Home » , , , » ਦੋ ਗੁੱਤਾਂ: ਰੋਜ਼ੀ ਸਿੰਘ

ਦੋ ਗੁੱਤਾਂ: ਰੋਜ਼ੀ ਸਿੰਘ

Written By Editor on Sunday, May 23, 2010 | 18:28


ਭਲਾ ਇੰਝ ਵੀ ਕਦੀ ਹੋਇਆ ਏ, ਬਈ ਕੋਈ ਤਰਸ ਦੇ ਅਧਾਰ ’ਤੇ ਕਿਸੇ ਨੂੰ ਦਿਲ ਦੇ ਦੇਵੇ। ਬੜੀ ਅਜੀਬ ਏ ਇਹ ਗੱਲ। ਤਰਸ ਖਾ ਕੇ ਕੋਈ ਕਿਸੇ ਨੂੰ ਰੋਟੀ ਖੁਆ ਸਕਦਾ ਏ, ਪੈਸੇ ਦੇ ਸਕਦਾ ਏ ਤੇ ਉਸ ਨੂੰ ਨੌਕਰੀ ਤੇ ਰੱਖ ਸਕਦਾ ਏ,
ਪਰ ਇਹ ਕੀ ਗੱਲ ਹੋਈ ਬਈ ਤਰਸ ਖਾ ਕੇ ਕੋਈ ਆਪਣਾ ਦਿਲ ਕਿਸੇ ਨੂੰ ਦੇ ਦੇਵੇ, ਕੋਝੀ ਜਿਹੀ ਗੱਲ ਏ ਇਹ। ਖੌਰੇ ਕੌਣ ਪਿਆ ਦੱਸਦਾ ਸੀ ਉਸ ਜੰਗਲੀ ਜਿਹੇ ਬੰਦੇ ਦੀ ਗੱਲ। ਆਖਦਾ ਪਿਆ ਸੀ ਕਿ ਉਹ ਜੰਗਲੀ ਜਿਹਾ ਬੰਦਾ ਬੜਾ ਅਜੀਬ ਪਿਆ ਲਗਦੈ। ਉਹ ਢਾਬੇ ਦਾ ਕੰਮ ਕਰਦਾ ਏ, ਤੇ ਮੁਰਗੇ ਤਲਣ ਵੇਲੇ ਜਿਹੜਾ ਧੂੰਆਂ ਉਠਦਾ, ਉਹ ਉਸ ਦੇ ਕਾਲੇ ਰੰਗ ਦੇ ਚਿਹਰੇ ’ਤੇ ਵਿਛਦਾ ਜਾਂਦਾ। ਉਸ ਦੀਆਂ ਅੱਖਾਂ ਅੰਦਰ ਨੂੰ ਧੱਸੀਆਂ ਹੋਈਆਂ ਨੇ। ਸ਼ਕਲ ਇਸ ਤਰਾਂ ਦੀ ਏ ਕਿ ਵੇਖ ਕੇ ਕਚਿਆਣ ਆਣ ਲੱਗ ਜਾਂਦੀ ਏ, ਤੇ ਬੰਦਾ ਦੂਜੇ ਪਾਸੇ ਮੂੰਹ ਫੇਰਨ ਲਈ ਮਜ਼ਬੂਰ ਹੋ ਜਾਂਦੈ। ਖੌਰੇ ਉਸ ਦੇ ਢਾਬੇ ’ਤੇ ਆਉਂਦੇ ਗਾਹਕ ਉਸ ਦੀ ਸ਼ਕਲ ਦੀ ਮੌਜੂਦਗੀ ਵਿਚ ਕਿਵੇਂ ਮੁਰਗੇ ਦੀਆਂ ਤਲੀਆਂ ਟੰਗਾਂ ਪਏ ਖਾਈ ਜਾਂਦੇ ਨੇ। ਕਾਲਾ ਕਲੂਟਾ, ਜੰਗਲੀ। ਗਾਹਕਾਂ ਵਿਚੋਂ ਰੋਜ਼ ਆਉਣ ਵਾਲੇ ਬੰਦੇ ਉਸ ਨੂੰ ਕਦੀ ਕਦੀ ਸ਼ਰਾਬ ਵੀ ਪਿਲਾ ਦਿੰਦੇ ਜਿਹੜੀ ਉਹਨਾਂ ਕੋਲੋਂ ਬਚ ਜਾਂਦੀ।
ਉਂਝ ਉਸਦਾ ਢਾਬਾ ਚਲਦਾ ਬਹੁਤ ਏ। ਸ਼ਾਮ ਨੂੰ ਤਾਂ ਉਸ ਨੂੰ ਸਿਰ ਖੁਰਕਣ ਦੀ ਵਿਹਲ ਨੀ ਹੁੰਦੀ। ਸਿਰ-ਉਫ਼, ਜਦੋਂ ਉਸ ਦੇ ਸਿਰ ਵੱਲ ਧਿਆਨ ਜਾਂਦੈ ਤਾਂ ਇੰਝ ਲਗਦੈ ਪਈ ਉਹ ਪਤਾ ਨਹੀਂ ਕਿੰਨੀ ਦੇਰ ਦਾ ਨਹਾਤਾ ਹੀ ਨਾ ਹੋਵੇ। ਪੈਰਾਂ ਦੀਆਂ ਅੱਡੀਆਂ ਅਤੇ ਗਿੱਟਿਆਂ ’ਤੇ ਮੈਲ ਵੀ ਇਕ ਮੋਟੀ ਪਰਤੀ ਪਈ ਜੰਮੀ ਏ। ਭੱਠੀ ਦੇ ਸੇਕ ਨਾਲ ਉਸ ਦਾ ਕਾਲਾ ਚਿਕਣਾ ਚਿਹਰਾ ਹੋਰ ਵੀ ਜ਼ਿਆਦਾ ਡਰਾਉਣਾ ਪਿਆ ਲਗਦੈ। ਘੋਗੜ ਕਾਂ ਵਰਗੀ ਉਸ ਦੀ ਆਵਾਜ਼ ਹੋਰ ਵੀ ਜ਼ਿਆਦਾ ਡਰਾਉਣੀ ਏ। ਮੂੰਹ ’ਤੇ ਹਮੇਸ਼ਾ ਗੰਦੀਆਂ ਗੰਦੀਆਂ ਗਾਲਾਂ। ਵਹਿਸ਼ੀਆਂ ਵਾਂਗੂੰ ਉਹ ਬਜ਼ਾਰ ਵਿਚ ਹਰ ਆਉਂਦੇ ਜਾਂਦੇ ਨੂੰ ਅੱਖਾਂ ਫਾੜ ਫਾੜ ਕੇ ਵੇਖਦਾ ਤੇ ਨਾਲੋ ਨਾਲ ਤੇਲ ਵਾਲੀ ਕੜਾਹੀ ਵਿਚ ਮਾਸ ਪਿਆ ਤਲਦਾ ਰਹਿੰਦਾ।
ਜਿਥੇ ਉਹ ਰਹਿੰਦਾ ਸੀ ਉਸ ਦੇ ਸਾਹਮਣੇ ਵਾਲੇ ਖਾਲੀ ਪਏ ਮਕਾਨ ਵਿਚ ਨਵੇਂ ਮਾਲਕ ਆ ਗਏ ਸੀ। ਕਿਸੇ ਪਿੰਡ ਤੋਂ ਆਏ ਇਹਨਾਂ ਨਵੇਂ ਮਾਲਕਾਂ ਦੀ ਇਕ ਜਵਾਨ ਤੇ ਖੂਬਸੂਰਤ ਕੁੜੀ, ਕਾਲਜ ਵਿਚ ਬੀ.ਏ. ਦੇ ਆਖ਼ਰੀ ਸਾਲ ਵਿਚ ਪੜ੍ਹਦੀ ਏ। ਪਤਲੀ ਜਿਹੀ ਛਮਕ ਵਰਗੀ, ਬਿਜਲੀ ਵਾਂਗ ਦੌੜਦੀ ਤੇ ਉਡਾਰੀਆਂ ਲਾਉਂਦੀ। ਆਰਜੂ... ਕਿੰਨਾ ਪਿਆਰਾ ਨਾਮ ਏ, ਆਰਜੂ...। ਸੋਹਣੀ ਇੰਨੀ ਕਿ ਹਰ ਕੋਈ ਉਸ ਵੱਲ ਵੇਖਦਾ ਵੇਖਦਾ ਅੱਗੇ ਕਿਸੇ ਚੀਜ਼ ਵਿਚ ਜਾ ਵੱਜਦਾ। ਕਈ ਵਾਰੀ ਸ਼ਾਮ ਨੂੰ ਉਹ ਕੋਠੇ ’ਤੇ ਆ ਚੜਦੀ, ਪਰ ਜਦੋਂ ਉਸ ਨੂੰ ਪਤਾ ਲਗਦਾ ਕਿ ਬਾਕੀ ਕੋਠਿਆਂ ’ਤੇ ਚੜੇ ਲੋਕ ਸਭ ਉਸ ਵੱਲ ਪਏ ਝਾਕਦੇ ਨੇ ਤਾਂ ਉਸ ਨੂੰ ਥੱਲੇ ਜਾਣ ਲਈ ਮਜ਼ਬੂਰ ਹੋਣਾ ਪੈਂਦਾ। ਜਦ ਉਹ ਕਿਤੇ ਹੱਸਦੀ ਤਾਂ ਇੰਝ ਲਗਦਾ ਜਿਵੇਂ ਕੰਨਾਂ ਵਿਚ ਘੁੰਗਰੂ ਪਏ ਵਜਦੇ ਹੋਏ। ਚਿੱਟਾ ਦੁੱਧ ਰੰਗ, ਸੂਰਖ ਗੱਲ੍ਹਾਂ ਪਤਲੇ-ਪਤਲੇ ਥਿਰਕਦੇ ਬੁੱਲ੍ਹ। ਕਮਾਲ ਦੀ ਕੁੜੀ ਏ ਆਰਜੂ। ਜਦ ਦੀ ਉਹ ਇਸ ਮਕਾਨ ਵਿਚ ਆਈ ਏ ਮੁਹੱਲੇ ਦੇ ਮੁੰਡੇ ਤਾਂ ਕੀ ਬੁੱਢੇ ਠੇਰੇ ਵੀ ਟੌਰ ਕੱਢਣ ਲੱਗ ਪਏ ਨੇ।
ਢਾਬੇ ਵਾਲੇ ਅਤੇ ਆਰਜੂ ਦਾ ਘਰ ਬਿਲਕੁਲ ਆਹਮੋ-ਸਾਹਮਣੇ ਨੇ, ਬੱਸ ਵਿਚਕਾਰ ਇਕ ਨਿੱਕੀ ਜਿਹੀ ਗਲੀ ਏ। ਬੱਸ ਇੰਨੀ ਕੁ ਗਲੀ ਕੇ ਕੋਠੇ ਦੀ ਛੱਤ ’ਤੇ ਚੜ ਕੇ ਬੰਦਾ ਛਾਲ ਮਾਰ ਕੇ ਗਲੀ ਪਾਰ ਕਰ ਸਕਦਾ ਏ। ਇਕ ਦਿਨ ਜਦ ਆਰਜੂ ਛੱਤ ’ਤੇ ਚੜੀ ਤਾਂ ਉਸ ਦਾ ਧਿਆਨ ਸਾਹਮਣੇ ਘਰ ਦੀ ਛੱਤ ’ਤੇ ਖੜੇ ਢਾਬੇ ਵਾਲੇ ’ਤੇ ਪਿਆ। ਪਹਿਲਾਂ ਤਾਂ ਉਹ ਇਕ ਦਮ ਤ੍ਰਬਕ ਗਈ, ਕਿੰਨੀ ਦੇਰ ਉਸ ਨੂੰ ਉਸ ਅਜੀਬ ਜਿਹੇ ਜੰਗਲੀ ਮੁੰਡੇ ਦੀ ਸ਼ਕਲ ਹੀ ਸਮਝ ਵਿਚ ਨਾ ਆਈ। ਆਰਜੂ ਨੂੰ ਵੇਖਣ ਤੋਂ ਬਾਅਦ ਉਹ ਜਦੋਂ ਹੱਸਿਆ ਤਾਂ ਸ਼ਾਮ ਦੇ ਹਨੇਰੇ ਵਿਚ ਕਾਲੇ ਰੰਗ ਦੇ ਮੂੰਹ ਵਿਚੋਂ ਸਿਰਫ਼ ਉਸ ਦੇ ਦੰਦ ਹੀ ਦਿਖਾਈ ਦਿੱਤੇ। ਜੋ ਤੰਬਾਕੂ ਦੇ ਗੁਟਕੇ ਖਾ ਖਾ ਪੀਲੇ ਹੋਏ ਪਏ ਸੀ। ਆਰਜੂ ਨੇ ਮੂੰਹ ਘੁਮਾ ਕੇ ਉਸ ਵੱਲ ਪਿਠ ਕਰ ਲਈ ਤੇ ਕੁਝ ਦੇਰ ਖੜੀ ਰਹਿਣ ਪਿੱਛੋਂ  ਥੱਲੇ ਉਤਰ ਆਈ। ਅੱਜ ਢਾਬੇ ਵਾਲੇ ਨੇ ਛੁੱਟੀ ਕੀਤੀ ਸੀ ਤੇ ਉਹ ਅਚਾਨਕ ਹੀ ਕੋਠੇ ਤੇ ਚੜ੍ਹਿਆ ਸੀ, ਤੇ ਉਸਨੂੰ ਆਰਜੂ ਦੇ ਦਰਸ਼ਨ ਹੋ ਗਏ। ਉਸਨੂੰ ਲੱਗਾ ਜਿਵੇਂ ਚੰਨ ਧਰਤੀ ਤੇ ਉਤਰ ਆਇਆ ਹੋਵੇ ਤੇ ਉਤਰਿਆ ਵੀ ਉਹਨਾਂ ਦੇ ਕੋਠੇ ’ਤੇ ਹੋਵੇ।
ਹੁਣ ਉਹ ਰੋਜ਼ ਸ਼ਾਮ ਨੂੰ ਢਾਬੇ ਤੋਂ ਕੁਝ ਦੇਰ ਆਪਣੇ ਘਰ ਆ ਜਾਂਦਾ ਤੇ ਕੋਠੇ ਚੜ੍ਹ ਕੇ ਆਰਜੂ ਨੂੰ ਵੇਖਦਾ। ਉਸ ਨੇ ਢਾਬੇ ’ਤੇ ਇਕ ਛੋਟਾ ਮੁੰਡਾ ਰੱਖ ਲਿਆ ਸੀ ਤਾਂ ਕਿ ਗਾਹਕ ਮੁੜ ਨਾ ਜਾਣ। ਉਹ ਰੋਜ਼ ਸ਼ਾਮ ਨੂੰ ਆਪਣੇ ਘਰ ਦੀ ਛੱਤ ’ਤੇ ਆਣ ਚੜ੍ਹਦਾ ਤੇ ਘੰਟਾ ਕੁ ਪਿਆ ਉਡੀਕਦਾ ਰਹਿੰਦਾ, ਜਦੋਂ ਆਰਜੂ ਛੱਤ ’ਤੇ ਆਉਂਦੀ ਤਾਂ ਉਹ ਉਸ ਵੱਲ ਤੱਕ ਕੇ ਹੱਸਣ ਲੱਗ ਪੈਂਦਾ। ਆਰਜੂ ਵੀ ਹੁਣ ਉਸ ਦੇ ਹਾਸੇ ਦਾ ਜਵਾਬ ਥੋੜ੍ਹਾ ਕੁ ਮੁਸਕਰਾ ਕੇ ਦੇ ਦਿੰਦੀ ਤੇ ਉਸ ਵੱਲ ਪਿੱਠ ਕਰਕੇ ਖਲੋ ਜਾਂਦੀ। ਸ਼ਾਇਦ ਉਹ ਸਮਝਦੀ ਸੀ ਕਿ ਗੁਆਂਢੀ ਏ, ਤੇ ਇਸ ਨੇ ਇਥੇ ਹੀ ਰਹਿਣਾ ਹੈ, ਅਤੇ ਗੁਆਂਢੀਆਂ ਨਾਲ ਬੰਦੇ ਦਾ ਮਿਲਵਰਤਨ ਚੰਗਾ ਹੋਣਾ ਚਾਹੀਦਾ ਹੈ, ਪਰ ਉਹ ਢਾਬੇ ਵਾਲਾ ਹੀ ਮੁਸਕਰਾਹਟ ਨੂੰ ਕੁਝ ਹੋਰ ਹੀ ਪਿਆ ਸਮਝਦਾ, ਤੇ ਅੰਦਰ ਹੀ ਅੰਦਰ ਖੁਸ਼ ਪਿਆ ਹੁੰਦਾ ਰਹਿੰਦਾ। ਉਹ ਰੋਜ਼ ਕੋਠੇ ’ਤੇ ਚੜ੍ਹਦਾ ਤੇ ਆਰਜੂ ਨੂੰ ਵੇਖਣ ਤੋਂ ਬਿਨਾਂ ਉਸ ਨੂੰ ਸਬਰ ਨਾ ਆਉਂਦਾ। ਆਰਜੂ ਪਤਾ ਨਹੀਂ ਇਨਸਾਨੀਅਤ ਦੇ ਭਾਵ ਨਾਲ ਤੇ ਜਾਂ ਖੋਰੇ ਇਕ ਚੰਗੇ ਗੁਆਂਢੀ ਦੇ ਫ਼ਰਜ਼ ਨਾਲ ਉਸ ਦੀ ਕਿਸੇ ਕਿਸੇ ਗੱਲ ਦਾ ਕਦੇ ਕਦੇ ਜਵਾਬ ਦੇ ਦਿੰਦੀ। ਉਹ ਢਾਬੇ ਵਾਲਾ ਮੁੰਡਾ ਹੁਣ ਜਿਆਦਾ ਹੀ ਸੱਜਣ ਫੱਬਣ ਲੱਗ ਪਿਆ, ਅੱਡੀਆਂ ਅਤੇ ਗਿੱਟਿਆਂ ’ਤੇ ਜੰਮੀ ਮੈਲ ਉਸ ਧੋ ਸੁੱਟੀ ਸੀ। ਵਾਲਾਂ ਨੂੰ ਉਸ ਸ਼ੈਂਪੂ ਨਾਲ ਸਾਫ਼ ਕੀਤਾ। ਹੁਣ ਉਹ ਨਵੇਂ ਕੱਪੜੇ ਪਾ ਕੇ ਕੋਠੇ ’ਤੇ ਚੜ੍ਹਦਾ।
ਮਕਾਨ ’ਚ ਆਏ ਨਵੇਂ ਮਾਲਕਾਂ ਦੀ ਹੁਣ ਸਾਰੀ ਗਲੀ ਵਿਚ ਵਾਕਫ਼ੀ ਹੋ ਗਈ ਸੀ। ਕਦੀ ਕਦੀ ਆਰਜੂ ਦੀ ਮਾਂ ਅਤੇ ਆਰਜੂ ਆਪਣੇ ਦਰਵਾਜ਼ੇ ਅੱਗੇ ਖਲੋ ਕੇ ਢਾਬੇ ਵਾਲੇ ਦੀ ਮਾਂ ਨਾਲ ਗੱਲਾਂ ਵੀ ਕਰ ਲੈਂਦੀਆਂ ਤੇ ਕਦੇ ਕਦੇ ਢਾਬੇ ਵਾਲੇ ਦੀ ਮਾਂ ਆਰਜੂ ਦੇ ਘਰ ਆ ਜਾਂਦੀ, ਤੇ ਉਹ ਆਪਣੀ ਮਾਂ ਨੂੰ ਬੁਲਾਉਣ ਦੇ ਬਹਾਨੇ ਆਰਜੂ ਦੇ ਘਰ ਚਲਾ ਜਾਂਦਾ। ਘਰ ਬਿਲਕੁਲ ਲਾਗੇ ਹੋਣ ਕਾਰਨ ਹੁਣ ਆਰਜੂ ਵੀ ਢਾਬੇ ਵਾਲੇ ਨਾਲ ਗੱਲਾਂ ਵਗੈਰਾ ਕਰ ਲੈਂਦੀ। ਢਾਬੇ ਵਾਲਾ ਆਰਜੂ ਦੀ ਇਸ ਮਿਹਰਬਾਨੀ ਨੂੰ ਆਪਣੇ ਖਿਆਲਾਂ ਵਿਚ ਸਮੋਈ ਜਾਂਦਾ। ਕਈ ਵਾਰੀ ਤਾਂ ਸਵੇਰੇ ਜਦ ਉਹ ਕਾਲਜ ਜਾਂਦੀ ਤਾਂ ਉਸ ਦੇ ਪਿਛੇ ਤੁਰ ਪੈਂਦਾ। ਆਰਜੂ ਹੁਣ ਐਮ.ਏ. ਦੇ ਪਹਿਲੇ ਸਾਲ ਵਿਚ ਏ। ਇਕ ਦਿਨ ਢਾਬੇ ਵਾਲੇ ਮੁੰਡੇ ਨੇ ਆਪਣੀ ਸਾਰੀ ਹਿੰਮਤ ਜੁਟਾ ਕੇ ਉਸ ਨੂੰ ਆਖਿਆ, ‘‘ਤੁਸੀਂ ਦੋ ਗੁੱਤਾਂ ਕਿਉਂ ਨਈ ਕਰਦੇ ਡਾਢੀਆਂ ਸੋਹਣੀਆਂ ਲੱਗਣਗੀਆਂ ਤੁਹਾਨੂੰ।’’ ਉਸ ਦੀ ਆਵਾਜ਼ ਵਿਚ ਏਨਾ ਤਰਲਾ ਸੀ ਕਿ ਆਰਜੂ ਨੂੰ ਪਤਾ ਨਹੀਂ ਕਿਉਂ ਉਸ ਦੀਆਂ ਬੰਟਿਆਂ ਵਰਗੀਆਂ ਅੱਖਾਂ ’ਤੇ ਤਰਸ ਆ ਗਿਆ।
ਆਰਜੂ ਇਕ ਸਿਆਣੀ ਕੁੜੀ ਏ ਤੇ ਪੜੀ ਲਿਖੀ, ਉਸ ਨੇ ਸੋਚਿਆ ਕਿ ਇਨਸਾਨ ਤਾਂ ਇਨਸਾਨ ਹੀ ਹੁੰਦੈ ਤੇ ਇਨਸਾਨ ਦਾ ਦਿਲ...! ਉਸ ਨੇ ਸੋਚਿਆ ਕਿ ਇਸ ਦੀਆਂ ਆਪਣੀਆਂ ਕੁਝ ਭਾਵਨਾਵਾਂ ਹੋਣਗੀਆਂ ਭਾਵੇਂ ਕਿ ਉਹ ਕਾਲਾ ਹੈ ਤੇ ਸ਼ਕਲ ਤੋਂ ਜੰਗਲੀ ਏ ਪਰ ਉਸ ਦੇ ਇਸ ਤਰ੍ਹਾਂ ਦਾ ਹੋਣ ਵਿਚ ਉਸ ਦਾ ਆਪਣਾ ਤਾਂ ਕੋਈ ਕਸੂਰ ਨਹੀਂ ਏ। ਆਰਜੂ ਨੇ ਸੋਚਿਆ ਕਿ ਉਸ ਦਾ ਦਿਲ ਖੁਸ਼ ਕਰਨ ਲਈ ਉਹ ਦੋ ਗੁੱਤਾਂ ਜ਼ਰੂਰ ਕਰੇਗੀ। ਅਗਲੇ ਦਿਨ ਜਦ ਆਰਜੂ ਛੱਤ ਤੇ ਚੜੀ ਤਾਂ ਉਸ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਸੀ। ਜਦ ਢਾਬੇ ਵਾਲੇ ਨੇ ਉਸ ਨੂੰ ਵੇਖਿਆ ਤਾਂ ਅੰਦਰ ਹੀ ਅੰਦਰ ਉਸ ਦੇ ਦਿਲ ਦਿਮਾਗ ਵਿਚ ਸ਼ਹਿਨਾਈਆਂ ਵੱਜਣ ਲੱਗ ਪਈਆਂ । ਉਸ ਨੂੰ ਇੰਝ ਲੱਗਾ ਜਿਵੇਂ ਹੁਣ ਤੱਕ ਦੀ ਵਰੇਸ ਵਿਚ ਉਸ ਵਲੋਂ ਮੰਗੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹੋਣ। ਉਹ ਜਦੋਂ ਹੱਸਿਆ ਤਾਂ ਵਰਾਸ਼ਾਂ ਤੱਕ ਉਸ ਦੇ ਮੈਲੇ ਦੰਦ ਬਾਹਰ ਤੱਕ ਦਿਖਾਈ ਦਿੱਤੇ, ਜਿਹੜੇ ਕਿ ਤਮਾਕੂੰ ਤੇ ਪਾਨ ਖਾ ਖਾ ਕੇ ਪੀਲੇ ਹੋਏ ਪਏ ਸੀ।
ਹੁਣ ਜਦ ਆਰਜੂ ਕਾਲਜ ਲਈ ਤਿਆਰ ਹੋ ਕੇ ਘਰੋਂ ਤੁਰਦੀ ਤਾਂ ਉਹ ਉਸ ਦੇ ਪਿੱਛੇ ਕਾਲਜ ਦੇ ਗੇਟ ਤੱਕ ਵੀ ਚਲੇ ਜਾਂਦਾ। ਉਸ ਦੇ ਇਸ ਤਰ੍ਹਾਂ ਕਰਨ ਵਾਲਾ ਆਰਜੂ ਦੀਆਂ ਸਹੇਲੀਆਂ ਉਸ ਨੂੰ ਸਤਾਉਣ ਲਈ ਕਈਂ ਵਰੀ ਕਹਿ ਦਿੰਦੀਆਂ ‘ਆਰਜੂ ਤੇਰਾ ਬੁਆਏ ਫਰੈਂਡ ਬੜਾ ਘੈਂਟ ਏਅ ਯਾਰ।’ ਉਹ ਹੱਸ ਕੇ ਟਾਲ ਛੱਡਦੀ। ਛੁੱਟੀ ਟਾਈਮ ਵੀ ਉਹ ਉਸ ਦੇ ਕਾਲਜ ਕੋਲ ਆ ਜਾਂਦਾ। ਉਸ ਦੇ ਮਨ ਵਿਚ ਪਤਾ ਨਹੀਂ ਕੀ ਕੀ ਉਬਾਲੇ ਪਿਆ ਮਾਰ ਰਿਹਾ ਸੀ। ਕੀ ਆਰਜੂ ਉਸ ਨੂੰ ਪਸੰਦ ਕਰਦੀ ਏ? ਕੀ ਉਹ ਉਸ ਨੂੰ ਮੁਹੱਬਤ ਕਰਦੀ ਏ? ਉਹ ਸ਼ੀਸ਼ੇ ਮੁਹਰੇ ਖਲੋਂਦਾ ਤਾਂ ਉਸ ਦਾ ਜੀ ਕਰਦਾ ਕਿ ਉਹ ਸ਼ੀਸ਼ੇ ਨੂੰ ਪਾੜ ਕੇ ਉਸ ਵਿਚ ਵਿਖਾਈ ਦਿੰਦੀ ਸ਼ਕਲ ਨੂੰ ਵਲੂੰਦਰ ਦੇਵੇ। ਉਹ ਮੂੰਹ ਵਿਚ ਪਤਾ ਨਹੀਂ ਕੀ ਕੁਝ ਪਿਆ ਬੋਲਦਾ ਤੇ ਫਿਰ ਢਾਬੇ ’ਤੇ ਚਲਾ ਜਾਂਦਾ। ਕਿੰਨੇ ਸਾਲ ਬੀਤ ਗਏ ਉਹ ਨਿੱਤ ਆਰਜੂ ਨੂੰ ਖੁਦਾ ਵਾਂਗ ਚਾਹੁੰਦਾ ਰਿਹਾ ਪਰ....!
ਆਰਜੂ ਦੀ ਪੜਾਈ ਖ਼ਤਮ ਹੋ ਗਈ ਏ। ਤੇ ਹੁਣ ਉਸ ਦਾ ਵਿਆਹ ਏ। ਇਕ ਦਿਨ ਜਦ ਆਰਜੂ ਛੱਤ ਤੇ ਵਾਲ ਖੁੱਲੇ ਛੱਡ ਕੇ ਖੜੀ ਤਾਂ ਢਾਬੇ ਵਾਲੇ ਨੇ ਉਸ ਦੇ ਕੋਲ ਆ ਕਿ ਕਿਹਾ ‘ਤੁਸੀਂ ਦੋ ਗੁੱਤਾਂ ਕਿਉਂ ਨਈ ਕਰ ਲੈਂਦੇ।’ ਆਰਜੂ ਨੇ ਪਿਛੇ ਵੇਖਿਆ ਤਾਂ ਉਸ ਨੂੰ ਸ਼ਾਮ ਦੇ ਗਹਿਰੇ ਜਿਹੇ ਚਾਨਣ ਵਿਚ ਉਸ ਦਾ ਜੰਗਲੀ ਚਿਹਰਾ ਵਿਖਾਈ ਦਿੱਤਾ। ਉਸ ਦੀਆਂ ਅੱਖਾਂ ਵਿਚ ਅਜੀਬ ਤਰ੍ਹਾਂ ਦੀ ਰੌਸ਼ਨੀ ਪਈ ਝਲਕ ਰਹੀ ਸੀ। ਆਰਜੂ ਨੇ ਉਸ ਨੂੰ ਬੜੀ ਹਮਦਰਦੀ ਨਾਲ ਕਿਹਾ ‘ਤੂੰ ਪਾਗਲ ਏ’ ਐਂਵੇ ਆਪਣਾ ਵਕਤ ਪਿਆ ਬਰਬਾਦ  ਕਰਦਾ ਏ’। ਤੇਰਾ ਮੇਰਾ ਮੇਲ ਈ ਕੀ ਏ। ਤੂੰ ਇਕ ਚੰਗਾ ਮੁੰਡੇ ਏ, ਤੂੰ ਸੋਹਣਾ ਨਹੀਂ ਇਸ ਵਿਚ ਤੇਰਾ ਕੋਈ ਕਸੂਰ ਨਹੀਂ ਇਸ ਲਈ ਮੈਨੂੰ ਤੇਰੇ ਨਾਲ ਹਮਦਰਦੀ ਏ। ਮੈਂ ਤੇਰੇ ਲਈ ਦੋ ਗੁੱਤਾਂ ਕਾਹਦੇ ਲਈ ਕਰਾਂ..’ ਢਾਬੇ ਵਾਲਾ ਕੁਝ ਦੇਰ ਚੁੱਪ ਰਹਿ ਕੇ ਬੋਲਿਆ, ਪਹਿਲਾਂ ਵੀ ਤਾਂ ਤੁਸੀਂ ਮੇਰੇ ਕਹੇ ਤੇ ਦੋ ਗੁੱਤਾਂ ਕੀਤੀਆਂ ਸੀ।’
‘‘ ਉਹ ਤਾਂ ਮੈਨੂੰ ਤੇਰੇ ਤੇ ਤਰਸ ਆ ਗਿਆ ਸੀ।"  ਆਰਜੂ ਨੇ ਸਹਿ ਸੁਭਾਅ ਹੀ ਆਖਿਆ। ਇਹ ਸੁਣ ਕੇ ਢਾਬੇ ਵਾਲਾ ਮੁੰਡਾ ਸੁੰਨ ਹੋ ਗਿਆ। ਉਸ ਨੂੰ ਇੰਝ ਲੱਗਾ ਜਿਵੇਂ ਸਾਰੀ ਦੁਨੀਆਂ ਦੇ ਨਾਲ ਸ਼ਾਮ ਦਾ ਢਲਦਾ ਸੂਰਜ ਵੀ ਉਸ ਨੂੰ ਤਰਸ ਦੇ ਆਧਾਰ ’ਤੇ ਹੀ ਵੇਖ ਰਿਹਾ ਹੈ।

ਰੋਜ਼ੀ ਸਿੰਘ
Share this article :

+ ਪਾਠਕਾਂ ਦੇ ਵਿਚਾਰ + 2 ਪਾਠਕਾਂ ਦੇ ਵਿਚਾਰ

May 23, 2018 at 6:27 PM

ਬਾ-ਕਮਾਲ ਦੋ ਗੁੱਤਾਂ

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger