਰ ਲਿਆ ।ਗਿਆਨ ਚੰਦ ਨੂੰ ਇਹ ਝਗੜਾ ਅਤੇ ਇਹ ਚੋਰੀ ਪੜ੍ਹ ਕੇ ਅਜੀਬ ਨਹੀਂ ਸੀ ਲੱਗਿਆ ।ਵੱਡੇ ਲੋਕ ਅਜਿਹੀਆਂ ਠੱਗੀਆਂ-ਚੋਰੀਆਂ ਕਰਦੇ ਹੀ ਰਹਿੰਦੇ ਹਨ ।ਸੱਚ ਤਾਂ ਇਹ ਹੈ ਕੀ ਉਹ ਵੱਡੇ ਹੀ ਇਹਨਾਂ ਦੇ ਸਹਾਰੇ ਬਣਦੇ ਹਨ । ਪਰ ਤਾਰਾ ਦਾ ਚੋਰੀ ਦਾ ਦੋਸ਼ ਉਹਨੂੰ ਬਹੁਤ ਅਜੀਬ ਲੱਗਿਆ । ਕੂੜੇ ਦੀ ਚੋਰੀ ? ਤਾਰਾ ਨੇ ਦੱਸਿਆ, ਕੱਲ੍ਹ ਕੋਈ ਉਹਦੇ ਆਉਣ ਤੋਂ ਪਹਿਲਾਂ ਮੂੰਹ-ਹਨੇਰੇ ਹੀ ਉਹਦੇ ਕੂੜੇਦਾਨ ਉੱਤੇ ਹੱਥ ਸਾਫ਼ ਕਰ ਗਿਆ ਸੀ ।ਕੂੜੇ ਵਿਚੋਂ ਗੱਤੇ ਦੇ ਡੱਬੇ, ਪਲਾਸਟਿਕ ਦੇ ਲਫਾਫੇ ਅਤੇ ਹੋਰ ਅਜਿਹਾ ਕਬਾੜ ਗਾਇਬ ਸੀ । ਚੋਰੀ ਦੇ ਡਰੋਂ ਉਹ ਅੱਜ ਸੁਵਖਤੇ ਆਈ ਸੀ ।

ਗਿਆਨ ਚੰਦ ਦੀ ਹੈਰਾਨੀ ਕੁਦਰਤੀ ਸੀ । ਉਹਨੇ ਕੂੜੇ ਦੀ ਚੋਰੀ ਦੀ ਗੱਲ ਪਹਿਲੀ ਵਾਰ ਸੁਣੀ-ਜਾਣੀ ਸੀ ।ਪਰ ਤਾਰਾ ਦੇ ਮਨ ਦੀ ਹਾਲਤ ਉਹ ਝੱਟ ਸਮਝ ਗਿਆ । ਉਹਦੇ ਲਈ ਤਾਂ ਕੂੜਾ ਠੀਕ ਹੀ ਕੰਮ ਦੀ ਚੀਜ਼ ਸੀ ਜਿਸਨੂੰ ਕਬਾੜੀਏ ਕੋਲ ਵੇਚ ਕੇ ਉਹਨੂੰ ਚਾਰ ਪੈਸੇ ਮਿਲ ਜਾਂਦੇ ਹੋਣਗੇ ।...ਬਸ ਉਸ ਪਿਛੋਂ ਉਹ ਹਾੜ੍ਹ-ਸਿਆਲ ਸੁਵਖਤੇ ਆਉਣ ਲੱਗ ਪਈ ।

ਇਕ ਦਿਨ ਗਿਆਨ ਚੰਦ ਨੇ ਪੁਛਿਆ,'' ਤਾਰਾ ਰਾਣੀ, ਏਨਾ ਸੁਵਖਤੇ ਆਉਣ ਲੱਗ ਪਈ, ਕੁਛ ਖਾ-ਪੀ ਕੇ ਵੀ ਆਉਂਦੀ ਹੈਂ ਕਿ ਖਾਲੀ ਪੇਟ ਝਾੜੂ ਚੁੱਕ ਕੇ ਤੁਰ ਪੈਂਦੀ ਹੈਂ ?


''ਗਿਆਨ ਚੰਦ ਜਦੋਂ ਕਦੀ ਕਾਲੋਨੀ ਦੇ ਮੰਦਰ ਜਾਂਦਾ, ਹੋਰ ਲੋਕਾਂ ਵਾਂਗ ਗੋਲਕ ਵਿਚ ਕੁਝ ਨਾ ਕੁਝ ਪਾ ਦਿੰਦਾ ।ਕਥਾਵਾਚਕ ਅਕਸਰ ਸਾਖੀਆਂ ਸੁਣਾ ਕੇ ਦਸਦੇ, ਗੋਲਕ ਦਾ ਮੂੰਹ ਪ੍ਰਮਾਤਮਾ ਦਾ ਮੂੰਹ ਹੁੰਦਾ ਹੈ । ਫੇਰ ਮੰਦਰ ਦੀ ਇਕ ਕਮੇਟੀ ਦੀਆਂ ਦੋ ਬਣ ਕੇ ਗੋਲਕ ਦੇ ਕਬਜ਼ੇ ਲਈ ਲੜਨ ਲੱਗੀਆਂ ।ਲੜਾਈ ਅਦਾਲਤ ਤੱਕ ਪਹੁੰਚ ਗਈ । ਗਿਆਨ ਚੰਦ ਨੂੰ ਬੜੀ ਪਰੇਸ਼ਾਨੀ ਹੋਈ ।ਕਾਹਦੇ ਧਰਮੀ ਲੋਕ ਸਨ ਇਹ। ਉਹਨੇ ਮੰਦਰ ਜਾਣ ਦੀ ਥਾਂ ਘਰੇ ਹੀ ਦੇਵੀ ਦੀ ਤਸਵੀਰ ਅੱਗੇ ਧੂਫ਼ ਧੁਖਾ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ । ਹੁਣ ਉਹਨੂੰ ਦਾਨ ਲਈ ਗੋਲਕ ਵੀ ਮਿਲ ਗਈ ।

ਫੋਕਾ ਪਾਣੀ ਪੀ ਕੇ ਕੰਮ ਆ ਲਗਦੀ ਤਾਰਾ ਦਾ ਮੂੰਹ ਉਹਨੂੰ ਪ੍ਰਤੱਖ ਪ੍ਰਮਾਤਮਾ ਦਾ ਮੂੰਹ ਲੱਗਿਆ ।ਉਸ ਦਿਨ ਤੋਂ ਉਹਨੇ ਤਾਰਾ ਨੂੰ ਚਾਹ ਨਾਲ ਕੁਝ ਨਾ ਕੁਝ ਨਾਸ਼ਤਾ ਦੇਣਾ ਸ਼ੁਰੂ ਕਰ ਦਿੱਤਾ ।ਵੈਸੇ ਤਾਂ ਗਲੀ ਦੇ ਕੂੜੇ ਉੱਤੇ ਤਾਰਾ ਦੀ ਕੋਈ ਮਾਲਕੀ ਨਹੀਂ ਸੀ । ਉਹਨੂੰ ਇਹ ਕੰਮ ਮਕਾਨ-ਮਾਲਕਾਂ ਤੋਂ ਸਿਧਾ ਨਹੀਂ ਸੀ ਮਿਲਿਆ ਹੋਇਆ ।ਇਹ ਉਹਨੂੰ ਮੀਨਾ ਨੇ ਆਊਟਸੋਰਸ ਕੀਤਾ ਸੀ । ਮਕਾਨਾਂ ਵਾਲਿਆਂ ਤੋਂ ਪੈਸੇ ਮੀਨਾ ਲੈਂਦੀ ਅਤੇ ਉਹਨਾਂ ਵਿਚੋਂ ਕੁੱਲ ਪੰਜ ਸੌ ਰੁਪਏ ਤਾਰਾ ਦੇ ਹੱਥ ਧਰ ਦਿੰਦੀ । ਉਹਦੀ ਤਨਖ਼ਾਹ ! ਲੋਕ ਬੇਹੀ ਬ੍ਰੈਡ, ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਅਤੇ ਹੋਰ ਭਾਂਤ ਭਾਂਤ ਦੀ ਜੂਠ ਵੀ ਕੂੜੇਦਾਨ ਦੀ ਕੰਧੋਲੀ ਉੱਤੇ ਰੱਖ ਦਿੰਦੇ । ਇਹ ਤਾਰਾ ਦਾ ਬੋਨਸ ਹੁੰਦਾ । ਮੀਨਾ ਅਤੇ ਤਾਰਾ ਦੇ ਕਾਰੋਬਾਰੀ ਸਮਝੌਤੇ ਅਨੁਸਾਰ ਕੂੜੇ ਵਿਚਲਾ ਕਬਾੜ ਜਿੰਨੇ ਦਾ ਵੀ ਹੋ ਜਾਵੇ, ਉਹ ਤਾਰਾ ਦਾ ।ਇਹ ਕਬਾੜ ਤਾਰਾ ਦੀ ਮਾਸਕ ਤਨਖ਼ਾਹ ਤੋਂ ਵਧੀਕ ਪਰਕ ਸੀ । ਉਸੇ ਪਰਕ ਦੀ ਚੋਰੀ ਹੋ ਗਈ ।ਪਰਕਾਂ ਵਾਲੇ ਜਾਣਦੇ ਹਨ, ਸੌਦੇ ਨਾਲ ਮਿਲਦੇ ਝੂੰਗੇ ਵਾਂਗ, ਉਹ ਤਨਖ਼ਾਹ ਤੋਂ ਵੱਧ ਪਿਆਰੇ ਹੁੰਦੇ ਹਨ । ਬਚਪਨ ਵਿਚ ਮਾਂਵਾਂ ਜਦੋਂ ਕਦੀ ਪਿੰਡ ਦੀ ਹੱਟੀ ਤੋਂ ਕੁਝ ਲਿਆਉਣ ਲਈ ਭੇਜਦੀਆਂ, ਗਿਆਨ ਚੰਦ ਵਰਗੇ ਬੱਚੇ ਇਸੇ ਝੂੰਗੇ

ਦੇ ਲਾਲਚ ਸਦਕਾ ਹੀ ਖੇਡ ਵਿਚਾਲੇ ਛੱਡ ਕੇ ਖੁਸ਼ੀ ਖੁਸ਼ੀ ਤੁਰ ਪੈਂਦੇ ।

ਕਈ ਵਾਰ ਗਿਆਨ ਚੰਦ ਦਾ ਦਿਲ ਕਰਦਾ, ਤਾਰਾ ਨਾਲ ਹੁੰਦੇ ਇਸ ਅਨਿਆਂ ਦੀ ਗੱਲ ਮੀਨਾ ਨਾਲ ਕਰੇ । ਮੀਨਾ ਨੂੰ ਪਰ ਕਿਸੇ ਨਾਲ ਵੀ ਉੱਚਾ ਤੇ ਤਿੱਖਾ ਬੋਲਣ ਵਿਚ ਕੋਈ ਸੰਕੋਚ ਨਹੀਂ ਸੀ । ਝਗੜਾ ਕਰਦੀ ਦੀ ਉਹਦੀ ਵਾਜ਼ ਗਲੀ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਸੁਣਦੀ ।ਕਿਸੇ ਦੇ ਪੁੱਤਰ-ਨੂੰਹ ਉਸੇ ਘਰ ਵਿਚ ਰਸੋਈ ਵੱਖਰੀ ਕਰ

ਲੈਂਦੇ, ਉਹ ਦੋ ਘਰਾਂ ਜਿੰਨੇ ਪੈਸੇ ਲੈਣ ਲਈ ਆਢਾ ਲਾ ਬੈਠਦੀ । ਅਗਲਾ ਖਿਝ-ਖਪ ਕੇ ਇਕੋ ਘਰ ਦੇ ਦੁੱਗਣੇ ਪੈਸੇ ਦੇਣ ਲਗਦਾ ।ਸਭ ਜਾਣਦੇ ਸਨ, ਮੀਨਾ ਨਾਲ ਟੁੱਟ-ਫੁੱਟ ਕੀਤਿਆਂ ਕਿਸੇ ਹੋਰ ਨੇ ਤਾਂ ਇਹ ਕੰਮ ਕਰਨਾ ਨਹੀਂ ਸੀ । ਉਹਨਾਂ ਦੀ ਭਾਈਚਾਰਕ ਪੰਚਾਇਤ ਅਜਿਹਾ ਹੋਣ ਨਹੀਂ ਸੀ ਦਿੰਦੀ ।ਇਕ ਤੋਂ ਛੁਡਵਾਇਆ ਕੰਮ ਦੂਜੇ ਲਈ ਹਰਾਮ ਸੀ । ਮੁੜ ਕੇ ਮੀਨਾ ਨਾਲ ਹੀ ਸੁਲਾਹ ਕਰਨ ਦਾ, ਭਾਵ ਉਹਦੇ ਸਾਹਮਣੇ ਝੁਕਣ ਦਾ ਕੌੜਾ ਘੁੱਟ ਭਰਨਾ ਪੈਣਾ ਸੀ ।

ਲੋਕਾਂ ਲਈ ਕੂੜਾ ਕੁਝ ਹੀ ਦੂਰ ਬਣੇ ਹੋਏ ਸਰਕਾਰੀ ਕੂੜੇਦਾਨ ਵਿਚ ਪਾ ਆਉਣਾ ਵੀ ਸੰਭਵ ਨਹੀਂ ਸੀ ।ਇਕ ਵਾਰ ਇਕ ਨਵੇਂ ਆਏ ਕਿਰਾਏਦਾਰ ਨੇ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ । ਮੀਨਾ ਨੂੰ ਪਤਾ ਲੱਗਿਆ ਤਾਂ ਉਹ ਆ ਕੇ ਗਲੀ ਦੇ ਵਿਚਕਾਰ ਉਹਦਾ ਰਾਹ ਰੋਕ ਕੇ ਖਲੋ ਗਈ, '' ਬਾਊ ਜੀ, ਜੇ ਲੋਕ ਕੂੜਾ ਆਪੇ ਚੁੱਕਣ ਲੱਗ ਪਏ,

ਅਸੀਂ ਗਰੀਬ ਲੋਕ ਕੀ ਖਾਵਾਂਗੇ ? ਸੁਆਹ ਤੇ ਮਿੱਟੀ ? ਹੁਣ ਤਾਂ ਸ਼ਹਿਰ ਵਿਚ ਸੁਆਹ ਤੇ ਮਿੱਟੀ ਵੀ ਮੁਫ਼ਤ ਨਹੀਂ ਮਿਲਦੀ ।ਇਕ ਗੱਲ ਸੁਣ ਲੈ ਬਾਊ'', ਮੀਨਾ ਬਾਊ ਜੀ ਤੋਂ ਬਾਊ ਉੱਤੇ ਉੱਤਰ ਆਈ, ''ਮੇਰਾ ਕੂੜਾ ਮੈਨੂੰ ਦੇਹ ਜਾਂ ਆਪ ਸੁੱਟ, ਮਹੀਨੇ ਦੇ ਪੈਸੇ ਤਾਂ ਮੈਂ ਛੱਡਣੇ ਕੋਈ ਨਹੀਂ !'' ਮੀਨਾ ਦੇ ਤੌਰ ਦੇਖਦਿਆਂ ਉਹ ਕੂੜੇ ਵਾਲਾ ਪਲਾਸਟਿਕੀ ਲਫਾਫਾ ਉਥੇ ਹੀ ਗਲੀ ਦੇ ਵਿਚਕਾਰ ਰੱਖ ਕੇ ਪੁੱਠੇ ਪੈਰੀਂ ਘਰ ਵੱਲ ਭੱਜ ਗਿਆ । ਮੀਨਾ ਦੇ ਬੁੱਲ੍ਹਾਂ ਉੱਤੇ ਕਾਟਵੀਂ ਜੇਤੂ ਮੁਸਕਰਾਹਟ ਫੈਲ ਗਈ । ਗਿਆਨ ਚੰਦ ਮੀਨਾ ਦੇ ਇਹਨਾਂ ਤਿੱਖੇ-ਉੱਚੇ ਬੋਲਾਂ ਤੋਂ ਡਰਦਾ ਚੁੱਪ ਕਰ ਰਹਿੰਦਾ । ਅਜਿਹੇ ਮੌਕੇ ਉਹ ਕੂੜੇ ਉੱਤੇ ਨਹੀਂ, ਘਰਾਂ ਉੱਤੇ ਆਪਣਾ ਮਾਲਕੀ ਹੱਕ ਜਤਾਉਂਦੀ -- ਏਸ ਗਲੀ ਦੇ ਘਰ ਮੇਰੇ ਨੇ।

ਪੁਰਾਣਾ ਵਸਨੀਕ ਹੋਣ ਕਰਕੇ ਗਿਆਨ ਚੰਦ ਨੂੰ ਘਰਾਂ ਉੱਤੇ ਮੀਨਾ ਦੀ ਮੇਰ ਦਾ ਇਤਿਹਾਸ ਚੰਗੀ ਤਰਾਂ ਪਤਾ ਸੀ ।

ਪਹਿਲਾਂ ਇਹਨਾਂ ਘਰਾਂ ਦਾ ਕੂੜਾ ਦੁਲਾਰੀ ਚੁਕਦੀ ਹੁੰਦੀ ਸੀ ।ਇਕ ਦਿਨ ਉਹਨੇ ਧੀ ਦੇ ਵਿਆਹ ਵਾਸਤੇ ਛੁੱਟੀ ਲਈ ਅਤੇ ਤੀਜੇ ਦਿਨ ਉਹ ਮੀਨਾ ਨੂੰ ਲੈ ਕੇ ਆ ਗਈ । ਸਾਰੇ ਘਰਾਂ ਦੀਆਂ ਸੁਆਣੀਆਂ ਨਾਲ ਉਹਦੀ ਜਾਣ-ਪਛਾਣ ਕਰਾਉਂਦਿਆਂ ਉਹ ਬੋਲੀ,'' ਅੱਗੇ ਤੋਂ ਕੂੜਾ ਇਹ ਮੇਰੀ ਨਵੀਂ ਸੰਬੰਧਨ ਚੁੱਕਿਆ ਕਰੇਗੀ, ਮੀਨਾ |'' ਉਹਨੇ ਕਾਰਨ ਵੀ ਸਪਸ਼ਟ ਕਰ ਦਿੱਤਾ,'' ਏਸ ਗਲੀ ਦੇ ਘਰ ਅਸੀਂ ਦਾਮਾਦ ਜੀ ਨੂੰ ਦਾਜ ਵਿਚ ਦੇ ਦਿੱਤੇ |'' ਲੋਕ ਹੈਰਾਨ ਸਨ, ਘਰ ਉਹਨਾਂ ਦੇ ਤੇ ਦਾਜ ਵਿਚ ਦੇ ਦਿੱਤੇ ਦੁਲਾਰੀ ਨੇ । ਗਿਆਨ ਚੰਦ ਨੂੰ ਦਾਜ ਦੇ ਇਸ ਲੈਣ-ਦੇਣ ਦਾ ਪਤਾ ਲੱਗਿਆ ਤਾਂ ਉਹ ਵੀ ਹੈਰਾਨ ਰਹਿ ਗਿਆ । ਅਸਲ ਹੈਰਾਨੀ ਪਰ ਉਹਨੂੰ ਉਸ ਸਮੇਂ ਹੋਈ ਜਦੋਂ ਉਹਨੂੰ ਪਤਾ ਲੱਗਿਆ ਕਿ ਦਾਜ ਵਿਚ ਦੇਣ ਤੋਂ ਇਲਾਵਾ ਲੋਕਾਂ ਦੇ ਘਰ ਕੂੜੇ ਲਈ ਇਕ ਤੋਂ ਦੂਜੇ ਦੇ ਹੱਥ ਵਿਕ ਵੀ ਜਾਂਦੇ ਹਨ ।

ਹੁਣ ਦਾਜ ਅਤੇ ਵਿੱਕਰੀ ਵਾਂਗ ਕੂੜੇ ਦੇ ਧੰਦੇ ਵਿਚ ਆਉਟਸੋਰਸਿੰਗ ਵੀ ਆ ਗਈ ਸੀ ।ਕੁਝ ਦਿਨ ਮੀਨਾ ਕੂੜਾ ਚੁੱਕਣ ਆਪ ਆਈ, ਪਰ ਲੋਕਾਂ ਦੀ ਨਜ਼ਰ ਵਿਚ ਮਾਲਕੀ ਪੱਕੀ ਹੁੰਦਿਆਂ ਹੀ ਉਹਨੇ ਆਪਣਾ ਪਹਿਲਾਂ ਵਾਲੇ ਘਰਾਂ ਦਾ ਕੰਮ ਜਾ ਸਾਂਭਿਆ ਅਤੇ ਇਹ ਕੰਮ ਤਾਰਾ ਨੂੰ ਆਉਟਸੋਰਸ ਕਰ ਦਿੱਤਾ ।

ਮਹੀਨੇ ਦੇ ਪਹਿਲੇ ਐਤਵਾਰ ਮੀਨਾ ਆਉਂਦੀ, ਬੈੱਲ ਬਜਾਉਂਦੀ ਅਤੇ ਅੰਦਰੋਂ ਝਾਕਣ ਵਾਲੇ ਜਾਂ ਵਾਲੀ ਨੂੰ 'ਰਾਮ ਰਾਮ' ਆਖਦੀ । ਪੈਸੇ ਮੰਗਣ ਦੀ ਉਹਨੂੰ ਲੋੜ ਹੀ ਨਹੀਂ ਸੀ ਪੈਂਦੀ । ਘਰ ਵਾਲਿਆਂ ਨੂੰ ਵੀ ਉਹਤੋਂ ਕੁਝ ਪੁੱਛਣ-ਦੱਸਣ ਦੀ ਲੋੜ ਨਹੀਂ ਸੀ ਹੁੰਦੀ । ਉਹਦੇ ਦਰਸ਼ਨ ਮਹੀਨੇ ਦੇ ਪਹਿਲੇ ਐਤਵਾਰ ਅਤੇ ਤਿੱਥਾਂ-ਤਿਹਾਰਾਂ ਨੂੰ ਹੀ

ਹੁੰਦੇ ।ਮਹੀਨੇ ਦੇ ਪੈਸੇ ਦੁਲਾਰੀ ਦੇ ਦਸ ਰੁਪਈਆਂ ਤੋਂ ਸ਼ੁਰੂ ਹੋ ਕੇ ਪੰਜ ਪੰਜ, ਦਸ ਦਸ ਵਧਦੇ ਹੋਏ ਮੀਨਾ ਦੇ ਸੌ ਰੁਪਈਆਂ ਤੱਕ ਪੁੱਜ ਗਏ ਸਨ । ਸਾਰੇ ਘਰਾਂ ਤੋਂ ਉਹ ਸੌ ਸੌ ਇਕੱਠਾ ਕਰਦੀ ਅਤੇ ਪੰਜ ਸੌ ਤਾਰਾ ਨੂੰ ਦੇ ਕੇ ਬਾਕੀ ਸਾਰੇ ਬੋਝੇ ਵਿਚ ਪਾ ਲੈਂਦੀ । ਉਹ ਜ਼ਿੱਦ ਕਰਦੀ, ਤਿਥਾਂ-ਤਿਹਾਰਾਂ ਅਤੇ ਪਰਿਵਾਰਕ ਖੁਸ਼ੀਆਂ ਸਮੇਂ ਸਾਰੇ ਪੈਸੇ,

ਮਠਿਆਈ ਤੇ ਲੀੜੇ-ਕੱਪੜੇ ਉਹਨੂੰ ਹੀ ਦਿੱਤੇ ਜਾਣ, ਤਾਰਾ ਨੂੰ ਜੋ ਦੇਣਾ ਹੋਇਆ, ਉਹ ਆਪੇ ਦੇਵੇਗੀ । ਉਹਦੇ ਕਹਿਣ ਅਨੁਸਾਰ ਤਾਰਾ ਦਾ ਉਹਨਾਂ ਨਾਲ ਕੋਈ ਸਿਧਾ ਸੰਬੰਧ ਨਹੀਂ ਸੀ । ਗਲੀ ਦੀਆਂ ਔਰਤਾਂ ਸੋਚਦੀਆਂ, ਟੱਟੀਆਂ ਧੋਵੇ ਤੇ ਕੂੜਾ ਚੁੱਕੇ ਤਾਰਾ, ਤਿਹਾਰ ਸਾਰੇ ਇਸ ਘੋੜੀ ਦੇ ! ਕਿਉਂ ? ਪਰ ਉਹ ਘਰ ਦੀਆਂ ਖੁਸ਼ੀਆਂ ਵਿਚ ਮੀਨਾ ਦੀ ਬੱਕਬੱਕ ਰਲਣ ਦੇ ਡਰੋਂ ਥੋੜ੍ਹਾ-ਬਹੁਤਾ ਹੱਥ ਉਹਨੂੰ ਝਾੜ ਦਿੰਦੀਆਂ ਤੇ ਬਾਕੀ ਸਾਰਾ ਕੁਝ ਅੱਗਾ-ਪਿੱਛਾ ਦੇਖ ਕੇ ਤਾਰਾ ਨੂੰ ਦੇ ਦਿੰਦਿਆਂ । ਮੀਨਾ ਵੀ ਪੂਰੀ ਚੰਟ ਸੀ । ਉਹ ਸਭ ਜਾਣਦੀ-ਸਮਝਦੀ ਸੀ । ਕਦੀ ਮਿੱਠੀਆਂ ਮਾਰ ਕੇ ਤੇ ਕਦੀ ਗੁੱਸਾ ਦਿਖਾ ਕੇ ਉਹ ਤਾਰਾ ਤੋਂ ਸੱਚ ਕਢਵਾਉਣ ਦਾ ਯਤਨ ਕਰਦੀ, ਪਰ ਤਾਰਾ ਵੀ ਕੱਚੀਆਂ ਗੋਲੀਆਂ ਨਹੀਂ ਸੀ ਖੇਡੀ ਹੋਈ ।ਆਪਣੇ ਹੱਕ ਲਈ ਅਸਲੀਅਤ ਤੋਂ ਮੁਕਰਨਾ ਉਹਨੂੰ ਵੀ ਆਉਂਦਾ ਸੀ ।

ਗਿਆਨ ਚੰਦ ਨੇ ਆਪਣੀ ਅਤੇ ਤਾਰਾ ਦੀ ਚਾਹ ਹੀ ਬਣਾਉਣੀ ਹੁੰਦੀ । ਗੁਣਵੰਤੀ ਦੀ ਸਾਰੀ ਰਾਤ ਦੁਖਦੇ ਸਰੀਰ ਨਾਲ ਹਾਏ-ਬੂ ਕਰਦਿਆਂ ਅਤੇ ਪਾਸੇ ਭੰਨਦਿਆਂ ਬੀਤਦੀ । ਕਿਤੇ ਤਿੰਨ-ਚਾਰ ਵਜੇ ਸਵੇਰੇ ਜਾ ਕੇ ਉਹਦੀ ਅੱਖ ਲਗਦੀ । ਗਿਆਨ ਚੰਦ ਉਠ ਕੇ ਆਪਣੀ ਨਿੱਤ-ਕਿਰਿਆ ਵਿਚ ਲੱਗ ਜਾਂਦਾ ਅਤੇ ਉਹਨੂੰ ਸੁੱਤੀ ਰਹਿਣ ਦਿੰਦਾ । ਉਹ ਧਿਆਨ ਰੱਖਦਾ, ਕੋਈ ਖੜਕਾ, ਕੋਈ ਆਵਾਜ਼ ਉਹਦੀ ਨੀਂਦ ਨਾ ਤੋੜੇ । ਦੋਵੇਂ ਪੁੱਤਰ, ਵੱਡਾ ਸੂਰਜ ਪ੍ਰਕਾਸ਼ ਅਤੇ ਛੋਟਾ ਚੰਦਰ ਪ੍ਰਕਾਸ਼, ਘਰੋਂ ਦੂਰ ਨੌਕਰੀਆਂ ਕਰਦੇ ਸਨ । ਸੂਰਜ ਪ੍ਰਕਾਸ਼ ਨੇ ਐਲ. ਐਲ. ਬੀ. ਕਰ ਕੇ ਕੁਝ ਸਮਾਂ ਦਿੱਲੀ ਦੀ ਇਕ ਲਾਅ ਫਰਮ ਵਿਚ ਕੰਮ ਕੀਤਾ ਸੀ ਅਤੇ ਫੇਰ ਅਮਰੀਕਾ ਵਿਚ ਐਲ.ਐਲ.ਐਮ. ਲਈ ਦਾਖਲਾ ਲੈਣ ਵਿਚ ਸਫਲ ਹੋ ਗਿਆ ਸੀ ।

ਕੋਰਸ ਮੁਕਦਿਆਂ ਹੀ ਉਥੋਂ ਦੀ ਇਕ ਲਾਅ ਫਰਮ ਨੇ ਉਹਦੇ ਯੋਗਤਾ-ਵੇਰਵੇ ਦੇ ਆਧਾਰ ਉੱਤੇ ਉਹਨੂੰ ਵਧੀਆ ਤਨਖ਼ਾਹ ਨਾਲ ਨੌਕਰੀ ਦੇ ਦਿੱਤੀ ਸੀ । ਉਹਨੇ ਹੁੱਬ ਕੇ ਦੱਸਿਆ ਸੀ, ''ਪਿਤਾ ਜੀ, ਇਥੇ ਆਪਣੇ ਦੇਸ ਵਾਂਗੂ ਸਿਫਾਰਸ਼ਾਂ ਨਹੀਂ ਲਾਉਣੀਆਂ ਪੈਂਦੀਆਂ। ਇਥੇ ਤਾਂ ਮੈਰਿਟ ਕੰਮ ਆਉਂਦੀ ਹੈ । ਜੇ ਇਥੋਂ ਦੇ ਕਿਸੇ ਵੱਡੇ ਬੰਦੇ ਦਾ ਧੀ-ਪੁੱਤ ਵੀ ਮੈਥੋਂ ਘੱਟ ਮੈਰਿਟ ਨਾਲ ਆਉਂਦਾ, ਨੌਕਰੀ ਮੈਨੂੰ ਹੀ ਮਿਲਦੀ ।'' ਪਤਾ ਨਹੀਂ, ਸੂਰਜ ਪ੍ਰਕਾਸ਼ ਨੂੰ ਤਨਖ਼ਾਹ ਕਿੰਨੀ ਕੁ ਵਧੀਆ ਲਗਦੀ ਸੀ, ਪਰ ਗਿਆਨ ਚੰਦ ਆਖਦਾ,'' ਸ਼ੁਕਰ ਮਾਲਕ ਦਾ, ਮੈਂ ਤਾਂ ਜਦੋਂ ਮੁੰਡੇ ਦੇ ਡਾਲਰਾਂ ਨੂੰ ਰੁਪਈਆਂ ਵਿਚ ਬਦਲਦਾ ਹਾਂ, ਮੈਥੋਂ ਤਾਂ ਮਹੀਨੇ ਦੇ ਏਨੇ ਰੁਪਈਏ ਸੋਚੇ ਵੀ ਨਹੀਂ ਜਾਂਦੇ।''

ਚੰਦਰ ਪ੍ਰਕਾਸ਼ ਲਈ ਐਮ. ਬੀ. ਏ.ਕਰਦਿਆਂ ਹੀ ਭਾਰਤ ਦੇ ਅਮਰੀਕੀ ਸ਼ਹਿਰ ਬੰਗਲੌਰ ਦੇ ਦਰਵਾਜ਼ੇ ਖੁੱਲ੍ਹ ਗਏ । ਸਹਿਜੇ ਹੀ ਉਹਨੂੰ ਇਕ ਅਜਿਹੀ ਫਰਮ ਵਿਚ ਕੰਮ ਮਿਲ ਗਿਆ ਜਿਸ ਨੂੰ ਕਾਰੋਬਾਰ ਇਕ ਅਮਰੀਕੀ ਫਰਮ ਨੇ ਆਉਟਸੋਰਸ ਕੀਤਾ ਹੋਇਆ ਸੀ । ਆਪ ਕਰਮਚਾਰੀ ਰੱਖਣ ਅਤੇ ਉਹਨਾਂ ਨਾਲ ਸੰਬੰਧਿਤ ਸਾਰੇ ਝੰਜਟ ਸਹੇੜਨ ਨਾਲੋਂ ਬਦੇਸੀ ਫਰਮਾਂ ਹੁਣ ਭਾਰਤ ਵਰਗੇ ਦੇਸਾਂ ਤੋਂ ਕੰਮ ਕਰਵਾ ਲੈਣਾ ਸੌਖਾ ਅਤੇ ਸਸਤਾ ਸਮਝਦੀਆਂ ਸਨ ।ਪੈਸੇ ਦਿੱਤੇ, ਕੰਮ ਕਰਵਾਇਆ; ਉਹ ਆਪਣੀ ਜਾਨਣ, ਇਹ ਆਪਣੀ ਜਾਨਣ । ਵੈਸੇ ਤਾਂ ਆਉਟਸੋਰਸਿੰਗ ਨਾ ਭਾਰਤ ਲਈ ਨਵੀਂ ਸੀ ਤੇ ਨਾ ਹੀ ਗਿਆਨ ਚੰਦ ਲਈ । ਕੋਈ ਖੇਤਰ ਅਜਿਹਾ ਨਹੀਂ ਸੀ ਜਿਸ ਵਿਚ ਲੋਕ ਚਿਰਕਾਲ ਤੋਂ ਆਪਣੇ ਛੋਟੇ-ਵੱਡੇ ਕੰਮਾਂ ਨੂੰ ਠੇਕੇ ਰਾਹੀਂ, ਦਿਹਾੜੀ ਰਾਹੀਂ, ਹਿੱਸੇ-ਪੱਤੀ ਰਾਹੀਂ ਆਉਟਸੋਰਸ ਨਾ ਕਰਦੇ ਆਏ ਹੋਣ । ਤਾਰਾ ਦਾ ਕੰਮ ਵੀ ਆਪਣਾ ਨਹੀਂ ਸੀ, ਮੀਨਾ ਦਾ ਆਉਟਸੋਰਸ ਕੀਤਾ ਹੋਇਆ ਸੀ । ਪਰ ਇਕ ਦੇਸ ਤੋਂ ਦੂਜੇ ਦੇਸ ਨੂੰ ਆਉਟਸੋਰਸਿੰਗ ਦੇ ਰੂਪ ਅਜੀਬ ਸਨ । ਪਹਿਲਾਂ ਤਾਂ ਸੁਣ ਕੇ ਗਿਆਨ ਚੰਦ ਵਰਗੇ ਪੜ੍ਹੇ-ਲਿਖੇ ਬੰਦੇ ਨੂੰ ਵੀ ਯਕੀਨ ਨਾ ਬੱਝਦਾ । ਇੰਗਲੈਂਡ ਵਿਚ ਆਪਣੇ ਘਰ ਬੈਠਾ ਕੋਈ ਗੋਰਾ ਆਪਣੇ ਰੇਲਵੇ ਸਟੇਸ਼ਨ ਨੂੰ ਫੋਨ ਕਰ ਕੇ ਗੱਡੀ ਦਾ ਸਮਾਂ ਪੁੱਛਦਾ ਹੈ ਅਤੇ ਅੰਗ੍ਰੇਜ਼ਾਂ ਵਾਲੀ ਅੰਗ੍ਰੇਜ਼ੀ ਵਿਚ ਜਵਾਬ ਉਹਨੂੰ ਭਾਰਤ ਵਿਚ ਬੈਠਾ ਕੋਈ ਭਾਰਤੀ ਦਿੰਦਾ ਹੈ । ਮਰੀਜ਼ ਵੀ ਅਮਰੀਕਾ ਵਿਚ ਪਿਆ ਹੈ ਅਤੇ ਡਾਕਟਰ ਵੀ ਅਮਰੀਕਾ ਵਿਚ ਬੈਠਾ ਹੈ, ਉਹਦੀਆਂ ਰਿਪੋਰਟਾਂ ਦੀ ਘੋਖ ਕਰ ਕੇ ਨਤੀਜੇ ਦਿੱਲੀ ਦੇ ਡਾਕਟਰ ਦੱਸ ਰਹੇ ਸਨ । ਕੁਝ ਸਾਲ ਪਹਿਲਾਂ ਤੱਕ

ਅਥਾਹ ਵੱਡੀ ਜਾਪਦੀ ਦੁਨੀਆ ਸੱਚਮੁੱਚ ਹੀ ਹੁਣ ਕਿੰਨੀ ਛੋਟੀ ਹੋ ਕੇ ਰਹਿ ਗਈ ਸੀ। ਗਿਆਨ ਚੰਦ ਨੇ ਚਾਹ ਦਾ ਪਾਣੀ ਪਤੀਲੀ ਵਿਚ ਪਾ ਕੇ ਗੈਸ ਉੱਤੇ ਰੱਖ ਦਿੱਤਾ । ਉਹ ਚਾਹੁੰਦਾ ਸੀ, ਚਾਹ ਦਾ ਕੰਮ ਮੁਕਦਾ ਕਰ ਕੇ ਛੇਤੀ ਵਿਹਲਾ ਹੋ ਜਾਵੇ । ਅੱਜ ਬੁੱਧਵਾਰ ਸੀ । ਸੂਰਜ ਪ੍ਰਕਾਸ਼ ਦਾ ਫ਼ੋਨ ਆਉਣਾ ਸੀ ।ਕੋਈ ਗੱਲ ਕਰਨੀ ਹੁੰਦੀ ਤਾਂ

ਉਹ ਹੋਰ ਕਿਸੇ ਦਿਨ ਵੀ ਫ਼ੋਨ ਕਰ ਲੈਂਦਾ, ਪਰ ਬੁੱਧਵਾਰ ਸਵੇਰੇ ਉਹਦਾ ਫ਼ੋਨ ਆਉਣਾ ਤਾਂ ਪੱਕਾ ਸੀ ।ਆਪਣੀ ਮੰਗਲਵਾਰ ਦੀ ਸ਼ਾਮ ਉਹ ਦਫਤਰੋਂ ਮੁੜ ਕੇ, ਚਾਹ-ਪਾਣੀ ਪੀ ਕੇ, ਚੈਨ ਨਾਲ ਬੈਠ ਕੇ ਫ਼ੋਨ ਕਰਦਾ । ਇੱਥੇ ਉਦੋਂ ਬੁਧਵਾਰ ਦੀ ਸਵੇਰ ਹੁੰਦੀ । ਪਹਿਲਾਂ ਗਿਆਨ ਚੰਦ ਨੂੰ ਫ਼ੋਨ ਦੀ ਉਡੀਕ ਸੂਰਜ ਪ੍ਰਕਾਸ਼ ਦੀ ਸੁੱਖ-ਸਾਂਦ

ਜਾਣਨ ਲਈ ਹੀ ਰਹਿੰਦੀ ਸੀ, ਹੁਣ ਹਰ ਵਾਰ ਉਹਨੂੰ ਸਭ ਤੋਂ ਪਹਿਲਾਂ ਪੁੱਤਰ ਦੀ ਨੌਕਰੀ ਬਾਰੇ ਪੁੱਛਣਾ ਪੈਂਦਾ ।

ਹਾਲਾਤ ਨੇ ਅਚਾਨਕ ਰੰਗ ਵਟਾਉਣਾ ਸ਼ੁਰੂ ਕਰ ਦਿੱਤਾ ਸੀ । ਪਿਛਲੇ ਬੰਦ ਬੂਹੇ ਦੇ ਬਾਹਰਲੀ ਤਾਰਾ ਦੀਆਂ ਤੰਗੀਆਂ-ਤੁਰਸ਼ੀਆਂ ਦੀ ਕਹਾਣੀ ਹੌਲੀ ਹੌਲੀ ਜਿਵੇਂ ਉਹਦੇ ਘਰ ਦੇ ਅੰਦਰ ਪ੍ਰਵੇਸ਼ ਕਰਨ ਨੂੰ ਫਿਰਦੀ ਹੋਵੇ ।

ਪਹਿਲਾਂ ਅਮਰੀਕਾ ਦੇ ਇਕ ਸਭ ਤੋਂ ਵੱਡੇ ਬੈਂਕ, ਲੇਹਮੈਨ ਬ੍ਰਦਰਜ਼ ਨੇ ਆਪਣੇ ਕਰਮਚਾਰੀਆਂ ਨੂੰ ਗੁਲਾਬੀ ਪਰਚੀਆਂ ਦਿੱਤੀਆਂ ।ਅਮਰੀਕੀ ਆਰਥਿਕਤਾ ਦੇ ਪਾਵੇ ਡੋਲਣ ਲੱਗੇ । ਖ਼ਬਰ ਭਾਰਤੀ ਮੀਡੀਆ ਨੇ ਵੀ ਖੂਬ ਉਛਾਲੀ । ਗਿਆਨ ਚੰਦ ਨੂੰ ਪਰ ਇਸ ਵਿਚ ਕੋਈ ਖਾਸ ਗੱਲ ਦਿਖਾਈ ਨਾ ਦਿੱਤੀ । ਇਕ ਬੈਂਕ ਡਿੱਗ

ਪਿਆ ਤਾਂ ਡਿੱਗ ਪਿਆ, ਹੋਰਾਂ ਨੂੰ ਇਹਦੇ ਨਾਲ ਕੀ ! ਖਾਸ ਕਰਕੇ ਸੂਰਜ ਪ੍ਰਕਾਸ਼ ਨੂੰ ਅਤੇ ਉਹਨੂੰ ਇਹਦੇ ਨਾਲ ਕੀ । ਬਹੁਤ ਸਾਲ ਪਹਿਲਾਂ ਉਹਨਾਂ ਦੇ ਆਪਣੇ ਸ਼ਹਿਰ ਵਿਚ ਬਨਵਾਰੀ ਲਾਲ ਆੜ੍ਹਤੀਏ ਦਾ ਸੱਟੇ ਕਾਰਨ ਦੀਵਾਲਾ ਨਿਕਲ ਗਿਆ ਸੀ । ਦੁਪਹਿਰ ਵੇਲੇ ਥਾਲੀ ਵਿਚ ਬਲਦਾ ਦੀਵਾ ਸ਼ਹਿਰ ਦੇ ਕੇਂਦਰੀ ਚੌਕ ਵਿਚ ਰੱਖ ਕੇ ਉਹਨੇ ਆਪਣੀ ਕੰਗਾਲੀ ਦਾ ਹੋੱਕਾ ਦੇ ਦਿੱਤਾ ਸੀ । ਭਾਵ, ਲੈਣੇਦਾਰ ਹੁਣ ਉਹਤੋਂ ਆਪਣੀ ਰਕਮ ਦੀ ਵਾਪਸੀ ਦੀ ਕੋਈ ਆਸ ਨਾ ਰੱਖਣ । ਪਰ ਸ਼ਹਿਰ ਦੇ ਬਾਕੀ ਕਾਰੋਬਾਰੀ ਪਹਿਲਾਂ ਵਾਂਗ ਹੀ ਆਪਣਾ ਕਾਰੋਬਾਰ ਕਰਦੇ ਰਹੇ ਸਨ । ਬਨਵਾਰੀ ਲਾਲ ਦੇ ਦੀਵਾਲੇ ਦਾ ਉਹਨਾਂ ਦੇ ਕਾਰੋਬਾਰ ਉੱਤੇ ਕੋਈ ਅਸਰ ਨਹੀਂ ਸੀ ਪਿਆ । ਗਿਆਨ ਚੰਦ ਨੂੰ ਗੜਬੜ ਦੀ ਸਮਝ ਉਸ ਸਮੇਂ ਆਈ ਜਦੋਂ ਮਾਮਲਾ ਬਨਵਾਰੀ ਲਾਲ ਆੜ੍ਹਤੀਏ ਦੇ ਦੀਵਾਲੇ ਤੋਂ ਵੱਖਰਾ ਰੂਪ ਧਾਰ ਗਿਆ । ਇਕ ਇਕ ਕਰ ਕੇ ਹੋਰ ਅਮਰੀਕੀ ਬੈਂਕ ਅਤੇ ਆਰਥਿਕ ਅਦਾਰੇ ਤਿਲ੍ਹਕਣ ਲੱਗੇ । ਛੇਤੀ ਹੀ ਇਹ ਲਾਗ ਦੂਜੇ ਦੇਸਾਂ ਦੀਆਂ ਆਰਥਿਕਤਾਵਾਂ ਤੱਕ ਪੁੱਜ ਗਈ । ਭਾਰਤ ਦੇ ਅਖ਼ਬਾਰ ਆਰਥਿਕ ਮੰਦਵਾੜੇ ਤੇ ਮੁਲਾਜ਼ਮਾਂ ਦੀਆਂ ਛਾਂਟੀਆਂ ਦੀਆਂ ਖਬਰਾਂ ਨਾਲ ਭਰਨ ਲੱਗੇ ਅਤੇ ਟੀਵੀ ਚੈਨਲ ਇਹੋ ਰੌਲਾ ਪਾਉਣ ਲੱਗੇ । ਗਣਿਤ ਵਿਚੋਂ ਗਿਆਨ ਚੰਦ ਦੇ ਨੰਬਰ ਵਧੀਆ ਆਉਂਦੇ ਰਹੇ ਸਨ, ਪਰ ਉਹਨੂੰ ਇਹ ਲੇਖਾ ਸਮਝ ਨਹੀਂ ਸੀ ਆ ਰਿਹਾ । ਉਹਨੂੰ ਸੂਰਜ ਪ੍ਰਕਾਸ਼ ਦੀ ਚਿੰਤਾ ਹੋਣ ਲੱਗੀ । ਜੇ ਸੂਰਜ ਪ੍ਰਕਾਸ਼ ਨੂੰ ਗੁਲਾਬੀ ਪਰਚੀ ਦੇ ਦਿੱਤੀ ਗਈ, ਹੁਣ ਉਹਨੂੰ ਦੇਸ ਵਿਚ ਕੰਮ ਮਿਲਣਾ ਵੀ ਔਖਾ ਸੀ । ਇਥੇ ਵੀ ਨਵੀਂਆਂ ਨੌਕਰੀਆਂ ਦੀ ਸੰਭਾਵਨਾ ਖ਼ਤਮ ਹੋਣ ਲੱਗੀ ਸੀ ਅਤੇ ਕੰਪਨੀਆਂ ਜਿਨ੍ਹਾਂ ਮੁਲਾਜ਼ਮਾਂ ਦੀ ਛਾਂਟੀ ਕਰ ਰਹੀਆਂ ਸਨ, ਉਹਨਾਂ ਸਾਹਮਣੇ ਹਨੇਰਾ ਹੀ ਹਨੇਰਾ ਸੀ । ਗਿਆਨ ਚੰਦ ਨੂੰ ਇਸ ਆਰਥਿਕ ਘਚੋਲੇ ਨਾਲੋਂ ਵੱਧ ਗੁੱਸਾ ਉਸ ਆਦਮੀ ਉੱਤੇ ਆਉਂਦਾ ਜਿਸ ਨੇ ਕਿਸੇ ਦਾ

ਰੁਜ਼ਗਾਰ ਖੋਹਣ ਵਾਲੇ ਕਾਗਜ਼ ਦਾ ਨਾਂ ਗੁਲਾਬੀ ਪਰਚੀ ਰੱਖਿਆ ਸੀ । ਇਹਦਾ ਨਾਂ ਤਾਂ ਕਾਲੀ ਪਰਚੀ ਹੋਣਾ ਚਾਹੀਦਾ ਸੀ ।ਕਾਗਜ਼ ਦਾ ਗੁਲਾਬੀ ਰੰਗ ਗਿਆਨ ਚੰਦ ਦੇ ਚੇਤੇ ਵਿਚ ਵੱਖਰੀ, ਖੂਬਸੂਰਤ ਤਸਵੀਰ ਬਣ ਕੇ ਉਭਰਦਾ ਸੀ । ਉਹਦੀ ਜਵਾਨੀ ਸਮੇਂ ਮੁੰਡੇ-ਕੁੜੀਆਂ ਗੁਲਾਬੀ ਕਾਗਜ਼ ਲਭ ਲਭ ਕੇ ਚਿਠੀਆਂ ਲਿਖਦੇ ਅਤੇ ਮੌਕਾ ਪਾ ਕੇ ਇਕ ਦੂਜੇ ਦੀ ਕਿਤਾਬ-ਕਾਪੀ ਵਿਚ ਰਖਦੇ ।ਗੁਲਾਬੀ ਕਾਗਜ਼ ਤਾਂ ਹੁੰਦਾ ਹੀ ਅਜਿਹੇ ਮੰਤਵਾਂ ਲਈ ਹੈ ।ਹੁਣ ਕਿਸੇ ਨਿਰਦਈ ਬੰਦੇ ਨੇ ਰੁਜ਼ਗਾਰ ਖੁੱਸਣ ਦੀ ਸੋਗੀ ਖਬਰ ਦੇਣ ਵਾਲੇ ਕਾਗਜ਼ ਦਾ ਨਾਂ ਗੁਲਾਬੀ ਪਰਚੀ ਰੱਖ ਦਿੱਤਾ ਸੀ । ਗਿਆਨ ਚੰਦ ਹੱਥੋਂ ਚਾਹ ਲੈਂਦਿਆਂ ਕਈ ਵਾਰ ਤਾਰਾ ਆਖਦੀ,'' ਬਾਊ ਜੀ, ਦੋਵੇਂ ਨਹੀਂ ਤਾਂ ਇਕ ਪੁੱਤਰ ਨੂੰ ਇਥੇ ਬੁਲਾ ਕੇ ਵਿਆਹ ਕਰ ਦਿਓ । ਏਸ ਉਮਰ ਵਿਚ ਕੰਮ ਦੇ ਖਲਜਗਣ ਤੋਂ ਤੁਹਾਡਾ ਤੇ ਬੀਬੀ ਜੀ ਦਾ ਪਿੱਛਾ ਛੁੱਟੇ |'' ਬਿਚਾਰੀ ਤਾਰਾ ਨੂੰ ਕੀ ਪਤਾ ਸੀ, ਕਿਸੇ ਪੁੱਤਰ ਨੂੰ ਇਥੇ ਆਉਣ ਲਈ ਕੀ ਕੁਝ ਤਿਆਗਣਾ ਪੈਣਾ ਸੀ । ਸੂਰਜ ਪ੍ਰਕਾਸ਼ ਆਪਣੇ ਬਾਰੇ ਬੇਫ਼ਿਕਰ ਰਹਿਣ ਲਈ ਆਖਦਾ । ਉਹ ਆਪਣੀ ਫਰਮ ਦੇ ਪੈਰ ਪੱਕੇ ਹੋਣ ਦਾ ਵਿਸ਼ਵਾਸ ਦੁਆਉਂਦਾ । ਆਰਥਿਕ ਸੰਸਥਾਵਾਂ ਦੀ ਖੈ ਦਾ ਵਰਤਾਰਾ ਸਮਝਾਉਣ ਲਈ ਉਹ ਕਤਾਰ ਵਿਚ

ਨਾਲੋ-ਨਾਲ ਖਲੋਤੇ ਸਾਈਕਲਾਂ ਦੀ ਮਿਸਾਲ ਦਿੰਦਾ । ਇਕ ਡਿੱਗ ਪਵੇ, ਬਾਕੀ ਸਭ ਅੱਗੇ ਦੀ ਅੱਗੇ ਡਿਗਦੇ ਜਾਂਦੇ ਹਨ । ਉਹ ਸਪਸ਼ਟ ਕਰਦਾ, ਉਹਦੀ ਫਰਮ ਆਰਥਿਕਤਾ ਨਾਲ ਨਹੀਂ, ਕਾਨੂੰਨ ਨਾਲ ਸੰਬੰਧਿਤ ਹੈ । ਤਾਂ

ਵੀ ਗਿਆਨ ਚੰਦ ਦੇ ਦਿਲ ਵਿਚ ਡਰ ਜਾਗਦਾ, ਰੱਬ ਨਾ ਕਰੇ, ਜੇ ਕਦੀ ਸੂਰਜ ਪ੍ਰਕਾਸ਼ ਦੀ ਫਰਮ ਦਾ ਸਾਈਕਲ

ਵੀ ਟੇਡਾ ਹੋ ਜਾਵੇ । ਪੁੱਤਰ ਦੀ ਪਹਿਲਾਂ ਕਦੀ ਕਹੀ ਹੋਈ ਇਕ ਚੰਗੀ ਗੱਲ ਵੀ ਚੇਤੇ ਆ ਕੇ ਹੁਣ ਉਹਦੀ ਚਿੰਤਾ ਵਿਚ ਵਾਧਾ ਕਰ ਦਿੰਦੀ । ਤਨਖ਼ਾਹ ਬਾਰੇ ਗਿਆਨ ਚੰਦ ਦੀ ਖੁਸ਼ੀ ਦੇਖ ਕੇ ਉਹਨੇ ਕਿਹਾ ਸੀ, ਇਹ ਤਨਖ਼ਾਹ ਤਾਂ ਨਵਾਂ ਹੋਣ ਕਰਕੇ ਉਹਦੀ ਯੋਗਤਾ ਲਈ ਬੱਸ ਠੀਕ-ਠਾਕ ਹੀ ਹੈ । ਕੁਝ ਅਨੁਭਵ ਮਿਲ ਜਾਵੇ, ਕੋਈ ਵੀ ਹੋਰ ਫਰਮ ਉਹਨੂੰ ਇਹਤੋਂ ਬਹੁਤ ਵੱਧ ਦੇ ਦੇਵੇਗੀ । ਗਿਆਨ ਚੰਦ ਨੂੰ ਇਹ ਫਰਮ ਏਨੀ ਛੇਤੀ ਇਉਂ ਛਡਣ ਦੀ ਪੁੱਤਰ ਦੀ ਸੋਚ ਅਜੀਬ ਲੱਗੀ । ਆਖ਼ਰ ਉਹਨਾਂ ਨੇ ਕੋਰਸ ਵਿਚੋਂ ਨਿਕਲਦੇ ਨੂੰ ਹੀ ਉਹਨੂੰ ਚੰਗੀ ਨੌਕਰੀ ਦੇ ਦਿੱਤੀ ਸੀ । ਏਨੀ ਛੇਤੀ ਉਹਨਾਂ ਦਾ ਅਹਿਸਾਨ ਇਉਂ ਭੁਲਾਉਣਾ ਅਤੇ ਵਿਸ਼ਵਾਸ ਇਉਂ ਤੋੜਨਾ ਠੀਕ ਨਹੀਂ ਸੀ । ਸੂਰਜ ਪ੍ਰਕਾਸ਼

ਹੱਸਿਆ, ''ਪਿਤਾ ਜੀ, ਇਥੇ ਕੰਮ-ਧੰਦੇ ਵਿਚ ਇਮੋਸ਼ਨਾਂ ਦੀ ਕੋਈ ਗੁੰਜਾਇਸ਼ ਨਹੀਂ। ਨੌਕਰੀ ਵਿਚ ਅਹਿਸਾਨ ਅਤੇ

ਵਿਸ਼ਵਾਸ ਦੇ ਸੰਕਲਪ ਇਥੇ ਆਪਣੇ ਦੇਸ ਵਰਗੇ ਨਹੀਂ । ਪੈਸੇ ਦੇਣੇ ਤੇ ਕੰਮ ਕਰਵਾਉਣਾ । ਪੈਸੇ ਲੈਣੇ ਤੇ ਕੰਮ

ਕਰਨਾ । ਜੇ ਭਲਕੇ ਕਿਸੇ ਕਾਰਨ ਇਹਨਾਂ ਨੂੰ ਮੇਰੀ ਲੋੜ ਨਾ ਰਹੇ, ਮੇਰੇ ਦਫਤਰ ਪਹੁੰਚਣ ਤੋਂ ਪਹਿਲਾਂ ਪਿੰਕ

ਸਲਿਪ ਮੇਜ਼ ਉੱਤੇ ਪਈ ਹੋਵੇਗੀ । ਕੋਈ ਵਿਚਾਰ-ਵਟਾਂਦਰਾ ਨਹੀਂ, ਕੋਈ ਹਮਦਰਦੀ ਨਹੀਂ। ਇਥੇ ਨੌਕਰੀ ਤੋਂ

ਹਟਾਉਣਾ ਤੇ ਨੌਕਰੀ ਛੱਡਣਾ ਸਾਧਾਰਨ ਗੱਲਾਂ ਹਨ । ਜੇ ਤੁਹਾਡੀ ਲੋੜ ਨਹੀਂ, ਉਹ ਪਿੰਕ ਸਲਿਪ ਮੇਜ਼

ਉੱਤੇ ਰੱਖ ਦੇਣਗੇ । ਜੇ ਹੋਰ ਕਿਤੇ ਚੰਗੇਰਾ ਕੰਮ ਮਿਲ ਜਾਵੇ, ਤੁਸੀਂ ਅਸਤੀਫ਼ਾ ਮੇਜ਼ ਉੱਤੇ ਜਾ ਰੱਖੋ । ਦੋਵੇਂ

ਪਾਸਿਓਂ ਕੋਈ ਸਵਾਲ-ਜਵਾਬ ਨਹੀਂ, ਕੋਈ ਕਿੰਤੂ-ਪ੍ਰੰਤੂ ਨਹੀਂ |''

ਚਾਰ-ਚੁਫੇਰੇ ਆਰਥਿਕ ਮੰਦੀ ਦਾ ਰੌਲਾ ਪੈ ਰਿਹਾ ਸੀ । ਜੇ ਸੂਰਜ ਪ੍ਰਕਾਸ਼ ਦੇ ਮੇਜ਼ ਉੱਤੇ ਗੁਲਾਬੀ

ਪਰਚੀ ਰੱਖ ਦਿੱਤੀ ਗਈ। ਪੁੱਤਰ ਪਿਤਾ ਦੀ ਚਿੰਤਾ ਦੂਰ ਕਰਨ ਦਾ ਯਤਨ ਕਰਦਾ, ''ਇਹ ਮਾਮਲਾ

ਆਰਥਿਕ ਸੰਸਥਾਵਾਂ ਦਾ ਹੈ, ਲਾਅ ਫਰਮਾਂ ਉੱਤੇ ਇਹਦਾ ਕੋਈ ਅਸਰ ਨਹੀਂ । ਸਗੋਂ ਡਿਗਦੀਆਂ ਸੰਸਥਾਵਾਂ

ਨਾਲ ਸੰਬੰਧਿਤ ਨਵੇਂ ਝਗੜੇ ਪੈਦਾ ਹੋਣ ਕਰਕੇ ਸਾਡਾ ਕੰਮ ਤਾਂ ਹੋਰ ਵਧਣਾ ਹੈ । ਪਿਤਾ ਜੀ, ਮੇਰੀ ਨੌਕਰੀ

ਦੀ ਕੋਈ ਚਿੰਤਾ ਨਾ ਕਰੋ ।ਕਿਤੇ ਨਹੀਂ ਜਾਂਦੀ ਮੇਰੀ ਨੌਕਰੀ ।ਵੈਸੇ ਵੀ ਮੇਰੀ ਯੋਗਤਾ ਨੂੰ ਇਥੇ ਅੱਜ ਵੀ

ਕੋਈ ਘਾਟਾ ਨਹੀਂ ਨੌਕਰੀਆਂ ਦਾ |'' ਹੁਣ ਜਦੋਂ ਇਹ ਸਾਈਕਲ-ਪ੍ਰਭਾਵ ਭਾਰਤ ਤੱਕ ਆ ਪੁੱਜਿਆ, ਗਿਆਨ ਚੰਦ ਦੀ ਚਿੰਤਾ ਦੁੱਗਣੀ ਹੋ ਗਈ ।ਸੂਰਜ ਪ੍ਰਕਾਸ਼ ਦੀ ਚਿੰਤਾ ਵਿਚ ਚੰਦਰ ਪ੍ਰਕਾਸ਼ ਦੀ ਚਿੰਤਾ ਵੀ ਜੁੜ ਗਈ । ਆਖ਼ਰ ਬੰਗਲੌਰ ਦਾ ਨਾਂ ਇਸ ਪ੍ਰਭਾਵ ਦੀ ਮਾਰ ਵਿਚ ਆਉਣ ਵਾਲੇ ਸ਼ਹਿਰਾਂ ਵਿਚੋਂ ਪਹਿਲਾ ਸੀ । ਚਾਹ ਨੂੰ ਉਬਾਲਾ ਆਇਆ ਹੀ ਸੀ ਕਿ ਫ਼ੋਨ ਦੀ ਘੰਟੀ ਵੱਜ ਗਈ । ਚਾਹ ਉਵੇਂ ਹੀ ਛੱਡ ਕੇ ਉਹ ਕਾਹਲੇ ਪੈਰੀਂ ਫ਼ੋਨ ਵੱਲ ਤੁਰ ਪਿਆ । ਬੇਟੇ ਤੋਂ ਉਹਦਾ ਸੁੱਖੀਂ-ਸਾਂਦੀਂ ਹੋਣਾ ਅਤੇ ਉਹਦੀ ਨੌਕਰੀ ਦਾ ਹਰੀ-ਕਾਇਮ ਹੋਣਾ ਸੁਣ ਕੇ ਉਹਦੇ ਕਾਹਲੇ ਸਾਹ ਨੂੰ ਟਿਕਾਅ ਆਇਆ । ਪਰ ਕੁਝ ਪਲ ਇਧਰਲੀਆਂ ਉਧਰਲੀਆਂ ਮਾਰਨ ਮਗਰੋਂ ਉਹਨੇ ਗਿਆਨ ਚੰਦ ਦਾ ਉਤਸਾਹ ਮੱਠਾ ਪਾ ਦਿੱਤਾ । ਉਹਦੀ ਫਰਮ ਲਈ ਵੀ ਹੈਡ ਆਫ਼ਿਸ ਨੂੰ ਬੱਚਤ ਦਿਖਾਉਣੀ ਜ਼ਰੂਰੀ ਹੋ ਗਈ ਸੀ । ਭਾਵੇਂ ਕਿਸੇ ਨੂੰ ਗੁਲਾਬੀ ਪਰਚੀ ਤਾਂ ਨਹੀਂ ਸੀ ਦਿੱਤੀ ਗਈ, ਪਰਕ ਸਭ ਦੇ ਘਟਾ ਦਿੱਤੇ ਗਏ ਸਨ । ਖਾਣ-ਪੀਣ ਦੀਆਂ ਭਾਂਤ-ਸੁਭਾਂਤੀਆਂ ਚੀਜ਼ਾਂ ਨਾਲ ਭਰੀ ਰਹਿਣ ਵਾਲੀ ਦਫ਼ਤਰ ਦੀ ਕਿਚਨ ਵਿਚ ਬੱਸ ਖਾਲੀ ਚਾਹ-ਕੌਫੀ ਰਹਿ ਗਈ ਸੀ । ਭੱਤੇ, ਓਵਰਟਾਈਮ ਅਤੇ ਹੋਰ ਸਹੂਲਤਾਂ ਤੇ ਲਾਭ ਵੀ ਖ਼ਤਮ ਹੋ ਗਏ ਸਨ । ਬੱਸ ਪਰਕਾਂ ਤੋਂ ਸੱਖਣੀ ਤਨਖ਼ਾਹ ਹੀ ਤਨਖ਼ਾਹ ਪੱਲੇ ਪੈਣੀ ਸੀ । ਸੂਰਜ ਪ੍ਰਕਾਸ਼ ਨੇ ਬੇਪ੍ਰਵਾਹੀ ਦਿਖਾਉਂਦਿਆਂ ਕਿਹਾ, '' ਪਿਤਾ

ਜੀ, ਮੁੱਖ ਗੱਲ ਤਾਂ ਨੌਕਰੀ ਤੇ ਤਨਖ਼ਾਹ ਹੈ । ਪਰਕਾਂ ਦਾ ਕੀ ਹੈ, ਅੱਜ ਬੰਦ ਹੋਏ, ਭਲਕੇ ਬਹਾਲ ਹੋ ਜਾਣਗੇ ।....ਹਾਂ, ਮਾਂ ਨੂੰ ਕਹਿਣਾ, ਇਕ-ਦੋ ਦਿਨਾਂ ਵਿਚ ਦਫਤਰੋਂ ਫ਼ੋਨ ਕਰੂੰਗਾ ਜਦੋਂ ਤੁਹਾਡੇ ਰਾਤ ਦੇ ਅਠ-ਨੌਂ ਬੱਜੇ ਹੋਏ । ਪਈ ਰਹਿਣ ਦਿਓ ਹੁਣ ਉਹਨੂੰ ਆਰਾਮ ਨਾਲ |'' ਗਿਆਨ ਚੰਦ ਨੇ ਵੀ ਪੁੱਤਰ ਨੂੰ ਬਹੁਤੀ ਚਿੰਤਾ ਨਾ ਦਿਖਾਈ । ਉੱਤੋਂ ਉੱਤੋਂ ਬੇਪ੍ਰਵਾਹੀ ਦਾ ਪ੍ਰਗਟਾਵਾ ਕਰਦਾ ਹੋਇਆ ਉਹ ਤਾਂ ਆਪ ਚਿੰਤਾ ਵਿਚ ਹੋਵੇਗਾ । ਉਹਦੀ ਚਿੰਤਾ ਵਿਚ ਆਪਣੀ ਚਿੰਤਾ ਦਾ ਵਾਧਾ ਕਿਉਂ ਕਰਨਾ ਹੋਇਆ ।

ਵਾਪਸ ਆ ਕੇ ਗੈਸ ਬਾਲੀ ਅਤੇ ਚਾਹ ਦੇ ਉਬਲਣ ਦੀ ਉਡੀਕ ਕਰਦਿਆਂ ਉਹਦਾ ਧਿਆਨ ਚੰਦਰ ਪ੍ਰਕਾਸ਼ ਵੱਲ ਚਲਿਆ ਗਿਆ । ਸੂਰਜ ਪ੍ਰਕਾਸ਼ ਨੂੰ ਤਾਂ ਉਹਨੇ ਝੂਠੀ-ਸੱਚੀ ਤਸੱਲੀ ਦੇ ਕੇ ਫ਼ੋਨ ਰੱਖ ਦਿੱਤਾ ਸੀ, ਪਰ ਅਮਰੀਕਾ ਵਿਚ ਗੁਲਾਬੀ ਪਰਚੀਆਂ ਦੀ ਭਰਮਾਰ ਅਤੇ ਪਰਕਾਂ ਦੀਆਂ ਕਟੌਤੀਆਂ ਭਾਰਤ ਵਿਚ ਚੰਦਰ ਪ੍ਰਕਾਸ਼ ਲਈ ਬੁਰਾ ਸੁਨੇਹਾ ਹੋ ਸਕਦੀਆਂ ਸਨ । ਪਿਛਲੇ ਕੁਝ ਦਿਨਾਂ ਤੋਂ ਆਉਟਸੋਰਸਿੰਗ ਬਾਰੇ ਅਮਰੀਕੀ ਸਰਕਾਰ ਦੀ ਸੁਰ ਲਗਾਤਾਰ ਉੱਚੀ ਹੋ ਰਹੀ ਸੀ । ਉੱਚੇ ਅਧਿਕਾਰੀ ਇਸ ਨੂੰ ਅਮਰੀਕੀਆਂ ਦੀ ਬੇਰੁਜ਼ਗਾਰੀ ਦਾ ਇਕ ਵੱਡਾ ਕਾਰਨ ਆਖ ਰਹੇ ਸਨ । ਕੀ ਪਤਾ, ਉਹ ਅਮਰੀਕਾ ਵਿਚ ਬੈਠੇ ਆਉਟਸੋਰਸਿੰਗ ਦੀ ਸਵਿਚ ਆਫ਼ ਕਰ ਕੇ ਭਾਰਤੀ ਕੰਪਨੀਆਂ ਦੀ ਬੱਤੀ ਕਦੋਂ ਗੁੱਲ ਕਰ ਦੇਣ । ਗਿਆਨ ਚੰਦ ਨੇ ਗੁਆਂਢੀਆਂ ਦੇ ਕੂੜੇਦਾਨਾਂ ਨੂੰ ਜਾ ਲੱਗੀ ਤਾਰਾ ਨੂੰ ਆਵਾਜ਼ ਦਿੱਤੀ । ਉਹਨੇ ਪਿਛਲੇ ਵਿਹੜੇ ਵਾਲੇ ਕੂਲਰ ਤੋਂ ਪਲੇਟ ਤੇ ਗਲਾਸ ਚੁੱਕੇ ਅਤੇ ਧਰਤੀ ਉੱਤੇ ਪਲਾਥੀ ਮਾਰਦਿਆਂ ਆਪਣੇ ਸਾਹਮਣੇ ਰੱਖ ਲਏ । ਪਲੇਟ ਵਿਚ ਬ੍ਰੈਡ ਰਖਦਿਆਂ ਅਤੇ ਗਲਾਸ ਵਿਚ ਚਾਹ ਪਾਉਂਦਿਆਂ ਗਿਆਨ ਚੰਦ ਨੇ ਪੁਛਿਆ,''ਹਾਂ, ਤਾਰਾ ਰਾਣੀ, ਹੁਣ ਦੱਸ ਬੇਟਾ, ਅੱਜ ਕਿਸ ਗੱਲੋਂ ਦੁਖੀ ਹੋਈ ਬੈਠੀ ਹੈਂ ?''

ਤੱਤੇ ਗਲਾਸ ਨਾਲ ਠੰਡੇ ਹੱਥ ਸੇਕਦਿਆਂ ਉਹ ਹਉਕਾ ਲੈ ਕੇ ਬੋਲੀ,'' ਦੁੱਖ ਤਾਂ ਮੇਰੇ ਨਾਲ ਹੀ ਜੰਮੇ ਨੇ ਬਾਊ ਜੀ । ਇਹਨਾਂ ਦਾ ਕੀ ਗਿਣਨਾ ਤੇ ਕੀ ਚਿਤਾਰਨਾ !''


''ਤੂੰ ਪਹਿਲਾਂ ਵਾਲੇ ਦੁੱਖਾਂ ਦੀ ਗੱਲ ਛੱਡ, ਇਹ ਦੱਸ, ਅੱਜ ਨਵਾਂ ਦੁੱਖ ਕਿਹੜਾ ਲੱਗ ਗਿਆ ?''


''ਮੀਨਾ ਕਹਿੰਦੀ ਹੈ, ਹੁਣ ਉਹਦੀ ਆਪਣੀ ਦਾਲ-ਰੋਟੀ ਨਹੀਂ ਚਲਦੀ ।ਏਸ ਮਹੀਨੇ ਤੋਂ ਉਹਨੇ ਕੋਈ ਪੈਸਾ ਨਹੀਂ ਦੇਣਾ ।ਬੱਸ, ਕਬਾੜ ਖ਼ਾਤਰ ਕੰਮ ਕਰਨਾ ਹੈ ਤਾਂ ਕਰਾਂ, ਨਹੀਂ ਤਾਂ ਨਾ ਕਰਾਂ !'' ਸੂਰਜ ਪ੍ਰਕਾਸ਼ ਦੇ ਵਾਧੂ ਪਰਕ ਬੰਦ ਹੋਏ ਸਨ, ਪਰ ਅਸਲ ਤਨਖ਼ਾਹ ਬਚ ਰਹੀ ਸੀ । ਵਿਚਾਰੀ ਤਾਰਾ ਦੀ ਤਾਂ ਤਨਖ਼ਾਹ ਹੀ ਜਾਂਦੀ ਰਹੀ ਸੀ, ਬਾਕੀ ਬਚਿਆ ਸੀ ਬੱਸ ਪਰਕ...

-ਗੁਰਬਚਨ ਸਿੰਘ ਭੁੱਲਰ, ਦਿੱਲੀ
Share this article :

+ ਪਾਠਕਾਂ ਦੇ ਵਿਚਾਰ + 1 ਪਾਠਕਾਂ ਦੇ ਵਿਚਾਰ

July 11, 2010 at 6:53 AM

Bhullar Sahib kamal dee kahani likhi hai apne....bilkul ajoki....Wah !

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger