Home » , , , , , , , » ਸਰਾਭੇ ਤੋਂ ਯਮਲੇ ਤੱਕ ਪੰਜਾਬੀਅਤ ਨੂੰ ਸੁਨਹਿਰੀ ਪਰਦੇ ਦਾ ਸਲਾਮ

ਸਰਾਭੇ ਤੋਂ ਯਮਲੇ ਤੱਕ ਪੰਜਾਬੀਅਤ ਨੂੰ ਸੁਨਹਿਰੀ ਪਰਦੇ ਦਾ ਸਲਾਮ

Written By Editor on Saturday, December 12, 2009 | 15:11

ਸ਼ਾਇਦ ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲਾ ਮੌਕਾ ਸੀ, ਜਦੋਂ ਪੰਜਾਬ ਦੇ ਉਨ੍ਹਾਂ ਨਾਇਕਾਂ ਦੀ ਜ਼ਿੰਦਗੀ ਨੂੰ ਉਨ੍ਹਾਂ ਦੇ ਵਾਰਿਸਾਂ ਨੇ ਰੂ-ਬ-ਰੂ ਦੇਖਿਆ, ਜਿਨ੍ਹਾਂ ਨੇ ਦੇਸ਼ ਅਤੇ ਪੰਜਾਬੀਅਤ ਦਾ ਨਾਮ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੈ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ, ਸਿਪਾਹੀ ਮੱਲ ਸਿੰਘ, ਲਾਲ ਚੰਦ ਯਮਲਾ ਜੱਟ, ਸਭ ਦੀ ਆਪਣੀ ਆਪਣੀ ਸ਼ਖ਼ਸੀਅਤ ਹੈ ਤੇ ਹਰ ਇਕ ਨੇ ਆਪਣੀ ਜ਼ਿੰਦਗੀ ਵਿਚ ਉਹ ਕੁਝ ਕੀਤਾ ਹੈ, ਜਿਸ ਬਾਰੇ ਸੋਚ ਕੇ ਹੀ ਰੋਮ ਰੋਮ ਨਤਮਸਤਕ ਹੋ ਜਾਂਦਾ ਹੈ। ਨੌਜਵਾਨ ਫ਼ਿਲਮਕਾਰ ਨਵਲਪ੍ਰੀਤ ਰੰਗੀ ਵੀ ਕੁਝ ਇਹੋ ਜਿਹਾ ਕਰ ਰਿਹਾ ਹੈ, ਜੋ ਦੇਖ-ਸੁਣ ਕੇ ਹਰ ਕੋਈ ਇਕ ਵਾਰ ਸੋਚਣ ਲਈ ਮਜਬੂਰ ਜਰੂਰ ਹੁੰਦਾ ਹੈ। ਮੈਂ ਵੀ ਉਸ ਵੇਲੇ ਡੂੰਘੀ ਸੋਚ ਵਿਚ ਡੁੱਬਿਆਂ ਸਾਂ, ਜਦੋਂ ਮੈਂ ਇਹ ਸਭ ਕੁਝ ਅੱਖੀਂ ਵੇਖ ਰਿਹਾ ਸਾਂ।

ਤੁਸੀ ਸੋਚ ਰਹੇ ਹੋਵੇਗੇ ਇਹ ਕੀ ਬੁਝਾਰਤ ਹੈ, ਦਰਅਸਲ ਚੰਡੀਗੜ੍ਹੋਂ, ਦਿੱਲੀ ਮੁੜ੍ਹਦੇ ਹੋਏ ਮੈਂ ਵੀ ਇਹੀ ਸੋਚ ਰਿਹਾ ਸਾਂ। ਚੰਡੀਗੜ੍ਹੋਂ ਪਰਤ ਰਿਹਾ ਸਾਂ, ਕੌਮਾਂਤਰੀ ਇਤਿਹਾਸਿਕ ਫ਼ਿਲਮ ਮੇਲਾ ਵੇਖ ਕੇ…

ਦਿਨ ਪਹਿਲਾ 18 ਨਵੰਬਰ, ਸ਼ਾਮ 6 ਵਜੇ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਰੋਜਿਨੀ ਹਾਲ ਦੇ ਆਲੇ-ਦੁਆਲੇ ਬੜੀ ਗਹਿਮੀ-ਗਹਿਮੀ ਸੀ। ਇੰਝ ਲੱਗ ਰਿਹਾ ਸੀ, ਜਿਵੇਂ ਸਾਰੇ ਨੌਜਵਾਨ ਇੱਧਰ ਹੀ ਤੁਰੇ ਆ ਰਹੇ ਨੇ। ਨਵਲਪ੍ਰੀਤ ਰੰਗੀ, ਹੱਥ ਵਿਚ ਮਸ਼ਾਲ ਤੇ ਮੋਮਬੱਤੀਆਂ ਫੜੀ ਚਿੰਤਾ ਤੇ ਉਤਸ਼ਾਹ ਦੇ ਰਲੇ-ਮਿਲੇ ਹਾਵ-ਭਾਵਾਂ ਵਾਲੇ ਚਿਹਰੇ ਨਾਲ ਹਰ ਆਉਣ ਵਾਲੇ ਨੂੰ ਦੇਖ ਰਿਹਾ ਸੀ। ਸਰਦੀ ਦੀ ਸ਼ਾਮ ਆਪਣਾ ਰੰਗ ਵਿਖਾ ਰਹੀ ਸੀ। ਮਸ਼ਾਲਾ ਬਲੀਆਂ, ਮੋਮਬਤੀਆਂ ਟਿਮਟਿਮਾਈਆਂ, ਅੱਖਾਂ ਚਮਕੀਆਂ ਅਤੇ ਜੋਸ਼ ਦੇ ਨਾਲ 'ਕੱਲੇ-'ਕੱਲੇ ਜਾਂਦੇ ਨੌਜਵਾਨ ਕਦੋਂ ਕਾਫਲੇ ਵਿਚ ਬਦਲ ਗਏ, ਪਤਾ ਵੀ ਨਾ ਲੱਗਾ। ਮੁੰਡਿਆਂ-ਕੁੜੀਆਂ ਦੀ ਗਿਣਤੀ ਪੰਜਾਬ ਦੇ ਵਿਗੜੇ ਲਿੰਗ ਅਨੁਪਾਤ ਜਿੰਨੀ ਚਿੰਤਾਜਨਕ ਨਹੀਂ ਸੀ। ਜ਼ਾਹਿਰ ਸੀ, ਪੜ੍ਹੇ ਲਿਖੇ ਨੌਜਵਾਨ ਇਸ ਮਸ਼ਾਲ ਯਾਤਰਾ ਅਤੇ ਇਸ ਦੇ ਮਕਸਦ ਨੂੰ ਸੰਜੀਦਗੀ ਨਾਲ ਸਮਝਦੇ ਸਨ। ਮਸ਼ਾਲ ਯਾਤਰਾ ਵਾਲੇ ਕਾਫ਼ਲੇ ਨੇ ਪੂਰੀ ਯੂਨੀਵਰਸਿਟੀ ਦਾ ਸਫ਼ਰ ਤੈਅ ਕੀਤਾ। ਕਦਮਾਂ ਦੇ ਨਾਲ ਹੱਥ, ਹੱਥਾਂ ਦੇ ਨਾਲ ਮਸ਼ਾਲਾਂ ਅਤੇ ਮਸ਼ਾਲਾ ਦੇ ਨਾਲ ਇੰਨਕਲਾਬ ਜ਼ਿੰਦਾਬਾਦ ਦੇ ਨਾਰੇ ਤੁਰੇ ਜਾ ਰਹੇ ਸਨ। ਮਸ਼ਾਲ ਵਾਂਗ ਜ਼ਹਿਨ ਰੌਸ਼ਨ ਕਰ ਲੈਣ ਦਾ ਸੁਨੇਹਾ ਦੇ ਰਹੇ ਸਨ। ਜਾਗਰੂਕ ਕਰਨ ਦੇ ਨਾਲ ਹੀ ਇਹ ਯਾਤਰਾ ਸੱਦਾ ਦੇ ਰਹੀ ਸੀ, ਅਗਲੀ ਸਵੇਰ ਸ਼ੁਰੂ ਹੋਣ ਵਾਲੇ ਇਤਿਹਾਸਿਕ ਫ਼ਿਲਮ ਮੇਲੇ ਵਿਚ ਸ਼ਾਮਿਲ ਹੋਣ ਦਾ, ਜਿਸ ਨੇ ਇਕ ਨਵਾਂ ਇਤਿਹਾਸ ਸਿਰਜਣਾ ਸੀ, ਸ਼ਾਇਦ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ। ਇਹ ਤਾਂ ਉਹ ਯਾਤਰਾ ਸੀ, ਜੋ ਮੈਂ ਅੱਖੀਂ ਵੇਖੀ ਨਹੀਂ, ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਮੂੰਹੋਂ ਸੁਣੀ ਸੀ।

ਮੁੰਡਿਆਂ ਦਾ ਹੋਸਟਲ ਨੰਬਰ 1, ਬਲਾਕ 1, ਕਮਰਾ ਨੰਬਰ 19, ਰਾਤ 1.30 ਵਜੇ

ਦਿੱਲੀਓ ਕੰਮ ਮੁਕਾ ਕੇ ਰਾਤ 8 ਕੁ ਵਜੇ ਤੋਂ ਬੱਸ ਦਾ ਸਫਰ ਕਰਕੇ ਮੈਂ ਰਾਤ 1.30 ਕੁ ਵਜੇ ਹੋਸਟਲ ਨੰਬਰ 1 ਦੇ ਗੇਟ ਤੇ ਖੜਾ ਸਾਂ। ਮੈਨੂੰ ਦੱਸਿਆ ਗਿਆ ਸੀ ਕਿ ਮੇਰੇ ਠਹਿਰਣ ਦਾ ਇੰਤਜ਼ਾਮ ਇਸੇ ਹੋਸਟਲ ਦੇ ਕਮਰਾ ਨੰਬਰ 19 ਵਿਚ ਕੀਤਾ ਗਿਆ ਹੈ, ਪਰ ਰੰਗੀ ਦਾ ਮੋਬਾਈਲ ਫੋਨ ਤੇ ਕਮਰਾ ਨੰਬਰ 19 ਖਾਮੋਸ਼ ਨੀਂਦ ਸੌਂ ਰਿਹਾ ਸੀ। ਥੋੜ੍ਹਾ ਤਰਦੱਦ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਅੱਜ ਰਾਤ ਵਿਦਿਆਰਥੀ ਹੋਸਟਲ ਦੇ ਕਮਰਾ ਨੰਬਰ 19 ਵਿਚ ਵਿਦਿਆਰਥੀ ਵਾਂਗ ਰਾਤ ਬੀਤੇਗੀ, ਖੁਸ਼ੀ ਦਾ ਟਿਕਾਣਾ ਨਾ ਰਿਹਾ। ਰਾਤੀਂ ਦੋ ਹੋਰ ਕਮਰਾ ਵਾਸੀਆਂ ਨਾਲ ਕੰਬਲ ਲਪੇਟ ਕੇ ਸੌਣ ਦੀ ਕੀਤੀ। ਸਵੇਰੇ, ਸਰ੍ਹਾਣੇ ਪਈਆਂ ਮਸ਼ਾਲਾਂ ਦੇਖ ਕੇ ਪਤਾ ਲੱਗਿਆ, ਮੇਲੇ ਦਾ ਹੈੱਡ ਕੁਆਟਰ ਇਹੀ ਕਮਰਾ ਨੰਬਰ 19 ਬਣਿਆ ਹੋਇਆ ਹੈ, ਜਿਸਦਾ ਵਾਸੀ, ਮਨੋਵਿਗਿਆਨ ਦਾ ਖੋਜ-ਆਰਥੀ, ਮਨਮੋਹਨ ਸਿੰਘ, ਆਪਣੀ ਮੋਹ ਲੈਣ ਵਾਲੀ ਮੁਸਕਾਨ ਨਾਲ ਆਉਣ ਵਾਲਿਆਂ ਦਾ ਸਵਾਗਤ ਕਰ ਰਿਹਾ ਹੈ।

ਸਵਾਇਨ ਫਲੂ ਦੀ ਦਹਿਸ਼ਤ ਅਤੇ ਇੰਨਕਲਾਬ, ਦਿਨ ਦੂਸਰਾ 19 ਨਵੰਬਰ ਸਵੇਰੇ 10 ਵਜੇ

ਹੋਸਟਲ ਦੀ ਮੈੱਸ ਵਿਚੋਂ ਗਿੱਲੇ ਪਰੌਂਠਿਆਂ (ਪਰੌਂਠੇ ਉੱਪਰ ਤਰਦੇ ਮੱਖਣ ਕਰਕੇ ਇਸ ਨੂੰ ਗਿੱਲਾ ਪਰੌਂਠਾ ਕਿਹਾ ਜਾਂਦਾ ਹੈ ਅਤੇ ਇਹ ਮੈੱਸ ਵਿਚ ਆਮ ਪ੍ਰਚਲਿਤ ਸ਼ਬਦ ਹੈ) ਅਤੇ ਦੁੱਧ ਪੱਤੀ ਦਾ ਨਾਸ਼ਤਾ ਕਰ ਕੇ, ਜਦੋਂ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਦੀਆਂ ਗੋਲ ਪੌੜੀਆਂ ਚੜ੍ਹ ਕੇ ਟਿਕਾਣੇ ਤੇ ਪਹੁੰਚੇ ਤਾਂ ਉੱਥੇ ਪਏ ਖ਼ਲਾਰੇ ਨੂੰ ਦੇਖ ਕੇ ਹੈਰਾਨੀ ਜਿਹੀ ਹੋਈ। ਕੁਰਸੀਆਂ ਲਾਈਆਂ ਜਾ ਰਹੀਆਂ ਨੇ, ਇਕ ਲਕੜੀ ਦੇ ਬੋਰਡ ਨੂੰ ਸਕਰੀਨ ਬਣਾਇਆ ਗਿਆ ਤੇ ਪ੍ਰਜੈਕਟਰ ਉਸ ਤੇ ਫੋਕਸ ਕਰ ਦਿੱਤਾ ਗਿਆ। ਪਤਾ ਲੱਗਿਆ ਕਿ ਚੰਡੀਗੜ੍ਹ ਵਿਚ ਫੈਲੇ ਸਵਾਇਨ ਫਲੂ, ਖਾਸ ਕਰ ਹੋਸਟਲ ਵਿਚ ਮਿਲੇ ਪੁਸ਼ਟ ਕੇਸਾਂ ਕਰਕੇ ਵਾਇਸ ਚਾਂਸਲਰ ਨੇ ਸਾਰੇ ਸਮਾਗਮ ਰੱਦ ਕਰ ਦਿੱਤੇ ਹਨ, ਪਰ ਹੁਣ ਸਾਰੇ ਮਹਿਮਾਨ ਆ ਚੁੱਕੇ ਸਨ, ਕਈ ਬਜ਼ੁਰਗ ਦੂਰੋਂ ਚੱਲ ਕੇ ਆਏ ਸਨ। ਸਮਾਗਮ ਟਾਲਣਾ ਮੁਸ਼ਕਲ ਸੀ। ਲਾਅ ਆਡਿਟੋਰੀਅਮ ਵਿਚ ਹੋਣ ਵਾਲਾ ਫ਼ਿਲਮ ਮੇਲਾ, ਵਿਦਿਆਰਥੀ ਕੇਂਦਰ ਵਿਚ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਸੀ। ਖ਼ੈਰ ਥੋੜ੍ਹੀ ਦੇਰੀ ਨਾਲ ‘ਤੇ ਬਹੁਤ ਸਾਰੀਆਂ ਊਣਤਾਈਆਂ ਨਾਲ ਮੇਲਾ ਸ਼ੁਰੂ ਹੋਇਆ। ਸਕਰੀਨ ਉੱਤੇ ਮੂਕ ਦ੍ਰਿਸ਼ ਚੱਲ ਰਹੇ ਸਨ, ਪਹਿਲੀ ਸੰਸਾਰ ਜੰਗ ਵਿਚ ਭਾਰਤੀਆਂ (ਪੰਜਾਬੀਆਂ) ਦੇ ਹਾਲਾਤ ਦਿਖਾਉਂਦੀਆਂ ਤਸਵੀਰਾਂ ਦਾ ਸਲਾਇਡ ਸ਼ੋਅ ਚੱਲ ਰਿਹਾ ਸੀ, ਨਾਲ ਅੰਗਰੇਜ਼ੀ ਵਿਚ ਤਸਵੀਰਾਂ ਬਾਰੇ ਜਾਣਕਾਰੀ ਸੀ। ਪੰਜਾਬੀ ਵਿਚ ਵੀ ਹੁੰਦੀ ਤਾਂ ਹੋਰ ਚੰਗਾ ਲੱਗਣਾ ਸੀ

ਸਿਪਾਹੀ ਮੱਲ ਸਿੰਘ ਦਾ ਪਰਿਵਾਰ ਦੇ ਨਾਲ ਕਰਨਲ (ਸਾਬਕਾ) ਚੰਨਣ ਸਿੰਘ ਢਿਲੋਂ ਫਿਲਮ ਦੇਖਦੇ ਹੋਏ

ਪਹਿਲੀ ਫ਼ਿਲਮ ਸ਼ੁਰੂ ਹੋਈ, ਸਿਪਾਹੀ ਮੱਲ ਸਿੰਘ ਦੀ 'ਹਾਲਫ ਮੂਨ ਫਾਈਲ' । ਇਹ ਉਹ ਦਾਸਤਾਨ ਸੀ, ਜੋ ਇਕ ਸਦੀ ਤੱਕ ਚੁੱਪ ਰਹੀ। ਇਹ ਕਹਾਣੀ ਹੈ, ਪਹਿਲੀ ਸੰਸਾਰ ਜੰਗ ਦੌਰਾਨ ਜਰਮਨੀ ਵਿਚ ਕੈਦ ਰਹੇ ਪੰਜਾਬ ਦੇ ਮਾਲਵੇ ਦੇ ਇਕ ਪਿੰਡ ਤੋਂ ਗਏ ਜੰਗੀ ਕੈਦੀ ਦੀ। ਮਾਲਵੇ ਦਾ ਇਹ ਸਿਪਾਹੀ ਮੱਲ ਸਿੰਘ, ਪਿੰਡ ਰਹਿੰਦਾ ਮੱਖਣ ਨਾਲ ਪਰੌਂਠੇ ਛਕਦਾ, ਮਿਹਨਤ ਕਰਦਾ ਤੇ ਬੁੱਲ੍ਹੇ ਲੈਂਦਾ ਸੀ। ਗੋਰੀ ਸਰਕਾਰ ਨੇ ਨੋਟਾਂ ਦਾ ਲਾਲਚ ਦੇ ਮੌਜਾਂ ਕਰਦਾ ਜੱਟ ਜੰਗ ਦੇ ਜੂਲੇ ਨਾਲ ਬੰਨ੍ਹ ਦਿੱਤਾ। ਇਕ ਸਦੀ ਬਾਅਦ ਆਰਕਾਈਵ ਵਿਚੋਂ ਉਸਦੀ ਰਿਕਾਰਡ ਆਵਾਜ਼ ਦੇ ਜ਼ਰਿਏ ਪਤਾ ਲੱਗਾ ਕਿ ਜਰਮਨੀ ਦੀ ਜੇਲ੍ਹ ਚ ਕੈਦ ਮੱਲ੍ਹ ਸਿੰਘ ਵਤਨ ਪਰਤਨਾ ਲੋਚਦਾ ਹੈ, ਕਿਉਂ ਕਿ ਕੈਦ ‘ਚ ਭੁੱਖ ਉਸ ਨੂੰ ਤੜਫਾ ਰਹੀ ਹੈ। ਲੱਖਾਂ ਭਾਰਤੀਆਂ ਵਾਂਗ ਬਾਅਦ ਵਿਚ ਪਤਾ ਲੱਗਾ ਕਿ ਪਰਿਵਾਰ ਦਾ ਖ਼ਿਆਲ ਰੱਖਣ ਦੇ ਗੋਰੀ ਸਰਕਾਰ ਦੇ ਦਾਅਵੇ ਵੀ ਖੋਖਲੇ ਨਿਕਲੇ ਤੇ ਮੱਲ ਸਿੰਘ ਨੇ ਪਿਛਲੀ ਉਮਰੇ ਖੇਤੀ ਬਾੜੀ ਕੀਤੀ। ਹੁਣ ਮੱਲ ਸਿੰਘ ਦੇ ਪੋਤੇ ਵੀ ਪੋਤਿਆਂ-ਦੋਹਤਿਆਂ ਵਾਲੇ ਹੋ ਗਏ ਹਨ, ਜੋ ਮੇਲੇ ਵਿਚ ਵੀ ਮੌਜੂਦ ਸਨ। ਇਸੇ ਹੀ ਰਿਕਾਰਡ ਕੀਤੀ ਆਵਾਜ਼ ਦੇ ਆਧਾਰ ਤੇ ਬਣੀ ਇਕ ਹੋਰ ਫ਼ਿਲਮ ਪ੍ਰਿਜ਼ਨਰਜ਼ ਸੋਂਗ (ਕੈਦੀ ਦਾ ਗੀਤ) ਦਿਖਾਈ ਗਈ । ਇਸ ਫਿਲਮ ਵਿਚ ਮੇਲੇ ਦੇ ਆਯੋਜਕ ਸਾਬਕਾ ਕਰਨਲ ਪਰਮਿੰਦਰ ਸਿੰਘ ਰੰਧਾਵਾ ਨੇ ਸਭਿਅਤਾ ਦੀ ਜੰਗ ਦੇ ਨਾਂ ਤੇ ਲੜੀਆਂ ਗਈਆਂ ਸੰਸਾਰ ਜੰਗਾਂ ਦੀ ਅਸਭਿੱਅਕ ਤ੍ਰਾਸਦੀ ਬਾਰੇ ਗੰਭੀਰਤਾ ਨਾਲ ਬਿਆਨ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਰਮਨ ਫਿਲਮਕਾਰ ਫਿਲਿਪ ਸ਼ੈਫਨਰ ਨੇ ਇਸ ਰਿਕਾਡਿੰਗ ਨੂੰ ਜਰਮਨੀ ਦੇ ਅਜਾਇਬ ਘਰ ‘ਚੋਂ ਲੱਭਿਆ ਤੇ ਗੋਰੇ ਪੰਜਾਬੀ ਮਾਇਕਲ ਸਿੰਘ ਨੇ ਇਸ ਦਾ ਨਿਰਮਾਣ ਤੇ ਨਿਰਦੇਸ਼ਨ ਕੀਤਾ ਹੈ। ਫ਼ਿਲਮ ਵਿਚ ਦਿਖਾਇਆ ਗਿਆ ਕਿ ਕਿਵੇਂ ਜਰਮਨ ਗੋਰੇ ਅੱਜ ਵੀ ਉਨ੍ਹਾਂ ਪੰਜਾਬੀ ਫੌਜੀਆਂ ਨੂੰ ਨਤਮਸਤਕ ਹੁੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਕੌਮ ਲਈ ਕੁਰਬਾਨੀਆਂ ਦਿੱਤੀਆਂ, ਜਦ ਕਿ ਇਧਰਲੇ ਕਾਲੇ ਕੁਰਸੀਆਂ ਵਾਲੇ ਉਨ੍ਹਾਂ ਸ਼ਹੀਦਾਂ ਦੀ ਸਾਰ ਤੱਕ ਨਹੀਂ ਲੈਂਦੇ। ਉਨ੍ਹਾਂ ਦੇ ਪਰਿਵਾਰ ਮੁਥਾਜੀ ਕੱਟ ਰਹੇ ਨੇ, ਪੈਨਸ਼ਨਾਂ ਲਈ ਜੁੱਤੀਆਂ ਘਸਾ ਰਹੇ ਨੇ। ਸਮਾਗਮ ਵਿਚ ਹਾਜ਼ਿਰ ਮੱਲ ਸਿੰਘ ਦੇ ਪੋਤਿਆਂ ਦੇ ਚਿਹਰਿਆਂ ਉੱਤੇ ਚੱਲਦੀ ਮੂਕ ਫ਼ਿਲਮ, ਕਿਸੇ ਵੀ ਬੋਲਦੀ ਫ਼ਿਲਮ ਨਾਲੋਂ ਜਿਆਂਦਾ ਦਿਲ ਕੰਬਾਊ ਲੱਗੀ। ਫ਼ਿਲਮ ਪ੍ਰਿਜ਼ਨਰਜ਼ ਸੋਂਗ, ਤਕਨੀਕ ਤੇ ਪੇਸ਼ਕਾਰੀ ਦੇ ਮਾਮਲੇ ਵਿਚ ਸਭ ਤੋਂ ਉੱਤਮ ਨਮੂਨਾ ਲੱਗੀ। ਫੇਰ ਵਾਰੀ ਆਈ, ਮੇਲੇ ਦੇ ਰੂਹੇ-ਰਵਾਂ ਨਵਲਪ੍ਰੀਤ ਰੰਗੀ ਦੀ ਬਣਾਈ ਫ਼ਿਲਮ ਭਗਤ ਸਿੰਘ ਦੀ।
ਸ਼ਹੀਦ ਭਗਤ ਸਿੰਘ ਦਸਤਾਵੇਜੀ ਫ਼ਿਲਮ ਦਾ ਇਕ ਦ੍ਰਿਸ਼

ਇਸ ਫ਼ਿਲਮ ਰਾਹੀਂ ਰੰਗੀ ਨੇ ਭਗਤ ਸਿੰਘ ਦੇ ਜੀਵਨ ਬਿਰਤਾਂਤ ਤੇ ਤਾਂ ਚਾਨਣਾ ਪਾਇਆ ਹੀ ਹੈ, ਭਗਤ ਸਿੰਘ ਨੂੰ ਬੰਦੂਕ ਨਹੀਂ, ਵਿਚਾਰ ਦੀ ਮਿਸਾਈਲ ਨਾਲ ਲੜ੍ਹਨ ਵਾਲੇ ਸੂਝਵਾਨ ਨੌਜਵਾਨ ਵਜੋਂ ਪੇਸ਼ ਕੀਤਾ ਹੈ। ਇਸ ਫ਼ਿਲਮ ਦੇ ਰਾਹੀਂ ਕਥਾਕਾਰ ਅਮਨ ਸਿੰਘ ਨੇ ਭਗਤ ਸਿੰਘ ਦੀ ਅੱਤਵਾਦੀ ਸ਼ਖ਼ਸੀਅਤ ਵਾਲੀ ਪਰੰਪਰਾਵਾਦੀ ਮਿੱਥ ਨੂੰ ਤੋੜ ਕੇ ਵਿਚਾਰਵਾਨ ਵਜੋਂ ਬਖੂਬੀ ਸਥਾਪਿਤ ਕੀਤਾ ਹੈ। ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਭਗਤ ਸਿੰਘ ਦਾ ਮੰਨਣਾ ਸੀ ਕਿ ਤੁਹਾਡੇ ਵਿਚ ਹਰ ਗੱਲ ਦਾ ਦਲੀਲ ਨਾਲ ਜਵਾਬ ਦੇਣ ਦੀ ਤਾਕਤ ਹੋਣੀ ਚਾਹੀਦੀ ਹੈ। ਉਸਦੇ ਲਈ ਚੰਗਾ ਪੜ੍ਹਨਾ ਤੇ ਹਾਲਾਤਾਂ ਨੂੰ ਘੋਖਵੀਂ ਨਜ਼ਰ ਨਾਲ ਦੇਖਣਾ ਜਰੂਰੀ ਹੈ। ਊਣਤਾਈਆਂ, ਵਿਰੋਧਾਂ ਅਤੇ ਸਵਾਈਨ ਫਲੂ ਦੀ ਦਹਿਸ਼ਤ ਦੇ ਬਾਵਜੂਦ ਮੇਲੇ ਦਾ ਇਹ ਅਹਿਮ ਪੜਾਅ ਸਫ਼ਲਤਾ ਨਾਲ ਸਰ ਹੋ ਗਿਆ।

ਨੌਜਵਾਨਾਂ ਦੇ ਅੰਦਾਜ਼ ਵਾਲਾ ਸੂਫੀ ਸੰਗੀਤ, ਦੂਸਰਾ ਦਿਨ, ਸ਼ਾਮ 7 ਵਜੇ

ਜਿਵੇਂ ਜਿਵੇਂ ਦਿਨ ਢਲ ਰਿਹਾ ਸੀ, ਸੂਫੀ ਸੰਗੀਤ ਦੇ ਰੰਗ ਵਿਚ ਰੰਗਣ ਦੀ ਤਾਂਘ ਵੱਧਦੀ ਜਾ ਰਹੀ ਸੀ। ਸ਼ਾਮ ਨੂੰ 7 ਵਜੇ ਤੱਕ ਇੰਗਲਿਸ਼ ਆਡਿਟੋਰਿਅਮ ਦੀਆਂ ਸਾਰੀਆਂ ਕੁਰਸੀਆਂ ਲੱਗਭਗ ਮੱਲੀਆਂ ਜਾ ਚੁੱਕੀਆਂ ਸਨ।
ਸੂਫੀ ਸ਼ਾਮ ਦਾ ਆਨੰਦ ਮਾਣਦੇ ਦਰਸ਼ਕ/ਸਰੋਤੇ

ਚੰਡੀਗੜ੍ਹ ਦੀ ਹੀ ਗਾਇਕਾ ਮਮਤਾ ਜੋਸ਼ੀ ਸੂਫੀਆਨਾ ਕਹੇ ਜਾਂਦੇ ਚਮਕਦਾਰ ਲਿਬਾਸ ਅਤੇ ਪਗੜੀ ਵਿਚ ਮੰਚ ਤੇ ਪਹੁੰਚ ਚੁੱਕੀ ਸੀ। ਸੁਲਤਾਨ ਬਾਹੂ, ਸ਼ਿਵ ਕੁਮਾਰ ਬਟਾਲਵੀ, ਸ਼ਾਹ ਹੁਸੈਨ ਸਮੇਤ ਹੋਰਨਾਂ ਸੂਫੀ ਫਕੀਰਾਂ ਦੇ ਕਲਾਮ, ਕੁਝ ਚਰਚਿਤ ਪੁਰਾਣੇ ਪੰਜਾਬੀ ਲੋਕ ਗੀਤ ਅਤੇ ਮਮਤਾ ਜੋਸ਼ੀ ਦੀ ਸੰਗੀਤ ਮੰਡਲੀ ਦੇ ਵਿਦਿਆਰਥੀ ਸੰਗੀਤਕਾਰਾਂ ਨੇ ਖੂਬ ਰੌਣਕ ਲਾਈ। ਨੌਜਵਾਨ ਵੀ ਇਸ ਨਵੀਂ ਪੀੜ੍ਹੀ ਵਾਲੀ ਸੂਫੀ ਗਾਇਕ ਦੀ ਮਹਿਫ਼ਲ ਨੂੰ ਖੂਬ ਮਾਣ ਰਹੇ ਸਨ। ਹਾਲ ਚੰਗਾ ਭਰ ਗਿਆ ਸੀ, ਕੁਰਸੀਆਂ ਤੋਂ ਇਲਾਵਾ ਵਿਚਲੀਆਂ ਪੌੜੀਆਂ ਤੇ ਵੀ ਗੱਦੇ ਵਿਸ਼ਾ ਦਿੱਤੇ ਗਏ। ਫਿਰ ਵੀ ਕਈ ਦਰਸ਼ਕ ਖੜ ਖੜੇ ਹੀ ਇਸ ਸ਼ਾਮ ਦਾ ਆਨੰਦ ਲੈ ਰਹੇ ਸਨ। ਹੁਣ ਤੱਕ ਰੰਗੀ ਦੇ ਚਿਹਰੇ ਤੋਂ ਪਰੇਸ਼ਾਨੀ ਵਾਲੇ ਹਾਵ-ਭਾਵ ਕਾਫੀ ਹੱਦ ਤੱਕ ਮੁੱਕ ਚੁੱਕੇ ਸਨ। ਮਹਿਫ਼ਿਲ ਦੀ ਇਤਿ ਹੋਈ ਤਾਂ ਰੌਣਕਾਂ ਨਾਲ ਲੱਦੇ ਚਿਹਰੇ ਇਸ ਬਾਰੇ ਚਰਚਾ ਕਰਦੇ ਘਰੋ-ਘਰੀਂ ਜਾ ਰਹੇ ਸਨ।

ਤੀਸਰਾ ‘ਤੇ ਆਖ਼ਰੀ ਦਿਨ 20 ਨਵੰਬਰ, ਸਵੇਰੇ 10 ਵਜੇ

ਵੱਡਾ ਨਾ ਸਹੀ, ਅੰਤਿਮ ਦਿਨ ਆਖ਼ਿਰ ਛੋਟਾ ਹਾਲ ਇੰਗਲਿਸ਼ ਆਡਿਟੋਰੀਅਮ ਫ਼ਿਲਮ ਮੇਲੇ ਲਈ ਮਿਲ ਹੀ ਗਿਆ, ਪਰ ਹੁਣ ਇਹ ਹਾਲ ਵੀ ਬਾਹਲਾ ਵੱਡਾ ਜਾਪ ਰਿਹਾ ਸੀ। ਵਿਗੜੇ ਪ੍ਰੋਗਰਾਮ ਦਾ ਨਤੀਜਾ ਸੀ ਜਾਂ ਨੌਜਵਾਨਾਂ ਵਿਚ ਰੁਚੀ ਦੀ ਘਾਟ ਹਾਲ ਵਿਚਲੀਆਂ ਮੁਹਰਲੀਆਂ ਕਤਾਰਾਂ ਵੀ ਭਰਨੀਆਂ ਔਖੀਆਂ ਲੱਗ ਰਹੀਆਂ ਸਨ। ਖ਼ੈਰ ਮੇਲਾ ਚੱਲ ਰਿਹਾ ਸੀ। ਸ਼ੁਰੂਆਤ ਵਿਚ ਪਿਛਲੇ ਦਿਨ ਵਾਲੀਆਂ ਦੋ ਫ਼ਿਲਮਾਂ ਫੇਰ ਦਿਖਾਈਆਂ ਗਈਆਂ। ਉਸ ਤੋਂ ਬਾਅਦ ਪੰਜਾਬੀਆਂ ਦੀ ਜੜ੍ਹਾਂ ‘ਚ ਜੰਮ ਚੁੱਕੇ ਨਸ਼ਿਆਂ ਦੀ ਭਿਆਨਕ ਤਸਵੀਰ ਪੇਸ਼ ਕਰਦੀ ਦਸਤਾਵੇਜੀ ਫ਼ਿਲਮ ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਫਿਲਮ ਦੀ ਖ਼ਾਸ ਗੱਲ ਇਹ ਸੀ ਕਿ ਇਸ ਵਿਚ ਪੰਜਾਬ ਦੀਆਂ ਨਾਮਵਰ ਸ਼ਖ਼ਸੀਅਤਾਂ ਦੇ ਰਾਹੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ। ਉਸ ਤੋਂ ਬਾਅਦ ਉਹ ਫ਼ਿਲਮਾਂ ਆਈਆਂ ਜਿਨ੍ਹਾਂ ਨੇ ਹਾਜ਼ਰ ਦਰਸ਼ਕਾਂ ਨੂੰ ਬੈਠੇ ਰਹਿਣ ਲਈ ਮਜਬੂਰ ਕਰ ਦਿੱਤਾ। ਨਵਲਪ੍ਰੀਤ ਰੰਗੀ ਦੀਆਂ ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਲਾਲ ਚੰਦ ਯਮਲਾ ਜੱਟ ਦੀ ਜ਼ਿੰਦਗੀ ‘ਤੇ ਆਧਾਰਿਤ ਫਿਲਮਾਂ ਸਾਂਭਣਯੋਗ ਦਸਤਾਵੇਜ ਹਨ। ਉਸਨੇ ਜਾਣਕਾਰੀ ਨੂੰ ਫ਼ਿਲਮ ਵਿਚ ਢਾਲਣ ਲਈ ਬੇਹਰਤਰੀਨ ਤਕਨੀਕ ਅਤੇ ਆਪਣਾ ਨਿਰਦੇਸ਼ਕ ਵਾਲਾ ਹੁਨਰ ਵਰਤਿਆ ਹੈ। ਖਾਸ ਕਰ ਯਮਲਾ ਜੱਟ ਦੇ ਜੀਵਨ ਤੇ ਝਾਤ ਪਾਉਂਦੀ ਲੰਬੀ ਦਸਤਾਵੇਜੀ ਫ਼ਿਲਮ ਲਈ ਉਸਦੀ ਅਤੇ ਸਾਥੀ ਲੇਖਕ ਰਾਜਨ ਨਦਾਨ ਦੀ ਕੀਤੀ ਹੋਈ ਮਿਹਨਤ ਸਪੱਸ਼ਟ ਨਜ਼ਰ ਆਉਂਦੀ ਹੈ। ਲੇਖਿਕਾ ਅਤੇ ਫਿਲਮਕਾਰਾ ਰੀਮਾ ਆਨੰਦ ਦੀ ਕਲਗੀਧਰ ਟਰੱਸਟ ਵੱਲੋਂ ਬੜੂ ਸਾਹਿਬ ਵਿਖੇ ਚਲਾਏ ਜਾ ਰਹੀ ਅਕਾਲ ਅਕਾਦਮੀ ਦੀ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿੰਦੀ ਫ਼ਿਲਮ ਵੀ ਦਿਖਾਈ ਗਈ। ਰੀਮਾ ਆਨੰਦ ਖੁਦ ਮੁੱਖ-ਮਹਿਮਾਨ ਵਜੋਂ ਹਾਜ਼ਿਰ ਸਨ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਭਾਵੇਂ ਅੱਜ ਮੇਲੇ ਵਿਚ ਸ਼ਿਰਕਤ ਕਰਨ ਵਾਲਿਆਂ ਦੀ ਗਿਣਤੀ ਉਂਗਲਾ ਤੇ ਗਿਣੀ ਜਾਣ ਵਾਲੀ ਹੈ, ਪਰ ਹਰ ਹਾਜ਼ਿਰ ਨੌਜਵਾਨ ਇਹ ਸੁਨੇਹਾ ਆਪਣੇ-ਆਪਣੇ ਦਾਇਰੇ ਵਿਚ ਲੈ ਕੇ ਜਾਏਗਾ ਕਿ ਪੰਜਾਬ ਅਤੇ ਦੇਸ਼ ਦਾ ਭਵਿੱਖ ਉਨ੍ਹਾਂ ਦੇ ਹੱਥਾਂ ਵਿਚ ਹੈ ਤੇ ਆਪਣੇ ਇਤਿਹਾਸ, ਵਿਰਸੇ ਤੋਂ ਸੇਧ ਲੈ ਕੇ ਅਸੀ ਮੌਜੂਦਾ ਸਾਮਾਜਿਕ ਸਰੋਕਾਰਾਂ ਨਾਲ ਜੁੜਨਾ ਹੈ। ਅੰਤ ਵਿਚ ਫੋਟੋ ਕਲਾਕਾਰ ਮੂਨਸਟਾਰ ਕੌਰ (ਮਨਜੋਤ ਕੌਰ) ਵੱਲੋ ਮੇਲੇ ਦੌਰਾਨ ਖਿੱਚਿਆਂ ਗਈਆਂ ਕਲਾਮਈ ਤਸਵੀਰਾਂ ਦਾ ਸਲਾਈਡ ਸ਼ੋਅ ਦਿਖਾਇਆ ਗਿਆ। ਕਰਨਲ ਪਰਮਿੰਦਰ ਸਿੰਘ ਰੰਧਾਵਾ ਨੇ ਸਮੂਹ ਸਾਥੀਆਂ ਅਤੇ ਹਾਜ਼ਿਰ ਦਰਸ਼ਕਾਂ ਦਾ ਧੰਨਵਾਦ ਕੀਤਾ।
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger