ਕੋਸੇ ਚਾਨਣ II ਰੀਲੀਜ਼ ਸਮਾਰੋਹ

Written By Editor on Sunday, May 17, 2009 | 17:16

ਮਿੱਤਰ ਪਿਆਰਿਓ!!! ਪੰਜਾਬੀ ਸੱਭਿਆਚਾਰ ਵਿੱਚ ਸੱਥ ਦਾ ਖਾਸ ਮਹੱਤਵ ਹੈ। ਸੱਥ ਓਹੀ ਥਾਂ ਹੈ ਜਿੱਥੇ ਇਲਾਕੇ ਜਾਂ ਪਿੰਡ ਦੇ ਸੱਜਣ ਇਕੱਠਾ ਹੋ ਕੇ ਮੌਜੂਦਾ ਗੱਲਾਂ ਬਾਤਾਂ ਕਰਦੇ ਰੋਜ਼ਾਨਾ ਦੀਆਂ ਤੰਗੀਆਂ ਤੁਰਸ਼ੀਆਂ, ਖੁਸ਼ੀਆਂ ਗਮੀਆਂ, ਹਾਸੇ ਠਠੇ, ਆਲੇ ਦੁਆਲੇ ਵਾਪਰਦੇ ਘਟਨਕ੍ਰਮਾਂ 'ਤੇ ਚਿੰਤਾ 'ਤੇ ਚਿੰਤਨ ਕਰਦੇ ਹਨ। ਲਫਜ਼ਾਂ ਦਾ ਪੁਲ ਉੱਪਰ ਵੀ ਇਹੋ ਜਿਹੀ ਹੀ ਇੱਕ ਸੱਥ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿੱਚ ਦੁਨੀਆਂ ਭਰ ਵਿੱਚ ਹੋ ਰਹੀ ਪੰਜਾਬੀ, ਸਾਹਿੱਤ, ਸਭਿੱਆਚਾਰ ਅਤੇ ਕਲਾ ਖੇਤਰ ਦੀਆਂ ਸਰਗਰਮੀਆਂ, ਚਰਚਾਵਾਂ ਅਤੇ ਖ਼ਬਰਾਂ ਨੂੰ ਥਾਂ ਦਿੱਤੀ ਜਾਵੇਗੀ। ਕਿਸੇ ਖਾਸ ਵਿਸ਼ੇ ਤੇ ਚਰਚਾ ਵੀ ਹੋ ਸਕਦੀ ਹੈ। ਬਾਕੀ ਹੋਰ ਸਭ ਕੁਝ ਜੋ ਤੁਸੀ ਚਾਹੋ, ਇਹ ਵਿਚਾਰ ਪ੍ਰਗਟ ਕਰਨ ਦਾ ਖੁੱਲਾ ਮੰਚ ਹੋਵੇਗਾ। ਸੋ ਆਪਣੇ ਆਲੇ ਦੁਆਲੇ ਦੀਆ ਸਰਗਰਮੀਆਂ ਦੀ ਰਿਪੋਰਟ ਭੇਜਣ ਦੀ ਖੇਚਲ ਕਰਨੀ ਜੀ। ਸ਼ੂਰੁਆਤ ਅਸੀ ਲੁਧਿਆਣਾ ਵਿਖੇ ਹੋਏ ਇੰਟਰਨੈੱਟ ਕਮਿਊਨਿਟੀ ਕੋਸੇ ਚਾਨਣ ਦੀ ਦੂਸਰੀ ਕਿਤਾਬ ਦੇ ਰਿਲੀਜ਼ ਸਮਾਰੋਹ ਤੋਂ ਕਰ ਰਹੇ ਹਾਂ।


ਇੰਟਰਨੈੱਟ 'ਤੇ ਪੰਜਾਬੀ ਸਾਹਿੱਤ ਨੂੰ ਨਵੀਂ ਨੁਹਾਰ 'ਤੇ ਨਵੀਂ ਦਿਸ਼ਾ ਦੇਣ ਦਾ ਮੌਕਾ ਮਿਲਿਆ ਹੈ। ਓਰਕੁਟ ਦੀ ਕੋਸੇ ਚਾਨਣ ਕਮਿਊਨਿਟੀ ਏਸੇ ਲੜੀ ਦਾ ਮੁੱਢਲਾ ਹਸਤਾਖਰ ਹੈ, ਜਿਸਨੂੰ ਪੇਸ਼ੇ ਦੇ ਸਾਫਟਵੇਅਰ ਇੰਜੀਨਿਅਰ ਅਤੇ ਦਿਲ ਤੋਂ ਕਵੀ ਅਮਰਿੰਦਰ ਸਿੰਘ ਦੇ ਸੁਪਨਿਆਂ ਨੇ ਹਕੀਕਤ ਦੀ ਪਰਵਾਜ਼ ਦਿੱਤੀ। 2006 ਵਿੱਚ ਸ਼ੂਰੂ ਹੋਈ ਇਸ ਕਮਿਊਨਿਟੀ ਦੇ ਹੁਣ 6 ਹਜ਼ਾਰ ਤੋਂ ਜਿਆਦਾ ਮੈਂਬਰ ਹਨ। ਪਰ ਬਦਕਿਸਮਤੀ ਨਾਲ ਕਿਸੇ ਸਿਆਣੇ ਮਾਹਿਰ ਨੇ ਇਸ ਕਮਿਊਨਿਟੀ ਨੂੰ ਆਪਣੇ ਕਬਜ਼ੇ 'ਚ (ਹੈਕ) ਕਰ ਲਿਆ, ਪਰ ਇਹ ਮਜ਼ਬੂਤ ਇਰਾਦੇ ਵਾਲੇ ਨੌਜਵਾਨ ਪਿੱਛੇ ਨਹੀਂ ਹਟੇ 'ਤੇ ਇਨ੍ਹਾਂ ਨੇ ਦੋਬਾਰਾ ਕਮਿਊਨਿਟੀ ਬਣਾਈ। 2007 ਵਿੱਚ ਕੋਸੇ ਚਾਨਣ ਦੇ ਸਿਰਲੇਖ ਹੇਠ ਪਹਿਲੀ ਕਿਤਾਬ ਵਿੱਚ 13 ਨਵੇਂ ਕਵੀਆਂ ਨੇ ਹਾਜ਼ਿਰੀ ਲਵਾਈ ਸੀ। ਦੋਬਾਰਾ ਬਣੀ ਕਮਿਊਨਿਟੀ ਵਿੱਚ ਨਵੇਂ ਸਿਰੇ ਹੋਈ ਸ਼ੁਰੂਆਤ ਤੋਂ ਬਾਅਦ ਨਵੇਂ ਜੋਸ਼ ਨਾਲ ਕੰਮ ਕਰਦੇ ਹੋਏ ਅਮਰਿੰਦਰ ਸਿੰਘ, ਯੁੱਧਵੀਰ ਸਿੰਘ ਵਿਰਕ (ਯੂਵੀ), ਰਾਜਵੀਰ ਸਿੰਘ, ਪਰਮਿੰਦਰ ਸਿੰਘ ਅਜ਼ੀਜ਼, ਸੀਮਾ ਸੰਧੂ ਦੀ ਟੀਮ ਦੀ ਅਣਥੱਕ ਮਿਹਨਤ ਅਤੇ ਸਮੂਹ ਕਮਿਊਨਿਟੀ ਸਾਥੀਆਂ ਦੇ ਸਹਿਯੋਗ ਨਾਲ ਕੇਸੇ ਚਾਨਣ-II ਕਿਤਾਬ ਦਾ ਕਾਰਜ ਨੇਪਰੇ ਚੜ੍ਹਿਆ ਜਿਸ ਦੀ ਘੁੰਡ ਚੁਕਾਈ ਲਈ 10 ਮਈ 2009 ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਜਿਸ ਵਿੱਚ ਪੁੱਜਾ ਹਰ ਸਾਥੀ ਲਾੜਾ (ਜਾਂ ਲਾੜੀ) ਜਾਪਦਾ(ਜਾਪਦੀ) ਸੀ।ਦਾਸ ਨੂੰ ਵੀ ਉਸ ਸਮਾਗਮ ਵਿੱਚ ਇੰਟਰਨੈੱਟ 'ਤੇ ਪੰਜਾਬੀ ਦੇ ਹਾਲਾਤਾਂ ਬਾਰੇ ਪਰਚਾ ਪੜ੍ਹਨ ਦਾ ਮੌਕਾ ਦਿੱਤਾ ਗਿਆ। ਸਮਾਰੋਹ ਵਿੱਚ ਮੁੱਖ-ਮਹਿਮਾਨ ਵੱਜੋਂ ਸਦੀ ਦੇ ਸਭ ਤੋਂ ਵੱਧ ਪੜ੍ਹੇ ਸੁਣੇ ਜਾਂਦੇ ਕੋਮਲਭਾਵੀ ਸ਼ਾਇਰ ਜਨਾਬ ਡਾ. ਸੁਰਜੀਤ ਪਾਤਰ ਹਾਜ਼ਿਰ ਸਨ। ਮੰਚ 'ਤੇ ਕਮਿਉਨਿਟਿ ਵੱਲੋਂ ਰਾਜਵੀਰ ਸਿੰਘ 'ਤੇ ਇਕਬਾਲ ਮਾਵੀ ਦੇ ਨਾਲ ਰੂਬਰੂ ਦੇ ਸੰਪਾਦਕ 'ਤੇ ਸੰਧੂ ਗਜ਼ਲ ਸਕੂਲ ਦੇ ਜਾਨਸ਼ੀਨ ਸ਼ਾਇਰ ਜਸਵਿੰਦਰ ਮਹਿਰਮ ਵੀ ਸੁਸ਼ੋਭਿਤ ਸਨ। ਮੰਚ ਦੀ ਕਾਰਵਾਈ ਚਲਾਂਦੇ ਹੋਏ ਪਰਮਿੰਦਰ ਸਿੰਘ ਅਜ਼ੀਜ਼ ਨੇ ਇੱਕ ਇੱਕ ਕਰਕੇ ਕਿਤਾਬ 'ਚ ਸ਼ਾਮਿਲ ਕਵੀਆਂ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ। ਹਰ ਕਵੀ ਨੇ ਆਪਣੀ ਜਾਣ-ਪਛਾਣ ਦੇ ਨਾਲ ਆਪਣੀ ਕਵਿਤਾ ਵੀ ਸਾਂਝੀ ਕੀਤੀ। ਫਿਰ ਮੌਕਾ ਆਇਆ ਇਕ ਪਾਠਕ ਦਾ ਮੰਚ 'ਤੇ ਆਉਣ ਦਾ, ਲੰਬੇ ਸਮੇਂ ਤੋਂ ਕਮਿਊਨਿਟੀ ਦੀ ਪਾਠਕ ਦਵੂ ਮਣਕੂ ਨੇ ਜਦੋਂ ਕਿਹਾ, 'ਇੱਥੇ ਛਪੀਆਂ ਰਚਨਾਵਾਂ ਪੜ੍ਹ ਕਿ ਇੰਝ ਲੱਗਦਾ ਹੈ, ਜਿਵੇਂ ਮੇਰੇ ਦਿਲ ਦੀ ਜਿਹੜੀ ਗੱਲ ਮੈਂ ਕਾਫੀ ਦੇਰ ਤੋਂ ਚਾਹੁੰਦੇ ਹੋਏ ਵੀ ਨਹੀਂ ਕਹਿ ਸਕੀ, ਉਹੀ ਲਫ਼ਜ਼ਾਂ 'ਚ ਪਿਰੋ ਕੇ ਪੇਸ਼ ਕਰ ਦਿੱਤੀ ਹੋਵੇ।' ਤਾਂ ਇਹ ਇਸ ਕਮਿਊਨਿਟੀ ਦਾ ਸਭ ਤੋਂ ਵੱਡਾ ਹਾਸਿਲ ਸੀ। ਇੱਕ ਹੋਰ ਖ਼ਾਸ ਗੱਲ ਕਿ ਗੋਆ ਦੀ ਹਿੰਦੀ ਭਾਸ਼ੀ ਮੁਟਿਆਰ ਮਨੀਸ਼ਾ, ਜੋ ਖ਼ੁਦ ਹਿੰਦੀ 'ਚ ਕਵਿਤਾ ਲਿਖਦੀ ਸੀ ਅਤੇ ਕੋਸੇ ਚਾਨਣ 'ਚ ਸ਼ਾਮਿਲ ਹੋਣ ਤੋਂ ਬਾਅਦ ਨਾ ਸਿਰਫ ਉਸਨੇ ਪੰਜਾਬੀ ਸਿੱਖ ਲਈ ਬਲਕਿ ਕਵਿਤਾਵਾਂ ਵੀ ਲਿਖਿਆ ਜੋ ਕਿਤਾਬ 'ਚ ਸ਼ਾਮਿਲ ਨੇ, ਉਹ ਉਚੇਚੇ ਤੌਰ 'ਤੇ ਆਪਣੀ ਮਾਤਾ ਨਾਲ ਸਮਾਰੋਹ ਵਿੱਚ ਸ਼ਾਮਿਲ ਹੋਣ ਆਈ। ਜਸਵਿੰਦਰ ਮਹਿਰਮ ਨੇ ਆਪਣੀ ਗਜ਼ਲ ਕਹਿਣ ਦੇ ਨਾਲ ਹੀ ਕਮਿਊਨਿਟੀ ਦੇ ਸਾਥੀਆਂ ਨੂੰ ਵੱਧ ਤੋਂ ਵੱਧ ਅਤੇ ਮਿਆਰੀ ਸਾਹਿੱਤ ਪੜ੍ਹਨ ਦੀ ਸਲਾਹ ਵੀ ਦਿੱਤੀ। ਦਾਸ ਨੇ ਆਪਣਾ ਪਰਚਾ ਪੜ੍ਹਦੇ ਹੋਏ ਇੰਟਰਨੈੱਟ 'ਤੇ ਓਰਕੁਟ ਕਮਿਊਨਿਟੀਜ਼ ਅਤੇ ਬਲੋਗਿੰਗ ਰਾਹੀਂ ਪੰਜਾਬੀ ਵਿੱਚ ਹੋ ਰਹੇ ਕੰਮ ਦਾ ਵਿਸ਼ਲੇਸ਼ਨਾਤਮਕ ਅਧਿਐਨ ਸਾਹਮਣੇ ਰੱਖਿਆ। ਖ਼ਾਸ ਤੌਰ 'ਤੇ ਇੰਟਰਨੈੱਟ ਰਾਹੀਂ ਪੰਜਾਬੀ ਵਾਸਤੇ ਕੰਮ ਕਰਨ ਲਈ ਮੌਜੂਦਾ ਚੁਣੌਤਿਆਂ 'ਤੇ ਉਨ੍ਹਾਂ ਦੇ ਹੱਲ ਬਾਰੇ ਸੁਝਾਅ ਦਿੱਤੇ। ਜਿਨ੍ਹਾਂ ਵਿੱਚ ਇੰਟਰਨੈੱਟ 'ਤੇ ਖਿੱਲਰੇ ਪਏ ਕੰਮ ਨੂੰ ਇੱਕ ਜਗ੍ਹਾ ਇੱਕਤਰ ਕਰਨਾ, ਅਤੇ ਇਕਜੁਟ ਹੋ ਕੇ ਸਾਂਝੇ ਟੀਚੇ ਲਈ ਕੰਮ ਕਰਨਾ ਅਤੇ ਅਲੋਚਨਾ ਨੂੰ ਖਿੜੇ ਮੱਥੇ ਪਰਵਾਨ ਕਰਨਾ ਖ਼ਾਸ ਤੌਰ 'ਤੇ ਸ਼ਾਮਿਲ ਸਨ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਸੁਰਜੀਤ ਪਾਤਰ ਨੇ ਉਪਰੋਕਤ ਵਿਚਾਰਾਂ ਦੀ ਪ੍ਰੌੜ੍ਹਤਾ ਕਰਦੇ ਹੋਏ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਨੌਜਵਾਨ ਆਪਣੀ ਬੋਲੀ, ਸਾਹਿੱਤ ਅਤੇ ਸਭਿੱਆਚਾਰ ਬਾਰੇ ਸੁਚੇਤ ਹਨ।


ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸੁਣ ਕਿ ਦੁੱਖ ਹੁੰਦਾ ਸੀ ਕਿ ਇੰਟਰਨੈੱਟ ਰਾਹੀਂ ਨੌਜਵਾਨ ਵਿਗੜ ਰਹੇ ਨੇ, ਪਰ ਜੇ ਇਹੋ ਜਿਹਾ ਵਿਗੜ ਰਹੇ ਨੇ ਤਾਂ ਮੈਂ ਅਰਦਾਸ ਕਰਾਂਗਾ ਕਿ ਸਾਰੇ ਹੀ ਵਿਗੜ ਜਾਣ। ਉਨ੍ਹਾਂ ਨਵੇਂ ਕਲਮਕਾਰਾਂ ਨੂੰ ਸਲਾਹ ਦਿੱਤੀ ਕਿ ਸਾਹਿੱਤ ਦੀਆਂ ਵੱਖ ਵੱਖ ਵਿਧਾਵਾਂ ਦੇ ਮੂ਼ਲ ਗੁਣਾਂ ਅਤੇ ਨਿਯਮਾਂ ਨੂੰ ਸਮਝਣਾ ਅਤੇ ਸਿੱਖਣਾ ਬੇਹੱਦ ਲਾਜ਼ਿਮੀ ਹੈ। ਇਸ ਲਈ ਨਵੇਂ ਕਲਮਕਾਰਾਂ ਨੂੰ ਇਨ੍ਹਾਂ ਬਾਰੇ ਗੰਭੀਰ ਹੋਣਾ ਪਵੇਗਾ। ਉਨ੍ਹਾਂ ਨੇ ਇਸ ਵਿਸ਼ੇ 'ਤੇ ਕੋਸੇ ਚਾਨਣ ਸੱਥ ਵੱਲੋਂ ਵਰਕਸ਼ਾਪ ਲਾਉਣ ਅਤੇ ਉਸ ਵਿੱਚ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ। ਸੱਥ ਦੇ ਸਮੂਹ ਮੈਂਬਰਾਨ ਦੀ ਮਿਹਨਤ ਅਤੇ ਮਾਂ-ਬੋਲੌ ਪ੍ਰਤਿ ਸਮਰਪਣ ਨੂੰ ਸਜਦਾ ਕਰਦਿਆਂ ਖੁਸ਼ੀ ਖੁਸ਼ੀ ਸਮਾਗਮ ਦੀ ਸਮਾਪਤੀ ਹੋਈ। ਪਹਿਲੀ ਵਾਰ ਮਿਲ ਰਹੇ ਸਾਥੀਆਂ ਨੇ ਇੱਕ ਦੂਜੇ ਨਾਲ ਆਪਣੀ ਵਿਚਾਰ ਸਾਂਝੇ ਕੀਤੇ।
Share this article :

Post a Comment

ਸੰਵਾਦ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਕਦੇ ਨਾ ਰੁਕਣ ਵਾਲੀ ਪ੍ਰਕਿਰਿਆ ਹੈ। ਅਸੀ ਸੰਵਾਦ ਸ਼ੁਰੂ ਕਰਨ ਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਨੂੰ ਜਾਰੀ ਰੱਖਣ ਲਈ ਤੁਸੀ ਆਪਣੇ ਵਿਚਾਰ ਦੇ ਦੋ ਕਦਮ ਸਾਡੇ ਨਾਲ ਤੁਰਦੇ ਜਾਓ...

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger