Home » , , , » ਨਿੱਜੀ ਮੁਫਾਦਾਂ ਨੂੰ ਲਾਂਭੇ ਰੱਖ ਕੇ ਪੰਜਾਬੀਅਤ ਦੇ ਹਿੱਤ ਲਈ ਲੜੀ ਜਾਵੇ ਸਾਹਿੱਤ ਸੰਸਥਾਵਾਂ ਦੀ ਚੋਣ

ਨਿੱਜੀ ਮੁਫਾਦਾਂ ਨੂੰ ਲਾਂਭੇ ਰੱਖ ਕੇ ਪੰਜਾਬੀਅਤ ਦੇ ਹਿੱਤ ਲਈ ਲੜੀ ਜਾਵੇ ਸਾਹਿੱਤ ਸੰਸਥਾਵਾਂ ਦੀ ਚੋਣ

Written By Editor on Saturday, April 24, 2010 | 20:01

ਸੰਪਾਦਕੀ
ਦੀਪ ਜਗਦੀਪ ਸਿੰਘ
ਦੋ ਸਾਲ ਬਾਅਦ ਹੋਣ ਵਾਲੀਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਦਾ ਬਿਗੁਲ ਇਕ ਵਾਰ ਫਿਰ ਵੱਜ ਚੁੱਕਾ ਹੈ। ਫਿਰ ਵੱਖ-ਵੱਖ ਧੜ੍ਹਿਆਂ ਨੇ ਆਪਣੇ-ਆਪਣੇ ਉਮੀਦਵਾਰ (ਸਾਹਿੱਤਕਾਰ) ਇਸ ਸਿਰਮੌਰ ਸਾਹਿਤਕ ਅਦਾਰੇ ਦੀ ਸਿਆਸਤ ਅਤੇ ਪ੍ਰਬੰਧ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ। 2 ਮਈ ਨੂੰ ਹੋਣ ਵਾਲੀਆਂ ਚੋਣਾਂ ਤੱਕ ਆਮ ਸਿਆਸੀ ਚੋਣਾਂ ਵਾਂਗ ਸਾਹਿਤਕਾਰਾਂ ਦੀ ਇਸ ਚੋਣ ਵਿਚ ਵੀ ਜੋੜ-ਤੋੜ ਦੀ ਰਾਜਨੀਤੀ ਪੂਰੀ ਤਰ੍ਹਾਂ ਹਾਵੀ ਹੈ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਵੇਂ ਕੋਈ ਵੀ ਧੜਾ ਅਕਾਦਮੀ ਦੀ ਸੱਤਾ ਤੇ ਕਾਬਿਜ਼ ਰਿਹਾ, ਉਸ ਨੇ ਇਨਾਮਾਂ-ਸਨਮਾਨਾਂ ਦੀ ਸਿਆਸਤ ਅਤੇ ਧੜੇਬੰਦੀ ਨੂੰ ਹੀ ਤਰਜ਼ੀਹ ਦਿੱਤੀ। ਪੰਜਾਬੀ ਸਾਹਿਤ ਅਕਾਦਮੀ ਦੇ ਪੁਰਾਣੇ ਮੈਂਬਰ, ਪੰਜਾਬ ਦਾ ਪਾਠਕ ਵਰਗ ਅਤੇ ਨੌਜਵਾਨ/ਉਭਰਦੇ ਲੇਖਕ ਲੰਬੇ ਸਮੇਂ ਤੋਂ ਇਸ ਪੂਰੀ ਕਾਰਵਾਈ ਦੇਖ, ਸੁਣ ਅਤੇ ਸਮਝ ਰਹੇ ਹਨ। ਸਾਹਿਤਕਾਰਾਂ ਦੀ ਧੜੇਬੰਦੀ ਅਤੇ ਨਿੱਜੀ ਮੁਫ਼ਾਦਾਂ ਦੀ ਇਸ ਸਿਆਸਤ ਵਿਚ ਲਗਾਤਾਰ ਡਿੱਗਦੇ ਕਿਰਦਾਰਾਂ, ਕੁਰਸੀਆਂ, ਇਨਾਮਾਂ-ਸਨਮਾਨਾਂ ਖ਼ਾਤਿਰ ਪੰਜਾਬ ਦੇ ਭਾਸ਼ਾਈ, ਸਾਹਿਤੱਕ ਅਤੇ ਸਭਿਆਚਾਰਕ ਮਸਲਿਆਂ ਨੂੰ ਹਾਸ਼ੀਏ ਤੇ ਧੱਕਣ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਅਤੇ ਸਭਿਆਚਾਰ ਨਾਲ ਜੋੜਨ ਲਈ ਇੱਛਾ ਸ਼ਕਤੀ ਦੀ ਗੈਰ-ਹਾਜ਼ਿਰੀ ਕਾਰਨ ਇਹ ਮਸਲਾ ਹੋਰ ਵੀ ਗੰਭੀਰ ਰੂਪ ਅਖ਼ਤਿਆਰ ਕਰ ਰਿਹਾ ਹੈ। ਇਕ ਪਾਸੇ ਬੰਦ ਕਮਰਿਆਂ ਵਿਚ ਚੰਦ ਕੁ ਸਥਪਿਤ ਡਾਕਟਰਾਂ ਅਤੇ ਵਿਦਵਾਨਾਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਸਾਹਿਤ ਅਤੇ ਸਭਿਆਚਾਰ ਤੋਂ ਦੂਰ ਹੋਣ ਲਈ ਕੋਸਿਆ ਜਾਂਦਾ ਹੈ, ਦੂਸਰੇ ਪਾਸੇ ਸਾਹਿਤਕ ਚੋਣਾਂ ਨੂੰ  ਸਿਆਸੀ ਰੰਗਤ ਵਿਚ ਰੰਗ ਕੇ ਸਾਹਿਤਕਾਰਾਂ ਦੇ ਕਿਰਦਾਰ ਅਤੇ ਸਾਹਿਤ ਨੂੰ ਆਮ ਪਾਠਕਾਂ ਅਤੇ ਨਵੇਂ ਲੇਖਕਾਂ ਦੀ ਨਜ਼ਰ ਵਿਚ ਹੀਣਾ ਕੀਤਾ ਜਾ ਰਿਹਾ ਹੈ।ਸੂਚਨਾ ਤਕਨੀਕ ਅਤੇ ਵਿਸ਼ਵੀਕਰਨ ਦੇ ਦੌਰ ਵਿਚ ਸਥਾਪਿਤ ਲੇਖਕਾਂ ਵੱਲੋਂ ਅਦਾਰਿਆਂ ‘ਤੇ ਕਬਜ਼ੇ ਦੀ ਇਹ ਸਿਆਸਤ ਨਾ ਤਾਂ ਪੰਜਾਬੀ ਸਾਹਿਤ/ਸਭਿਆਚਾਰ ਦਾ ਕੁਝ ਸੁਆਰ ਰਹੀ ਹੈ ਅਤੇ ਨਾਂ ਹੀ ਨੌਜਵਾਨਾਂ ਨੂੰ ਉਤਸ਼ਾਤਿਹ ਕਰਨ ਲਈ ਕੋਈ ਠੋਸ ਜਾਂ ਉਸਾਰੂ ਕਦਮ ਚੁੱਕ ਰਹੀ ਹੈ। 2008 ਵਿਚ ਹੋਈਆਂ ਚੋਣਾਂ ਦੌਰਾਨ ਵੱਡੇ ਸਾਹਿਤਕਾਰਾਂ ਦੇ ਬੋਣੇ ਹੋਏ ਕਿਰਦਾਰ ਦੇਖ ਕਿ ਨੌਜਵਾਨ ਕਲਮਕਾਰਾਂ ਅਤੇ ਭਾਵੁਕ ਪਾਠਕਾਂ ਦੇ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ ਸੀ। ਇਸ ਦਾ ਪ੍ਰਗਟਾਵਾ ਵੱਖ-ਵੱਖ ਮਾਧਿਅਮਾਂ ਰਾਹੀਂ ਨੌਜਵਾਨਾਂ ਨੇ ਪਿਛਲੇ ਸਾਲਾਂ ਦੌਰਾਨ ਕੀਤਾ। ਇਹ ਵੀ ਸਮਝ ਆ ਰਿਹਾ ਹੈ ਕਿ ਉਹ ਸਾਹਿੱਤਕਾਰ, ਜੋ ਆਮ ਦਿਨ੍ਹਾਂ ਵਿਚ ਬਹੁਤ ਹੀ ਸਬਰ, ਸੰਤੋਖ ਅਤੇ ਮਿਆਰੀ ਕਿਰਦਾਰ ਨਾਲ ਆਮ ਜ਼ਿੰਦਗੀ ਵਿਚ ਵਿਚਰਦੇ ਹਨ, ਚੋਣਾਂ ਦੇ ਦਿਨਾਂ ਵਿਚ ਉਹ ਸ਼ਾਤਿਰ ਸਿਆਸਤਦਾਨਾਂ ਵਾਂਗ ਸਰਗਰਮ ਹੋ ਜਾਂਦੇ ਹਨ। ਪੰਜਾਬੀ ਸਾਹਿਤ ਅਕਾਡਮੀ ਦੀਆਂ ਪਿਛਲੀਆਂ ਚੋਣਾਂ ਵਿਚ ਖੱਬੀ ਵਿਚਾਰਧਾਰਾ ਆਧਾਰਿਤ ਪਾਰਟੀਆਂ ਨੇ ਪੂਰੀ ਤਾਕਤ ਨਾਲ ਅਕਾਦਮੀ ਦੀ ਸੱਤਾ ਤੇ ਕਾਬਜ਼ ਹੋਣ ਦਾ ਯਤਨ ਕੀਤਾ, ਜਿਸ ਵਿਚ ਉਹ ਬਹੁਤ ਹੱਦ ਤੱਕ ਕਾਮਯਾਬ ਵੀ ਰਹੀਆਂ। ਪਹਿਲਾਂ ਤੋਂ ਕਾਬਜ਼ ਧਿਰਾਂ ਦੇ ਰਾਜਨੀਤਿਕ ਸੰਬੰਧ ਅਤੇ ਸਰੋਕਾਰ ਵੀ ਜਗ-ਜਾਹਿਰ ਹਨ। ਅਕਾਦਮੀ ਦੀਆਂ ਗਤੀਵਿਧੀਆਂ ਲਈ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਇਸ ਰਾਜਨੀਤਿਕ, ਸੱਤਾਧਾਰੀ ਗਠਜੋੜ ਨੂੰ ਜਰੂਰੀ ਸਮਝਿਆ ਜਾਂਦਾ ਹੈ। ਮੌਜੂਦਾ ਕਾਬਜ਼ ਧਿਰ ਇਸੇ ਗਠਜੋੜ ਦੇ ਆਧਾਰ ਤੇ ਹਾਸਿਲ ਕੀਤੀ ਗਈ ਸਰਕਾਰੀ ਆਰਥਿਕ ਸਹਾਇਤਾ ਅਤੇ ਉਸ ਨਾਲ ਹੋਏ ਕਾਰਜਾਂ ਨੂੰ ਆਪਣੀ ਸਫ਼ਲਤਾ ਗਿਣਾ ਕੇ ਫੇਰ ਵੋਟਾਂ ਮੰਗ ਰਹੀ ਹੈ, ਜਦਕਿ ਦੂਜਾ ਧੜਾ ਆਪਣੇ ਮਜਬੂਤ ਸਿਆਸੀ/ਪ੍ਰਬੰਧਕ ਆਧਾਰ ਤੇ ਵੋਟ ਦੀ ਆਸ ਰੱਖ ਰਿਹਾ ਹੈ। ਸਾਹਿਤਕ ਚੋਣਾਂ ਵਿਚ ਮੁਕਾਬਲਾ ਸਿਆਸੀ ਤਾਕਤਾਂ ਦਾ ਹੋ ਰਿਹਾ ਹੈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਇਸ ਪੂਰੇ ਪ੍ਰਪੰਚ ਵਿਚ ਸਾਹਿਤ ਅਤੇ ਸਭਿਆਚਾਰ ਕਿਵੇਂ ਹਾਸ਼ਿਏ ਤੇ ਰਹਿ ਜਾਵੇਗਾ।ਇਸ ਗੱਲ੍ਹ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਦੋ ਸਾਲ ਪਹਿਲਾਂ ਚੋਣਾਂ ਦੇ ਦੌਰਾਨ ਪੰਜਾਬੀ ਸਾਹਿਤ ਅਕਾਡਮੀ ਦੀ ਵੈੱਬਸਾਈਟ ਜਾਰੀ ਕੀਤੀ ਗਈ। ਚੋਣਾਂ ਮੁੱਕੀਆਂ ਤਾਂ ਪੂਰੇ ਦੋ ਸਾਲ ਵੈੱਬਸਾਈਟ ਵੀ ਅਣਗੋਲੀ ਰਹੀ, ਹੁਣ ਦੋਬਾਰਾ ਚੋਣਾ ਹੋਈਆਂ ਹਨ ਤਾਂ ਵੈੱਬਸਾਈਟ ਦੀ ਘੁੰਡ-ਚੁਕਾਈ ਨਵੇਂ ਪਤੇ ਤੇ ਹੋਈ ਹੈ।ਇਸ ਸੂਚਨਾ ਤਕਨੀਕ ਦੇ ਯੁੱਗ ਵਿਚ ਇਹ ਰਵੱਈਆ ਇਹੀ ਪ੍ਰਭਾਵ ਦਿੰਦਾ ਹੈ, ਕਿ ਸਾਹਿਤਕ ਅਦਾਰੇ ਦੀ ਵੈੱਬਸਾਈਟ ਕੇਵਲ ਸਿਆਸੀ ਗਤੀਵਿਧੀਆਂ ਲਈ ਹੀ ਵਰਤੀ ਜਾਂਦੀ ਹੈ।ਇਸ ਮਾਹੌਲ ਵਿਚ ਅਕਾਡਮੀ ਮੈਂਬਰਾਂ ਦਾ ਕਿਸੇ ਵੀ ਧਿਰ ਜਾਂ ਸ਼ਖ਼ਸੀਅਤ ਦੇ ਹੱਕ ਜਾਂ ਵਿਰੋਧ ਵਿਚ ਖੜ੍ਹੇ ਹੋਣ ਦੇ ਆਪਣੇ ਨਿੱਜੀ ਕਾਰਨ, ਸੋਚ, ਮੁਫ਼ਾਦ ਜਾਂ ਵਿਚਾਰਧਾਰਾ ਹੋ ਸਕਦੀ ਹੈ, ਪਰ ਇੰਝ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਚਾਰ-ਪ੍ਰਸਾਰ ਲਈ ਬਣੀ ਇਹ ਸੰਸਥਾ ਦੇ ਨੁੰਮਾਇੰਦੇ ਭਾਵੇਂ ਕਿਸੇ ਵੀ ਨਿੱਜੀ ਜਾਂ ਸਿਆਸੀ ਹਿੱਤ ਦੇ ਆਧਾਰ ਤੇ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਣ ਲਈ ਕਹਿਣ, ਪਰ ਉਹ ਪੰਜਾਬੀਅਤ ਦੇ ਵਡੇਰੇ ਹਿੱਤਾਂ ਤੋਂ ਮੁਨਕਰ ਨਹੀਂ ਹੋ ਸਕਦੇ। ਖਾਸ ਕਰ ਨੌਜਵਾਨ ਜਾਗਰੂਕ ਪਾਠਕਾਂ/ਲੇਖਕਾਂ ਦੀ ਪੀੜ੍ਹੀ, ਜੋ ਨਵੇਂ ਸੰਚਾਰ ਸਾਧਨਾਂ ਰਾਹੀਂ ਨਾ ਸਿਰਫ਼ ਪੰਜਾਬੀਅਤ ਨਾਲ ਜੁੜੀ ਹੋਈ ਹੈ, ਬਲਕਿ ਉਸ ਦੇ ਵਿਕਾਸ ਹਿੱਤ ਆਪਣਾ ਬਣਦਾ ਫਰਜ਼ ਵੀ ਨਿਭਾ ਰਹੀ ਹੈ, ਇਨ੍ਹਾਂ ਸਥਾਪਿਤ ਸ਼ਖ਼ਸੀਅਤਾਂ ਤੋਂ ਸਵਾਲ ਜਰੂਰ ਪੁੱਛਦੀ ਰਹੇਗੀ। ਫ਼ਿਲਹਾਲ ਇਨ੍ਹਾਂ ਸਵਾਲਾਂ ਨੂੰ ਗੁਜ਼ਾਰਸ਼ੀ ਅੰਦਾਜ਼ ਵਿਚ ਨੁਕਤਿਆਂ ਜਾਂ ਸਲਾਹ ਵੱਜੋਂ ਅਸੀ ਉਨ੍ਹਾਂ ਦੇ ਸਾਹਮਣੇ ਰੱਖ ਰਹੇ ਹਾਂ। ਸਾਨੂੰ ਆਸ ਹੈ ਕਿ ਭਾਵੇਂ ਕੋਈ ਵੀ ਧੜਾ, ਪਾਰਟੀ ਜਾਂ ਸਿਆਸੀ ਵਿਚਾਰਧਾਰਾ ਇਸ ਚੋਣ ਰਾਹੀਂ ਪੰਜਾਬੀ ਸਾਹਿਤ ਅਕਾਡਮੀ ਦੀ ਸੱਤਾ ਤੇ ਕਾਬਜ਼ ਹੋਵੇ, ਜੇਕਰ ਉਹ ਸੱਚਮੁੱਚ ਪੰਜਾਬੀ ਸਾਹਿਤ, ਸਭਿਆਚਾਰ ਅਤੇ ਭਾਸ਼ਾ ਪ੍ਰਤਿ ਸੁਹਿਰਦ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਸੁਹਿਰਦਾ ਨਾਲ ਆਪਣੇ ਮਾਰਗ ਦਰਸ਼ਨ ਵਿਚ ਇਸ ਰਾਹ ਤੇ ਤੋਰਨਾ ਚਾਹੁੰਦੀ ਹੈ ਤਾਂ ਉਹ ਹੇਠ ਲਿਖੇ ਪੰਜ ਨੁਕਤਿਆਂ ਨੂੰ ਆਪਣੇ ਚੋਣ ਮੈਨੀਫੈਸਟੋ ਵਿਚ ਨਾ ਸਿਰਫ਼ ਸਭ ਤੋਂ ਉਪਰ ਰੱਖਣਗੇ, ਬਲਕਿ ਜਿੱਤਣ ਤੋਂ ਬਾਅਦ ਲਾਗੂ ਕਰਨ ਲਈ ਵੀ ਸੁਹਿਰਦ ਯਤਨ ਕਰਨਗੇ।

1.    ਅਕਾਦਮੀ ਦੀਆਂ ਗਤੀਵਿਧੀਆਂ ਨੂੰ ਚੰਦ ਕੁ ਸਥਾਪਿਤ ਸਾਹਿਤਕਾਰਾਂ/ਲੇਖਕਾਂ ਤੱਕ ਸੀਮਿਤ ਰੱਖਣ ਦੀ ਬਜਾਇ ਨੌਜਵਾਨ/ਉਭਰਦੇ ਲੇਖਕਾਂ ਅਤੇ ਪਾਠਕਾਂ ਨੂੰ ਇਸ ਵਿਚ ਬਰਾਬਰ ਦਾ ਭਾਗੀਦਾਰ ਬਣਾਇਆ ਜਾਏ, ਤਾਂ ਕਿ ਸਾਹਿਤ, ਭਾਸ਼ਾ ਅਤੇ ਸਭਿਆਚਾਰ ਦਾ ਵਿਕਾਸ ਅਤੇ ਸੰਚਾਰ ਕੁਝ ਲੋਕਾਂ ਤੱਕ ਸੀਮਿਤ ਨਾ ਹੋ ਕਿ ਆਮ ਲੋਕਾਂ ਤੱਕ ਪਹੁੰਚੇ।
2.    ਅਕਾਦਮੀ ਦੀ ਚੁਣੀ ਗਈ ਕਮੇਟੀ ਸਾਲ ਭਰ ਵਿਚ ਕੀਤੀਆਂ ਜਾਣ ਵਾਲੀਆਂ ਸਾਹਿਤਕ/ਸਭਿਆਚਾਰਕ ਗਤੀਵਿਧੀਆਂ ਦਾ ਕੈਲੰਡਰ ਅਗਾਊਂ ਜਾਰੀ ਕਰੇ, ਜਿਸ ਵਿਚ ਮਹੀਨੇਵਾਰ ਗਤੀਵਿਧਿਆਂ ਦੀ ਸੰਖੇਪ ਜਾਣਕਾਰੀ ਦਿੱਤੀ ਜਾਵੇ।
3.    ਨੌਜਵਾਨ/ਉਭਰ ਰਹੇ ਲੇਖਕਾਂ ਦੇ ਮਾਰਗ ਦਰਸ਼ਨ ਹਿੱਤ ਅਕਾਦਮੀ ਕੈਂਪਸ ਵਿਚ ਸਾਹਿਤਕ ਵਰਕਸ਼ਾਪ ਦਾ ਪ੍ਰਬੰਧ ਅਕਾਦਮੀ ਵੱਲੋਂ ਮਹੀਨੇਵਾਰ ਕੀਤਾ ਜਾਵੇ, ਜਿਸ ਵਿਚ ਸਾਲ ਦੇ ਹਰ ਮਹੀਨੇ ਨੂੰ ਕਿਸੇ ਵਿਧਾ ਲਈ ਸਮਰਪਿਤ ਕੀਤਾ ਜਾਵੇ। ਜਿਵੇਂ ਕਵਿਤਾ, ਗ਼ਜ਼ਲ ਜਾਂ ਕਹਾਣੀ ਮਹੀਨਾ ਅਤੇ ਸੰਬੰਧਿਤ ਵਿਧਾ ਵਿਚ ਰੁਚੀ ਰੱਖਣ ਵਾਲੇ ਨਵੇਂ ਲੇਖਕਾਂ ਦੀ ਘੱਟੋ-ਘੱਟ ਤਿੰਨ ਦਿਨਾਂ ਦੀ ਵਰਕਸ਼ਾਪ ਅਕਾਦਮੀ ਕੈਂਪਸ ਵਿਚ ਲਾਈ ਜਾਵੇ, ਜਿਸ ਦੌਰਾਨ ਸੰਬੰਧਿਤ ਵਿਧਾ ਦੇ ਵਿਦਵਾਨਾਂ ਦੀ ਹਾਜ਼ਰੀ ਵਿਚ ਉਨ੍ਹਾਂ ਦੀਆਂ ਰਚਨਾਵਾਂ ਦਾ ਪਾਠ ਸੁਣਿਆ ਜਾਵੇ ਅਤੇ ਸੁਧਾਰ ਲਈ ਸੁਝਾਅ ਦਿੱਤੇ ਜਾਣ।ਇਨ੍ਹਾਂ ਵਰਕਸ਼ਾਪ ਬਾਰੇ ਅਗਾਊਂ ਜਾਣਕਾਰੀ ਮੀਡੀਏ, ਇੰਟਰਨੈੱਟ ਅਤੇ ਹੋਰਨਾਂ ਪ੍ਰਚਾਰ ਮਾਧਿਅਮਾ ਰਾਹੀਂ ਪੰਜਾਬ ਅਤੇ ਦੁਨੀਆ ਭਰ ਦੀਆਂ ਪੰਜਾਬੀ ਭਾਸ਼ਾ, ਸਾਹਿਤ ਸਭਿਆਚਾਰ ਨਾਲ ਸੰਬੰਧਿਤ ਯੂਨੀਵਰਸਿਟੀਆਂ ਕਾਲਜਾਂ ਅਤੇ ਵਿੱਦਿਅਕ ਅਦਾਰਿਆਂ ਤੱਕ ਪਹੁੰਚਾਈ ਜਾਵੇ, ਤਾਂ ਜੋ ਵੱਧ ਤੋਂ ਵੱਧ ਚਾਹਵਾਨ ਇਨ੍ਹਾਂ ਵਿਚ ਹਿੱਸਾ ਲੈ ਸਕਣ।ਇਸ ਨਾਲ ਨਵੇਂ ਲੇਖਕ, ਸਥਾਪਿਤ ਲੇਖਕਾਂ ਨਾਲ ਸਿੱਧਾ ਰਾਬਤਾ ਵੀ ਕਾਇਮ ਕਰ ਸਕਣਗੇ ਅਤੇ ਉਨ੍ਹਾਂ ਤੋਂ ਸੇਧ ਲੈ ਕੇ ਮਿਆਰੀ ਸਾਹਿਤ ਸਿਰਜਣ ਵਿਚ ਵੀ ਨਿਪੁੰਣ ਹੋ ਸਕਣਗੇ।
4.    ਪੰਜਾਬੀ ਸਾਹਿਤ ਅਕਾਡਮੀ ਵਿਚ ਇਕ ਸੂਚਨਾ ਤਕਨੀਕ ਅਤੇ ਮੀਡੀਆ ਵਿੰਗ ਸਥਾਪਿਤ ਕੀਤਾ ਜਾਵੇ, ਜੋ ਇੰਟਰਨੈੱਟ/ਵੈੱਬਸਾਈਟ ਅਤੇ ਹੋਰ ਮੀਡੀਆ ਸਾਧਨਾ ਰਾਹੀਂ ਦੁਨੀਆਂ ਭਰ ਵਿਚ ਰਹਿੰਦੇ ਲੇਖਕਾਂ ਅਤੇ ਪਾਠਕਾਂ ਨਾਲ ਜੋੜਨ ਦਾ ਕੰਮ ਕਰੇ। ਅਕਾਦਮੀ ਦੀ ਵੈੱਬਸਾਈਟ ਰਾਹੀਂ ਗਤੀਵਿਧੀਆਂ, ਸਮਾਗਮਾਂ ਅਤੇ ਵਰਕਸ਼ਾਪਾਂ ਦੀ ਜਾਣਕਾਰੀ ਅਤੇ ਰਿਪੋਰਟਾਂ ਨਸ਼ਰ ਕੀਤੀਆਂ ਜਾਣ। ਇਸ ਨਾਲ ਅਕਾਦਮੀ ਦੀਆਂ ਕਾਰਜਾਂ ਵਿਚ ਪਾਰਦਰਸ਼ਿਤਾ ਆਉਣ ਦੇ ਨਾਲ-ਨਾਲ ਉਨ੍ਹਾਂ ਲੇਖਕਾਂ ਪਾਠਕਾਂ ਤੱਕ ਵੀ ਸੂਚਨਾ ਪਹੁੰਚੇਗੀ, ਜੋ ਖੁਦ ਗਤੀਵਿਧੀਆਂ ਵਿਚ ਸ਼ਾਮਿਲ ਨਹੀਂ ਹੋ ਸਕੇ।ਭਵਿੱਖ ਵਿਚ ਉਹ ਸਮਾਗਮਾਂ ਵਿਚ ਹਾਜ਼ਰ ਹੋਣ ਲਈ ਵੀ ਉਤਸ਼ਾਹਤ ਹੋਣਗੇ।
5.    ਅਕਾਦਮੀ ਵੱਲੋਂ ਚੰਗੇ, ਪਰ ਆਰਥਿਕ ਤੌਰ ਤੇ ਕਮਜ਼ੋਰ ਨਵੇਂ ਅਤੇ ਸਥਾਪਿਤ ਲੇਖਕਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਣ। ਇਸ ਲਈ ਬਾਕਾਇਦਾ ਇਕ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਪੂਰੀ ਪਾਰਦਰਸ਼ਤਾ ਨਾਲ ਹਰ ਸਾਲ ਇਕ ਨਵੇਂ ਲੇਖਕ ਦੀ ਅਤੇ ਇਕ ਸਥਾਪਿਤ ਲੇਖਕ ਦੀ ਕਿਤਾਬ ਆਪਣੇ ਖਰਚੇ ਤੇ ਛਾਪਣ ਦਾ ਕਾਰਜ ਕਰੇ, ਤਾਂ ਜੋ ਆਰਥਿਕ ਤੌਰ ਤੇ ਕੰਮਜ਼ੋਰ ਉਭਰ ਰਹੇ ਅਤੇ ਸਥਾਪਿਤ ਲੇਖਕਾਂ ਦੀਆਂ ਰਚਨਾਵਾਂ ਪੰਜਾਬੀ ਸਾਹਿੱਤ ਵਿਚ ਗੁਣਾਤਮਿਕ ਵਾਧਾ ਕਰ ਸਕਣ।
ਇਹ ਨੁਕਤੇ ਕਿਸੇ ਚੋਣ ਲੜ ਰਹੇ ਕਿਸੇ ਇਕ ਖਾਸ ਧੜੇ ਜਾਂ ਸ਼ਖ਼ਸੀਅਤ ਲਈ ਨਹੀਂ ਬਲਕਿ ਅਕਾਦਮੀ ਦੇ ਹਿੱਤਾਂ ਨਾਲ ਜੁੜੇ ਹਰ ਸ਼ਖ਼ਸ ਲਈ ਹਨ, ਜਿਨ੍ਹਾਂ ਲਈ ਨਿੱਜੀ ਹਿੱਤਾਂ ਤੋਂ ਪਹਿਲਾਂ ਪੰਜਾਬੀਅਤ ਅਹਿਮ ਹੈ। ਕੋਈ ਵੀ ਧਿਰ ਇਸ ਮੁਕਾਬਲੇ ਵਿਚ ਜਿੱਤੇ, ਜੇਕਰ ਉਹ ਇਨ੍ਹਾਂ ਨੁਕਤਿਆਂ ਨੂੰ ਅਪਣਾਉਂਦੀ ਹੈ ਤਾਂ ਉਹ ਸਰਬ-ਪ੍ਰਵਾਨਿਤ ਹੋਵੇਗੀ।
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger