Home » , , , , , » ਗੁਰਦਾਸ ਮਾਨ ਦੇ ਗੀਤਾਂ ਵਿੱਚ ਔਰਤ

ਗੁਰਦਾਸ ਮਾਨ ਦੇ ਗੀਤਾਂ ਵਿੱਚ ਔਰਤ

Written By Editor on Wednesday, March 3, 2010 | 23:32

ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਛਿੰਦਾ ਪੁੱਤ ਹੈ, ਤੇ ਪੰਜਾਬੀ ਗਾਇਕੀ ਦਾ ਸਰਤਾਜ। ਉਸਦਾ ਹਰ ਗੀਤ ਹੀ ਆਪਣੇ ਆਪ ਵਿੱਚ ਰਸ ਭਰਿਆ ਹੁੰਦਾ ਹੈ। ਉਸ ਦੇ ਗੀਤਾਂ ਦੀ ਹਵਾ ਵਿੱਚ, ਉੱਚ ਕਦਰਾਂ ਕੀਮਤਾਂ ਦੀ ਨਮੀ ਜ਼ਰੂਰ ਹੁੰਦੀ ਹੈ। ਉਸ ਦੇ ਗੀਤਾਂ ਦੀ ਜੇਕਰ ਸਮਾਜਕ ਪ੍ਰਸੰਗਤਾ ਬਾਰੇ ਗੱਲ ਕਰਨੀ ਹੋਵੇ, ਤਾਂ ਅਨੇਕਾ ਹੀ ਸਮਾਜਕ ਉਤਰਾਅ-ਚੜਾਅ ਉਜ਼ਾਗਰ ਕੀਤੇ ਜਾ ਸਕਦੇ ਹਨ, ਪਰ ਇੱਥੇ ਮੈਂ ‘ਗੁਰਦਾਸ ਮਾਨ ਦੇ ਗੀਤਾਂ ਵਿੱਚ ਔਰਤ’ ਦੇ ਬਾਰੇ ਚਰਚਾ ਛੇੜਨ ਦਾ ਯਤਨ ਕੀਤਾ ਹੈ। ਸਾਡਾ ਸਮਾਜ ‘ਮਰਦ ਪ੍ਰਧਾਨ ਸਮਾਜ’ ਹੈ, ਜਿੱਥੇ ਔਰਤ ‘ਪੈਰ ਦੀ ਜੁੱਤੀ’ ਸਮਝੀ ਜਾਂਦੀ ਹੈ। ਹੁਣ ਇਹ ਵੱਖਰੀ ਗੱਲ ਕਹਿ ਲਵੋ ਜਾਂ ਸਾਡੇ ਭਾਰਤੀ ਸਮਾਜ ਦਾ ਦੋਗਲਾਪਣ ਕਿ ਇੱਥੇ ਕੁੜੀਆ ‘ਕੰਜਕਾਂ’ ਦੇ ਰੂਪ ਵਿੱਚ ਪੂਜੀਆ ਵੀ ਜਾਂਦੀਆਂ ਹਨ। ਸਾਡੇ ਸਮਾਜ ਦਾ ਔਰਤ ਨਾਲ ਇਹ ਦੋਗਲਾਪਣ ਮੁੱਢਾਂ-ਸੁੱਢਾਂ ਤੋਂ ਹੋ ਰਿਹਾ ਹੈ। ਇਹੀ ਦੋਗਲਾਪਣ, ਗੁਰਦਾਸ ਮਾਨ ਨੇ ਬੜੇ ਵਿਅੰਗ ਭਰਪੂਰ ਅਤੇ ਪ੍ਰਭਾਵਮਈ ਢੰਗ ਨਾਲ ਆਪਣੇ ਗੀਤਾਂ ਵਿੱਚ ਦ੍ਰਿਸ਼ਟਮਾਨ ਕੀਤਾ ਹੈ। ਗੁਰਦਾਸ ਮਾਨ ਆਪਣੇ ਗੀਤਾਂ ਵਿੱਚ ਮਰਦ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਆਖਦਾ ਹੈ-

‘ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ,
ਬੁਰਾ ਮਨਾਂਉਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ’

ਗੁਰਦਾਸ ਮਾਨ ਦੀ ਹੋਰਾਂ ਗਾਇਕਾਂ ਤੋਂ ਇਹ ਵਿਲੱਖਣਤਾ ਰਹੀ ਹੈ ਕਿ ਉਸ ਨੇ ਆਪਣਿਆਂ ਗੀਤਾਂ ਵਿੱਚ ਔਰਤ ਨੂੰ ਕਦੇ ਦੂਜੇ ਗਾਇਕਾਂ ਵਾਂਗ ਨਿੰਦਿਆ ਨਹੀਂ, ਬਲਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਸਹੀ ਨਜ਼ਰੀਏ ਤੋਂ ਔਰਤ ਦੇ ਹੱਕ ਵਿੱਚ ਆਪਣੀ ਤਰਕ ਭਰੀ ਦਲੀਲ ਦਿੱਤੀ ਹੈ। ਔਰਤ ਨੂੰ ਹਮੇਸ਼ਾਂ ‘ਬੇਵਫਾ’ ਦਾ ਵਿਸ਼ੇਸ਼ਣ ਦੇਣ ਵਾਲਿਆਂ ਦੀ ਸੰਕਰੀਣ ਤੇ ਤੰਗ ਦਿਲੀ ਸੋਚ ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਗੁਰਦਾਸ ਮਾਨ ਨੇ ‘ਕੁੜੀਏ' , ਗੀਤ ਰਾਹੀਂ ਜਿੱਥੇ ਸਮਾਜ ਵੱਲ੍ਹੋ ਔਰਤ ਤੇ ਵੱਖ-ਵੱਖ ਤਰੀਕਿਆਂ ਨਾਲ ਢਾਹੇ ਜਾਂਦੇ ਜ਼ੁਲਮ ਬਿਆਨ ਕੀਤੇ ਹਨ, ਉਥੇ ਇਸ ਗੀਤ ਰਾਹੀਂ ਉਸ ਨੇ ਇੱਕ ਨਵੀਂ ਗੱਲ ਕਰਕੇ ਇਤਿਹਾਸ ਸਿਰਜ ਦਿੱਤਾ। ਗੁਰਦਾਸ ਮਾਨ ਨੇ ਇਸ ਗੀਤ ਰਾਹੀਂ ਸਾਡੇ ਕਲਮਕਾਰਾਂ ਵੱਲ੍ਹੋਂ ਵਰ੍ਹਿਆਂ ਤੋਂ ਭੰਡੀ ਜਾ ਰਹੀ ‘ਸਾਹਿਬਾਂ’ ਬਦਨਾਮੀ ਦੇ ਚਿੱਕੜ ਵਿੱਚੋਂ ਬੜੀਆਂ ਹੀ ਤਰਕਮਈ ਤੇ ਭਾਵਪੂਰਤ ਦਲੀਲਾਂ ਦੇ ਕੇ ਨਿਤਾਰੀ ਹੈ। ਉਹਨਾਂ ਸਭ ਕਲਮਕਾਰਾਂ ਨਾਲ
ਵੀ ਗਿਲਾ ਜ਼ਾਹਰ ਕੀਤਾ, ਜੋ ਸਿਰਫ ਮਿਰਜ਼ੇ ਨੂੰ ਹੀ ਸਹੀ ਦਰਸਾਉਦਿਆਂ ਸਾਹਿਬਾਂ ਨੂੰ ਬੇਵਫਾ ਔਰਤ ਕਹਿ ਕੇ ਭੰਡਦੇ ਆ ਰਹੇ ਹਨ । ਗੁਰਦਾਸ ਮਾਨ, ਸਾਹਿਬਾਂ ਦੇ ਹੱਕ ਵਿੱਚ ਪੂਰੇ ਦਲੀਲ ਦਿੰਦਿਆਂ ਆਖਦਾ ਹੈ

'ਸੱਤ ਭਰਾ, ਇੱਕ ਮਿਰਜ਼ਾ, ਬਾਕੀ ਕਿੱਸਾਕਾਰਾਂ ਨੇ,
ਕੱਲੀ ਸਾਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ,
ਕਵੀਆਂ ਦੀ ਇਸ ਗਲਤੀ ਨੂੰ ਮੈ ਕਿਵੇਂ ਸੁਧਾਰ ਦਿਆਂ...'

Gurdas Maan,Punjabi,Girl Child
ਦਿਸੰਬਰ 2007 ਦੀ ਇਕ ਸ਼ਾਮ, ਲੁਧਿਆਣਾ ਦੇ ਲੋਧੀ ਕਲੱਬ ਵਿਚ ਆਪਣੇ ਅਖਾੜੇ ਦੌਰਾਨ, ਗੁਰਦਾਸ ਮਾਨ, ਗੀਤ 'ਕੁੜੀਏ' ਗਾਂਉਂਦੇ ਹੋਏ ਭਾਵੁਕ ਹੋ ਕੇ, ਆਟੋਗ੍ਰਾਫ ਲੈਣ ਆਈ ਬੱਚੀ ਦੇ ਕਦਮਾਂ ਵਿਚ ਵਿਛ ਕੇ ਸਮੂਹ ਸਮਾਜ ਵੱਲੋਂ ਔਰਤਾਂ ਨਾਲ ਕੀਤੇ ਗਏ ਸਦੀਆਂ ਲੰਮੇ ਵਿਤਕਰੇ ਦਾ ਪਛਤਾਵਾ ਕਰਦੇ ਹੋਏ। (ਤਸਵੀਰ-ਯਾਦਾਂ ਦੀ ਸਾਂਭੀ ਹੋਈ ਇਕ ਐਲਬਮ ਵਿਚੋਂ)

ਸਾਹਿਬਾਂ ਨੂੰ ਬੇਵਫਾ ਆਖਣ ਵਾਲੇ ਕੀ ਇਹ ਨਹੀਂ ਜਾਣਦੇ ਸਨ ਕਿ ਸਾਹਿਬਾਂ ਨੇ ਮਿਰਜ਼ੇ ਨੂੰ ਜੰਡ ਥੱਲੇ ਸੌਣ ਤੋਂ ਵਰਜਿਆ ਸੀ? ਉਹ ਜਾਣਦੀ ਸੀ ਕਿ ਉਸ ਦੇ ਭਰਾ ਮਿਰਜੇ ਦੀ ਜਾਨ ਦੇ ਦੁਸ਼ਮਣ ਬਣੇ, ਉਹਨਾਂ ਦਾ ਪਿੱਛਾ ਜਰੂਰ ਕਰਨਗੇ। ਜੇ ਸਾਹਿਬਾਂ ਦੇ ਭਾਈ ਮਾਰੇ ਜਾਂਦੇ ਤਾਂ ਸਾਡੇ ਮਰਦ ਪ੍ਰਦਾਨ ਸਮਾਜ ਨੇ ਫਿਰ ਇਹ ਆਖਣਾ ਸੀ ਕਿ ਵੇਖੋ ‘ਕੰਜਰੀ’ ਨੇ ਭਾਈ ਮਰਵਾ ਦਿੱਤੇ। ਇਹ ਤਾਂ ਫਿਰ ਉਹੀ ਗੱਲ ਹੋਈ ਨਾ ਦੋਸਤੋ ਕਿ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੇ। ਪਰ ਵਾਰੇ ਜਾਈਏ ਗੁਰਦਾਸ ਮਾਨ ਦੇ ਜਿਸ ਨੇ ਸਾਹਿਬਾਂ ਦੇ ਹੱਕ ਵਿੱਚ ਉਵੇਂ ਦਲੀਲ ਦਿੱਤੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦੇ ਹੱਕ ਵਿੱਚ । ਸ਼ਿਵ ਨੇ ਵੀ ਆਪਣੇ ਪੂਰਵ ਤੇ ਸਮਕਾਲੀਨ ਲੇਖਕਾਂ ਵਾਲਾ ਔਰਤ ਪ੍ਰਤੀ ਤੰਗ ਨਜ਼ਰੀਆ ਤਿਆਗ ਕੇ ਲੂਣਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਸੋ ਦੋਸਤੋ, ਸ਼ਿਵ ਨੇ ਲੂਣਾ ਤੇ ਗੁਰਦਾਸ ਮਾਨ ਨੇ ਸਾਹਿਬਾਂ ਨੂੰ ਬਦਨਾਮੀ ਤੋਂ ਨਿਜ਼ਾਤ ਦਵਾਈ । ਇਹਨਾਂ ਦੋਹਾਂ ਲੇਖਕਾਂ ਦੀ ਸੋਚ ਤੇ ਲੇਖਣੀ ਨੂੰ ਮੇਰਾ ਸਜਦਾ । ਗੁਰਦਾਸ ਮਾਨ ਉਹ ਗਾਇਕ ਹੈ, ਜੋ ਗੱਲਾਂ-ਗੱਲਾਂ ਵਿੱਚ ਲੋਕਾਂ ਨੂੰ ਵੱਡੇ ਸੁਨੇਹੇ ਦੇ ਜਾਂਦਾਂ ਹੈ ਤੇ
ਸਮਾਜਕ ਬੁਰਾਈਆਂ ਵਿਰੁੱਧ ਆਪਣੀ ਆਵਾਜ਼ ਲਾਮਬੰਦ ਕਰਦਾ ਹੈ। ਸਾਈਕਲ ਗੀਤ ਰਾਹੀਂ ਵੀ ਉਹ ਆਪਣੀ ਜ਼ਿੰਦਗੀ ਦੇ ਕੁਝ ਸੱਚ ਤਾਂ ਬਿਆਨ ਕਰਦਾ ਹੀ ਹੈ, ਇਸ ਗੀਤ ਰਾਹੀਂ ਭਰੂਣ ਹੱਤਿਆ ਵਿਰੁੱਧ ਲੋਕਾਈ ਵੀ ਜਾਗਰੂਕ ਕਰਦਾ ਹੈ। ਉਹ ਆਖਦਾ ਹੈ, 'ਜੇ ਮਾਂ ਮੇਰੀ ਜੰਮਦੀ ਨੂੰ ਉਦੋਂ ਮਾਰ ਦਿੰਦਾਂ ਮੇਰਾ ਨਾਨਾ , ਨਾ ਮੇਰਾ ਪਿਉ ਨਾ ਮੈ ਹੁੰਦਾ ਗੁਰਦਾਸ ਮਾਨ ਮਰ ਜਾਣਾ।' ਮਤਲਬ ਜਿਸ ਗੁਰਦਾਸ ਨੂੰ ਲੋਕ ਇੰਨਾ ਚਾਹੁੰਦੇ ਨੇ ,ਉਸਨੇ ਕਿੱਥੇ ਇਹ ਦੁਨੀਆਂ ਵੇਖਣੀ ਸੀ, ਜੇ ਉਸ ਨੂੰ ਜਨਮ ਦੇਣ ਵਾਲੀ ਮਾਂ ਹੀ ਉਸਦਾ ਨਾਨਾ ਮਾਰ ਦਿੰਦਾਂ । ਇਸੇ ਤਰ੍ਹਾਂ ਗੁਰਦਾਸ ਨੇ ‘ਹੀਰ’ ਗੀਤ ਰਾਹੀਂ ਹੀਰ ਵੱਲ੍ਹੋਂ ਰਾਂਝੇ ਨਾਲ ਸੰਵਾਦ ਰਚਾਇਆ ਹੈ। ਜੇ ਰਾਂਝਾ ਬੇਘਰ ਹੋਕੇ ਉਸਦੇ ਕਰਕੇ ਜੋਗੀ ਬਣ ਦੁੱਖ ਝੱਲ ਰਿਹਾ ਹੈ ਤਾਂ ਉਹ ਵੀ ਤਾਂ ਕਿਸੇ ਦੀ ਘਰ ਵਾਲੀ ਹੋ ਕੇ ਬੇਘਰ ਵਾਂਗ ਹੀ ਹੈ।

'ਨਾਂ ਮੈ ਮਾਪਿਆਂ ਨੇ ਰੱਖੀ ਨਾਂ ਮੈ ਸਹੁਰਿਆਂ ਦੀ ਹੋਈ,
ਜਿੰਨਾਂ ਜਿੰਦਗੀ ‘ਚ ਹੱਸੀ ਉਨਾ ਡੋਲੀ ਵੇਲੇ ਰੋਈ’

ਸੋ ਦੋਸਤੋ, ਗੁਰਦਾਸ ਮਾਨ ਨੇ ਆਪਣੀ ਅਮੀਰ ਤੇ ਰੂਹਾਨੀ ਸੋਚ ਨਾਲ ਆਪਣਿਆਂ ਗੀਤਾਂ ਰਾਂਹੀ ਔਰਤ ਦੇ ਮਾਣ ਸਨਮਾਨ ਦਾ ਸੁਨੇਹਾ ਸਾਡੇ ਸਮਾਜ ਨੂੰ ਦਿੱਤਾ ਹੈ । ਉਸਦੀ ਨਵੀਂ ਆ ਰਹੀ ਫਿਲਮ ‘ਸੁਖਮਨੀ ’ ਵਿੱਚ ਵੀ ਉਹ ਔਰਤ ਦਾ
ਸਮਾਜ ਵਿੱਚ ਰੁਤਬਾ ਬਹਾਲ ਕਰਾਉਣ ਲਈ ਯਤਨ ਕਰਦਿਆਂ ਨਜਰ ਆ ਰਿਹਾ ਹੈ । ਗੁਰਦਾਸ ਮਾਨ ਗੁਰੂ ਨਾਨਕ ਦੇਵ ਜੀ ਦੇ ਫੁਰਮਾਨ ‘‘ਸੋ ਕਿਉਂ ਮੰਦਾ ਆਖੀਐ ,ਜਿਤੁ ਜੰਮੈ ਰਾਜਾਨ” ਤੇ ਨਿਰੰਤਰ ਅਮਲ ਕਰ ਰਿਹਾ ਹੈ। ਪਰਮਾਤਮਾਂ, ਗੁਰਦਾਸ ਮਾਨ ਨੂੰ ਹਮੇਸ਼ਾ ਬੁਲੰਦ ਰੱਖੇ ।

-ਅਕਾਸ਼ ਦੀਪ ‘ਭੀਖੀ’
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger