
ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ !
ਮੇਰੀ ਵੀ ਕੀ ਜਿੰਦਗੀ, ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫੀ, ਤੀਲੀ ਨਾ ਲਗਾਇਓ !
(20 ਅਪ੍ਰੈਲ 1939-06 ਨਵੰਬਰ 1986)
ਵਲਗਣਾ ‘ਚ ਕੈਦ ਹੋਣਾ, ਮੇਰੇ ਨਹੀਂ ਮੁਨਾਸਿਬ,
ਯਾਰਾਂ ਦੇ ਵਾਂਗ ਅਰਥੀ, ਸੜਕਾਂ ਤੇ ਹੀ ਜਲਾਇਓ !
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ ਤੱਕ ਢਲੇਗਾ ਸੂਰਜ , ਕਣ-ਕਣ ਮੇਰਾ ਜਲਾਇਓ !
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਜਾਇਓ !
ਗੀਤ: ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ...
ਗੀਤ: ਮਘਦਾ ਰਹੀਂ ਵੇ ਸੂਰਜਾ
ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ,
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ।
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ ,
ਨੱਕ ਵਗਦੇ ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ ,
ਤੂੰ ਮਘਦਾ ਰਈਂ ਵੇ ....
ਜਿੱਥੇ ਰੂਹ ਬਣਗੀ ਇੱਕ ਹਾਵਾ ਹੈ ,
ਜਿੱਥੇ ਜ਼ਿੰਦਗ਼ੀ ਇੱਕ ਪਛਤਾਵਾ ਹੈ ,
ਜਿੱਥੇ ਕੈਦ ਅਣਖ ਦਾ ਲਾਵਾ ਹੈ ,
ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ਼ ਥਪੇੜੇ
ਤੂੰ ਮਘਦਾ ਰਈਂ ਵੇ …………….
ਜਿੱਥੇ ਲੋਕ ਬੜੇ ਮਜਬੂਰ ਜਿਹੇ ,
ਦਿੱਲੀ ਦੇ ਦਿਲ ਤੋਂ ਦੂਰ ਜਿਹੇ ,
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ ,
ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ ,
ਤੂੰ ਮਘਦਾ ਰਈਂ ਵੇ …………..
ਜਿੱਥੇ ਬੰਦਾ ਜੰਮਦਾ ਸੀਰੀ ਹੈ ,
ਟਕਿਆਂ ਦੀ ਮੀਰੀ ਪੀਰੀ ਹੈ ,
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ ,
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ ,
ਤੂੰ ਮਘਦਾ ਰਈਂ ਵੇ ……………..
ਜੇ ਸੋਕਾ ਇਹ ਹੀ ਸੜਦੇ ਨੇ ,
ਜੇ ਡੋਬਾ ਇਹ ਹੀ ਮਰਦੇ ਨੇ ,
ਸਭ ਕਹਿਰ ਇਨ੍ਹਾਂ ਸਿਰ ਵਰ੍ਹਦੇ ਨੇ ,
ਜਿੱਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤ੍ਰੇੜੇ ,
ਤੂੰ ਮਘਦਾ ਰਈਂ ਵੇ ………….
ਜਿੱਥੇ ਹਾਰ ਮੰਨ ਲਈ ਚਾਵਾਂ ਨੇ ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ ,
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ ,
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ ,
ਤੂੰ ਮਘਦਾ ਰਈਂ ਵੇ ………..
ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ ,
ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ ,
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ ,
ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ ,
ਤੂੰ ਮਘਦਾ ਰਈਂ ਵੇ ….
ਤੂੰ ਆਪਣਾ ਆਪ ਮਚਾਂਦਾ ਹੈਂ ,
ਪਰ ਆਪਾ ਹੀ ਰੁਸ਼ਨਾਂਦਾ ਹੈਂ ,
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ ,
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ ,
ਤੂੰ ਮਘਦਾ ਰਈਂ ਵੇ ਸੂਰਜਾ ……..
ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ
ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ
ਮੱਲੋ ਮੱਲੀ ਤੂੰ ਅਣਖ਼ ਤੇ ਲਾਜ ਦਿੱਤੀ
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ
ਖ਼ਬਰੇ ਕੋਇਲ ਦੀ ਤਾਹੀਂਓ ਆਵਾਜ਼ ਦਿੱਤੀ
ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ
ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ
ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ
ਤਿੰਨ ਬਾਂਦਰਾਂ ਤੇ ਮਹਾਂਕਾਵਿ ਲਿਖਕੇ
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ
ਜਿਹੜੀ ਆਪ ਵਿਕਦੀ ਆਵੇ ਵੇਚ ਲੈਂਦੇ
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ
ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ
ਤਵਾ ਸਾਡਾ ਸਪੀਕਰ ਤੇ ਲੱਗ ਜਾਂਦਾ
ਟੈਲੀਵਿਜ਼ਨ ’ਤੇ ਕਿਸੇ ਮੁਟਿਆਰ ਦੇ ਸੰਗ
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ
ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ
ਗੱਫ਼ਾ ਦੇਗ ਦਾ ਪੰਜਾ ਪਿਆਰਿਆਂ ’ਚੋਂ
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ
ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ
ਸਾਡੀ ਪਤਨੀ ਦਾ ਟਿਕਟ ਵੀ ’ਬਾਂਈਡ’ ਹੁੰਦਾ
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ
ਇੱਕ ਬੱਚਾ ਤਾਂ ’ਮੇਡ ਇਨ ਇੰਗਲੈਂਡ’ ਹੁੰਦਾ
ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ?
ਗੱਲ ਗੱਲ ਤੇ ਸਾਡੀ ਅਗਵਾਈ ਹੁੰਦੀ
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ
ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ
ਕਾਰ ਕਦੇ ਕਦਾਈਂ ਹੀ ਖੜੀ ਰਿੰਹਦੀ
ਨਾਲੇ ਵਿਹੜੇ ਦੀਆਂ ਭੰਗਣਾਂ ਸ਼ੀਰਨਾਂ ਵਿੱਚ
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ
ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ
ਲੈ ਕੇ ਕੱਫ਼ਣ ਸਰਹਾਣੇਂ ਹਾਂ ਨਿੱਤ ਸੌਂਦੇ
ਚੱਤੋ ਪਹਿਰ ਦਿਮਾਗ ਵਿੱਚ ਮੜ੍ਹੀ ਰਹਿੰਦੀ
ਤੇਰਾ ਦਿਲ ਨਾ ਠਰੇ |
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਤਾਈਂ ਮਨਮੱਤੀਆਂ ਕਰੇ |
ਲੋਕਾਂ ਦੀਆਂ ਭੁੱਖ਼ਾਂ ਉੱਤੇ ਫ਼ਤਿਹ ਸਾਡੀ ਦੇਗ਼ ਦੀ |
ਅਸੀਂ ਤਾਂ ਆ ਮੌਤ ਦੇ ਚਬੂੱਤਰੇ 'ਤੇ ਆਣ ਖੜੇ |
ਇਹ ਤਾਂ ਭਾਵੇਂ ਖੜੇ ਨਾ ਖੜੇ |
ਤੇਰੇ ਤਾਂ ਪਿਆਦੇ ਨਿਰੇ ਖ਼ੇਤਾਂ ਦੇ ਪ੍ਰੇਤ ਨੀ |
ਤਿਲਾਂ ਦੀ ਪੂਲੀ ਵਾਂਗੂੰ ਝਾੜ ਲੈਂਦੇ ਖ਼ੇਤ ਨੀ |
ਸੌਂਦੇ ਨੇ ਘਰੋੜ ਤੇ ਰੜੇ |
ਲਾਲ ਕਿਲੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ |
ਬੜੀ ਛੇਤੀ ਇਹਦੀ ਬਰੀ ਹੋਣ ਦੀ ਉਮੈਦ ਹੈ |
ਪਿੰਡਾ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀ ਵੜੇ ਕਿ ਵੜੇ |
ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆ ਬੇਓੜ ਨੀਂ |
ਇੱਕ ਦਾ ਤੂੰ ਮੁੱਲ ਭਾਵੇਂ ਰੱਖ ਦੀ ਕਰੌੜ ਨੀ ,
ਸਿੰਘ ਤੈਥੋਂ ਜਾਣੇ ਨਾ ਫੜੇ |
ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ |
ਗੱਲ ਨਹੀਂ ਆਉਂਣੀ ਤੇਰੇ ਝੂਠੇਆਂ ਗਵਾਹਾਂ ਨੂੰ |
ਸੰਗਤ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ ,
ਲੈ ਕੇ ਫ਼ੌਜੀ ਖ਼ਾਲਸੇ ਖੜੇ |
ਕਾਲਿਆ ਕਾਵਾਂ ਵੇ
ਉੱਡ ਜਾ ਕਾਵਾਂ ਕਾਲਿਆ ਵੇ, ਉੱਡ ਜਾ ਕਾਵਾਂ ਕਾਲਿਆ ਵੇ...
ਪੈਰੀਂ ਤੇਰੇ ਘੁੰਗਰੂ ਪਾਵਾਂ
ਆ ਸੋਨੇ ਦੀ ਚੁੰਝ ਮੜਾਵਾਂ
ਕੁੱਟ-ਕੁੱਟ ਤੈਨੂੰ ਚੁਰੀਆਂ ਪਾਵਾਂ
ਮਾਹੀ ਮੇਰੇ ਦਾ ਤੁੰ ਸਿਰਨਾਵਾਂ
ਖੰਭਾਂ ਉਪਰ ਲਿਖਾ ਲਿਆ ਵੇ
ਉੱਡ ਜਾ ਕਾਵਾਂ ਕਾਲਿਆ ਵੇ...
ਰੋਜ਼ ਬਨੇਰੇ ਬੋਲ ਕੇ ਜਾਵੇਂ
ਝੂਠੀਆ ਵੇ ਤੂੰ ਝੂਠ ਘੁੰਮਾਵੇਂ
ਕਿਉਂ ਤੱਤੜੀ ਨੂੰ ਹੋਰ ਤੜਪਾਵੇਂ
ਕਹਿੰਦਾ ਸੀ ਉਹ ਮੈਂ ਆਵਾਂਗਾ ਛੇਤੀ,
ਝੂਠਾ ਲਾਰਾ ਲਾ ਗਿਆ ਵੇ
ਉੱਡ ਜਾ ਕਾਵਾਂ ਕਾਲਿਆ ਵੇ...
ਦਰਦਾਂ ਵਾਲੇ ਦਰਦ ਵੰਡਾਉਣ
ਸ਼ੌਂਕਾਂ ਵਾਲੇ ਸ਼ੌਂਕ ਪਛਾਨਣ
ਬੇਪਰਵਾਹ ਕੀ ਪਿਆਰ ਨੂੰ ਜਾਨਣ
ਪਾ ਕੇ ਗੁੜਾ ਪਿਆਰ "ਉਦਾਸੀ"
ਐਵੇਂ ਝੋਰਾ ਲਾ ਲਿਆ ਵੇ
ਉੱਡ ਜਾ ਕਾਵਾਂ ਕਾਲਿਆ ਵੇ............
ਹੁਣ ਤੁਹਾਡੀ ਯਾਦ ਵਿੱਚ
ਹੁਣ ਤੁਹਾਡੀ ਯਾਦ ਵਿੱਚ ਨਾ ਸਾਥੀਓ ਰੋਵਾਂਗਾ ਮੈਂ
ਬਚਦਿਆਂ ਹੰਝੂਆਂ ’ਚ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ
ਮੈਂ ਨਹੀਂ ਨਿਰਖਾਂਗਾ ਸ਼ੁਹਦੀ ਸੱਜ ਵਿਆਹੀ ਦਾ ਮਜ਼ਾਜ
ਪੈਰ ਦੀ ਝਾਂਜਰ ’ਚ ਜਿਸ ਦੇ ਵੀਰ ਦੇ ਸਿਰ ਦਾ ਵਿਆਜ
ਸੱਗੀਆਂ ਦੀ ਠੂਠੀ ’ਚੋਂ ਕੋਠੀ ਸੇਠ ਦੀ ਖੋਹਾਂਗਾ ਮੈਂ
ਹੁਣ ਤੁਹਾਡੀ ਯਾਦ ਵਿੱਚ....
ਟਿੱਬਿਆਂ ’ਤੇ ਪਹਿਲਾਂ ਬੜੀ ਹੀ ਅੱਥਰੂਆਂ ਦੀ ਹੈ ਸਲ੍ਹਾਬ
ਹੁਣ ਤੇ ਊਣੇ ਵੀ ਨਾ ਰਹੇ ਮੇਰੇ ਸਤਲੁਜ ਤੇ ਚਨਾਬ
ਢਲ ਰਹੇ ਪ੍ਰਛਾਵਿਆਂ ਤੋਂ ਆਪਣੀ ਲੋਅ ਖੋਹਾਂਗਾ ਮੈਂ
ਹੁਣ ਤੁਹਾਡੀ ਯਾਦ ਵਿੱਚ....
ਮੈਂ ਜਿਹਨਾਂ ਦੀ ਅੱਖ ਅੰਦਰ ਰੜਕਦਾ ਇੱਕ ਰੋੜ ਹਾਂ
ਮੈਂ ਜਿਹਨਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ
ਉਹਨਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ ’ਤੇ ਚੋਆਂਗਾ ਮੈਂ
ਬਚਦਿਆਂ ਹੰਝੂਆਂ ’ਚ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ
ਹੁਣ ਤੁਹਾਡੀ ਯਾਦ ਵਿੱਚ ਨਾ ਸਾਥੀਓ ਰੋਵਾਂਗਾ ਮੈਂ
ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ
ReplyDeleteਮੇਰੀਏ ਜਵਾਨ ਕਣਕੇ।
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ,
ਤੂੰ ਸੋਨੇ ਦਾ ਪਟੋਲਾ ਬਣ ਕੇ।
really Awesome expression....liked them all....
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ReplyDeleteਕਿਆ ਬਾਤ ਐ ਸੰਤ ਰਾਮ ਉਦਾਸੀ ਜੀ ਦੀ
ਖਰੋਡ ਅਮਰਜੀਤ
ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ ਇਕੇਰਾਂ,
ReplyDeleteਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ।
ਖਰੋਡ ਅਮਰਜੀਤ