Home » , , , , , , , » ਅੰਮ੍ਰਿਤਾ-ਇਮਰੋਜ਼ ਦੇ ਨਾਲ ਨਾਲ ਤੁਰਦਿਆਂ: ਅਮੀਆ ਕੁੰਵਰ

ਅੰਮ੍ਰਿਤਾ-ਇਮਰੋਜ਼ ਦੇ ਨਾਲ ਨਾਲ ਤੁਰਦਿਆਂ: ਅਮੀਆ ਕੁੰਵਰ

Written By Editor on Saturday, October 31, 2009 | 15:51

ਲਗਪਗ ਢਾਈ ਵਰ੍ਹੇ ਹੋ ਗਏ ਸਨ ਅੰਮ੍ਰਿਤਾ ਜੀ ਨੂੰ ਮੰਜੇ 'ਤੇ ਪਿਆਂ।

ਆਪਣੀ ਮਰਜ਼ੀ, ਇੱਛਾ ਤੇ ਸਹਿਣ ਸ਼ਕਤੀ ਮੁਤਾਬਕ ਅਲਕਾ, ਅਸਮਾ, ਅਮੀਆ ਜਾਂ ਇਮਰੋਜ਼ ਤੋਂ ਹਲਕਾ-ਹਲਕਾ ਘੁਟਾਉਣਾ, ਤੇਲ ਦੀ ਮਾਲਸ਼ ਕਰਵਾ ਕੇ ਆਪਣੇ ਜੋਗੇ ਹੋ ਲੈਂਦੇ, ਪਰ ਹੌਲੀ ਹੌਲੀ, ਕਦ ਉਹਨਾਂ ਦੀ ਖ਼ੁਦਮੁਖਤਿਆਰੀ ਪਰਮੁਥਾਜੀ ਵਿਚ ਬਦਲਦੀ ਗਈ, ਆਤਮ ਵਿਸ਼ਵਾਸ ਅਸੁਰੱਖਿਆ ਦੀ ਭਾਵਨਾ ਵਿਚ ਵਟੀਂਦਾ ਗਿਆ, ਉਹਨਾਂ ਨੂੰ ਵੀ ਪਤਾ ਨਹੀਂ ਚੱਲਿਆ। ਇਮਰੋਜ਼ ਜੀ ਨੇ ਆਪਣਾ ਕੰਮ ਘਟਾਉਣਾ, ਆਪਣੇ ਕਮਰੇ ਵਿਚ ਘੱਟ ਰਹਿਣਾ ਤੇ ਅੰਮ੍ਰਿਤਾ ਨਾਲ ਜ਼ਿਆਦਾ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਸੀ।

ਜਿਉਂ ਜਿਉਂ ਅੰਮ੍ਰਿਤਾ ਦਾ ਜਾਣਾ ਨਜ਼ਰ ਆਉਣ ਲੱਗਾ, ਨਿਸ਼ਚਿਤ ਹੋਣ ਲੱਗਾ, ਇਮਰੋਜ਼ ਹੋਰ ਵਧੇਰੇ ਅੰਮ੍ਰਿਤਾ ਨਾਲ ਜੁੜਨ ਲੱਗੇ। ਅੱਗੇ ਕਦੇ ਕੋਈ ਇਕ ਅੱਧ ਕਿਤਾਬ (ਓਸ਼ੋ ਰੰਗ ਮਜੀਠੜਾ) ਮੈਨੂੰ ਦਿੱਤੀ ਤਾਂ ਸਹਿਜੇ ਹੀ ‘‘ਪਿਆਰੀ ਅਮਰਜੀਤ ਲਈ, ਵੱਲੋਂ ਇਮਰੋਜ਼, 16·8·2002'' ਲਿਖ ਕੇ, ਪਰ ਉਨ੍ਹੀਂ ਦਿਨੀਂ ਉਹ ਲਿਖਤ ਵਿਚ ਵੀ ਆਪਣੇ ਨਾਂ ਨਾਲ ਅੰਮ੍ਰਿਤਾ ਦਾ ਨਾਂ ਜੋੜ, ਉਮਰਾਂ ਦੇ ਸਿਰਨਾਵੇਂ 'ਤੇ ਮੁਹਰ ਲਾ ਪੱਕੀ ਰਸੀਦ ਬਣਾਉਣ ਲੱਗੇ। ਮਸਲਨ ਜਦ ਵੀ ਉਹਨਾਂ ਨੇ ਮੈਨੂੰ ਅੰਮ੍ਰਿਤਾ ਜੀ ਦੀ ਅੰਤਲੀ ਪੁਸਤਕ ‘ਮੈਂ ਤੈਨੂੰ ਫੇਰ ਮਿਲਾਂਗੀ' ਦਿੱਤੀ, ਕਿਸੇ ਨਾ ਕਿਸੇ ਨੇ ਕੰਮ ਸੇਤੀ ਮੇਰੇ ਤੋਂ ਲੈ ਲਈ। ਕਦੇ ਪ੍ਰਮਿੰਦਰਜੀਤ, ਕਦੇ ਮੋਹਨਜੀਤ ਹੁਰਾਂ ਉਸ ਵਿਚੋਂ ਗ਼ਲਤੀਆਂ ਸੋਧ ਕੇ ਮੁੜ ਪ੍ਰਕਾਸ਼ਨ ਲਈ ਕਿਤਾਬ ਘਰ ਨੂੰ ਦੇਣੀ ਸੀ। ਮੈਂ ਇਮਰੋਜ਼ ਜੀ ਨੂੰ ਕਿਹਾ, "ਪਰ ਇਹ ਪੁਸਤਕ ਤਾਂ ਮੇਰੇ ਕੋਲ ਨਹੀਂ।" ਉਹਨਾਂ ਅਲਮਾਰੀ 'ਚੋਂ ਕਿਤਾਬ ਕੱਢੀ, ਉਸ ਉੱਤੇ ਪਿਆਰੀ ਅਮਰਜੀਤ ਲਈ, ਅੰਮ੍ਰਿਤਾ ਤੇ ਇਮਰੋਜ਼ 26·05·05 ਲਿਖ ਕੇ ਮੇਰੇ ਹਵਾਲੇ ਕੀਤੀ, ਹੁਣ ਤੂੰ ਸਾਂਭ ਕੇ ਰੱਖੇਂਗੀ। ਮੈਂ ਉਸ ਵੇਲੇ ਜਾਣਿਆ ਕਿ ਕਿਵੇਂ ਕੋਈ ਕਿਸੇ ਨਾਲ ਨਿਸਵਾਰਥ, ਅਬੋਲ, ਮੂਕ, ਬੇਪਨਾਹ ਜੁੜ ਜਾਂਦਾ ਹੈ ਕਿ ਉਸ ਤੋਂ ਬਾਹਰ, ਉਸ ਤੋਂ ਪਰ੍ਹੇ ਹੋਰ ਕੁਝ ਨਹੀਂ ਨਜ਼ਰ ਆਉਂਦਾ।

ਕਈ ਵੇਰ ਜਦੋਂ ਲੋਕ ਸੰਸੇ ਜ਼ਾਹਿਰ ਕਰਦੇ ਕਿ ਇਮਰੋਜ਼ ਅੰਮ੍ਰਿਤਾ ਦਾ ਜਾਣਾ ਕਿਵੇਂ ਝੱਲਣਗੇ। ਇਮਰੋਜ਼ ਸਹਿਜ ਹੀ ਜਵਾਬ ਦਿੰਦੇ, "ਕਿਉਂ, ਦੁਖੀ ਕਿਉਂ ਹੋਵਾਂਗਾ। 45 ਵਰ੍ਹੇ ਨਾਲ ਨਾਲ ਆਪਣੀ ਮਰਜ਼ੀ ਦਾ ਜੀਊਣਾ ਕਿਸ ਨੂੰ ਨਸੀਬ ਹੁੰਦਾ ਹੈ।

ਮੇਰੇ ਸਾਹਮਣੇ ਹੀ ਸਾਢੇ ਤਿੰਨ ਵਜੇ ਡਾਕਟਰ ਨੇ ਨਬਜ਼, ਦਿਲ ਦੀ ਧੜਕਣ, ਅੱਖਾਂ ਦੀਆਂ ਪੁਤਲੀਆਂ ਵੇਖ ਅੰਮ੍ਰਿਤਾ ਜੀ ਦੇ ਪੂਰੇ ਹੋਣ ਦੀ ਰਸਮੀ ਰਿਪੋਰਟ ਦੇ ਦਿੱਤੀ ਤੇ ਜਿਸਮ ਉੱਤੇ ਲੱਗੀਆਂ ਨਲਕੀਆਂ ਹਟਾ ਦਿੱਤੀਆਂ। ਚਾਦਰ ਨਾਲ ਉਹਨਾਂ ਦਾ ਮੂੰਹ ਕੱਜ ਦਿੱਤਾ। ਉਸ ਵੇਲੇ ਵੀ ਇਮਰੋਜ਼ ਜੀ ਨੇ ਹੀ ਸਾਨੂੰ ਸਭ ਨੂੰ ਸਾਂਭਿਆ। ਉਹ ਚੇਤੰਨ ਤੌਰ 'ਤੇ ਬਹੁਤ ਸੰਭਲੇ ਹੋਏ ਤੇ ਸਹਿਜ ਸਨ। ਉਹਨਾਂ ਦੇ ਅੰਦਰ ਕੀ ਬੀਤ ਰਹੀ ਹੈ, ਕੋਈ ਨਹੀਂ ਜਾਣ ਪਾ ਰਿਹਾ ਸੀ। ਘਰੋਂ ਅਸੀਂ ਅੱਠ ਦਸ ਲੋਕ ਹੀ ਸਾਂ। ਘਰ ਦੇ ਕੰਦਲਾ, ਅਲਕਾ, ਨਵਰਾਜ, ਸ਼ਿਲਪੀ, ਅਮਾਨ, ਅਲਕਾ ਦੀ ਭੈਣ ਵੀਨਾ ਤੇ ਭਰਾ, ਅਜੀਤ ਕੌਰ, ਅਰਪਨਾ, ਰੇਣੁਕਾ, ਚੰਨ, ਅਸਮਾ ਤੇ ਮੈਂ। ਪਰ ਗ੍ਰੀਨ ਪਾਰਕ ਸ਼ਮਸ਼ਾਨ ਘਾਟ 'ਤੇ ਮੋਹਨਜੀਤ ਵੀ ਪਹੁੰਚ ਗਏ। ਫਿਰ ਹੌਲੀ ਹੌਲੀ ਉਮਾ ਤ੍ਰਿਲੋਕ ਆਪਣੇ ਪਤੀ ਨਾਲ, ਉਰਮਿਲ ਸ਼ਰਮਾ, ਮੁੰਨਾ ਤੇ ਉਹਦੇ ਮਾਤਾ ਜੀ, ਫਿਰ ਡਾ· ਰਵੇਲ, ਮਨਮੋਹਨ ਤੇ ਪ੍ਰੀਤਮ ਸਿੰਘ ਬੱਤਰਾ ਵੀ ਪਹੁੰਚ ਗਏ। ਉਸ ਵੇਲੇ ਇਮਰੋਜ਼ ਦੇ ਦਿਲ 'ਤੇ ਕੀ ਬੀਤੀ, ਨਹੀਂ ਜਾਣਦੀ ਪਰ ਮੈਨੂੰ ਉਹ ਜ਼ਰਾ ਔਖਾ ਹੋ ਰਿਹਾ ਸੀ। ਉਹ ਜੋ ਹਰ ਰਸਮ ਤੋਂ ਉੱਪਰ ਸੀ,
ਹਰ ਧਰਮ ਵਿਸ਼ਵਾਸ ਤੋਂ ਪਰ੍ਹੇ, ਸ਼ਮਸ਼ਾਨ ਘਾਟ ਦਾ ਪਖੰਡ ਆਖ਼ਰੀ ਸਮੇਂ ਦੀਆਂ ਰਸਮਾਂ ਨਿਭਾ ਰਿਹਾ, ਮਰਨ ਵਾਲੇ ਦੇ ਪਤੀ ਦਾ ਨਾਂ ਪੁੱਛ ਰਿਹਾ ਸੀ। ਕੋਲ ਖੜ੍ਹੇ ਨਵਰਾਜ ਕਹਿ ਰਹੇ ਸਨ, "ਪ੍ਰੀਤਮ ਸਿੰਘ ਕਵਾਤੜਾ" ਤੇ ਇਸਦੇ ਨਾਲ ਹੀ ਸਵਾਹਾ ਹੁੰਦਾ।
ਇਮਰੋਜ਼, ਨਵਰਾਜ ਤੇ ਅਮਾਨ ਆਹੂਤੀ ਵਿਚ ਸਮੱਗਰੀ ਦੀ ਬੁੱਕ ਭਰ ਕੇ ਪਾਉਂਦੇ। ਚਾਹੇ ਮੁਖ ਅਗਨੀ ਇਹਨਾਂ ਤਿੰਨਾਂ ਨੇ ਮਿਲ ਕੇ ਹੀ ਦਿੱਤੀ, ਪਰ ਪੂਰੀ ਉਮਰ ਇਮਰੋਜ਼ ਦੇ ਨਾਲ ਰਹਿ ਕੇ ਵੀ ਜੀਊਂਣ ਦੇ ਜੀਅ ਅੰਮ੍ਰਿਤਾ ਨਾਲ ਪ੍ਰੀਤਮ ਲਫ਼ਜ਼ ਜੁੜਿਆ ਰਿਹਾ ਤੇ ਮੌਤ ਬਾਅਦ ਵੀ ਪਤੀ ਦੇ ਨਾਂ ਵਿਚ ਹੀ ਉਹਦੀ ਅੰਤਮ ਮੁਕਤੀ ਮੰਨੀ ਗਈ। ਉਹ ਜੋ ਰਿਸ਼ਤਿਆਂ ਨੂੰ ਕਾਨੂੰਨਾਂ ਤੋਂ ਉੱਤੇ ਮੰਨਦੀ ਸੀ, ਨਾ ਪ੍ਰੀਤਮ ਸਿੰਘ ਤੋਂ ਅਲੱਗ ਹੋਣ ਲਈ ਕਾਨੂੰਨ ਨੂੰ ਵੇਖਿਆ ਨਾ ਹੀ ਇਮਰੋਜ਼ ਨਾਲ ਮਿਲ ਕੇ ਰਹਿਣ ਲਈ ਕਿਸੇ ਕਾਨੂੰਨ ਦੀ ਸ਼ਰਨ ਲਈ, ਪਰ ਅੱਜ ਕਾਨੂੰਨੀ ਰਿਸ਼ਤਾ ਹੀ ਉਹਦੇ ਅੰਤਮ ਸਮੇਂ...

ਅਗਲੇ ਦਿਨ ਸਵੇਰੇ ਸਵੇਰੇ ਉਥੇ ਗਈ। ਇਮਰੋਜ਼ ਜੀ ਸਹਿਜ ਗੱਲਾਂ ਕਰ ਰਹੇ। ਆਪਣੇ ਦੁੱਖ, ਉਦਾਸੀ ਦੀ ਗੱਲ ਨਹੀਂ ਕਰ ਰਹੇ, ਪਰ ਬੀਤੀ ਰਾਤ ਉਹਨਾਂ ਦੀਆਂ ਲਿਖੀਆਂ ਦੋ ਕਵਿਤਾਵਾਂ ਵੱਖ ਵੱਖ ਨਜ਼ਰੀਏ ਤੋਂ ਮਨ ਦਾ ਸੰਤਾਪ ਹੰਢਾਅ ਰਹੀਆਂ। ਅੰਦਰੋਂ ਕਿੰਨਾ ਕੁਝ ਖ਼ਾਲੀ ਹੋ ਗਿਆ ਹੋਣਾ ਏ ਕਿ ਖ਼ਲਾਅ ਵੱਲ ਵੇਖਦਿਆਂ ਉਹਨਾਂ ਲਿਖਿਆ,

ਕਵਿਤਾ ਹੈ ‘ਰੁੱਖ'

ਕੱਲ੍ਹ ਤਕ
ਜ਼ਿੰਦਗੀ ਕੋਲ
ਇਕ ਰੁੱਖ ਸੀ

ਜ਼ਿੰਦਾ ਰੁੱਖ
ਫੁੱਲਾਂ ਫਲਾਂ ਤੇ
ਮਹਿਕਾਂ ਨਾਲ ਭਰਿਆ

ਅੱਜ ਜ਼ਿੰਦਗੀ ਕੋਲ
ਸਿਰਫ਼ ਜ਼ਿਕਰ ਹੈ

ਪਰ ਹੈ ਜ਼ਿੰਦਾ ਜ਼ਿਕਰ
ਉਸ ਰੁੱਖ ਦਾ

ਰੁੱਖ ਹੁਣ ਬੀਣ ਬਣ ਗਿਆ ਹੈ

ਤੇ ਬੀਜ
ਹਵਾਵਾਂ ਨਾਲ ਰਲ ਕੇ
ਉੱਡ ਗਿਆ

ਪਤਾ ਨਹੀਂ ਕਿਸ ਧਰਤੀ ਦੀ
ਤਲਾਸ਼ ਵਿਚ

ਸਿਰਫ਼ ਇਸ ਕਵਿਤਾ ਵਿਚ ਅੰਮ੍ਰਿਤਾ ਲਈ ‘ਸੀ' ਹੈ ਪਰ ਉਹ ਵੀ ਨਵੀਂ ਜ਼ਮੀਨ ਦੀ ਤਲਾਸ਼ ਵਿਚ, ਫਿਰ ਤੋਂ ਉੱਗਣ ਲਈ, ਪਰ ਉਹ ਫਿਰ ਤੋਂ ਕਵਿਤਾਵਾਂ ਵਿਚ ਅੰਮ੍ਰਿਤਾ ਨੂੰ ਹਾਜ਼ਰ ਨਾਜ਼ਰ ਮੰਨ ਉਸ ਨਾਲ ਗੱਲਾਂ ਕਰਨ ਲੱਗੇ, ਜਿਹਾ ਕਿ ਦੂਜੀ ਕਵਿਤਾ ‘ਖੇਡ' ਤੋਂ ਜ਼ਾਹਰ ਹੁੰਦਾ ਹੈ-

ਸੂਰਜ ਦੇਖਦਾ
ਜ਼ਿੰਦਗੀ ਨੂੰ
ਆਪਣੇ ਵਿਹੜੇ ਵਿਚ

ਧੁੱਪੇ ਮੰਜੀ 'ਤੇ ਬੈਠੀ ਨੂੰ
ਦਾਲ ਚੌਲ ਚੁਣਦੀ ਨੂੰ

ਤੇ ਆਪਣੇ ਆਲੇ ਦੁਆਲੇ
ਦੁੱਖ ਸੁੱਖ ਨੂੰ ਖੇਡਦਿਆਂ...

ਸੂਰਜ ਰੋਜ਼ ਵੇਖਦਾ
ਇਸ ਵਿਹੜੇ ਵਿਚ

ਦੁੱਖ ਸੁੱਖ ਨੂੰ ਖੇਡਦਿਆਂ···

ਇਹ ਖੇਡ ਵੇਖ ਵੇਖ
ਸੂਰਜ ਨੂੰ ਆਪਣੀ ਤਰ੍ਹਾਂ ਦੀ

ਖੁਸ਼ੀ ਹੁੰਦੀ ਰਹਿੰਦੀ
ਤੇ ਇਸ ਖੁਸ਼ੀ ਵਿਚ

ਉਸਦੇ ਸਾਰੇ ਰੰਗ ਵੀ
ਗੂੜ੍ਹੇ ਹੁੰਦੇ ਰਹਿੰਦੇ

ਤੇ ਚਾਨਣ ਵੀ ਹੋਰ ਚਾਨਣਾ

ਕੀ ਇਹ ਨਹੀਂ ਲੱਗਦਾ ਕਿ ਇਸ ਕਵਿਤਾ ਵਿਚ ਜ਼ਿੰਦਗੀ ਅੰਮ੍ਰਿਤਾ ਏ ਤੇ ਸੂਰਜ ਇਮਰੋਜ਼।

ਸਸਕਾਰ ਦੇ ਦੋ ਦਿਨ ਬਾਅਦ ਦੀ ਉਹ ਨਜ਼ਮ ਮੇਰੇ ਸਾਹਮਣੇ ਹੈ ਜੋ ਇਮਰੋਜ਼ ਜੀ ਜਦੋਂ ਅੰਮ੍ਰਿਤਾ ਦੇ ਫੁੱਲ ਚੁਗ ਕੇ ਮਜਨੂੰ ਟਿੱਲਾ ਜਾ ਕੇ ਜਮੁਨਾ 'ਚ ਵਹਾ ਕੇ ਆਏ ਤਾਂ ਉਹਨਾਂ ਫੁੱਲਾਂ ਨੂੰ ਪਾਣੀ ਦੇ ਵੇਗ ਵਿਚ ਤਰਦਿਆਂ ਵੇਖ ਮੱਥੇ ਵਿਚ ਕੁਝ ਜਾਗ ਪਿਆ। ਉਸ ਵੇਲੇ ਇਹ ਨਜ਼ਮ ਕਾਗ਼ਜ਼ ਉੱਤੇ ਉਤਰ ਆਈ...

ਵਗਦੇ ਪਾਣੀਆਂ ਦੇ
ਨਾਲ ਨਾਲ ਤੁਰਦਿਆਂ

ਉਹ ਪੁੱਛਦੀ ਹੈ
ਤੂੰ ਮੇਰਾ ਕਿਸ ਜਨਮ ਦਾ
ਸਾਥ ਏਂ

ਮੇਰੀ ਚੁੱਪ ਨੇ ਜਵਾਬ ਦਿੱਤਾ...

ਜਦੋਂ ਦੇ ਜਨਮ
ਬਣੇ ਹਨ
ਉਦੋਂ ਦਾ···

ਅੱਜ ਕੱਲ੍ਹ ਲਗਪਗ ਰੋਜ਼ ਹੀ ਕੇ-25 ਜਾਣਾ ਹੋ ਜਾਂਦਾ ਏ। ਜੇ ਕਿਸੇ ਦਿਨ ਨਾ ਜਾਵਾਂ, ਅਲਕਾ ਜਾਂ ਇਮਰੋਜ਼ ਜੀ ਦਾ ਹੀ ਕਿਸੇ ਨਾ ਕਿਸੇ ਪੱਜ ਫ਼ੋਨ ਆ ਜਾਂਦਾ ਹੈ। ਕਦੇ ਭਾਸ਼ਾ ਵਿਭਾਗ ਲਈ ਕੁਝ ਲਿਖਣ, ਕਦੇ ਗਿਆਨ ਪੀਠ ਵਾਲਿਆਂ ਲਈ ਇਮਰੋਜ਼ ਦਾ ਲਿਖਿਆ ਅਨੁਵਾਦ ਕਰਨ, ਕਦੇ ਅੰਮ੍ਰਿਤਾ ਜੀ ਬਾਰੇ ਕੋਈ ਚੰਗਾ ਲੇਖ ਛਪਣ ਤੇ ਕਦੇ ਕਿਤੇ ਉਹਨਾਂ ਉੱਤੇ ਹੋ ਰਹੀ ਗੋਸ਼ਟੀ 'ਚ ਇਕੱਠੇ ਹੋਣ ਤੇ ਕਦੇ ਘਰ ਦੀ ਸਭ ਤੋਂ ਉਤਲੀ ਛੱਤ 'ਤੇ ਇਕੱਠੇ ਬੈਠ ਧੁੱਪ ਸੇਕਦੇ, ਕਾਫ਼ੀ ਪੀਣ ਤੇ ਅੰਮ੍ਰਿਤਾ ਜੀ ਨੂੰ ਯਾਦ ਕਰਨ ਤੇ ਅੱਜ ਉਧਰ ਗਈ। ਚੈਸਟ-ਇਨ-ਡਰਾਰ ਦਾ ਉਹ ਖਾਨਾ ਖੋਲ੍ਹਿਆ, ਜਿਥੇ ਅੰਮ੍ਰਿਤਾ ਜੀ ਉੱਤੇ ਆਏ ਅਖ਼ਬਾਰਾਂ, ਰਸਾਲਿਆਂ ਦੇ ਅੰਕ ਪਏ ਹਨ। ਉਥੇ ਕੁਝ ਸਾਧਾਰਨ ਜਿਹੀਆਂ ਅਫ਼ਸੋਸੀ ਚਿੱਠੀਆਂ ਦੇ ਨਾਲ ਨਾਲ ਕਮਲੇਸ਼ਵਰ ਤੇ ਗਗਨ ਗਿੱਲ ਦੀ ਚਿੱਠੀ ਪਈ ਹੋਈ ਏ, ਕਮਲੇਸ਼ਵਰ ਨੇ ਇਕ ਪੰਗਤੀ ਵਿਚ ਹੀ ਸਭ ਕੁਝ ਕਹਿ ਦਿੱਤਾ। ਇਹ ਦੋਵੇਂ ਚਿੱਠੀਆਂ ਇੰਨ-ਬਿੰਨ ਪੇਸ਼ ਕਰ ਰਹੀ ਹਾਂ...

ਵੀਰ ਇਮਰੋਜ਼!

ਤੁਹਾਡੀ ਇਸ ਅਸੀਮ ਡੂੰਘੀ ਤੇ ਸੁੱਚੀ ਪਵਿੱਤਰ ਇਕੱਲਤਾ ਵਿਚ ਮੈਂ ਹੀ ਨਹੀਂ, ਪੂਰੀ ਦੁਨੀਆ ਤੁਹਾਡੇ ਆਲ ਦੁਆਲ ਤੇ ਨਾਲ ਹੈ।

-ਤੁਹਾਡਾ ਕਮਲੇਸ਼ਵਰ

ਦੂਜੀ ਚਿੱਠੀ ਗਗਨ ਗਿੱਲ ਦੀ ਹੈ

ਇਮਰੋਜ਼ ਜੀ!

ਮੈਂ ਰਿਸ਼ੀਕੇਸ਼ ਸਾਂ ਜਦੋਂ ਮੈਨੂੰ ਅੰਮ੍ਰਿਤਾ ਜੀ ਦੀ ਖ਼ਬਰ ਪਹੁੰਚੀ। ਇਕ ਵੇਰ ਖ਼ਾਲੀ ਹੋਣ ਵਾਸਤੇ ਉਥੇ ਗਈ ਸਾਂ, ਦੋ ਵਾਰੀ ਖ਼ਾਲੀ ਹੋ ਕੇ ਮੁੜ ਆਈ। ਅੰਮ੍ਰਿਤਾ ਜੀ ਜਿਥੇ ਵੀ ਹੋਣ, ਬਹੁਤ ਸਾਰੀ ਰੌਸ਼ਨੀ 'ਚ ਰਹਿਣ, ਮੇਰੀ ਕਾਮਨਾ ਹੈ।

ਤੁਹਾਨੂੰ ਮਿਲਣ ਆਉਣ ਦਾ ਵੀ ਬੜਾ ਮਨ ਸੀ ਪਰ ਫ਼ਿਲਹਾਲ ਮੈਂ ਕਿਤੇ ਬਾਹਰ ਨਹੀਂ ਜਾ ਰਹੀ। ਨਿਰਮਲ ਜੀ ਦੀ ਐਂਬੁਲੇਂਸ ਪਿੱਛੇ ਮੈਂ ਆਪਣੀ ਕਾਰ ਦੁੜਾਉਂਦੀ ਹਸਪਤਾਲ ਪਹੁੰਚੀ ਸਾਂ, ਉਹਨਾਂ ਦੀ ਸਾਹ ਲੈਣ ਵਾਲੀ ਮਸ਼ੀਨ ਕਾਰ 'ਚ ਸੀ, ਇਸ ਕਰਕੇ ਐਂਬੁਲੇਂਸ 'ਚ ਨਾ ਬੈਠ ਕੇ ਕਾਰ ਚੁੱਕੀ। ਬਸ ਰਸਤੇ 'ਚ ਹੀ ਕਿਧਰੇ ਅਸੀਂ ਵਿਛੜ ਗਏ।

ਤੁਸੀਂ ਮੈਨੂੰ ਬੜਾ ਨਿੱਘ ਦਿੱਤਾ ਸੀ। ਉਸੇ ਨੂੰ ਯਾਦ ਕਰਦੀ ਹਾਂ। ਤੁਸੀਂ ਆਪਣਾ ਤੇ ਆਪਣੀ ਸਿਹਤ ਦਾ ਖ਼ਿਆਲ ਰੱਖਣਾ।

-ਤੁਹਾਡੀ ਗਗਨ

ਇਸਦੇ ਨਾਲ ਹੀ 18 ਨਵੰਬਰ 2005 ਦੀ ਲਿਖੀ ਇਮਰੋਜ਼ ਜੀ ਦੀ ਕਵਿਤਾ

ਰੰਗਾਂ ਨਾਲ ਖੇਡ ਹੋ ਰਹੀ ਸੀ
ਕਿ ਤੂੰ ਆ ਗਈ

ਮੇਰੇ ਰੰਗਾਂ ਵਿਚ
ਆਪਣੇ ਰੰਗ
ਰਲਾ ਕੇ ਖੇਡਣ

ਸੋਚਾਂ ਦੇ ਖਾਕੇ
ਤਸਵੀਰਾਂ ਬਨਣ ਲੱਗ ਪਏ

ਤੇ ਜ਼ਿੰਦਗੀ
ਆਪਣੇ ਆਪ ਕਵਿਤਾ

ਤੇ ਕਵਿਤਾ ਆਪਣੇ ਆਪ
ਜ਼ਿੰਦਗੀ ਹੋ ਕੇ

ਸੋਚਾਂ ਸੰਗ ਜਾ ਰਲੀ

ਅੱਜ ਫੇਰ ਇਮਰੋਜ਼ ਜੀ ਦੇ ਬੁਲਾਵੇ 'ਤੇ ਕੇ-25 ਗਈ। ਮੇਰੇ ਬੈੱਲ ਦੇਣ 'ਤੇ ਇਮਰੋਜ਼ ਹੇਠਾਂ ਆਏ। ਦਰਵਾਜ਼ਾ ਖੋਲ੍ਹ ਕਹਿਣ ਲੱਗੇ, "ਚੱਲ ਸਭ ਤੋਂ ਉਤਲੀ ਛੱਤ ਉੱਤੇ ਧੁੱਪ ਸੇਕਣ।" ਛੱਤ 'ਤੇ ਅਲਕਾ ਵੀ ਸੀ। ਅਲਕਾ ਕਹਿਣ ਲੱਗੀ, "ਮੰਮੀ ਨੂੰ ਧੁੱਪ ਸੇਕਣਾ ਬਹੁਤ ਚੰਗਾ ਲੱਗਦਾ ਸੀ। ਅੱਜ ਅਸੀਂ ਮੰਮੀ ਨੂੰ ਯਾਦ ਕਰ ਰਹੇ ਸਾਂ।" ਉਹਨਾਂ ਨਾਲ ਹੁਣ ਮੈਂ ਵੀ...

ਇਮਰੋਜ਼ ਕਹਿਣ ਲੱਗੇ, "ਉਸ ਦਿਨ ਸੁਮਨ ਦੇਵਗਨ ਨੇ ਜਿਹੜੀ ਰਿਫ਼ਅਤ ਸਰੋਸ਼ ਦੀ ਗ਼ਜ਼ਲ ਸੁਣਾਈ ਸੀ-"ਕੌਣ ਕਹਿੰਦਾ ਏ ਮੇਰਾ ਘਰ ਤਨਹਾ", ਇਹ ਮੇਰੇ ਉੱਤੇ ਭਾਰੀ ਹੋ ਰਹੀ ਏ। ਮੈਂ ਇਹਦੇ ਅਸਰ ਵਿਚ ਨਹੀਂ ਆਉਣਾ ਚਾਹੁੰਦਾ।
ਅੰਮ੍ਰਿਤਾ ਤੋਂ ਬਿਨਾਂ ਮੈਨੂੰ ਵੀ ਇਹ ਘਰ ਤਨਹਾ ਨਹੀਂ ਲੱਗਦਾ।
ਉਹਦੀਆਂ ਯਾਦਾਂ ਜੋ ਨਾਲ ਹਨ। ਪਰ ਇਹਨੂੰ ਕਿਸੇ ਹੋਰ ਤਰ੍ਹਾਂ ਯਾਦ ਕਰਾਂਗਾ। ਮੈਂ ਤਾਂ ਯਾਦਾਂ ਦੇ ਸ਼ੀਸ਼ੇ ਵਿਚੋਂ ਉਹਨੂੰ ਵੇਖਾਂਗਾ।"

ਅਤੇ ਉਹਨਾਂ ਉਸੇ ਦਿਨ ਸਵੇਰੇ ਲਿਖੀ ਇਕ ਕਵਿਤਾ ਮੇਰੇ ਅੱਗੇ ਕਰ ਦਿੱਤੀ-

ਤੇਰਾ ਚਿਹਰਾ
ਇਕ ਆਈਨਾ ਹੈ

ਮੈਂ ਅੱਜ ਵੀ ਉਸ ਵਿਚੋਂ
ਆਪਣਾ ਆਪ ਵੇਖਦਾ ਹਾਂ...

ਕਹਿਣ ਲੱਗੇ,
"ਜਿਹਨਾਂ ਨੂੰ ਮੁਹੱਬਤ ਪਤਾ ਹੀ ਨਹੀਂ, ਮੁਹੱਬਤ ਕਰਨ ਵਾਲੀ ਔਰਤ ਬਾਰੇ ਗੱਲਾਂ ਕਰ ਰਹੇ ਹਨ। ਦਰਅਸਲ ਇਹਨਾਂ ਨੇ ਤਗੜੀ ਔਰਤ ਵੇਖੀ ਹੀ ਨਹੀਂ, ਜੋ ਆਪਣੀ ਮਰਜ਼ੀ ਮੁਤਾਬਕ ਜੀਵੀ। ਅੰਮ੍ਰਿਤਾ ਬਾਕੀਆਂ ਬਾਰੇ ਸੋਚ ਕੇ ਆਪਣੀ ਐਨਰਜੀ ਨਹੀਂ ਜਾਇਆ ਕਰਦੀ ਸੀ। ਅਸੀਂ ਗ੍ਰੰਥਾਂ ਵਿਚ ਤਹਿਜ਼ੀਬ ਸਾਂਭ ਕੇ ਰੱਖੀ ਹੋਈ ਏ, ਪਰ ਜ਼ਿੰਦਗੀ 'ਚ ਨਹੀਂ ਸਾਂਭੀ। ਜੇ ਤਹਿਜ਼ੀਬ ਨੂੰ ਜ਼ਿੰਦਗੀ ਵਿਚ ਸਾਂਭ ਲਿਆ ਤਾਂ ਕੀ ਸਿਰਫ਼ ਗ੍ਰੰਥਾਂ 'ਚ ਜ਼ਿਕਰ ਹੁੰਦਾ ਇਸ ਤਹਿਜੀਬ ਦਾ।"
ਫਿਰ ਆਪਣੇ ਮੁੱਢਲੇ ਦਿਨਾਂ ਦੇ ਸੰਬੰਧਾਂ ਨੂੰ ਯਾਦ ਕਰਦਿਆਂ ਕਿਵੇਂ 1975 ਵਿਚ ਅੰਮ੍ਰਿਤਾ ਨੇ ਕੇਕ ਮੰਗਵਾ ਪਹਿਲੀ ਵੇਰ ਉਸਦਾ ਜਨਮ ਦਿਨ ਮਨਾਇਆ। ਕਿਵੇਂ ਜਦ ਇਕੱਠੇ ਰਹਿਣਾ ਮਿਥਿਆ ਤਾਂ ਪਹਿਲਾਂ ਹਿਲ ਸਟੇਸ਼ਨ ਜਾਣਾ ਸੋਚਿਆ। ਫਿਰ 1958 ਵਿਚ ਅੰਦਰੇਟੇ ਚਲੇ ਗਏ, ਸੋਭਾ ਸਿੰਘ ਵੱਲ। ਉਥੇ ਨੋਰਾ ਰਿਚਰਡ ਵੀ ਮਿਲੀ। ਫਿਰ ਆਪਣੇ, ਅੰਮ੍ਰਿਤਾ ਦੇ ਅਤੇ ਸਾਹਿਰ ਦੇ ਸੰਬੰਧਾਂ ਨੂੰ ਲੈ ਕੇ ਯਾਦਾਂ ਦਾ ਕਾਫ਼ਲਾ ਤੋਰ ਲਿਆ। ‘ਆਖ਼ਰੀ ਖ਼ਤ' ਪੁਸਤਕ ਦੇ ਕਵਰ ਡਿਜ਼ਾਈਨ ਦੀ ਸ਼ੁਰੂਆਤ ਤੋਂ ਲੈ ਕੇ ਅੰਤਲੀ ਪੁਸਤਕ ‘ਮੈਂ ਤੈਨੂੰ ਫੇਰ ਮਿਲਾਂਗੀ' ਦੇ ਕਵਰ ਡਿਜ਼ਾਇਨ ਤਕ ਦਾ ਸਫ਼ਰ।
ਸਾਹਿਰ ਤੇ ਅੰਮ੍ਰਿਤਾ ਦੋਵੇਂ ਖ਼ਾਮੋਸ਼ ਰਹੇ, ਪਰ ਇਕ ਦੀ ਖ਼ਾਮੋਸ਼ੀ ਵੀ ਦੂਜੇ ਦੀ ਖ਼ਾਮੋਸ਼ੀ ਦਾ ਜਵਾਬ ਨਹੀਂ ਬਣ ਸਕੀ।
ਅਸੀਂ ਦੋਵੇਂ ਵੀ ਬੋਲੇ ਨਹੀਂ। ਪਰ ਜੀਵੇ ਜ਼ਰੂਰ, ਸਾਡੀ ਚੁੱਪੀ ਨੇ ਇਕ ਦੂਜੇ ਪ੍ਰਤੀ ਕੁਝ ਤਾਂ ਕੀਤਾ ਹੋਣਾ ਏ, ਜੋ ਸਾਡਾ ਸਾਥ ਮਿਥਿਆ ਗਿਆ। ਅਖ਼ੀਰਲੇ ਦਿਨਾਂ ਵਿਚ ਵੀ ਅੰਮ੍ਰਿਤਾ ਕਈ ਵੇਰ ਕਹਿੰਦੀ, "ਇਮਰੋਜ਼, ਤੂੰ ਸੁਣਦਾ ਨਹੀਂ, ਜੁੱਤੀ ਲਿਆ ਚੱਲੀਏ..." ਅਤੇ ਇਸਦੇ ਨਾਲ ਹੀ ਉਹਨਾਂ ਇਕ ਦਿਨ ਪਹਿਲਾਂ ਲਿਖੀ ਕਵਿਤਾ ‘ਜਸ਼ਨ' ਮੇਰੇ ਸਾਹਵੇਂ ਕਰ ਦਿੱਤੀ-

ਮੇਰਾ ਦੂਸਰਾ ਜਨਮ ਹੋਇਆ
ਪਹਿਲੀ ਮੁਲਾਕਾਤ ਦੇ ਬਾਅਦ ਹੀ
ਜਦੋਂ ਤੂੰ ਮੇਰਾ ਜਨਮ ਦਿਨ ਮਨਾਇਆ
ਤੇ ਫੇਰ
ਤੂੰ ਹੀ ਮੇਰੀ ਜ਼ਿੰਦਗੀ ਦਾ ਜਸ਼ਨ ਮਨਾਇਆ
ਆਪਣੀ ਜ਼ਿੰਦਗੀ ਨਾਲ ਸ਼ਾਮਲ ਹੋ ਕੇ
ਉਹ ਤੇਰੀ ਸ਼ਮੂਲੀਅਤ ਅਜੇ ਵੀ ਜਾਰੀ ਹੈ
ਤੇ ਜਸ਼ਨ ਵੀ···

ਇਕ ਵੇਰ ਫਿਰ ਇਮਰੋਜ਼ ਜੀ ਦਾ ਫ਼ੋਨ ਆਇਆ। ਗਿਆਨ ਪੀਠ ਵਾਲਿਆਂ ਨੇ ਆਪਣੀ ਮੈਗਜ਼ੀਨ ਲਈ ਉਹਨਾਂ ਨੂੰ ਕੁਝ ਲਿਖਣ ਲਈ ਕਿਹਾ। ਉਹਨਾਂ ਦਾ ਲਿਖਿਆ ਹਿੰਦੀ ਵਿਚ ਉਲਥਾ ਰਹੀ ਹਾਂ। ਜਿਸ ਵਿਚ ਇਕ ਥਾਂ ਉਹ ਲਿਖਦੇ ਹਨ ਕਿ ਸ਼ੁਰੂਆਤ ਤਾਂ ਕਵਰ ਡਿਜ਼ਾਇਨ ਦੇ ਸਫ਼ਰ ਨਾਲ ਸਾਹਿਤ ਸਫ਼ਰ ਦੀ ਹੋਈ ਸੀ, ਪਰ ਉਹ ਹੌਲੀ ਹੌਲੀ ਜ਼ਿੰਦਗੀ ਦਾ ਸਫ਼ਰ ਬਣ ਗਿਆ। ਤੇ ਅੱਗੋਂ ਜਾ ਕੇ ਉਹ ਕਹਿੰਦੇ ਹਨ,
ਅੰਮ੍ਰਿਤਾ ਆਪ ਵੀ ਖ਼ੂਬਸੂਰਤ ਸੀ, ਉਹਦੀ ਸੋਚ ਵੀ ਖ਼ੂਬਸੂਰਤ ਸੀ ਤੇ ਉਹਨੇ ਮੇਰੀ ਜ਼ਿੰਦਗੀ ਨੂੰ ਵੀ ਖ਼ੂਬਸੂਰਤਮਈ ਬਣਾ ਦਿੱਤਾ। ਅੰਮ੍ਰਿਤਾ ਪਿਆਰ ਹੀ ਪਿਆਰ ਹੈ। ਮੈਂ ਲਫ਼ਜ਼ਾਂ ਵਿਚ ਦੱਸ ਨਹੀਂ ਸਕਾਂਗਾ ਕਿ ਉਸਨੇ ਮੈਨੂੰ ਕਿੰਨਾ ਪਿਆਰ ਕੀਤਾ ਹੈ। ਮੇਰੀ ਸੋਚ ਤੋਂ ਵੀ ਜ਼ਿਆਦਾ।"


ਸਾਡੇ ਸਾਰਿਆਂ ਦੇ ਨਾਲ 31·10·05 ਨੇ ਅੰਮ੍ਰਿਤਾ ਨੂੰ ਅਲਵਿਦਾ ਆਖਿਆ। ਅਲਵਿਦਾ ਦੇ ਬਾਅਦ ਸਾਰੀ ਰਾਤ ਜਾਗਦਾ ਰਿਹਾ ਤੇ ਪਿਛਲੇ ਪਹਿਰ ‘ਜ਼ਿੰਦਾ ਰੁੱਖ' ਕਵਿਤਾ ਲਿਖੀ।

ਸਾਹਿਤ ਅਕਾਦਮੀ ਨੇ ਹੋਰ ਲੇਖਕਾਂ ਨਾਲ ਇਮਰੋਜ਼ ਜੀ ਨੂੰ ਅੰਮ੍ਰਿਤਾ ਯਾਦਾਂ ਸਾਂਝੀਆਂ ਕਰਨ ਲਈ ਬੁਲਾਇਆ ਸੀ। ਇਮਰੋਜ਼ ਜੀ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹ ਚੁੱਪ ਰਹਿਣ, ਜੇ ਬਹੁਤ ਲੋੜ ਪਏ ਤਾਂ ਉਹਨਾਂ ਦੇ ਹਿੱਸੇ ਦਾ ਮੈਂ ਬੋਲ ਲਵਾਂ, ਉਹਨਾਂ ਦੀਆਂ ਕਵਿਤਾਵਾਂ ਪੜ੍ਹ ਲਵਾਂ। ਕਹਿੰਦੇ ਨੇ, "ਮੈਂ ਬੋਲਣਾ ਨਹੀਂ, ਜੀ ਲਿਆ ਹੈ।" ਪਰ ਇਸ ਵੇਰ ਸਾਡੀ ਜ਼ਿਦ ਤੇ ਉਹਨਾਂ ਅੰਮ੍ਰਿਤਾ ਉੱਤੇ ਲਿਖੀਆਂ ਕਵਿਤਾਵਾਂ ਪੜ੍ਹੀਆਂ। ਜਦੋਂ ਉਹ ਮਾਈਕ ਅੱਗੋਂ ਹਟਣ ਲੱਗੇ, ਕਿਸੇ ਨੇ ਪਿੱਛੋਂ ਫਰਮਾਇਸ਼ ਕੀਤੀ, ਅੰਮ੍ਰਿਤਾ ਜੀ ਬਾਰੇ ਕੁਝ ਦੱਸੋ। ਮੈਂ ਹੱਸ ਕੇ ਕਿਹਾ, "ਇਹ ਸਭ ਕੀਹਦੇ ਬਾਰੇ ਸੀ ? ਜਿਵੇਂ ਇਮਰੋਜ਼ ਦੀ ਹਰ ਤਸਵੀਰ ਵਿਚੋਂ ਅੰਮ੍ਰਿਤਾ ਦੇ ਨਕਸ਼ ਝਲਕਦੇ ਹਨ, ਉਵੇਂ ਹੀ ਉਹਦੀ ਹਰ ਕਵਿਤਾ 'ਚੋਂ ਅੰਮ੍ਰਿਤਾ ਦਾ ਸਾਥ, ਸ਼ਖ਼ਸੀਅਤ ਦੀ ਨੁਹਾਰ ਮਿਲਦੀ ਹੈ। ਡਾ· ਕਮਲ ਕੁਮਾਰ ਨੇੜੇ ਆ ਕਹਿਣ ਲੱਗੀ, "ਸਾਨੂੰ ਕੋਈ ਇਮਰੋਜ਼ ਨਹੀਂ ਮਿਲਿਆ। ਘਰ ਆਉਂਦੇ ਰਾਹ 'ਚ ਇਮਰੋਜ਼ ਕਹਿਣ ਲੱਗੇ,
"ਇਮਰੋਜ਼ ਦੇ ਸਾਥ ਲਈ ਅੰਮ੍ਰਿਤਾ ਹੋਣਾ ਪੈਂਦਾ ਏ, ਜੋ ਹੋਰ ਕੋਈ ਨਹੀਂ ਹੋ ਸਕਦੀ।"
ਚਾਹੁੰਦੀ ਸਾਂ, ਬਿਨਾਂ ਭਾਵੁਕ ਹੋਏ ਇਹ ਲੇਖ ਲਿਖਦੀ, ਪਰ ਇਮਰੋਜ਼ ਦੀ ਭਾਵੁਕਤਾ ਨੂੰ ਸਧਾਰਨੀਕ੍ਰਿਤ ਕੀਤਾ ਹੀ ਨਹੀਂ ਜਾ ਸਕਦਾ। ਜੋ ਉਹਨੇ ਜੀਵਿਆ ਹੈ, ਉਹਦਾ ਜ਼ਿਕਰ ਕਰਨ ਲਈ ਇਹ ਭਾਸ਼ਾ ਵਰਤਣਾ ਮੇਰੀ ਮਜਬੂਰੀ ਹੈ। ਇਸ ਲੇਖ ਦਾ ਅੰਤ ਇਮਰੋਜ਼ ਜੀ ਦੀ ਇਕਦਮ ਤਾਜ਼ਾ ਕਵਿਤਾ (9·12·05) ਨਾਲ ਕਰਨਾ ਚਾਹਵਾਂਗੀ। ਕਵਿਤਾ ਹੈ-

‘ਇਬਾਦਤ'

ਪਿਆਰ ਸਭ ਤੋਂ ਸਰਲ ਇਬਾਦਤ ਹੈ
ਵਗਦੇ ਪਾਣੀ ਵਰਗੀ
ਨਾ ਕਿਸੇ ਸ਼ਬਦ ਦੀ ਲੋੜ
ਨਾ ਕਿਸੇ ਜ਼ਬਾਨ ਦੀ ਮੁਹਤਾਜੀ
ਤੇ ਨਾ ਹੀ ਕਿਸੇ ਨੂੰ ਮੱਥਾ ਨਿਵਾਣਾ
ਪਿਆਰ ਨਾਲ ਜ਼ਿੰਦਗੀ ਜੀਊਂਦਿਆਂ
ਇਹ ਇਬਾਦਤ
ਆਪਣੇ ਆਪ ਹਰ ਵੇਲੇ
ਹੁੰਦੀ ਵੀ ਰਹਿੰਦੀ ਹੈ ਤੇ ਪਹੁੰਚਦੀ ਵੀ···

ਹਾਂ, ਸੱਚ ਅੰਮ੍ਰਿਤਾ ਨੂੰ ਜੋ ਸਾਹਿਰ 'ਤੇ ਗਿਲਾ ਸੀ-

ਅਸੀਂ ਜੱਗ ਵਾਲੀ ਬਾਜ਼ੀ ਜਿੱਤ ਲੈਂਦੇ
ਜੇ ਤੂੰ ਦੁੱਕੀ ਵੀ ਰੰਗ ਦੀ ਲਾ ਦੇਂਦਾ।


ਇਮਰੋਜ਼ ਨੇ ਦੁੱਕੀ ਤੋਂ ਲੈ ਕੇ ਯੱਕੇ ਤਕ ਸਾਰੇ ਰੰਗ ਦੇ ਪੱਤੇ ਉਹਦੇ ਹਵਾਲੇ ਕਰ ਕੇ ਜ਼ਿੰਦਗੀ ਦਾ ਉਲ੍ਹਾਮਾ ਲਾਹ ਦਿੱਤਾ।

-ਅਮੀਆ ਕੁੰਵਰ
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger