Latest Post

ਬਾਪੂ । ਭੋਲਾ ਸਿੰਘ ਸੰਘੇੜਾ

Written By Editor on Tuesday, June 24, 2014 | 14:54

Punjabi Story | Bapu | Bhola Singh Sanghera punjabi old man
Punjabi Story | Bapu | Bhola Singh Sanghera
ਮੇਰੇ ਲਈ ਫਿਰ ਬੇਗਾਨਾ ਹੋ ਗਿਆ ਸੀ ਉਹ ਪਿੰਡ।
ਬੇਗਾਨਾ ਤਾਂ ਉਹ ਪਹਿਲਾਂ ਵੀ ਸੀ। ਨਾ ਉਹ ਮੇਰੇ ਪੁਰਖਿਆਂ ਦੀ ਭੂਮੀ ਸੀ - ਨਾ ਹੀ ਮੇਰੀ ਜੰਮਣ ਭੋਇੰ - ਨਾ ਹੀ ਮੇਰਾ ਬਚਪਨ ਉੱਥੇ ਬੀਤਿਆ ਸੀ.... - ਤੇ ਨਾ ਹੀ ਜਵਾਨੀ ਦੀ ਦਹਿਲੀਜ ਉੱਥੇ ਟੱਪਿਆ ਸਾਂ।
ਅਜਬ ਦਸਤੂਰ ਹੈ ਇਸ ਦੁਨੀਆ ਦਾ।
ਜਦ ਉਸ ਪਿੰਡ ’ਚ ਦੀ ਲੰਘਕੇ ਜਾਂਦਾ ਸਾਂ ਤਾਂ ਸਵਾਲਾਂ ਦਾ ਘੇਰਾ ਮੇਰੇ ਆਲੇ-ਦੁਆਲੇ ਹੁੰਦਾ ਸੀ। ਹੁਣ ਜਦ ਉਸ ਰਸਤੇ ਨੂੰ ਸਲਾਮ ਆਖ ਦਿੱਤੀ ਹੈ ਤਾਂ ਵੀ ਸਵਾਲਾਂ ਦਾ ਘੇਰਾ ਮੇਰੇ ਦੁਆਲੇ ਹੈ।
ਹੋਵੇ ਵੀ ਕਿਉਂ ਨਾ? ਆਖ਼ਰ ਮੈਂ ਪੰਜ ਛੇ ਕਿਲੋਮੀਟਰ ਦੀ ਵਾਧੂ ਦੀ ਵਾਟ ਜੋ ਵਗਲਕੇ ਜਾਂਦਾ ਸਾਂ।
ਮੇਰਾ ਸਕੂਲ ਤਾਂ ਘਰ ਤੋਂ ਸਿਰਫ ਚਾਰ ਕਿਲੋਮੀਟਰ ਦੇ ਫਾਸਲੇ ਤੇ ਸੀ। ਨਾ ਵਿੰਗ ਨਾ ਵਲ। ਸਿੱਧੀ ਪੱਕੀ ਸੜਕ।
ਸਿੱਧੀ ਸੜਕ ਜਾਣ ਦੀ ਬਜਾਏ ਉਸ ਪਿੰਡ ਵਿੱਚਦੀ ਜਾਣ ਕਰਕੇ ਇਹ ਵਾਟ ਦਸ ਕਿਲੋਮੀਟਰ ਦੇ ਲਗਪਗ ਬਣ ਜਾਂਦੀ ਸੀ।
ਇਸ ਤੋਂ ਬਿਨਾਂ - ਨਾ ਇਸ ਪਿੰਡ ਵੱਲ ਮੇਰੀ ਜ਼ਮੀਨ ਸੀ - ਨਾ ਕੋਈ ਪਲਾਟ - ਨਾ ਹੀ ਕੋਈ ਵਪਾਰਕ ਧੰਦਾ ਸ਼ੁਰੂ ਕੀਤਾ ਸੀ - ਨਾ ਹੀ ਇੱਧਰ ਕੋਈ ਰਿਸ਼ਤੇਦਾਰੀ ਸੀ। ਸ਼ਾਇਦ ਇਹੀ ਵਜਾਹ ਸੀ, ਜਦੋਂ ਜਾਂਦਾ ਸਾਂ ਤਾਂ ਇਸਦਾ ਕਾਰਨ ਪੁੱਛਣ ਵਾਲੇ ਕਈ ਸਨ ਹੁਣ ਜਦ ਓਧਰ ਨਹੀਂ ਜਾਂਦਾ, ਇਸ ਦਾ ਕਾਰਨ ਪੁੱਛਣ ਵਾਲਿਆ ਦਾ ਤੋੜਾ ਨਹੀਂ।
ਵਾਧੂ ਦੀ ਵਾਟ - ਵਾਧੂ ਦਾ ਸਮਾਂ - ਤੇ ਵਾਧੂ ਦੇ ਤੇਲ ਖਰਚ ਵਾਲਾ 'ਰਾਜ਼' ਮੈਂ ਕਿਸੇ ਨੂੰ ਨਹੀਂ ਸੀ ਦੱਸਿਆ। ਇਹ ਭੇਤ ਮੈ ਆਪਣੇ ਅੰਦਰ ਹੀ ਸਮਾਅ ਕੇ ਰੱਖਿਆ ਹੋਇਆ ਸੀ।
ਸੱਚ ਜਾਣੋ ਇਸ ਭੇਦ ਨੂੰ ਛੁਪਾ ਕੇ ਮਨ ਨੂੰ ਇਕ ਵੱਖਰੀ ਹੀ ਕਿਸਮ ਦਾ ਸਕੂਨ ਮਿਲਦਾ ਸੀ।
ਉਂਜ ਵੀ ਇਸ ਭੇਤ ਦਾ ਮਹੱਤਵ ਮੇਰੇ ਲਈ ਸੀ। ਮੇਰੇ ਲਈ ਇਹ ਬੇਸ਼ਕੀਮਤੀ ਗੱਲ ਸੀ। ਪਰ ਆਮ ਲੋਕਾਂ ਲਈ ਨਹੀਂ। ਮੈਂ ਜਾਣਦਾ ਸਾਂ ਜੇ ਦੱਸ ਵੀ ਦਿੰਦਾ ਤਾਂ ਉਨ੍ਹਾਂ ਗੱਲ ਹਾਸੇ ਵਿਚ ਉਡਾ ਦੇਣੀ ਸੀ। ਫਿਰ ਇਹ ਭੇਤ ਵਾਲੀ ਗੱਲ ਮੇਰੇ ਪਰਿਵਾਰ, ਮਿੱਤਰਾਂ ਦੋਸਤਾਂ ਸ਼ਰੀਕੇ ਤੇ 'ਉਸ ਬਜੁਰਗ' ਕੋਲ ਵੀ ਜਾ ਪਹੁੰਚ ਜਾਣੀ ਸੀ.... ਤੇ ਕਈਆਂ ਮੈਨੂੰ ਝੱਲਾ ਵੀ ਆਖਣਾ ਸੀ।
ਇਸ 'ਰਾਜ਼' ਦੇ ਮੁੱਢ ਨੂੰ ਸਿਰਜਣ ਵਾਲਾ ਮੇਰਾ ਮਿੱਤਰ ਰਾਮ ਲਾਲ ਸੀ।
ਓਦੋਂ ਕੁੱਝ ਦਿਨ ਪਹਿਲਾਂ ਫ਼ੋਨ ਤੇ ਉਸਦੀ ਆਖੀ ਗੱਲ ਮੇਰੇ ਲਈ ਬੁਝਾਰਤ ਬਣ ਗਈ ਸੀ। ਇਸ ਬੁਝਾਰਤ ਨੂੰ ਬੁੱਝਣ ਲਈ ਮੇਰੇ ਵੱਲੋਂ ਲਾਏ ਸਾਰੇ ਲੱਖਣ ਅਸਫਲ ਹੋ ਗਏ ਸਨ।
ਉਸ ਦਿਨ ਉਹ ਕਾਹਲੀ ਕਾਹਲੀ ਬੋਲ ਰਿਹਾ ਸੀ, "ਕਿਤੋਂ ਉੱਡ ਕੇ ਸੋਹਣਿਆ ਆ ਜਾ...... ਆੜੀਆ ਦਸ ਮਿੰਟ ਲਾ ਆਪਣੀ ਦੁਕਾਨ ਤੇ ਪਹੁੰਚ......"
ਉਸਨੇ ਕਦੇ 'ਮੇਰੀ ਦੁਕਾਨ' ਨਹੀਂ ਸੀ ਕਿਹਾ, ਹਮੇਸ਼ਾ 'ਆਪਣੀ ਦੁਕਾਨ' ਹੀ ਆਖਦਾ।
ਪਰ ਮੈਂ ਤਾਂ ਸ਼ਹਿਰ ਤੋਂ ਖਾਸਾ ਦੂਰ ਸਾਂ। ਜ਼ੋਰ ਮਾਰ ਕੇ ਵੀ ਅੱਧੇ ਪੌਣੇ ਘੰਟੇ ਤੋਂ ਪਹਿਲਾਂ ਨਹੀਂ ਸਾਂ ਪਹੁੰਚ ਸਕਦਾ। ਮੈਂ ਆਪਣੀ ਅਸਮਰੱਥਤਾ ਜ਼ਾਹਰ ਕਰ ਦਿੱਤੀ ਸੀ।
ਫਿਰ ਵੀ ਮੈਂ ਪੁੱਛਿਆ ਸੀ,"ਐਡਾ ਕੀ ਜ਼ਰੂਰੀ ਕੰਮ ਸੀ....?"
"ਜ਼ਰੂਰੀ ਵਰਗਾ ਜ਼ਰੂਰੀ.... ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ...."
ਰਾਮ ਲਾਲ ਦਾ ਗੱਲ ਕਰਨ ਦਾ ਆਪਣਾ ਹੀ ਵੱਖਰਾ ਢੰਗ ਸੀ - ਸਦਾ ਹੰਸੂ-ਹੰਸੂ ਕਰਨ ਵਾਲਾ - ਟਹਿਕਦੇ ਗੁਲਾਬ ਵਰਗਾ - ਤੇ ਚੜ੍ਹਦੀ ਕਲਾ ’ਚ ਰਹਿਣ ਵਾਲਾ। ਉਹ ਅਕਸਰ ਆਪਣੀ ਗੱਲ ਬਾਤ ’ਚ ਅਖਾਣਾਂ, ਮੁਹਾਵਰੇ ਤੇ ਗੀਤਾਂ ਦੀਆਂ ਤੁਕਾਂ ਵਰਤ ਜਾਂਦਾ ਸੀ। ਉਸ ਦਾ ਇਹ ਪ੍ਰਭਾਵ ਕਈ ਮਿੱਤਰਾਂ ਦੋਸਤਾਂ ਨੇ ਵੀ ਕਬੂਲ ਲਿਆ ਸੀ।
ਫਿਰ ਉਹ ਇਕ ਆਸ ਜਿਹੀ ’ਚ ਬੋਲਿਆ ਸੀ," ਬਸ ਆਏਂ ਸਮਝ ਲੈ ਸੋਹਣਿਆਂ ਬਈ ਤੈਨੂੰ ਇਕ ਤੋਹਫਾ ਦੇਣਾ ਸੀ..... ਇਕ ਸਰਪਰਾਈਜ਼........। ਚੱਲੋ ਰੱਬ ਸੁੱਖ ਰੱਖੇ.... ਅੱਜ ਨਹੀਂ ਕਦੇ ਫੇਰ ਸਿਆ.... ਪਰ ਇਹ ਗੱਲ ਲੜ ਬੰਨ੍ਹ ਲੈ..... ਜਦੋਂ ਫੇਰ ਕਦੇ ਬੁਲਾਵਾਂ ਜਿਵੇਂ ਕਹਿੰਦੇ ਹੁੰਦੇ ਐ .... ਬਈ ਪੈਰ ਜੁੱਤੀ ਨਾ ਪਾਵਾਂ ਸੱਦੀ ਹੋਈ ਮਿੱਤਰਾਂ ਦੀ"
ਪਰ ਰਾਮ ਲਾਲ ਨੇ ਮੇਰੇ ਵਾਰ-ਵਾਰ ਪੁੱਛਣ ਤੇ ਵੀ ਸਰਪਰਾਈਜ਼ ਵਾਲੀ ਗੱਲ ਨਹੀਂ ਸੀ ਦੱਸੀ।
ਉਸ ਦਿਨ ਤੋਂ ਬਾਅਦ ਮੇਰਾ ਧਿਆਨ ਸਰਪਰਾਈਜ਼ ਨੂੰ ਤਲਾਸ਼ਣ ’ਚ ਹੀ ਲੱਗਿਆ ਰਹਿੰਦਾ ਸੀ।
ਭਾਵੇਂ ਅਸੀਂ ਇਕ ਦੂਜੇ ਦੇ ਭੇਤੀ ਸਾਂ। ਮੈਂ ਅਕਸਰ ਹੀ ਸੋਚਦਾ ਰਹਿੰਦਾ ਕਿ ਰਾਮ ਲਾਲ ਇਹੋ ਕਿਹੋ ਜਿਹਾ ਸਰਪਰਾਈਜ਼ ਆਪਣੇ ਅੰਦਰ ਦੱਬੀ ਬੈਠਾ ਹੈ।
punjabi story writer bhola singh sanghera
ਪੰਜਾਬੀ ਲੇਖਕ ਭੋਲਾ ਸਿੰਘ ਸੰਘੇੜਾ

ਇਸੇ ਸਰਪਰਾਈਜ਼ ਨੂੰ ਪ੍ਰਾਪਤ ਕਰਨ ਦੀ ਦੌੜ ’ਚ ਮੈਨੂੰ ਉਸਦੇ ਅਜਿਹੇ ਸੁਨੇਹੇ ਦੀ ਹੀ ਉਡੀਕ ਰਹਿੰਦੀ ਸੀ। ਜਦੋਂ ਵੀ ਫੋਨ ਦੀ ਘੰਟੀ ਖੜਕਦੀ, ਮੈਂ ਬੜੀ ਉਤਸੁਕਤਾ ਨਾਲ ਸਕਰੀਨ ਵੱਲ ਦੇਖਦਾ।
ਤੇ.... ਫਿਰ ਇਕ ਦਿਨ ਫ਼ੋਨ ਦੀ ਕੰਬਣੀ ਨੇ ਮੇਰੇ ਮਨ ਨੂੰ ਕੰਬਣੀ ਛੇੜ ਦਿੱਤੀ। ਕਾਲ ਰਾਮ ਲਾਲ ਦੀ ਹੀ ਸੀ।
"ਹੁਕਮ ਓ.... ਹਾਣੀਆ?" ਮੈਂ ਫੋਨ ਔਨ ਕਰਦਿਆਂ ਪੁੱਛਿਆ।
"ਹੁਕਮ ਕੋਈ ਨੀ....... ਹੁਕਮ ਓਸ ਮਾਲਕ ਦਾ....... ਬੱਸ ਗੋਲ਼ੀ ਵਾਂਗ ਆਜਾ ਤੇ ਮੇਰੀ ਹਿੱਕ ’ਚ ਵੱਜ"
ਰਾਮ ਲਾਲ ਦਾ ਫ਼ੋਨ ਸੁਣਦਿਆਂ ਹੀ ਮੈਂ ਮੋਟਰਸਾਈਕਲ ਦਾ ਮੂੰਹ ਦੁਕਾਨ ਵੱਲ ਕਰ ਦਿੱਤਾ ਸੀ। ਮਨ ਨੂੰ ਇਕ ਅੱਚਵੀ ਜਿਹੀ ਲੱਗ ਗਈ ਸੀ। ਇਸ ਅੱਚਵੀ ਨੇ ਮੈਨੂੰ ਕਾਹਲ ਜਿਹੀ ’ਚ ਪਾ ਦਿੱਤਾ ਸੀ।
ਰਾਮ ਲਾਲ ਨਾਲ ਮੇਰੀ ਗੂੜ੍ਹੀ ਸਾਂਝ ਸੀ। ਉਹ ਮੇਰਾ ਗਰਾਈਂ ਵੀ ਸੀ। ਪਹਿਲੀ ਤੋਂ ਲੈ ਕੇ ਬੀ. ਏ. ਤੱਕ ’ਕੱਠੇ ਹੀ ਪੜ੍ਹੇ ਸਾਂ।
ਪਿੰਡ ’ਚ ਉਸਦੇ ਬਾਪ ਹੀਰਾ ਮੱਲ ਦੀ ਦੁਕਾਨ ਦੀ ਬੜੀ ਚੜ੍ਹਤ ਹੁੰਦੀ ਸੀ। ਉਨ੍ਹਾਂ ਦੀ ਦੁਕਾਨ ਅਤੇ ਮਕਾਨ ਸਾਡੇ ਗੁਆਂਢ ’ਚ ਹੀ ਹੁੰਦੇ ਸਨ।
ਸਾਡੀ ਮਿੱਤਰਤਾ ਤੋਂ ਪਹਿਲਾਂ ਤਾਂ ਸਾਡੇ ਬੁਜ਼ਰਗਾਂ ਦੀ ਬੜੀ ਨੇੜਤਾ ਰਹੀ ਸੀ। ਮੇਰਾ ਬਾਪ ਆਪਣੇ ਕੰਮ ਧੰਦੇ ਨਿਪਟਾ ਕੇ ਜਦ ਵੀ ਵਿਹਲ ਮਿਲਦੀ ਅਕਸਰ ਸ਼ਾਮ ਨੂੰ ਹੀਰਾ ਮੱਲ ਦੀ ਦੁਕਾਨ ਤੇ ਜਾ ਬਹਿੰਦਾ। ਉਸਦੇ ਜਾਂਦਿਆਂ ਹੀ ਹੀਰਾ ਮੱਲ ਦੁਕਾਨ ਰਾਮ ਲਾਲ ਦੇ ਹਵਾਲੇ ਕਰ ਦਿੰਦਾ। ਦੋਵੇਂ ਬਜ਼ੁਰਗ ਆਪਣੀਆਂ ਕੁਰਸੀਆਂ ਲੈਕੇ ਦੁਕਾਨ ਤੋਂ ਪਾਸੇ ਹੋ ਗੱਲਾਂ ’ਚ ਮਸਰੂਫ਼ ਹੋ ਜਾਂਦੇ।
ਹੀਰਾ ਮੱਲ ਦੀ ਦੁਕਾਨ ਦੇ ਨਾਲ ਹੀ ਪਿੰਡ ਦੀ ਧਰਮਸ਼ਾਲਾ ਸੀ। ਇੱਥੇ ਤਾਸ਼ ਤੇ ਹੋਰ ਖੇਡਾਂ ਖੇਡਣ ਵਾਲਿਆਂ ਦਾ ਅਕਸਰ ਹੀ ਸ਼ੋਰ-ਸ਼ਰਾਬਾ ਰਹਿੰਦਾ। ਪਰ ਬਾਪ ਨੂੰ ਮੈਂ ਕਦੇ ਉੱਥੇ ਬੈਠੇ ਨਹੀਂ ਸੀ ਦੇਖਿਆ।
ਇਕ ਦਿਨ ਜਦ ਮੈਂ ਉਸ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਹ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਬੋਲਿਆ ਸੀ,"ਕਾਕਾ ਹੀਰਾ ਮੱਲ ਸੱਚਮੁੱਚ ਦਾ ਹੀ ਹੀਰਾ ਐ..... ਆਏਂ ਸਮਝ ਲੈ ਬਈ ਐਨੇ ਬੰਦਿਆਂ ਚੋਂ ਉਹੀ ਮੇਰੀ ਚੋਣ ਐ...... ਜੇ ਹੀਰਾ ਮੇਰਾ ਮਿੱਤਰ ਨਾ ਹੁੰਦਾ ਤਾਂ ਹੁਣ ਨੂੰ ਵੱਟ-ਡੌਲੇ ਪਿੱਛੇ ਝਗੜ ਕੇ ਮੈਂ ਕਦੋਂ ਦਾ ਜੇਲ੍ਹ ’ਚ ਹੁੰਦਾ.... ਮੇਰਾ ਤਾਂ ਸੁਭਾਅ ਹੀ ਅੜਬ ਸੀ.... ਉਸ ਦੀਆਂ ਦੋ ਗੱਲਾ ਤਾਂ ਮੈਂ ਹਮੇਸ਼ਾ ਲੜ ਬੰਨ੍ਹ ਕੇ ਰੱਖੀਆਂ ਨੇ.....ਗੁੱਸੇ ਨੂੰ ਥੁੱਕਣਾ ਤੇ ਕਦੇ ਹੌਸਲਾ ਨਾ ਹਾਰਨਾ"
ਤੇ ਹੀਰਾ ਮੱਲ ਸੱਚਮੁੱਚ ਮੇਰੇ ਲਈ ਵੀ ਹੀਰਾ ਹੀ ਸਾਬਤ ਹੋਇਆ ਸੀ। ਜਦੋਂ ਦਸਵੀਂ ਕਰਨ ਤੋਂ ਬਾਅਦ ਬਾਪ ਨੇ ਮੈਨੂੰ ਪੜ੍ਹਾਈ ਤੋਂ ਹਟਾਕੇ ਖੇਤੀ ਦੇ ਕੰਮ ’ਚ ਪਾਉਂਣ ਬਾਰੇ ਸੋਚਿਆ ਸੀ ਤਾਂ ਹੀਰਾ ਮੱਲ ਨੇ ਹੀ ਮੇਰਾ ਪੱਖ ਪੂਰਿਆ ਸੀ।
ਉਹ ਬਾਪ ਨੂੰ ਰੁੱਖਾ ਹੋ ਕੇ ਬੋਲਿਆ ਸੀ, "ਕਮਲ਼ਾ ਹੋ ਗਿਐਂ ਸੱਜਣ ਸਿਆਂ....ਤੂੰ ਤਾਂ ਸਾਰੀ ਉਂਮਰ ਘੱਟਾ ਢੋਂਦਾ ਰਿਹੈਂ....ਜੁਆਕ ਨੂੰ ਤਾਂ ਕਿਸੇ ਲੇਖੇ ਲੱਗ ਲੈਣ ਦੇ... ਤੈਨੂੰ ਕੰਮ ਲਈ ਬੰਦੇ ਲੋੜ ਹੈ ਤੂੰ ਰੱਖ ਲੈ ਜਿੰਨੇ ਰੱਖਣੇ ਐਂ.....ਖਰਚਾ ਮੈਂ ਦਿਉਂ ਤੂੰ ਬੇਸ਼ੱਕ ਨਾ ਵਾਪਿਸ ਕਰੀਂ ਮੇਰੇ ਪੈਸੇ....।"
ਬੀ. ਏ. ਕਰਨ ਤੋਂ ਬਾਅਦ ਰਾਮ ਲਾਲ ਨੇ ਦੁਕਾਨਦਾਰੀ ਦਾ ਲਗਪਗ ਸਾਰਾ ਕੰਮ ਸੰਭਾਲ ਲਿਆ ਸੀ। ਇੱਧਰ ਸਾਡੀ ਕਬੀਲਦਾਰੀ ਦੀ ਜ਼ਿੰਮੇਵਾਰੀ ਮੇਰੇ ਵੱਡੇ ਭਰਾ ਨੇ ਸੰਭਾਲ ਲਈ ਸੀ ਤੇ ਮੈਂ ਬੀ. ਐੱਡ. ਕਰਨ ਲੱਗ ਗਿਆ ਸਾਂ।
ਪਤਾ ਨਹੀ ਦੋਵਾਂ ਬਜ਼ੁਰਗਾਂ ਦੀ ਪਹਿਲਾਂ ਹੀ ਕੋਈ ਯੋਜਨਾਂ ਸੀ ਜਾਂ ਸਬੱਬ ਦੋਵੇਂ ਜਣੇ ਪਿੰਡ ਦੀ ਪੰਚਾਇਤ ’ਚ ਸਰਬ-ਸੰਮਤੀ ਨਾਲ ਮੈਂਬਰੀ ਦੇ ਲੜ ਲੱਗ ਗਏ ਸਨ। ਇਨ੍ਹਾਂ ਹੀ ਦਿਨਾਂ ’ਚ ਮੈਂ ਦੋਵਾਂ ਨੂੰ ਕਿੰਨੇ ਹੀ ਉਲਝੇ ਹੋਏ ਮਸਲੇ ਸੁਲਝਾਉਂਦੇ ਦੇਖਿਆ/ਸੁਣਿਆ ਸੀ। ਸਮਝਾਉਣ/ਬੁਝਾਉਣ ਦੀਆਂ ਇਹ ਮੱਤਾਂ ਮੇਰੇ ਜ਼ਿਹਨ ਤੇ ਵੀ ਅਸਰ ਅੰਦਾਜ਼ ਹੁੰਦੀਆਂ ਰਹੀਆਂ।
ਫਿਰ ਜਦ ਪੰਜਾਬ ਦੀ ਆਬੋ ਹਵਾ ’ਚ ਦਹਿਸ਼ਤ ਘੁਲਣ ਲੱਗੀ ਤਾਂ ਹੀਰਾ ਮੱਲ ਨੇ ਪਿੰਡ ਛੱਡਣ ਦਾ ਮਨ ਬਣਾ ਲਿਆ। ਜਦ ਮੇਰੇ ਬਾਪ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਭੱਜਿਆ-ਭੱਜਿਆ ਹੀਰਾ ਮੱਲ ਦੇ ਘਰ ਗਿਆ।
ਆਖਰ ਹੀਰਾ ਮੱਲ ਨੇ ਆਪਣਾ ਫੈਸਲਾ ਸੁਣਾ ਦਿੱਤਾ, "ਜਿਹੋ ਜਿਹੀ ਵਾਅ.... ਉਹੋ ਜਿਹਾ ਉਹਲਾ ਸੱਜਣ ਸਿਆਂ....ਵਾਲੀਆਂ ਗੱਲਾਂ ਦਾ ਹੁਣ ਕੀ ਫਾਇਦਾ"
ਜਾਂਦਾ ਹੋਇਆ ਹੀਰਾ ਮੱਲ ਭਰੀਆਂ ਅੱਖਾਂ ਨਾਲ ਬਾਪ ਨੂੰ ਆਪਣੇ ਘਰ ਦੀ ਚਾਬੀ ਫੜਾਉਂਦਾ ਹੋਇਆ ਬੋਲਿਆ ਸੀ,"ਸੱਜਣ ਸਿਆਂ, ਮੈਂ ਜਿਉਂਦੇ ਜੀਅ ਤਾਂ ਨੀ ਇਸ ਘਰ ਨੂੰ ਵੇਚਣ ਦਿੰਦਾ...... ਜੇ ਮਰ ਮੁੱਕ ਗਏ.... ਫਿਰ ਮੁੰਡੇ ਦੀ ਮਰਜ਼ੀ"
ਬਾਪੂ ਮਿੱਤਰ ਵਿਹੂਣਾ ਹੋ ਗਿਆ ਸੀ। ਮਿੱਤਰਤਾ ਦੀ ਕਸਕ ਦੀ ਧੜਕਣ ਉਸ ਦੇ ਸੀਨੇ ਵਿੱਚੋਂ ਨਹੀਂ ਸੀ ਗਈ।
ਸ਼ੁਰੂ-ਸ਼ੁਰੂ ’ਚ ਤਾਂ ਉਸ ਨੂੰ ਹੀਰਾ ਮੱਲ ਦੇ ਪਿੰਡ ’ਚ ਮੌਜੂਦ ਹੋਣ ਦੇ ਹੀ ਭੁਲੇਖੇ ਪੈਂਦੇ ਰਹੇ ਸਨ।
ਹੀਰਾ ਮੱਲ ਦੇ ਪਿੰਡ ਛੱਡਣ ਤੋਂ ਦੂਜੇ ਦਿਨ ਹੀ ਸ਼ਾਮ ਨੂੰ ਉਹ ਖੇਤੋਂ ਆਮ ਵਾਂਗ ਘਰ ਆਇਆ। ਨਹਾ ਕੇ ਧੋਤੇ ਸਮਾਰੇ ਕੱਪੜੇ ਪਾਏ। ਪੱਗ ਬੰਨ੍ਹੀ ਤੇ ਬਗੈਰ ਕੁੱਝ ਦੱਸੇ ਹੀ ਘਰੋਂ ਬਾਹਰ ਹੋ ਗਿਆ।
ਮੈਂ ਤੇ ਮੇਰੀ ਮਾਂ ਉਸ ਵੱਲ ਬਿਟਰ-ਬਿਟਰ ਦੇਖਦੇ ਰਹੇ। ਉਨ੍ਹਾਂ ਨੂੰ 'ਕਿੱਥੇ ਚੱਲੇ ਓ?' ਪੁੱਛਣਾ ਬਦਸ਼ਗਨੀ ਮੰਨੀ ਜਾਣੀ ਸੀ, ਇਸ ਲਈ ਖਾਮੋਸ਼ ਹੀ ਰਹੇ। ਮਾਂ ਨੇ ਮੈਨੂੰ ਇਸ਼ਾਰੇ ਨਾਲ ਸਮਝਾ ਕੇ ਬਾਪ ਦੇ ਪਿੱਛੇ-ਪਿੱਛੇ ਭੇਜ ਦਿੱਤਾ। ਉਹ ਅਜੇ ਅੱਧ-ਵਿਚਕਾਰ ਹੀ ਗਿਆ ਸੀ ਕਿ ਪਿਛਾਂਹ ਮੁੜ ਆਇਆ। ਮੈਂ ਵੀ ਪਿਛਾਂਹ ਮੁੜ ਆਇਆ। ਘਰ ਆਉਂਦਿਆਂ ਹੀ ਪੱਗ ਉਤਾਰ ਕੇ ਉਹ ਮੰਜੀ ’ਚ ਬਿਮਾਰਾਂ ਵਾਂਗ ਡਿੱਗ ਪਿਆ ਸੀ।
ਅਗਲੇ ਦਿਨ ਉਹ ਉਸੇ ਤਰ੍ਹਾਂ ਹੀ ਤਿਆਰ-ਬਰ-ਤਿਆਰ ਹੋ ਕੇ ਹੀਰਾ ਮੱਲ ਦੀ ਦੁਕਾਨ ਦੇ ਸਾਹਮਣੇ ਜਾ ਖੜਿਆ। ਉਦਾਸ ਨਜ਼ਰਾਂ ਨਾਲ ਕਦੇ ਦੁਕਾਨ ਵੱਲ - ਕਦੇ ਮਕਾਨ ਵੱਲ - ਤੇ ਕਦੇ ਚੁਬਾਰੇ ਵੱਲ ਦੇਖਦਾ ਰਿਹਾ। ਫਿਰ ਖੜੇ-ਖੜੇ ਨੇ ਹੱਥ ਨੂੰ ਨਾਂਹ ਦੀ ਮੁਦਰਾ ’ਚ ਘੁੰਮਾਇਆ ਤੇ ਫਿਰ ਵਾਪਿਸ ਆ ਗਿਆ।
ਫਿਰ ਤਾਂ ਉਹ ਤੀਜੇ ਚੌਥੇ ਦਿਨ ਬਾਅਦ ਦੁਕਾਨ ਤੇ ਮਕਾਨ ਦੀ ਸਫਾਈ ਕਰਾਉਂਣ ਲੱਗ ਪਿਆ ਸੀ। ਦੋ ਕੁ ਵਾਰ ਹੀਰਾ ਮੱਲ ਨੂੰ ਸ਼ਹਿਰ ਜਾਕੇ ਮਿਲ ਆਇਆ ਤੇ ਦੋ ਕੁ ਵਾਰ ਹੀਰਾ ਮੱਲ ਪਿੰਡ ਗੇੜਾ ਮਾਰ ਗਿਆ ਸੀ।
ਪਿੰਡ ਛੱਡਣ ਤੋਂ ਪੰਦਰਾਂ ਕੁ ਦਿਨ ਪਿੱਛੋਂ ਹੀਰਾ ਮੱਲ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ। ਮੇਰੇ ਬਾਪ ਨੇ ਫਿਰ ਮੁੜ ਉਨ੍ਹਾਂ ਦੇ ਘਰ ਦਾ ਜਿੰਦਾ ਕੁੰਡਾ ਨਾ ਖੋਲਿਆ। ਇਕ ਦਿਨ ਸ਼ਹਿਰ ਜਾ ਕੇ ਰਾਮ ਲਾਲ ਨੂੰ ਚਾਬੀ ਦੇ ਆਇਆ ਤੇ ਅਗਲੇ ਦਿਨ ਹੀ ਚੜ੍ਹਾਈ ਕਰ ਗਿਆ ਸੀ।
ਰਾਮ ਲਾਲ ਦੀ ਸ਼ਹਿਰ ਵਾਲੀ ਦੁਕਾਨ ਦੀ ਪਿੰਡ ਵਾਲੀ ਦੁਕਾਨ ਤੋਂ ਵੀ ਵੱਧ ਚੜ੍ਹਤ ਹੋ ਗਈ ਸੀ। ਅੱਧੋਂ ਵੱਧ ਪਿੰਡ ਇਸੇ ਦੁਕਾਨ ਤੋਂ ਹੀ ਸੌਦਾ ਖਰੀਦਦਾ। ਪਿੰਡ ਵਾਸੀਆਂ ਨੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਦੁਕਾਨ ਨਾਲ ਜੋੜ ਦਿੱਤਾ ਸੀ।
ਕਦੇ-ਕਦੇ ਮੈਂ ਸੋਚਦਾ ਕਿ ਹਾਲਾਤ ਰਾਮ ਲਾਲ ਦੇ ਪੱਖ ਵਿੱਚ ਹੀ ਗਏ ਸਨ।
ਇਹ ਦੁਕਾਨ ਕਿੰਨੇ ਸਾਲਾਂ ਤੋਂ ਉਸ ਦੇ ਦੂਰ ਦੇ ਇਕ ਰਿਸ਼ਤੇਦਾਰ ਦੇ ਕਬਜੇ ਵਿੱਚ ਸੀ। ਹੀਰਾ ਮੱਲ ਨੂੰ ਤਾਂ ਯਕੀਨ ਹੀ ਨਹੀਂ ਸੀ ਕਿ ਉਹ ਸੌਖਿਆਂ ਹੀ ਛੱਡ ਦੇਵੇਗਾ। ਸ਼ਾਇਦ ਹੀਰਾ ਮੱਲ ਦੇ ਪਿੰਡ ਦੀ ਪੰਚਾਇਤ ’ਚ ਨਿਭਾਏ ਰੋਲ ਜਾਂ ਆਪਸੀ ਮਿਲਵਰਤਨ ਦੇ ਪ੍ਰਭਾਵ ਦੇ ਦਬਾਅ ਸਦਕਾ ਇੰਜ ਹੋ ਸਕਿਆ ਸੀ।
ਮੈਂ ਰਾਮ ਲਾਲ ਤੋਂ ਕਈ ਸਾਲ ਪਛੜਕੇ ਸ਼ਹਿਰ ਆਇਆ ਸਾਂ।
ਜਦੋਂ ਪਹਿਲੀ ਵਾਰ ਮੈਂ ਆਪਣੀ ਸ਼ਹਿਰ ’ਚ ਰਿਹਾਇਸ਼ ਬਾਰੇ ਦੱਸਿਆ ਤਾਂ ਉਹ ਜੱਫੀ ਪਾ ਕੇ ਮਿਲਦਿਆ ਬੋਲਿਆ, "ਕਿਉਂ..... ਯਾਰ ਹੋਣਗੇ ਮਿਲਣਗੇ ਆਪੇ ਦਿਲ ਨੂੰ ਠਿਕਾਣੇ ਰੱਖੀਏ......ਕਿਉਂ ਦੇਖੀ ਨਾ ਸਾਡੀ ਮਿੱਤਰਤਾ ਦੀ ਖਿੱਚ.....ਜਿੱਥੇ ਚੱਲੇਂਗਾ ਚੱਲੂੰਗਾ ਨਾਲ ਤੇਰੇ ਟਿੱਕਟਾਂ ਦੋ ਲੈ ਲਈਂ.....ਮੇਰਾ ਤਾਂ ਸੇਰ ਖੂਨ ਵਧ ਗਿਐ ਮਿੱਤਰਾ.....।"
ਮੇਰੇ ਤੇ ਰਾਮ ਲਾਲ ਵਿਚਕਾਰ ਇਕ ਸਾਂਝ ਇਹ ਵੀ ਸੀ ਕਿ ਨਾ ਤਾਂ ਰਾਮ ਲਾਲ ਨੇ ਤੇ ਨਾ ਹੀ ਮੈਂ ਆਪਣਾ ਪਿੰਡ ਵਾਲਾ ਮਕਾਨ ਵੇਚੇ ਸਨ। ਕਦੇ ਕਦੇ ਲੱਗਦਾ ਜਿਵੇਂ ਮੈਂ ਤੇ ਰਾਮ ਲਾਲ ਆਪਣੇ ਬਜ਼ੁਰਗਾਂ ਦੇ ਰਸਤੇ ਤੇ ਹੀ ਚੱਲ ਰਹੇ ਹੋਈਏ। ਹੁਣ ਜਦ ਵੀ ਵਿਹਲ ਮਿਲਦੀ, ਮੈਂ ਉਸ ਦੀ ਦੁਕਾਨ ਤੇ ਜਾ ਬੈਠਦਾ ਸਾਂ।
ਸ਼ੁਰੂ-ਸ਼ੁਰੂ ’ਚ ਮੇਰਾ ਸ਼ਹਿਰ ’ਚ ਦਿਲ ਨਹੀਂ ਸੀ ਲੱਗਿਆ। ਇਕ ਵਾਰੀ ਤਾਂ ਮੈਂ ਵਾਪਿਸ ਪਿੰਡ ਜਾਣ ਦਾ ਮਨ ਬਣਾ ਲਿਆ ਸੀ। ਮੇਰੇ ਡਿੱਕ ਡੋਲੇ ਖਾਂਦੇ ਮਨ ਨੂੰ ਰਾਮ ਲਾਲ ਨੇ ਹੀ ਠੁੰਮ੍ਹਣਾ ਦਿੱਤਾ ਸੀ, "ਉਏ ਛੱਡ ਯਾਰ....ਜਿੱਧਰ ਗਿਆ ਬਾਣੀਆ, ਉੱਧਰ ਗਿਆ ਬਜ਼ਾਰ......ਲੋਕ ਅਮਰੀਕਾ ਕਨੇਡਾ ’ਚ ਹੱਟਾਂ ਖੋਲੀ ਬੈਠੇ ਨੇ....ਆਹ ਖੜੈ ਆਪਣਾ ਪਿੰਡ ਦੋ ਫਰਲਾਂਗ ਤੇ......ਜਦੋਂ ਦਿਲ ਨਾ ਲੱਗੇ ਤੂੰ ਆਪਣੀ ਦੁਕਾਨ ਤੇ ਆ ਜਾਇਆ ਕਰ......ਜਿਹੜੇ ਮਰਜੀ ਪਿੰਡ ਦੇ ਬੰਦੇ ਨੂੰ ਮਿਲ ਲਈਂ।"
ਤੇ ਮੈਂ ਇਵੇਂ ਹੀ ਕਰਨ ਲੱਗਿਆ ਸਾਂ। ਉਸ ਦੀ ਦੁਕਾਨ ਮੇਰੇ ਅਤੇ ਪਿੰਡ ’ਚ ਰਹਿੰਦੇ ਆਂਢੀਆਂ-ਗੁਆਂਢੀਆਂ ’ਚ ਇਕ ਪੁਲ ਦਾ ਕੰਮ ਕਰਨ ਲੱਗੀ। ਦੁਕਾਨ ਤੇ ਆਉਂਦੇ ਕਿੰਨੇ ਹੀ ਪਿੰਡ ਵਾਸੀਆਂ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦਾ। ਪਿੰਡ ਦੀ ਖ਼ਬਰ-ਸਾਰ ਦਾ ਪਤਾ ਲੱਗਦਾ ਰਹਿੰਦਾ। ਇਸ ਦੁਕਾਨ ਤੇ ਜਾਕੇ ਮੈਨੂੰ ਬੇਹੱਦ ਸਕੂਨ ਮਿਲਣ ਲੱਗਿਆ ਸੀ। ਉੱਥੇ ਬੈਠਿਆਂ ਪਿਛਲਾ ਸਮਾਂ ਯਾਦ ਆ ਜਾਂਦਾ। ਮੈਂ ਆਪਣੇ ਆਪ ਨੂੰ ਰਾਮ ਲਾਲ ਦੀ ਪਿੰਡ ਵਾਲੀ ਦੁਕਾਨ ਵਿਚ ਹੀ ਬੈਠਾ ਮਹਿਸੂਸ ਕਰਦਾ।
ਜਿਉਂ ਹੀ ਮੈਂ ਮੋਟਰਸਾਈਕਲ ਉਸ ਦੀ ਦੁਕਾਨ ਦੇ ਸਾਹਮਣੇ ਲਾਇਆ, ਉਹ ਦੋ ਕੁ ਗਾਹਕਾਂ ਨੂੰ ਭੁਗਤਾ ਰਿਹਾ ਸੀ। ਉਂਜ ਵੀ ਆਥਣ ਦਾ ਸਮਾਂ ਹੋਣ ਕਰਕੇ ਪਿੰਡਾਂ ਦੇ ਗਾਹਕ ਤਾਂ ਪਹਿਲਾਂ ਹੀ ਚਾਲੇ ਪਾ ਦਿੰਦੇ ਸਨ। ਮੈਂ ਰਾਮ ਲਾਲ ਨਾਲ ਹੱਥ ਮਿਲਾਕੇ ਇਕ ਕੁਰਸੀ ਤੇ ਜਾ ਬੈਠਾ।
ਰਾਮ ਲਾਲ ਦੀ ਦੁਕਾਨ ਸ਼ਹਿਰ ਦੇ ਪੁਰਾਣੇ ਬਜ਼ਾਰ ਵਿਚ ਸੀ। ਦਰਅਸਲ ਸ਼ਹਿਰ ਦੀ ਇਹ ਪੁਰਾਣੀ ਦਾਣਾ ਮੰਡੀ ਸੀ। ਵਿਚਕਾਰ ਕੋਈ ਸੌ ਫੁੱਟ ਚੌੜੀ ਸੜਕ ਤੇ ਦੋਵੇਂ ਪਾਸੇ ਆੜ੍ਹਤੀਆਂ ਦੀਆਂ ਦੁਕਾਨਾਂ - ਦੁਕਾਨਾਂ ਉੱਪਰ ਰਹਾਇਸ਼ਾਂ।
ਭਾਵੇਂ ਜਿਣਸਾਂ ਦੇ ਵਾਧੇ ਕਾਰਨ ਦਾਣਾ ਮੰਡੀ ਸ਼ਹਿਰ ਤੋਂ ਬਾਹਰਵਾਰ ਚਲੀ ਗਈ ਸੀ ਪਰ ਆੜ੍ਹਤੀਆਂ ਦੀਆਂ ਰਿਹਾਇਸ਼ਾਂ ਇੱਥੇ ਹੀ ਸਨ। ਉਂਜ ਦੁਕਾਨਾਂ ਦੇ ਰੂਪ ਬਦਲ ਗਏ ਸਨ।
ਰਾਮ ਲਾਲ ਦਾ ਬਾਬਾ ਸਾਡਾ ਪਹਿਲਾ ਆੜ੍ਹਤੀਆ ਸੀ ਤੇ ਹੁਣ ਰਾਮ ਲਾਲ ਮੇਰਾ ਆੜ੍ਹਤੀਆ ਸੀ।ਇੱਥੇ ਆਲੇ-ਦੁਆਲੇ ਉਨ੍ਹਾਂ ਦੇ ਸ਼ਰੀਕੇ ਵਾਲਿਆਂ ਦੀਆਂ ਹੀ ਦੁਕਾਨਾਂ ਸਨ। ਰਾਮ ਲਾਲ ਦੇ ਤਾਏ ਦੀ ਦੁਕਾਨ ਵੀ ਸਾਹਮਣੇ ਹੀ ਸੀ।
ਗਾਹਕਾਂ ਦੇ ਤੁਰ ਜਾਣ ਤੋਂ ਬਾਅਦ ਉਹ ਬੋਲਿਆ,"ਪਹਿਲਾਂ ਤਾਂ ਕੁਰਸੀ ਦਾ ਮੂੰਹ ਬਾਹਰ ਵੱਲ ਕਰ।"
ਜਿਉਂ ਹੀ ਮੈਂ ਕੁਰਸੀ ਦਾ ਮੂੰਹ ਬਾਹਰ ਵੱਲ ਕੀਤਾ, ਉਸ ਨੇ ਆਪਣੀ ਕੁਰਸੀ ਦਾ ਮੂੰਹ ਮੇਰੇ ਵੱਲ ਕਰ ਲਿਆ। ਹੁਣ ਮੈਂ ਰਾਮ ਲਾਲ ਨਾਲ ਗੱਲਾਂ ਕਰਦਾ-ਕਰਦਾ ਬਾਹਰ ਬਜ਼ਾਰ ਦੀ ਆਵਾਜਾਈ ਵੱਲ ਦੇਖ ਸਕਦਾ ਸਾਂ। ਰਾਮ ਲਾਲ ਨੇ ਆਪਣੇ ਲੜਕੇ ਨੂੰ ਉੱਪਰੋਂ ਚਾਹ ਦੇ ਦੋ ਕੱਪ ਲਿਆਉਂਣ ਲਈ ਭੇਜ ਦਿੱਤਾ।
"ਸਰਪਰਾਈਜ ਤਾਂ ਤੈਨੂੰ ਆੜੀਆ ਮੈਂ ਫੇਰ ਦੇਵਾਂਗਾ..... ਪਹਿਲਾਂ ਮੇਰੇ ਤਾਏ ਦੀ ਦੁਕਾਨ ’ਚ ਹੋਅ ਸਾਹਮਣੇ ਬੰਦੇ ਬਾਰੇ ਦੱਸ, ਬਈ ਉਹ ਕੌਣ ਐ?" ਉਹਨੇ ਕੁਰਸੀ ਘੁੰਮਾਕੇ, ਦੂਜੇ ਪਾਸੇ ਸਾਹਮਣੀ ਦੁਕਾਨ ਵੱਲ, ਉਂਗਲ ਕਰਦੇ ਹੋਏ ਕਿਹਾ।
ਜਿਉਂ ਹੀ ਮੈਂ ਸੜਕੋਂ ਪਾਰ ਸਾਹਮਣੀ ਦੁਕਾਨ ਵੱਲ ਦੇਖਿਆ, ਬੱਸ ਦੇਖਦਾ ਹੀ ਰਹਿ ਗਿਆ।
ਦੁਕਾਨ ’ਚ ਬੈਠੇ ਬਜ਼ੁੱਰਗ ਦੀ ਸ਼ਕਲ ਤਾਂ ਹੂ-ਬ-ਹੂ ਮੇਰੇ ਬਾਪ ਨਾਲ ਮਿਲਦੀ ਸੀ। ਉਹੀ ਕਣਕ ਵੰਨਾ ਰੰਗ - ਉਹੋ ਜਿਹਾ ਹੀ ਮੋਟਾ ਨੱਕ - ਉਹੋ ਜਿਹੀਆਂ ਹੀ ਬਰੀਕ-ਬਰੀਕ ਅੱਖਾਂ - ਉਹੋ ਜਿਹੀਆਂ ਹੀ ਦਾੜ੍ਹੀ-ਮੁੱਛਾਂ - ਉਸੇ ਤਰ੍ਹਾਂ ਹੀ ਇਕ ਪਾਸੇ ਨੂੰ ਢਿਲਕਵੀਂ ਜਿਹੀ ਪੱਗ।
ਮੈਨੂੰ ਤਾਂ ਚੇਤਾ ਵੀ ਭੁੱਲ ਗਿਆ ਕਿ ਰਾਮ ਲਾਲ ਨੇ ਕੋਈ ਸਵਾਲ ਵੀ ਕੀਤਾ ਸੀ। ਮੈਂ ਕਿੰਨਾ ਚਿਰ ਟਿਕ-ਟਿਕੀ ਲਾ ਕੇ ਓਧਰ ਹੀ ਦੇਖਦਾ ਰਿਹਾ ਤੇ ਰਾਮ ਲਾਲ ਮੇਰੇ ਵੱਲ ਵੇਖ ਕੇ ਮੁਸਕਰਾਉਂਦਾ ਰਿਹਾ।
"ਪਿਆਰਿਓ ਹੁਣ ਵਾਪਿਸ ਵੀ ਆ ਜੋ" ਰਾਮ ਲਾਲ ਨੇ ਜਰਾ ਉੱਚੀ ਤੇ ਲਮਕਵੀਂ ਆਵਾਜ਼ ’ਚ ਕਿਹਾ।
ਜਦੋਂ ਮੈਂ ਰਾਮ ਲਾਲ ਵੱਲ ਮੂੰਹ ਮੋੜਿਆ, ਤਾਂ ਰਾਮ ਲਾਲ ਸੇਹਲੀਆਂ ਉੱਪਰ ਉਠਾਉਂਦਾ ਹੋਇਆਂ ਬੋਲਿਆ, "ਕਿਉਂ ਹੈ ਨਾ ਮੇਰੇ ਚਾਚੇ ਸੱਜਣ ਸਿਉਂ ਦੀ ਹੂ-ਬ-ਹੂ ਕਾਰਬਨ ਕਾਪੀ....ਹੈ ਰੱਤੀ ਭਰ ਫਰਕ?" ਰਾਮ ਲਾਲ ਮੇਰੇ ਬਾਪ ਨੂੰ 'ਚਾਚਾ' ਕਹਿਕੇ ਬੁਲਾਉਂਦਾ ਹੁੰਦਾ ਸੀ।
"ਬਿਲਕੁਲ" ਮੈਂ ਸਿਰ ਹਿਲਾਇਆ ਤੇ ਫਿਰ ਓਧਰ ਹੀ ਦੇਖਣ ਲੱਗ ਪਿਆ।
"ਹੁਣ ਓਧਰ ਹੀ ਨਾ ਵਹੀ-ਖਾਤਾ ਖੋਲਕੇ ਬੈਠ....... ਇੱਧਰ ਵੀ ਨਜ਼ਰ ਮਿਲਾ ਸੋਹਣਿਆ"
ਮੈਂ ਰਾਮ ਲਾਲ ਵੱਲ ਦੇਖਿਆ।
"ਮੈਂ ਠੀਕ ਕਹਿਨਾ ਕਿ ਨਾ......ਹੈ ਉੱਨ੍ਹੀ ਇੱਕੀ ਦਾ ਫਰਕ?"
"ਕੋਈ ਸ਼ੱਕ ਈ ਨ੍ਹੀਂ.... ਬਾਈ ਆਹ ਤਾਂ ਕਮਾਲ ਹੋ ’ਗੀ"
ਰਾਮ ਲਾਲ ਨੇ ਸੱਚਮੁੱਚ ਹੀ ਸਰਪਰਾਈਜ ਦਿੱਤਾ ਸੀ। ਮੈਂ ਅੱਜ ਤੱਕ ਕਦੇ ਕਿਸੇ ਦੀ ਏਨੀ ਆਪਸ ਵਿਚ ਸ਼ਕਲ ਮਿਲਦੀ ਨਹੀਂ ਸੀ ਦੇਖੀ।
"ਹੁਣ ਹੋਰ ਨਾ ਓਧਰ ਦੇਖ.... ਬੱਸ ਤੈਰਦੀ-ਤੈਰਦੀ ਨਜ਼ਰ ਹੀ ਚੰਗੀ ਹੁੰਦੀ ਹੈ.....ਦੂਰੋਂ ਲੈ ਲਈਏ ਝਾਕਾ ਸੋਹਣਿਆਂ...."
"ਤੂੰ ਜਾਣਦੈਂ ਰਾਮ ਲਾਲ ਉਹਨੂੰ?"
"ਹਾਂ-ਹਾਂ ਧੀਰਜ਼ ਰੱਖ.... ਕਾਹਲਾ ਕਾਹਨੂੰ ਹੁੰਨੇ ਮਿੱਤਰਾ......ਪਹਿਲਾਂ ਮੇਰੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ"
ਮੈਂ ਖਾਮੋਸ਼ ਨਜ਼ਰਾਂ ਨਾਲ ਰਾਮ ਲਾਲ ਵੱਲ ਦੇਖਿਆ।
ਮੈਨੂੰ ਪਤਾ ਹੀ ਨਾ ਲੱਗਾ ਕਿਹੜੇ ਵੇਲੇ ਚਾਹ ਆ ਗਈ ਸੀ।
"ਜਿਹੜੀਆਂ ਮਰਜੀ ਸ਼ਰਤਾਂ ਰੱਖ ਲੈ ਭਰਾਵਾ ਸਭ ਮਨਜੂਰ ਨੇ" ਮੈਂ ਪਿਆਲੀ ਚੁੱਕਦਿਆਂ ਕਿਹਾ।
ਰਾਮ ਲਾਲ ਘੁੱਟ ਭਰਦਾ ਹੋਇਆ ਬੋਲਿਆ "ਦੇਖ ਭਰਾਵਾ ਪਹਿਲਾਂ ਤਾਂ ਮੈਂ ਵੀ ਹੈਰਾਨ ਹੋ ਗਿਆ ਸੀ....ਕਦੇ ਕਿਸੇ ਦੀ ਇੰਨੀ ਸ਼ਕਲ ਨਹੀਂ ਮਿਲਦੀ ਦੇਖੀ....ਮੈਂ ਸੋਚਿਆ ਕਿਤੇ ਮੈਨੂੰ ਹੀ ਭੁਲੇਖਾ ਨਾ ਲੱਗਿਆ ਹੋਵੇ.... ਤੈਨੂੰ ਵੀ ਦਰਸ਼ਨ ਕਰਾਦਿਆਂ...."
ਉਹ ਬੋਲਦਾ-ਬੋਲਦਾ ਵਿਚਦੀ ਰੁਕਿਆ ਤੇ ਫਿਰ ਕੁੱਝ ਸੋਚਕੇ ਜਿਹੇ ਬੋਲਿਆ,"ਮੈਂ ਤਾਂ ਇਸ ਬਜ਼ੁਰਗ ਨੂੰ ਪਹਿਲਾਂ ਵੀ ਕਈ ਵਾਰ ਦੇਖਿਆ..... ਸ਼ਰਤਾਂ-ਸ਼ੁਰਤਾਂ ਤਾਂ ਕਾਹਦੀਆਂ ਨੇ.... ਪਰ ਤੈਨੂੰ ਇਕ ਗੱਲ ਆਖਦਾਂ.... ਜਿੰਨਾ ਭੁਲੇਖਾ ਮੈਨੂੰ ਪਹਿਲੇ ਦਿਨ ਲੱਗਿਆ ਸੀ ਹੁਣ ਨਹੀਂ ਪੈਂਦਾ.... ਸ਼ਾਇਦ ਇਸ ਦਾ ਕਾਰਨ ਇਹ ਹੈ ਬਈ ਜਿਉਂ-ਜਿਉਂ ਅਸੀਂ ਕਿਸੇ ਚੀਜ਼ ਨੂੰ ਵਾਰ-ਵਾਰ ਦੇਖਦੇ ਹਾਂ, ਉਸ ਦੀ ਸ਼ੱਬ ਪਹਿਲਾਂ ਵਰਗੀ ਨਹੀਂ ਰਹਿੰਦੀ........ ਸੋ ਪਿਆਰਿਆ..... ਮੇਰੀ ਬੇਨਤੀ ਸਮਝ ਲੈ ਚਾਹੇ ਸ਼ਰਤਾਂ ਬਈ ਤੂੰ ਉਹਦੇ ਵੱਲ ਵਾਰ-ਵਾਰ ਟਿਕ-ਟਿਕੀ ਲਾ ਕੇ ਨਾ ਦੇਖੀਂ ਤੇ ਨਾ ਹੀ ਉਸਦੇ ਨੇੜੇ ਜਾਈਂ..... ਤੇ ਗੱਲ ਬਾਤ ਤਾਂ ਕੀ ਕਰਨੀ ਐ.....ਦੂਰੋਂ ਲੈ ਲਈਏ ਝਲਕਾਰਾ ਸੋਹਣਿਆਂ ਸੱਜਣਾਂ ਦਾ......ਬਸ ਕਲਪਨਾ ਕਰ ਲਿਆ ਕਰ ਕਿ ਮੇਰਾ ਚਾਚਾ ਸੱਜਣ ਸਿਉਂ ਅਜੇ ਜਿਉਂਦਾ ਹੈ"
"ਕਿਹੜਾ ਪਿੰਡ ਹੈ ਇਸ ਬਜੁਰਗ ਦਾ?" ਮੈਂ ਪੁੱਛਿਆ
"ਪਿੰਡ ਇਹਦਾ ਧਰਮਪੁਰਾ ਹੈ.....ਪਹਿਲਾਂ ਫਸ਼ਲ ਕਿਸੇ ਹੋਰ ਦੇ ਸਿੱਟਦੇ ਹੁੰਦੇ ਸਨ....ਹੁਣ ਮੇਰੇ ਤਾਏ ਦੇ ਸਿੱਟਣ ਲੱਗੇ ਹਨ"
ਮੈਂ ਮਨ ਹੀ ਮਨ ਰਾਮ ਲਾਲ ਦਾ ਧੰਨਵਾਦ ਕਰ ਰਿਹਾ ਸਾਂ। ਉਸ ਨੇ ਮੈਨੂੰ ਬੇਸ਼ਕੀਮਤੀ ਤੋਹਫੇ ਦੇ ਦਰਸ਼ਨ ਕਰਾ ਦਿੱਤੇ ਸਨ। ਉਹਦੀਆਂ ਗੱਲਾਂ ’ਚ ਡੂੰਘੀ ਸਿਆਣਪ ਨਜ਼ਰ ਆਈ ਸੀ। ਉਸ ਦੀ ਗੱਲ ਸੋਲਾਂ ਆਨੇ ਸੱਚ ਲੱਗੀ ਸੀ। ਵਾਰ-ਵਾਰ ਦੇਖਣ ਤੇ ਨੇੜੇ ਹੋਕੇ ਦੇਖਣ ਨਾਲ ਉਹ ਗੱਲ ਨਹੀਂ ਸੀ ਰਹਿਣੀ। ਮੈਂ ਰਾਮ ਲਾਲ ਨੂੰ ਆਖ ਦਿੱਤਾ ਸੀ ਕਿ ਜਦੋਂ ਵੀ ਇਹ ਬਜੁਰਗ ਇੱਥੇ ਨਜ਼ਰ ਆਉਣ ਮੈਨੂੰ ਕਾਲ ਕਰ ਲਿਆ ਕਰ।
ਮੈਨੂੰ ਅਕਸਰ ਰਾਮ ਲਾਲ ਦੇ ਸੁਨੇਹੇ ਦੀ ਉਡੀਕ ਰਹਿਣ ਲੱਗੀ ਸੀ। ਗੱਜਣ ਸਿੰਘ ਨੇ ਮੇਰੇ ਮਨ ਦੀ ਧਰਤੀ ਮੱਲ ਲਈ ਸੀ। ਕਈ ਵਾਰ ਉਸ ਦੀ ਦੁਕਾਨ ਦੇ ਅੱਗੋਂ ਦੀ ਲੰਘਦਿਆਂ ਕਰਦਿਆਂ ਵੀ ਪੈਰ ਮਲ ਲੈਂਦਾ ਸਾਂ। ਪਰ ਉਹ ਕਦੇ ਮੱਥੇ ਨਹੀਂ ਸੀ ਲੱਗਿਆ।
ਗੱਜਣ ਸਿੰਘ ਦਾ ਪਿੰਡ ਕੋਈ ਬਹੁਤਾ ਦੂਰ ਨਹੀਂ ਸੀ।
ਘਰ ਤੋਂ ਦੋ ਕਿਲੋਮੀਟਰ ਦੇ ਫਾਸਲੇ ਤੇ ਸਕੂਲ ਵੱਲ ਜਾਂਦੀ ਸੜਕ ਤੋਂ ਧਰਮਪੁਰਾ ਨੂੰ ਸੜਕ ਫੱਟਦੀ ਸੀ। ਇੱਥੇ ਆਕੇ ਪਤਾ ਹੀ ਨਾ ਲੱਗਦਾ, ਕਿਹੜੇ ਵੇਲੇ ਮੋਟਰਸਾਈਕਲ ਦੀ ਰਫ਼ਤਾਰ ਮੱਠੀ ਹੋ ਜਾਂਦੀ। ਮੈਂ ਨਜ਼ਰ ਭਰ ਕੇ ਧਰਮਪੁਰਾ ਨੂੰ ਜਾਂਦੀ ਸੜਕ ਵੱਲ ਦੇਖਦਾ। ਮਨ ਹੀ ਮਨ ਦੁਆ ਕਰਦਾ, ਕਾਸ਼! ਕਿਤੇ ਗੱਜ਼ਣ ਸਿੰਘ ਹੀ ਨਜ਼ਰ ਆ ਜਾਵੇ ਪਰ ਉਹ ਕਦੇ ਵੀ ਨਾ ਦਿਸਿਆ।
ਪਹਿਲਾਂ ਤਾਂ ਮੋਟਰਸਾਈਕਲ ਦੀ ਰਫਤਾਰ ਹੀ ਮੱਠੀ ਪੈਂਦੀ ਸੀ, ਹੁਣ ਤਾਂ ਕਈ ਵਾਰ ਮੈਂ ਉਡੀਕ ਕਰਨ ਵਾਲਿਆਂ ਵਾਂਗ ਖੜ ਵੀ ਜਾਂਦਾ ਸਾਂ।
ਇਹ ਕਿਹੀ ਖਿੱਚ ਸੀ, ਜਿਸ ਨੇ ਮੈਨੂੰ ਇਕ ਬੇਗਾਨੇ ਪਿੰਡ ਨਾਲ ਜੋੜ ਦਿੱਤਾ ਸੀ। ਇਹ ਕਿਹੀ ਜਾਦੂਗਰੀ ਸੀ ਜਿਸ ਕਰਕੇ ਬੇਗਾਨੀ ਮਿੱਟੀ ਚੋਂ ਨਵੇਂ ਰਿਸ਼ਤੇ ਉੱਗ ਆਏ ਸਨ।
ਉਂਜ ਮੇਰੇ ਲਈ ਇਹ ਪਿੰਡ ਹੁਣ ਬੇਗਾਨਾ ਨਹੀਂ ਸੀ ਰਿਹਾ। ਉਸ ਦੀ ਮਿੱਟੀ ਤੇ ਕਦਮ ਰੱਖਣ ਲਈ ਮੇਰਾ ਅੰਦਰ ਤੜਫਦਾ।
ਤੇ ਫਿਰ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਅੱਗੇ ਤੋਂ ਇਸੇ ਪਿੰਡ ਦੀ ਮਿੱਟੀ ਨੂੰ ਨਮਸਕਾਰ ਕਰਕੇ ਜਾਇਆ ਕਰਾਂਗਾ।
ਫਿਰ ਮੈਂ ਇਸੇ ਪਿੰਡ ਵਿੱਚਦੀ ਜਾਣ ਲੱਗਿਆ ਸਾਂ।
ਗੱਜਣ ਸਿੰਘ ਦਾ ਘਰ ਪੁਰਾਣੀ ਧਰਮਸ਼ਾਲਾ ਦੇ ਕੋਲ ਸੀ - ਧਰਮਸ਼ਾਲਾ ਦੇ ਅੱਗੇ ਇੱਕ ਖੁੱਲੀ ਸੱਥ - ਸੱਥ ਦੇ ਵਿਚਕਾਰ ਇੱਕ ਬੁੱਢਾ ਬੋਹੜ - ਤੇ ਬੋਹੜ ਦੇ ਆਲੇ-ਦੁਆਲੇ ਇਕ ਚੌਂਤਰਾ।
ਇਸ ਪਿੰਡ ਤੋਂ ਅਗਲੇ ਪਿੰਡਾਂ ਜਾਂ ਸ਼ਹਿਰ ਨੂੰ ਆਉਣ-ਜਾਣ ਵਾਲੇ ਰਾਹਗੀਰ, ਇਸੇ ਰਸਤੇ ’ਚੋਂ ਦੀ ਲੰਘਕੇ ਜਾਂਦੇ ਸਨ। ਇਸ ਲਈ ਮੇਰਾ ਇੱਥੋਂ ਦੀ ਸਕੂਲ ਜਾਣਾ ਪਿੰਡ ਵਾਸੀਆਂ ਲਈ ਕੋਈ ਓਪਰਾ ਨਹੀਂ ਸੀ ਲੱਗਣਾ। ਇਸ ਗੱਲ ਨੇ ਮੇਰੀ ਝਿੱਜਕ ਦੂਰ ਕਰ ਦਿੱਤੀ ਸੀ।
ਅਕਸਰ ਸੱਥ ਵਿਚਦੀ ਗੁਜ਼ਰਦਿਆਂ ਮੇਰੇ ਮੋਟਰਸਾਈਕਲ ਦੀ ਰਫਤਾਰ ਧੀਮੀ ਹੋ ਜਾਂਦੀ ਤੇ ਮੈਂ ਉੱਥੇ ਬੈਠੇ ਬੰਦਿਆਂ ਵੱਲ ਨਜ਼ਰ ਭਰਕੇ ਵੇਖਦਾ ਜਾਂ ਫਿਰ ਗੱਜਣ ਸਿੰਘ ਦੇ ਘਰ ਅੱਗੋਂ ਨਜ਼ਰ ਮਾਰਕੇ ਲੰਘ ਜਾਂਦਾ ਸਾਂ।
ਉਹ ਸੱਥ ’ਚ ਬੈਠਾ ਮੈਨੂੰ ਕਦੀ ਨਜ਼ਰ ਨਹੀਂ ਆਇਆ।
ਇਕ ਦਿਨ ਜਦ ਘਰ ’ਚ ਨਿਗਾਹ ਮਾਰੀ ਤਾਂ ਉਹ ਮੰਜੇ ਤੇ ਬੈਠਾ ਰੋਟੀ ਖਾ ਰਿਹਾ ਸੀ। ਉਹਦੇ ਮੁੱਖ ਵੱਲ ਵੇਖਦਿਆਂ ਮੇਰੇ ਅੰਦਰ ਇੱਕ ਕੰਬਣੀ ਜਿਹੀ ਛਿੜੀ। ਮੇਰਾ ਮੋਟਰਸਾਈਕਲ ਅੱਗੇ ਜਾਕੇ ਰੁੱਕ ਗਿਆ। ਜੀ ਕਰੇ ਇਕ ਵਾਰ ਫਿਰ ਝਾਤੀ ਮਾਰ ਆਵਾਂ। ਫਿਰ ਮਨ ’ਚ ਆਇਆ, ਇਸ ਤਰ੍ਹਾਂ ਕਰਨਾ ਠੀਕ ਨਹੀਂ ਹੋਵੇਗਾ ਪਰ ਮੈਥੋਂ ਰਿਹਾ ਨਾ ਗਿਆ। ਮੈਂ ਮੋਟਰਸਾਈਕਲ ਵਾਪਿਸ ਮੋੜ ਲਿਆ। ਸੋਚਿਆ ਫਿਰਨੀ ਦੇ ਰਸਤੇ ਵਾਪਿਸ ਚਲਾ ਜਾਵਾਂਗਾ।
ਘਰ ਕੋਲ ਆਕੇ ਮੈਂ ਫਿਰ ਉਨ੍ਹਾਂ ਵੱਲ ਨਜ਼ਰ ਸੁੱਟੀ। ਗੱਜਣ ਸਿੰਘ ਨੇ ਸਿਰ ਉੱਪਰ ਕੀਤਾ ਤੇ ਮੇਰੇ ਨਾਲ ਨਜ਼ਰਾਂ ਮਿਲਾਈਆਂ। ਮੈਨੂੰ ਅਹਿਸਾਸ ਹੋਇਆ ਜਿਵੇਂ ਮੇਰਾ ਬਾਪ ਕਿਸੇ ਓਪਰੇ ਬੰਦੇ ਨੂੰ ਘੂਰ ਰਿਹਾ ਹੋਵੇ। ਮੈਂ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਕਰ ਦਿੱਤੀ।
ਇਸ ਰਸਤੇ ਰਾਹੀਂ ਗੁਜ਼ਰਕੇ ਜਾਣ ਦਾ ਰਾਜ਼ ਮੈਂ ਆਪਣੇ ਅੰਦਰ ਹੀ ਦਫਨ ਕਰ ਲਿਆ ਸੀ। ਮੈਂ ਚਾਹੁੰਦਿਆਂ ਹੋਇਆਂ ਵੀ ਇਹ ਗੱਲ ਆਪਣੇ ਪਰਿਵਾਰ ਨਾਲ ਸਾਂਝੀ ਨਹੀਂ ਸੀ ਕੀਤੀ। ਭਾਵੇਂ ਕਿੰਨੇ ਹੀ ਵਾਰ ਇਸ ਭੇਤ ਨੂੰ ਖੋਲਣ ਬਾਰੇ ਮਨ ਬਣਾਇਆ ਪਰ ਦੂਜੇ ਹੀ ਪਲ ਬਦਲ ਲਿਆ ਸੀ।
ਸੋਚਦਾ ਸਾਂ ਕਿ ਬੱਚਿਆਂ ਤੇ ਘਰ ਵਾਲੀ ਨੇ ਮੇਰਾ ਮੌਜੂ ਬਣਾ ਦੇਣਾ ਹੈ। ਬੱਚਿਆਂ ਨੇ ਆਖਣਾ ਸੀ,"ਕਿਆ ਇੰਟਰਸਟਿੰਗ ਸਟੋਰੀ ਹੈ ਡੈਡ....... ਇਕ ਦਮ ਫ਼ਿਲਮੀ ਸਟਾਈਲ"
ਪਤਨੀ ਨੇ ਆਖਣਾ ਸੀ, "ਛੱਡਿਆ ਕਰੋ ਗਏ ਗੁਜ਼ਰੇ ਦੀਆਂ ਬਾਤਾਂ..... ਬਥੇਰਿਆਂ ਦੀਆਂ ਆਪਸ ਵਿੱਚ ਸ਼ਕਲਾਂ ਮਿਲ ਜਾਂਦੀਆਂ ਨੇ.....  ਕੱਲ੍ਹ ਨੂੰ ਕਹਿ ਦਿਓਗੇ, ਉਹ ਫਲਾਣੀ ਤੀਵੀਂ ਦੀ ਸ਼ਕਲ ਥੋਡੇ ਨਾਲ ਮਿਲਦੀ ਹੈ।"
ਤੇ ਮੈਂ ਇਹ ਨਹੋਰੇ ਸੁਣਨ ਤੋਂ ਪਹਿਲਾਂ ਹੀ ਇਸ ਨੂੰ ਇਕ ਰਾਜ ਬਣਾ ਕੇ ਰੱਖ ਲਿਆ ਸੀ। ਇਸ ਗੱਲ ਦੀ ਭਿਣਕ ਤਾਂ ਮੈਂ ਰਾਮ ਲਾਲ ਨੂੰ ਵੀ ਨਹੀਂ ਸੀ ਪੈਣ ਦਿੱਤੀ। ਰਾਮ ਲਾਲ ਆਪਣੇ ਵਾਅਦੇ ਦਾ ਪੱਕਾ ਰਿਹਾ ਸੀ। ਭਾਵੇਂ ਉਸ ਨੇ ਗੱਜ਼ਣ ਸਿੰਘ ਦੇ ਦੁਕਾਨ ਤੇ ਗੇੜਾ ਮਾਰਨ ਸਮੇਂ ਕਿੰਨੇ ਹੀ ਸੁਨੇਹੇ ਲਾਏ ਸਨ। ਪਰ ਮੈਂ ਦੋ ਕੁ ਵਾਰ ਤੋਂ ਵੱਧ ਨਹੀਂ ਸਾਂ ਜਾ ਸਕਿਆ।
ਇਸ ਤੋਂ ਬਾਅਦ ਮੈਂ ਸਕੂਲ ਆਉਂਣ ਜਾਣ ਦਾ ਇਹ ਹੀ ਰਸਤਾ ਅਪਣਾ ਲਿਆ ਸੀ।
ਪਿੰਡ ’ਚ ਵੜਦਿਆਂ ਪਹਿਲਾਂ ਸੱਥ ’ਚ ਨਜ਼ਰ ਮਾਰਦਾ। ਜੇ ਸੱਥ ’ਚ ਨਜ਼ਰ ਨਾ ਆਉਂਦਾ ਤਾਂ ਘਰ ’ਚ ਝਾਤੀ ਮਾਰ ਕੇ ਅੱਗੇ ਲੰਘ ਜਾਂਦਾ। ਉਹ ਸੱਥ ’ਚ ਬੈਠਾ ਤਾਂ ਮੈਂ ਕਦੀ-ਕਦੀ ਹੀ ਵੇਖਿਆ ਸੀ। ਉਹ ਜਾਂ ਤਾਂ ਘਰ ’ਚ ਹੀ ਮੰਜੇ ਤੇ ਪਿਆ ਹੁੰਦਾ ਜਾਂ ਕਦੀ ਕੋਈ ਨਿੱਕਾ ਮੋਟਾ ਕੰਮ ਕਰ ਰਿਹਾ ਹੁੰਦਾ। ਕਈ ਵਾਰ ਕਈ-ਕਈ ਦਿਨ ਮੱਥੇ ਹੀ ਨਾ ਲੱਗਦਾ। ਫਿਰ ਮੈਨੂੰ ਅੱਚਵੀ ਜਿਹੀ ਲੱਗ ਜਾਂਦੀ ਤੇ ਜਿਉਂ ਹੀ ਨਜ਼ਰੀ ਪੈਂਦਾ ਦਿਲ ਨੂੰ ਸਕੂਨ ਜਿਹਾ ਮਿਲਦਾ।
ਇਕ ਦਿਨ ਮੈਂ ਉਚੇਚੇ ਤੌਰ ਤੇ ਰਾਮ ਲਾਲ ਨਾਲ ਮਨ ਦੀ ਗੱਲ ਸਾਂਝੀ ਕਰਨ ਵਾਸਤੇ ਗਿਆ। ਉਸ ਨੇ ਜਿਵੇਂ ਪਹਿਲਾਂ ਹੀ ਮੇਰੇ ਮਨ ਦੀ ਗੱਲ ਬੁੱਝ ਲਈ ਸੀ। ਉਹ ਖੁਸ਼ ਹੋ ਕੇ ਹੱਥ ਮਿਲਾਉਂਦਿਆਂ ਬੋਲਿਆ,"ਸੁਪਨਿਆਂ ਤੂੰ ਸੁਲਤਾਨ ਹੈਂ....ਤੇ ਉੱਤਮ ਤੇਰੀ ਜਾਤ, ਸੌ ਸਾਲਾਂ ਦੇ ਵਿੱਛੜੇ, ਆਣ ਮਿਲਾਵੇ ਰਾਤ।"
"ਕਿਹੜਾ ਸੁਪਨਾ ਆ ਗਿਆ ਤੈਨੂੰ?" ਮੈਂ ਪੁੱਛਿਆ।
"ਸੁਪਨਾ ਉਹਦਾ ਹੀ ਆਊ.... ਜਿਹਨੂੰ ਯਾਦ ਕਰਾਂਗੇ.... ਆਪਣੇ ’ਕੱਠੇ ਹੋਣ ਦਾ ਵੱਡਾ ਫਾਇਦਾ ਤਾਂ ਇਹ ਹੋਇਆ....ਬਈ ਸੁਪਨੇ ’ਚ ਹੁਣ ਬਜ਼ੁਰਗਾਂ ਦੇ ਦਰਸ਼ਨ ਹੋਣ ਲੱਗ ਪਏ।" ਉਹ ਬੋਲਿਆ।
ਸੁਪਨਿਆਂ ਵਾਲੀ ਗੱਲ ਹੀ ਤਾਂ ਮੈਂ ਉਸਨੂੰ ਦੱਸਣ ਗਿਆ ਸਾਂ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਸਾਡੀਆਂ ਗੱਲਾਂ ’ਚ ਬਜ਼ੁਰਗਾਂ ਦਾ ਆਪ ਮੁਹਾਰੇ ਹੀ ਜ਼ਿਕਰ ਆ ਹੀ ਜਾਂਦਾ ਸੀ। ਗੱਲਾਂ ਦੀ ਤੰਦ ਭਾਵੇਂ ਕਿੱਥੋਂ ਵੀ ਸ਼ੁਰੂ ਹੁੰਦੀ ਸੀ ਪਰ ਮੁਕਦੀ ਬਜੁਰਗਾਂ ਦੇ ਜੀਵਨ ਦ੍ਰਿਸ਼ਾਂ ਉੱਤੇ ਹੀ ਸੀ।
ਇਨ੍ਹਾਂ ਹੀ ਦਿਨਾਂ ’ਚ ਮੇਰੇ ’ਚ ਕਈ ਪਰਿਵਰਤਨ ਸਹਿਜ ਸੁਭਾਅ ਹੀ ਆ ਗਏ ਸਨ।
ਹੁਣ ਮੈਂ ਘਰੋਂ ਬਾਹਰ ਵੇਲਾ ਕੁਵੇਲਾ ਕਰਨਾ ਛੱਡ ਦਿੱਤਾ ਸੀ। ਸ਼ਾਮ ਦੀਆਂ ਮਹਿਫਲਾਂ ’ਚੋਂ ਗੈਰਹਾਜ਼ਰ ਰਹਿਣ ਲੱਗਿਆਂ ਸਾਂ। ਸੁਬ੍ਹਾ ਜਲਦੀ ਉੱਠ ਕੇ ਸੈਰ ਨੂੰ ਜਾਂਦਾ। ਹੁਣ ਸਕੂਲੋਂ ਆ ਮੁੰਡੇ ਕੋਲ ਦੁਕਾਨ ਤੇ ਜਾ ਕੇ ਬੈਠਣ ਲਈ ਸਮਾਂ ਕੱਢਦਾ। ਐਤਵਾਰ ਜਾਂ ਛੁੱਟੀ ਵਾਲੇ ਦਿਨ ਅਕਸਰ ਖੇਤ ’ਚ ਗੇੜਾ ਮਾਰ ਆਉਂਦਾ।
ਕਦੇ-ਕਦੇ ਮਹਿਸੂਸ ਹੁੰਦਾ ਜਿਵੇਂ ਬਾਪ ਮੇਰੇ ਨੇੜੇ ਤੇੜੇ ਹੀ ਹੋਵੇ
ਕਈ ਵਾਰ ਜੇ ਸੁਸਤੀ ਕਰਨ ਲਗਦਾ ਤਾਂ ਸੁੱਤ-ਉਨੀਂਦਰੇ ਦੇ ਕੰਨਾਂ ’ਚ ਬਾਪੂ ਦੇ ਬੋਲ ਪੈਂਦੇ ਤੇ ਮੈਂ ਪਿਆ-ਪਿਆ ਇਕਦਮ ਉੱਠ ਖੜ੍ਹਦਾ। ਇੰਜ ਲੱਗਦਾ ਜਿਵੇਂ ਮੇਰੇ ’ਚ ਨਵੀਂ ਰੂਹ ਪ੍ਰਵੇਸ਼ ਕਰ ਗਈ ਹੋਵੇ।
ਮੇਰੇ ’ਚ ਆਏ ਇਨ੍ਹਾਂ ਪਰਿਵਰਤਨਾਂ ਨੇ ਘਰ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਇਕ ਦਿਨ ਸਕੂਲ ’ਚ ਮੇਰੇ ਵੱਲੋਂ ਭਰੀ ਸਟੇਟਮੈਂਟ ਵੱਲ ਦੇਖਦਿਆਂ ਮੁੱਖ ਅਧਿਆਪਕ ਬੋਲਿਆ,"ਜਨਾਬ ਆਹ ਤਾਂ ਕਮਾਲ ਹੋ ’ਗੀ.... ਲੋਕ ਦੂਜਿਆਂ ਦਾ ਨਾਂ ਤਾਂ ਗ਼ਲਤ ਲਿਖਦੇ ਦੇਖੇ ਆ...... ਮੇਰੇ ਵੀਰ ਨੇ ਤਾਂ ਆਪਣੇ ਹੀ ਬਜ਼ੁਰਗਾਂ ਦਾ...."
ਮੈਂ ਦੇਖਿਆ ਸੱਜਣ ਸਿੰਘ ਦੀ ਬਜਾਏ, ਮੈਂ ਗੱਜਣ ਸਿੰਘ ਲਿਖ ਦਿੱਤਾ ਸੀ।
ਇਸ ਤਰ੍ਹਾਂ ਗੱਜਣ ਸਿੰਘ ਦੇ ਪਿੰਡ ’ਚੋਂ ਦੀ ਗੁਜ਼ਰਦਿਆਂ ਲੱਗਪਗ ਸਾਲ ਹੋਣ ਵਾਲਾ ਸੀ। ਅੱਗੋਂ ਗਰਮੀ ਦੀਆਂ ਇਕ ਮਹੀਨੇ ਦੀਆਂ ਛੁੱਟੀਆਂ ਸਨ। ਮੈਂ ਚਹੁੰਦਾ ਸਾਂ ਕਿ ਛੁੱਟੀਆਂ ਤੋਂ ਪਹਿਲਾਂ-ਪਹਿਲਾਂ ਕਾਸ਼ ਉਹ ਮਿਲ ਪਵੇ।
ਮੇਰੇ ਮਨ ਦੀ ਤਮੰਨਾ ਪੂਰੀ ਹੋ ਗਈ ਸੀ। ਛੁੱਟੀਆਂ ਤੋਂ ਦੋ ਦਿਨ ਪਹਿਲਾਂ ਆਪਣੇ ਘਰੋਂ ਪੱਗ ਲਪੇਟਦਾ-ਲਪੇਟਦਾ ਨਿੱਕਲ ਰਿਹਾ ਸੀ। ਮੈਂ ਜੀ ਭਰ ਕੇ ਉਨ੍ਹਾਂ ਵੱਲ ਦੇਖਿਆ।
ਉਸ ਨੇ ਪਿੱਛੋਂ ਆਵਾਜ਼ ਮਾਰੀ, "ਮਾਸਟਰ ਜੀ ਛੁੱਟੀਆਂ ਕਿੰਨੇ ਦਿਨਾਂ ਦੀਆਂ ਮਿਲ ਰਹੀਆਂ ਨੇ ਫੇਰ...?"
"ਇਕ ਮਹੀਨੇ ਦੀਆਂ ਬਜ਼ੁਰਗੋ" ਮੈਂ ਪਿੱਛੇ ਵੱਲ ਗਰਦਨ ਘੁੰਮਾਉਂਦਿਆਂ ਕਿਹਾ ਸੀ।
ਇਸ ਤੋਂ ਬਿਨਾਂ ਉਸ ਨੇ ਹੋਰ ਕੋਈ ਸਵਾਲ ਨਹੀਂ ਸੀ ਪੁੱਛਿਆ। ਮੇਰੇ ਦੇਖਦੇ-ਦੇਖਦੇ ਉਹ ਪਰ੍ਹਾਂ ਚਲਾ ਗਿਆ ਸੀ। ਕਿੰਨਾ ਚਿਰ ਮੇਰੇ ਕੰਨਾਂ ’ਚ ਉਸ ਦੀ ਆਵਾਜ਼ ਗੂੰਜਦੀ ਰਹੀ।
ਛੁੱਟੀਆਂ ਦੌਰਾਨ ਇਕ ਦਿਨ ਰਾਮ ਲਾਲ ਦਾ ਫੋਨ ਆਇਆ। ਉਹ ਨਹੋਰਾ ਮਾਰ ਰਿਹਾ ਸੀ, "ਕੀ ਗੱਲ ਮਿਲਣੋਂ ਗਿਲਣੋਂ ਹੀ ਰਹਿ ਗਿਆ ਮਿੱਤਰਾ..... ਕਦੇ ਸਾਡੇ ਦਿਲ ਦਾ ਮਹਿਰਮ ਵੀ ਬਣ ਜਾਇਆ ਕਰ.... ਅੱਜ ਕੋਈ ਬਹਾਨਾ ਨਾ ਲਾਈਂ... ਜ਼ਰੂਰੀ ਕੰਮ ਐ.... ਮੈਂ ਉਡੀਕ ਕਰੂੰ।"
ਰਾਮ ਲਾਲ ਵਾਅਦੇ ਦਾ ਪੱਕਾ ਰਿਹਾ ਸੀ। ਜਿਸ ਦਿਨ ਗੱਜਣ ਸਿੰਘ ਗੇੜਾ ਮਾਰਦਾ ਉਹ ਜ਼ਰੂਰ ਫੋਨ ਕਰਦਾ। ਮੈਂ ਕਈ ਵਾਰ ਅਵੇਸਲਾ ਹੋ ਗਿਆ ਸਾਂ। ਰਾਮ ਲਾਲ ਕਦੇ-ਕਦੇ ਹੱਸਦਾ-ਹੱਸਦਾ ਆਖਦਾ ਹੁੰਦਾ,"ਕੀ ਗੱਲ.... ਜੀਅ ਭਰ ਗਿਆ ਬਾਪੂ ਤੋਂ?"
ਪਰ ਰਾਮ ਲਾਲ ਨੂੰ ਕੀ ਪਤਾ ਸੀ ਕਿ ਮੈਂ ਦੁਕਾਨ ਤੇ ਆਉਂਣ ਤੋਂ ਕਿਉਂ ਕਦੇ-ਕਦੇ ਪੱਛੜ ਜਾਂਦਾ ਰਿਹਾ ਸਾਂ।
ਅੱਜ ਤਾਂ ਪੱਛੜਨ ਦਾ ਸੁਆਲ ਹੀ ਨਹੀਂ ਸੀ।
ਥੋੜ੍ਹੀ ਦੇਰ ਬਾਅਦ ਮੈਂ ਰਾਮ ਲਾਲ ਦੀ ਦੁਕਾਨ ਤੇ ਸਾਂ। ਮੋਟਰਸਾਈਕਲ ਖੜਾਉਂਦਿਆਂ ਹੀ ਮੇਰੀ ਸੁਭਾਵਿਕ ਹੀ ਨਿਗਾਹ ਸਾਹਮਣੀ ਦੁਕਾਨ ਵੱਲ ਗਈ। ਉੱਥੇ ਕਈ ਜਣੇ ਬੈਠੇ ਸਨ ਪਰ ਉਨ੍ਹਾਂ ’ਚ ਗੱਜਣ ਸਿੰਘ ਨਹੀਂ ਸੀ। ਮੈਂ ਰਾਮ ਲਾਲ ਕੋਲ ਕੁਰਸੀ ਤੇ ਜਾ ਬੈਠਾ।
"ਅੱਜ ਤਾਂ ਸੱਜਣਾ ਹੋਰ ਸੁਨੇਹੇ ਵਾਸਤੇ ਬੁਲਾਇਆ ਸੀ।" ਰਾਮ ਲਾਲ ਨੇ ਪਾਣੀ ਦਾ ਗਿਲਾਸ ਫੜਾਉਂਦੇ ਹੋਏ ਕਿਹਾ।
"ਮੈਂ ਵੀ ਦੇਖ ਕੇ ਸੋਚਿਆ.... ਬਈ ਅੱਜ ਸਾਹਮਣੇ ਗੱਜਣ ਸਿਉਂ ਹੈ ਨ੍ਹੀ।" ਮੈਂ ਗਿਲਾਸ ਮੂੰਹ ਨੂੰ ਲਾਉਂਦੇ ਹੋਏ ਕਿਹਾ।
ਰਾਮ ਲਾਲ ਚੁੱਪ-ਚਾਪ ਗਾਹਕਾਂ ਨੂੰ ਭੁਗਤਾਉਂਦਾ ਰਿਹਾ।
ਗਾਹਕ ਜਾਣ ਤੋਂ ਬਾਅਦ ਉਹ ਹੌਲੀ ਜਿਹੀ ਬੋਲਿਆ,"ਹੋਰ ਸਭ ਠੀਕ ਠਾਕ ਐ?"
"ਸਭ ਠੀਕ-ਠਾਕ ਐ।" ਕਹਿਕੇ ਮੈਂ ਫਿਰ ਸਾਹਮਣੀ ਦੁਕਾਨ ਵੱਲ ਨਿਗਾਹ ਮਾਰੀ।
"ਤੈਨੂੰ ਪਤਾ ਨ੍ਹੀ ਕਿਸੇ ਗੱਲ ਦਾ?"
"ਨਾਅ" ਮੈਂ ਹੈਰਾਨੀ ਜਿਹੀ ’ਚ ਰਾਮ ਲਾਲ ਵੱਲ ਦੇਖਿਆ।
ਰਾਮ ਲਾਲ ਨੇ ਇਕ ਲੰਮਾ ਹੌਕਾ ਭਰਿਆ ਤੇ ਬੋਲਿਆ "ਮਿਲਣਾ ਤਾਂ ਰੱਬ ਨੂੰ ਏ.... ਤੇਰਾ ਪਿਆਰ ਬਹਾਨਾ ਏ.....ਆੜੀਆ ਆਪਣਾ ਗੱਜਣ ਸਿੰਘ ਤਾਂ ਫੇਰ ਚੜ੍ਹਾਈ ਕਰ ਗਿਆ"
ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰਲੇ ਸ਼ਾਂਤ ਸਮੁੰਦਰ ’ਚ ਕੋਈ ਪਹਾੜ ਟੁੱਟ ਕੇ ਡਿੱਗ ਪਿਆ ਹੋਵੇ। ਕਿੰਨਾ ਚਿਰ ਮੈਂ ਬਿਡਰਿਆ-ਬਿਡਰਿਆ ਰਾਮ ਲਾਲ ਦੇ ਚੇਹਰੇ ਵੱਲ ਦੇਖਦਾ ਰਿਹਾ। ਪਾਣੀ ਵਾਲਾ ਗਲਾਸ ਹੇਠਾਂ ਰੱਖਣ ਲੱਗਿਆਂ ਮੇਰੇ ਹੱਥੋਂ ਛੁੱਟ ਗਿਆ।
ਇਹ ਜਾਣਦਿਆਂ ਹੋਇਆਂ ਵੀ ਕਿ ਉਹ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ - ਕਦੇ ਦੋ ਬੋਲ ਵੀ ਉਸ ਨਾਲ ਸਾਂਝੇ ਨਹੀਂ ਸਨ ਕੀਤੇ - ਕਦੇ ਕਿਸੇ ਦੁੱਖ-ਦਰਦ ’ਚ ਉਨ੍ਹਾਂ ਸਹਾਈ ਵੀ ਨਹੀਂ ਸੀ ਹੋਣਾ। ਫਿਰ ਵੀ ਉਨ੍ਹਾਂ ਦੇ ਜਾਣ ਬਾਅਦ ਇੰਝ ਮਹਿਸੂਸ ਹੋਇਆ ਜਿਵੇਂ ਮੇਰੇ ਸਿਰ ਤੋਂ ਗੂੜਾ ਪਰਛਾਵਾਂ ਪਰਾਂ ਚਲਾ ਗਿਆ ਹੋਵੇ - ਤੇ ਮੈਂ ਪਲ ਦੀ ਪਲ ਕਿਸੇ ਮਾਰੂਥਲ ’ਚ ਜਾ ਖੜਿਆ ਹੋਵਾਂ।
ਰਾਮ ਲਾਲ ਮੇਰੀ ਉਦਾਸੀ ਭਾਂਪ ਗਿਆ। ਸ਼ਾਇਦ ਉਸ ਨੇ ਮੇਰੀਆਂ ਅੱਖਾਂ ’ਚ ਉੱਤਰ ਆਈ ਨਮੀਂ ਦੇਖ ਲਈ ਸੀ।
"ਕਦੋਂ ਕੁ ਦੀ ਗੱਲ ਐ....?" ਮੈਂ ਗਲਾ ਸਾਫ ਕਰਦਿਆਂ ਪੁੱਛਿਆ।
"ਕਈ ਦਿਨ ਹੋ ’ਗੇ.....ਕੱਲ੍ਹ ਨੂੰ ਭੋਗ ਐ....ਚੱਲਾਂਗੇ ਆਪਾਂ ਦੋਵੇਂ.....ਗੱਜਣ ਸਿੰਘ ਆਪਣਾ ਵੀ ਕੁੱਝ ਲੱਗਦਾ ਸੀ।"
ਗੱਜਣ ਸਿੰਘ ਦੀ ਮੌਤ ਨੇ ਸਾਨੂੰ ਫਿਰ ਅਤੀਤ ਨਾਲ ਜੋੜ ਦਿੱਤਾ ਸੀ। ਕਿੰਨ੍ਹਾਂ ਚਿਰ ਅਸੀਂ ਮਨੁੱਖੀ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਰਹੇ। ਕਦੇ ਹੀਰਾ ਮੱਲ, ਕਦੇ ਗੱਜਣ ਸਿੰਘ ਤੇ ਕਦੇ ਮੇਰਾ ਬਾਪ ਵਾਰ-ਵਾਰ ਸਾਡੀਆਂ ਗੱਲਾਂ ’ਚ ਵਿਚਰਦੇ ਰਹੇ। ਅਸੀਂ ਇਉਂ ਉਦਾਸੀ ’ਚ ਡੁੱਬੇ ਗੱਲਾਂ ਕਰ ਰਹੇ ਸਾਂ ਜਿਵੇਂ ਸੱਚਮੁੱਚ ਸਾਡਾ ਨਜ਼ਦੀਕੀ ਰਿਸ਼ਤੇਦਾਰ ਵਿਛੋੜਾ ਦੇ ਗਿਆ ਹੋਵੇ।
ਫਿਰ ਕਿੰਨਾਂ ਚਿਰ ਅਸੀਂ ਖਾਮੋਸ਼ੀ ’ਚ ਡੁੱਬੇ ਰਹੇ।
ਇੱਕ ਗਾਹਕ ਦੁਕਾਨ ਵਿਚ ਆਇਆ ਤੇ ਸੌਦਾ ਲੈਕੇ ਚਲਦਾ ਬਣਿਆ।
ਮੈਂ ਦੇਖਿਆ ਅਚਾਨਕ ਰਾਮ ਲਾਲ ਦੀਆਂ ਅੱਖਾਂ ’ਚ ਚਮਕ ਆਈ ਪਰ ਉਸ ਨੇ ਨੀਵੀਂ ਪਾ ਲਈ। ਫਿਰ ਖੰਘੂਰਾ ਜਿਹਾ ਮਾਰ ਕੇ ਬੋਲਿਆ,"ਦੇਖ ਮਿੱਤਰਾ....ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀਂ....ਬਾਈ ਸੱਚੀਂ ਦੱਸ.....ਕਦੇ ਰਾਹ ਖਹਿੜੇ ਮਿਲਿਆ ਸੀ ਗੱਜਣ ਸਿੰਘ ਨੂੰ ਕਿ ਨਾਂ...."
ਉਸ ਦਾ ਸੁਆਲ ਸੁਣਕੇ ਮੇਰਾ ਚਿਹਰਾ ਇਕ ਦਮ ਉੱਪਰ ਉੱਠਿਆ।
ਰਾਮ ਲਾਲ ਅੱਖਾਂ ’ਚ ਹੱਸ ਰਿਹਾ ਸੀ।

ਉਸ ਦੇ ਪ੍ਰਸ਼ਨ ਨੇ ਮੈਨੂੰ ਸੋਚਾਂ ’ਚ ਪਾ ਦਿੱਤਾ। ਸੋਚਦਾ ਸਾਂ ਕਿ ਉਸ ਨੇ ਇਹ ਗੱਲ ਕਿਉਂ ਪੁੱਛੀ ਹੈ? ਜੇ ਉਹ ਇਹ ਸਵਾਲ ਨਾ ਵੀ ਪੁੱਛਦਾ ਤਾਂ ਵੀ ਆਖ਼ਰ ਮੈਂ ਸਾਰੀ ਕਹਾਣੀ ਉਸ ਨਾਲ ਸਾਂਝੀ ਕਰ ਹੀ ਲੈਣੀ ਸੀ।
"ਹਾਂ" ਮੈਂ ਸਿਰ ਹਿਲਾਇਆ।
ਉਹ ਮੁਸਕਰਾਇਆ।
"ਮਿਲਿਆ ਤਾਂ ਨਹੀਂ ਕਿਹਾ ਜਾ ਸਕਦਾ.....ਦੂਰੋਂ ਹੀ ਝਲਕ ਦੇਖਦਾ ਰਿਹਾਂ....ਤੇਰੀਆਂ ਸ਼ਰਤਾਂ ਨੂੰ ਬਰਕਰਾਰ ਰੱਖਿਆ ਯਾਰ.....ਕਦੇ ਬੋਲ ਨਹੀਂ ਸਨ ਸਾਂਝੇ ਕੀਤੇ ਆਹਮੋ-ਸਾਹਮਣੇ ਹੋ ਕੇ।"
ਉਹ ਮੇਰੇ ਵੱਲ ਉਂਗਲ ਕਰਦਾ ਹੋਇਆ ਬੋਲਿਆ,"ਲੈ ਸੁਣ....ਹਿਸਾਬ-ਕਿਤਾਬ ਮਾਵਾਂ-ਧੀਆਂ ਦਾ....ਪਰਦਾ ਤੈਥੋਂ ਇਕ ਮਿੱਤਰਾ ਮੈਂ ਵੀ ਰੱਖਿਆ ਸੀ....ਤੇਰੀ ਰਾਮ ਕਹਾਣੀ ਗੱਜਣ ਸਿੰਘ ਨੂੰ ਸੁਣਾ ਦਿੱਤੀ ਸੀ....ਕਦੇ ਕੁਛ ਕਿਹਾ ਤਾਂ ਨ੍ਹੀ ਉਹਨੇ?"
ਹੁਣ ਹੈਰਾਨੀ ਮੇਰੀਆਂ ਅੱਖਾਂ ਵਿੱਚ ਸੀ।
"ਲੈ ਹੋਰ ਸੁਣ..." ਉਹ ਐਨਕਾਂ ਸਾਫ ਕਰਦਾ ਬੋਲਿਆ।
"ਗੱਜਣ ਸਿੰਘ ਨੂੰ ਤੇਰੀ ਪਛਾਣ ਵੀ ਸੀ"
"ਸੱਚੀਂ"
"ਹਾਂ ਜਮਾਂ ਹੀ ਮੁੱਚੀਂ...ਬੱਸ ਕੱਲ੍ਹ ਨੂੰ ਤਿਆਰ ਰਹੀਂ" ਉਹਨੇ ਐਨਕ ਅੱਖਾਂ ਅੱਗੇ ਰੱਖਦੇ ਕਿਹਾ।
ਦੂਜੇ ਦਿਨ ਮੈਂ ਤੇ ਰਾਮ ਲਾਲ ਭੋਗ ਤੇ ਗਏ ਸਾਂ।
ਰਸਤਾ ਵੀ ਉਹੀ ਸੀ - ਪਿੰਡ ਵੀ ਉਹੀ ਸੀ - ਪਰ ਮਨ ’ਚ ਪਹਿਲਾਂ ਵਰਗਾ ਚਾਅ ਨਹੀਂ ਸੀ - ਪਹਿਲਾਂ ਵਰਗੀ ਖਿੱਚ ਨਹੀਂ ਸੀ - ਅੱਜ ਤਾਂ ਇਨ੍ਹਾਂ ਰਾਹਾਂ ਅਤੇ ਨਗਰ ਤੋਂ ਇੱਕ ਖਤਮ ਹੋਏ ਕਾਂਡ ਉਪਰੰਤ ਅਲਵਿਦਾ ਲੈਣ ਚੱਲਿਆ ਸਾਂ। ਸ਼ਾਇਦ ਫਿਰ ਕਦੇ-ਕਦਾਈਂ ਹੀ ਫੇਰਾ ਲੱਗੇ। ਪਰ ਇਸ ਘੁੱਗ ਵਸਦੇ ਪਿੰਡ ’ਚ ਗੱਜਣ ਸਿੰਘ ਨ੍ਹੀ ਦਿਸਣਾ।
ਅਸੀਂ ਦੇਖਿਆ ਭੋਗ ਤੇ ਲੋਕ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਇਨ੍ਹਾਂ ’ਚ ਮੇਰੇ ਸਕੂਲ ਦੇ ਅਧਿਆਪਕ ਤੇ ਕਈ ਹੋਰ ਜਾਣ ਪਛਾਣ ਵਾਲੇ ਵੀ ਸਨ।
ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਅਸੀਂ ਕੀਰਤਨ ਕਰ ਰਹੇ ਰਾਗੀਆਂ ਕੋਲ ਹੀ ਬੈਠ ਗਏ ਸਾਂ। ਮੇਰੀ ਨਜ਼ਰ ਵਾਰ-ਵਾਰ ਕੋਲ ਹੀ ਪਈ ਗੱਜਣ ਸਿੰਘ ਦੀ ਤਸਵੀਰ ਵੱਲ ਚਲੀ ਜਾਂਦੀ।
ਭੋਗ ਉਪਰੰਤ ਰਾਮ ਲਾਲ ਮੇਰਾ ਹੱਥ ਫੜ ਕੇ ਕਹਿਣ ਲੱਗਿਆ,"ਆ ਤੈਨੂੰ ਗੱਜਣ ਸਿੰਘ ਦੇ ਵੱਡੇ ਲੜਕੇ ਨਾਲ ਮਿਲਾਵਾਂ.....ਨਾਲੇ ਵਿਦਾ ਲੈ ਲਵਾਂਗੇ.... ਔਹ ਸਾਹਮਣੇ ਖੜੈ।"
ਰਾਮ ਲਾਲ ਅਤੇ ਲੜਕੇ ਨੇ ਗੱਜਣ ਸਿੰਘ ਦੇ ਜੀਵਨ ਬਾਰੇ ਸੰਖੇਪ ਜਿਹੀਆਂ ਗੱਲਾਂ ਕੀਤੀਆਂ।
ਲੜਕਾ ਬੋਲਿਆ, "ਬਾਪੂ ਦੀ ਐਨੀ ਪਰਚੋਂ ਸੀ ਸਾਨੂੰ ਤਾਂ ਹੁਣ ਪਤਾ ਲੱਗਿਆ....ਬਹੁਤੇ ਲੋਕਾਂ ਨੂੰ ਤਾਂ ਮੈਂ ਜਾਣਦਾ ਹੀ ਨਹੀਂ।"
ਫਿਰ ਉਹ ਮੇਰੇ ਵੱਲ ਇਸ਼ਾਰਾ ਕਰਕੇ ਰਾਮ ਲਾਲ ਨੂੰ ਸੰਬੋਧਨ ਹੋਇਆ, "ਇਹ ਭਾਈ ਸਾਹਬ?...."
ਰਾਮ ਲਾਲ ਪਹਿਲਾਂ ਲੜਕੇ ਵੱਲ ਤੇ ਫਿਰ ਮੇਰੇ ਵੱਲ ਦੇਖਦਾ ਹੋਇਆ ਬੋਲਿਆ, "ਤੁਸੀਂ ਨ੍ਹੀਂ ਜਾਣਦੇ ਇਨ੍ਹਾਂ ਨੂੰ....ਬਜ਼ੁਰਗ ਹੀ ਜਾਣਦੇ ਸਨ.... ਬੜਾ ਮੋਹ ਸੀ ਇਨ੍ਹਾਂ ਨਾਲ ਉਨ੍ਹਾਂ ਦਾ.... ਆਏਂ ਸਮਝ ਲੈ ਜਿਵੇਂ ਪਿਓ-ਪੁੱਤ ਦਾ ਹੁੰਦੈ"
ਮੈਂ ਹੱਥ ਜੋੜ ਕੇ ਫਤਹਿ ਬੁਲਾਈ। ਕੁੱਝ ਬੋਲਣਾ ਚਹੁੰਦਾ ਸਾਂ ਪਰ ਸ਼ਬਦ ਸਾਥ ਨਹੀਂ ਸਨ ਦੇ ਰਹੇ। ਮੇਰੀਆਂ ਅੱਖਾ ’ਚ ਪਾਣੀ ਉੱਤਰ ਆਉਂਣ ਕਰਕੇ ਸਾਹਮਣੇ ਖੜੇ ਲੋਕ ਧੁੰਦਲੇ-ਧੁੰਦਲੇ ਨਜ਼ਰ ਆਉਂਣ ਲੱਗ ਪਏ ਸਨ।
-ਭੋਲਾ ਸਿੰਘ ਸੰਘੇੜਾ, ਬਰਨਾਲਾ

ਰੁਪਿੰਦਰ ਮਾਨ ਯਾਦਗਾਰੀ ਸਨਮਾਨ ਲਈ ਨਾਵਲਕਾਰਾਂ ਦੇ ਨਾਮਾਂ ਦੀ ਮੰਗ

rupinder maan yaadgari sanmaan punjabi novel
ਰੁਪਿੰਦਰ ਮਾਨ ਯਾਦਗਾਰੀ ਸਨਮਾਨ
ਜਗਰਾਉਂ । ਸਾਹਿਤ ਸਭਾ ਜਗਰਾਉਂ ਵੱਲੋਂ ਪਿਛਲੇ ਵਰਿਆਂ ਦੀ ਤਰਾਂ ਇਸ ਸਾਲ ਵੀ ਅਕਤੂਬਰ ਵਿੱਚ 21000 ਰੁਪਏ ਦੇ ਰੁਪਿੰਦਰ ਮਾਨ ਯਾਦਗਾਰੀ ਪੁਰਸਕਾਰ ਲਈ 2011--2014 ਦਰਮਿਆਨ ਪ੍ਰਕਾਸ਼ਿਤ ਨਾਵਲਾਂ ਤੇ ਵਿਚਾਰ ਕੀਤੀ ਜਾਣੀ ਹੈ, ਸਾਹਿਤਕਾਰ ਦੋਸਤਾਂ ਤੋਂ ਸੁਝਾਵਾਂ ਦੀ ਮੰਗ ਕੀਤੀ ਜਾਂਦੀ ਹੈ। ਪਿਛਲੇ ਸਾਲ ਇਹ ਪੁਰਸਕਾਰ ਸੁਰਿੰਦਰ ਨੀਰ ਦੇ ਨਾਵਲ "ਸ਼ਿਕਾਰਗਾਹ" ਨੂੰ ਦਿੱਤਾ ਗਿਆ ਸੀ। ਸੁਝਾਅ ਦੇਣ ਲਈ ਅਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।

ਪ੍ਰਭਜੋਤ ਸੋਹੀ 98761 34028
ਰਾਜਦੀਪ ਤੂਰ -9780300247

ਪੁਸਤਕ ਸਮੀਖਿਆ । ਮਿੰਟੂ ਬਰਾੜ ਦਾ ਕੈਂਗਰੂਨਾਮਾ

kangroonama mintu brar punjabi book articles book review jaswant zafar
ਪੁਸਤਕ ਸਮੀਖਿਆ । ਕੈਂਗਰੂਨਾਮਾ । ਮਿੰਟੂ ਬਰਾੜ

ਜਦ ਅੰਗਰੇਜ਼ ਲੋਕ ਨਵੇਂ ਨਵੇਂ ਅਸਟ੍ਰੇਲੀਆ 'ਚ ਆਏ ਸਨ ਤਾਂ ਉਹਨਾਂ ਪਿਛਲੀਆਂ ਦੋ ਲੱਤਾਂ ਤੇ ਦੌੜਨ ਵਾਲਾ ਇਕ ਅਨੋਖਾ ਜਾਨਵਰ ਪਹਿਲੀ ਵਾਰ ਦੇਖਿਆ ਸੀ। ਉਹਨਾਂ ਸਥਾਨਕ ਲੋਕਾਂ ਤੋਂ ਅੰਗਰੇਜ਼ੀ ਵਿਚ ਇਸ ਜਾਨਵਰ ਦਾ ਨਾਂ ਪੁੱਛਿਆ ਤਾਂ ਸਥਾਨਕ ਲੋਕਾਂ ਨੂੰ ਅੰਗਰੇਜ਼ੀ ਸਮਝ ਨਾ ਆਵੇ। ਜਦ ਅੰਗਰੇਜ਼ਾਂ ਨੇ ਛਤੀ ਅੱਗੇ ਹੱਥ ਲਟਕਾ ਕੇ ਛੜੱਪੇ ਮਾਰ ਕੇ ਇਸ਼ਾਰਿਆਂ ਨਾਲ ਇਸ ਜਾਨਵਰ ਬਾਰੇ ਪੁੱਛਣਾ ਚਾਹਿਆ ਤਾਂ ਅਸਟ੍ਰੇਲੀਅਨ ਆਦਿ-ਵਾਸੀਆਂ ਨੇ ਕਿਹਾ,"ਕੰਗ ਹੂਅ ਰੂਹ।" ਉਹਨਾਂ ਦੀ ਭਾਸ਼ਾ ਵਿਚ "ਕੰਗ ਹੂਅ ਰੂਹ" ਦਾ ਮਤਲਬ ਸੀ- "ਗੱਲ ਸਮਝ ਨਹੀਂ ਆ ਰਹੀ।" ਪਰ ਅੰਗਰੇਜ਼ਾਂ ਨੇ ਸੋਚਿਆ ਕਿ ਇਸ ਜਾਨਵਰ ਦਾ ਨਾਂ ਕੈਂਗਰੂ ਹੈ। ਕੰਗਾਰੂ ਹੁਣ ਸਾਰੀ ਦੁਨੀਆਂ ਵਿਚ ਅਸਟ੍ਰੇਲੀਆ ਦੇ ਪ੍ਰਤੀਕ ਵਜੋਂ ਜਾਣਿਆਂ ਜਾਂਦਾ ਹੈ। ਮਿੰਟੂ ਬਰਾੜ ਅਸਟ੍ਰੇਲੀਆ ਵਿਚ ਰਹਿੰਦਾ ਹੈ ਅਤੇ ਆਪਣੇ ਰੁਜ਼ਗਾਰ ਦੇ ਨਾਲ-ਨਾਲ ਆਪਣੇ ਭਾਈਚਾਰੇ ਲਈ ਉਥੇ ਪੰਜਾਬੀ ਰੇਡੀਓ ਚੈਨਲ ਚਲਾਉਂਦਾ ਹੈ, ਪੰਜਾਬੀ ਸਾਹਿਤਕ ਰਸਾਲਾ ਕੂਕਾਬਾਰਾ ਛਾਪਦਾ ਹੈ, ਪੰਜਾਬੀ ਅਖਬਾਰ ਕੱਢਦਾ ਹੈ ਅਤੇ ਹੋਰ ਕਈ ਭਾਂਤ- ਸੁਭਾਂਤੀਆਂ ਪੰਜਾਬੀ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ, ਜਾਣੀ ਕਿ ਅਸਟ੍ਰੇਲੀਆ ਵਿਚ ਪੰਜਾਬੀ ਸ਼ਬਦ ਸੱਭਿਆਚਾਰ ਦਾ ਸੂਤਰਧਾਰ ਹੈ ਮਿੰਟੂ ਬਰਾੜ। ਪਿੱਛੇ ਜਿਹੇ ਉਸ ਨੇ ਉਥੋਂ ਦੇ ਜਨ ਜੀਵਨ ਅਤੇ ਪ੍ਰਬੰਧ ਬਾਰੇ ਲੇਖ ਸੰਗ੍ਰਹਿ ਪ੍ਰਕਾਸ਼ਤ ਕੀਤਾ ਹੈ। ਇਸ ਪੁਸਤਕ ਨੂੰ ਉਸ ਨੇ 'ਕੈਂਗਰੂਨਾਮਾ' ਦਾ ਨਾਮ ਦਿੱਤਾ ਹੈ। ਇਸ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਉਸ ਨੂੰ ਉਥੇ ਵੱਸਦੇ ਵਿਚਰਦੇ ਪੰਜਾਬੀਆਂ ਦੇ ਕਾਰ, ਵਿਹਾਰ, ਆਚਾਰ, ਵਪਾਰ, ਪਿਆਰ, ਸਤਿਕਾਰ, ਪਰਿਵਾਰ, ਨਿਘਾਰ, ਪ੍ਰਚਾਰ, ਰਫ਼ਤਾਰ, ਮਾਰਾ-ਮਾਰ ਅਤੇ ਹਾਹਾਕਾਰ ਜਾਣੀ ਕਿ ਹਰ ਪੱਖ ਦੀ 'ਗੱਲ ਪੂਰੀ ਤਰ੍ਹਾਂ ਸਮਝ ਆ ਰਹੀ ਹੈ'। ਇਹ ਲੇਖ 'ਕਿੰਜ ਹੈ' ਅਤੇ 'ਕਿੰਜ ਹੋਣਾ ਚਾਹੀਦਾ ਹੈ' ਦੇ ਵਿਚਕਾਰਲੇ ਪਾੜੇ ਵਿਚ ਤੜਪਦੇ ਲਫ਼ਜ਼ਾਂ ਦਾ ਸੰਗ੍ਰਹਿ ਹਨ। ਪਰ ਇਹ ਤੜਪ ਕਿਸੇ ਤਰ੍ਹਾਂ ਦੀ ਭਟਕਣ ਜਾਂ ਨਿਰਾਸ਼ਾ ਦੀ ਬਜਾਏ ਆਤਮ ਚਿੰਤਨ ਰਾਹੀਂ ਰੌਸ਼ਨੀ ਪੈਦਾ ਕਰਨ ਵਾਲੀ ਹੈ। ਸੁਹਿਰਦ ਅਤੇ ਕਰਮਯੋਗੀ ਬੰਦਿਆਂ ਦੀ ਵੇਦਨਾ ਵਿਚ ਆਪਣੇ ਭਾਈਚਾਰੇ ਨੂੰ ਚੰਗੇਰੀ ਦਿਸ਼ਾ ਵਿਚ ਲਿਜਾਣ ਦੀ ਊਰਜਾ ਹੁੰਦੀ ਹੈ। ਬੋਲ ਚਾਲ ਦੀ ਦਿਲਚਸਪ ਭਾਸ਼ਾ ਵਿਚ ਹੋਣ ਕਰਕੇ ਪੁਸਤਕ ਪੜਦਿਆਂ ਲੱਗਦਾ ਜਿਵੇਂ ਮਿੰਟੂ ਤੁਹਾਡੇ ਨਾਲ ਬੈਠ ਕੇ ਗੱਲਾਂ ਸੁਣਾ ਰਿਹਾ ਹੋਵੇ। ਇਸ ਨੂੰ ਪੜ੍ਹ ਮੇਰੇ ਦਿਲ ਵਿਚ ਮਿੰਟੂ ਬਰਾੜ ਪ੍ਰਤੀ ਬਹੁਤ ਆਦਰ ਪੈਦਾ ਹੋਇਆ ਹੈ। 
-ਜਸਵੰਤ ਸਿੰਘ ਜ਼ਫ਼ਰ

ਜਗਵਿੰਦਰ ਜੋਧਾ ਨਾਲ਼ ਹੋਇਆ ਰੂ-ਬ-ਰੂ

Written By Editor on Wednesday, June 4, 2014 | 20:21

punjabi poet jagwinder jodha professor sadhu singh sunil chandianavi vijay vivek, neetu arora, punjabi poetry
ਸ਼ਾਇਰ ਜਗਵਿੰਦਰ ਜੋਧਾਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ

ਸਮਾਗਮ ਦੌਰਾਨ ਸਨਮਾਨਤ ਸ਼ਾਇਰਾ ਨੀਤੂ ਅਰੋੜਾ
ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਸਥਾਨਕ ਅਫ਼ਸਰ ਕਲੱਬ, ਫ਼ਰੀਦਕੋਟ ਵਿਖੇ ਨਵੀਂ ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖ਼ਰ ਡਾ. ਜਗਵਿੰਦਰ ਜੋਧਾ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਜਗਵਿੰਦਰ ਜੋਧਾ, ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ, ਫ਼ੋਰਮ ਦੇ ਸਰਪ੍ਰਸਤ ਸਾਧੂ ਸਿੰਘ, ਸ਼ਾਇਰਾ ਨੀਤੂ ਅਰੋੜਾ, ਸਾਬਕਾ ਬੀ. ਪੀ. ਈ. ਓ. ਮੁਖਤਿਆਰ ਕੌਰ, ਲੋਕ ਗਾਇਕ ਹਰਿੰਦਰ ਸੰਧੂ, ਸੁਖਜਿੰਦਰ ਸਿੰਘ ਬਰਾੜ ਸੁਸ਼ੋਭਿਤ ਸਨ। ਸਮਾਗਮ ਦੇ ਆਗਾਜ਼ ਵਿਚ ਗ਼ਜ਼ਲ ਗਾਇਕ ਵਿਜੈ ਦੇਵਗਨ ਨੇ ਅਪਣੀ ਸੁਰਮਈ, ਸੋਜ਼ਮਈ ਖ਼ੂਬਸੂਰਤ ਆਵਾਜ਼ ਨਾਲ਼ ਡਾ. ਜੋਧਾ ਦੀਆਂ ਗ਼ਜ਼ਲਾਂ ਦਾ ਗਾਇਨ ਕਰਕੇ ਕੰਨ ਰਸ ਪੈਦਾ ਕਰ ਦਿੱਤਾ। ਫ਼ੋਰਮ ਵਲੋਂ ਜਸਵੀਰ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ। ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਡਾ. ਜੋਧਾ ਦੀ ਸ਼ਖ਼ਸੀਅਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸ਼ਾਇਰਾ ਨੀਤੂ ਅਰੋੜਾ ਨੇ ਡਾ. ਜੋਧਾ ਦੀ ਜਾਣ ਪਛਾਣ ਕਰਾਉਂਦਿਆਂ ਜੋਧਾ ਨੂੰ ਬੇਬਾਕ, ਬੇਰੋਕ ਤੇ ਅਜੋਕੇ ਸਿਸਟਮ 'ਚ ਫਿੱਟ ਨਾ ਹੋਣ ਵਾਲਾ ਤੇ ਵਹਿਣ ਦੇ ਖਿਲਾਫ਼ ਵਗਣ ਵਾਲਾ ਵਿਆਕਤੀ ਕਿਹਾ। ਮੰਚ ਸੰਚਾਲਨ ਕਰਦਿਆਂ ਨੌਜਵਾਨ ਸ਼ਾਇਰ ਮਨਜੀਤ ਪੁਰੀ ਨੇ ਡਾ. ਜੋਧਾ ਨੂੰ ਹਾਜ਼ਰੀਨ ਦੇ ਰੂ-ਬ-ਰੂ ਹੋਣ ਦਾ ਸੱਦਾ ਦਿੱਤਾ। ਡਾ. ਜੋਧਾ ਨੇ ਸ੍ਰੋਤਿਆਂ ਨਾਲ਼ ਆਪਣੇ ਵਿਅਕਤਿੱਤਵ ਅਤੇ ਅਪਣੀ ਸ਼ਾਇਰੀ ਦੀ ਸਾਂਝ ਪੁਆਉਂਦਿਆਂ ਕਿਹਾ ਕਿ ਸ਼ਾਇਰੀ ਉਸ ਲਈ ਕੋਈ ਮਨੋਰੰਜਨ ਨਹੀਂ ਸਗੋਂ ਉਸਦੇ ਜੀਵਨ ਵਿਚਲੇ ਖੱਪੇ ( ਗੈਪਸ) ਭਰਨ ਦਾ ਸਾਧਨ ਹੈ। ਇਹ ਸ਼ਾਇਰੀ ਉਸ ਅੰਦਰ ਸਥਾਪਤੀ ਦੇ ਵਿਰੁੱਧ ਖੜਾ ਹੋਣ ਦੀ ਹਿੰਮਤ ਹੈ। ਪੰਜਾਬ ਵਿਚ ਚੱਲੀਆਂ ਵੱਖ-ਵੱਖ ਲਹਿਰਾਂ ਜਿਹਨਾਂ ਵਿਚ ਨਕਸਲਵਾੜੀ ਲਹਿਰ, 1984 ਤੋਂ 1992 ਤੱਕ ਹੰਢਾਏ ਪੰਜਾਬ ਸੰਤਾਪ ਤੇ ਫਿਰ ਸਮਕਾਲੀ ਦੌਰ ਵਿਚ ਲੋਕ ਵਿਰੋਧੀ ਸਥਾਪਤੀ ਉਸ ਦੀ ਸ਼ਾਇਰੀ ਲਈ ਅਾਧਾਰ ਬਣਦੇ ਰਹੇ। ਉਹ ਨਿਰੰਤਰ ਇਸ ਤਰ੍ਹਾਂ ਦੀ ਲੋਕ ਪੱਖੀ ਸ਼ਾਇਰੀ ਕਰ ਰਿਹਾ ਹੈ ਅਤੇ ਕਰਦਾ ਰਹੇਗਾ। ਇਸ ਉਪਰੰਤ ਡਾ. ਜੋਧਾ ਨੇ ਆਪਣੀਆਂ ਖ਼ੂਬਸੂਰਤ ਤੇ ਮਿਆਰੀ ਗ਼ਜ਼ਲਾਂ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ। ਗੁਰਦਿਆਲ ਭੱਟੀ, ਮਨਜੀਤ ਪੁਰੀ, ਚੰਨਾ ਰਾਣੀਵਾਲੀਆ, ਜਸਵੀਰ ਸਿੰਘ, ਕੰਵਰਜੀਤ ਸਿੱਧੂ, ਸ਼ਿਵਚਰਨ ਨੇ ਡਾ. ਜੋਧਾ ਨੂੰ ਉਨ੍ਹਾਂ ਦੀ ਸਾਹਿਤ ਸਿਰਜਣ ਪ੍ਰਕਿਰਿਆ ਸਬੰਧੀ ਸਵਾਲ ਵੀ ਕੀਤੇ ਜਿਨ੍ਹਾਂ ਦੇ ਉਨ੍ਹਾਂ ਨੇ ਤਸੱਲੀਬਖਸ਼ ਤੇ ਬੜੇ ਅੱਛੇ ਅੰਦਾਜ਼ ਵਿਚ ਜਵਾਬ ਦਿੱਤੇ।

ਰੂ ਬ ਰੂ ਦੌਰਾਨ ਹਾਜ਼ਰ ਪਤਵੰਤੇ ਅਤੇ ਸਰੋਤੇ
ਇਸ ਮੌਕੇ ਫੋਰਮ ਵਲੋਂ ਡਾ. ਜੋਧਾ ਅਤੇ ਨੀਤੂ ਅਰੋੜਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਗੁਰਚਰਨ ਸਿੰਘ, ਰਤਨ ਸਿੰਘ ਰਾਈਕਾ, ਲੋਕ ਗਾਇਕ ਕੁਲਵਿੰਦਰ ਕੰਵਲ, ਜਸਬੀਰ ਜੱਸੀ, ਨਿਰਮੋਹੀ ਫ਼ਰੀਦਕੋਟੀ, ਵਿਜੈ ਵਿਵੇਕ, ਦਵਿੰਦਰ ਸੈਫ਼ੀ, ਲੋਕ ਗਾਇਕ ਮਨਜੀਤ ਸੰਧੂ, ਗੁਰਦੀਪ ਸਿੰਘ ਢੁੱਡੀ, ਤੇਜੀ ਜੌੜਾ, ਖੁਸ਼ਵੰਤ ਬਰਗਾੜੀ, ਜਸਵਿੰਦਰ ਮਿੰਟੂ, ਸੁਰਿੰਦਰ ਮਚਾਕੀ, ਰਾਜਪਾਲ ਕੋਟਕਪੂਰਾ, ਕੁਮਾਰ ਜਗਦੇਵ, ਅਮਨਦੀਪ ਲੱਕੀ, ਪਰਮਜੀਤ ਸਿੰਘ, ਤਰਸੇਮ ਚਾਨਣਾ, ਲੋਕ ਗਾਇਕ ਸੁਰਜੀਤ ਗਿੱਲ, ਬਨਾਰਸੀ ਦਾਸ ਸ਼ਾਸ਼ਤਰੀ, ਲਾਲ ਸਿੰਘ ਕਲਸੀ, ਰਾਜਪਾਲ ਹਰਦਿਆਲੇਆਣਾ, ਦੇਸਰਾਜ ਸ਼ਰਮਾਂ, ਜਸਵਿੰਦਰ ਸੰਧੂ, ਮਿੰਟਾ ਚਮੇਲੀ, ਬਿੱਕਰ ਸਿੰਘ ਆਜ਼ਾਦ, ਸਤੇਸ਼ ਭੂੰਦੜ, ਸ਼ਿਵਜੀਤ ਸਿੰਘ, ਵਰਿੰਦਰ ਸ਼ਰਮਾਂ, ਨਵੀ ਨਿਰਮਾਣ ਆਦਿ ਹਾਜ਼ਰ ਸਨ।

ਰਵਿੰਦਰ ਰਵੀ । ਉੱਤਰ-ਮਾਰਕਸਵਾਦ

Written By Editor on Monday, May 26, 2014 | 18:19

punjabi writer poet playwright ravinder ravi
ਰਵਿੰਦਰ ਰਵੀ
ਸਟਾਲਨ ਦੇ ਘਰ ਨਿਕਸਨ ਜੰਮਿਆਂ ਹੈ
ਤੇ ਮਾਓ ਦੇ ਘਰ ਚਰਚਲ।
ਵਿਸ਼ਵੀਕਰਨ ਦੀ ਕਿਰਿਆ ਵਿਚ,
ਸਭ ਕੁਝ ਗਡ ਮਡ, ਉਲਝ ਗਿਆ ਹੈ।

ਸਮਾਜਵਾਦ ਦੀ ਤਾਸੀਰ ਬਦਲ ਗਈ ਹੈ,
ਸ਼ਾਮਰਾਜਵਾਦ ਵੀ ਉਹ ਨਹੀਂ ਰਿਹਾ।

ਇਹ ਨਵ-ਬਸਤੀਵਾਦੀ ਯੁੱਗ ਹੈ,
ਬਹੁ-ਰਾਸ਼ਟਰੀ ਕੰਪਨੀਆਂ ਦੇ ਹੱਥ,
ਆਰਥਕ ਸੱਤਾ ਦੀ ਡੋਰ ਹੈ।

ਕੱਠਪੁਤਲੀਆਂ ਵਾਂਗ,
ਸਭ ਦੇਸ਼ਾਂ ਦੇ,
ਸੱਤਾਧਾਰੀ ਹਿੱਲਦੇ ਹਨ,
ਚਿਹਰੇ ਮੁਸਕਰਾਉਂਦੇ, ਹੱਥ ਮਿਲਦੇ ਹਨ।

ਚੀਨ ਵਿਚ, ਦਰਜਾ-ਬਦਰਜਾ,
ਉਦਯੋਗਪਤੀ ਜਾਂ ਰਾਸ਼ਟਰ
ਪੂੰਜੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ।
ਘਟ ਵੇਤਨ, ਵੱਧ ਬੋਝ ਹੇਠ,
ਚੀਨੀ ਮਜ਼ਦੂਰ,
ਪਿਸ ਰਿਹਾ ਹੈ, ਮਰ ਰਿਹਾ ਹੈ।

ਚੀਨ ਵਾਂਗ ਹੀ,
ਰੂਸ ਵਿਚ ਵੀ, ਅਸਾਂਵੀਂ ਵੰਡ ਹੈ।
ਤਸਕਰੀ, ਦੇਹ-ਵਪਾਰ, ਗੈਂਗ-ਯੁੱਧ,
ਘਪਲਾ, ਰਿਸ਼ਵਤ, ਲਿੰਗ-ਰੋਗ,
ਜੁਰਮ ਦਾ ਸਾਮਰਾਜੀ ਦੌਰ ਹੈ।

ਮਾਰਕਸ ਦੇ ਘਰ,
ਮਾਰਕਸਵਾਦ ਜੰਮਿਆਂ ਸੀ:
“ਹਰ ਕਿਸੇ ਨੂੰ ਉਸ ਦੀ ਲੋੜ ਅਨੁਸਾਰ ਦੇਣ, ਤੇ
ਹਰ ਕਿਸੇ ਤੋਂ ਉਸ ਦੀ ਯੋਗਤਾ, ਸਮਰੱਥਾ ਅਨੁਸਾਰ ਲੈਣ ਲਈ।”
ਪਰ ਇੰਜ ਕਦੇ ਵੀ ਨਾਂ ਹੋਇਆ!!!!!!

ਮਾਰਕਸਵਾਦ ਤੋਂ ਬਾਅਦ,
ਸਟਾਲਨ ਤੇ ਮਾਓ, ਉਸ ਦੀ
ਨਾਜਾਇਜ਼ ਔਲਾਦ ਵਰਗੇ ਜਾਪਦੇ ਹਨ।

ਰੂਸ ਤੇ ਚੀਨ ਦੇ ਨਾਬਰਾਬਰੀ ਵਾਲੇ,
ਤਾਨਾਸ਼ਾਹੀ ਰਾਜ-ਪ੍ਰਬੰਧ,
ਮਾਰਕਸ ਦਾ ਸੁਫਨਾਂ ਨਹੀਂ ਸਨ!!!!!

-ਰਵਿੰਦਰ ਰਵੀ , ਕੈਨੇਡਾ

ਡਾਇਰੀ ਦੇ ਪੰਨੇ । ਮਾਂ ਦੀਆਂ ਪੈੜ੍ਹਾਂ । ਗੁਰੀ ਲੁਧਿਆਣਵੀ

punjabi writer guri ludhianavi
ਗੁਰੀ ਲੁਧਿਆਣਵੀ
ਸਾਲ 2011 'ਚ ਸ਼ਾਇਦ ਜੇਠ ਮਹੀਨੇ ਦੇ ਅਖੀਰਲੇ ਦਿਨ ਚਲਦੇ ਸੀ ਤੇ ਸਾਡੀ ਆਖਰੀ ਸੇਮੈਸਟਰ ਦੀ ਟ੍ਰੇਨਿੰਗ ਦਾ ਵੀ ਥੋੜ੍ਹਾ ਹੀ ਸਮਾਂ ਰਹਿ ਗਿਆ ਸੀ। ਮੇਰੀ ਪਿਆਰੀ ਦੋਸਤ ਦਾ ਫ਼ੋਨ ਆਇਆ ਕਿ ਮੰਮੀ ਨੇ ਮੋਹਾਲੀ ਆਉਣਾ ਤੇ ਤੂੰ ਕਿਤੇ ਜਾਈ ਨਾ, ਤੇਰੇ ਨਾਲ ਮਿਲਾਉਣਾ ਉਨ੍ਹਾਂ ਨੂੰ। ਮੇਰੀ ਤਾਂ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਰਹੀ। ਮੈਂ ਘਰ ਵੀ ਫ਼ੋਨ ਕਰਤਾ ਕਿ ਮੈਂ ਦੋ ਹਫ਼ਤੇ ਲਈ ਘਰ ਨਹੀਂ ਆਉਣਾ।

ਮੰਮੀ ਆਏ ਤੇ ਮੈਨੂੰ ਬਹੁਤ ਅਪਣੱਤ ਨਾਲ ਮਿਲੇ। ਜਿਵੇਂ ਮੇਰੇ ਦਿਮਾਗ ਚ ਛਵੀ ਸੀ ਕਿ ਜੱਟਾਂ ਦੇ ਮਾਪੇ ਬਹੁਤ ਅੜਬ ਹੁੰਦੇ ਨੇ, ਉਹ ਇਸ ਤੋਂ ਬਿਲਕੁਲ ਉਲਟ ਸੀ। ਤਿੰਨ ਦਿਨ ਦੇ ਵਕਫੇ ਵਿੱਚ ਅਸੀਂ ਸਭ ਇਕੱਠੇ ਆਨੰਦਪੁਰ ਸਾਹਿਬ, ਨਾਢਾ ਸਾਹਿਬ ਤੇ ਹੋਰ ਕਈ ਜਗ੍ਹਾ ਘੁੰਮ ਕੇ ਵੀ ਆਏ। ਕਿਤੇ ਵੀ ਉਨ੍ਹਾਂ ਨੇ ਮੈਨੂੰ ਓਪਰਾਪਨ ਨਹੀਂ ਮਹਿਸੂਸ ਹੋਣ ਦਿੱਤਾ। ਨਾਲ ਉਨ੍ਹਾਂ ਦਾ ਬਾਰਾਂ ਕੁ ਸਾਲ ਦਾ ਪੋਤਾ 'ਕਰਨ' ਵੀ ਆਇਆ ਸੀ। ਉਹ ਮੈਥੋਂ ਭਾਵੇਂ ਜਕਦਾ ਸੀ ਪਰ ਮੇਰਾ ਉਹਦੇ ਨਾਲ ਆਪਣੇ ਬੱਚੇ ਵਾਂਗ ਹੀ ਮੋਹ ਪੈ ਗਿਆ ਸੀ।
ਅੱਜ ਉਨ੍ਹਾਂ ਦੀ ਜਾਣ ਦੀ ਵਾਰੀ ਸੀ ਤੇ ਅੱਡੇ ਤੇ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਵੀ ਮੇਰੀ ਹੀ ਸੀ, ਕਿਉਂਕਿ ਮੇਰੀ ਦੋਸਤ ਦਾ ਕੁਝ ਸਮਾਨ ਮੰਮੀ ਨੇ ਘਰ ਵਾਪਿਸ ਵੀ ਲੈ ਕੇ ਜਾਣਾ ਸੀ। ਮੋਟਰਸਾਇਕਲ ਉੱਤੇ ਬਿਠਾ ਕੇ ਮੈਂ ਉਹਨਾਂ ਨੂੰ 43 ਸੈਕਟਰ ਬੱਸ ਅੱਡੇ ਤੱਕ ਲੈ ਗਿਆ। ਮੋਟਰ-ਸਾਇਕਲ ਬਾਹਰ ਖੜਾ ਕਰ ਕੇ ਮੈਂ ਸਮਾਨ ਚੁੱਕ ਕੇ ਉਹਨਾਂ ਦੇ ਨਾਲ ਪਿੰਡ ਦੇ ਕਾਉਂਟਰ ਵੱਲ ਹੋ ਤੁਰਿਆ। ਜਾਂਦਿਆਂ ਮੈਂ ਵੇਖਿਆ ਕਿ ਉਹਨਾਂ ਦੀ ਜੁੱਤੀ ਥੱਲੇ ਚੀਕਣੀ ਮਿੱਟੀ ਲੱਗ ਗਈ। ਪਰ ਕਾਹਲ੍ਹੀ 'ਚ ਨਾ ਉਹਨਾਂ ਨੇ ਗੌਲਿਆ ਤੇ ਮੈਂ ਵੀ ਅਣਦੇਖਿਆ ਕਰਤਾ। ਕਾਉਂਟਰ ਤੇ ਬੱਸ ਤਿਆਰ ਖੜ੍ਹੀ ਸੀ। ਉਹਨਾਂ ਦਾ ਸਮਾਨ ਫੜਾ ਕੇ ਮੈਂ ਪੈਰੀਂ ਹੱਥ ਲਾਇਆ ਤੇ ਉਨ੍ਹਾਂ ਨੇ ਅਸੀਸ ਦਿੱਤੀ। "ਰੂਹ ਖੁਸ਼ ਹੋਗੀ ਪੁੱਤਰਾ ਤੈਨੂੰ ਵੇਖਕੇ..!! ਮੈਂ ਜੀਅ ਤੋੜ ਕੋਸ਼ਿਸ਼ ਕਰੂੰ ਕਿ ਤੂੰ ਹੀ..." ਇੰਨਾ ਕਹਿ ਕੇ ਕੇ ਉਹ ਪਿਆਰ ਨਾਲ ਗਲੇ ਮਿਲੇ। ਮੈਂ ਕਰਨ ਦਾ ਸਿਰ ਪਲੋਸਿਆ ਤੇ ਫਿਰ ੳਹ ਚਲੇ ਗਏ ।

footprints of mother in law beloved girlfriend mother
Footprints । ਮਾਂ ਦੀਆਂ ਪੈੜਾਂ ਦੇ ਨਿਸ਼ਾਨ ਦੀ ਤਸਵੀਰ
ਭਰੀਆਂ ਅੱਖਾਂ ਨਾਲ ਮੈਂ ਕਾਉਂਟਰ ਦੇ ਨਾਲ ਦੇ ਬੈਂਚ ਤੇ ਬੈਠਿਆ ਤਾਂ ਮੇਰੀ ਨਿਗ੍ਹਾ ਫ਼ਰਸ਼ ਤੇ ਪਈਆਂ ਪੈੜ੍ਹਾਂ ਤੇ ਪਈ। ਇਹਨਾਂ ਪੈੜ੍ਹਾਂ ਵਿੱਚ ਉਨ੍ਹਾਂ ਦੀ ਗਿੱਲੀ ਜੁੱਤੀ ਦੇ ਨਿਸ਼ਾਨ ਵੀ ਸੀ। ਕੁਦਰਤੀ ਉਦੋਂ ਮੈਂ ਆਪਣੇ ਦੋਸਤ ਦਾ ਛੋਟਾ ਕੈਮਰਾ ਜੇਬ ਵਿੱਚ ਪਾ ਕੇ ਲਿਆਇਆ ਸੀ ਜੋ ਉਸ ਨੂੰ ਵਾਪਸੀ ਤੇ ਮੋੜਨਾ ਸੀ। ਮੈਂ ਝੱਟ ਕੈਮਰਾ ਕੱਢਿਆ ਤੇ ਉਨ੍ਹਾਂ ਪੈੜਾਂ ਨੂੰ ਇੱਕ ਤਸਵੀਰ 'ਚ ਕੈਦ ਕਰ ਲਿਆ। ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਦੇ ਮਿਲ ਤਾਂ ਨਹੀਂ ਸਕਿਆ। ਪਰ ਜਦ ਵੀ ਕਿਤੇ ਇੱਛਾ ਜਾਗਦੀ ਹੈ ਤਾਂ ਬੇਵੱਸ ਹੋ ਕੇ ਇਹ ਤਸਵੀਰ ਵੇਖ ਲੈਨਾਂ। ਉਨ੍ਹਾਂ ਦੀ ਦਿੱਤੀ ਅਸੀਸ ਚੇਤੇ ਕਰ ਲੈਨਾ। ਕਿ ਸ਼ਾਇਦ... ਸ਼ਾਇਦ ਕਿਤੇ ਰੱਬ ਇਸ ਬੁੱਢੀ ਮਾਂ ਦੀ ਵੀ ਸੁਣ ਲਵੇ....
- ਗੁਰੀ ਲੁਧਿਆਣਵੀ

ਜ਼ਖ਼ਮ । ਜਿੰਦਰ

‘‘ਮੈਨੂੰ ਤਾਂ ਐਡੀ ਦੂਰੋਂ ਸੰਵਾਰ ਕੇ ਨ੍ਹੀਂ ਦਿੱਸਦਾ,’’ ਤਾਇਆ ਜੀ ਨੇ ਆਪਣੀ ਖੁੂੰਡੀ ਨੂੰ ਹੱਥ ਪਾ ਕੇ ਉੱਠਦਿਆਂ ਹੋਇਆਂ ਕਿਹਾ ਸੀ। ਉਹ ਟੀਵੀ ਤੋਂ ਦੋ ਕੁ ਫੁੱਟ ਦੂਰ, ਬਿਲਕੁਲ ਸਾਹਮਣੇ, ਪੈਰਾਂ ਭਾਰ ਜਾ ਬੈਠੇ ਸਨ। ਮੈਂ ਆਪ ਕੁਰਸੀ ਚੁੱਕ ਕੇ ਉਨ੍ਹਾਂ ਦੇ ਕੋਲ ਲੈ ਗਿਆ ਸੀ। ਮਲੋਜ਼ੋਰੀ ਉਨ੍ਹਾਂ ਨੂੰ ਕੁਰਸੀ ’ਤੇ ਬੈਠਾਇਆ ਸੀ। ਉਹ ਆਪਣੀ ਹੀ ਧੁੰਨ ’ਤੇ ਸਵਾਰ ਹੋਏ ਬੋਲੀ ਗਏ ਸਨ, ‘‘ਪੁੱਤ, ਕੋਈ ਨਾ। ਕੋਈ ਨਾ। ਮੈਂ ਐਦਾਂ ਹੀ ਬੈਠਦਾ ਹੁੰਨਾਂ। ਫਿਲਮ ਸੋਹਣੀ ਆ। ਮੈਨੂੰ ਸੰਵਾਰ ਕੇ ਦੇਖਣ ਦੇ। ਮੈਂ ਕਿਹੜਾ ਬਾਹਰਲਾ ਬੰਦਾ। ਮੇਰਾ ਆਪਣਾ ਘਰ ਆ। ਮੈਂ ਜਿਵੇਂ ਮਰਜ਼ੀ ਬੈਠਾਂ।’’
punjabi writer kahaanikaar jinder zakham
ਜਿੰਦਰ
ਮੈਂ ਕਿਹਾ ਸੀ, ‘‘ਫਿਲਮ ਦਾ ਕੀ ਆ। ਮੈਂ ਫੇਰ ਮੁੱਢ ਤੋਂ ਚਲਾ ਦੇਣਾਂ।’’
ਡਰਾਇੰਗ ਰੂਮ ’ਚ ਪਿਆ ਬੱਤੀ ਇੰਚੀ ਐਲ. ਸੀ. ਡੀ. ਸਾਡੇ ਤੋਂ ਦੱਸ ਕੁ ਫੁੱਟ ਦੂਰ ਸੀ। ਅਸੀਂ ਵੀ ਮੇਜ਼, ਸੋਫੇ ਨੂੰ ਖਿੱਚ ਕੇ ਉਨ੍ਹਾਂ ਕੋਲ ਆ ਬੈਠੇ ਸੀ।
ਉਹ ਮੱਥੇ ’ਤੇ ਹੱਥ ਦਾ ਉਹਟਾ ਜਿਹਾ ਬਣਾ ਕੇ, ਇਕਾਗਰਚਿਤ ਹੋਏ ਫਿਲਮ ਦੇਖ ਰਹੇ ਸਨ। ਉਨ੍ਹਾਂ ਸੱਜੀ ਲੱਤ  ਖੱਬੀ ’ਤੇ ਰੱਖੀ ਹੋਈ ਸੀ। ਉਨ੍ਹਾਂ ਨੇ ਧੋਤੀ ਲਾਈ ਸੀ। ਉਹ ਵਾਰ-ਵਾਰ ਸੱਜੇ ਗਿੱਟੇ ਉਪਰ ਦੀ ਥਾਂ ’ਤੇ ਖਾਜ ਕਰ ਰਹੇ ਸਨ। ਫੇਰ ਉਨ੍ਹਾਂ ਨੇ ਗਿੱਟੇ ਉਪਰੋਂ ਦੀ ਖਾਜ ਕਰਦਿਆਂ-ਕਰਦਿਆਂ ਆਪਣਾ ਹੱਥ ਗੋਡੇ ਦੀ ਖੁੱਚ ਕੋਲ ਲਿਆਂਦਾ ਤਾਂ ਮੈਂ ਉਨ੍ਹਾਂ ਦਾ ਜ਼ਖ਼ਮ ਦੇਖ ਕੇ ਅਚੰਬਿਤ ਹੋ ਗਿਆ ਸੀ। ਗਿੱਟੇ ਕੋਲ ਦਾ ਜ਼ਖ਼ਮ ਤਾਂ ਮੈਂ, ਜਦੋਂ ਉਹ ਆ ਕੇ ਬੈਠੇ ਹੀ ਸਨ, ਉਦੋਂ ਹੀ ਦੇਖ ਲਿਆ ਸੀ। ਸ਼ਾਇਦ ਪਹਿਲਾਂ ਵੀ ਕਦੇ ਦੇਖਿਆ ਹੋਵੇਗਾ। ਇਸ ਬਾਰੇ ਪੱਕਾ ਨਹੀਂ ਯਾਦ। ਪਰ ਇਹ ਜ਼ਖਮ ਐਨਾ ਵੱਡਾ ਤੇ ਡੂੰਘਾ ਹੋਵੇਗਾ, ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜਿਵੇਂ ਕਿਸੇ ਤੂਤ ਦੇ ਦਰੱਖਤ ਦੇ ਤਣੇ ’ਚ ਖੋੜ ਜਿਹੀ ਬਣੀ ਹੁੰਦੀ ਹੈ, ਹੇਠਾਂ ਤੋਂ ਲੈ ਕੇ ਟਾਹਣਿਆਂ ਤੱਕ, ਠੀਕ ਉਵੇਂ ਦਾ ਉਨ੍ਹਾਂ ਦਾ ਇਹ ਜ਼ਖਮ ਸੀ। ਕਈ ਥਾਵਾਂ ਤੋਂ ਪੀਕ ਵਰਗਾ ਕੁਝ-ਕੁਝ ਰਿਸ ਰਿਹਾ ਸੀ। ਮੈਨੂੰ ਕਚਿਆਣ ਜਿਹੀ ਆਈ ਸੀ। ਸ਼ਾਇਦ ਮੇਰੇ ਨਾਲ ਬੈਠੇ ਦੋਸਤਾਂ ਨੂੰ ਵੀ ਆਈ ਹੋਵੇਗੀ। ਫੇਰ ਮੈਂ ਸੋਚਿਆ ਸੀ ਕਿ ਕੀ ਪਤਾ ਉਨ੍ਹਾਂ ਦਾ ਇਸ ਪਾਸੇ ਧਿਆਨ ਹੀ ਨਾ ਗਿਆ ਹੋਵੇ। ਮੇਰੀਆਂ ਨਜ਼ਰਾਂ ਹੀ ਉਸ ’ਤੇ ਕੇਂਦਰਤ ਹੋਈਆਂ ਹੋਣ। ਮੈਂ ਆਪ ਚਾਹੁੰਦਾ ਸੀ ਕਿ ਉਹ ਉਨ੍ਹਾਂ ਦੇ ਜ਼ਖਮ ਨੂੰ ਨਾ ਦੇਖਣ।
ਉਨ੍ਹਾਂ  ਨੇ ਆਪਣੀ ਧੋਤੀ ਫੇਰ ਤੋਂ ਗਿੱਟੇ ਤੱਕ ਫੈਲਾ ਲਈ ਸੀ। ਇਸ ਡਰ ਤੋਂ ਕਿ ਕਿਤੇ ਕੋਈ ਮੱਖੀ ਨਾ ਆ ਬੈਠੇ। ਚਾਰ ਚੁਫੇਰੇ ਤੋਂ ਬੇਫਿਕਰ, ਉਹ ਫਿਲਮ ਦੇਖਣ ’ਚ ਮਦਮਸਤ ਸਨ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਸੀ ਕਿ ਕੈਮਰਾਮੈਨ ਨੇ ਕਦੋਂ ਉਨ੍ਹਾਂ ਦੇ ਕੁੜਤੇ ’ਤੇ ਮਾਇਕ ਚਿਪਕਾ ਦਿੱਤਾ ਸੀ। 
****
ਅਸੀਂ ਦੋ ਘੰਟਿਆਂ ਤੋਂ ਉਨ੍ਹਾਂ ਦਾ ਇੰਤਜ਼ਾਰ ਕੀਤਾ ਸੀ। ਕਈ ਛੋਟੇ-ਛੋਟੇ ਪੈੱਗ ਸਿੱਪ ਕੀਤੇ ਸੀ। ਅਸੀਂ ਯਾਨੀਕਿ ਚਾਰ ਦੋਸਤ। ਮੈਂ ਉਰਫ ਜਗਮੋਹਣ ਗੋਗਨਾ, ਮਾਨਵ ਸ਼ਾਸਤਰ ਦਾ ਪ੍ਰੋਫੈਸਰ, ਸਟੇਟ ਯੂਨੀਵਰਸਿਟੀ ਆਫ ਨਿਊਯਾਰਕ, ਬਿਨਘੰਟਨ ਤੋਂ ਸਮਾਜ ਸ਼ਾਸਤਰ ਵਿਭਾਗ ਦਾ ਮੁਖੀ, ਪ੍ਰੋ. ਖ਼ਾਲਿਦ ਜਾਵੇਦ, ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਤੋਂ ਡਾ. ਜਸਪਾਲ ਕਲੇਰ ਜਿਸ ਨੇ ਪੁਰਾਤਨ ਏਸ਼ੀਅਨ ਇਤਿਹਾਸ ’ਤੇ ਕਈ ਖੋਜ ਪੱਤਰ ਲਿਖੇ ਸਨ ਤੇ ਦਿੱਲੀ ਤੋਂ ਆਇਆ ਕੈਮਰਾਮੈਨ ਹਰੀ ਭਟਨਾਗਰ।
ਪ੍ਰੋ. ਜਾਵੇਦ ਦਾ ਪਿੰਡ ਕਸੂਰ ਦੇ ਨੇੜੇ ਪੈਂਦਾ ਸੀ। ਉਸ ਦੇ ਮਾਂ-ਪਿਓ ਨੂਰਮਹਿਲ ਤੋਂ ਉੱਜੜ ਕੇ ਉੱਧਰ ਗਏ ਸਨ। ਉਸ ਦੀਆਂ ਦੋ ਚਾਚੀਆਂ, ਤਿੰਨ ਭੂਆ ਮਾਰੀਆਂ ਗਈਆਂ ਸਨ। ਉਸ ਦੀ ਇਕ ਚਾਚੀ ਨੇ ਦੱਸਿਆ ਸੀ ਕਿ ਬੱਚਿਆਂ ਨੂੰ ਬਚਾਉਣ ਲਈ ਪਿਛਲੀ ਕੋਠੜੀ ਵਿੱਚ ਬੰਦ ਕਰ ਦਿੱਤਾ ਸੀ। ਉਨ੍ਹਾਂ ਦੇ ਬਾਰਾਂ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗਾ ਸੀ ਕਿ ਉਹ ਜਿਊੁਂਦੇ ਸਨ ਜਾਂ ਕਿ ਕਤਲ ਕਰ ਦਿੱਤੇ ਸਨ। ਉਸ ਦੇ ਬਾਬੇ ਦਾ ਕਹਿਣਾ ਸੀ ਕਿ ਸ਼ਾਇਦ ਕਿਸੇ ਨੇ ਤਰਸ ਖਾ ਕੇ ਬੱਚਿਆਂ ਨੂੰ ਨਾ ਮਾਰਿਆ ਹੋਵੇ। ਉਨ੍ਹਾਂ ਦਾ ਧਰਮ ਬਦਲ ਦਿੱਤਾ ਹੋਵੇ। ਉਹਦੇ ਬਾਬੇ ਨੇ ਦੋ ਸਾਲਾਂ ਬਾਅਦ ‘ਆਪਣੇ ਘਰ ’ਚ ਰਹਿਣ ਵਾਲੇ’ ਦੇ ਨਾਂ ਖ਼ਤ ਲਿਖ ਕੇ ਇਹਨਾਂ ਬੱਚਿਆਂ ਬਾਰੇ ਪੁੱਛਿਆ ਸੀ ਪਰ ਅੱਗੋਂ ਉਹਨੂੰ ਕੋਈ ਜਵਾਬ ਨਹੀਂ ਮਿਲਿਆ ਸੀ।
ਹੁਣ ਜਾਵੇਦ ਇਨ੍ਹਾਂ ਬੱਚਿਆਂ ਦੀ ਭਾਲ ਲਈ ਮੇਰੇ ਨਾਲ ਆਇਆ ਸੀ। ਉਹਨੂੰ ਯਕੀਨ ਸੀ ਕਿ ਇਨ੍ਹਾਂ’ਚੋਂ ਕੋਈ ਨਾ ਕੋਈ ਅਵੱਸ਼ ਹੀ ਜਿਊਂਦਾ ਹੋਵੇਗਾ। ਜੇ ਅੱਠ ਸਾਲਾ ਰਜਾ ਅਲੀ ਜਿਊਂਦਾ ਹੋਇਆ ਤਾਂ ਉਸ ਕੋਲੋਂ ਕਈ ਕੁਸ਼ ਪਤਾ ਚੱਲ ਸਕਦਾ ਸੀ।
‘‘ਉਹਨੂੰ ਕਹਿੰਦੇ ਆ ਨੂਰਮਹਿਲ ਦੀ ਸਰਾਂ,’’ ਮੈਂ ਸਾਹਮਣੇ ਵੱਲ ਦੇਖਦਿਆਂ ਹੋਇਆਂ ਦੱਸਿਆ ਸੀ।
ਪ੍ਰੋ. ਜਾਵੇਦ ਕਾਰ ’ਚੋਂ ਉਤਰਿਆ ਸੀ। ਉਹਨੇ ਬੜੀ ਰੀਝ ਨਾਲ ਸਰਾਂ ਵੱਲ ਦੇਖਿਆ ਸੀ। ਕਿਹਾ ਸੀ, ‘‘ਹੁਣ ਤੁਸੀਂ ਮੇਰੇ ਮਗਰ ਮਗਰ ਆਓ। ਮੈਂ ਆਪਣੇ ਵਡੇਰਿਆਂ ਦਾ ਘਰ ਆਪੇ ਹੀ ਲੱਭ ਲਵਾਂਗਾ।’’ ਉਹ ਮੇਰੇ ਤੋਂ ਅੱਗੇ ਅੱਗੇ ਹੋ ਕੇ ਤੁਰ ਪਿਆ ਸੀ। ਦੋ ਕੁ ਪਲਾਂ ਲਈ ਉਹ ਦੋਚਿੱਤੀ ’ਚ ਪਿਆ ਸੀ। ‘‘ਬਾਜ਼ਾਰ ਨੂੰ ਦੋ ਰਾਹ ਜਾਂਦੇ। ਇੱਕ ਅੱਡੇ ਵਾਲੇ ਪਾਸਿਓਂ। ਇੱਕ ਅੱਡੇ ਤੇ ਸਰਾਂ ਦੇ ਵਿਚਕਾਰੋਂ ਦੀ। ਆਹ ਰਾਹ ਠੀਕ ਰਹੇਗਾ।’’ ਉਹ ਖੱਬੇ ਪਾਸੇ ਨੂੰ ਮੁੜਿਆ ਸੀ। ਮੈਂ ਉਹਨੂੰ ਰੋਕਿਆ ਸੀ, ‘‘ਅਗਾਂਹ ਵਾਲਾ ਰਾਹ ਵੀ ਠੀਕ ਰਹੂ।’’ ‘‘ਨ੍ਹੀਂ-ਪਲੀਜ਼ ਮੈਨੂੰ ਡਿਸਟਰਬ ਨਾ ਕਰੋ। ਮੈਂ ਆਪਣੇ ਕਦਮਾਂ ਦੀ ਗਿਣਤੀ ਕਰ ਰਿਹਾਂ।’’ ਫੇਰ ਉਹਨੇ ਦੱਸਣਾ ਸ਼ੁਰੂ ਕੀਤਾ ਸੀ, ‘‘ਇੱਥੋਂ ਸੰਤਾਲੀ ਕਦਮ ਅੱਗੇ ਜਾ ਕੇ ਸੱਜੇ ਹੱਥ ਮੁੜਨਾ ਆ। ਫੇਰ ਇਕ ਸੌ ਤੇਈ ਕਦਮਾਂ ਤੇ ਬੋਹੜ ਆਵੇਗਾ। ਬੋਹੜ ਹੇਠਾਂ ਲਲਾਰੀ ਬੈਠਾ ਹੋਵੇਗਾ। ਖੌਰੇ ਉਹ ਹੁਣ ਨਾ ਹੋਵੇ। ਉਥੋਂ ਖੱਬੇ ਹੱਥ ਮੁੜਨਾ ਆ। ਪੰਚਾਸੀ ਕਦਮ ਅਗਾਂਹ ਜਾ ਕੇ ਖੱਬੇ ਹੱਥ ਮੁੜਾਂਗੇ। ਬਾਜ਼ਾਰ ਖ਼ਤਮ ਹੋ ਜਾਵੇਗਾ। ਦੱਸ ਕਦਮਾਂ ਤੇ ਚੜ੍ਹਾਈ ਆਵੇਗੀ। ਪੰਦਰਾਂ ਕਦਮ ਹੇਠਾਂ ਨੂੰ ਜਾਣਾ ਪਵੇਗਾ। ਫੇਰ ਖੱਬੇ ਹੱਥ ਮੁੜਾਂਗੇ। ਬਵੰਜਾ ਕਦਮ ਜਾ ਕੇ ਖੂਹੀ ਆਵੇਗੀ। ਇੱਥੋਂ ਬਾਰਾਂ ਕਦਮਾਂ ਤੇ ਖੱਬੇ ਪਾਸੇ ਤੇ ਮੇਰੇ ਵਡੇਰਿਆਂ ਦਾ ਕਦੇ ਘਰ ਹੁੰਦਾ ਸੀ।’’
ਅਸੀਂ ਠੀਕ ਉਸ ਘਰ ਅੱਗੇ ਚਲੇ ਗਏ ਸੀ। ਮੈਂ ਉਹਨੂੰ ਛੇੜਿਆ ਸੀ, ‘‘ਬੜਾ ਹਿਸਾਬ ਰੱਖਿਆ।’’
‘‘ਇਹ ਹਿਸਾਬ ਮੈਂ ਨ੍ਹੀਂ ਰੱਖਿਆ। ਮੇਰੇ ਗਰੈਂਡ ਫਾਦਰ ਨੇ ਰੱਖਿਆ ਹੋਇਆ ਸੀ। ਉਹ ਦੂਜੇ ਚੌਥੇ ਦਿਨ ਆਪਣੇ ਘਰ ਨੂੰ ਯਾਦ ਕਰਦੇ ਰਹਿੰਦੇ ਸੀ। ਇੱਥੇ ਮੇਰੇ ਵਡੇਰਿਆਂ ਦੀਆਂ ਜੜ੍ਹਾਂ ਨੇ। ਮੈਨੂੰ ਲੱਗਦਾ ਆ ਕਿ ਖੌਰੇ ਮੇਰੀਆਂ ਵੀ ਇੱਥੇ ਜੜ੍ਹਾਂ ਨੇ। ਫਿਜ਼ੀ ’ਚ ਭਾਰਤੀ ਸੋਚਦੇ ਨੇ ਕਿ ਜਿੱਥੇ ਉਹਨਾਂ ਦੇ ਵਡੇਰਿਆਂ ਦਾ ਨੜੂਆ ਨੱਪਿਆ ਹੁੰਦਾ ਉਥੇ ਹੀ ਉਨ੍ਹਾਂ ਦੀਆਂ ਜੜ੍ਹਾਂ ਹੁੰਦੀਆਂ ਨੇ। ਇਸ ਗੱਲ ਦੀ ਮੈਨੂੰ ਹੁਣ ਸਮਝ ਲੱਗੀ ਆ।’’
****
ਮੇਰੀ ਉਸ ਨਾਲ ਮੁਲਾਕਾਤ ਔਕਸਫੋਰਡ ਯੂਨੀਵਰਸਿਟੀ, ਇੰਗਲੈਂਡ ’ਚ ਇਕ ਸੈਮੀਨਾਰ ਦੌਰਾਨ ਹੋਈ ਸੀ। ਇਸ ਸੈਮੀਨਾਰ ਦਾ ਵਿਸ਼ਾ ਸੀ : ਇੰਡੋ-ਪਾਕਿ ਵੰਡ ਵਿੱਚ ਨਹਿਰੂ ਤੇ ਜਿਨਾਹ ਦਾ ਰੋਲ : ਸਾਈਕੋਏਨਾਲੈਟਿਕ ਅਧਿਐਨ। ਜਿਸ ਹੋਟਲ ਵਿੱਚ ਸਾਨੂੰ ਠਹਿਰਾਇਆ ਗਿਆ ਸੀ ਉਸ ਵਿੱਚ ਮੇਰਾ ਕਮਰਾ ਪ੍ਰੋ. ਜਾਵੇਦ ਦੇ ਨਾਲ ਲੱਗਦਾ ਸੀ। ਦੋ ਤਿੰਨ ਮੁਲਾਕਾਤਾਂ ਬਾਅਦ ਅਸੀਂ ਆਪਸ ਵਿੱਚ ਘੁਲ ਮਿਲ ਗਏ ਸੀ। ਸਾਨੂੰ ਲੱਗਿਆ ਹੀ ਨਹੀਂ ਸੀ ਕਿ ਅਸੀਂ ਪਹਿਲੀ ਵਾਰ ਮਿਲੇ ਸੀ। ਅਸੀਂ ਆਪਣੀ ਭਾਸ਼ਾ ਵਿੱਚ ਗੱਲਾਂ ਕੀਤੀਆਂ ਸਨ। ਜਦੋਂ ਮੈਂ ਉਸ ਨੂੰ ਆਪਣੇ ਸ਼ਹਿਰ ਨੂਰਮਹਿਲ ਬਾਰੇ ਦੱਸਿਆ ਸੀ ਤਾਂ ਉਸ ਕਿੰਨਾ ਹੀ ਚਿਰ ਜੱਫੀ ਪਾਈ ਰੱਖੀ ਸੀ। ਫੇਰ ਮੇਰਾ ਹੱਥ ਘੁਟਦਿਆਂ ਕਿਹਾ ਸੀ, ‘‘ਮੈਨੂੰ ਮੇਰੇ ਵਡੇਰਿਆਂ ਦੀ ਭੌਂਅ ਦਾ ਬੰਦਾ ਮਿਲ ਗਿਆ। ਖੌਰੇ ਮੇਰਾ ਕੰਮ ਸੌਖਾ ਹੋ ਜਾਵੇ।’’ ਮੇਰੇ ਕਈ ਵਾਰ ਪੁੱਛਣ ’ਤੇ ਵੀ ਉਸ ਆਪਣੇ ਕੰਮ ਬਾਰੇ ਕੁਝ ਨਹੀਂ ਦੱਸਿਆ ਸੀ। ਬੱਸ ਕਿਹਾ ਸੀ, ‘‘ਜਿਗਰਾ ਰੱਖ। ਮੈਂ ਤਾਂ ਹਰ ਰੋਜ਼ ਤੇਰੀ ਸੰਗਤ ਮਾਨਣੀ ਆ।’’ ਜਲਦੀ ਹੀ ਸਾਡੇ ਨਾਲ ਡਾ. ਕਲੇਰ ਵੀ ਆ ਰਲਿਆ ਸੀ।
ਇਹ ਸੈਮੀਨਾਰ ਇਕ ਹਫਤੇ ਦਾ ਸੀ।
ਤੀਜੇ ਦਿਨ ਦੂਜੇ ਸੈਸ਼ਨ ਵਿੱਚ ਕਾਂਗਰਸ ਪ੍ਰਧਾਨ ਕ੍ਰਿਪਾਲਾਨੀ ਦਾ ਕਾਂਗਰਸ ਅਧਿਵੇਸ਼ਨ ’ਚ ਦਿੱਤਾ ਗਿਆ ਭਾਸ਼ਨ ਬਹਿਸ ਦਾ ਮੁੱਦਾ ਬਣਿਆ ਸੀ, ‘‘ਮੈਂ ਕੁਝ ਦੰਗਾ ਪੀੜਤ ਇਲਾਕਿਆਂ ਤੋਂ ਆਇਆ ਹਾਂ। ਇਕ ਜਗ੍ਹਾ ਮੈਂ ਇਕ ਖੂਹ ਦੇਖਿਆ ਜਿਸ ਵਿੱਚ ਔਰਤਾਂ ਨੇ ਆਪਣੇ ਬੱਚਿਆਂ ਸਮੇਤ  ਛਾਲ ਮਾਰ ਕੇ ਆਪਣੀ ਜਾਨ ਬਚਾਈ ਸੀ। ਇਕ ਹੋਰ ਜਗ੍ਹਾ ਇਕ ਮੰਦਰ ਵਿੱਚ ਬੰਦਿਆਂ ਨੇ ਇਸੇ ਕਾਰਨ ਪੰਜਾਹ ਮੁਟਿਆਰਾਂ ਨੂੰ ਮਾਰ ਸੁੱਟਿਆ। ਇਕ ਘਰ ਵਿੱਚ ਮੈਂ ਹੱਡੀਆਂ ਦੇ ਢੇਰ ਦੇਖੇ ਜਿੱਥੇ 107 ਵਿਅਕਤੀ, ਜਿਨ੍ਹਾਂ ਵਿੱਚ ਵਧੇਰੇ ਇਸਤਰੀਆਂ ਤੇ ਬੱਚੇ ਸੀ, ਹਮਲਾਵਰਾਂ ਨੇ ਘੇਰ ਕੇ ਇਕ ਘਰ ਵਿੱਚ ਬੰਦ ਕਰ ਦਿੱਤੇ। ਫੇਰ ਜਿਉਂਦੇ ਸਾੜ ਦਿੱਤੇ। ਕੁਝ ਮੈਂਬਰਾਂ ਨੇ ਸਾਡੇ ਤੇ ਦੋਸ਼ ਲਾਇਆ ਕਿ ਅਸੀਂ ਡਰ ਦੇ ਮਾਰਿਆਂ ਇਹ ਫੈਸਲਾ ਕੀਤਾ ਹੈ। ਮੈਂ ਇਸ ਦੇ ਸੱਚ ਨੂੰ ਸਵੀਕਾਰ ਕਰਦਾ ਹਾਂ ਪਰ ਉਸ ਅਰਥ ਵਿੱਚ ਨਹੀਂ ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਹੈ। ਇਹ ਡਰ ਪ੍ਰਾਣਹਾਨੀ ਦਾ ਜਾਂ ਵਿਧਵਾਵਾਂ ਤੇ ਅਨਾਥਾਂ ਦੇ ਰੁਦਨ ਦਾ ਜਾਂ ਅਨੇਕਾਂ ਘਰਾਂ ਦੇ ਸਾੜੇ ਜਾਣ ਦਾ ਨਹੀਂ ਹੈ। ਡਰ ਇਹ ਹੈ ਕਿ ਅਸੀਂ ਐਦਾਂ ਹੀ ਕਰਦੇ ਰਹੇ, ਇਕ ਦੂਜੇ ਤੋਂ ਬਦਲਾ ਲੈਂਦੇ ਰਹੇ ਤੇ ਅਪਮਾਨ ਤੇ ਅਪਮਾਨ ਕਰਦੇ ਰਹੇ ਤਾਂ ਆਖਰ ਸਾਡੀ ਸਥਿਤੀ ਮਾਨਵ ਭਕਸ਼ੀਆਂ ਵਰਗੀ ਤੇ ਉਸ ਤੋਂ ਬੁਰੀ ਹੋ ਜਾਵੇਗੀ। ਇਨ੍ਹਾਂ ਦੁਖੀ ਪ੍ਰਸਥਿਤੀਆਂ ’ਚ ਮੈਂ ਭਾਰਤ ਦੀ ਵੰਡ ਦਾ ਸਮਰਥਨ ਕੀਤਾ ਹੈ।’’
ਜਰਮਨੀ ਤੋਂ ਆਏ ਡਾ. ਸਪੈਨਸਰ ਨੇ ਕਿਸੇ ਪੁਸਤਕ ’ਚੋਂ ਸ. ਪਟੇਲ ਦੇ ਵਿਚਾਰ ਪੜ੍ਹ ਕੇ ਸੁਣਾਏ ਸਨ, ‘‘ਕਾਂਗਰਸ ਪਾਕਿਸਤਾਨ ਦੇ ਵਿਰੁੱਧ ਹੈ, ਫੇਰ ਵੀ ਸਦਨ ਦੇ ਸਾਹਮਣੇ ਜੋ ਪ੍ਰਸਤਾਵ ਹੈ, ਇਹ ਵੰਡ ਨੂੰ ਸਵੀਕਾਰ ਕਰਦਾ ਹੈ। ਮਹਾਸਮਿਤੀ ਇਸ ਨੂੰ ਪਸੰਦ ਕਰੇ ਜਾਂ ਨਾ ਕਰੇ ਅਸਲ ਵਿੱਚ ਪੰਜਾਬ ਤੇ ਬੰਗਾਲ ਦੋਹਾਂ ’ਚ ਪਹਿਲਾਂ ਤੋਂ ਹੀ ਪਾਕਿਸਤਾਨ ਮੌਜੂਦ ਹੈ। ਅਜਿਹੀ ਪ੍ਰਸਥਿਤੀ ’ਚ ਮੈਂ ਅਸਲੀ ਪਾਕਿਸਤਾਨ ਨੂੰ ਜ਼ਿਆਦਾ ਪਸੰਦ ਕਰਾਂਗਾ ਕਿਉਂਕਿ ਫੇਰ ਉਨ੍ਹਾਂ ਲੋਕਾਂ ਦੀ ਜ਼ੁੰਮੇਵਾਰੀ ਦਾ ਕੁਝ ਖਿਆਲ ਰਹੇਗਾ।’’
ਪ੍ਰੋ. ਜਾਵੇਦ ਆਪਣੀ ਕੁਰਸੀ ਤੋਂ ਉਠ ਕੇ ਖੜ੍ਹ ਗਿਆ ਸੀ। ਉਸ ਸਮਾਂ ਲੈ ਕੇ ਆਪਣੀ ਗੱਲ ਸ਼ੁਰੂ ਕੀਤੀ ਸੀ, ‘‘ਮੈਂ ਸਬੂਤ ਪੇਸ਼ ਕਰ ਸਕਦਾ ਹਾਂ ਕਿ ਕਾਇਦੇ ਆਜਮ ਜਿਨਾਹ ਆਖਰ ਤੱਕ ਪਾਕਿਸਤਾਨ ਨਹੀਂ ਚਾਹੁੰਦੇ ਸਨ। ਕੈਬਨਿਟ ਮਿਸ਼ਨ ਦੀ ਯੋਜਨਾ ਸੰਬੰਧੀ 2 ਜੂਨ, 1947 ਨੂੰ ਜਿਨਾਹ ਮਾਊਂਟਬੇਟਨ ਨੂੰ ਮਿਲਣ ਗਏ ਸਨ। ਕਾਂਗਰਸ ਨੇ ਇਸ ਯੋਜਨਾ ਨੂੰ ਪਹਿਲਾਂ ਹੀ ਮੰਨ ਲਿਆ ਸੀ। ਜਿਨਾਹ ਨੇ ਨਹੀਂ। ਮਾਊਂਟਬੇਟਨ ਨੇ ਕਿਹਾ ਸੀ, ‘ਇਸ ਤਰ੍ਹਾਂ ਤੁਸੀਂ ਆਪ ਆਪਣਾ ਪਾਕਿਸਤਾਨ ਹਮੇਸ਼ਾ ਲਈ ਖੋਹ ਦੇਉਗੇ,’ ਤਾਂ ਅੱਗੋਂ ਜਿਨਾਹ ਨੇ ਇਕ ਲਾਇਨ ਵਿੱਚ ਜਵਾਬ ਦਿੱਤਾ ਸੀ, ‘ਜੋ ਹੋਣਾ ਹੈ ਉਹੀ ਹੋਵੇਗਾ।’ ਕਿੰਨੀ ਮਹੱਤਵਪੂਰਨ ਗੱਲ ਸੀ ਕਿ ਕਾਇਦੇ ਆਜਮ ਇਤਿਹਾਸ ਦੇ ਇਸ ਅਤਿ ਮਹੱਤਵਪੂਰਨ ਤੇ ਫੈਸਲਾਕੁੰਨ ਪਲ ਵਿੱਚ ਵੀ ਕੋਈ ਅਹਿਮ ਫੈਸਲਾ ਲੈਣ ਤੋਂ ਪਿੱਛੇ ਹੱਟ ਰਹੇ ਸੀ।’’
ਪ੍ਰੋ. ਜਾਵੇਦ ਦੇ ਵਿਚਾਰਾਂ ਤੇ ਤੱਥਾਂ ਨੇ ਇਕ ਵਾਰ ਤਾਂ ਹਾਲ ਵਿੱਚ ਸੁੰਨ ਵਰਤਾ ਦਿੱਤੀ ਸੀ। ਉੱਥੇ ਬੈਠੇ ਵਿਦਵਾਨਾਂ ਦੇ ਮਨਾਂ ਵਿੱਚ ਇਹ ਪ੍ਰਸ਼ਨ ਖੌਰੂ ਪਾਉਣ ਲੱਗਾ ਸੀ ਕਿ ਕੀ ਪ੍ਰੋ. ਜਾਵੇਦ ਅਜਿਹਾ ਪਹਿਲਾ ਮੁਸਲਮਾਨ ਸੀ ਜਿਸ ਪਾਕਿਸਤਾਨ ਬਣਨ ਦਾ ਵਿਰੋਧ ਕੀਤਾ ਹੈ ਜਾਂ ਉਸ ਦੇ ਅੰਦਰ ਇਹ ਗੱਲ ਘਰ ਕਰ ਗਈ ਸੀ ਕਿ ਕਾਇਦੇ ਆਜ਼ਮ ਪਾਕਿਸਤਾਨ ਨਹੀਂ ਚਾਹੁੰਦੇ ਹਨ। ਉਸ ਦੇ ਵਿਚਾਰ ਤਾਂ ਪਾਕਿਸਤਾਨ ਦੇ ਵਿਰੁੱਧ ਸਨ। ਏਸੇ ਗੱਲ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ ਸੀ। ਕਈਆਂ ਨੇ ਉੱਠ ਕੇ ਉਸ ਵੱਲ ਉਚੇਚਾ ਦੇਖਿਆ ਵੀ ਸੀ।
ਪਿੱਛੋਂ ਕਿਸੇ ਵਿਦਵਾਨ ਨੇ ਕਹਿਣਾ ਸ਼ੁਰੂ ਕੀਤਾ ਸੀ, ‘‘ਮੈਂ ਪ੍ਰੋ. ਜਾਵੇਦ ਦੀ ਗੱਲ ਨਾਲ ਸਹਿਮਤ ਨਹੀਂ ਹਾਂ। ਬਾਈ-ਚੌਵੀ ਮਾਰਚ, 1940 ਨੂੰ ਲਾਹੌਰ ’ਚ ਮੁਸਲਿਮ ਲੀਗ ਦਾ 27ਵਾਂ ਇਤਿਹਾਸਿਕ ਸੈਸ਼ਨ ਹੋਇਆ ਜਿਸ ’ਚ ਕਾਇਦੇ ਆਜਮ ਜਿਨਾਹ ਨੇ ਕਿਹਾ ਸੀ, ‘ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਧਾਰਮਿਕ ਦਰਸ਼ਨ, ਸਮਾਜਿਕ ਰੀਤੀ ਰਿਵਾਜ਼ ਤੇ ਵੱਖ-ਵੱਖ ਸਾਹਿਤ ਦੇ ਹਨ। ਉਹ ਨਾ ਆਪਸ ’ਚ ਸ਼ਾਦੀ ਕਰ ਸਕਦੇ ਨੇ ਨਾ ਨਾਲ ਖਾਣਾ ਖਾ ਸਕਦੇ ਨੇ। ਅਸਲ ਵਿੱਚ ਇਹ ਦੋ ਅਲਗ ਸਭਿਆਤਾਵਾਂ ਨੇ ਜੋ ਵਿਰੋਧੀ ਵਿਚਾਰਧਾਰਾਵਾਂ ਤੇ ਭਾਵਨਾਵਾਂ ਤੇ ਅਧਾਰਿਤ ਨੇ। ਉਨ੍ਹਾਂ ਦੇ ਮਹਾਂਕਾਵਿ ਅਲੱਗ ਨੇ। ਉਨ੍ਹਾਂ ਦੇ ਨਾਇਕ ਅਲੱਗ ਨੇ ਤੇ ਕਥਾਵਾਂ ਵੀ ਅਲੱਗ ਨੇ। ਅਕਸਰ ਇਕ ਦਾ ਨਾਇਕ ਦੂਜੇ ਲਈ ਖਲਨਾਇਕ ਹੈ। ਏਸੇ ਤਰ੍ਹਾਂ ਉਨ੍ਹਾਂ ਦੀ ਹਾਰ ਤੇ ਜਿੱਤ ਵੀ ਅਲੱਗ ਹੈ।..........।’’
ਸਮਾਂ ਪੂਰਾ ਹੋਣ ਕਰਕੇ ਉਸ ਵਿਦਵਾਨ ਕੋਲੋਂ ਉਸ ਦੀ ਗੱਲ ਪੂਰੀ ਨਹੀਂ ਹੋਈ ਸੀ।
ਇਸ ਸੈਸ਼ਨ ’ਚ ਬਹੁਤ ਹੀ ਵਿਚਾਰ ਉਤੇਜਿਕ ਗੱਲਾਂ ਹੋਈਆਂ ਸਨ।
ਰਾਤ ਨੂੰ ਮਹਿਫਲ ਮੇਰੇ ਕਮਰੇ ਵਿੱਚ ਸਜੀ ਸੀ। ਅਸੀਂ ਚਾਹੁੰਦੇ ਸੀ ਕਿ ਇੰਡੋ-ਪਾਕਿ ਵੰਡ ਨੂੰ ਛੱਡ ਕੇ ਕੁਝ ਹੋਰ ਗੱਲਾਂ ਕਰੀਏ। ਪਰ ਡਾ. ਕਲੇਰ ਨੇ ਡਾ. ਸਪੈਨਸਰ ਨੂੰ ਬੁਲਾ ਲਿਆ ਸੀ। ਡਾ. ਕਲੇਰ ਨੇ ਕਿਹਾ ਸੀ, ‘‘ਦੋਸਤੋ-ਹੁਣ ਅਸੀਂ ਆਫ ਦੀ ਰਿਕਾਰਡ ਗੱਲਾਂ ਕਰਾਂਗੇ।’’
ਥੋੜ੍ਹੇ ਚਿਰ ਬਾਅਦ ਹੀ ਅਸੀਂ ਸੈਮੀਨਾਰ ਨਾਲੋਂ ਵੀ ਜ਼ਿਆਦਾ ਗੰਭੀਰ ਗੱਲਾਂ ਕੀਤੀਆਂ ਸਨ।
ਡਾ. ਸਪੈਨਸਰ ਨੇ ਚੁਣ-ਚੁਣ ਕੇ ਸ਼ਬਦਾਂ ’ਚ ਦੱਸਿਆ ਸੀ, ‘‘ਮੇਰਾ ਹੁਣ ਤੱਕ ਦਾ ਤਜ਼ਰਬਾ ਇਹੀ ਦੱਸਦਾ ਕਿ ਤੁਸੀਂ ਏਸ਼ੀਅਨ ਲੋਕ ਤੱਥਾਂ ਨੂੰ ਤੋੜ ਮਰੋੜ ਕੇ ਦੱਸਦੇ ਹੋ। ਆਪਣੇ ’ਤੇ ਕੋਈ ਦੋਸ਼ ਨ੍ਹੀਂ ਲੈਂਦੇ। ਏਸੇ ਕਰਕੇ ਕੋਈ ਵੀ ਗੱਲ ਨਿਖਰ ਕੇ ਸਾਹਮਣੇ ਨ੍ਹੀਂ ਆਉਂਦੀ। ਮੈਂ ਹੀ ਨੀਂ-ਜਿਹੜਾ ਵੀ ਜਣਾ ਇੰਡੋ-ਪਾਕ ਵੰਡ ਵੇਲੇ ਦੀ ਹਾਲਤਾਂ ਦੀ ਘੋਖ ਕਰੇਗਾ, ਉਹਨੂੰ ਜ਼ਖਮ ਹੀ ਜ਼ਖਮ ਦਿੱਸਣਗੇ। ਇਹ ਅਜੇ ਕਈ ਸਾਲ ਅੱਲ੍ਹੇ ਰਹਿਣਗੇ। ਤੇ ਅੱਲ੍ਹੇ ਜ਼ਖਮ ਬਹੁਤ ਤੰਗ ਕਰਦੇ ਹੁੰਦੇ ਆਂ।...ਹੁਣ ਮੈਂ ਆਪਣੀ ਗੱਲ ਮਹਾਤਮਾ ਗਾਂਧੀ ਤੋਂ ਸ਼ੁਰੂ ਕਰਦਾ ਹਾਂ। ਉਦੋਂ ਉਹਨਾਂ ਦੀ ਉਮਰ 78 ਸਾਲਾਂ ਦੀ ਸੀ। ਨਹਿਰੂ ਤੇ ਸਰਦਾਰ ਪਟੇਲ ਨੇ ਇੰਡੋ-ਪਾਕਿ ਵੰਡ ਨੂੰ ਸਵੀਕਾਰ ਕਰ ਲਿਆ ਸੀ। ਇਸ ਸੰਬੰਧੀ ਉਹਨਾਂ ਗਾਂਧੀ ਨੂੰ ਉਹਲੇ ’ਚ ਰੱਖਿਆ ਸੀ। ਜਦੋਂ ਗਾਂਧੀ ਨੂੰ ਪਤਾ ਲੱਗਾ ਤਾਂ ਉਹ ਕਸੂਤੀ ਸਥਿਤੀ ’ਚ ਫਸ ਗਏ ਸੀ। ਉਹ ਜਾਣਦੇ ਸਨ ਕਿ ਪਾਰਟੀ ’ਤੇ ਸਰਦਾਰ ਪਟੇਲ ਦੀ ਪਕੜ ਮਜ਼ਬੂਤ ਹੈ। ਨਹਿਰੂ ਦੀ ਜਨਤਾ ’ਤੇ। ਜੇ ਗਾਂਧੀ ਉਹਨਾਂ ਦੋਹਾਂ ਦਾ ਖੁੱਲ੍ਹ ਕੇ ਵਿਰੋਧ ਕਰਦੇ ਤਾਂ ਗਾਂਧੀ, ਕਾਂਗਰਸ ਤੇ ਭਾਰਤ ਦੀ ਆਜ਼ਾਦੀ, ਤਿੰਨਾਂ ਦੀ ਸਥਿਤੀ ਬਹੁਤ ਹੀ ਸੰਕਟਮਈ ਹੋ ਜਾਣੀ ਸੀ। ਦੂਜੀ ਵੱਡੀ ਗੱਲ ਉਨ੍ਹਾਂ ’ਚ ਹੁਣ ਪਹਿਲਾਂ ਜਿੰਨੀ ਸ਼ਕਤੀ ਵੀ ਨਹੀਂ ਰਹੀ ਸੀ।’’
ਡਾ. ਕਲੇਰ ਨੇ ਡਾ. ਸਪੈਨਸਰ ਨੂੰ ਟੋਕਿਆ ਸੀ, ‘‘ਗਾਂਧੀ ਜੀ ਨੇ ਤਾਂ ਅੰਗਰੇਜ਼ਾਂ ਨੂੰ ਇਹ ਵੀ ਕਿਹਾ ਸੀ-ਤੁਸੀਂ ਜਾਉ, ਸਾਨੂੰ ਰੱਬ ਦੇ ਆਸਰੇ ਛੱਡ ਦਿਓ। ਬਰਬਾਦੀ ’ਚ ਛੱਡ ਦਿਓ। ਅਸੀਂ ਆਪਸ ਵਿੱਚ ਤਹਿ ਕਰ ਲਵਾਂਗੇ ਪਰ ਤੁਸੀਂ ਚਲੇ ਜਾਉ।’’
‘‘ਗਾਂਧੀ ਨੇ ਮਾਊਂਟਬੇਟਨ ਨਾਲ ਦੂਜੀ ਮੁਲਾਕਾਤ ’ਚ ਹੀ ਕਹਿ ਦਿੱਤਾ ਸੀ ਕਿ ਜਿਨਾਹ ਤੇ ਮੁਸਲਿਮ ਲੀਗ ਨੂੰ ਕੇਂਦਰ ’ਚ ਸਰਕਾਰ ਬਣਾਉਣ ਦਿੱਤੀ ਜਾਵੇ। ਜਿਨਾਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੇ ਜਿਵੇਂ ਚਾਹੁਣ ਦੇਸ਼ ਚਲਾਉਣ। ਅੱਗੋਂ ਮਾਊਂਟਬੇਟਨ ਨੇ ਪੁੱਛਿਆ ਸੀ, ‘ਜਿਨਾਹ ਤੇ ਇਸ ਦੀ ਕੀ ਪ੍ਰਤੀਕਿਰਿਆ ਹੋਵੇਗੀ?’’ ਗਾਂਧੀ ਨੇ ਉੱਤਰ ਦਿੱਤਾ ਸੀ, ‘ਫੇਰ ਇਹੀ-ਉਹੀ ਕਪਟੀ ਗਾਂਧੀ।’’
‘‘ਪਰ ਪਟੇਲ ਤੇ ਨਹਿਰੂ ਇਹ ਨਹੀਂ ਚਾਹੁੰਦੇ ਸਨ।’’
‘‘ਵੰਡ ਦੀ ਯੋਜਨਾ ਵੀ. ਪੀ. ਮੇਨਨ ਨੇ ਤਿਆਰ ਕੀਤੀ-ਉੱਚਕਾਲੀਨ ਹਿੰਦੂ ਨੇ- ਮੁਸਲਿਮ ਲੀਗ ਤੋਂ ਲਕੋ ਕੇ।’’
‘‘ਹਾਂ, ਗਾਂਧੀ ਜੀ ਨੇ ਕਿਹਾ ਸੀ, ਮੈਂ ਮੰਨਦਾਂ। ਪਰ ਜਿਵੇਂ ਮੈਂ ਸੈਮੀਨਾਰ ’ਚ ਵੀ ਕਿਹਾ ਸੀ  ਤੇ ਪ੍ਰੋ. ਜਾਵੇਦ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਜਿਨਾਹ ਇੰਡੋ-ਪਾਕਿ ਵੰਡ ਲਈ ਜ਼ੁੰਮੇਵਾਰ ਨਹੀਂ ਸਨ-ਹੁਣ ਵੀ ਆਪਣੇ ਵਿਚਾਰਾਂ ਤੇ ਜਿਉਂ ਦਾ ਤਿਉਂ ਖੜ੍ਹਾ ਹਾਂ। ਸਾਰੇ ਸਕਾਲਰ ਤੱਥਾਂ ਨੂੰ ਇਤਿਹਾਸਿਕ ਤੱਥਾਂ ਨਾਲ ਜੋੜ ਕੇ ਦੇਖਦੇ। ਮੈਂ ਇਕ ਹੋਰ ਪਾਸਿਓਂ ਵੀ ਸੋਚਣਾ ਸ਼ੁਰੂ ਕੀਤਾ ਹੈ। ਸ਼ਾਇਦ ਮੈਂ ਸਹੀ ਹੋਵਾਂ। ਇਹ ਹੈ ਮਨੁੱਖੀ ਜੀਨਸ। ਜਿਨਾਹ ਹੋਰੀਂ ਦੋ ਪੀੜ੍ਹੀਆਂ ਪਹਿਲਾਂ ਹਿੰਦੂ ਸਨ। ਕੀ ਕਿਤੇ ਨਾ ਕਿਤੇ ਉਹਨਾਂ ਦੇ ਖੂਨ ’ਚ ਹਿੰਦੂ ਧਰਮ ਨਹੀਂ ਸਮਾਇਆ ਹੋਇਆ ਸੀ। ਜਿਨਾਹ ਨੇ ਨਾ ਕਦੇ ਹਿੰਦੂ ਧਰਮ ਤੇ ਨਾ ਹੀ ਹਿੰਦੂਆਂ ਦੇ ਖਿਲਾਫ਼ ਅਪ ਸ਼ਬਦ ਬੋਲਿਆ ਸੀ। ਜਿੰਨੀ ਇੱਜ਼ਤ ਉਹ ਤਿਲਕ ਤੇ ਗੋਖਲੇ ਨੂੰ ਦਿੰਦੇ ਸੀ ਉਨੀਂ ਕਿਸੇ ਮੁਸਲਮਾਨ ਨੂੰ ਨਹੀਂ।’’
ਇਕ ਵਾਰ ਤਾਂ ਸਾਡੇ ਮੂੰਹਾਂ ਨੂੰ ਜਿੰਦਰੇ ਲੱਗ ਗਏ ਸਨ।
ਜਲਦੀ ਹੀ ਪ੍ਰੋ. ਜਾਵੇਦ ਨੇ ਕਮਾਂਡ ਆਪਣੇ ਹੱਥਾਂ ’ਚ ਲੈ ਲਈ ਸੀ, ‘‘ਯਾਰੋ-ਗੱਲ ਤਾਂ ਐਨੀ ਕੁ ਸੀ ਕਿ ਜੇ ਇਸ ਗੱਲ ਨੂੰ ਕਾਂਗਰਸ ਇਕ ਵਾਰ ਵੀ ਮੰਨ ਲੈਂਦੀ ਕਿ ਜਿਨਾਹ ਤੇ ਮੁਸਲਿਮ ਲੀਗ ਮੁਸਲਮਾਨਾਂ ਦੇ ਪ੍ਰਤੀਨਿੱਧੀ ਨੇ ਤਾਂ ਸ਼ਾਇਦ ਗੱਲ ਐਨੀ ਨਾ ਵੱਧਦੀ। ਸਾਡਾ ਇਤਿਹਾਸ ਹੋਰ ਹੀ ਹੁੰਦਾ।’’
ਡਾ. ਕਲੇਰ ਨੇ ਇਤਿਹਾਸ ਦਾ ਇਕ ਹੋਰ ਪੰਨਾ ਖੋਲ੍ਹ ਦਿੱਤਾ ਸੀ, ‘‘ਚਲੋ ਇਸਲਾਮ ਧਰਮ ਤੋਂ ਹੀ ਸ਼ੁਰੂ ਕਰ ਲਓ। ਮੁਹੰਮਦ ਇਕਬਾਲ ਨੇ ਇਕ ਵਾਰ ਕਿਹਾ ਸੀ ਕਿ ਇਤਿਹਾਸ ’ਚ ਸੰਕਟ ਵੇਲੇ ਇਸਲਾਮ ਨੇ ਮੁਸਲਮਾਨਾਂ ਦੀ ਰੱਖਿਆ ਕੀਤੀ ਹੈ। ਨਾ ਕਿ ਮੁਸਲਮਾਨਾਂ ਨੇ ਇਸਲਾਮ ਦੀ। ਜੇ ਤੁਸੀਂ ਆਪਣਾ ਧਿਆਨ ਇਸਲਾਮ ਤੇ ਕੇਂਦਰਤ ਕਰੋ ਤੇ ਉਸ ’ਚ ਸਮੋਈ ਉਜਵਲ ਵਿਚਾਰਧਾਰਾ ਤੋਂ ਪ੍ਰੇਰਨਾ ਲਓ ਤਾਂ ਤੁਹਾਡੀ ਖਿਲਰੀ ਹੋਈ ਸ਼ਕਤੀ ਫੇਰ ਤੋਂ ਇਕੱਠੀ ਹੋ ਜਾਵੇਗੀ। ਮੈਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਵੀ ਹਾਂ ਤੇ ਨਹੀਂ ਵੀ। ਤੁਸੀਂ ਪੁੱਛੋਗੇ ਨਹੀਂ ਕਿਵੇਂ? ਹਿੰਦੋਸਤਾਨ ਦੇ ਲੱਗਪਗ ਸਾਰੇ ਹੀ ਮੁਸਲਮਾਨਾਂ ਦੀ ਸਭ ਤੋਂ ਅਹਿਮ ਸਮੱਸਿਆ ਇਹ ਸੀ ਕਿ ਉਨ੍ਹਾਂ ਦਾ ਧਰਮ ਵਿਦੇਸ਼ੀ ਸੀ। ਉਨ੍ਹਾਂ ਦੇ ਧਾਰਮਿਕ ਫੈਸਲੇ ਕਿਸੇ ਨਾ ਕਿਸੇ ਰੂਪ ਨਾਲ ਤੁਰਕੀ ਜਾਂ ਹੋਰ ਥਾਵਾਂ ਤੋਂ ਪ੍ਰਭਾਵਿਤ ਹੁੰਦੇ ਸਨ। ਇਸ ਤੋਂ ਵੱਡੀ ਗੱਲ ਇਹ ਸੀ ਕਿ ਉਨ੍ਹਾਂ ਨੂੰ ਅਸਲੀ ਮੁਸਲਮਾਨ ਨਹੀਂ ਮੰਨਿਆ ਜਾਂਦਾ ਸੀ। ਇਸਲਾਮ ਅਰਬੀ ਧਰਮ ਹੈ। ਜੋ ਅਰਬੀ ਨਹੀਂ ਹੈ ਪਰ ਮੁਸਲਮਾਨ ਹੈ, ਉਹ ਪਰਿਵਰਤਿਤ ਹੈ। ਇੱਥੇ ਮੁਸਲਮਾਨਾਂ ਦੀ ਅਜਿਹੀ ਸਥਿਤੀ ਸੀ ਕਿ ਇਕ ਬੰਨੇ ਉਨ੍ਹਾਂ ਦੀ ਮਾਤਰ ਭੂਮੀ ਸੀ, ਜਿੱਥੇ ਉਹ ਜੰਮੇ ਪਲੇ ਸੀ। ਦੂਜੇ ਬੰਨੇ ਉਨ੍ਹਾਂ ਦੀ ਆਸਥਾ ਸੀ ਜਿਸ ਦਾ ਸਭ ਕੁਝ ਅਰਬ ’ਚ ਸੀ। ਜਦੋਂ ਵਿਦੇਸ਼ੀ ਮੁਸਲਮਾਨ ਇੰਡੀਆ ’ਚ ਆਏ ਤਾਂ ਉਹ ਆਪਣੇ ਨਾਲ ਔਰਤਾਂ ਤੇ ਬੱਚੇ ਨਹੀਂ ਲਿਆਏ। ਇੱਥੇ ਇਕ ਅਜੀਬ ਕਿਸਮ ਦਾ ਇਸਲਾਮੀ ਰਾਜ ਫੈਲਿਆ। ਕਈ ਪੱਧਰਾਂ ਤੇ ਇਹ ਵੱਖ-ਵੱਖ ਰੂਪਾਂ ਵਿੱਚ ਦੇਸ਼ ਦੇ ਮੂਲ ਨਿਵਾਸੀਆਂ ਨਾਲ ਜੁੜਿਆ ਹੋਇਆ ਸੀ।’’
ਪ੍ਰੋ. ਜਾਵੇਦ ਨੇ ਆਮ ਨਾਲੋਂ ਉੱਚੀ ਆਵਾਜ਼ ’ਚ ਕਿਹਾ ਸੀ, ‘‘ਇੰਡੀਆ ’ਚ ਜਿੰਨੇ ਵੀ ਮੁਗਲ ਬਾਦਸ਼ਾਹ, ਸੰਤ, ਸੂਫ਼ੀ ਰਹੇ, ਕਿਸੇ ਨੇ ਵੀ ਬਾਹਰ ਦੇ ਖਲੀਫ਼ਾ ਜਾਂ ਪਾਸ਼ਾ ਪ੍ਰਤੀ ਆਪਣੀ ਸ਼ਰਧਾ ਜਾਂ ਸਰੋਕਾਰ ਨਹੀਂ ਰੱਖਿਆ ਸੀ। ਮੈਨੂੰ ਇਸ ਦੀ ਇਕ ਵੀ ਉਦਾਹਰਨ ਕਿਤੋਂ ਨਹੀਂ ਮਿਲਦੀ। ਇਸ ਦੇਸ਼ ਦੇ ਹਿੰਦੂ ਵੀ ਬਾਹਰੋਂ ਆਏ ਸੀ। ਮੁਸਲਮਾਨ ਵੀ। ਉਨ੍ਹਾਂ ਲਈ ਇਹ ਧਰਤੀ ਉਨ੍ਹਾਂ ਦੀ ਮਾਤਰ ਭੂਮੀ ਹੈ। ਸਾਡੇ ਲਈ ਇੰਨ ਬਿੰਨ ਓਦਾਂ ਹੀ। ਇੰਡੀਆ ’ਚ ਐਨੇ ਸਾਲ ਇਕੱਠੇ ਰਹਿਣ ਨਾਲ ਸਾਡਾ ਖ਼ੂਨ ਬਦਲ ਗਿਆ ਸੀ। ਸਾਡੇ ਚਿਹਰੇ ਵੀ ਬਦਲ ਕੇ ਇਕੋ ਜਿਹੇ ਹੋ ਗਏ ਸਨ। ਮੁਸਲਮਾਨਾਂ ਨੇ ਹਿੰਦੂ ਦੇ ਅਨੇਕਾਂ ਰੀਤੀ ਰਿਵਾਜ਼ ਅਪਨਾ ਲਏ ਸੀ। ਹਿੰਦੂਆਂ ਨੇ ਮੁਸਲਮਾਨਾਂ ਦੇ। ਦੋਹੇਂ ਆਪਸ ’ਚ ਐਨਾ ਘੁਲ ਮਿਲ ਗਏ ਸੀ ਕਿ ਉਨ੍ਹਾਂ ਨੇ ਇਕ ਨਵੀਂ ਭਾਸ਼ਾ ਬਣਾ ਲਈ ਸੀ ਜਿਸ ਦਾ ਨਾਂ ਉਰਦੂ ਹੈ। ਨਾ ਇਹ ਹਿੰਦੂਆਂ ਦੀ ਭਾਸ਼ਾ ਹੈ। ਨਾ ਮੁਸਲਮਾਨਾਂ ਦੀ......। ’’
ਡਾ. ਸਪੈਨਸਰ ਨੇ ਪੁੱਛਿਆ ਸੀ, ‘‘ਫੇਰ ਗਲਤੀ ਕਿੱਥੇ ਹੋਈ ਸੀ?’’
ਪ੍ਰੋ. ਜਾਵੇਦ ਨੇ ਸਿੱਧਿਆਂ ਹੀ ਮੇਰੇ ਵੱਲ ਵੇਖਿਆ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਹੁਣ ਚੁੱਪ ਬੈਠ ਕੇ ਨਹੀਂ ਸਰਨਾ। ਕੁਝ ਬੋਲਣਾ ਹੀ ਪੈਣਾ ਸੀ। ਮੈਂ ਆਪਣੀ ਗੱਲ ਇੱਥੋਂ ਸ਼ੁਰੂ ਕੀਤੀ ਸੀ, ‘‘ਡਾ. ਸਪੈਨਸਰ ਆਪਣੀ ਗੱਲ ਸਿੱਧ ਕਰਨ ਲਈ ਮੈਨੂੰ ਪਿਛਾਂਹ ਜਾਣਾ ਪੈ ਰਿਹਾ। ਤਿੰਨ ਮਾਰਚ, 1707 ਨੂੰ ਔਰੰਗਜ਼ੇਬ ਦੀ ਮੌਤ ਹੋਈ। ਇੱਥੋਂ ਹੀ ਮੁਗਲ ਸਲਤਨਤ ਦੀ ਡੌਨਫਾਲ ਸ਼ੁਰੂ ਹੋ ਗਈ। ਔਰੰਗਜ਼ੇਬ ਦੇ ਚੌਥੇ ਮੁੰਡੇ ਮੁਹੰਮਦ ਸ਼ਾਹ ਤੋਂ ਬਾਅਦ ਇੰਡੀਆ ਵੰਡਿਆ ਜਾਣ ਲੱਗਾ। 9 ਅਗਸਤ, 1765 ਕਲਾਇਵ ਇਲਾਹਾਬਾਦ ’ਚ ਸ਼ਾਹ ਆਲਮ ਨੂੰ ਮਿਲਿਆ। ਸ਼ਾਹ ਆਲਮ ਨੇ ਇਕ ਸ਼ਾਹੀ ਫੁਰਮਾਨ ਜਾਰੀ ਕਰਕੇ ਬੰਗਾਲ, ਬਿਹਾਰ ਤੇ ਉੜੀਸਾ ਦੀ ਦੀਵਾਨੀ ਕੰਪਨੀ ਨੂੰ ਦੇ ਦਿੱਤੀ। ਇਹ ਮੁਗਲ ਸਲਤਨਤ ਦੇ ਤਾਬੂਤ ’ਚ ਪਹਿਲਾ ਕਿੱਲ ਸੀ। ਕਾਰਨਵਾਲਿਸ ਨੇ ਪਰਮਾਨੈਂਟ ਸੈਟਲਮੈਂਟ ਦੀ ਨੀਤੀ ਲਾਗੂ ਕੀਤੀ ਤਾਂ ਮੁਸਲਮਾਨ ਜ਼ਿਮੀਦਾਰਾਂ ਦਾ ਆਰਥਿਕ ਆਧਾਰ ਖੇਰੂੰ-ਖੇਰੂੰ ਹੋਣ ਲੱਗਾ। ਹਿੰਦੂ ਪਹਿਲਾਂ ਹੀ ਕੰਪਨੀ ’ਚ ਨੌਕਰੀਆਂ ਕਰਦੇ ਸੀ-ਉਨ੍ਹਾਂ ਨੇ ਮੌਕਾ ਸੰਭਾਲਿਆ। ਅੰਗਰੇਜ਼ੀ ਸਿੱਖਿਆ ਤੇ ਸਰਕਾਰੀ ਨੌਕਰੀਆਂ ’ਚ ਪੱਛੜਦੇ ਹੋਏ ਮੁਸਲਮਾਨ ਹੌਲੀ ਹੌਲੀ ਉਦਯੋਗਾਂ, ਬੈਂਕਾਂ, ਸ਼ੇਅਰ ਬਾਜ਼ਾਰਾਂ, ਵਪਾਰ ਹਰ ਪਾਸਿਉਂ ਪਛੜਣ ਲੱਗੇ। ਉਨ੍ਹਾਂ ਦਾ ਆਤਮ ਗੌਰਵ ਤੇ ਆਤਮ ਵਿਸ਼ਵਾਸ ਵੀ ਖੇਰੂੰ-ਖੇਰੂੰ ਹੋ ਗਿਆ। ਉਨ੍ਹਾਂ ਦਾ ਗੌਰਵਸ਼ਾਲੀ ਅਤੀਤ, ਸ਼ਾਨੋ ਸ਼ੌਕਤ ਤੇ ਉਨ੍ਹਾਂ ਦੇ ਮਹਾਨ ਬਾਦਸ਼ਾਹ ਉਨ੍ਹਾਂ ਲਈ ਬੀਤੇ ਦਿਨਾਂ ਦੀ ਗੱਲ ਹੋ ਗਈ ਸੀ।’’
ਮੈਂ ਸਾਹਮਣੇ ਬੈਠੇ ਪ੍ਰੋ. ਜਾਵੇਦ ਦੀ ਪ੍ਰਤੀਕਿਰਿਆ ਜਾਨਣ ਲਈ ਰੁਕਿਆ ਤਾਂ ਉਸ ਗੱਲ ਅਗਾਂਹ ਤੋਰਨ ਲਈ ਮੈਨੂੰ ਇਸ਼ਾਰਾ ਕੀਤਾ ਸੀ। ਮੈਂ ਫੇਰ ਸ਼ੁਰੂ ਹੋ ਗਿਆ ਸੀ, ‘‘ਵਾਰੇਨ ਹੇਸਿਟੰਗਜ਼ ਨੇ ਇਕ ਵਾਰੀ ਕੰਪਨੀ ਨੂੰ ਚਿੱਠੀ ਲਿਖੀ ਸੀ ਕਿ ਭਾਰਤ ਦੀਆਂ ਪ੍ਰਪੰਰਾਵਾਂ, ਹਿੰਦੂ ਤੇ ਮੁਸਲਿਮ ਬੇਹੱਦ ਮਜ਼ਬੂਤ, ਪ੍ਰਭਾਵਸ਼ਾਲੀ ਤੇ ਪ੍ਰਾਚੀਨ ਹਨ। ਅੰਗਰੇਜ਼ਾਂ ਨੂੰ ਸਮਾਜਿਕ ਤੇ ਨਿਆਇਕ ਕਾਰਨਾਂ ਨਾਲ ਕਿਸੇ ਵੀ ਸਥਿਤੀ ’ਚ ਦਖਲ ਨਹੀਂ ਦੇਣਾ ਚਾਹੀਦਾ। 1857 ਦੀ ਅਸਫਲਤਾ ਤੋਂ ਬਾਅਦ ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਧਰਮਾਂ, ਫਿਰਕਿਆਂ ਤੇ ਰਾਸ਼ਟਰਤਾਵਾਂ ਦੇ ਰੂਪ ਵਿੱਚ ਦੇਖੇ ਜਾਣ ਲੱਗੇ। ਅਜਿਹਾ ਪਹਿਲਾਂ ਕੁਝ ਨਹੀਂ ਸੀ। ਦੇਖਣ ਵਾਲੀ ਗੱਲ ਇਹ ਵੀ ਸੀ ਕਿ 1857 ਦੀਆਂ ਅਸਫਲਤਾਵਾਂ ਮਗਰੋਂ ਬਦਲੇ ਹੋਏ ਹਾਲਾਤਾਂ ’ਚ ਉਹ ਨਵੀਂ ਤਰ੍ਹਾਂ ਦੇ ਘੱਟ ਗਿਣਤੀ ਵਰਗ ਦੇ ਰੂਪ ਵਿੱਚ ਦੇਖ ਰਹੇ ਸੀ। ਭਾਵੇਂ ਉਹ ਪਹਿਲਾਂ ਵੀ ਘੱਟ ਗਿਣਤੀ ਵਿੱਚ ਸੀ ਪਰ ਉਦੋਂ ਉਨ੍ਹਾਂ ਕੋਲ ਰਾਜਨੀਤਿਕ ਸੱਤਾ ਤੇ ਪਾਵਰ ਸੀ। ਹੁਣ ਉਹ ਸੱਤਾਹੀਣ ਤੇ ਹਾਰੇ ਹੋਏ ਸੀ। ਬੌਧਿਕਤਾ ਸੱਯਦ ਅਹਿਮਦ ਤੋਂ ਸ਼ੁਰੂ ਹੋਈ ਸੀ। ਅਹਿਮਦ ਨੇ ਹੀ ਅੰਗਰੇਜ਼ ਸਰਕਾਰ ਨੂੰ ਦੱਸਿਆ ਕਿ ਅੰਗਰੇਜ਼ਾਂ ਨੂੰ ਹਿੰਦੂ ਤੇ ਮੁਸਲਮਾਨ ਸਿਪਾਹੀਆਂ ਦੀਆਂ ਅਲੱਗ-ਅਲੱਗ ਰੇਜ਼ੀਮੈਂਟ ਰੱਖਣੀਆਂ ਚਾਹੀਦੀਆਂ ਹਨ। ਜਿਸ ਨਾਲ ਉਹ ਦੋਵੇਂ ਇਕ ਦੂਜੇ ਨਾਲ ਭਾਵਨਾਤਮਿਕ ਰੂਪ ਨਾਲ ਜੁੜ ਨਾਲ ਸਕਣ। ਇਕ ਨੂੰ ਦਬਾਉਣ ਲਈ ਦੂਜੇ ਦੀ ਵਰਤੋਂ ਕੀਤੀ ਜਾ ਸਕੇ। ਅਹਿਮਦ ਦੇ ਵਿਚਾਰ ਉਸ ਦੀ ਪੁਸਤਕ, ‘ਕਾਸਿਸ ਆਫ ਇੰਡੀਅਨ ਰੀਵੋਲਟ’ ’ਚ ਦਰਜ ਹਨ ਜਿਸ ਦੀਆਂ ਕਿ 500 ਕਾਪੀਆਂ ਛਪੀਆਂ ਸਨ। 498 ਕਾਪੀਆਂ ਇੰਗਲੈਂਡ ’ਚ ਸੰਸਦ ਮੈਂਬਰਾਂ ਤੇ ਹੋਰ ਮਹੱਤਵਪੂਰਨ ਵਿਅਕਤੀਆਂ ਨੂੰ ਭੇਜੀਆਂ ਗਈਆਂ। ਅਮੀਰ ਅਲੀ ਨੇ 1910 ’ਚ ਮੁਸਲਿਮ ਲੀਗ ਦੀ ਲੰਡਨ ’ਚ ਸ਼ਾਖਾ ਖੋਲ੍ਹੀ। ਅਲੀਗੜ੍ਹ ਯੂਨੀਵਰਸਿਟੀ ਦੇ ਅੰਗਰੇਜ਼ ਪ੍ਰਿੰਸੀਪਲ ਮਿਸਟਰ ਬੇਕ ਨੇ ਮੁਸਲਮਾਨਾਂ ਨੂੰ ਉਕਸਾਇਆ।’’
ਪ੍ਰੋ. ਜਾਵੇਦ ਨੇ ਵਿਚਕਾਰੋਂ ਟੋਕਦਿਆਂ ਤੇ ਖਿੱਝਦਿਆਂ ਹੋਇਆ ਕਿਹਾ ਸੀ, ‘‘ਪਤਾ ਨਹੀਂ ਕਿਉਂ ਸਾਡੇ ’ਚੋਂ ਧਰਮ ਮਨਫੀ ਨਹੀਂ ਹੁੰਦਾ। ਮੈਂ ਆਪ ਇਸ ਦਾ ਸ਼ਿਕਾਰ ਹਾਂ। ਡਾ. ਗੋਗਨਾ ਵੀ। ਮੈਨੂੰ ਸਮਝ ਨ੍ਹੀਂ ਆਉਂਦੀ ਜਾਂ ਡਾ. ਗੋਗਨਾ ਨੂੰ ਜਾਣ ਬੁੱਝ ਕੇ ਸਾਵਰਕਰ ਦੀ ਪੁਸਤਕ ‘ਦਾ ਇੰਡੀਅਨ ਵਾਰ ਆਫ਼ ਇੰਡੀਪੈਨਡੈਂਸ 1857’ ਕਿਉਂ ਭੁੱਲ ਗਈ। ਇਸ ਪੁਸਤਕ ਨੇ ਹਿੰਦੂ ਮੁਸਲਮਾਨਾਂ ’ਚ ਵੰਡ ਦੀ ਸ਼ੁਰੂਆਤ ਕੀਤੀ ਸੀ।’’
ਮੈਂ ਕਿਹਾ ਸੀ, ‘‘ਸੌਰੀ, ਮੈਂ ਭੁੱਲ ਗਿਆਂ। ਮੈਂ ਆਪਣੀ ਗੱਲ ਇਹਨਾਂ ਸ਼ਬਦਾਂ ਨਾਲ ਖਤਮ ਕਰਦਾ ਹਾਂ ਕਿ ਇਹ ਲੜਾਈ ਉੱਚ ਵਰਗ ਜਿਨ੍ਹਾਂ ’ਚ ਮਨਸਬਦਾਰ, ਜਾਗੀਰਦਾਰ, ਜਿਮੀਂਦਾਰ ਆਦਿ ਸਨ, ਦੀ ਸੀ। ਨਾ ਕਿ ਗਰੀਬ ਵਰਗ ਕਿਉਂਕਿ ਇਸ ’ਚ ਜੇ ਕਿਸੇ ਨੇ ਆਪਣੀ ਜਾਨ ਮਾਲ ਦਾ ਨੁਕਸਾਨ ਕਰਾਇਆ ਸੀ ਤਾਂ ਉਹ ਗਰੀਬ ਵਰਗ ਹੀ ਸੀ।’’
ਡਾ. ਸਪੈਨਸਰ ਸਾਡੀਆਂ ਗੱਲਾਂ ਤੋਂ ਉਕਤਾ ਗਿਆ ਸੀ। ਏਸੇ ਲਈ ਉਸ ਨੇ ਉੱਠਦਿਆਂ ਹੋਇਆਂ ਕਿਹਾ ਸੀ, ‘‘ਹੁਣ ਸੌਂ ਜਾਉ। ਬਾਕੀ ਗੱਲਾਂ ਕੱਲ੍ਹ ਨੂੰ ਕਰਾਂਗੇ।’’
ਡਾ. ਸਪੈਨਸਰ ਦੇ ਜਾਣ ਤੋਂ ਬਾਅਦ ਅਸੀਂ ਇੰਡੋ-ਪਾਕਿ ਦੋਸਤੀ ਦੇ ਨਾਂ ਦੇ ਜਾਮ ਟਕਰਾਏ ਸਨ।
 ਮੈਂ ਜ਼ੋਰ ਦੇ ਕੇ ਕਿਹਾ ਸੀ, ‘‘ਸਾਨੂੰ ਇਹ ਗੱਲ ਮੰਨ ਕੇ ਚੱਲਣਾ ਚਾਹੀਦਾ ਆ ਕਿ ਵੰਡ ਨੂੰ ਭੁੱਲਣਾ ਮੁਸ਼ਕਲ ਆ। ਪਰ ਇਹਨੂੰ ਯਾਦ ਰੱਖਣਾ ਹੋਰ ਵੀ ਖਤਰਨਾਕ ਆ।’’
ਪ੍ਰੋ. ਜਾਵੇਦ ਨੇ ਮੇਰੇ ਵੱਲ ਔਖ ਜਿਹੀ ਨਾਲ ਦੇਖਦਿਆਂ ਹੋਇਆਂ ਕਿਹਾ ਸੀ, ‘‘ਜਿਨ੍ਹਾਂ ਨਾਲ ਬੀਤੀ ਆ-ਉਨ੍ਹਾਂ ਨੂੰ ਪੁੱਛ ਕੇ ਦੇਖੋ। ਉਹ ਅਜੇ ਜਿਉੂਂਦੇ ਆ। ਉਨ੍ਹਾਂ ਕੋਲ ਆਪਣੀਆਂ ਯਾਦਾਂ ਨੇ। ਵੰਡ ਦੇ ਇਤਿਹਾਸ ਦੀਆਂ ਯਾਦਾਂ। ਪਿੱਛੇ ਰਹਿ ਗਏ ਆਪਣੇ ਘਰਾਂ ਦੀਆਂ ਯਾਦਾਂ। ਉਨ੍ਹਾਂ ਦੇ ਕਿੱਸੇ ਕਹਾਣੀਆਂ ਸੁਣੋ। ਇਨ੍ਹਾਂ ਕਿੱਸੇ, ਕਹਾਣੀਆਂ ਨਾਲ ਬਹੁਤ ਕੁਝ ਜਾਣਿਆ ਜਾ ਸਕਦਾ।’’
ਡਾ. ਕਲੇਰ ਨੇ ਉਹਨੂੰ ਪੁੱਛਿਆ ਸੀ, ‘‘ਵੰਡ ਦੇ ਕਿੱਸੇ, ਕਹਾਣੀਆਂ ਨੂੰ ਲੱਭਣਾ ਸਾਡੇ ਲਈ ਕਿੰਨਾ ਕੁ ਫਾਇਦੇਮੰਦ ਆ?’’
ਪ੍ਰੋ. ਜਾਵੇਦ ਨੇ ਮੇਜ਼ ’ਤੇ ਮੁੱਕਾ ਮਾਰ ਕੇ ਕਿਹਾ ਸੀ, ‘‘ਬਹੁਤ ਹੀ ਮਹੱਤਵਪੂਰਨ ਆ। ਏਸ਼ੀਅਨ ਲੋਕਾਂ ਦੀ ਸਾਇਕੀ ਨੂੰ ਸਮਝਣ ਲਈ ਕਿੱਸੇ, ਕਹਾਣੀਆਂ ਦੀ ਬਹੁਤ ਅਹਿਮੀਅਤ ਆ। ਕਿਸੇ ਵੀ ਸ਼ਖ਼ਸ ਨੂੰ ਮਿਲ ਲਓ-ਉਹ ਆਪਣੀ ਆਪ ਬੀਤੀ ਸੁਣਾਉਣ ਲਈ ਕੋਈ ਕਹਾਣੀ ਅਵੱਸ਼ ਹੀ ਸੁਣਾਏਂਗਾ। ਇਸ ਤੋਂ ਬਿਨਾਂ ਉਹ ਆਪਣੀ ਗੱਲ ਦੱਸ ਹੀ ਨ੍ਹੀਂ ਸਕਦਾ। ਦੂਜੀ ਗੱਲ-ਮੇਰੇ ਦੋਸਤ, ਤੁਸੀਂ ਇਹ ਗੱਲ ਕਿਉਂ ਭੁੱਲ ਜਾਂਦੇ ਹੋ ਕਿ ਅਸੀਂ ਕਿੰਨਾ ਕੁਝ ਗੁਆਇਆ। ਜਦੋਂ ਰੇਸ਼ਮਾ ਪਹਿਲੀ ਵਾਰ ਇੰਡੀਆ ਗਈ ਸੀ ਤਾਂ ਉਹ ਪ੍ਰਾਈਮ ਮਨਿਸਟਰ ਇੰਦਰਾ ਗਾਂਧੀ ਨੂੰ ਮਿਲੀ ਸੀ। ਇੰਦਰਾ ਗਾਂਧੀ ਨੇ ਉਹਨੂੰ ਪੁੱਛਿਆ ਸੀ, ‘‘ਮੇਰੇ ਲਾਈਕ ਕੋਈ ਕੰਮ ਦੱਸ।’’ ਰੇਸ਼ਮਾ ਨੇ ਝੱਟ ਕਿਹਾ ਸੀ, ‘‘ਮੈਡਮ, ਤੁਸੀਂ ਆਹ ਬਾਰਡਰ ਖੋਲ੍ਹ ਦਿਓ। ਅਸੀਂ ਤਾਂ ਓਧਰ ਚਲੇ ਗਏ ਆਂ। ਪਰ ਸਾਡੇ ਪੀਰ-ਬਾਬੇ ਤਾਂ ਇੱਧਰ ਆ। ਫ਼ੌਜੀ ਸਾਨੂੰ ਉਹਨਾਂ ਦੀ ਮਜ਼ਾਰ ਤੇ ਜਾਣ ਨ੍ਹੀਂ ਦਿੰਦੇ। ਅਸੀਂ ਗਾਣਾ ਗਾਈਏ ਤੇ ਪੀਰ-ਬਾਬਿਆਂ ਨੂੰ ਨਾ ਸੁਣਾਈਏ ਤਾਂ ਗੌਣ ਦਾ ਕੀ ਫਾਇਦਾ।’’ ਕਿੱਡਾ ਵੱਡਾ ਸੱਚ ਕਿਹਾ ਸੀ ਰੇਸ਼ਮਾ ਨੇ।... ਸਾਡੀਆਂ ਯਾਦਾਂ ਤਾਂ ਇੰਡੀਆ ’ਚ ਹੀ ਆ। ਸਾਡੀਆਂ ਧਾਰਮਿਕ ਥਾਵਾਂ ਅਜਮੇਰ ਸ਼ਰੀਫ਼, ਬਿਹਾਰ ਸ਼ਰੀਫ਼, ਨਿਜਾਮੂੱਦੀਨ, ਦੁਨੀਆਂ ’ਚ ਮਸ਼ਹੂਰ ਇਮਾਰਤਾਂ ਤਾਜਮੱਹਲ, ਜਾਮਾ ਮਸਜਿਦ, ਲਾਲ ਕਿਲ੍ਹਾ, ਫਤਿਹਪੁਰ ਸੀਕਰੀ ਇੱਥੇ ਹੀ ਰਹਿ ਗਈਆਂ। ਅਸੀਂ ਇਹ ਸਭ ਕੁਝ ਗੁਆਇਆ ਹੈ। ਦੱਸੋ ਤੁਸੀਂ ਕੀ ਗੁਆਇਆ। ਸਾਡੇ ਆਪਣੇ ਖਾਨਦਾਨ ਦੀਆਂ ਕਬਰਾਂ ਇੰਡੀਆ ’ਚ ਆ। ਮੇਰੇ ਬਾਬਾ ਜੀ ਨੂੰ ਜਦੋਂ ਨੂਰਮਹਿਲ ਯਾਦ ਆਉਂਦਾ ਸੀ ਜਾਂ ਕੋਈ ਗੱਲ ਚੱਲਦੀ ਸੀ ਤਾਂ ਉਹ ਅਕਸਰ ਕਹਿੰਦੇ ਸੀ-ਸਾਡੇ ਦੇਸ਼ ’ਚ ਐਓਂ ਹੁੰਦਾ ਸੀ। ਅਸੀਂ ਆਪਣੇ ਦੇਸ਼ ’ਚ ਐਓਂ ਕਰਦੇ ਸੀ। ਉਨ੍ਹਾਂ ਕਦੇ ਇੰਡੀਆ ਦਾ ਨਾਂ ਨੀਂ ਲਿਆ ਸੀ। ਕਦੇ ਪਾਕਿਸਤਾਨ ਦਾ ਨਾਂ ਨੀਂ ਲਿਆ ਸੀ। ਉਨ੍ਹਾਂ ਦੀਆਂ ਸਮਰਿਤੀਆਂ ’ਚ ਤਾਂ ਉਨ੍ਹਾਂ ਦੀ ਜੰਮਣ ਭੌਂ ਵਸੀ ਸੀ। ਇਹਦਾ ਧਰਮ ਨਾਲ ਕੋਈ ਸੰਬੰਧ ਨੀਂ ਸੀ। ਇਕ ਗੱਲ ਹੋਰ ਦੇਖਣ ਵਾਲੀ ਆ ਕਿ ਵੰਡ ਦੀਆਂ ਖ਼ਾਮੋਸ਼ੀਆਂ ਕਈ ਤਰ੍ਹਾਂ ਦੀਆਂ ਨੇ। ਦੇਖੋ ਸਿਤਮ ਦੀ ਗੱਲ-ਵੰਡ ਵੇਲੇ ਨਾਲ ਸੰਬੰਧਤ ਕੋਈ ਸਮਾਰਕ ਨ੍ਹੀਂ ਬਣਿਆ। ਦੋਸਤੋ-ਸਾਡਾ ਇਕੋ ਕਲਚਰ ਆ। ਪੰਜਾਬੀ ਕਲਚਰ। ਕੋਈ ਤਾਂ ਕੰਮ ਕਰੋ। ਐਵੇਂ ਚੁੱਪ ਬੈਠ ਕੇ ਕੁਸ਼ ਨ੍ਹੀਂ ਹੋਣਾ। ਘੱਟੋ ਘੱਟ ਮੇਰੇ ਪਰਿਵਾਰ ਦੇ ਬੱਚਿਆਂ ਨੂੰ ਹੀ ਲੱਭਣ ’ਚ ਮੇਰੀ ਮੱਦਦ ਕਰੋ। ਸ਼ਾਇਦ  ਉਨ੍ਹਾਂ ’ਚੋਂ ਕੋਈ ਜਿਉੂਂਦਾ ਹੋਵੇ।’’
ਡਾ. ਕਲੇਰ ਨੇ ਪੁੱਛਿਆ ਸੀ, ‘‘ਤੁਸੀਂ ਨਿੱਜ ਬਾਰੇ ਕਿਉਂ ਸੋਚਦੇ ਹੋ?’’
ਪ੍ਰੋ. ਜਾਵੇਦ ਦਾ ਜੁਆਬ ਸੀ, ‘‘ਨਿੱਜ ਤੋਂ ਹੀ ਗੱਲ ਅਗਾਂਹ ਤੁਰਦੀ ਹੁੰਦੀ ਆ। ਸ਼ਾਇਦ ਇਹਦੇ ਨਾਲ ਕਈ ਹੋਰ ਬੱਚਿਆਂ ਦਾ ਪਤਾ ਲੱਗ ਜਾਵੇ।’’
****
ਮੈਂ ਕੈਮਰਾਮੈਨ ਨੂੰ ਤਾਇਆ ਜੀ ਬਾਰੇ ਦੱਸਿਆ ਸੀ, ‘‘ਇਹ ਮੇਰੇ ਤਾਇਆ ਜੀ ਨੇ। ਮੇਰੇ ਭਾਪਾ ਜੀ ਨਾਲ ਨੂਰਮਹਿਲ ‘ਜਗਦੰਬੇ ਜਿਊਲਰਜ਼’ ’ਚ ਕੰਮ ਕਰਦੇ ਹੁੰਦੇ ਸੀ। ਇਨ੍ਹਾਂ ਦਾ ਪਿੰਡ ਨਵਾਂ ਪਿੰਡ ਸ਼ੌਂਕੀਆ ਆ। ਸਾਰਾ ਪਰਿਵਾਰ ਅਮਰੀਕਾ ਤੇ ਕਨੈਡਾ ਬੈਠਾ। ਇਹ ਪਿੱਛੇ ਇਕੱਲੇ ਨੇ। ਕਈ ਵਾਰ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਨਰੇਂਦਰ ਮੋਦੀ ਵਾਂਗ ਅੰਗਰੇਜ਼ਾਂ ਨੇ ਇਨ੍ਹਾਂ ਦੇ ਪਾਸਪੋਰਟ ’ਤੇ ਹਮੇਸ਼ਾ ਰੀਫਿਊਜ਼ ਦੀ ਸਟੈਂਪ ਲਾ ਦਿੱਤੀ...।’’
ਉਨ੍ਹਾਂ ਨੇ ਵਿਚਕਾਰੋਂ ਹੀ ਟੋਕ ਕੇ ਕਿਹਾ ਸੀ, ‘‘ਹੁਣ ਬੱਸ ਵੀ ਕਰ। ਪਹਿਲਾਂ ਪੈੱਗ ਪਾ। ਮੈਨੂੰ ਫਿਲਮ ਦੇਖਣ ਦੇ।’’
ਮੈਨੂੰ ਉਨ੍ਹਾਂ ਦੇ ਪੈੱਗ ਦਾ ਅੰਦਾਜ਼ਾ ਸੀ। ਫੇਰ ਵੀ ਮੈਂ ਪੜ੍ਹਿਆਂ-ਲਿਖਿਆਂ ਵਾਲਾ ਪੈੱਗ ਪਾਇਆ ਸੀ। ਉਨ੍ਹਾਂ ਨੇ ਆਪਣੀਆਂ ਨਜ਼ਰਾਂ ਟੀਵੀ ਦੀ ਸਕਰੀਨ ’ਤੇ ਹੀ ਟਿਕਾਈ ਰੱਖੀਆਂ ਸਨ। ਇਕੋ ਸਾਹ ’ਚ ਗਿਲਾਸ ਖਾਲੀ ਕਰ ਦਿੱਤਾ ਸੀ। ਉਨ੍ਹਾਂ ਕਿਸੇ ਵੱਲ ਦੇਖਿਆ ਨਹੀਂ ਸੀ।
ਮੈਂ ਉਨ੍ਹਾਂ ਦੇ ਕੰਨ ਕੋਲ ਆਪਣਾ ਮੂੰਹ ਲਿਜਾ ਕੇ ਆਪਣੇ ਦੋਸਤਾਂ ਬਾਰੇ ਦੱਸਿਆ ਸੀ। ਮੈਂ ਕੁਝ ਪੁੱਛਣ ਹੀ ਲੱਗਾ ਸੀ ਕਿ ਉਨ੍ਹਾਂ ਬੁੱਲ੍ਹਾਂ ’ਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਸੀ।
ਪ੍ਰੋ. ਜਾਵੇਦ ਨੇ ਅਜੈ ਭਾਰਦਵਾਜ ਦੀ ਫਿਲਮ ‘ਰੱਬਾ ਹੁਣ ਕੀ ਕਰੀਏ’ ਉਥੋਂ ਲਾਈ ਸੀ ਜਿੱਥੇ ਮਾਲੇਰਕੋਟਲੇ ਲਾਗਲੇ ਪਿੰਡ ਦੇ ਇਕ ਅਪਟੂਡੇਟ ਸਰਦਾਰ ਨੇ ਦੱਸਣਾ ਸ਼ੁਰੂ ਕਰ ਕੀਤਾ ਸੀ.....‘‘ਉਨ੍ਹਾਂ ਦਿਨੀਂ ਮੈਂ ਇੱਥੇ ਖੜਾ ਹੁੰਦਾ ਸੀ। ਔਹ ਸਾਹਮਣਿਉਂ ਮੈਂ ਮੁਸਲਮਾਨਾਂ ਦੇ ਪਰਿਵਾਰਾਂ ਨੂੰ ਟੋਲੀਆਂ ’ਚ ਤੇ ਇਕੱਲੇ-ਇਕੱਲੇ ਵੀ ਜਾਂਦਿਆਂ ਦੇਖਿਆ ਸੀ। ਇਕ ਦਿਨ ਇਕ ਔਰਤ ਜਾ ਰਹੀ ਸੀ। ਉਸ ਦੇ ਸਿਰ ’ਤੇ ਟਰੰਕ ਰੱਖਿਆ ਸੀ। ਕੁੱਛੜ ਬੱਚਾ ਚੁੱਕਿਆ ਸੀ। ਸਾਡੇ ਪਿੰਡ ਦਾ ਜਮਨਾ ਉਸ ਮਗਰ ਦੌੜਿਆ ਸੀ। ਜਦੋਂ ਜਮਨਾ ਔਰਤ ਦੇ ਨੇੜੇ ਪਹੁੰਚ ਗਿਆ ਤਾਂ ਉਸ ਔਰਤ ਨੇ ਟਰੰਕ ਸੁੱਟ ਦਿੱਤਾ ਸੀ। ਉਹ ਸੰਨਤੋੜ ਦੌੜੀ ਸੀ। ਜਮਨੇ ਨੂੰ ਪਿੱਛਾ ਕਰਦਿਆਂ ਦੇਖ ਕੇ ਔਰਤ ਨੇ ਆਪਣਾ ਬੱਚਾ ਵੀ ਸੁੱਟ ਦਿੱਤਾ ਸੀ। ਜਮਨੇ ਨੇ ਪਹਿਲਾਂ ਬੱਚਾ ਚੁੱਕਿਆ ਸੀ। ਫੇਰ ਟਰੰਕ। ਪਿੰਡ ਕੋਲ ਆ ਕੇ ਉਸ ਬੱਚੇ ਨੂੰ ਲੱਤਾਂ ਤੋਂ ਫੜ ਕੇ, ਘੁੰਮਾ ਕੇ ਉਸ ਦਾ ਸਿਰ ਟਾਹਲੀ ’ਚ ਮਾਰਿਆ ਸੀ। ਪਿੰਡ ਵਾਲਿਆਂ ਨੇ ਇਹਨੂੰ ਪੁੰਨ ਵਾਲਾ ਕੰਮ ਕਿਹਾ ਸੀ। ਜਮਨੇ ਨੂੰ ਦੁੱਧ ਪਿਲਾਇਆ ਸੀ। ਫੇਰ ਮੈਂ ਇਸੇ ਜਮਨੇ ਨੂੰ ਪਿਛਲੀ ਉਮਰੇ ਕੁੱਤੇ ਦੀ ਮੌਤੇ ਮਰਦਿਆਂ ਦੇਖਿਆ ਸੀ। ਉਸ ਦੇ ਸਿਰ ’ਚ ਕੀੜੇ ਪੈ ਗਏ ਸਨ।’’
ਤਾਇਆ ਜੀ ਦੇ ਕਹਿਣ ’ਤੇ ਪ੍ਰੋ. ਜਾਵੇਦ ਨੇ ਦੋ ਵਾਰੀ ਰੀਵਾਇੰਡ ਕਰਕੇ ਫਿਲਮ ਚਲਾਈ ਸੀ।
ਡਾ. ਕਲੇਰ ਨੇ ਰਿਮੋਟ ਕੰਟਰੋਲ ਨਾਲ ਆਵਾਜ਼ ਉੱਚੀ ਕਰ ਦਿੱਤੀ ਸੀ।
ਤਾਇਆ ਜੀ ਉੱਠ ਕੇ ਖੜ ਗਏ ਸਨ। ਜਿਵੇਂ ਉਨ੍ਹਾਂ ਦੇ ਪੈਰਾਂ ਹੇਠ ਕਿਸੇ ਨੇ ਅੱਗ ਦੇ ਅੰਗਾਰੇ ਰੱਖ ਦਿੱਤੇ ਹੋਣ। ਉਨ੍ਹਾਂ ਦੋਵੇਂ ਹੱਥ ਜੋੜ ਕੇ ਉਤਾਂਹ ਨੂੰ ਦੇਖਿਆ ਸੀ ਤੇ ਮਰੀ ਜਿਹੀ ਆਵਾਜ਼ ’ਚ ਕਿਹਾ ਸੀ, ‘‘ਹੇ ਰੱਬਾ, ਇਹ ਤੂੰ ਕੀ-ਕੀ ਰੰਗ ਦਿਖਾਏ ਸੀ।’’
ਉਨ੍ਹਾਂ ਦਾ ਸਰੀਰ, ਭਿੱਜੀ ਹੋਈ ਬਕਰੀ ਵਾਂਗ ਕੰਬਿਆ ਸੀ। ਉਨ੍ਹਾਂ ਸਾਡੇ ਵੱਲ ਉਪਰਿਆਂ ਵਾਂਗ ਦੇਖਿਆ ਸੀ। ਮੈਨੂੰ ਲੱਗਾ ਸੀ ਕਿ ਜ਼ਿਆਦਾ ਉਮਰ ਹੋਣ ਕਰੇ ਉਹ ਕਮਜ਼ੋਰ ਹੋ ਗਏ ਸਨ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਕਿ ਮੈਨੂੰ ਇੰਨੀ ਛੇਤੀ ਅਜਿਹੀ ਭਾਵੁਕ ਕਿਸਮ ਦੀ ਫਿਲਮ ਨਹੀਂ ਦਿਖਾਉਣੀ ਚਾਹੀਦੀ ਸੀ।
ਉਨ੍ਹਾਂ ਕਿਹਾ ਸੀ, ‘‘ਪੁੱਤ-ਮੈਨੂੰ ਪਿੰਡ ਛੱਡ ਆ। ਮੈਨੂੰ ਦਿਸਣੋਂ ਹੱਟਦਾ ਜਾਂਦਾ।’’
ਉਨ੍ਹਾਂ ਨੂੰ ਨੌਰਮਲ ਕਰਨ ਲਈ ਮੈਂ ਇਕ ਹੋਰ ਪੈੱਗ ਪਾ ਕੇ ਦਿੱਤਾ ਸੀ। ਉਨ੍ਹਾਂ ਨੀਵੀਂ ਪਾਈ ਹੀ ਗਿਲਾਸ ਖਾਲੀ ਕਰਕੇ ਮੇਰੇ ਵੱਲ ਨੂੰ ਕਰ ਦਿੱਤਾ ਸੀ। ਕਿਹਾ ਸੀ, ‘‘ਮੇਰਾ ਗਿਲਾਸ ਭਰ ਦੇ।’’
ਡਾ. ਕਲੇਰ ਨੇ ਮੈਨੂੰ ਇਸ਼ਾਰਾ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਹੋਰ ਪੈੱਗ ਨਾ ਦਵਾਂ। ਵਿਸਕੀ ਤੇਜ਼ ਸੀ। ਇਹ ਨੇ ਤਾਇਆ ਜੀ ਦੇ ਪੈਰ ਚੁੱਕ ਦੇਣੇ ਸਨ। ਫੇਰ ਉਹ ਬੋਲਣ ਜੋਗੇ ਨਹੀਂ ਰਹਿਣੇ ਸਨ।
ਪ੍ਰੋ. ਜਾਵੇਦ ਨੇ ਮੇਰੇ ਹੱਥੋਂ ਬੋਤਲ ਫੜ ਲਈ ਸੀ ਤੇ ਗਿਲਾਸ ਭਰ ਕੇ ਤਾਇਆ ਜੀ ਨੂੰ ਫੜਾ ਦਿੱਤਾ ਸੀ।
ਤਾਇਆ ਜੀ ਚੁੱਪ ਸਨ।
ਸਾਨੂੰ ਉਨ੍ਹਾਂ ਦੀ ਚੁੱਪ ਅੱਖਰੀ ਸੀ।
ਮੈਂ ਉਨ੍ਹਾਂ ਨੂੰ ਗੱਲੀਂ ਲਾਉਣ ਲਈ ਆਪਣੇ ਭਾਪਾ ਦੀ ਜੀਆਂ ਗੱਲਾਂ ਛੇੜ ਲਈਆਂ ਸਨ। ਉਹ ਭਾਪਾ ਜੀ ਦੇ ਹਮਉਮਰ ਸਨ। ਉਨ੍ਹਾਂ ਦੋਹਾਂ ਨੇ ਇਕੋ ਹੀ ਦੁਕਾਨ ’ਤੇ ਚਾਲੀ ਸਾਲ ਕੰਮ ਕੀਤਾ ਸੀ। ਸਾਡੇ ਪਰਿਵਾਰਾਂ ਦਾ ਆਪਸ ’ਚ ਆਉਣ ਜਾਣ ਸੀ। ਬਹੁਤ ਹੀ ਜ਼ਿਆਦਾ। ਭਾਵੇਂ ਉਹ ਭਾਪਾ ਜੀ ਤੋਂ ਉਮਰ ’ਚ ਵੱਡੇ ਸਨ ਪਰ ਉਹ ਭਾਪਾ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਕਿਉਂਜੁ ਉਨ੍ਹਾਂ ਭਾਪਾ ਜੀ ਕੋਲੋਂ ਸੁਨਿਆਰਾ ਕੰਮ ਸਿੱਖਿਆ ਸੀ। ਇਕ ਵਾਰ, ਜਦੋਂ ਮੋਰਾਰਜੀ ਦੇਸਾਈ ਨੇ ਨਵੀਂ ਗੋਲਡ ਪਾਲਿਸੀ ਲਾਗੂ ਕੀਤੀ ਸੀ ਤਾਂ ਸਰਾਫਾਂ ਦੇ ਕੰਮ ਬੰਦ ਹੋਣ ਦੇ ਕਿਨਾਰੇ ਪਹੁੰਚ ਗਏ ਸਨ। ਫੜੋ-ਫੜਾਈ ਚੱਲ ਰਹੀ ਸੀ। ਉਨ੍ਹੀਂ ਦਿਨੀਂ ‘ਜਗਦੰਬੇ ਜਿਊਲਰਜ਼’ ਨੇ ਆਪਣੀ ਦੁਕਾਨ ਨੂਰਮਹਿਲ ਤੋਂ ਬਦਲ ਕੇ ਤਾਇਆ ਜੀ ਦੇ ਪਿੰਡ ਲੈ ਆਂਦੀ ਸੀ। ਸਾਰੇ ਕਾਰੀਗਰ ਇੱਥੇ ਆ ਗਏ ਸਨ। ਦੋ ਸਾਲ ਤਾਇਆ ਜੀ ਦੇ ਚੁਬਾਰੇ ’ਚ ਟੂੰਬਾਂ ਬਣਾਉਣ ਦਾ ਕੰਮ ਚਲਾਇਆ ਸੀ। ਇਨ੍ਹਾਂ ਦਿਨ੍ਹਾਂ ’ਚ ਉਨ੍ਹਾਂ ਤੇ ਭਾਪਾ ਜੀ ਵਿਚਕਾਰ ਰਿਸ਼ਤੇ ਹੋਰ ਗੂੜੇ ਹੋ ਗਏ ਸਨ। ਭਾਪਾ ਜੀ ਰਾਤ ਨੂੰ ਵੀ ਉੱਥੇ ਹੀ ਰੁਕ ਜਾਂਦੇ ਸਨ। ਹੁਣ ਭਾਵੇਂ ਭਾਪਾ ਜੀ ਇਸ ਦੁਨੀਆਂ ’ਚ ਨਹੀਂ ਰਹੇ ਸਨ ਪਰ ਤਾਇਆ ਜੀ ਜਦੋਂ ਵੀ ਨੂਰਮਹਿਲ ਆਉਂਦੇ, ਸਾਡੇ ਘਰ ਅਵੱਸ਼ ਗੇੜਾ ਮਾਰਦੇ ਸਨ। ਸਾਡੇ ਦੁੱਖਾਂ-ਸੁੱਖਾਂ ’ਚ  ਸ਼ਾਮਿਲ ਹੁੰਦੇ ਸਨ।
ਪ੍ਰੋ. ਜਾਵੇਦ ਨੇ ਉਨ੍ਹਾਂ ਨੂੰ ਛੇੜਣ ਲਈ ਮੈਨੂੰ ਇਸ਼ਾਰਾ ਕੀਤਾ ਸੀ।
ਉਨ੍ਹਾਂ ਦੇ ਚਿਹਰੇ ’ਤੇ ਅਜੀਬ ਤਰ੍ਹਾਂ ਦੀ ਘਬਰਾਹਟ, ਦੁੱਖ ਤੇ ਖ਼ਾਮੋਸ਼ੀ ਦੇ ਭਾਵ ਸਨ। ਉਨ੍ਹਾਂ ਨੇ ਮੇਰੇ ਵੱਲ ਮੂੰਹ ਘੁੰਮਾ ਕੇ ਪੁੱਛਿਆ ਸੀ, ‘‘ਪੁੱਤ, ਕਦੋਂ ਆਇਆਂ ਸਪੇਨ ਤੋਂ?’’
‘‘ਪੰਜ ਦਿਨ ਪਹਿਲਾਂ। ਮੈਂ ਤੁਹਾਨੂੰ ਦੱਸਿਆ ਤਾਂ ਸੀ।’’
‘‘ਮੈਨੂੰ ਚੇਤਾ ਭੁੱਲ ਗਿਆ। ਕਦੋਂ ਵਾਪਸ ਜਾਣਾ?’’
‘‘ਤਿੰਨ ਹਫਤਿਆਂ ਬਾਅਦ।’’
‘‘ਮੈਨੂੰ ਕਾਸ ਲਈ ਸੱਦਿਆ ਸੀ?’’
‘‘ਤੁਸੀਂ ਮੇਰੇ ਤਾਇਆ ਜੀ ਹੋ। ਮੈਂ ਤੁਹਾਨੂੰ ਕਿਉਂ ਨ੍ਹੀਂ ਸੱਦ ਸਕਦਾ।’’ ਮੈਂ ਇਕ ਵਾਰ ਫੇਰ ਉਨ੍ਹਾਂ ਦੇ ਗੋਢੀਂ ਹੱਥ ਲਾਇਆ ਸੀ। ਅੱਗੋਂ ਉਨ੍ਹਾਂ ਮੈਨੂੰ ਜੱਫੀ ਪਾ ਲਈ ਸੀ।
‘‘ਬਾਰਾਂ ਬੱਚਿਆਂ ਵਾਲੀ ਉਹ ਕਹਾਣੀ ਸੁਣਾਉ-ਜਿਹੜੀ ਤੁਸੀਂ ਭਾਪਾ ਜੀ ਨਾਲ ਸ਼ਰਾਬ ਪੀਂਦਿਆਂ ਹੋਇਆਂ ਇਕ ਵਾਰ ਸੁਣਾਈ ਸੀ।’’
‘‘ਪਹਿਲਾਂ-ਮੈਨੂੰ ਇਕ ਹੋਰ ਪੈੱਗ ਪਾ ਕੇ ਦੇ। ਗਿਲਾਸ ਭਰ ਦੇ। ਨਕੋ-ਨੀਕ। ਮੈਂ ਸੱਚ ਬੋਲਣ ਜੋਗਾ ਤਾਂ ਹੋ ਜਾਵਾਂ.....। ਪੁੱਤ ਆਹ ਫਿਲਮ ਦੀ ਕਹਾਣੀ ਤਾਂ ਕੁਸ਼ ਵੀ ਨ੍ਹੀਂ। ਮੈਂ ਇਸ ਤੋਂ ਵੱਡਾ ਪਾਪ ਹੁੰਦਾ ਆਪਣੀ ਅੱਖੀਂ ਦੇਖਿਆ ਸੀ। ਪਾਪ। ਅਨਰਥ। ਆਹ ਦੇਖ ਮੇਰਾ ਜ਼ਖਮ। ਪਿਛਲੇ ਤੀਹ ਸਾਲਾਂ ਤੋਂ ਇਸ ਨੂੰ ਰੱਤੀ ਭਰ ਵੀ ਮੋੜ ਨ੍ਹੀਂ ਪਿਆ। ਮੈਂ ਦੇਸੀ ਦਵਾ-ਦਾਰੂ ਬਥੇਰੀ ਕੀਤੀ। ਅੰਗਰੇਜ਼ੀ ਇਲਾਜ ਵੀ ਕਰਵਾਇਆ। ਮੁੰਡਿਆਂ ਨੇ ਲੱਖਾਂ ਰੁਪਏ ਖਰਚ ਦਿੱਤੇ। ਜੋਕਾਂ ਲਵਾਈਆਂ ਪਰ ਆਹ ਬਾਰ੍ਹਾਂ ਜ਼ਖ਼ਮ ਨ੍ਹੀਂ ਭਰੇ। ਇਹ ਭਰਨੇ ਵੀ ਨ੍ਹੀਂ। ਇਕ ਵਾਰ ਇਸ ’ਚ ਕੀੜੇ ਪੈ ਗਏ ਸੀ। ਮੈਂ ਤਿੰਨ ਦਿਨ ਉਨ੍ਹਾਂ ਨੂੰ ਕੁਸ਼ ਨ੍ਹੀਂ ਕਿਹਾ ਸੀ। ....ਮਰੇ ਬੱਚੇ ਮੈਨੂੰ ਦਿੱਸਦੇ ਸਨ। ਚੌਥੇ ਦਿਨ, ਜਦੋਂ ਦਰਦ ਨਾਲ ਮੈਂ ਬੇਹੋਸ਼ ਹੋਣ ਵਾਲਾ ਸੀ ਤਾਂ ਤੇਰੀ ਤਾਈ ਨੇ ਫਿਨਾਇਲ ਦੇ ਤੇਲ ਦਾ ਤੂੰਬਾ ਅਗਾਂਹ ਨੂੰ ਕਰਕੇ ਧੱਕਿਆ ਸੀ।....ਮੈਂ ਆਪਣੇ ਕੀਤੇ ਦੀ ਸਜ਼ਾ ਭੁਗਤ ਰਿਹਾਂ। ਅਜੇ ਹੋਰ ਪਤਾ ਨ੍ਹੀਂ ਕਿੰਨੀ ਕੁ ਭੁਗਤਣੀ ਆ...।’’
ਪ੍ਰੋ. ਜਾਵੇਦ, ਡਾ. ਕਲੇਰ ਤੇ ਕੈਮਰਾਮੈਨ ਕਦੇ ਮੇਰੇ ਮੂੰਹ ਵੱਲ ਤੇ ਕਦੇ ਤਾਇਆ ਜੀ ਦੇ ਮੂੰਹ ਵੱਲ ਦੇਖ ਰਹੇ ਸਨ।
ਮੈਂ ਉਨ੍ਹਾਂ ਨੂੰ ਛੇੜਿਆ ਸੀ, ‘‘ਵਿਚਕਾਰਲੀ ਗੱਲ ਤਾਂ ਦੱਸੋ।’’
ਉਨ੍ਹਾਂ ਨੇ ਕਿਹਾ ਸੀ, ‘‘ਪੁੱਤ ਸੱਚ ਦੱਸਣਾ ਬਹੁਤ ਔਖਾ ਹੁੰਦਾ। ਬਹੁਤ ਸਾਰੇ ਸੱਚ ਤਾਂ ਬੰਦੇ ਦੇ ਨਾਲ ਹੀ ਮਰ ਜਾਂਦੇ ਆ। ਉਹ ਐਨੇ ਭੈੜੇ ਕੰਮ ਕਰਦਾ ਆ ਕਿ ਕਿਸੇ ਨੂੰ ਦੱਸ ਹੀ ਨ੍ਹੀਂ ਸਕਦਾ। ਮੇਰਾ ਅੱਖੀਂ ਦੇਖਿਆ ਸੱਚ ਵੀ ਐਦਾਂ ਦਾ ਸੀ। ਦੱਸਣ ਨੂੰ ਮੇਰਾ ਹੌਂਸਲਾ ਨ੍ਹੀਂ ਪੈਂਦਾ। ਪਹਿਲਾਂ ਇਕ ਹੋਰ ਪੈੱਗ ਪਾ।’’
ਮੈਂ ਵਿਸ੍ਹਕੀ ਦਾ ਗਿਲਾਸ ਭਰ ਦਿੱਤਾ ਸੀ ਤੇ ਐਲ. ਸੀ.ਡੀ. ਦੀ ਆਵਾਜ਼ ਨਾ-ਮਾਤਰ ਕਰ ਦਿੱਤੀ ਸੀ।
ਉਨ੍ਹਾਂ ਦੱਸਿਆ ਸੀ, ‘‘ਰੌਲੇ ਪਏ ਤਾਂ ਆਲੇ ਦੁਆਲੇ ਦੇ ਪਿੰਡਾਂ ’ਚ ਲੁੱਟ-ਮਾਰ ਸ਼ੁਰੂ ਹੋ ਗਈ ਸੀ। ਨੂਰਮਹਿਲ ਬਹੁਤ ਸਾਰੇ ਮੁਸਲਮਾਨ ਰਹਿੰਦੇ ਸੀ। ਤਕੜੇ ਰਾਤੋਂ ਰਾਤ ਨਿਕਲ ਗਏ ਸੀ। ਗਰੀਬ-ਮਹਾਤੜ ਫਸ ਗਏ ਸੀ। ਮੈਂ, ਸੁਰਜਨ ਤੇ ਕਰਤਾਰਾ ਲੁੱਟਣ ਲਈ ਨੂਰਮਹਿਲ ਗਏ ਸੀ। ਅਸੀਂ ਕਈ ਘਰਾਂ ’ਚੋਂ ਚੀਜ਼ਾਂ ਇਕੱਠੀਆਂ ਕਰ ਲਈਆਂ ਸਨ। ਫੇਰ ਸਾਡੇ ਨਾਲ ਜੋਗਾ ਵੀ ਆ ਰਲਿਆ ਸੀ। ਉਸ ਦਾ ਘਰ ਬਿਲਗੇ ਨੂੰ ਜਾਂਦੇ ਰਾਹ ਵਾਲੇ ਪਾਸੇ ਪੈਂਦਾ ਆ। ਅਸੀਂ ਇਕ ਘਰ ’ਚ ਵੜੇ ਤਾਂ ਉਥੇ ਇਕ ਬੰਦ ਕਮਰੇ ’ਚ ਕਈ ਨਿਆਣੇ ਸਨ। ਦੋ ਤੋਂ ਲੈ ਕੇ ਅੱਠ ਸਾਲਾਂ ਦੀ ਉਮਰ ਦੇ। ਉਹ ਸਹਿਮੇ ਤੇ ਡਰੇ ਹੋਏ ਸਨ। ਉਹ ‘ਅੰਮਾ ਕਿੱਥੇ ਆ। ਅੰਮਾ ਕਿਥੇ ਆ।’ ਪੁੱਛ ਰਹੇ ਸੀ। ਅਸੀਂ ਸੋਚੀਂ ਪੈ ਗਏ ਕਿ ਇਨ੍ਹਾਂ ਦਾ ਕੀ ਕਰੀਏ। ਘਰ ’ਚ ਕੋਈ ਸਿਆਣਾ ਨ੍ਹੀਂ ਸੀ। ਘਰ ਚੀਜ਼ਾਂ ਨਾਲ ਭਰਿਆ ਪਿਆ ਸੀ। ਸਾਨੂੰ ਪਤਾ ਨਾ ਲੱਗੇ ਕਿ ਅਸੀਂ ਇੱਥੋਂ ਕੀ-ਕੀ ਚੁੱਕੀਏ। ਅਸੀਂ ਜੱਕੋ-ਤੱਕੀ ਕਰਦੇ ਬਾਹਰ ਵੀਹੀ ’ਚ ਆ ਕੇ ਖੜ ਗਏ ਸੀ। ਪੰਜ-ਸੱਤ ਮਿੰਟਾਂ ਬਾਅਦ ਸਾਨੂੰ ਪੰਡਤ ਬਿਸ਼ਨ ਦਾਸ ਆਉਂਦਾ ਦਿੱਸਿਆ ਸੀ। ਉਹ ਨੇੜੇ ਆਇਆ ਤਾਂ ਸੁਰਜਨ ਨੇ ਉਹਨੂੰ ਬੱਚਿਆਂ ਬਾਰੇ ਦੱਸਿਆ ਸੀ। ਉਹਨੇ ਸਾਨੂੰ ਕਿਹਾ ਕਿ ਅਸੀਂ ਉਨ੍ਹਾਂ ਬੱਚਿਆਂ ਦਾ ਅਰਦਾਸਾ ਸੋਧ ਦਈਏ। ਸਪੋਲੀਆਂ ਨੂੰ ਜੀਉਂਦਾ ਨ੍ਹੀਂ ਰੱਖਣਾ ਚਾਹੀਦਾ। ਉਹਨੇ ਇਸ ਕੰਮ ਲਈ ਮੈਨੂੰ ਦਸ ਰੁਪਏ ਫੜਾਏ ਸੀ। ਅਸੀਂ ਨਾਂਹ-ਨਾਂਹ ਕਰੀ ਗਏ ਸੀ। ਸਾਡੇ ’ਚੋਂ ਕਿਸੇ ਦਾ ਵੀ ਉਨ੍ਹਾਂ ਨੂੰ ਮਾਰਨ ਦਾ ਹੀਆ ਨਹੀਂ ਪੈਂਦਾ ਸੀ। ਬਿਸ਼ਨ ਦਾਸ ਨੇ ਮੁਸਲਮਾਨਾਂ ਵੱਲੋਂ ਹਿੰਦੂਆਂ ਤੇ ਸਿੱਖਾਂ ਦੇ ਕਤਲੇਆਮ ਦੀਆਂ ਅਨੇਕਾਂ ਘਟਨਾਵਾਂ ਸੁਣਾਈਆਂ ਸੀ। ਉਦੋਂ ਹੀ ਜਵਾਲਾ ਸਿੰਘ ਵੀ ਆ ਗਿਆ ਸੀ। ਉਹਨੇ ਸਾਨੂੰ ਹੱਲਾ-ਸ਼ੇਰੀ ਦਿੱਤੀ ਸੀ। ਅਸੀਂ ਤਿੰਨਾਂ ਨੇ ਬੱਚਿਆਂ ਨੂੰ ਭੇੜ ਬਕਰੀਆਂ ਵਾਂਗ ਹੱਕ ਲਿਆ ਸੀ। ਸ਼ਹਿਰੋਂ ਬਾਹਰ ਨਕੋਦਰ ਵਾਲੇ ਪਾਸੇ ਆਬੇ ਕੋਲ ਲੈ ਆਏ ਸੀ। ਜਵਾਲੇ ਤੇ ਜੋਗੇ ਨੇ ਵੱਡਾ ਸਾਰਾ ਟੋਆ ਪੁੱਟਿਆ ਸੀ। ਅਸੀਂ ਇਕ-ਇਕ ਕਰਕੇ ਬੱਚਿਆਂ ਨੂੰ ਟੋਏ ’ਚ ਸੁੱਟਿਆ ਸੀ। ਮੈਂ ਗਿਣਤੀ ਕੀਤੀ ਸੀ। ਬਾਰਾਂ ਬੱਚੇ ਸੀ। ਬੱਚਿਆਂ ਨੇ ਚੀਕਾਂ ਮਾਰੀਆਂ ਸੀ। ਮੈਂ ਕੰਨਾਂ ’ਚ ਉਂਗਲਾਂ ਲੈ ਲਈਆਂ ਸੀ। ਅੱਖਾਂ ਬੰਦ ਕਰ ਲਈਆਂ ਸੀ। ਮੈਨੂੰ ਤਾਂ ਕੰਬਣੀ ਛਿੜ ਗਈ ਸੀ। ਜਵਾਲੇ ਤੇ ਜੋਗੇ ਨੇ ਜਿਉਂਦਿਆਂ ਬੱਚਿਆਂ ਨੂੰ ਦਫਨ ਕਰ ਦਿੱਤਾ ਸੀ। ਮੈਂ ਤਾਂ ਦਸ ਰੁਪਏ ਸੁੱਟ ਕੇ ਸਨਤੋੜ ਪਿੰਡ ਨੂੰ ਦੌੜ ਆਇਆ ਸੀ।’’ ਉਹਨਾਂ ਅੱਖਾਂ ਬੰਦ ਕਰ ਲਈਆਂ ਸਨ। ਮੂੰਹ ’ਚ ਕਿੰਨਾ ਚਿਰ ਬੁੜਬੁੜਾਏ ਸੀ ਤੇ ਫੇਰ, ਜਿਵੇਂ ਆਪਣੀ ਗੁਆਚੀ ਹੋਈ ਤਾਕਤ ਇਕੱਠੀ ਕਰ ਰਹੇ ਹੋਣ, ਉਵੇਂ ਜਿਹਾ ਕੀਤਾ ਸੀ। ਉਹ ਪਹਿਲਾਂ ਨਾਲੋਂ ਉੱਚੀ ਆਵਾਜ਼ ’ਚ ਬੋਲੇ ਸੀ, ‘‘ਮੈਂ ਆਪਣੇ ਜਿਉਂਦਿਆਂ ਜੀਅ ਇਹ ਜ਼ਖਮ ਨ੍ਹੀਂ ਭਰਣ ਦੇਣੇ। ਇਹ ਜ਼ਖਮ ਰਿਸਦੇ ਰਹਿਣੇ ਚਾਹੀਦੇ ਆ। ਇਨ੍ਹਾਂ ’ਚ ਵਾਰ-ਵਾਰ ਕੀੜੇ ਪੈਣੇ  ਚਾਹੀਦੇ ਆ। ਮੈਂ ਤਾਂ ਜਮਨੇ ਨਾਲੋਂ ਵੀ ਮਾੜੀ ਮੌਤੇ ਮਰਨਾ ਚਾਹੁੰਦਾ ਆਂ।’’
ਉਨ੍ਹਾਂਨੇ ਬੋਤਲ ਚੁੱਕੀ ਸੀ ਤੇ ਆਪਣੇ ਅੱਲੇ ਜ਼ਖਮਾਂ ’ਤੇ ਆਏ ਖਰਿੰਡਾਂ ਨੂੰ ਨੌਹਾਂ  ਨਾਲ ਛੇੜ ਕੇ ਉਪਰ ਸ਼ਰਾਬ ਡੋਲਣੀ ਸ਼ੁਰੂ ਕਰ ਦਿੱਤੀ ਸੀ।
ਸਾਡੇ ’ਚ ਇੰਨੀ ਤਾਕਤ ਨਹੀਂ ਰਹੀ ਸੀ ਕਿ ਅਸੀਂ ਉਨ੍ਹਾਂ ਨੂੰ ਰੋਕ ਸਕੀਏ।
ਪ੍ਰੋ. ਜਾਵੇਦ ਨੇ ਜੇਬ ’ਚੋਂ ਰੁਮਾਲ ਕੱਢ ਕੇ ਅੱਖਾਂ ਪੂੰਝੀਆਂ ਸਨ। ਹਰੀ ਭਟਨਾਗਰ ਕੋਲੋਂ ਵੀਡਿਓ ਕੈਮਰਾ ਖੋਹ ਲਿਆ ਸੀ। ਕੈਸਿਟ ਕੱਢ ਕੇ ਬਾਹਰ ਗਟਰ ’ਚ ਸੁੱਟ ਆਂਦੀ ਸੀ।
-ਜਿੰਦਰ, ਜਲੰਧਰ

ਜਸਵੰਤ ਸਿੰਘ ਕੰਵਲ ਦੀਆਂ ਕੌੜੀਆਂ ਮਿੱਠੀਆਂ । ਮੁਲਾਕਾਤੀ ਸਾਥੀ ਲੁਧਿਆਣਵੀ

Written By Editor on Saturday, May 24, 2014 | 23:40

ਜਸਵੰਤ ਸਿੰਘ ਕੰਵਲ ਸਾਡੇ ਬੜੇ ਸਤਿਕਾਰਤ ਨਾਵਲਕਾਰ ਹਨ। 'ਪੂਰਨਮਾਸ਼ੀ' 'ਪਾਲੀ', 'ਰਾਤ ਬਾਕੀ ਹੈ' ਤੇ 'ਲਹੂ ਦੀ ਲੋਅ' ਲਿਖ਼ਣ ਵਾਲੇ ਇਸ ਲੇਖ਼ਕ ਦੇ ਦੇਸਾਂ ਵਿਦੇਸ਼ਾਂ ਵਿਚ ਬੜੇ ਪਾਠਕ ਹਨ। ਪਰ ਕਈਆਂ ਲੋਕਾਂ ਨੂੰ ਸ਼ਿਕਾਇਤ ਹੈ ਕਿ ਕੰਵਲ ਪਹਿਲਾਂ ਵਾਲਾ ਕੰਵਲ ਨਹੀਂ ਰਹਿ ਗਿਆ। ਪ੍ਰੋਗਰੈਸਿਵ ਧਾਰਾ ਵਾਲਾ ਕੰਵਲ ਇਕ ਸਿੱਖ ਲੇਖ਼ਕ ਬਣ ਕੇ ਹੀ ਰਹਿ ਗਿਆ ਹੈ। ਜਦੋਂ ਵੀ ਕੰਵਲ ਜੀ ਇੰਗਲੈਂਡ ਆਏ ਇਕ ਦੋ ਮੌਕਿਆਂ ਤੋਂ ਬਿਨਾਂ ਉਹ ਸਾਡੇ ਘਰ ਵੀ ਆਉਂਦੇ ਅਤੇ ਇਨ੍ਹਾਂ ਮਿਲਣੀਆਂ ਦੌਰਾਨ ਅਸੀਂ ਰੱਜ ਕੇ ਗੱਲਾਂ ਕਰਦੇ ਸਾਂ। ਇਹ ਇੰਟਰਵਿਊ ਮੈਂ ਉਨ੍ਹਾਂ ਨਾਲ 1983 ਵਿਚ ਕੀਤੀ ਸੀ ਤੇ ਉਸ ਵੇਲੇ ਇਹ ਬੜੀ ਚਰਚਿਤ ਰਹੀ ਸੀ। ਇਸ ਗੱਲ ਬਾਤ ਨੂੰ ਉਸ ਸਮੇਂ ਨੂੰ ਸਾਹਮਣੇ ਰੱਖ ਕੇ ਹੀ ਪੜ੍ਹਿਆ ਜਾਵੇ। ਇਹ ਗੱਲ ਵੀ ਧਿਆਨ ਵਿਚ ਰੱਖੀ ਜਾਵੇ ਕਿ ਉਸ ਵੇਲੇ ਤੀਕ 1984 ਵਾਲੀਆਂ ਘਟਨਾਵਾਂ ਨਹੀਂ ਸਨ ਵਾਪਰੀਆਂ। -ਮੁਲਾਕਾਤੀ


punjabi writer jaswant singh kanwal interview
ਜਸਵੰਤ ਸਿੰਘ ਕੰਵਲ
ਸਾਥੀ- ਕੰਵਲ ਜੀ, ਆਪਾਂ ਗੱਲਬਾਤ ਏਸ ਪ੍ਰਸ਼ਨ ਤੋਂ ਸ਼ੁਰੂ ਕਰਦੇ ਹਾਂ ਕਿ ਅੱਜ ਕੱਲ ਤੁਸੀਂ ਕੋਈ ਨਵਾਂ ਨਾਵਲ ਵੀ ਲਿਖ ਰਹੇ ਹੋ?

ਕੰਵਲ- ਇਕ ਨਾਵਲ ਦੇ ਮੈਂ ਨੋਟ ਤਿਆਰ ਕੀਤੇ ਹੋਏ ਹਨ। ਸ਼ੀਘਰ ਹੀ ਲਿਖਾਂਗਾ। ਵੈਸੇ ਹੁਣੇ ਜਿਹੇ ਹੀ ਮੇਰਾ ਨਾਵਲ 'ਮੋੜਾ' ਪ੍ਰਕਾਸ਼ਤ ਹੋਇਆ ਹੈ। 

ਸਾਥੀ- ਹਾਂ, 'ਮੋੜਾ' ਦਾ ਇਕ ਕਾਂਡ ਮੈਂ 'ਆਰਸੀ' ਵਿਚ ਪੜ੍ਹਿਆ ਸੀ। ਉਸ ਵਿਚਲਾ ਇਕ ਵਿਸ਼ੇਸ਼ ਪਾਤਰ ਜਿਹੜਾ ਕੋਈ ਗਜ਼ਟਡ ਅਫਸਰ ਸੀ...
ਕੰਵਲ- (ਟੋਕ ਕੇ) ਗਜ਼ਟਡ ਅਫਸਰ ਨਹੀਂ ਡਿਪਟੀ ਸੈਕਟਰੀ ਹੈ।

ਸਾਥੀ- ਚਲੋ, ਡਿਪਟੀ ਸੈਕਟਰੀ ਹੀ ਸਹੀ ਪਰ ਹੈ ਤਾਂ ਬੜਾ ਹਾਈ ਪੁਜ਼ੀਸ਼ਨ ਦਾ ਬੰਦਾ। ਪੁੱਛਣਾ ਮੈਂ ਇਹ ਚਾਹੁੰਨਾਂ ਕਿ ਕੀ ਏਡੀ ਪੁਜ਼ੀਸ਼ਨ 'ਤੇ ਪਹੁੰਚ ਕੇ ਬੰਦੇ ਦੀ ਬੋਲੀ ਵਿਚ ਰਿਫਾਈਨਮੈਂਟ ਨਹੀਂ ਆ ਜਾਂਦੀ? ਆਖਰ ਕਾਲਜ ਗਿਆ ਹੋਵੇਗਾ। ਸ਼ਹਿਰ 'ਚ ਰਹਿੰਦਾ ਹੋਵੇਗਾ ਤੇ ਏਸ ਪੁਜ਼ੀਸ਼ਨ ਉੱਤੇ ਹੋਣ ਕਾਰਨ ਰਿਫਾਈਂਡ ਤੇ ਸੁਲਝੇ ਹੋਏ ਬੰਦਿਆਂ ਨੂੰ ਵੀ ਮਿਲਦਾ ਹੋਏਗਾ। ਜਦ ਕਿ ਤੁਹਾਡੇ ਪਾਤਰ ਦੀ ਬੋਲ ਚਾਲ ਤੁਸੀਂ ਇੰਝ ਦਿਖਾਈ ਹੈ ਜਿਵੇਂ ਉਹ ਕਦੇ ਪਿੰਡੋਂ ਬਾਹਰ ਹੀ ਨਾ ਨਿਕਲਿਆ ਹੋਵੇ ਤੇ ਉਜੱਡ ਕਿਸਮ ਦਾ ਹੋਵੇ। ਕੀ ਪਾਤਰ ਚਿਤਰਨ ਵਿਚ ਇਹ ਤੁਹਾਥੋਂ ਕਮਜ਼ੋਰੀ ਨਹੀਂ ਰਹਿ ਗਈ?
ਕੰਵਲ- ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਪੰਜਾਬ ਬੜਾ ਛੋਟਾ ਜਿਹਾ ਦੇਸ਼ ਹੈ। ਪਿੰਡਾਂ ਤੇ ਸ਼ਹਿਰਾਂ ਦੀ ਪੰਜਾਬੀ ਵਿਚ ਬਹੁਤਾ ਫਰਕ ਨਹੀਂ ਰਹਿ ਗਿਆ। ਮੇਰਾ ਵਾਹ ਡਿਪਟੀ ਸੈਕਟਰੀਆਂ ਨਾਲ ਪੈਂਦਾ ਰਹਿੰਦਾ ਹੈ। ਤੁਸੀਂ ਇਹਨਾਂ ਨੂੰ ਅਗਰ ਗਾਹਲਾਂ ਦਿੰਦਿਆਂ ਨੂੰ ਸੁਣੋਂ ਤਾਂ ਹੈਰਾਨ ਰਹਿ ਜਾਵੋਂ ਕਿ ਇਹਨਾਂ ਲੋਕਾਂ ਦੀ ਐਜ਼ੂਕੇਸ਼ਨ ਕਿਥੇ ਗਈ? ਨਾਲੇ ਜਦੋਂ ਬੰਦੇ ਨੂੰ ਇਹ ਪਤਾ ਲੱਗੇ ਕਿ ਉਹਦੀ ਔਰਤ ਕਿਸੇ ਹੋਰ ਯਾਰ ਕੋਲ ਜਾਂਦੀ ਐ ਤਾਂ ਉਹਦਾ ਰਿਐਕਸ਼ਨ ਇਹੋ ਜਿਹਾ ਹੀ ਹੁੰਦਾ ਹੈ।

ਸਾਥੀ- ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਗੁੱਸੇ ਵਿਚ ਆ ਕੇ ਇਨਸਾਨ ਦਾ ਧੁਰ ਅੰਦਰ ਨੰਗਾ ਹੋ ਜਾਂਦਾ ਹੈ?

ਕੰਵਲ- ਹਾਂ ਜੀ।
ਸਾਥੀ- ਕੁਝ ਵਰ੍ਹੇ ਪਹਿਲਾਂ ਤੁਹਾਡਾ ਇਕ ਨਾਵਲ ਇੰਗਲੈਂਡ ਦੀ ਜ਼ਿੰਦਗੀ ਬਾਰੇ 'ਬਰਫ ਦੀ ਅੱਗ' ਛਪਿਆ ਸੀ। ਕੰਵਲ, ਜਿਹੜਾ 'ਰਾਤ ਬਾਕੀ ਹੈ', 'ਹਾਣੀ' ਤੇ 'ਪਾਲੀ' ਦਾ ਲੇਖਕ ਹੋਣ ਨਾਤੇ ਪਾਠਕਾਂ ਵਿਚ ਇਕ ਵਧੀਆ ਲੇਖਕ ਹੋ ਨਿੱਬੜਿਆ ਸੀ, 'ਬਰਫ ਦੀ ਅੱਗ' ਵਿਚ ਉਹ ਨਹੀਂ ਉਹ ਲੱਭਾ ਨਹੀਂ। ਇਸ ਨਾਵਲ ਵਿਚ ਅਨੇਕਾਂ ਟੈਕਨੀਕਲ ਗਲਤੀਆਂ ਹਨ। ਇਸ ਨਾਵਲ ਨਾਲ ਲੇਖਕ ਦਾ ਇਮੇਜ ਟੁੱਟਦਾ ਹੈ। ਇਹ ਕਿਉਂ?

ਕੰਵਲ- ਹੋ ਸਕਦੈ ਉਹਦੇ ਵਿਚ ਟੈਕਨੀਕਲ ਗਲਤੀਆਂ ਹੋਣ। ਦਰਅਸਲ ਜਿਹੜੇ ਸਮਾਜ ਬਾਰੇ ਤੁਸੀਂ ਜਾਣਦੇ ਨਾ ਹੋਵੋਂ ਉਹਦੇ ਬਾਰੇ ਲਿਖਦਿਆਂ ਟੈਕਨੀਕਲ ਗਲਤੀਆਂ ਹੋ ਹੀ ਜਾਂਦੀਆਂ ਹਨ।


ਸਾਥੀ- ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਸ ਐਨਵਾਇਰਮੈਂਟ ਵਿਚ ਤੁਸੀਂ ਰਹਿੰਦੇ ਹੋਵੋਂ ਉਹਦੇ ਬਾਰੇ ਹੀ ਲਿਖਣਾ ਚਾਹੀਦਾ ਹੈ?

ਕੰਵਲ- ਉਹਦੇ ਬਾਰੇ ਤੁਸੀਂ ਵਧੀਆ ਲਿਖ ਸਕੋਂਗੇ। ਜਿਹਦੇ ਬਾਰੇ ਤੁਸੀਂ ਜਾਣਦੇ ਨਾ ਹੋਵੋਂ ਉਹਦੇ ਬਾਰੇ ਗਲਤੀਆਂ ਵੀ ਹੋ ਸਕਦੀਆਂ ਹਨ।

ਸਾਥੀ- ਗਲਤੀਆਂ ਦਾ ਅਹਿਸਾਸ ਕੀ ਤੁਹਾਨੂੰ ਇਹਦੇ ਛਪਣ ਤੋਂ ਬਾਅਦ ਹੋਇਆ?

ਕੰਵਲ- ਨਹੀਂ, ਪਹਿਲਾਂ ਵੀ ਸੀ।

ਸਾਥੀ- ਫੇਰ ਇਹ ਨਾਵਲ ਤੁਸੀਂ ਲਿਖਿਆ ਹੀ ਕਿਉਂ? ਬੰਦਾ ਜਾਣ-ਬੁਝ ਕੇ ਗਲਤੀਆਂ ਕਾਹਨੂੰ ਕਰੇ?

ਕੰਵਲ- ਉਹ ਨਾਵਲ ਮੈਂ ਇਸ ਲਈ ਲਿਖਿਆ ਕਿ ਉਸ ਵਿਚ ਕ੍ਰਿਸਚਿਐਨਟੀ ਤੇ ਕਮਿਊਨਿਜ਼ਮ ਦੀ ਗੱਲ ਹੈ ਤੇ ਇਹ ਗੱਲ ਹੈ ਵੀ ਬੜੇ ਸੂਖਮ ਭਾਵਾਂ ਵਾਲੀ। ਇਹੋ ਜਿਹਾ ਨਾਵਲ ਅਤੇ ਏਸ ਟੈਕਨੀਕ ਵਿਚ ਲਿਖਿਆ ਨਾਵਲ ਪੰਜਾਬੀ ਵਿਚ ਤਾਂ ਕੀ ਉਰਦੂ ਜਾਂ ਹਿੰਦੀ ਵਿਚ ਵੀ ਨਹੀਂ।

ਸਾਥੀ- ਕਮਾਲ ਹੈ ਕਿ ਇਹ ਜਾਣਦਿਆਂ ਹੋਇਆਂ ਵੀ ਕਿ ਤੁਸੀਂ ਇਸ ਸਮਾਜ ਵਾਰੇ ਨਹੀਂ ਜਾਣਦੇ ਤਾਂ ਫ਼ਿਰ ਵੀ ਤੁਸੀਂ ਕਮੳਿੁਨਿਜ਼ਮ ਤੇ ਕ੍ਰਿਸਚੀਐਨਿਟੀ ਵਾਰੇ ਲਿਖਣ ਖ਼ਾਤਰ ਇਹ ਨਾਵਲ ਲਿਖ਼ ਮਾਰਿਆ। ਤੁਸੀਂ ਮੰਨਦੇ ਹੋ ਨਾ ਕਿ ਉਸ ਵਿਚ ਟੈਕਨੀਕਲ ਗਲਤੀਆਂ ਹੋਈਆਂ ਹਨ?
ਕੰਵਲ- ਹੋਈਆਂ ਹੋਣਗੀਆਂ ਪਰ ਇਹ ਮਾਮੂਲੀ ਗੱਲਾਂ ਹਨ। ਇਹੋ ਜਿਹਾ ਨਾਵਲ ਲਿਖ ਕੇ ਮੈਂ ਪੰਜਾਬੀ ਸਾਹਿਤ ਵਿਚ ਵਾਧਾ ਕੀਤਾ ਹੈ। ਗੱਲ ਇਹ ਵੀ ਹੈ ਕਿ ਪੰਜਾਬੀ ਵਿਚ ਕ੍ਰਿਟੀਸਿਜ਼ਮ ਬੱਚਿਆਂ ਵਾਲੀ ਖੇਡ ਹੀ ਸਮਝੀ ਹੋਈ ਹੈ ਲੋਕਾਂ ਨੇ। ਉਹਨਾਂ ਨੂੰ ਕ੍ਰਿਟੀਸਿਜ਼ਮ ਕਰਨਾ ਹੀ ਨਹੀਂ ਆਉਂਦਾ। 'ਬਰਫ ਦੀ ਅੱਗ' ਬਾਰੇ ਧੀਰ ਨੇ ਇਕ ਲੇਖ ਲਿਖਿਆ ਪਰ ਉਹ ਇਹਦਾ ਸਬਜੈਕਟ ਹੀ ਨਹੀਂ ਦੱਸ ਸਕਿਆ। ਇਹੋ ਜਿਹੇ ਕ੍ਰਿਟੀਸਿਜ਼ਮ ਨੂੰ ਕੀ ਕਰਨਾ?

ਸਾਥੀ- ਉਸ ਨਾਵਲ ਵਿਚ ਤੁਸੀਂ ਇਕ ਕੁੜੀ ਐਨ ਨੂੰ ਮਿਸ ਐਨ ਹੀ ਆਖੀ ਜਾ ਰਹੇ ਹੋ ਜਦ ਕਿ ਇਕੱਲੇ ਕ੍ਰਿਸਚੀਅਨ ਨਾਮ ਨਾਲ ਮਿਸ, ਮਿਸਜ਼ ਜਾਂ ਮਿਸਟਰ ਨਹੀਂ ਲਗਦਾ ਇਹ ਟਾੲਟਿਲ ਬੰਦੇ ਦੇ ਸਰਨੇਮ ਨਾਲ਼ ਲਗਦੇ ਹਨ। ਜਸਵੰਤ ਸਿੰਘ ਕੰਵਲ ਨੂੰ ਤਦੇ ਮਿਸਟਰ ਕਿਹਾ ਜਾਏਗਾ ਜੇਕਰ ਉਸ ਨਾਲ ਕੰਵਲ ਲੱਗਾ ਹੋਇਆ ਹੈ। ਜੇਕਰ ਇਕੱਲਾ ਜਸਵੰਤ ਕੋਈ ਬੁਲਾਵੇ ਤਾਂ ਸਿਰਫ ਜਸਵੰਤ ਹੀ ਹੁੰਦਾ ਹੈ ਨਾ ਕਿ ਮਿਸਟਰ ਜਸਵੰਤ। ਕ੍ਰਿਸਚੀਅਨ ਨਾਂ ਨਾਲ ਫਾਰਮੈਲਿਟੀ ਖਤਮ ਹੋ ਜਾਂਦੀ ਹੈ।
ਕੰਵਲ- ਇਹ ਮਾਮੂਲੀ ਗੱਲਾਂ ਨੇ।

ਸਾਥੀ- 'ਹਾਣੀ', 'ਪਾਲੀ' ਤੇ 'ਰਾਤ ਬਾਕੀ ਹੈ' ਪੜ੍ਹਨ ਵਾਲੇ ਲੋਕਾਂ ਨੇ ਕਿਆਸਿਆ ਕਿ ਕੰਵਲ ਦੇ 'ਦਾਣੇ' ਮੁਕ ਗਏ ਐ।

ਕੰਵਲ- ਉਹਨਾਂ ਦੀ ਸਮਝ ਅਨੁਸਾਰ ਮੁੱਕ ਗਏ ਹੋਣਗੇ। ਮੈਨੂੰ ਤਾਂ ਐਂ ਲੱਗਦਾ ਜਿਵੇਂ ਉਹਨਾਂ ਦੀ ਸਮਝ ਦੇ ਦਾਣੇ ਹੀ ਮੁੱਕ ਗਏ ਹੋਣ। ਮੋਹਨ ਸਿੰਘ ਨੇ ਤਾਂ 'ਸਿਵਿਲ ਲਾਈਨਜ਼' ਪੜ੍ਹ ਕੇ ਹੀ ਆਖ ਦਿਤਾ ਸੀ ਕਿ ਇਹਦੇ ਦਾਣੇ ਮੁੱਕ ਗਏ ਐ ਜਦ ਕਿ ਬਾਅਦ ਵਿਚ ਮੈਂ ਚੰਗਾ ਲਿਖਿਆ ਤੇ ਡਟ ਕੇ ਲਿਖਿਆ।

ਸਾਥੀ- ਲੇਖਕ ਦੀ ਹਰ ਰਚਨਾ ਤਾਂ ਮਾਸਟਰ ਪੀਸ ਨਹੀਂ ਹੁੰਦੀ। ਪਰਲ ਬੱਕ ਦੇ ਨਾਵਲ 'ਦ ਗੁੱਡ ਅਰਥ' ਜਿਸ ਨੂੰ ਨੋਬਲ ਇਨਾਮ ਮਿਲਿਆ ਸੀ, ਤੋਂ ਸਿਵਾ ਉਹਦੀਆਂ ਬਾਕੀ ਕਿਤਾਬਾਂ ਦਾ ਨਾਂ ਵੀ ਨਹੀਂ। ਖ਼ੈਰ, ਕੰਵਲ ਜੀ, ਇਹ ਦੱਸੋ ਕਿ ਤੁਸੀਂ ਆਪਣੇ ਨਾਵਲਾਂ ਵਿਚੋਂ ਕਿਹੜੇ ਕਿਹੜੇ ਮਾਸਟਰ ਪੀਸ ਗਿਣਦੇ ਹੋ?

ਕੰਵਲ- 'ਮਿੱਤਰ ਪਿਆਰੇ ਨੂੰ' ਤੇ 'ਹਾਣੀ' ਨੂੰ ਪਰ ਯਥਾਰਥਕ ਤਸਵੀਰ ਮੈਨੂੰ 'ਲਹੂ ਦੀ ਲੋਅ' ਵਿਚੋਂ ਹੀ ਲੱਭਦੀ ਹੈ।

ਸਾਥੀ- ਕੰਵਲ ਜੀ, ਅਜੇ ਤੀਕ ਪੰਜਾਬੀ ਵਿਚ ਕੌਂਮਾਤਰੀ ਪੱਧਰ ਦਾ ਨਾਵਲ ਕਿਉਂ ਨਹੀਂ ਲਿਖਿਆ ਗਿਆ?

ਕੰਵਲ- ਸਾਥੀ ਜੀ, ਇਹ ਤਾਂ ਤੁਸੀਂ ਵੀ ਜਾਣ ਹੀ ਸਕਦੇ ਹੋ। ਤੁਸੀਂ ਵੀ ਲਿਖਦੇ ਹੀ ਹੋ। ਅਸੀਂ ਵੀ ਲਿਖਦੇ ਹਾਂ। ਸ਼ਾਇਦ ਪੰਜਾਬੀ ਲੇਖਕ ਏਨਾ ਪੜ੍ਹ ਲਿਖ ਨਹੀਂ ਸਕੇ ਕਿ ਉਹ ਏਨਾ ਚੰਗਾ ਲਿਖਣ।

ਸਾਥੀ- ਕੀ ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਪੰਜਾਬੀ ਲੇਖਕ ਨੂੰ ਉਹਦੀਆਂ ਲਿਖਤਾਂ ਦਾ ਮੁੱਲ ਨਹੀਂ ਮਿਲਦਾ ਇਸ ਲਈ ਉਹ ਕੁਲਵਕਤੀ ਲੇਖਕ ਬਣ ਕੇ ਆਪਣੀ ਰਚਨਾ ਉਪਰ ਪੂਰੀ ਮਿਹਨਤ ਨਹੀਂ ਕਰ ਸਕਦਾ?
ਕੰਵਲ- ਬਥੇਰੇ ਅਜਿਹੇ ਲੇਖਕ ਵੀ ਹਨ ਜਿਹਨਾਂ ਕੋਲ ਪੈਸਾ ਵੀ ਹੈ ਤੇ ਉਹ ਕੁਲਵਕਤੀ ਵੀ ਹਨ ਪਰ ਫਿਰ ਵੀ ਉਹ ਚੰਗਾ ਨਹੀਂ ਲਿਖ ਸਕਦੇ। ਇਕ ਕਾਰਨ ਉਹਨਾਂ ਦਾ ਚੰਗਾ ਨਾ ਲਿਖ ਸਕਣ ਦਾ ਇਹ ਵੀ ਹੈ ਕਿ ਉਹ ਲੋਕਾਂ ਨਾਲੋਂ ਟੁੱਟੇ ਹੋਏ ਹਨ।

ਸਾਥੀ- ਕੰਵਲ ਜੀ, ਹੁਣੇ ਜਿਹੇ ਤੁਸੀਂ ਇਕ ਸਵਾਲ ਦੇ ਉੱਤਰ ਵਿਚ ਕਿਹਾ ਕਿ 'ਲਹੂ ਦੀ ਲੋਅ' ਦਾ ਆਪਣਾ ਮੁਕਾਮ ਹੈ ਤੇ ਇਹ ਯਥਾਰਥਕ ਤਸਵੀਰ ਪੇਸ਼ ਕਰਦਾ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੇ ਆਖਾਂਗਾ ਕਿ ਇਸ ਵਿਚ ਵੇਲੇ ਦੀ ਸਰਕਾਰ ਦੀ ਕਰੜੀ ਨੁਕਤਾਚੀਨੀ ਕੀਤੀ ਹੈ। ਉਹੋ ਜਿਹੀ ਹੀ ਸਰਕਾਰ ਤੇ ਉਹੋ ਜਿਹੇ ਲੋਕ ਅੱਜ ਦੀ ਸਰਕਾਰ ਵਿਚ ਵੀ ਮੌਜੂਦ ਹਨ। ਏਸ ਸੰਦਰਭ ਵਿਚ ਸੋਚੀਏ ਤਾਂ ਦਿੱਲੀ ਵਿਚ ਹੋ ਰਹੇ ਤੀਜੇ ਵਿਸ਼ਵ ਸੰਮੇਲਨ ਵੇਲੇ ਤੁਸੀਂ ਸਰਕਾਰ ਨਾਲ ਕਿਵੇਂ ਟੁਰ ਪਏ? ਕੀ ਤੁਸੀਂ 'ਲਹੂ ਦੀ ਲੋਅ' ਵਿਚ ਪ੍ਰਗਟਾਏ ਵਿਚਾਰਾਂ ਤੋਂ ਹੁਣ ਪਿਛਾਂਹ ਨਹੀਂ ਹਟ ਰਹੇ ਹੋ?
ਕੰਵਲ- ਬਿਲਕੁਲ ਨਹੀਂ। ਵਿਚਾਰਧਾਰਕ ਪੱਖੋਂ ਜਿੱਥੇ ਮੈਂ ਉਦੋਂ ਖੜਾ ਸਾਂ, ਉਥੇ ਹੀ ਖੜੋਤਾਂ ਪਰ ਵਿਸ਼ਵ ਸੰਮੇਲਨ ਮੇਰਾ ਕੋਈ ਜ਼ਾਤੀ ਮਾਮਲਾ ਨਹੀਂ। ਇਹ ਸਮੁੱਚੇ ਪੰਜਾਬ ਤੇ ਸਮੁੱਚੇ ਪੰਜਾਬੀ ਕਲਚਰ ਤੇ ਜ਼ੁਬਾਨ ਦਾ ਮਾਮਲਾ ਹੈ। ਉਥੇ ਜੇ ਮੈਂ ਆਪਣੀ ਹੀ ਗੱਲ ਰੱਖਾਂ ਤਾਂ ਸਮੁੱਚੀ ਵਿਚਾਰਧਾਰਾ ਦੀ ਗੱਲ ਨਹੀਂ ਬਣਦੀ। ਜ਼ਾਤੀ ਜਿਹੀ ਹੋ ਜਾਂਦੀ ਹੈ। ਜੇਕਰ ਅਸੀਂ ਦੂਜੀਆਂ ਵਿਚਾਰਧਾਰਾਂ ਨੂੰ ਨਾਲ ਨਹੀਂ ਲੈਂਦੇ ਤਾਂ ਉਹ ਸਮੁੱਚੀ ਰਿਪਰੈਜ਼ਿੰਟੇਸ਼ਨ ਨਹੀਂ ਬਣਦੀ।

ਸਾਥੀ- ਜਾਣੀ ਕਿ ਤੁਸੀਂ ਉਸ ਕਾਨਫਰੰਸ ਦੇ ਮੋਹਰੀ ਬਣ ਕੇ You are sacrificing your principles for the sake of…. (ਤੁਸੀਂ ਆਪਣੀ ਵਿਚਾਰਧਾਰਾਨ ਨਾਲ ਵੀ ਸਮਝੌਤਾ ਕਰ ਰਹੇ ਹੋ?)

ਕੰਵਲ- ਨੋ, ਇਹ ਕੋਈ ਪੁਲਿਟੀਕਲ ਕਾਨਫਰੰਸ ਨਹੀਂ। 'ਲਹੂ ਦੀ ਲੋਅ' ਦੀ ਵਿਚਾਰਧਾਰਾ ਨੂੰ ਸਾਥੀ ਜੀ, ਇਹਦੇ ਨਾਲ ਖਲਤ-ਮਲਤ ਨਹੀਂ ਕਰਨਾ ਚਾਹੀਦਾ।

ਸਾਥੀ- ਜੇ ਮੈਂ ਗਲਤ ਨਹੀਂ ਤਾਂ ਮੈਂ ਆਖਾਂਗਾ ਕਿ 'ਲਹੂ ਦੀ ਲੋਅ' ਤੁਹਾਡੀ ਵਿਚਾਰਧਾਰਾ ਦਾ ਧੁਰਾ ਹੈ?

ਕੰਵਲ- ਬਿਲਕੁਲ ਠੀਕ।
ਸਾਥੀ- ਸੋ ਪਾਠਕ ਤੁਹਾਨੂੰ ਉਸ ਨਾਲ ਅਸੌਸੀਏਟ ਕਰਦਾ ਹੈ ਪਰ ਜਦੋਂ ਉਹ ਹੁਣ ਦੇਖਦਾ ਹੈ ਕਿ ਕੰਵਲ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਨਾਲ ਟੁਰ ਰਿਹਾ ਹੈ ਤਾਂ ਉਹ ਸੋਚਦਾ ਜ਼ਰੂਰ ਹੈ ਕਿ ਇਹਨੂੰ ਕੀ ਹੋ ਗਿਆ? ਬਾਈ! ਉਹਨਾਂ ਪਾਠਕਾਂ ਨੂੰ ਤੁਸੀਂ ਕੀ ਆਖੋਂਗੇ?
ਕੰਵਲ- ਉਹਨਾਂ ਪਾਠਕਾਂ ਦੀ ਸੋਚ ਦਾ ਪੱਧਰ ਛੋਟਾ ਹੈ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੰਵਲ ਇਹ ਕੁਝ ਆਪਣੇ ਨਿੱਜ ਲਈ ਨਹੀਂ ਕਰ ਰਿਹਾ ਸਗੋਂ ਸਮੁੱਚੇ ਪੰਜਾਬੀ ਸਾਹਿਤ ਲਈ ਕਰ ਰਿਹੈ। ਜੇ ਮੈਂ ਉਹਨਾਂ ਵਿਚ ਸ਼ਾਮਲ ਨਾ ਹੋਵਾਂ ਤਾਂ ਪੰਜਾਬੀ ਨੂੰ ਵਿਸ਼ਵ ਪੱਧਰ ਉਤੇ ਪ੍ਰਚਾਰਨ ਵਿਚ ਮੇਰਾ ਕੋਈ ਹੱਥ ਨਹੀਂ ਹੋਵੇਗਾ। ਜਿਵੇਂ ਕੁਝ ਬੰਦਿਆਂ ਨੇ ਹੁਣ ਤੀਕ ਇਹਦਾ ਬਾਈਕਾਟ ਕਰ ਰੱਖਿਆ ਹੈ। ਇਸ ਕਾਨਫਰੰਸ ਵਿਚ ਨਿਰੀ ਇੰਦਰਾ ਗਾਂਧੀ ਤੇ ਦਰਬਾਰਾ ਸਿੰਘ ਹੀ ਨਹੀਂ ਆਉਣਗੇ ਸਗੋਂ ਅਸੀਂ ਦੋਹਾਂ ਕਮਿਊਨਿਸਟ ਪਾਰਟੀਆਂ ਦੇ ਆਗੂਆਂ ਨੂੰ ਦੀ ਸੱਦਾ ਦੇ ਰਹੇ ਹਾਂ, ਜਿਵੇਂ ਕਿ ਹਰਕਿਸ਼ਨ ਸਿੰਘ ਸੁਰਜੀਤ। ਅਸੀਂ ਟੌਹੜਾ ਹੁਰਾਂ ਨੂੰ ਵੀ ਬੁਲਾ ਰਹੇ ਹਾਂ। ਜਨਸੰਘ ਨੂੰ ਵੀ ਕਹਿ ਰਹੇ ਹਾਂ ਕਿ ਪੰਜਾਬੀ ਜ਼ੁਬਾਨ ਦੇ ਇਸ ਸ਼ੁਭ ਕੰਮ ਸਬੰਧੀ ਆਪਣੇ ਵਿਚਾਰ ਦੇਣ। ਇੰਦਰਾ ਨੂੰ ਤਾਂ ਸਿਰਫ ਅਸੀਂ ਇਸ ਲਈ ਸੱਦ ਰਹੇ ਹਾਂ ਕਿ ਉਹ ਸਾਡੇ ਮੁਲਕ ਦੀ ਪ੍ਰਧਾਨ ਮੰਤਰੀ ਹੈ ਤੇ ਦਰਬਾਰਾ ਸਿੰਘ ਪੰਜਾਬ ਦੇ ਚੀਫ ਮਨਿਸਟਰ ਹਨ।
ਸਾਥੀ- ਜਿਥੇ ਟੌਹੜਾ ਅਤੇ ਦਰਬਾਰਾ ਸਿੰਘ ਇਕੱਠੇ ਹੋ ਜਾਣ ਉਥੇ ਪੁਲਿਟੀਕਲ ਗੱਲ ਕਿਉਂ ਨਾ ਹੋਊ?

ਕੰਵਲ- ਅਸੀਂ ਇਸਨੂੰ ਪੁਲਿਟੀਕਲ ਪਲੇਟਫਾਰਮ ਨਹੀਂ ਬਣਨ ਦੇਣਾ।

ਸਾਥੀ- ਜੇਕਰ ਇੰਦਰਾ ਗਾਂਧੀ ਨੇ ਸਟੇਜ ਉਤੇ ਜਾ ਕੇ ਕੋਈ ਸਿਆਸੀ ਗੱਲ ਆਖ ਦਿਤੀ?
ਕੰਵਲ- ਅਸੀਂ ਉਹਦੀ ਜ਼ੁਬਾਨ ਨਹੀਂ ਫੜ ਸਕਦੇ ਪਰ ਆਖਾਂਗੇ ਕਿ ਉਹ ਪੁਲਿਟੀਕਲ ਗੱਲ ਨਾ ਆਖੇ।ਸਾਥੀ- ਕੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੁਹਾਡੇ ਨਾਲ ਹੈ?

ਕੰਵਲ- ਜੀ ਹਾਂ।

ਸਾਥੀ- ਪੰਜਾਬੀ ਲੇਖਕਾਂ ਦਾ ਇਕ ਗਰੁੱਪ ਟੁੱਟ ਕੇ ਜੁਲਾਈ ਵਿਚ ਇਕ ਸੰਮੇਲਨ ਬੈਂਕੌਕ ਵਿਚ ਕਰਵਾ ਰਹੇ ਹਨ। ਇਹ ਕਿਉਂ ਹੋਇਆ?
ਕੰਵਲ- ਉਹਨਾਂ ਨੇ ਸਾਡੇ ਐਲਾਨ ਤੋਂ ਬਾਦ ਐਲਾਨ ਕੀਤਾ ਕਿ ਉਹ ਵੀ ਸੰਮੇਲਨ ਕਰਵਾ ਰਹੇ ਹਨ ਪਰ ਹੁਣ ਉਹ ਇਹਨੂੰ ਕੇਵਲ ਕਨਵੈਨਸ਼ਨ ਹੀ ਆਖਣਗੇ।
ਸਾਥੀ- ਕੰਵਲ ਜੀ, ਬਾਹਰ ਰਹਿੰਦੇ ਲੇਖਕ ਇਹ ਪੁੱਛਣਾ ਚਾਹੁੰਦੇ ਹਨ ਕਿ ਹਿੰਦੁਸਤਾਨ ਵਿਚ ਰਹਿੰਦੇ ਲੇਖਕ ਹਿੰਦੁਸਤਾਨ ਤੋਂ ਬਾਹਰ ਹੀ ਸਮਾਗਮ ਕਰਾਉਣ ਲਈ ਕਿਉਂ ਐਂਕਸ਼ੀਅਸ ਰਹਿੰਦੇ ਹਨ? ਕੀ ਇਹ ਇਸ ਲਈ ਕਿ ਇਥੋਂ ਖੁਲ੍ਹੇ ਗੱਫੇ ਮਿਲਦੇ ਹਨ? ਵਧੀਆ ਵਿਸਕੀ, ਕਰਾਰੇ ਮੁਰਗੇ ਤੇ ਸੈਰ ਸਪਾਟਾ ਵੀ ਹੁੰਦਾ ਹੈ? ਅਸੀਂ ਲੋਕ ਮਹਿਸੂਸ ਕਰਦੇ ਹਾਂ ਕਿ ਭਾਰਤੋਂ ਆਏ ਲੇਖਕਾਂ ਨੂੰ ਪੰਜਾਬੀ ਸਾਹਿਤ ਦੀ ਸੇਵਾ-ਸੂਵਾ ਕਰਨ ਵੱਲ ਏਡਾ ਰੁਝਾਨ ਹੁੰਦਾ ਹੀ ਨਹੀਂ। ਇਹ ਗੱਲ ਇੰਗਲੈਂਡ ਤੇ ਫਿਰ ਕੈਨੈਡਾ ਵਿਚ ਹੋਈਆਂ ਕਾਨਫਰੰਸਾਂ ਤੋਂ ਬੜੀ ਚੰਗੀ ਤਰ੍ਹਾਂ ਸਿੱਧ ਹੋ ਗਈ ਹੈ।

ਕੰਵਲ- ਦਰਅਸਲ ਲੇਖਕਾਂ ਵਿਚ ਸਾਹਿਤਕ ਕੰਮਾਂ ਲਈ ਸੰਜੀਦਗੀ ਹੈ ਹੀ ਨਹੀਂ। ਬੈਂਕੌਕ ਜਾਣ ਵਾਲਿਆਂ ਵਿਚ ਸ਼ਾਇਦ ਕਈ ਸਮੱਗਲਰ ਵੀ ਹੋਣ ਕਿਉਂਕਿ ਉਥੇ ਚੀਜ਼ਾਂ ਸਸਤੀਆਂ ਮਿਲਦੀਆਂ। ਜੇਕਰ ਬੈਂਕੌਕ ਵਿਚ ਸਮਾਗਮ ਕਰਾਉਣ ਵਾਲੇ ਸੰਜੀਦਗੀ ਨਾਲ ਕੰਮ ਕਰਨ ਤਾਂ ਇਹਦੇ ਸਿੱਟੇ ਵੀ ਚੰਗੇ ਨਿਕਲ ਸਕਦੇ ਹਨ ਵਰਨਾ ਚੰਗੇ ਕਾਜ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਗੱਲ ਹੈ। 
ਸਾਥੀ- ਜਾਨੀ ਕਿ ਦਿੱਲੀ ਵਿਚ ਸਮਾਗਮ ਕਰਾਉਣ ਵਾਲਿਆ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਗੱਲ ਹੈ?

ਕੰਵਲ- ਤੁਸੀਂ ਸਵਾਲ ਨੂੰ ਉਲਟਾਅ ਲਿਆ ਹੈ। ਮੈਂ ਕਹਿ ਰਿਹਾ ਸੀ ਕਿ ਪ੍ਰਬੰਧਕਾਂ ਨੂੰ ਪੰਜਾਬੀ ਸਾਹਿਤ ਤੇ ਜ਼ੁਬਾਨ ਦੀ ਸੇਵਾ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਬੈਂਕੌਕ ਵਾਲੇ ਜਿੱਥੇ ਸਮਾਗਮ ਕਰ ਰਹੇ ਹਨ ਉਥੇ ਕੋਈ ਰਾਈਟਰ ਨਹੀਂ। ਬਸ ਇਕ ਪੰਜਾਬੀ ਅਖ਼ਬਾਰ 'ਦੀਵਾਨਾ' ਹੀ ਨਿਕਲਦੀ ਹੈ। ਮੈਂ ਉਥੇ ਕਈ ਵਾਰ ਜਾ ਆਇਆ ਹਾਂ।

ਸਾਥੀ- ਫੇਰ ਉਹ ਉਥੇ ਕਰ ਹੀ ਕਾਹਨੂੰ ਰਹੇ ਐ?  

ਕੰਵਲ- ਉਥੋਂ ਦੇ ਕੁਝ ਤਕੜੇ ਬੰਦਿਆਂ ਨੇ ਸ਼ਾਇਦ ਕਿਹਾ ਹੋਊ।
ਸਾਥੀ- ਅੰਮ੍ਰਿਤਾ ਪ੍ਰੀਤਮ ਕੀਹਦੇ ਨਾਲ ਐ?

ਕੰਵਲ- ਮੈਨੂੰ ਨਹੀਂ ਪਤਾ ਪਰ ਮੇਰੀ ਜਾਚੇ ਜਿਥੇ ਇੰਦਰਾ ਗਾਂਧੀ ਜਾਊ, ਉਥੇ ਉਹ ਜ਼ਰੂਰ ਜਾਊ।

ਸਾਥੀ- ਅੰਮ੍ਰਿਤਾ ਦੀਆਂ 'ਕਾਗਜ਼ ਤੇ ਕੈਨਵਸ' ਵਿਚਲੀਆਂ ਕੁਝ ਨਜ਼ਮਾ ਬਾਰੇ ਸਿੱਖ ਧਾਰਮਿਕ ਅਦਾਰਿਆਂ ਨੇ ਆਖਿਆ ਕਿ ਇਹ ਸਿੱਖ ਧਰਮ ਦੀ ਸਿੱਧੀ ਤੌਹੀਨ ਹਨ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?
ਕੰਵਲ- ਮੇਰੀ ਜਾਚੇ ਇਹ ਕੁਝ ਲੋਕਾਂ ਵਲੋਂ ਅੰਮ੍ਰਿਤਾ ਨੂੰ ਨੀਵਾਂ ਦਿਖਾਉਣ ਦੀ ਸਾਜ਼ਸ਼ ਹੈ। ਉਹਨਾਂ ਕਵਿਤਾਵਾਂ ਵਿਚ ਅਜਿਹੀ ਕੋਈ ਗੱਲ ਨਹੀਂ। ਇਹਨਾਂ ਨੂੰ ਛਪਿਆਂ ਵੀ ਗਿਆਰਾਂ ਵਰ੍ਹੇ ਹੋ ਗਏ ਹਨ। ਉਦੋਂ ਰੌਲ਼ਾ ਨਾ ਪਾਇਆ?

ਸਾਥੀ- ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪ੍ਰਧਾਨਗੀ ਵਾਲੀ ਜਲੰਧਰ ਦੀ ਕੇਂਦਰੀ ਲਿਖਾਰੀ ਸਭਾ ਕੀ ਤੀਜੇ ਵਿਸ਼ਵ ਸਮੇਲਨ ਲਈ ਤੁਹਾਡੇ ਨਾਲ ਹੈ?

ਕੰਵਲ- ਉਹਨਾਂ ਨਾਲ ਕੋਈ ਮੀਟਿੰਗ ਤਾਂ ਨਹੀਂ ਹੋਈ ਪਰ ਉਹ ਸਾਡੇ ਨਾਲ ਹੀ ਹੋਣੇ ਆਂ। ਅਸੀਂ ਸਭ ਨੂੰ ਸੱਦਾ ਦਿਆਂਗੇ। ਹੋ ਸਕਦੈ ਕਿ ਮੇਰੀ ਗ਼ੈਰ ਹਾਜ਼ਿਰੀ ਵਿਚ ਦੇ ਵੀ ਦਿਤਾ ਹੋਵੇ।

ਸਾਥੀ- ਕੰਵਲ ਜੀ, ਮੈਂ ਇਹ ਪੁੱਛਣਾ ਚਾਹੁੰਨੈ ਕਿ ਅਸੀਂ ਇਥੇ ਜਦੋਂ ਪਹਿਲਾਂ ਵਿਸ਼ਵ ਸੰਮੇਲਨ ਕਰਾਇਆ ਸੀ ਤਾਂ ਲੋਕਾਂ ਤੋਂ ਇਕ-ਇਕ ਪੌਂਡ ਤੱਕ ਇਕੱਠਾ ਕੀਤਾ ਸੀ। ਕੁਝ ਮਿਹਰਬਾਨਾਂ ਨੇ ਪੰਜ ਪੰਜ ਸੌ ਪੌਂਡ ਤੀਕ ਵੀ ਦਿੱਤਾ। ਏਸ ਪੈਸੇ ਨਾਲ ਅਸੀਂ ਉਹਨੂੰ ਨੇਪਰੇ ਚਾੜ੍ਹ ਲਿਆ। ਤੁਸੀਂ ਭਾਰਤ ਦੇ ਲੇਖਕ ਲੋਕ ਜਿਹਨਾਂ ਪਿੱਛੇ ਕਾਫੀ ਸਪੋਰਟ ਵੀ ਹੈ, ਤੁਸੀਂ ਕਿਉਂ ਨਹੀਂ ਇਹ ਸਮਾਗਮ ਸਰਕਾਰ ਦੀ ਸਹਾਇਤਾ ਤੋਂ ਬਿਨਾਂ ਹੀ ਕਰਵਾ ਸਕੇ?

ਕੰਵਲ- ਦੇਖੋ ਜੀ, ਦੋ ਹੀ ਗੱਲਾਂ ਨੇ। ਜਾਂ ਤਾਂ ਸਰਕਾਰ ਨੂੰ ਬਿਲਕੁਲ ਬਾਹਰ ਕੱਢ ਦਿਓ ਤੇ ਲੋਕਾਂ ਤੱਕ ਹੀ ਸੀਮਤ ਰੱਖੋ ਜਾਂ ਫਿਰ ਸਰਕਾਰ ਨੂੰ ਲੋਕਾਂ ਦੀ ਪ੍ਰਤੀਨਿਧ ਨਾ ਕਹੋ। ਬੰਗਾਲੀ ਵਾਲੇ ਕਰਦੇ ਐ। ਉਹ ਕੋਈ ਦਾਗ਼ੀ ਨਹੀਂ ਹੋ ਜਾਂਦੇ। ਕੇਂਦਰ ਦਾ ਬਜਟ ਲੋਕਾਂ ਦੇ ਟੈਕਸ ਨਾਲ ਹੀ ਉਸਾਰਿਆ ਹੋਇਆ ਹੁੰਦੈ। ਸਰਕਾਰ ਤੋਂ ਏਨੇ ਅਲਰਜਿਕ ਨਹੀਂ ਹੋਣਾ ਚਾਹੀਦਾ। ਇਹ ਸਾਡਾ ਹੀ ਪੈਸਾ ਹੈ। ਅਸੀਂ ਹੀ ਵਾਪਸ ਲੈ ਰਹੇ ਹਾਂ। ਬਿਲਕੁਲ ਉਵੇਂ ਹੀ ਜਿਵੇਂ ਹਿੰਦੀ, ਬੰਗਾਲੀ, ਗੁਜਰਾਤੀ ਤੇ ਤਾਮਿਲ ਵਾਲੇ ਲੈਂਦੇ ਹਨ। ਕੇਂਦਰ ਦਾ ਬਜਟ ਕਿਸੇ ਇਕ ਪਾਰਟੀ ਦਾ ਨਹੀਂ ਹੁੰਦਾ। ਲੇਖਕ ਲੋਕ ਇਕੱਲੇ ਇਹੋ ਜਿਹਾ ਸਮਾਗਮ ਨਹੀਂ ਕਰਾ ਸਕਦੇ। ਦਿੱਲੀ ਵਿਚ ਰਿਹਾਇਸ਼ ਆਦਿ ਦੇ ਸੰਬੰਧ ਵਿਚ ਜ਼ਰੂਰੀ ਸੀ ਕਿ ਅਸੀਂ ਸਰਕਾਰ ਦੀ ਅਸਿਟੈਂਸ ਲੈਂਦੇ। ਅਸੀਂ ਖੁਦ ਤਿਵਾੜੀ (ਡਾਕਟਰ) ਕੋਲ ਗਏ ਸਾਂ ਤੇ ਉਹਨਾਂ ਆਖਿਆ ਸੀ ਕਿ ਉਹ ਦਿੱਲੀ ਵਿਚ ਕਾਨਫਰੰਸ ਕਰਾਉਣ ਦਾ ਉਪਰਾਲਾ ਕਰੇ। ੳੁਹ ਕਹਿ ਰਿਹਾ ਸੀ ਕਿ ਚੰਡੀਗੜ੍ਹ ਕਰਾ ਲੈਂਦੇ ਹਾਂ। ਮੈਂ ਕਿਹਾ ਕਿ ਨਹੀਂ ਦਿੱਲੀ ਵਿਚ ਹੀ ਹੋਵੇ ਤਾਂ ਜੋ ਬਾਹਰਲੇ ਲੇਖਕਾਂ ਦਾ ਉਲ੍ਹਾਮਾ ਵੀ ਲਹਿ ਜਾਵੇ ਕਿ ਦਿੱਲੀ ਵਿਚ ਕਿਉਂ ਨਹੀਂ ਕਰਾਉਂਦੇ? ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਹੁਣ ਇਹ ਲੋਕ ਕਿੰਨੀ ਕੁ ਗਿਣਤੀ ਵਿਚ ਆਉਂਦੇ ਐ। ਜੇਕਰ ਉਹ ਨਹੀਂ ਆਉਂਦੇ ਤਾਂ ਅਸੀਂ ਸਮਝਾਂਗੇ ਕਿ ਉਹ ਐਵੇਂ ਰੌਲ਼ਾ ਹੀ ਪਾਉਣ ਜੋਗੇ ਐ। ਉਹਨਾਂ ਨੂੰ ਪੰਜਾਬੀ ਨਾਲ ਕੋਈ ਸਿੰਪਥੀ ਨਹੀਂ।

ਸਾਥੀ- ਕੀ ਤੁਸੀਂ ਇਹ ਕਹਿ ਰਹੇ ਹੋ ਕਿ ਕਿਸੇ ਵੀ ਪਾਰਟੀ ਤੋਂ ਚਾਹੇ ਉਹ ਕਿੰਨੀ ਵੀ ਬੁਰੀ ਹੋਵੇ ਉਸ ਤੋਂ ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਜੇਕਰ ਮਦਦ ਮਿਲਦੀ ਹੋਵੇ ਤਾਂ ਲੈ ਲੈਣੀ ਚਾਹੀਦੀ ਹੈ?

ਕੰਵਲ- ਸਾਥੀ ਜੀ, ਇਹ ਸਾਡੀ ਕਮਅਕਲੀ ਹੋਵੇਗੀ ਜੇਕਰ ਅਸੀਂ ਚੰਗੀ ਪੁਜ਼ੀਸ਼ਨ 'ਤੇ ਲੱਗੇ ਪੰਜਾਬੀ ਬੰਦਿਆਂ ਦੀ ਪੁਜ਼ੀਸ਼ਨ ਦਾ ਫਾਇਦਾ ਨਾ ਉਠਾਵਾਂਗੇ।

ਸਾਥੀ- ਮਹਾਤਮਾ ਗਾਂਧੀ ਜੀ ਆਪਣੇ ਆਸ਼ਰਮ ਨੂੰ ਚਲਾਉਣ ਲਈ ਬਿਰਲੇ ਤੋਂ ਵੀ ਅਸਿਸਟੈਂਸ ਲੈ ਲੈਂਦੇ ਸਨ।

ਕੰਵਲ- ਏਸ ਮਿਸਾਲ ਦੀ ਕੀ ਲੋੜ ਐ?

ਸਾਥੀ- ਏਸ ਲਈ ਕਿ ਤੁਸੀਂ ਆਪਣਾ ਮਤਲਬ ਹੱਲ ਕਰਨ ਲਈ ਕਿਸੇ ਤੋਂ ਵੀ ਮਦਦ ਲੈ ਸਕਦੇ ਹੋ। ਤੁਹਾਡੀ ਦਲੀਲ ਤੋਂ ਇੰਝ ਹੀ ਨਜ਼ਰ ਆਉਂਦਾ ਹੈ। ਆਪਣੇ ਅਸੂਲਾਂ ਨੂੰ ਛਿੱਕੇ ਟੰਗ ਕੇ ਵੀ...।

ਕੰਵਲ- (ਟੋਕਦਿਆਂ) ਅਸੂਲਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਕਾਨਫਰੰਸ ਵਿਚ ਹਰ ਵਿਚਾਰਧਾਰਾ ਦੇ ਬੰਦੇ ਹਿੱਸਾ ਲੈਣਗੇ। ਕਾਂਗਰਸੀ ਵਿਸ਼ਵਾਨਾਥ ਤਿਵਾੜੀ ਤੋਂ ਲੈ ਕੇ ਅਕਾਲੀ ਗੁਰਨਾਮ ਸਿੰਘ ਤੀਰ ਤਕ। ਅਸੀਂ ਕਿਸੇ ਨੂੰ ਵਾਗਡੋਰ ਨਹੀਂ ਸੰਭਾਲ ਰਹੇ। ਇਹ ਤੁਹਾਡੇ ਡੈਲੀਗੇਟਾਂ ਦੇ ਹੱਥ ਹੋਵੇਗਾ ਕਿ ਭਵਿੱਖ ਵਿਚ ਤੁਸੀਂ ਕਿਹੋ ਜਿਹੇ ਨੁਮਾਇੰਦੇ ਚੁਣਦੇ ਹੋ। ਘੱਟੋ ਘੱਟ ਮੈਂ ਕਿਸੇ ਆਹੁਦੇ ਦਾ ਇਛੁੱਕ ਨਹੀਂ ਹਾਂ।

ਸਾਥੀ- ਪੰਜਾਬ ਵਿਚ ਹੋ ਰਹੇ ਅਕਾਲੀ ਸੰਘਰਸ਼ ਦੇ ਜ਼ੇਰੇ- ਅਸਰ ਪੰਜਾਬ ਦੀ ਹਿੰਦੂ ਕਮਿਊਨਿਟੀ ਦਾ ਕੀ ਸਟੈਂਡ ਹੈ?

ਕੰਵਲ- ਜੇਕਰ ਹਿੰਦੂਆਂ ਦਾ ਸਟੈਂਡ ਚੰਗਾ ਹੁੰਦਾ ਜਾਂ ਪੰਜਾਬੀਅਤ ਵਾਲਾ ਹੁੰਦਾ ਤਾਂ ਪੰਜਾਬ ਵਿਚ ਹੁਣ ਵਾਲਾ ਰੌਲ਼ਾ ਨਹੀਂ ਸੀ ਪੈਣਾ। ਉਹਨਾਂ ਦਾ ਸਟੈਂਡ ਪੰਜਾਬੀ ਹੁੰਦਿਆਂ ਵੀ ਹਿੰਦੀ ਨਾਲ ਖੜ੍ਹਾ ਹੈ। ਉਹਨਾਂ ਦੀ ਹਮਦਰਦੀ ਵਧੇਰੇ ਹਰਿਆਣੇ ਅਤੇ ਰਾਜਸਥਾਨ ਨਾਲ ਹੈ। ਉਹਨਾਂ ਦਾ ਐਟੀਚੂਡ ਪੰਜਾਬ ਦੇ ਹਿੱਤਾਂ ਦੇ ਵਿਰੁਧ ਜਾਂਦੈ। ਉਹਨਾਂ ਦਾ ਪ੍ਰੈੱਸ ਵੀ ਹਰਿਆਣੇ ਤੇ ਰਾਜਸਥਾਨ ਦੇ ਪੱਖ ਦੀ ਹੀ ਗੱਲ ਕਰਦੈ। ਟ੍ਰਿਬਿਊਨ ਦੇ ਪ੍ਰੇਮ ਭਾਟੀਏ ਨੇ ਦਿੱਲੀ ਵਿਚ ਹੋਣ ਵਾਲੀ ਕਾਨਫਰੰਸ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਮੈਂ ਮਗਰੋਂ ਉੱਠ ਕੇ ਕਿਹਾ ਕਿ ਭਾਟੀਆ ਜੀ, ਜੇਕਰ ਤੁਸੀਂ ਵੀਹ-ਪੰਝੀ ਵਰ੍ਹੇ ਪਹਿਲਾਂ ਇਹ ਗੱਲ ਕਹੀ ਹੁੰਦੀ ਤਾਂ ਪੰਜਾਬ ਵਿਚ ਤਾਂ ਰੌਲ਼ਾ ਹੀ ਨਹੀਂ ਸੀ ਪੈਣਾ। ਪੰਜਾਬ ਵਿਚ ਵੱਖਵਾਦ ਦੇ ਜ਼ੁੰਮੇਵਾਰ ਇਹ ਲੋਕ ਐ ਨਾ ਕਿ ਜਿਹੜੇ ਏਸ ਵੇਲੇ ਲੋਕ (ਅਕਾਲੀ) ਸੰਘਰਸ਼ ਕਰ ਰਹੇ ਐ। ਵੱਖਵਾਦੀ ਉਹ ਐ ਜਿਹੜੇ ਪੰਜਾਬੀ ਹੁੰਦੇ ਹੋਏ ਬਾਹਰਲੇ ਹਿੱਤਾਂ ਦੀ ਗੱਲ ਕਰਦੇ ਐ।ਸਾਥੀ- ਤਰਸੇਮ ਪੁਰੇਵਾਲ ਦੇ ਘਰ ਜਦੋਂ ਆਪਾਂ ਬੈਠੇ ਸੀ ਤਾਂ ਤੁਸੀਂ ਆਖਿਆ ਸੀ ਕਿ ਪੰਜਾਬ ਵਿਚ ਢੇਰ ਸਾਰੀ ਗਿਣਤੀ ਵਿਚ ਭੱਈਏ ਆ ਰਹੇ ਹਨ ਜੋ ਪੰਜਾਬ ਦੇ ਤਵਾਜ਼ਨ ਨੂੰ ਖ਼ਰਾਬ ਕਰ ਰਹੇ ਹਨ। ਇਸ ਬਾਰੇ ਹੋਰ ਵਿਸਥਾਰ ਨਾਲ ਦੱਸੋ।

ਕੰਵਲ- ਇਹ ਗੱਲ ਬਿਲਕੁਲ ਠੀਕ ਹੈ। ਏਸ ਵੇਲੇ ਵੀ ਪੰਜਾਬ ਅਠਤਾਲੀ ਤੇ ਬਵੰਜਾ ਦੀ ਰੇਸ਼ੋ ਉਤੇ ਖੜ੍ਹਾ ਹੈ। ਭਈਏ ਹਮੇਸ਼ਾ ਹਿੰਦੂਆਂ ਦਾ ਪੱਖ ਹੀ ਪੂਰਨਗੇ।

ਸਾਥੀ- ਤੁਸੀਂ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਪੰਜਾਬ ਵਿਚ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ?

ਕੰਵਲ- ਇਹ ਬਿਲਕੁਲ ਠੀਕ ਹੈ। ਉਹਨਾਂ ਨੂੰ ਵੋਟ ਦਾ ਹੱਕ ਸਿਰਫ ਉਹਨਾਂ ਦੇ ਆਪਣੇ ਸੂਬੇ ਵਿਚ ਹੀ ਹੋਵੇ ਵਰਨਾ ਮਿਨੌਰਟੀ ਜ਼ੁਬਾਨਾਂ ਸੁਰੱਖਿਅਤ ਨਹੀਂ ਰਹਿ ਸਕਣਗੀਆਂ। ਪੰਜਾਬੀ ਕਲਚਰ, ਜ਼ੁਬਾਨ ਤੇ ਸਾਹਿਤ ਤਬਾਹ ਹੋ ਜਾਵੇਗਾ।

ਸਾਥੀ- ਫੇਰ ਪੰਜਾਬੋਂ ਬਾਹਰ ਰਹਿੰਦੇ ਪੰਜਾਬੀ ਵੀ ਵੋਟ ਦੇ ਹੱਕਦਾਰ ਨਹੀਂ ਹੋ ਸਕਦੇ। ਮੁੱਕਦੀ ਗੱਲ ਇਹ ਹੈ ਕੰਵਲ ਸਾਹਿਬ ਕਿ ਤੁਸੀਂ ਵੱਖਵਾਦ ਵਿਚ ਯਕੀਨ ਰੱਖਦੇ ਹੋ ਕਿ ਭਾਰਤ ਦੇ ਸਾਰੇ ਸੂਬੇ ਵੱਖ ਵੱਖ ਹੋਣੇ ਚਾਹੀਦੇ ਨੇ?

ਕੰਵਲ- ਤੁਸੀਂ ਗਲਤ ਹੋ, ਤੁਹਾਡਾ ਸਵਾਲ ਵੀ ਗਲਤ ਹੈ। ਸੋਵੀਅਤ ਯੂਨੀਅਨ ਵਿਚ ਤੇ ਅਮਰੀਕਾ ਵਿਚ ਸਾਰੀਆਂ ਸਟੇਟਾਂ ਆਪਣੀ ਆਪਣੀ ਉੱਨਤੀ ਕਰ ਸਕਦੀਆਂ ਹਨ। ਉਹਨਾਂ ਕੋਲ ਅੰਦਰੂਨੀ ਕੰਟਰੋਲ ਹੈ। ਉਹ ਖੁਦ-ਮੁਖਤਾਰ ਹਨ। ਇਹ ਵੱਖਵਾਦ ਵਾਲੀ ਗੱਲ ਨਹੀਂ ਹੈ। ਉੱਥੇ ਸਗੋਂ ਸਟੇਟਾਂ ਮਜ਼ਬੂਤ ਹੋਈਆਂ ਨੇ। ਉਹਨਾਂ ਨੇ ਇਵੇਂ ਵਧੇਰੇ ਤਰੱਕੀ ਕੀਤੀ ਹੈ। ਤੁਸੀਂ ਲੋਕ ਇਸ ਗੱਲ ਨੂੰ ਵਧੇਰੇ ਚੁੱਕਦੇ ਹੋ ਕਿਉਂਕਿ ਤੁਹਾਨੂੰ ਇਥੇ ਵੋਟ ਦਾ ਅਧਿਕਾਰ ਮਿਲਿਆ ਹੋਇਐ। ਤੁਸੀਂ ਲੋਕ ਇਹ ਨਹੀਂ ਸੋਚਦੇ ਕਿ ਪੰਜਾਬ ਏਸ ਵੇਲੇ ਮਿਨੋਰਟੀ ਵਿਚ ਜਾ ਰਿਹੈ। ਪੰਜਾਬੀ ਜ਼ੁਬਾਨ ਹੀ ਨਹੀਂ ਰਹੇਗੀ, ਪੰਜਾਬੀ ਕਲਚਰ ਹੀ ਨਹੀਂ ਰਹੇਗਾ। ਸਿੱਖਾਂ ਦੀ ਆਈਡੈਂਟਿਟੀ ਹੀ ਖਤਮ ਹੋ ਜਾਵੇਗੀ। ਸਿੱਖ ਇਹੋ ਜਿਹਾ ਵਿਧਾਨ ਕਿਉਂ ਮੰਨਣਗੇ ਜਿਹੜਾ ਉਹਨਾਂ ਨੂੰ ਖਤਮ ਕਰਦੈ ਤੇ ਮਾਰਦੈ?

ਸਾਥੀ- ਜੇ ਤੁਹਾਡੀ ਗੱਲ ਮੰਨ ਲਈਏ ਤਾਂ ਬੰਗਾਲ, ਆਸਾਮ, ਉੱਤਰ-ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਵਿਚ ਵੱਸਦੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਵੀ ਉਥੇ ਵੋਟ ਦਾ ਹੱਕ ਕੀਕੂੰ ਹੋਵੇ? ਉਹਨਾਂ ਸੂਬਿਆਂ ਦੀ ਜ਼ੁਬਾਨ ਤਾਂ ਪੰਜਾਬੀ ਹੈ ਨਹੀਂ ਤੇ ਉਹਨਾਂ ਸੂਬਿਆਂ ਦੀ ਜ਼ੁਬਾਨ ਵੀ ਪੰਜਾਬੀਆ ਦੀ ਮਾਦਰੀ ਜ਼ੁਬਾਨ ਨਹੀਂ।

ਕੰਵਲ- ਮੇਰੇ ਖਿਆਲ ਅਨੁਸਾਰ ਹੋਰਨਾਂ ਸੂਬਿਆਂ ਵਿਚ ਰਹਿੰਦੇ ਸਿੱਖਾਂ ਜਾਂ ਪੰਜਾਬੀਆਂ ਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ। ਸਭ ਲੋਕ ਆਪੋ ਆਪਣੇ ਸੂਬਿਆਂ ਵਿਚ ਜਾ ਕੇ ਵੋਟ ਪਾਉਣ।
ਸਾਥੀ- ਕੰਵਲ ਜੀ, ਇੰਡੀਆ ਸੈਕੂਲਰ ਸਟੇਟ ਹੈ ਇਵੇਂ ਤਾਂ ਸੈਕੂਲਰਿਜ਼ਮ ਖਤਮ ਹੋ ਜਾਵੇਗਾ। ਵੱਟ ਡੂ ਯੂ ਥਿੰਕ?

ਕੰਵਲ- ਸੈਕੂਲਰਿਜ਼ਮ ਹੈ ਹੀ ਨਹੀਂ। ਜੇ ਸੈਕੂਲਰਿਜ਼ਮ ਹੁੰਦਾ ਤਾਂ ਹਰ ਤੀਜੇ ਮਹੀਨੇ ਪੰਜਾਬ ਵਿਚ ਫਿਰਕੂ ਫਸਾਦ ਕਾਹਨੂੰ ਖੜ੍ਹੇ ਹੁੰਦੇ। ਕਸ਼ਮੀਰ ਵਿਚ ਹੁਣੇ ਜਿਹੇ ਹੋਈਆਂ ਇਲੈਕਸ਼ਨਾਂ ਦੌਰਾਨ ਇੰਦਰਾ ਗਾਂਧੀ ਨੇ ਜਿੰਨੀਆਂ ਸਪੀਚਾਂ ਦਿਤੀਆਂ ਹਨ- ਭੜਕਾਊ ਸਨ। ਹਿੰਦੂਆਂ ਦੇ ਪੱਖ ਦੀ ਗੱਲ ਕੀਤੀ ਸੀ ਤੇ ਸਿੱਟੇ ਵਜੋਂ ਹਿੰਦੂਆਂ ਨੇ ਕਾਂਗਰਸ ਨੂੰ ਤੇ ਮੁਸਲਮਾਨਾਂ ਨੇ ਮੁਸਲਮਾਨਾਂ ਨੂੰ ਵੋਟਾਂ ਦਿਤੀਆਂ। ਸੈਕੂਲਰਿਜ਼ਮ ਦੇ ਆਧਾਰ 'ਤੇ ਮੁਲਕ ਵੰਡਿਆ ਹੀ ਨਹੀਂ ਸੀ ਗਿਆ।

ਸਾਥੀ- ਵੋਟ ਦੇ ਸਬੰਧ ਵਿਚ ਜੇਕਰ ਅਸੀਂ ਇਥੋਂ ਦੀ ਸਿਚੂਏਸ਼ਨ ਲਈਏ ਤਾਂ ਸਾਡੀ ਮਾਦਰੀ ਜ਼ੁਬਾਨ ਤਾਂ ਅੰਗਰੇਜ਼ੀ ਹੈ ਹੀ ਨਹੀਂ ਤੇ ਅਸੀਂ ਹਾਂ ਵੀ ਇਮੀਗਰਿੰਟ, ਸੋ ਜੇਕਰ ਅੰਗਰੇਜ਼ ਸਾਨੂੰ ਆਖਣ ਕਿ ਬਈ ਤੁਹਾਡੀ ਕਿਉਂਕਿ ਮਾਦਰੀ ਜ਼ੁਬਾਨ ਅੰਗਰੇਜ਼ੀ ਨਹੀਂ ਇਸ ਲਈ ਤੁਹਾਨੂੰ ਵੋਟ ਦੇਣ ਦਾ ਕੋਈ ਹੱਕ ਨਹੀਂ, ਬਜਾਨਬ ਸਮਝੋਗੇ?

ਕੰਵਲ- ਉਹ ਹੱਕ ਬਜਾਨਬ ਐ ਤੇ ਫੇਰ ਤੁਹਾਨੂੰ ਇਹ ਫੈਸਲਾ ਕਰਨਾ ਪਊ ਕਿ ਤੁਸੀਂ ਇਥੇ ਰਹਿਣਾ ਕਿ ਉਥੇ ਰਹਿਣਾ।

ਸਾਥੀ- ਏਦਾਂ ਤਾਂ ਫੇਰ ਇਹ ਲੋਕ ਜਾਨੀ ਅੰਗਰੇਜ਼ ਜ਼ਿਆਦਾ ਲਿਬਰਲ ਹੋਏ ਕਿ ਇਹਨਾਂ ਨੇ ਸਾਨੂੰ ਸਾਡੀ ਮਾਦਰੀ ਜ਼ੁਬਾਨ ਅੰਗਰੇਜ਼ੀ ਨਾ ਹੋਣ ਦੇ ਬਾਵਜੂਦ ਵੀ ਵੋਟ ਦਾ ਹੱਕ ਦਿਤਾ ਹੋਇਆ।

ਕੰਵਲ- ਉਹਨਾਂ ਨੇ ਵੋਟ ਦਾ ਥੋਨੂੰ ਹੱਕ ਦਿਤਾ ਹੋਇਐ ਕਿਉਂਕਿ ਤੁਹਾਡੀ ਗਿਣਤੀ ਬਹੁਤ ਥੋੜ੍ਹੀ ਹੈ। ਅਸੀਂ ਤਾਂ ਉਥੇ 48-52 ਦੀ ਰੇਸ਼ੋ ਉਤੇ ਖਲੋਤੇ ਹਾਂ। ਥੋਹੜੇ ਜਿਹੇ ਹੋਰ ਭੱਈਏ ਆ ਜਾਣ ਤਾਂ ਅਸੀਂ ਮਨੌਰਟੀ ਵਿਚ ਹੋ ਜਾਂਦੇ ਹਾਂ।

ਸਾਥੀ- 48-52 ਦੀ ਰੇਸ਼ੋ ਤਾਂ ਏਸ ਕਰਕੇ ਐ ਕਿ ਪੰਜਾਬ ਦੇ ਕੁਝ ਹਿੰਦੂ ਪੰਜਾਬੀ ਜ਼ੁਬਾਨ ਨੂੰ ਆਪਣੀ ਜ਼ੁਬਾਨ ਨਹੀਂ ਮੰਨਦੇ। ਉਹਨਾਂ ਦੇ ਮਨਾਂ ਨੂੰ ਕਨਵਰਟ ਕਰਨ ਦੀ ਲੋੜ ਹੈ। ਭਈਆਂ ਦੀ ਗਿਣਤੀ ਤਾਂ ਕੁਝ ਵੀ ਨਹੀਂ ਕਹਿੰਦੀ। ਉਹਨਾਂ ਨੂੰ ਦੋਸ਼ ਕਾਹਨੂੰ ਦਿੰਦੇ ਹੋ?
ਕੰਵਲ- ਭਈਏ ਰਲਣਗੇ ਕੀਹਦੇ ਨਾਲ? ਸਿੱਖਾਂ ਨਾਲ ਕਿ ਹਿੰਦੂਆਂ ਨਾਲ? ਉਹ ਸਿਰਫ ਹਿੰਦੂਆਂ ਨਾਲ ਰਲਣਗੇ। ਤੁਸੀਂ ਇਹ ਗੱਲ ਕਿਉਂ ਨਹੀਂ ਸਮਝਦੇ? ਆਸਾਮ ਵਿਚ ਵੀ ਇਹੋ ਕੁਝ ਹੋਇਆ। ਅਸਾਮੀ ਮਾਈਨੌਰਟੀ ਵਿਚ ਹੋ ਗਏ।

ਸਾਥੀ- ਮਾਈਗਰੇਸ਼ਨ ਦੇ ਸਬੰਧ ਵਿਚ...

ਕੰਵਲ- (ਟੋਕਦਿਆਂ) ਨਾ ਮੇਰਾ ਇਕ ਕਾਊਂਟਰ ਕੁਐਸਚਨ ਐ ਕਿ ਤੁਸੀਂ ਲੋਕ ਇਥੇ ਕਿਉਂ ਆਏ ਹੋ? ਪੰਜਾਬ ਨੂੰ ਤੁਸੀਂ ਖਾਲੀ ਕਰ ਆਏ ਹੋ ਤੇ ਹੋਰਾਂ ਲੋਕਾਂ ਨੂੰ ਉਥੇ ਆਉਣ ਦਾ ਸੱਦਾ ਦੇ ਆਏ ਹੋ।

ਸਾਥੀ- ਸਾਡੇ ਵਿਚੋਂ ਨੱਬੇ ਫੀ ਸਦੀ ਰੋਜ਼ਗਾਰ ਦੀ ਭਾਲ ਵਿਚ ਏਥੇ ਆਏ ਸਨ। ਜ਼ਿੰਦਗੀ ਦੀ ਬੈਟਰਮੈਂਟ ਵਾਸਤੇ। ਜੇਕਰ ਉਥੇ ਰੋਜ਼ਗਾਰ ਹੋਵੇ ਤਾਂ ਏਥੇ ਕਾਹਨੂੰ...
ਕੰਵਲ- (ਟੋਕਦਿਆਂ) ਸਭ ਤੋਂ ਵਧ ਕਸੂਰ ਉਹਨਾਂ ਲੋਕਾਂ ਦਾ ਹੈ ਜਿਹੜੇ ਪੰਜਾਬ ਨੂੰ ਛੱਡ ਕੇ ਏਧਰ ਆਏ ਹਨ। ਪੰਜਾਬ ਕਿੱਧਰ ਜਾਵੇ? ਪੰਜਾਬ ਦੀ ਹੈਸੀਅਤ ਖਤਮ ਕਰਾਉਣ ਵਿਚ ਉਹਨਾਂ ਦਾ ਵੀ ਰੋਲ ਹੈ। ਇਹੋ ਲੋਕ ਰੌਲਾ ਪਾਉਂਦੇ ਹਨ ਕਿ ਭੱਈਆਂ ਨੂੰ ਵੀ ਵੋਟ ਦਾ ਹੱਕ ਹੋਣਾ ਚਾਹੀਦੈ। ਤੁਸੀਂ ਵੀ ਉਨ੍ਹਾਂ ਵਿਚੋਂ ਇਕ ਹੋ।

ਸਾਥੀ- ਏਥੇ ਰਹਿੰਦੇ ਲੋਕ ਜੇਕਰ ਵਾਪਸ ਪੰਜਾਬ ਜਾਣ ਤਾਂ ਉਹਨਾਂ ਨੂੰ ਏਥੇ ਵਰਗੀਆਂ ਓਪਰਚੂਨਟੀਜ਼ ਨਹੀਂ ਮਿਲਦੀਆਂ। ਤੇ ਬਿਓਰੋਕਰੇਸੀ ਆਦਿ...
ਕੰਵਲ- ਸਭ ਓਪਰਚੂਨਟੀਜ਼ ਮਿਲਦੀਆਂ ਹਨ। ਤੁਹਾਨੂੰ ਵੋਟ ਪਾਉਣ ਦਾ ਹੱਕ ਵੀ ਹੋਵੇਗਾ। ਤੁਸੀਂ ਕਾਰੋਬਾਰ ਕਰ ਸਕਦੇ ਹੋ। ਤੁਸੀਂ ਫੈਕਟਰੀਆਂ ਲਾ ਸਕਦੇ ਹੋ।

ਸਾਥੀ- ਤੁਸੀਂ ਕਹਿੰਦੇ ਹੋ ਕਿ ਜਿਹੜੇ ਲੋਕ ਏਥੇ ਰਹਿੰਦੇ ਹਨ ਉਹ ਮੂਰਖ ਹਨ?

ਕੰਵਲ- ਮੂਰਖ ਨਹੀਂ ਲਾਲਚੀ ਹਨ।

ਸਾਥੀ- ਉਹਨਾਂ ਦੀ ਆਪਣੀ ਮਜਬੂਰੀ ਅਤੇ ਜ਼ਰੂਰਤ ਵੀ ਹੈ। ਉਹਨਾਂ ਸਾਹਮਣੇ ਰੋਟੀ ਦਾ ਸਵਾਲ ਹੈ ਤੇ ਆਪਣੀ ਔਲਾਦ ਦੇ ਭਵਿੱਖ ਦਾ ਵੀ। ਉਹ ਇਸ ਮੁਲਕ ਨੂੰ ਅਪਣਾਅ ਚੁੱਕੇ ਹਨ ਤੇ...
ਕੰਵਲ- ਜ਼ਰੂਰਤਾਂ ਏਥੇ ਉਹਨਾਂ ਦੀਆਂ ਹੁਣ ਪੂਰੀਆਂ ਹੋ ਚੁਕੀਆਂ ਹਨ। ਗੱਲ ਹੁਣ ਜ਼ਰੂਰਤ ਤੋਂ ਵਧ ਕੇ ਲਾਲਚ ਤੱਕ ਪੁੱਜ ਗਈ ਹੈ। ਪੰਜਾਬ ਦਾ ਦੁਖਾਂਤ ਹੈ ਕਿ ਉਥੋਂ ਦਾ ਪੜ੍ਹਿਆ-ਲਿਖਿਆ ਤੇ ਸ਼ਾਇਸਤਾ ਤਬਕਾ ਨਿਕਲ ਰਿਹਾ ਹੈ ਤੇ ਅਨਪੜ੍ਹ ਲੋਕੀਂ ਭਾਵ ਭਈਏ ਆ ਰਹੇ ਹਨ ਤੇ ਪੰਜਾਬ ਦੇ ਸਭਿਆਚਾਰ ਨੂੰ ਢਾਹ ਲਾ ਰਹੇ ਹਨ। ਉੱਥੇ ਇਹੋ ਜਿਹੇ ਲੋਕ ਹਨ ਜਿਹਨਾਂ ਨੂੰ ਅਸੀਂ ਕਦੇ ਪੰਜਾਬੀ ਬਣਾ ਹੀ ਨਹੀਂ ਸਕਦੇ।

ਸਾਥੀ- ਅਸੀਂ ਲੋਕ ਇਥੇ ਰਹਿ ਰਹੇ ਹਾਂ ਤੇ ਖ਼ੁਸ਼ ਵੀ ਹਾਂ ਤੇ ਪਿੱਛੇ ਦੇਸ ਦੀ ਭਲਾਈ ਲਈ ਵੀ ਕੰਮ ਕਰ ਰਹੇ ਹਾਂ ਪਰ ਤੁਸੀਂ ਸਾਡੇ ਸੰਦਰਭ ਵਿਚ ਕਹਿ ਰਹੇ ਹੋ ਕਿ ਅਸੀਂ ਇੱਥੇ ਆ ਕੇ ਮਾੜਾ ਕੀਤਾ ਹੈ ਹਾਲਾਂਕਿ ਅਸੀਂ ਆਪਣੇ ਢਿੱਡ ਨੂੰ ਭਰਨ ਵਾਸਤੇ ਹੀ ਇੱਥੇ ਆਏ ਹਾਂ। ਉਥੋਂ ਦੇ ਸਿਸਟਮ ਨੂੰ ਕਸੂਰਵਾਰ ਕਿਉਂ ਨਹੀਂ ਠਹਿਰਾਉਂਦੇ ਤੁਸੀਂ?

ਕੰਵਲ- ਸਿਸਟਮ ਦਾ ਤਾਂ ਕਸੂਰ ਹੈ ਹੀ। ਉਹ ਕਿਉਂ ਇਕ ਸੂਬੇ ਦੇ ਲੋਕਾਂ ਨੂੰ ਦੂਜੇ ਸੂਬੇ ਵਿਚ ਜਾਣ ਦਿੰਦਾ ਹੈ? ਆਸਾਮ ਵਿਚ ਬੰਗਾਲੀ ਆਣ ਵੜੇ ਹਨ। ਆਸਾਮ ਤਾਂ ਰਗੜਿਆ ਗਿਆ ਨਾ। ਪੰਜਾਬ ਵਿਚ ਭੱਈਏ..

ਸਾਥੀ- (ਟੋਕਦਿਆਂ) ਕੰਵਲ ਜੀ, ਜੇਕਰ ਅਸੀਂ ਯੂਨੀਵਰਸਲ ਪੱਧਰ 'ਤੇ ਸੋਚੀਏ...

ਕੰਵਲ- (ਟੋਕਦਿਆਂ) ਯੂਨੀਵਰਸਲ ਪੱਧਰ ਉੱਤੇ ਸੋਚੀਏ ਤਾਂ ਜਿਹਨਾਂ ਦੀ ਅਬਾਦੀ ਜ਼ਿਆਦਾ ਹੈ ਉਹ ਘੱਟ ਗਿਣਤੀ ਵਾਲੇ ਮੁਲਕਾਂ ਵਿਚ ਜਾ ਕੇ ਉਥੋਂ ਦੇ ਸਭਿਆਚਾਰ ਨੂੰ ਮਲੀਆਮੇਟ ਕਰ ਦੇਣਗੇ।

ਸਾਥੀ- ਕੰਵਲ ਜੀ, ਤੁਸੀਂ ਇਹ ਕਹਿ ਰਹੇ ਲਗਦੇ ਹੋ ਕਿ ਦੁਨੀਆਂ ਦੇ ਮੁਲਕਾਂ ਨੂੰ ਆਪਣੀਆਂ ਹੱਦਬੰਦੀਆਂ ਸਟ੍ਰਿਕਟਲੀ ਓਬਜ਼ਰਵ ਕਰਨੀਆਂ ਚਾਹੀਦੀਆਂ ਹਨ। ਸਭ ਲੋਕਾਂ ਨੂੰ ਆਪੋ ਆਪਣੇ ਬਾਰਡਰ ਵਿਚ ਰਹਿਣਾ ਚਾਹੀਦਾ ਹੈ।
ਕੰਵਲ- ਮੈਂ ਕਹਿ ਰਿਹਾ ਹਾਂ ਕਿ ਹਰ ਮੁਲਕ ਦੀ ਆਪਣੀ ਆੲਡੈਂਟਿਟੀ ਕਾਇਮ ਰਹੇ। ਆਉਣ ਜਾਣ ਤੇ ਕੰਮ ਕਰਨ ਦੀ ਖੁਲ੍ਹ ਬੇਸ਼ੱਕ ਹੋਵੇ।

ਸਾਥੀ- ਤੁਹਾਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਇਸ ਆਇਡੈਂਟਿਟੀ ਨੂੰ ਲੈ ਕੇ ਈਨੋਕ ਪਾਵਲ ਨੇ 1968 ਵਿਚ ਪਹਿਲੀ ਨਸਲਵਾਦੀ ਤਕਰੀਰ ਕੀਤੀ ਸੀ ਕਿ ਰੰਗਦਾਰਾਂ ਨੇ ਇਥੇ ਆ ਕੇ ਸਾਡੀ ਆਈਡੈਂਟਿਟੀ ਖਤਮ ਕਰ ਦਿਤੀ ਹੈ। ਨੈਸ਼ਨਲ ਫਰੰਟ ਅਤੇ ਹੋਰ ਫਾਸ਼ੀ ਪਾਰਟੀਆਂ ਦਾ ਵੀ ਇਹੋ ਨਾਹਰਾ ਹੈ। ਤੁਹਾਡੀਆਂ ਗੱਲਾਂ ਜੇਕਰ ਅੰਗਰੇਜ਼ੀ ਵਿਚ ਲਿਖੀਆਂ ਜਾਣ ਤਾਂ ਉਹਨਾਂ ਦੀ ਤੇ ਤੁਹਾਡੀ ਗੱਲ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ। ਕੀ ਪਾਵਲ ਤੇ ਨੈਸ਼ਨਲ ਫਰੰਟੀਏ ਠੀਕ ਗੱਲ ਕਹਿ ਰਹੇ ਹਨ?
ਕੰਵਲ- ਮੇਰਾ ਖਿਆਲ ਹੈ ਕਿ ਉਹ ਆਪਣੇ ਮੁਲਕ ਲਈ ਠੀਕ ਕਹਿ ਰਹੇ ਹਨ। ਗਲਤ ਨਹੀਂ ਕਹਿ ਰਹੇ।

ਸਾਥੀ- ਸੋ ਜੇਕਰ ਇਹ ਲੋਕ ਸਾਨੂੰ ਇਸ ਮੁਲਕ ਵਿਚੋਂ ਕੱਢ ਦੇਣ ਤਾਂ ਉਹਨਾ ਦੀ ਗੱਲ ਜਸਟੀਫਾਈਏਬਲ ਹੈ? 

ਕੰਵਲ- ਮੇਰਾ ਖਿਆਲ ਹੈ ਕਿ ਉਹ ਠੀਕ ਹੋਣਗੇ। ਤੁਸੀਂ ਉਹਨਾਂ ਦੇ ਮੁਲਕ ਵਿਚ ਆਏ ਕਿਉਂ ਹੋ? ਉਹ ਕੱਢ ਸਕਦੇ ਐ ਆਪਣੇ ਮੁਲਕ ਵਿਚੋਂ।

ਸਾਥੀ- ਤੀਜੇ ਵਿਸ਼ਵ ਸਮੇਲਨ ਬਾਰੇ ਇਕ ਦੋ ਨੁਕਤੇ ਰਹਿ ਗਏ ਸਨ। ਤੁਸੀਂ ਕਿਹਾ ਹੈ ਕਿ ਵਿਸ਼ਵ ਸੰਮੇਲਨ ਵਿਚ ਸਾਹਿਤ ਸ਼ਬਦ ਸ਼ਾਮਲ ਕਰ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਤੁਸੀਂ ਖੁਸ਼ਵੰਤ ਸਿੰਘ ਨੂੰ ਇਨਾਮ ਦੇ ਰਹੇ ਹੋ। ਉਸ ਨੇ ਤਾਂ ਪੰਜਾਬੀ ਵਿਚ ਲਿਖਿਆ ਹੀ ਨਹੀਂ।
ਕੰਵਲ- ਖੁਸ਼ਵੰਤ ਸਿੰਘ ਨੇ ਪੰਜਾਬੀ ਵਿਚ ਲਿਖਿਐ।

ਸਾਥੀ- ਕੀ ਲਿਖਿਐ ਉਸ ਨੇ ਪੰਜਾਬੀ ਵਿਚ?

ਕੰਵਲ- ਟਰੇਨ ਟੂ ਪਾਕਿਸਤਾਨ।

ਸਾਥੀ- ਉਹ ਤਾਂ ਅੰਗਰੇਜ਼ੀ ਤੋਂ ਤਰਜਮਾ ਹੋਇਐ।

ਕੰਵਲ- ਇਕ ਕਹਾਣੀਆਂ ਦੀ ਕਿਤਾਬ ਵੀ ਹੈ ਉਹਨਾਂ ਦੀ ਪਿੱਛੇ ਜਿਹੇ ਛਪੀ ਹੈ।

ਸਾਥੀ- ਉਹ ਕਹਾਣੀਆਂ ਵੀ ਪਹਿਲਾਂ ਅੰਗਰੇਜ਼ੀ ਵਿਚ ਸਨ।
ਕੰਵਲ- ਇਹ ਤਾਂ ਤੁਸੀਂ ਨਾ ਕਹੋ। ਉਹਨਾਂ ਤਰਜਮੇ ਵੀ ਆਪੂੰ ਹੀ ਕੀਤੇ ਨੇ। ਉਹਦੀ ਕੰਟਰੀਬਿਊਸ਼ਨ ਇਹ ਵੀ ਐ ਕਿ ਉਹਨੇ ਹੋਰਨਾਂ ਜ਼ੁਬਾਨਾਂ ਵਿਚ ਵੀ ਲਿਖਿਐ।

ਸਾਥੀ- 'ਟ੍ਰਿਬਿਊਨ' ਦੇ ਐਡੀਟਰ ਨੂੰ ਸਨਮਾਨਿਆਂ ਜਾ ਰਿਹੈ, ਉਹ ਕਿੱਦਾਂ ਜੀ?

ਕੰਵਲ- ਇਸ ਗੱਲ ਨਾਲ ਮੈਂ ਸਹਿਮਤ ਨਹੀਂ। ਹਾਂ, ਸੋਭਾ ਸਿੰਘ ਆਰਟਿਸਟ ਵਰਗਿਆਂ ਦੀ ਪੰਜਾਬੀ ਕਲਚਰ ਨੂੰ ਬੜੀ ਦੇਣ ਹੈ, ਇਹੋ ਜਿਹੇ ਲੋਕਾਂ ਨੂੰ ਸਨਮਾਨਣਾ ਚਾਹੀਦੈ। 'ਟ੍ਰਿਬਿਊਨ' ਦੇ ਐਡੀਟਰ ਭਾਟੀਏ ਨੂੰ ਇਨਾਮ ਦੇਣ ਦੇ ਮੈਂ ਜ਼ਾਤੀ ਤੌਰ 'ਤੇ ਹੱਕ ਵਿਚ ਨਹੀਂ ਹਾਂ ਪਰ ਜੇਕਰ ਬਾਕੀ ਜਣੇ ਇਹਦੇ ਹੱਕ ਵਿਚ ਹੋਣ ਤਾਂ ਮੈਂ ਵਿਰੋਧ ਨਹੀਂ ਕਰਾਂਗਾ।

ਸਾਥੀ- ਕੀ ਤੁਸੀਂ ਕਿਸੇ ਲੇਖਕ ਨੂੰ ਵੀ ਇਨਾਮ ਦੇ ਰਹੇ ਹੋ?

ਕੰਵਲ- ਵਿਅਕਤੀਗਤ ਤੌਰ ਤੇ ਕਿਸੇ ਨੂੰ ਵੀ ਨਹੀਂ ਪਰ ਤੁਹਾਡੀ ਸਭਾ ਜਿਹਨੇ ਵਿਸ਼ਵ ਸੰਮੇਲਨ ਦਾ ਮੁੱਢ ਬੰਨ੍ਹਿਆਂ ਸੀ, ਨੂੰ ਸਮੁੱਚੇ ਤੌਰ 'ਤੇ ਸਤਿਕਾਰਨ ਦਾ ਵਿਚਾਰ ਜ਼ਰੂਰ ਹੈ। ਚਾਰ ਪੰਜ ਬੰਦੇ ਜਿਹੜੇ ਮੋਹਰੀ ਸਨ, ਨੂੰ ਨਹੀਂ ਸਤਿਕਾਰਨਾ। ਤੁਹਾਡੀ ਸਭਾ ਦੇ ਚਾਹੇ ਸਾਰੇ ਮੈਂਬਰ ਆ ਜਾਣ ਚਾਹੇ ਕੋਈ ਇਕੋ ਰੈਪਰਜ਼ੈਂਟਿਟਵ ਹੋਵੇ, ਅਸੀਂ ਸਮੁੱਚੀ ਸਭਾ ਨੂੰ ਸਤਿਕਾਰਾਂਗੇ।
ਸਾਥੀ- ਕਿਸੇ ਵਿਅਕਤੀ ਨੂੰ ਵੀ ਨਹੀਂ ਤੇ ਕਿਸੇ ਇਕੋ ਇਕ ਸਾਹਿਤਕਾਰ ਨੂੰ ਵੀ ਨਹੀਂ?

ਕੰਵਲ- ਦਰੁਸਤ ਹੈ। ਮੈਂ ਇਥੇ ਸਾਥੀ ਜੀ ਇਕ ਗੱਲ ਇਹ ਵੀ ਦੱਸਣੀ ਚਾਹਾਂਗਾ ਕਿ ਇਥ ਸ਼ੋਸ਼ੇ ਵੀ ਬੜੇ ਛੱਡੇ ਜਾਂਦੇ ਹਨ ਤੇ ਸ਼ੋਸ਼ੇ ਵੀ ਨੈਗਟਿਵ ਅਪਰੋਚ ਵਾਲੇ ਹੀ। ਉਹਨਾਂ ਲੋਕਾਂ ਨੇ ਵਿਰੋਧਤਾ ਕੀਤੀ ਤੇ ਛੋਟਾਪਨ ਦਿਖਾਇਆ ਜਿਹੜੇ ਆਪਣੇ ਆਪ ਨੂੰ ਪ੍ਰੌਗਰੈਸਿਵ ਕਹਾਉਂਦੇ ਸਨ।

ਸਾਥੀ- ਇਥੋਂ ਦੇ ਲੇਖਕਾਂ 'ਚ ਪਏ ਹੋਏ ਪਾੜੇ ਬਾਰੇ ਤੁਹਾਡਾ ਕੀ ਵਿਚਾਰ ਹੈ?

ਕੰਵਲ- ਵੈਸੇ ਅੱਗੇ ਨਾਲੋਂ ਤਾਂ ਫਰਕ ਹੈ। ਆਸ ਹੈ ਕਿ ਛੇਤੀ ਹੀ ਇਕ ਦੂਜੇ ਦੇ ਨੇੜੇ ਆ ਜਾਣਗੇ। ਰੰਜਸ਼ਾਂ ਬਹੁਤੀਆਂ ਜ਼ਾਤੀ ਹੀ ਹਨ। ਇਹਨਾਂ ਨੂੰ ਸਭਾਵਾਂ ਵਿਚ ਲਿਆਓਂਗੇ ਤਾਂ ਸਭਾਵਾਂ ਨੂੰ ਢਾਹ ਲੱਗੇਗੀ । ਜਿੰਨਾ ਚੰਗਾ ਲਿਖਣ ਦਾ ਯਤਨ ਕਰਦੇ ਹੋ ਉਹੋ ਜਿਹੇ ਖਿਆਲਾਤ ਵੀ ਰੱਖੋ।

ਸਾਥੀ- ਨੈਸ਼ਨਲਿਜ਼ਮ ਦੀ ਡੈਫੀਨੀਸ਼ਨ ਕੀ ਹੈ?

ਕੰਵਲ- ਬਈ ਇਹਨੂੰ ਹਰ ਕੋਈ ਆਪਣੇ ਹੀ ਢੰਗ ਨਾਲ ਬਿਆਨ ਕਰਦੈ। ਜੇ ਮੈਨੂੰ ਕੋਈ ਕਹੇ ਕਿ ਪੰਜਾਬ ਦੇ ਮਾਮਲੇ ਵਿਚ ਬੜਾ ਤੰਗ ਨਜ਼ਰੀਏ ਨਾਲ ਸੋਚਦਾ ਹਾਂ ਜਾਂ ਕਹੇ ਕਿ ਮੈਂ ਇਸ ਮਾਮਲੇ ਵਿਚ ਪਿਛਾਂਹ-ਖਿੱਚੂ ਹਾਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਮੈਂ ਪੰਜਾਬ ਔਰ ਪੰਜਾਬ ਦੇ ਲੋਕਾਂ ਦੇ ਕਾਜ਼ ਨੂੰ ਛੱਡਣ ਲਈ ਉੱਕਾ ਤਿਆਰ ਨਹੀਂ ਹਾਂ। ਮੈਂ ਸਮਝਦਾ ਹਾਂ ਕਿ ਮੈਂ ਜੇਕਰ ਆਪਣੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਾ ਤਾਂ ਮੇਰੀ ਲਿਖਣ-ਲੁਖਣ ਦੇ ਮਾਮਲੇ ਵਿਚ ਕੋਈ ਇਮਾਨਦਾਰੀ ਨਹੀਂ।

punjabi writer sathi ludhianavi
ਸਾਥੀ ਲੁਧਿਆਣਵੀ
ਸਾਥੀ- ਧੰਨਵਾਦ ਕੰਵਲ ਜੀ।

ਕੰਵਲ- ਧੰਨਵਾਦ ਤੁਹਾਡਾ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੀ ਗੱਲ ਕਹਿ ਲੈਣ ਦਿੱਤੀ। ਤੁਹਾਡੀ ਇਜ ਬੇਲਿਹਾਜ਼ ਕਿਸਮ ਦੀ ਇੰਟਰਵਿਊ ਦੀ ਮੈਂ ਦਿਲੋਂ ਕਦਰ ਕਰਦਾ ਹਾਂ। ਇਕ ਵਧੀਆ ਜਰਨਾਲਿਸਟ ਤੇ ਸਾਹਿਤਕਾਰ ਦੀ ਇਹੋ ਨਿਸ਼ਾਨੀ ਹੈ।  
-ਸਾਥੀ ਲੁਧਿਆਣਵੀ
(1983)

ਪੰਜਾਬੀ ਸਹਿਤ ਅਕਾਦਮੀ ਚੋਣਾ । ਸੁਖਦੇਵ ਪ੍ਰਧਾਨ, ਸੁਰਜੀਤ ਸੀਨੀਅਰ ਮੀਤ ਪ੍ਰਧਾਨ, ਅਨੂਪ ਜਨਰਲ ਸਕੱਤਰ

Written By Editor on Monday, May 5, 2014 | 12:38

ਲੁਧਿਆਣਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਪੰਜਾਬੀ ਭਵਨ ਵਿਖੇ ਹੋਈਆਂ ਚੋਣਾਂ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਡਾ. ਸੁਖਦੇਵ ਸਿੰਘ ਸਿਰਸਾ 602 ਵੋਟਾਂ ਹਾਸਲ ਕਰਕੇ ਵੱਡੇ ਫ਼ਰਕ ਨਾਲ ਜੇਤੂ ਰਹੇ।  ਵਿਰੋਧੀ ਉਮੀਦਵਾਰ ਡਾ. ਤੇਜਵੰਤ ਸਿੰਘ ਮਾਨ ਹੋਰਾਂ ਨੂੰ 233 ਵੋਟਾਂ ਮਿਲੀਆਂ। ਗਿਆਰਾਂ ਵੋਟਾਂ ਰੱਦ ਹੋਈਆਂ। ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਅਨੂਪ ਸਿੰਘ ਬਟਾਲਾ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਹੋ ਚੁੱਕੇ ਹਨ। ਸੀਨੀਅਰ ਮੀਤ ਪ੍ਰਧਾਨ ਲਈ ਡਾ. ਸੁਰਜੀਤ ਸਿੰਘ (ਪਟਿਆਲਾ) 534 ਵੋਟਾਂ ਲੈ ਕੇ ਜੇਤੂ ਰਹੇ ਸਨ। ਉਨ੍ਹਾਂ ਦੇ ਮੁਕਾਬਲੇ ਵਿਚ ਉਮੀਦਵਾਰ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ 272 ਵੋਟਾਂ ਮਿਲੀਆਂ।  ਇਹ ਚੋਣ ਮੁੱਖ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ, ਸਹਾਇਕ ਚੋਣ ਅਧਿਕਾਰੀ ਹਕੀਕਤ ਸਿੰਘ ਮਾਂਗਟ ਅਤੇ ਡਾ. ਪਰਮਜੀਤ ਸਿੰਘ ਦੇ ਸਹਿਯੋਗ ਨਾਲ ਨੇਪਰੇ ਚੜ੍ਹੀ। ਇਨ੍ਹਾਂ ਨਤੀਜਿਆਂ ਦਾ ਐਲਾਨ ਕਰਦਿਆਂ ਮੁੱਖ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ ਨੇ ਦੱਸਿਆਂ ਕਿ ਪੂਰੀ ਚੋਣ ਪ੍ਰਕਿਰਿਆਂ ਸ਼ਾਂਤੀਪੂਰਨ ਰਹੀ ਅਤੇ ਦੂਰ ਦੁਰਾਡੇ ਤੋਂ ਆ ਕੇ ਅਕਾਡਮੀ ਦੇ 846 ਮੈਂਬਰਾਂ ਨੇ ਵੋਟਾਂ ਪਾਈਆਂ।
punjabi sahit academy elections results voting details
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਚੋਣਾਂ ਵਿਚ ਜੇਤੂ ਰਹੇ ਅਹੁਦੇਦਾਰ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ
ਪੂਰਾ ਦਿਨ ਪੰਜਾਬੀ ਭਵਨ ਦੇ ਵਿਹੜੇ ਵਿਚ ਲੇਖਕਾਂ ਦਾ ਮੇਲਾ ਲੱਗਿਆ ਰਿਹਾ ਅਤੇ ਚੋਣਾਂ ਦੇ ਬਹਾਨੇ ਮੇਲ-ਮਿਲਾਪ, ਵਿਚਾਰ ਵਟਾਂਦਰੇ ਅਤੇ ਸ਼ੁਗਲ ਮੇਲੇ ਦੌਰਾਨ ਚੋਣਾਂ ਦਾ ਸਿਲਸਿਲਾ ਬਾਅਦ ਦੁਪਹਿਰ 3 ਵਜੇ ਤੱਕ ਚੱਲਦਾ ਰਿਹਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਸਕੂਲ ਦੇ ਚੇਅਰਮੈਨ ਅਤੇ ਪਿਛਲੇ ਛੇ ਸਾਲ ਤੋਂ ਲਗਾਤਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਰਹੇ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਧਾਨਗੀ ਦਾ ਅਹੁਦਾ ਜਿੱਤਣ ਤੋਂ ਬਾਅਦ ਕਿਹਾ ਕਿ ਅਗਲਾ ਸਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ 60ਵਾਂ ਡਾਇਮੰਡ ਜੁਬਲੀ ਵਰ੍ਹਾ ਹੈ। ਸਾਰਿਆਂ ਦੇ ਸਹਿਯੋਗ ਨਾਲ ਇਸ ਸਮੇਂ ਵਿਚ ਵੱਧ ਤੋਂ ਵੱਧ ਕਾਰਜ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਭਾਰਤ ਸਰਕਾਰ ਤੋਂ ਡਾਕ ਟਿਕਟ ਜਾਰੀ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਨੇ 2011 ਦੇ ਬਜਟ ਵਿਚ ਦੋ ਕਰੋੜ ਰੁਪਏ ਐਲਾਨ ਕੀਤੇ ਸਨ ਉਸ ਨੂੰ ਲੈਣ ਲਈ ਪੂਰੇ ਯਤਨ ਕੀਤੇ ਜਾਣਗੇ। ਸਿਲਵਰ ਜੁਬਲੀ ਵਰ੍ਹੇ ਲਈ ਅੱਠ ਪ੍ਰਕਾਸ਼ਨਾਵਾਂ ਜੋ ਪ੍ਰਕਾਸ਼ਨ ਅਧੀਨ ਹਨ ਨੂੰ ਪਾਠਕਾਂ ਲਈ ਪੇਸ਼ ਕੀਤਾ ਜਾਵੇਗਾ। ਇਸ ਤਰ੍ਹਾਂ ਵਿਭਿੰਨ ਬਹੁ-ਪੱਖੀ ਕਾਰਜਾਂ ਰਾਹੀਂ ਪੰਜਾਬੀ ਲੇਖਕ ਤੇ ਲਿਖਤ ਨੂੰ ਪ੍ਰਮਾਣਿਤ ਕਰਨ ਹਿੱਤ ਕਾਰਜ ਆਰੰਭੇ ਜਾਣਗੇ ਅਤੇ ਸਮੂਹ ਪੰਜਾਬੀਆਂ ਨੂੰ ਅਕਾਦਮਿਕ ਪੱਧਰ ’ਤੇ ਜੋੜ ਕੇ ਉਨ੍ਹਾਂ ਦਾ ਚਿੰਤਨ ਪੱਧਰ ਉੱਚਾ ਕੀਤਾ ਜਾਵੇਗਾ।

ਜੇਤੂਆਂ ਦੀ ਸੂਚੀ ਅਤੇ ਉਨ੍ਹਾਂ ਨੂੰ ਮਿਲੀਆਂ ਵੋਟਾਂ ਦੀ ਗਿਣਤੀ-

ਪ੍ਰਧਾਨ
ਡਾ. ਸੁਖਦੇਵ ਸਿੰਘ ਸਿਰਸਾ 602

ਸੀਨੀਅਰ ਮੀਤ ਪ੍ਰਧਾਨ
ਡਾ. ਸੁਰਜੀਤ 534

ਜਨਰਲ ਸਕੱਤਰ
ਡਾ. ਅਨੂਪ ਸਿੰਘ (ਬਿਨਾਂ ਮੁਕਾਬਲਾ ਜੇਤੂ)

ਮੀਤ ਪ੍ਰਧਾਨ
ਤ੍ਰੈਲੋਚਨ ਲੋਚੀ 503
ਸੁਰਿੰਦਰ ਕੈਲੇ ਨੂੰ 457
ਗੁਰਚਰਨ ਕੌਰ ਕੋਚਰ ਨੂੰ 451
ਸੁਦਰਸ਼ਨ ਗਾਸੋ 445
ਸੀ. ਮਾਰਕੰਡਾ 342

ਪ੍ਰਬੰਧਕੀ ਬੋਰਡ
ਸਹਿਜਪ੍ਰੀਤ ਸਿੰਘ ਮਾਂਗਟ 590
ਖੁਸ਼ਵੰਤ ਬਰਗਾੜੀ 572
ਜਸਪਾਲ ਮਾਨਖੇੜਾ 494
ਭੁਪਿੰਦਰਪ੍ਰੀਤ ਕੌਰ 492
ਭੀਮਇੰਦਰ ਸਿੰਘ 487
ਗੁਲਜ਼ਾਰ ਪੰਧੇਰ 481
ਬੀਬਾ ਬਲਵੰਤ 465
ਨੀਤੂ ਅਰੋੜਾ 450
ਤਰਸੇਮ 414
ਭਗਵੰਤ ਸਿੰਘ 359
ਪ੍ਰੀਤਮ ਸਿੰਘ ਭਰੋਵਾਲ 349
ਭੁਪਿੰਦਰ ਸਿੰਘ ਸੰਧੂ 349
ਮੱਖਣ ਮਾਨ 349
ਹਰਵਿੰਦਰ ਸਿੰਘ ਸਿਰਸਾ (ਬਿਨਾਂ ਮੁਕਾਬਲਾ ਜੇਤੂ)
ਹਰਦੇਵ ਸਿੰਘ ਗਰੇਵਾਲ (ਬਿਨਾਂ ਮੁਕਾਬਲਾ ਜੇਤੂ)

ਬਾਕੀ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ
ਪ੍ਰਧਾਨ
ਤੇਜਵੰਤ ਮਾਨ 233
ਸੀਨੀਅਰ ਮੀਤ ਪ੍ਰਧਾਨ
ਜੋਗਿੰਦਰ ਸਿੰਘ ਨਿਰਾਲਾ 272
ਮੀਤ ਪ੍ਰਧਾਨ
ਕਰਾਂਤੀਪਾਲ 330
ਦੇਵ ਦਰਦ 277
ਗੁਰਮੀਤ ਕੱਲਰਮਾਜਰੀ 271
ਸਵਰਨਜੀਤ ਕੌਰ ਗਰੇਵਾਲ 255
ਸ਼ਰਨਜੀਤ ਕੌਰ 254
ਸੰਧੂ ਵਰਿਆਣਵੀ 232

ਪ੍ਰਬੰਧਕੀ ਬੋਰਡ
ਸਿਮਰਤ ਸੁਮੈਰਾ 325
ਰਾਮਮੂਰਤੀ 302
ਰਵੀ ਰਵਿੰਦਰ 299
ਹਰਬੰਸ ਮਾਲਵਾ 268
ਖੁਸ਼ਦੀਪ ਸਿੰਘ 177
ਗੁਲਜ਼ਾਰ ਸ਼ੌਂਕੀ 279
ਜਗਦੀਸ਼ ਰਾਏ ਕੁਲਰੀਆ 181
ਬਲਦੇਵ ਸਿੰਘ ਝੱਜ 291
ਭੁਪਿੰਦਰ 231
ਅਸ਼ੋਕ ਸਿੰਗਲ 254

ਸੰਪਾਦਕ ਦਾ ਬਲੌਗ

 
Support : Creating Website | Johny Template | Mas Template
Copyright © 2011. ਲਫ਼ਜ਼ਾਂ ਦਾ ਪੁਲ - All Rights Reserved
Template Created by Creating Website Published by Mas Template
Proudly powered by Blogger