Home » , » ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ-ਲੋਕ ਕਵੀ ਸੰਤ ਰਾਮ ਉਦਾਸੀ

ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ-ਲੋਕ ਕਵੀ ਸੰਤ ਰਾਮ ਉਦਾਸੀ

Written By Editor on Sunday, April 25, 2010 | 00:43

ਮੇਰੇ ਪਾਪਾ ਸੰਤ ਰਾਮ ਉਦਾਸੀ ਜੇਕਰ ਅੱਜ ਜਿਊਂਦੇ ਹੁੰਦੇ ਤਾਂ ਉਨ੍ਹਾਂ ਨੇ ਅੱਜ ਇਕੱਹਤਰ (71) ਵਰ੍ਹਿਆਂ ਦੇ ਹੋ ਜਾਣਾ ਸੀ। ਕਿਸੇ ਲੇਖਕ, ਕਲਾਕਾਰ ਲਈ ਇੰਨੀ ਕੁ ਉਮਰ ਬੁਢਾਪੇ ਦੀ ਉਮਰ ਨਹੀਂ ਹੁੰਦੀ।
ਪਾਪਾ ਜਦ ਅੱਜ ਤੋਂ 24 ਸਾਲ ਪਹਿਲਾਂ ਸਿਰਫ 47 ਕੁ ਸਾਲਾਂ ਦੀ ਉਮਰ ਵਿੱਚ ਹੀ ਸਾਨੂੰ ਵਿਲਕਦੇ ਛੱਡ ਕੇ ਤੁਰ ਗਏ ਸਨ ਤਾਂ ਇਹ ਉਮਰ ਤਾਂ ਉਹਨਾਂ ਦੇ ਬਿਲਕੁੱਲ ਹੀ ਜਾਣ ਵਾਲੀ ਨਹੀਂ ਸੀ।

ਮੇਰੇ ਪਾਪਾ ਸੰਤ ਰਾਮ ਉਦਾਸੀ ਜੀ ਦਾ ਜਨਮ ਪਿੰਡ ਰਾਏਸਰ (ਬਰਨਾਲਾ) ’ਚ ਇਕ ਅਤਿ ਗਰੀਬ ਪ੍ਰੀਵਾਰ ’ਚ 20 ਅਪ੍ਰੈਲ 1939 ਨੂੰ ਹੋਇਆ ਸੀ। ਪਾਪਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਗਰੀਬੀ, ਚਿੰਤਾਵਾਂ, ਝੋਰਿਆਂ ਤੇ ਥੁੜਾਂ ਵਿੱਚ ਹੀ ਕੱਢੀ ਸੀ। ਪਰ ਇਨਾਂ ਹਾਲਤਾਂ ਨੇ ਹੀ ਉਸ ਅੰਦਰ ਅਤਿ ਸੰਵੇਦਨਸ਼ੀਲਤਾ ਪੈਦਾ ਕਰ ਦਿੱਤੀ ਸੀ। ਜੋ ਹਾਲਾਤ ਉਸ ਨੇ ਹੱਡੀਂ ਹੰਢਾਏ ਸਨ, ਉਨ੍ਹਾਂ ਹਾਲਾਤਾਂ ਨੇ ਹੀ ਉਨ੍ਹਾਂ ਅੰਦਰ ਇਹ ਸੁਆਲ ਪੈਦਾ ਕਰ ਦਿੱਤਾ ਸੀ ਕਿ ਇਨ੍ਹਾਂ ਹਾਲਾਤਾਂ ਨੂੰ ਬਦਲਿਆ ਕਿਵੇਂ ਜਾਵੇ? ਇਸ ਸੁਆਲੀਆ ਚਿੰਨ੍ਹ ਨੇ ਹੀ ਉਨ੍ਹਾਂ ਨੂੰ ਉਹ ਰਾਹ ਤਲਾਸ਼ਣ ਦੇ ਰਾਹ ਪਾ ਦਿੱਤਾ ਸੀ, ਜਿਸ ਨਾਲ ਇਨ੍ਹਾਂ ਕਰੋੜਾਂ ਲੋਕਾਂ ਨੂੰ ਨਰਕੀ ਜੀਵਨ ਤੋਂ ਮੁਕਤੀ ਦੁਆਈ ਜਾਵੇ। ਪਾਪਾ ਜੀ ਨੇ ਇਹ ਰਾਹ ਲੱਭਿਆ ਨਕਸਲਵਾਦੀ ਲਹਿਰ ਰਾਹੀਂ। ਸਿੱਖ ਇਤਿਹਾਸ ਅਤੇ ਸਿੱਖ ਸੰਸਕਾਰਾਂ ਵਿਚ ਪ੍ਰਵਾਨ ਚੜ੍ਹੇ ਹੋਏ ਕਾਰਨ ਪਾਪਾ ਜੀ ਨੂੰ ਲੱਗਿਆ ਕਿ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੂਲ ਮੰਤਰ ਦੱਸ ਗਏ ਹਨ ਕਿ ਭਗੌਤੀ ਸਿਮਰੇ ਬਿਨਾਂ ਲੋਕਾਂ ਦੀ ਮੁਕਤੀ ਨਹੀਂ ਹੋਣੀ, ਉਵੇਂ ਹੀ ਹਥਿਆਰਬੰਦ ਇਨਕਲਾਬ ਤੋਂ ਬਗੈਰ ਲੋਕਾਂ ਦੀ ਮੁਕਤੀ ਨਹੀਂ ਹੋਣੀ।
ਜੇ ਚਾਹੁੰਦੇ ਤਾਂ ਪਾਪਾ ਜੀ ਹੋਰ ਬਹੁਤੇ ਕਵੀਆਂ ਵਾਂਗ, ਗੀਤ ਲਿਖਕੇ ਜਾਂ ਗਾਕੇ ਹੀ ਆਪਣਾ ਚੰਮ ਵੀ ਬਚਾ ਸਕਦੇ ਸਨ ਤੇ ਆਪਣਾ ਨਾਂਅ ਵੀ ਚਮਕਾ ਸਕਦੇ ਸਨ। ਸੱਭਿਆਚਾਰਕ ਮੇਲਿਆਂ ’ਤੇ ਉਹਨਾਂ ਦੇ ਗਲ ’ਚ ਨੋਟਾਂ ਦੇ ਹਾਰ ਵੀ ਪਾਏ ਜਾਣੇ ਸਨ, ਉਹਨਾਂ ਦੇ ਥੱਲੇ ਮਹਿੰਗੀ ਕਾਰ ਹੋਇਆ ਕਰਨੀ ਸੀ, ਸਰਕਾਰੇ-ਦਰਬਾਰੇ ਪੁੱਛਗਿੱਛ ਹੋਇਆ ਕਰਨੀ ਸੀ, ਉਨ੍ਹਾਂ ਦੇ ਬੱਚੇ ਕੈਨੇਡਾ-ਅਮਰੀਕਾ ਵਿੱਚ ਸੈ¤ਟ ਹੋਣੇ ਸਨ। ਚਾਰੇ ਪਾਸੇ ਬੱਲੇ ਬੱਲੇ ਹੋਇਆ ਕਰਨੀ ਸੀ। ਇਹ ਨਹੀਂ ਸੀ ਕਿ ਉਹਨਾਂ ਨੇ ਜੋ ਰਾਹ ਚੁਣਿਆ, ਉਨਾਂ ਨੇ ਐਂਵੇ ਵਿੱਸਰ ਭੋਲ ਹੀ ਚੁਣ ਲਿਆ। ਉਨ੍ਹਾਂ ਦੇ ਸਾਹਮਣੇ ਦੋਵਾਂ ਰਾਹਾਂ ਦੀ ਚੋਣ ਖੜ੍ਹੀ ਸੀ, ਇਕ ਰਾਹ ਤੁਰਿਆਂ ਮੂਹਰੇ ਸੂਲੀ ਗੱਡੀ ਨਜ਼ਰ ਆਉਂਦੀ ਸੀ, ਖੋਪੜੀਆਂ ਲਾਹੁਣ ਵਾਲੀਆਂ ਰੰਬੀਆਂ ਪਈਆਂ ਸਨ, ਬੰਦ ਬੰਦ ਕੱਟਣ ਵਾਲੇ ਟੋਕੇ ਪਏ ਸਨ, ਵਿਚਕਾਰੋਂ ਚੀਰਨ ਵਾਲੇ ਆਰੇ ਖੜ੍ਹੇ ਸਨ, ਦਰ ਦਰ ਰੁਲਦਾ ਪ੍ਰੀਵਾਰ ਦਿਸਦਾ ਸੀ, ਦੂਜੇ ਰਾਹ ਪਿਆਂ ਜਿਵੇਂ ਮੁਸਲਿਮ ਲੋਕ ਅਕਸਰ ਹੀ ਕਹਿ ਦਿੰਦੇ ਹਨ ਕਿ ਜੱਨਤ ਦੀਆਂ ਹੂਰਾਂ ਮਿਲਣੀਆਂ ਸਨ, ਕੋਠੀਆਂ ਮਿਲਣੀਆਂ ਸਨ, ਕਾਰਾਂ ਮਿਲਣੀਆਂ ਸਨ। ਪਰ ਪਾਪਾ ਜੀ ਨੇ ਆਪਣੇ ਪੁਰਖੇ ਸ਼ਹੀਦਾਂ ਸੂਰਮਿਆਂ ਵਾਲਾ ਰਾਹ ਚੁਣਨ ਦਾ ਸੁਚੇਤ ਫੈਸਲਾ ਕੀਤਾ। ਉਹ ਕਹਿੰਦੇ ਸਨ ਕਿ ਮੈਂ ਦਿਓਰ ਭਾਬੀਆਂ, ਜੀਜੇ ਸਾਲੀਆਂ, ਛੜਿਆਂ ਜੇਠਾਂ ਤੇ ਮੁੰਡਿਆਂ ਕੁੜੀਆਂ ਦੇ ਗੀਤ ਲਿਖਕੇ ਜ਼ਿੰਦਗੀ ਦਾ ਸੁੱਖ ਆਰਾਮ ਤਾਂ ਹਾਸਲ ਕਰ ਸਕਦਾ ਸੀ, ਸਧਾਰਣ ਲੋਕਾਂ ਦਾ ਮਨ ਪ੍ਰਚਾਵਾ ਤਾਂ ਕਰ ਸਕਦਾ ਸੀ, ਪਰ ਮੈਂ ਉਨ੍ਹਾਂ ਦੀ ਗੁਲਾਮੀ ਦੇ ਸੰਗਲ ਕੱਟਣ ਦਾ ਅਹਿਸਾਸ ਨਹੀਂ ਕਰਵਾ ਸਕਦਾ ਸੀ, ਜਿਸ ਨੇ ਉਹਨਾਂ ਨੂੰ ਸਦੀਆਂ ਤੋਂ ਬੰਦੇ ਹੀ ਨਹੀਂ ਰਹਿਣ ਦਿੱਤਾ ਜਿੰਨਾਂ ਦੀਆਂ ਸਿਰਫ ਸ਼ਕਲਾ ਹੀ ਬੰਦਿਆਂ ਵਰਗੀਆਂ ਲੱਗਦੀਆਂ ਹਨ। ਉਨ੍ਹਾਂ ਨੇ ਦੋ ਰਾਹਾਂ ’ਚੋ ਇਕ ਦੀ ਚੋਣ ਬਾਰੇ ਆਪਣੀ ਕਵਿਤਾ ‘ਵਰ ਕਿ ਸ਼ਰਾਪ’ ਵਿਚ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੈ।
‘ਮੇਰੇ ਰੱਬਾ ਜੇ ਮੇਰੇ ’ਤੇ ਮਿਹਰ ਕਰਦਾ, ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ।
ਇਹ ਵੀ ਗਲਤੀ ਜੇ ਭੁਲਕੇ ਹੋ ਗਈ ਸੀ, ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ।
ਕੱਲੀ ਕਵਿਤਾ ਜੇ ਹੁੰਦੀ ਤਾਂ ਸਾਰ ਲੈਂਦਾ, ਮੱਲੋ ਮੱਲੀ ਤੂੰ ਅਣਖ ਤੇ ਲਾਜ ਦਿੱਤੀ।
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ, ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ।
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ, ਦਾਤਾਂ ਵਿਚ ਜੋ ਤੂੰ ਦਾਤਾਰ ਦਿੱਤਾ।
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ, ਜਦ ਵਿਚੇ ਤੂੰ ਲੋਕਾਂ ਪਿਆਰ ਦਿੱਤਾ।’
ਪਾਪਾ ਜੀ ਅਜਿਹੀਆਂ ਖੂਬੀਆਂ ਦੇਣ ’ਤੇ ਰੱਬ ਨੂੰ ਗਿਲਾ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਹਨਾਂ ਖੂਬੀਆਂ ਨੇ ਹੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ‘ਖਰਾਬ’ ਕਰਨਾ ਹੈ ਕਿਉਂਕਿ ਇਹ ਦਾਤਾਂ ਦੇਣ ਮੌਕੇ ਜੋ ਰੱਬ ਨੇ ਸਭ ਤੋਂ ਖਤਰਨਾਕ ਦਾਤ ਦਿੱਤੀ ਹੈ, ਉਹ ਹੈ ਲੋਕਾਂ ਦਾ ਪਿਆਰ। ਉਹ ਵੀ ਵੇਹੜਿਆਂ ਅੰਦਰ ਕੁਰਬਲ ਕੁਰਬਲ ਕਰਦੇ ਪਸ਼ੂਆਂ ਵਰਗੀ ਜੂਨ ਭੋਗਦੇ ਕੰਮੀ ਤੇ ਕਿਰਤੀ ਲੋਕਾਂ ਦਾ। ਜ਼ਿੰਦਗੀ ’ਚ ਜੋ ਵੀ ਮੁਸ਼ਕਲਾਂ ਆਈਆਂ ਹਨ ਇਸੇ ‘ਲੋਕ ਪਿਆਰ’ ਦੀ ਹੀ ਬਦੌਲਤ ਹਨ।
‘ਲੋਕ ਪਿਆਰ ਦੀ ਜੇ ਗੁਥਲੀ ਖੋਲ੍ਹਦਾ ਨਾ, ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ।
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ, ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ।
ਤਿੰਨ ਬਾਦਰਾਂ ’ਤੇ ਮਹਾਂਕਾਵਿ ਲਿਖਕੇ, ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ।
ਜਿਹੜੀ ਆਪ ਵਿਕਦੀ ਆਪੇ ਵੇਚ ਲੈਂਦੇ, ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ।
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ, ਤਵਾ ਸਾਡਾ ਸਪੀਕਰ ’ਤੇ ਲੱਗ ਜਾਂਦਾ।
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ,
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ।’
ਜੇ ਪਾਪਾ ਜੀ ਇਹ ਰਾਹ ਅਪਣਾ ਲੈਂਦੇ ਤਾਂ ਇਕੱਲੀ ਸਰਕਾਰ ਦੀ ਨਜ਼ਰ ਉਨ੍ਹਾਂ ’ਤੇ ਸਵੱਲੀ ਨਹੀਂ ਰਹਿਣੀ ਸੀ ਸਗੋਂ ਧਾਰਮਿਕ ਆਗੂਆਂ ਨੇ ਵੀ ਉਨਾਂ ਦਾ ਵਧਵਾਂ ਮਾਣ-ਤਾਣ ਕਰਨਾ ਸੀ ਕਿਉਂਕਿ ਉਨਾਂ ਨੇ ਆਮ ਧਾਰਮਿਕ ਗਮੰਤਰੀਆਂ ਵਾਂਗ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਦੀ ਸਿੱਖੀ ਦੀ ਗੱਲ ਨਹੀਂ ਸੀ ਕਰਨੀ, ਉੁਸੇ ਸਿੱਖੀ ਦੀ ਗੱਲ ਕਰਨੀ ਸੀ, ਜੋ ਸਰਮਾਏਦਾਰ ਧਾਰਮਿਕ ਆਗੂਆਂ ਨੂੰ ਫਿੱਟ ਬੈਠਦੀ ਹੈ।
‘¦ਡਨ ਵਿਚ ਵਿਸਾਖੀ ਦੀ ਸਾਈ ਹੁੰਦੀ, ਪੈਰ ਧੋਣੇ ਸੀ ਸਾਡੇ ਧਨਵੰਨੀਆਂ ਨੇ।
ਗੱਫਾ ਦੇਗ ਦਾ ਪੰਜਾ ਪਿਆਰਿਆਂ ’ਚੋਂ, ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ।
ਸਾਡੀ ¦ਡਨ ਦੀ ਟਿਕਟ ਦੇ ਨਾਲ ਨੱਥੀ, ਸਾਡੀ ਪਤਨੀ ਦਾ ਟਿਕਟ ਵੀ ਬਾਈਂਡ ਹੁੰਦਾ।
ਕੱਚੇ ਕੋਠੇ ਵਿਚ ਬਾਕੀ ਤਾਂ ਜੰਮ ਲਏ ਸੀ, ਇੱਕ ਬੱਚਾ ਤਾਂ ਮੇਡ ਇਨ ਇੰਗਲੈਂਡ ਹੁੰਦਾ।’
ਭਾਵੇਂ ਦਲਿਤ ਪ੍ਰਵਾਰ ਵਿਚ ਜਨਮ ਨਾ ਲੈਣਾ ਤਾਂ ਪਾਪਾ ਜੀ ਦੇ ਵੱਸ ਦੀ ਗੱਲ ਨਹੀਂ ਸੀ, ਪਰ ਉਹ ਹੋਰ ਹਜ਼ਾਰਾਂ ਹੀ ਪੜ੍ਹੇ ਲਿਖੇ ਦਲਿਤਾਂ ਵਾਲਾ ਰਾਹ ਵੀ ਆਪਣਾ ਸਕਦੇ ਸਨ। ਜਿੰਨਾਂ ਨੇ ਬਾਬਾ ਸਾਹਿਬ ਅੰਬੇਦਕਰ ਵੱਲੋਂ ਲੈ ਕੇ ਦਿੱਤੀਆਂ ਸਹੂਲਤਾਂ ਨਾਲ ਉ¤ਚੀਆਂ ਪਦਵੀਆਂ ਅਤੇ ਨੌਕਰੀਆਂ ਲੈ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਤੇ ਖੁਸ਼ਹਾਲ ਤਾਂ ਕਰ ਲਿਆ ਪਰ ਆਪਣੇ ਦਲਿਤ ਸਮਾਜ ਦੇ ਉਦਾਰ ਲਈ ਕੱਖ ਨਹੀਂ ਕਰਦੇ। ਕਈ ਵਾਰ ਤਾਂ ਇਸ ਦਲਿਤ ਸਮਾਜ ਦੀ ਖੁਦ ਵੀ ਲੁੱਟ ਖਸੁੱਟ ਕਰਨ ਵਿੱਚ ਜਾਂ ਇਨ੍ਹਾਂ ਨੂੰ ਹਨ੍ਹੇਰੇ ਵਿੱਚ ਰੱਖਣ ਦੇ ਭਾਗੀਦਾਰ ਜਾਂ ਸਿਸਟਮ ਦੇ ਭਾਈਵਲ ਬਣ ਜਾਂਦੇ ਹਨ। ਪਾਪਾ ਜੀ ਆਖਦੇ ਹਨ :
‘ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ? ਗੱਲ ਗੱਲ ’ਤੇ ਸਾਡੀ ਅਗਵਾਈ ਹੁੰਦੀ।
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ, ਨਾਲ ਪੁਲਿਸ ਦੇ ਸੀਟੀ ਮਿਲਾਈ ਹੁੰਦੀ।
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ, ਕਾਰ ਕਦੇ ਕਦਾਈਂ ਤਾਂ ਖੜ੍ਹੀ ਰਹਿੰਦੀ।
ਨਾਲ ਵਿਹੜੇ ਦੀਆਂ ਭੰਗਣਾ ਸੀਰਨਾਂ ਵਿੱਚ, ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ।
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤਾ ਕਿ ਸਾਡੇ ਲੱਗੀ ਸਰਪਾਂ ਦੀ ਝੜੀ ਰਹਿੰਦੀ।
ਲੈਕੇ ਕੱਫਣ ਸਰਾਹਣੇ ਹਾਂ ਨਿੱਤ ਸੌਂਦੇ, ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ।’
ਇਹ ਸਿਰ ’ਤੇ ਕੱਫਣ ਬੰਨ੍ਹਕੇ ਤੁਰਨ ਦਾ ਫੈਸਲਾ ਪਾਪਾ ਜੀ ਦਾ ਸੁਚੇਤ ਫੈਸਲਾ ਸੀ ਕਿਉਂਕਿ ਉਨਾਂ ਨੇ ਨਕਸਲਵਾਦੀ ਲਹਿਰ ਨੂੰ ਲੋਕਾਂ ਦੀ ਮੁਕਤੀ ਦੀ ਲਹਿਰ ਤਸੱਵਰ ਕੀਤਾ ਸੀ। ਜੇ ਚਾਹੁੰਦੇ ਤਾਂ ਪਾਪਾ ਜੀ ਸਾਈਡ ’ਤੇ ਖੜ੍ਹਕੇ ‘ਪਿੰਡਾਂ ਅਗਾਂਹ ਵੇ, ਪੁੱਤਾ ਪਿਛਾਂਹ ਵੇ’ ਵੀ ਕਹਿ ਸਕਦੇ ਸਨ। ਪਰ ਜੇਕਰ ਉਹ ਕਹਿੰਦੇ ਸਨ ਕਿ :
‘ਅਜੇ ਨਾ ਆੲਂੀ ਮੰਜ਼ਿਲ ਤੇਰੀ ਅਜੇ ਵਡੇਰਾ ਪਾੜਾ ਏ।
ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨ੍ਹੇਰਾ ਗਾੜ੍ਹਾ ਏ।’
ਤਾਂ ਉਹ ਮੰਜ਼ਲ ਨੂੰ ਨੇੜੇ ਕਰਨ ਲਈ ਆਪ ਵੀ ਕਿਰਤੀਆਂ ਦੇ ਮੋਢੇ ਨਾਲ ਮੋਢਾ ਲਾਕੇ ਤੁਰੇ ਸਨ ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਕਹਿਣੀ ਤੇ ਕਰਨੀ ’ਚ ਕਦੇ ਪਾੜਾ ਨਹੀਂ ਰੱਖਿਆ ਸੀ ਤੇ ਨਾ ਹੀ ਉਹਨਾਂ ਦੀ ਕਹਿਣੀ ਤੇ ਕਰਨੀ ’ਚ ਕੋਈ ਅੰਤਰ ਸੀ। ਉਹ ਇਸ ਰਾਹ ’ਤੇ ਬੜਾ ਸੋਚ ਸਮਝ ਕੇ ਤੁਰੇ ਸਨ, ਐਵੇਂ ਕਿਸੇ ਵਕਤੀ ਜਨੂੰਨ ਜਾਂ ਭਾਵੁਕਤਾਵੱਸ ਨਹੀਂ ਤੁਰੇ ਸਨ। ਇਸ ਰਾਹ ’ਤੇ ਤੁਰਦਿਆਂ, ਉਹਨਾਂ ਨੇ ਆਪਣੇ ਪਿੰਡੇ ਤੇ ਪੁਲਿਸ ਦਾ ਅਕਹਿ ਤੇ ਅਸਹਿ ਤਸ਼ੱਦਦ ਝੱਲਿਆ। ਸਾਲਾਂ ਬੱਧੀਂ ਜੇਲ੍ਹਾਂ ਵਿੱਚ ਰੁਲਦੇ ਰਹੇ। ਨੌਕਰੀ ਤੋਂ ਕੱਢੇ ਜਾਂਦੇ ਰਹੇ। ਉਨ੍ਹਾਂ ਦੇ ਬੱਚੇ ਕਦੇ ਕਿਸੇ ਰਿਸ਼ਤੇਦਾਰ ਦੇ ਦਰ ’ਤੇ, ਕਦੇ ਕਿਸੇ ਰਿਸ਼ਤੇਦਾਰ ਦੇ ਦਰ ’ਤੇ ਰੁਲਦੇ ਰਹੇ। ਪਰ ਉਨ੍ਹਾਂ ਨੇ ਕਦੇ ਆਪਣੇ ਚੁਣੇ ਰਾਹ ’ਤੇ ਪਛਤਾਵਾ ਨਹੀਂ ਕੀਤਾ, ਅੰਤ ਘੜੀ ਤੱਕ ਉਸ ’ਤੇ ਅਡੋਲ ਰਹੇ। ਉਹ ਇਕਨਲਾਬ ਦੇ ਸੂਰਜ ਨੂੰ ਕੰਮੀਆਂ ਦੇ ਹਨ੍ਹੇਰੇ ਵਿਹੜੇ ਰੁਸ਼ਨਾਉਣ ਲਈ ਅਵਾਜ਼ਾਂ ਮਾਰਦੇ ਰਹੇ।
‘ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ,
ਕਿਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲੇ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ, ਅੱਖਾਂ ਚੁੰਨੀਆਂ ਤੇ ਦੰਦ ਕਰੇੜੇ।’
ਜਦ ਪਾਪਾ ਜੀ ਨਕਸਲਵਾਦੀ ਵਾਲੇ ਰਾਹ ’ਤੇ ਤੁਰੇ ਤਾਂ ਹੋਰ ਵੀ ਬਹੁਤ ਸਾਰੇ ਨੌਜਵਾਨ ਕਵੀ ਇਸ ਲਹਿਰ ਦੀ ਪ੍ਰੇਰਨਾ ਹੇਠ ਆਏ ਪਰ ਉਨ੍ਹਾਂ ਵਿਚੋਂ ਜਦ ਬਹੁਤਿਆਂ ਨੇ ਸਰਕਾਰੀ ਤਸ਼ੱਦਦ ਦੀ ਕਰੋਪੀ ਦੇਖੀ ਤਾਂ ਉਹ ਇਸ ਦਾ ਸੇਕ ਨਾ ਝੱਲ ਸਕੇ ਤੇ ਉਹ ਵਿਦੇਸ਼ਾਂ ਵਿਚ ਚਲੇ ਗਏ। ਪਰ ਮਨ ਨੂੰ ਦੁੱਖ ਹੁੰਦਾ ਹੈ ਜਦ ਇਹ ਪ੍ਰਵਾਸੀ ਕਵੀ ਹੁਣ ਪੰਜਾਬ ਵਿਚ ਫੇਰਾ ਮਾਰਦੇ ਹਨ ਤੇ ਇਥੋਂ ਦੇ ‘ਇਨਕਲਾਬੀ’ ਅਖਵਾਉਣ ਵਾਲੇ ਲੋਕ ਥਾਂ-ਥਾਂ ਉਹਨਾਂ ਦੇ ਰੂਬਰੂ ਕਰਵਾਉਂਦੇ ਹਨ ਤੇ ਉਨ੍ਹਾਂ ਤੋਂ ਦੇਸ਼ ਭਗਤਾਂ ਦੇ ਮੇਲਿਆਂ ਦੀਆਂ ਪ੍ਰਧਾਨਗੀਆਂ ਕਰਵਾਉਂਦੇ ਹਨ। ਇਨ੍ਹਾਂ ਲੋਕਾਂ ਨੇ ਤਾਂ ਉਦੋਂ ਚੰਮ ਵੀ ਬਚਾਇਆ, ਪ੍ਰਵਾਰ ਵੀ ਬਚਾ ਲਏ, ਕੈਨੇਡਾ-ਅਮਰੀਕਾ ’ਚ ਜਾ ਕੇ ਸੱਤ-ਸੱਤ ਪੀੜ੍ਹੀਆਂ ਦੇ ਫਿਊਚਰ ਵੀ ਸੇਫ ਕਰ ਲਏ ਹਨ, ਪਾਪਾ ਜੀ ਪੱਲੇ ਕੀ ਪਿਆ? ਆਲੋਚਨਾ, ਗਾਲੀ ਗਲੋਚ, ਬਦਨਾਮੀ। ‘ਇਨਕਲਾਬੀ’ ਅਖਵਾਉਣ ਵਾਲੇ ਲੋਕ ਕੋਈ ਉਨਾਂ ਨੂੰ ਲੋਕ ਕਵੀ ਦੀ ਥਾਂ ਨੋਟ ਕਵੀ ਆਖਦਾ ਸੀ, ਕੋਈ ਕੁਝ ਆਖਦਾ ਸੀ, ਕੋਈ ਕੁਝ ਆਖਦਾ ਸੀ। 13 ਅਪ੍ਰੈਲ 1984 ਦੀ ਵਿਸਾਖੀ ਵੇਲੇ ਪਾਪਾ ਜੀ ਦੀ ਸ਼ਾਇਰੀ ਦੇ ਬਹੁਤ ਵੱਡੇ ਕਦਰਦਾਨ ਸ੍ਰ. ਜਗਦੇਵ ਸਿੰਘ ਜੱਸੋਵਾਲ ਨੇ ਜਦੋਂ ਉਹਨਾਂ ਨੂੰ ਪੰਜਾਬੀ ਭਵਨ ਵਿਖੇ ਸਿੱਕਿਆਂ ਨਾਲ ਤੋਲਿਆ ਤਾਂ ਅਖੌਤੀ ਇਨਕਲਾਬੀਆਂ ਨੇ ਪਾਪਾ ਜੀ ਦੀ ਅਤੀ ਦਰਜ਼ੇ ਦੀ ਘਟੀਆ ਸ਼ਬਦਾਬਲੀ ਨਾਲ ‘ਪਲਸ ਮੰਚ, ਉਦਾਸੀ, ਤੇ ਸਰਕਾਰੀ ਸਿੱਕੇ’ ਨਾਂ ਦੇ ਇੱਕ ਘਟੀਆ ਦਰਜੇ ਅਤੇ ਸ਼ਬਦਾਬਲੀ ਦੇ ਲੇਖ ਵਿੱਚ ਭੰਡਿਆ ਗਿਆ। ਹਾਲਾਂਕਿ ਉਹ ਸਿੱਕੇ ਤਾਂ ਲੋਕਾਂ ਦੇ ਸੀ ਅਤੇ ਲੋਕ ਦਰਦੀ ਨੂੰ ਦਿੱਤੇ ਗਏ ਸੀ।
ਪਾਪਾ ਜੀ ਚਾਹੁੰਦੇ ਤਾਂ ਉਹਨਾਂ ਨੂੰ ਉਸ ਵੇਲੇ ਮੂੰਹ ਤੋੜਵਾਂ ਜਵਾਬ ਦੇ ਸਕਦੇ ਸਨ ਪਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹ ਅਖੌਤੀ ਇਨਕਲਾਬੀ ਆਪਣੇ ਆਪ ਸਮਾਂ ਆਉਣ ’ਤੇ ਲੋਕ ਕਚਹਿਰੀ ਵਿੱਚ ਨੰਗੇ ਹੋ ਜਾਣਗੇ। ਅੱਜ ਤੱਕ ਉਦਾਸੀ ਦੇ ਪ੍ਰੀਵਾਰ ਦੀ ਭੰਡੀ ਕੀਤੀ ਜਾਂਦੀ ਹੈ। ਸਿਆਣਿਆਂ ਦੀ ਕਹੌਤ ਹੈ ਕਿ ਇਕ ਧੀ ਤੇ ਸੌ ਕਹਾਣੀਆਂ, ਪਰ ਉਹਨਾਂ ਦੇ ਤਾਂ ਸੁੱਖ ਨਾਲ ਤਿੰਨ ਧੀਆਂ ਸਨ। ਇਹ ‘ਇਨਕਲਾਬੀ’ ਅੱਜ ਹੋਰਨਾਂ ਪ੍ਰਵਾਸੀ ਕਵੀਆਂ ਦੀ ਝੋਲੀ ਕਿਉਂ ਚੁੱਕਦੇ ਹਨ? ਕਿਉਂਕਿ ਉਹਨਾਂ ਕੋਲੋਂ ਇਨਾਂ ਨੂੰ ਨੋਟਾਂ ਦੇ ਗੱਫੇ ਮਿਲਦੇ ਹਨ, ਵਿਦੇਸ਼ੀ ਫੇਰੀਆਂ ਦੇ ਸੱਦੇ ਮਿਲਦੇ ਹਨ। ਲੱਗਦਾ ਹੈ ਕਿ ਇਥੇ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਹੈ, ਜੇ ਮੁੱਲ ਹੈ ਤਾਂ ਗਧੇ-ਘੋੜੇ ਦਾ ਇਕੋ ਹੀ ਹੈ। ਪਰ ਪਾਪ ਜੀ ਤਾਂ ਖੁਦ ਹੀ ਅਜਿਹੀਆਂ ਲਾਲਸਾਵਾਂ ਤੋਂ ਮੁਕਤ ਸਨ। ਜੇ ਉਹ ਚਾਹੁੰਦੇ ਤਾਂ ਕੈਨੇਡਾ, ਅਮਰੀਕਾ, ਇੰਗਲੈਂਡ ਦੀ ਫੇਰੀ ਮੌਕੇ ਵੀ ਉਥੇ ਟਿਕ ਸਕਦੇ ਸਨ। ਪਰ ਉਹਨਾਂ ਅੰਦਰ ਲੋਕਾਂ ਦਾ ਦਰਦ ਸੀ, ਉਹ ਇਨ੍ਹਾਂ ਲੋਕਾਂ ਵਿਚ ਹੀ ਰਹਿਣਾ ਚਾਹੁੰਦੇ ਸਨ, ਜਿਨ੍ਹਾਂ ਨਾਲ ਉਹਨਾਂ ਦਾ ਦੁੱਖ-ਸੁੱਖ ਸਾਂਝਾਂ ਸੀ। ਉਹ ਤਾਂ ਵਿਲਕ ਵਿਲਕ ਕੇ ਆਖਦੇ ਸਨ :
‘ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼।
ਕਰੇ ਜੋਦੜੀ ਨੀ ਇਕ ਦਰਵੇਸ਼
ਮੈਨੂੰ ਜੁੜਿਆ ਜੜ੍ਹਾਂ ਦੇ ਨਾਲ ਰਹਿਣ ਦੇ
ਫੁੱਲ ਕਹਿਣ ਮੈਨੂੰ ਕੰਡਾ ਚਲੋ ਕਹਿਣ ਦੇ
ਮੈਨੂੰ ਖਿੜਿਆ ਕਪਾਹ ਦੇ ਵਾਂਗੂੰ ਰਹਿਣ ਦੇ
ਘੱਟ ਮੰਡੀ ਵਿਚ ਮੁੱਲ ਪੈਂਦੇ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼।’
ਅੱਜ ਸਾਰੀ ਦੁਨੀਆਂ ਗਰਜਾਂ ਦੀ ਮਿੱਤਰ ਬਣ ਚੁੱਕੀ ਹੈ। ਲੱਗਦਾ ਆਦਰਸ਼, ਕੁਰਬਾਨੀਆਂ, ਸੱਚਾਈ ਐਂਵੇ ਫੋਕੀਆਂ ਗੱਲਾਂ ਬਣ ਗਈਆਂ ਹਨ। ਜੀਹਦੇ ਕੋਲ ਚਾਰ ਪੈਸੇ ਹਨ, ਉਸੇ ਦੇ ਗੁਣ ਗਾਏ ਜਾਂਦੇ ਹਨ। ਆਮ ਲੋਕਾਂ ਵੱਲੋਂ ਵੀ ਤੇ ਇਨਕਲਾਬੀ ਕਹਾਉਣ ਵਾਲਿਆਂ ਵੱਲੋਂ ਵੀ। ਜਿਹੜਾ ਕੋਈ ਪੈਸੇ ਵਾਲਾ ਹੋਵੇ ਜਾਂ ਪਰਵਾਸੀ ਕਵੀ ਕਹਾਉਂਦਾ ਹੋਵੇ, ਉਸ ਦੀ ਕਵਿਤਾ ਵੀ ਮਹਾਨ ਬਣ ਜਾਂਦੀ ਹੈ, ਉਸ ਦੇ ਮਾਂ-ਪਿਓ ਵੀ ਮਹਾਨ ਇਨਕਲਾਬੀ ਬਣ ਜਾਂਦੇ ਹਨ, ਧੀਆਂ-ਪੁੱਤ ਤੇ ਭੈਣ-ਭਰਾ ਵੀ। ਪਾਪਾ ਜੀ ਖੁਦ ਵੀ ਗਰੀਬ ਸਨ, ਉਸਦੇ ਰਿਸ਼ਤੇਦਾਰ ਵੀ ਗਰੀਬ ਹਨ, ਉਸਦਾ ਪ੍ਰੀਵਾਰ ਵੀ ਗਰੀਬ ਹੈ, ਫਿਰ ‘ਇਨਕਲਾਬੀ’ ਉਸ ਦੀ ਗੱਲ ਕਿਉਂ ਕਰਨਗੇ? ਪਰ ਪਾਪਾ ਜੀ ਦੀ ਸੋਚ ਬਹੁਤ ਅਮੀਰ ਹੈ। ਉਸ ਨੇ ਆਪਣੀ ਵਸੀਅਤ ਵਿੱਚ ਆਪਣੇ ਲੋਕਾਂ ਨੂੰ ਆਖ ਦਿੱਤਾ ਸੀ :
‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ’ਚ ਨਾ ਰਲਾਇਓ।
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ।’

-ਪ੍ਰਿਤਪਾਲ ਕੌਰ ਉਦਾਸੀ
ਸਿਵਲ ਹਸਪਤਾਲ, ਬਰਨਾਲ, ਮੋਬਾਇਲ-98157-37051
Share this article :

+ ਪਾਠਕਾਂ ਦੇ ਵਿਚਾਰ + 3 ਪਾਠਕਾਂ ਦੇ ਵਿਚਾਰ

May 1, 2010 at 6:45 AM

ਮਿੱਤਰੋ, ਕੁੱਖ 'ਚ ਲੱਤ ਮਾਰਨ ਵਰਗੀ ਗੱਲ ਲਗਦੀ ਹੈ ਇਹ ਮੈਨੂੰ, ਜਦੋਂ ਕਿਸੇ ਸ਼ਬਦ ਦਾ ਵਿਗੜਿਆ ਰੂਪ ਦਿਸਦਾ ਹੈ! ਮਘਦਾ ਸ਼ਬਦ ਉਤੇ ਅੱਧਕ ਕਿਸ ਦੀ ਆਗਿਆ ਨਾਲ ਲਾਇਆ ਗਿਆ ਹੈ? ਉਦਾਸੀ ਦੀ? ਮੈਂ ਆਪਣੇ ਕੰਨੀ ਸੁਣਿਆ ਹੈ ਉਦਾਸੀ ਨੂੰ ਇਹ ਗਾਉਂਦਿਆਂ: ਮਘਦਾ ਰਹੀਂ ਵੇ ਸੂਰਜਾ....

May 3, 2010 at 10:10 AM

ਕੱਲ੍ਹ ਮੈਂ ਇੱਕ ਦਵੰਦ 'ਚੋਂ ਨਿੱਕਲ ਗਿਆ। ਦਵੰਦ ਇਹ ਸੀ ਕਿ ਪਾਸ਼ ਵੱਡਾ ਸ਼ਾਇਰ ਸੀ ਜਾਂ ਉਦਾਸੀ? ਹੱਲ ਇਹ ਨਿੱਕਲਿਆ ਕਿ ਉਦਾਸੀ ਵੱਡਾ ਸ਼ਾਇਰ ਸੀ!

April 22, 2011 at 6:16 PM

ਮੈਂ ਜਿੰਨ੍ਹਾਂ ਦੀ ਅੱਖ ਦੇ ਅੰਦਰ ਰੜ੍ਹਕਦਾ ਇੱਕ ਰੋੜ ਹਾਂ,
ਮੈਂ ਜਿੰਨ੍ਹਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ..
ਉਨ੍ਹਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ ਤੇ ਚੋਆਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger